ਪਾਇਲ ਕਪਾੜੀਆ ਦੀ ਜਿਸ ਫਿਲਮ ਨੂੰ ਕਾਨਜ਼ ਫਿਲਮ ਫੈਸਟੀਵਲ 'ਚ ਐਵਾਰਡ ਮਿਲਿਆ, ਦੇਖ ਕੇ ਦਰਸ਼ਕ 8 ਮਿੰਟ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਰਹੇ

ਤਸਵੀਰ ਸਰੋਤ, All We Imagine as Light
ਭਾਰਤੀ ਫਿਲਮ ਨਿਰਮਾਤਾ ਪਾਇਲ ਕਪਾੜੀਆ ਦੀ ਨਵੀਂ ਫਿਲਮ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਕਾਨਜ਼ ਫਿਲਮ ਫੈਸਟੀਵਲ ਵਿੱਚ ਜਿਊਰੀ ਐਵਾਰਡ ਮਿਲਿਆ ਹੈ।
ਫਿਲਮ ਸਮਕਾਲੀ ਮੁੰਬਈ ਸ਼ਹਿਰ ਦੇ ਦ੍ਰਿਸ਼ਾਂ ਨਾਲ ਸ਼ੁਰੂ ਹੁੰਦੀ ਹੈ ਪਰ ਸਾਨੂੰ ਬਾਲੀਵੁੱਡ ਸਿਤਾਰਿਆਂ ਅਤੇ ਅਰਬਪਤੀ ਉਦਯੋਗਪਤੀਆਂ ਦੀ ਅਮੀਰ, ਕੁਲੀਨ ਮੁੰਬਈ ਨੂੰ ਨਹੀਂ ਦਿਖਾਉਂਦੀ ਹੈ।
ਫਿਲਮ ਨਿਰਮਾਤਾ ਨੇ ਮੁੰਬਈ ਸ਼ਹਿਰ ਦੀਆਂ ਗਲੀਆਂ ਦੇ ਨਾਲ ਪਰਵਾਸੀਆਂ ਦੀਆਂ ਅਸਲੀ ਆਵਾਜ਼ ਨੂੰ ਜਗ੍ਹਾ ਦਿੱਤੀ ਹੈ। ਉਹ ਪਰਵਾਸੀ ਜੋ ਇਸ ਸ਼ਹਿਰ ਦੀ ਧੜਕਣ ਵੀ ਹਨ।
ਇਹ ਕਪਾੜੀਆ ਦੀ ਪਹਿਲੀ ਬਿਰਤਾਂਤਕ ਫ਼ਿਲਮ ਹੈ, ਜੋ ਵੀਰਵਾਰ ਰਾਤ ਨੂੰ ਕਾਨਜ਼ ਫ਼ਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਵਿੱਚ ਦਿਖਾਈ ਗਈ। ਜਦੋਂ ਫਿਲਮ ਖਤਮ ਹੋਈ ਤਾਂ ਇੱਥੇ ਮੌਜੂਦ ਦਰਸ਼ਕ ਅੱਠ ਮਿੰਟ ਤੱਕ ਖੜ੍ਹੇ ਹੋ ਕੇ ਤਾੜੀਆਂ ਵਜਾਉਂਦੇ ਰਹੇ।
ਫਿਲਮ ਨੂੰ ਕਾਨਜ਼ ਫਿਲਮ ਫੈਸਟੀਵਲ ਵਿੱਚ ਜਿਊਰੀ ਐਵਾਰਡ ਮਿਲਿਆ ਹੈ।
ਇਹ ਨਾ ਸਿਰਫ ਫ਼ਿਲਮ ਨਿਰਮਾਤਾ ਲਈ ਸਗੋਂ ਭਾਰਤ ਲਈ ਵੀ ਮਹੱਤਵਪੂਰਨ ਪ੍ਰਾਪਤੀ ਹੈ। ਪਿਛਲੇ ਤੀਹ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਫਿਲਮ ਨੂੰ ਕਾਨਜ਼ ਫਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਦੇ ਭਾਗ ਵਿੱਚ ਦਿਖਾਇਆ ਗਿਆ ਹੈ।
ਇਸ ਫਿਲਮ ਨੇ 38 ਸਾਲਾ ਹਦਾਇਤਕਾਰ ਪਾਇਲ ਕਪਾੜੀਆ ਨੂੰ ਵੀ ਸੁਰਖੀਆਂ ਵਿੱਚ ਲਿਆਂਦਾ ਹੈ।

ਤਸਵੀਰ ਸਰੋਤ, Getty Images
ਭਾਰਤੀ ਫਿਲਮਾਂ ਲਈ ਕੌਮਾਂਤਰੀ ਪੁਰਸਕਾਰ
ਇਸ ਪੁਰਸਕਾਰ ਦੇ ਨਾਲ , ਕਪਾੜੀਆ ਫ੍ਰਾਂਸਿਸ, ਫੋਰਡ ਕੋਪੋਲਾ, ਯੋਰਗੋਸ ਲੈਂਥੀਮੋਸ, ਅਲੀ ਅੱਬਾਸ, ਜੈਕ ਔਡੀਅਰਡ ਅਤੇ ਜੀਆ ਝਾਂਗਕੇ ਵਰਗੇ ਨਿਰਦੇਸ਼ਕਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਏ ਹਨ।
ਪਿਛਲੇ ਚਾਰ ਦਹਾਕਿਆਂ ਵਿੱਚ ਭਾਰਤੀ ਫਿਲਮਾਂ ਨੇ ਕੌਮਾਂਤਰੀ ਫ਼ਿਲਮ ਮੇਲਿਆਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।
ਮੀਰਾ ਨਾਇਰ ਦੀ ਸਲਾਮ ਬੰਬੇ ਨੇ 1988 ਦੇ ਕਾਨਜ਼ ਫਿਲਮ ਫੈਸਟੀਵਲ ਵਿੱਚ 'ਕੈਮਰਾ ਡੀ'ਓਰ' ਪੁਰਸਕਾਰ ਜਿੱਤਿਆ ਸੀ।
ਸਾਲ 2001 ਵਿੱਚ, 11 ਸਤੰਬਰ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ, ਮੀਰਾ ਨਾਇਰ ਦੀ ਮਾਨਸੂਨ ਵੈਡਿੰਗ ਨੇ ਵੇਨਿਸ ਫ਼ਿਲਮ ਫੈਸਟੀਵਲ ਵਿੱਚ 'ਦ ਗੋਲਡਨ ਲਾਇਨ' ਪੁਰਸਕਾਰ ਜਿੱਤਿਆ ਸੀ।
ਨਿਰਦੇਸ਼ਕ ਰਿਤੇਸ਼ ਬੱਤਰਾ ਦੀ 2013 ਦੀ ਮਸ਼ਹੂਰ ਫਿਲਮ 'ਦਿ ਲੰਚਬਾਕਸ' ਨੇ ਕਾਨਜ਼ ਫਿਲਮ ਫੈਸਟੀਵਲ ਵਿੱਚ 'ਗ੍ਰੈਂਡ ਗੋਲਡਨ ਰੇਲ ਐਵਾਰਡ' ਜਿੱਤਿਆ।

ਤਸਵੀਰ ਸਰੋਤ, All We Imagine as Light
ਇਸੇ ਸਾਲ, ਸ਼ੁਚੀ ਤਲਾਟੀ ਦੀ 'ਗਰਲਜ਼ ਵਿਲ ਬੀ ਗਰਲਜ਼' ਨੇ ਸਨਡਾਂਸ ਫਿਲਮ ਫੈਸਟੀਵਲ ਵਿੱਚ ਗ੍ਰੈਂਡ ਜਿਊਰੀ ਅਤੇ ਔਡੀਅੰਸ ਇਨਾਮ ਜਿੱਤਿਆ।
ਪਰ ਕਾਨਜ਼ ਜਾਂ ਪਾਮ ਡੀ'ਓਰ ਜਾਂ ਇਸ ਫਿਲਮ ਫੈਸਟੀਵਲ ਦੇ ਹੋਰ ਮੁੱਖ ਅਵਾਰਡਾਂ ਵਿੱਚੋਂ ਇੱਕ ਦੇ ਜਿੱਤਣ ਦੀਆਂ ਸੰਭਾਵਨਾਵਾਂ ਹੁਣ ਤੱਕ ਭਾਰਤੀ ਫਿਲਮ ਉਦਯੋਗ , ਜੋ ਦੁਨੀਆ ਵਿੱਚ ਸਭ ਤੋਂ ਵੱਧ ਫਿਲਮਾਂ ਦਾ ਨਿਰਮਾਣ ਕਰਦਾ ਹੈ, ਤੋਂ ਦੂਰ ਰਹੀਆਂ ਹਨ।
ਹਾਲਾਂਕਿ ਇਸ ਸਾਲ ਕਪਾੜੀਆ ਦੀ ਇਸ ਖ਼ੂਬਸੂਰਤ ਅਤੇ ਦਮਦਾਰ ਫਿਲਮ ਨੇ ਭਾਰਤ ਨੂੰ ਇਹ ਵੱਕਾਰੀ ਪੁਰਸਕਾਰ ਜਿੱਤਣ ਦੀ ਉਮੀਦ ਜਗਾਈ ਹੈ।
ਫਿਲਮ ਲਈ ਹੁਣ ਤੱਕ ਮਿਲੇ ਰਿਵਿਊ ਤਾਰੀਫ਼ਾਂ ਨਾਲ ਭਰਪੂਰ ਹਨ।
ਦਿ ਗਾਰਡੀਅਨ ਨੇ ਫਿਲਮ ਨੂੰ ਪੰਜ ਤਾਰੇ ਦਿੰਦੇ ਹੋਏ ਇਸ ਨੂੰ 'ਸ਼ਾਨਦਾਰ...ਮਨੁੱਖਤਾ ਨਾਲ ਭਰਪੂਰ ਇੱਕ 'ਦਿਲਚਸਪ' ਫ਼ਿਲਮ ਦੱਸਿਆ। ਆਲੋਚਕਾਂ ਨੇ ਇਸ ਫਿਲਮ ਨੂੰ ਸਤਿਆਜੀਤ ਰੇਅ ਦੀ ਮਹਾਂਨਗਰ ਅਤੇ ਅਰਣਿਆ ਦਿਨ-ਰਾਤਰੀ ਦੇ ਬਰਾਬਰ ਰੱਖਿਆ ਹੈ।
ਉੱਥੇ ਹੀ ਇੰਡੀ-ਵਾਇਰ ਨੇ ਆਪਣੀ ਏ-ਗ੍ਰੇਡ ਸਮੀਖਿਆ ਵਿੱਚ ਕਿਹਾ ਕਿ ਕਪਾੜੀਆ ਦੀ ਡਰਾਮਾ ਫਿਲਮ ਮੁੰਬਈ ਦਾ ਰੋਮਾਂਟਿਕ ਨਜ਼ਰੀਆ ਦਿੰਦੀ ਹੈ, 'ਲੋਕ ਕਿਹੜੇ ਤਰੀਕਿਆਂ ਨਾਲ ਇਸ ਸ਼ਹਿਰ ਵਿੱਚ ਆਪਣੀ ਜਗ੍ਹਾ ਭਰਦੇ ਹਨ... ਭਾਵੇਂ ਇਕੱਲੇ ਹੋਣ ਜਾਂ ਕਿਸੇ ਨਾਲ'।
ਦੋ ਨਰਸਾਂ ਦੀ ਕਹਾਣੀ
ਪਾਇਲ ਕਾਪੜੀਆ ਮਸ਼ਹੂਰ ਕਲਾਕਾਰ ਨਲਿਨੀ ਮਲਾਨੀ ਦੀ ਬੇਟੀ ਹੋਣ ਦੇ ਨਾਲ-ਨਾਲ ਅਤੇ ਮੁੰਬਈ ਸ਼ਹਿਰ, ਇਸਦੀ ਵਿਭਿੰਨਤਾ ਅਤੇ ਬਹੁ-ਸਭਿਆਚਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਕਪਾੜੀਆ ਕਹਿੰਦੇ ਹਨ, "ਮੁੰਬਈ ਇੱਕ ਅਜਿਹੀ ਥਾਂ ਹੈ ਜਿੱਥੇ ਔਰਤਾਂ ਲਈ ਕੰਮ ਕਰਨਾ ਹੋਰ ਥਾਵਾਂ ਦੇ ਮੁਕਾਬਲੇ ਕੁਝ ਆਸਾਨ ਹੈ।"
"ਮੈਂ ਅਜਿਹੀਆਂ ਔਰਤਾਂ ਬਾਰੇ ਇੱਕ ਫਿਲਮ ਬਣਾਉਣਾ ਚਾਹੁੰਦੀ ਸੀ ਜੋ ਆਪਣੇ ਘਰ ਛੱਡ ਕੇ ਕਿਤੇ ਹੋਰ ਕੰਮ ਕਰਨ ਜਾਂਦੀਆਂ ਹਨ।"
ਫਿਲਮ 'ਆਲ ਵੀ ਇਮੇਜਿਨ ਐਜ਼ ਲਾਈਟ' ਵਿੱਚ ਕਪਾੜੀਆ ਨੇ ਕੇਰਲ ਤੋਂ ਆਈਆਂ ਅਤੇ ਮੁੰਬਈ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਨ ਵਾਲੀਆਂ ਅਤੇ ਇੱਕ ਛੋਟੇ ਅਤੇ ਭੀੜ- ਨਾਲ ਭਰੇ ਅਪਾਰਟਮੈਂਟ ਵਿੱਚ ਇਕੱਠੇ ਰਹਿਣ ਵਾਲੀਆਂ ਦੋ ਨਰਸਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਦਰਸਾਇਆ ਹੈ।

ਤਸਵੀਰ ਸਰੋਤ, All We Imagine as Light
ਇੱਕ ਨਰਸ - ਪ੍ਰਭਾ (ਕਾਨੀ ਕੁਸਰੁਤੀ, ਜਿਸ ਨੇ ਗਰਲਜ਼ ਵਿਲ ਬੀ ਗਰਲਜ਼ ਵਿੱਚ ਵੀ ਸਹਾਇਕ ਭੂਮਿਕਾ ਨਿਭਾਈ ਸੀ) ਵਿਆਹੀ ਹੋਈ ਹੈ।
ਉਸਦਾ ਪਤੀ ਹੁਣ ਜਰਮਨੀ ਵਿੱਚ ਰਹਿੰਦਾ ਹੈ ਅਤੇ ਕਦੇ-ਕਦਾਈਂ ਹੀ ਉਸ ਨਾਲ ਗੱਲ ਕਰਦਾ ਹੈ। ਪਰ ਫਿਰ ਅਚਾਨਕ ਇੱਕ ਦਿਨ ਉਸ ਨੂੰ ਆਪਣੇ ਪਤੀ ਤੋਂ ਚੌਲ ਕੁੱਕਰ ਮਿਲਦਾ ਹੈ। ਉਹ ਇਸ ਕੁੱਕਰ ਨੂੰ ਇਸ ਤਰ੍ਹਾਂ ਗਲ. ਲਾਉਂਦੀ ਹੈ ਜਿਵੇਂ ਇਹ ਉਨ੍ਹਾਂ ਦੇ ਵਿਆਹ ਵਿੱਚ ਪਿਆਰ ਦੀ ਆਖਰੀ ਨਿਸ਼ਾਨੀ ਹੋਵੇ।
ਦੂਜੀ ਨਰਸ - ਅਨੂ (ਦਿਵਿਆ ਪ੍ਰਭਾ) ਥੋੜ੍ਹੀ ਹੋਰ ਦਲੇਰ ਹੈ, ਉਹ ਇੱਕ ਨੌਜਵਾਨ ਮੁਸਲਮਾਨ ਸ਼ਿਆਜ਼ (ਹਰੂਦੂ ਹਾਰੂਨ) ਨਾਲ ਪਿਆਰ ਕਰ ਰਹੀ ਹੈ। ਉਹ ਵੀ ਕੇਰਲ ਤੋਂ ਹੀ ਹੈ।
ਅਨੂ ਹਿੰਦੂ ਹੈ ਅਤੇ ਉਸ ਦਾ ਪਰਿਵਾਰ ਸ਼ਿਆਜ਼ ਨਾਲ ਉਸ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰੇਗਾ।
2.2 ਕਰੋੜ ਦੀ ਸੰਘਣੀ ਆਬਾਦੀ ਵਾਲਾ ਮੁੰਬਈ ਸ਼ਹਿਰ ਜਿੱਥੇ ਹਰ ਕੋਈ ਆਪਣੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹੇ ਭੀੜਭਾੜ ਅਤੇ ਕਠੋਰ ਮਾਨਸੂਨ ਦੇ ਮਾਹੌਲ ਵਿੱਚ, ਅਨੂ ਅਤੇ ਸ਼ਿਆਜ਼ ਨੂੰ ਕੋਈ ਨਿੱਜੀ ਜਗ੍ਹਾ ਨਹੀਂ ਮਿਲ ਰਹੀ ਹੈ।
ਪਰ ਇਸੇ ਦੌਰਾਨ ਅਚਾਨਕ ਉਨ੍ਹਾਂ ਦੇ ਹਸਪਤਾਲ ਦੀ ਇੱਕ ਹੋਰ ਤੀਜੀ ਨਰਸ - ਪਾਰਵਤੀ (ਛਾਯਾ ਕਦਮ ਨੇ ਕਿਰਦਾਰ ਨਿਭਾਇਆ ਹੈ, ਜੋ ਇਸ ਸਾਲ ਕਾਨਜ਼ ਵਿੱਚ ਦੋ ਫਿਲਮਾਂ ਵਿੱਚ ਦਿਖਾਈ ਦਿੱਤੇ ਹਨ) - ਸ਼ਹਿਰ ਛੱਡਣ ਦਾ ਫੈਸਲਾ ਕਰਦੀ ਹੈ।
ਉਸ ਨੂੰ ਜਾਣ ਲਈ ਮਜਬੂਰ ਹੈ ਕਿਉਂਕਿ ਉਹ ਜਿਸ ਝੁੱਗੀ ਵਿੱਚ ਰਹਿੰਦੀ ਹੈ, ਉਸ ਨੂੰ ਸ਼ਹਿਰ ਦੇ ਅਮੀਰਾਂ ਲਈ ਪੁਨਰ ਵਿਕਾਸ ਲਈ ਢਾਹਿਆ ਜਾ ਰਿਹਾ ਹੈ।
'ਏ ਨਾਈਟ ਆਫ਼ ਨੋਇੰਗ ਨਥਿੰਗ'

ਤਸਵੀਰ ਸਰੋਤ, All We Imagine as Light
ਕੀ ਇਹ ਇਨ੍ਹਾਂ ਪਾਤਰਾਂ ਦੀ ਜ਼ਿੰਦਗੀ ਨੂੰ ਬਦਲਣ ਦਾ ਮੌਕਾ ਹੋ ਸਕਦਾ ਹੈ?
ਥਾਂ ਲਈ ਸੰਘਰਸ਼ ਦੀ ਸਿਆਸਤ ਕਪਾੜੀਆ ਦੀ ਵਿਦਿਆਰਥੀ ਸੰਘਰਸ਼ 'ਤੇ ਬਣੀ ਪਿਛਲੀ ਫਲਮ - ਏ ਨਾਈਟ ਆਫ ਨੋਇੰਗ ਨਥਿੰਗ ਤੋਂ ਵੱਖ ਨਹੀਂ ਹੈ।
ਇਹ ਫਿਲਮ ਸਾਲ 2022 ਵਿੱਚ ਨਿਰਦੇਸ਼ਕਾਂ ਦੇ ਫੋਰਟਨਾਈਟ ਸਾਈਡਬਾਰ ਸੈਕਸ਼ਨ ਵਿੱਚ ਦਿਖਾਈ ਗਈ ਸੀ। ਫਿਲਮ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਚੋਟੀ ਦੀ ਦਸਤਾਵੇਜ਼ੀ ਫਿਲਮ ਦਾ 'ਗੋਲਡਨ ਆਈ' ਪੁਰਸਕਾਰ ਜਿੱਤਿਆ ਸੀ।
'ਏ ਨਾਈਟ ਆਫ ਨੋਇੰਗ ਨਥਿੰਗ' ਵਿੱਚ ਦੇਸ ਦੇ ਵੱਕਾਰੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ, ਪੁਣੇ ਵਿੱਚ ਸਾਲ 2015 ਵਿੱਚ ਹੋਈ ਵਿਦਿਆਰਥੀ ਹੜਤਾਲ ਨੂੰ ਦਿਖਾਇਆ ਗਿਆ। ਕਪਾੜੀਆ ਵੀ ਇਸ ਹੜਤਾਲ ਦਾ ਹਿੱਸਾ ਸਨ ਅਤੇ 2018 ਵਿੱਚ ਹਦਾਇਤਕਾਰੀ ਵਿੱਚ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ।
2022 ਵਿੱਚ ਇੱਕ ਇੰਟਰਵਿਊ ਵਿੱਚ, ਕਪਾੜੀਆ ਨੇ ਕਿਹਾ ਕਿ ਇਹ ਫਿਲਮ 'ਸਰਕਾਰੀ ਯੂਨੀਵਰਸਿਟੀਆਂ ਅਤੇ ਜਿਨ੍ਹਾਂ ਕਦਰਾਂ ਕੀਮਤਾਂ ਲਈ ਉਹ ਖੜ੍ਹੇ ਹਨ ਉਨ੍ਹਾਂ ਬਾਰੇ ਲਿਖੀ ਗਈ ਸੀ, - ਉਹ ਥਾਂ ਜਿੱਥੇ ਹਰ ਵਰਗ, ਹਰ ਸਮਾਜ ਦੇ ਲੋਕ ਇਕੱਠੇ ਮਿਲ ਕੇ ਭੌਤਿਕ ਅਤੇ ਬੌਧਿਕ ਆਜ਼ਾਦੀ ਦਾ ਆਨੰਦ ਮਾਣ ਸਕਣ, ਲਈ ਲਿਖਿਆ ਇੱਕ ਪ੍ਰੇਮ ਪੱਤਰ ਹੈ।'
ਅਜਿਹੀ ਹੀ ਭਾਵਨਾ ‘ਆਲ ਵੀ ਇਮੇਜਿਨ ਐਜ਼ ਲਾਈਟ’ ਵਿੱਚ ਵੀ ਦੇਖਣ ਨੂੰ ਮਿਲਦੀ ਹੈ।
ਮੰਥਨ: 48 ਸਾਲ ਬਾਅਦ ਕਾਨਸ ਵਿੱਚ ਪਹੁੰਚੀ ਫਿਲਮ

ਤਸਵੀਰ ਸਰੋਤ, manthan
1970 ਦੇ ਦਹਾਕੇ ਦੇ ਅੱਧ ਵਿੱਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਵਿੱਚ ਪੰਜ ਲੱਖ ਡੇਅਰੀ ਕਿਸਾਨਾਂ ਨੇ ਇੱਕ ਵਿਲੱਖਣ ਫਿਲਮ ਬਣਾਉਣ ਲਈ ਦੋ-ਦੋ ਰੁਪਏ ਦਾ ਯੋਗਦਾਨ ਪਾਇਆ ਸੀ।
ਪ੍ਰਸਿੱਧ ਫਿਲਮ ਨਿਰਮਾਤਾ ਸ਼ਿਆਮ ਬੈਨੇਗਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਮੰਥਨ’ (ਯਾਨੀ ਰਿੜਕਣਾ) ਦੇਸ ਦੀ ਪਹਿਲੀ ਸਾਂਝੇ ਪੈਸਿਆਂ ਨਾਲ ਬਣੀ ਫ਼ਿਲਮ ਸੀ।
ਇਸ ਫਿਲਮ ਨੂੰ ਰੀਸਟੋਰ ਕੀਤਾ ਗਿਆ ਅਤੇ ਅਲਟਰਾ ਹਾਈ ਡੈਫੀਨੇਸ਼ਨ ਵਿੱਚ ਮੁੜ ਤਿਆਰ ਕੀਤਾ ਗਿਆ।
ਇੱਥੇ ਕਲਿੱਕ ਕਰਕੇ ਪੜ੍ਹੋ ਭਾਰਤ ਦੀ ਦੁੱਧ ਕ੍ਰਾਂਤੀ ਨੂੰ ਦਰਸਾਉਂਦੀ ਸ਼ਾਹਕਾਰ ਫਿਲਮ ਦੇ ਨਿਰਮਾਣ ਦੀ ਕਹਾਣੀ।












