ਗੁਜਰਾਤ ਗੇਮ ਜ਼ੋਨ ਅਗਜ਼ਨੀ: 'ਉਹ ਆਪਣੇ ਬੇਟੇ ਨੂੰ ਬਚਾਉਣ ਗਿਆ ਸੀ ਪਰ ਮੁੜ ਨਹੀਂ ਆਇਆ'- ਇੱਕ ਪਰਿਵਾਰ ਦੇ ਚਾਰ ਮੈਂਬਰ ਲਾਪਤਾ

ਸਿੱਧਰਾਜਭਾਈ
ਤਸਵੀਰ ਕੈਪਸ਼ਨ, ਸਿੱਧਰਾਜਭਾਈ ਦੇ ਪਰਿਵਾਰ ਦੇ ਚਾਰ ਮੈਂਬਰ ਲਾਪਤਾ ਹਨ

ਰਾਜਕੋਟ ਦੇ ਟੀਆਰਪੀ ਗੇਮ ਜ਼ੋਨ ਵਿੱਚ ਸ਼ਨੀਵਾਰ ਨੂੰ ਲੱਗੀ ਭਿਆਨਕ ਅੱਗ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ।

ਸਿਟੀ ਪੁਲਿਸ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 27 ਜਣਿਆਂ ਦਾ ਜਾਨ ਜਾ ਚੁੱਕੀ ਹੈ।

ਬੀਬੀਸੀ ਦੇ ਇੱਕ ਸਹਿਯੋਗੀ ਬਿਪਿਨ ਟੰਕਾਰੀਆ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ।

ਮ੍ਰਿਤਕਾਂ ਦੀ ਪਛਾਣ ਲਈ ਡੀਐੱਨਏ ਟੈਸਟ ਕਰਵਾਇਆ ਜਾ ਰਿਹਾ ਹੈ ਕਿਉਂਕਿ ਉਹ ਬੁਰੀ ਤਰ੍ਹਾਂ ਸੜ ਗਏ ਸਨ।

ਇਨ੍ਹਾਂ ਲੋਕਾਂ ਦੇ ਰਿਸ਼ਤੇਦਾਰ ਸ਼ਨੀਵਾਰ ਸ਼ਾਮ ਤੋਂ ਹੀ ਹਸਪਤਾਲ ਪਹੁੰਚ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਾਪਤਾ ਹਨ ਜਾਂ ਮਾਰੇ ਗਏ ਹਨ।

ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਪਰਿਵਾਰ ਏਮਜ਼, ਗਿਰੀਰਾਜ ਹਸਪਤਾਲ ਜਾਂ ਸਿਵਲ ਹਸਪਤਾਲ ਵਿਚ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਰਾਜਕੋਟ ਦੇ ਇਨ੍ਹਾਂ ਤਿੰਨ ਹਸਪਤਾਲਾਂ 'ਚ ਭੇਜ ਦਿੱਤਾ ਗਿਆ ਹੈ।

ਦਕਸ਼
ਤਸਵੀਰ ਕੈਪਸ਼ਨ, ਦਕਸ਼ ਮੌਕੇ 'ਤੇ ਮੌਜੂਦ ਸੀ ਅਤੇ ਕਈ ਹੋਰ ਲੋਕਾਂ ਨੂੰ ਬਚਾਇਆ

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ, ਸਿਵਲ ਹਸਪਤਾਲ ਵਿੱਚ ਮੌਜੂਦ ਇੱਕ ਵਿਅਕਤੀ ਨੇ ਕਿਹਾ, "ਹਾਦਸੇ ਦੇ ਸਮੇਂ ਮੇਰੇ ਚਾਚੇ ਦਾ ਮੁੰਡਾ ਵੀ ਉੱਥੇ ਸੀ। ਸਾਨੂੰ ਅਜੇ ਤੱਕ ਹਸਪਤਾਲ ਤੋਂ ਕੋਈ ਜਵਾਬ ਨਹੀਂ ਮਿਲਿਆ ਹੈ। ਡੀਐੱਨਏ ਟੈਸਟ ਦੇ ਨਤੀਜੇ ਆਉਣ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ।“

ਰਾਜਕੋਟ ਸਿਵਲ ਹਸਪਤਾਲ ਵਿੱਚ ਮੌਜੂਦ ਰਵੀਭਾਈ ਨੇ ਭਾਵੁਕ ਹੋ ਕੇ ਕਿਹਾ, “ਮੇਰੇ ਪਰਿਵਾਰ ਨਾਲ ਕੋਈ ਦੁਖਾਂਤ ਨਹੀਂ ਵਾਪਰਿਆ ਹੈ, ਪਰ ਅਸੀਂ ਹੁਣ ਇਹ ਖ਼ਬਰ ਵੀ ਨਹੀਂ ਦੇਖ ਸਕਦੇ। ਚੋਣਾਂ ਦੌਰਾਨ ਆਗੂ ਘਰ-ਘਰ ਜਾਂਦੇ ਹਨ ਪਰ ਅਜਿਹੇ ਦੁਖਾਂਤ ਸਮੇਂ ਕੋਈ ਕਾਰਵਾਈ ਨਹੀਂ ਹੁੰਦੀ। ”

ਹਾਲਾਂਕਿ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਨੁਕਸਾਨ ਪਹੁੰਚਿਆ ਫਿਰ ਵੀ ਰਵੀਭਾਈ ਦਾ ਗਲਾ ਭਰ ਆਉਂਦਾ ਅਤੇ ਉਹ ਅੱਗੇ ਬੋਲਣ ਤੋਂ ਅਸਮਰੱਥ ਹੈ। ਇਸ ਤੋਂ ਦੁਖਾਂਤ ਦੀ ਤ੍ਰਾਸਦੀ ਦਾ ਅੰਦਾਜ਼ਾ ਹੁੰਦਾ ਹੈ।

'ਅਸੀਂ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਬਚਾਈ ਜਾਨ'

ਅੱਗ ਦਾ ਡਰੋਨ ਸ਼ੌਟ

ਤਸਵੀਰ ਸਰੋਤ, Reuters

ਬੀਬੀਸੀ ਪੱਤਰਕਾਰ ਤੇਜਸ ਵੈਦਿਆ ਨੇ ਦਕਸ਼ ਨਾਲ ਗੱਲ ਕੀਤੀ ਜੋ ਹਾਦਸੇ ਵਾਲੀ ਥਾਂ 'ਤੇ ਮੌਜੂਦ ਸਨ।

ਦਕਸ਼ ਆਪਣੇ 10 ਸਾਲ ਦੇ ਚਾਚੇ ਦੇ ਮੁੰਡੇ ਨਾਲ ਗੇਮ ਜ਼ੋਨ ਵਿੱਚ ਖੇਡਣ ਗਿਆ ਸੀ।

ਉਸ ਨੇ ਕਿਹਾ, “ਅਸੀਂ ਉੱਥੇ ਪਹੁੰਚ ਕੇ ਗੇਂਦਬਾਜ਼ੀ ਸ਼ੁਰੂ ਹੀ ਕੀਤੀ ਸੀ ਜਦੋਂ ਸਾਨੂੰ ਪਤਾ ਲੱਗਾ ਕਿ ਹੇਠਾਂ ਅੱਗ ਲੱਗੀ ਹੋਈ ਹੈ। ਧੂੰਆਂ ਦੇਖ ਕੇ ਲੋਕ ਭੱਜਣ ਲੱਗੇ। ਫਿਰ ਟੀਆਰਪੀ ਸਟਾਫ ਸਾਨੂੰ ਐਮਰਜੈਂਸੀ ਐਗਜ਼ਿਟ 'ਤੇ ਲੈ ਗਿਆ। ਪਰ ਜਿਸ ਲੱਕੜ ਨੂੰ ਅੱਗ ਲੱਗੀ ਉਹ ਐਮਰਜੈਂਸੀ ਐਗਜ਼ਿਟ ਦੇ ਬਿਲਕੁਲ ਹੇਠਾਂ ਸੀ। ਇਸ ਲਈ, ਇਸ ਤੋਂ ਬਾਹਰ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਸੀ।”

ਦਕਸ਼ ਕਹਿੰਦਾ ਹੈ, “ਫਿਰ ਕੋਨੇ ਵਿੱਚ ਇੱਕ ਸ਼ੀਟ ਦੀ ਬੈਰੀਕੇਡ ਸੀ ਜਿੱਥੇ ਮੈਂ ਕਦਮ ਰੱਖਿਆ ਅਤੇ ਸ਼ੀਟ ਮਰੋੜ ਕੇ ਬਾਹਰ ਨਿਕਲ ਗਈ। ਅਸੀਂ ਤਿੰਨ ਲੋਕਾਂ ਅਤੇ ਮੇਰੇ ਭਰਾ ਨੂੰ ਪਹਿਲੀ ਮੰਜ਼ਿਲ ਤੋਂ ਛਾਲ ਮਾਰਨ ਲਈ ਕਿਹਾ ਅਤੇ ਮੈਂ ਵੀ ਬਾਅਦ ਵਿੱਚ ਛਾਲ ਮਾਰ ਦਿੱਤੀ।"

ਐਮਰਜੈਂਸੀ ਨਿਕਾਸ ਅਤੇ ਮੁੱਖ ਨਿਕਾਸ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਲੋਕ ਛਾਲ ਮਾਰ ਕੇ ਆਪਣੀ ਜਾਨ ਬਚਾ ਰਹੇ ਸਨ। ਕੁਝ ਲੋਕ ਅਜਿਹਾ ਵੀ ਨਾ ਕਰ ਸਕੇ ਅਤੇ ਆਪਣੀ ਜਾਨ ਗੁਆ ਬੈਠੇ।

ਦਕਸ਼ਾ ਦੇ ਭਰਾ ਦੀ ਬਾਂਹ ਅਤੇ ਮੱਥੇ 'ਤੇ ਸੱਟ ਲੱਗ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਸਿਵਲ ਹਸਪਤਾਲ
ਤਸਵੀਰ ਕੈਪਸ਼ਨ, ਰਾਜਕੋਟ ਦੇ ਸਿਵਲ ਹਸਪਤਾਲ ਦਾ ਦ੍ਰਿਸ਼ ਜਿੱਥੇ ਪੀੜਤ ਪਰਿਵਾਰ ਸਰਕਾਰ ਤੋਂ ਕੋਈ ਸੂਚਨਾ ਮਿਲਣ ਦੀ ਉਡੀਕ ਕਰ ਰਹੇ ਹਨ

ਇੱਕੋ ਪਰਿਵਾਰ ਦੇ ਚਾਰ ਲੋਕ ਲਾਪਤਾ ਹਨ

ਗੇਮ ਜ਼ੋਨ ਦੇ ਨੇੜੇ ਰਹਿਣ ਵਾਲੇ ਸਿੱਧਰਾਜਭਾਈ ਦੇ ਪਰਿਵਾਰ ਦੇ ਸੱਤ ਮੈਂਬਰ ਗੇਮ ਜ਼ੋਨ ਵਿੱਚ ਸਨ, ਜਿਨ੍ਹਾਂ ਵਿੱਚੋਂ ਚਾਰ ਅਜੇ ਵੀ ਲਾਪਤਾ ਹਨ। ਉਨ੍ਹਾਂ ਦਾ ਪੁੱਤਰ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਚਾਉਣ ਲਈ ਗਿਆ ਪਰ ਵਾਪਸ ਨਹੀਂ ਆਇਆ।

ਬੀਬੀਸੀ ਪੱਤਰਕਾਰ ਤੇਜਸ ਵੈਦਿਆ ਨੇ ਉਨ੍ਹਾਂ ਨਾਲ ਗੱਲ ਕੀਤੀ। ਜਦੋਂ ਇਹ ਘਟਨਾ ਵਾਪਰੀ, ਸਿੱਧਰਾਜਭਾਈ ਇਸ ਗੇਮ ਜ਼ੋਨ ਦੇ ਸਾਹਮਣੇ ਸੜਕ ਦੇ ਪਾਰ ਬੈਠੇ ਸਨ।

ਉਹ ਕਹਿੰਦੇ ਹਨ, “ਅੱਗ ਲੱਗਣ ਦੇ ਪੰਦਰਾਂ ਮਿੰਟਾਂ ਦੇ ਅੰਦਰ, ਸਭ ਕੁਝ ਸੜ ਕੇ ਸੁਆਹ ਹੋ ਗਿਆ, ਅੱਗ ਇੰਨੀ ਤੇਜ਼ੀ ਨਾਲ ਫੈਲ ਗਈ। ਅਸੀਂ 500 ਫੁੱਟ ਦੂਰ ਸੀ ਪਰ ਅੱਗ ਦੀਆਂ ਲਪਟਾਂ ਅਸਹਿ ਸਨ। ਮੈਨੂੰ ਉਦੋਂ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਮੇਰੇ ਆਪਣੇ ਪਰਿਵਾਰਕ ਮੈਂਬਰ ਗੇਮ ਜ਼ੋਨ ਵਿੱਚ ਸਨ।“

“ਇਹ ਗੇਮ ਜ਼ੋਨ ਦੋ ਸਾਲਾਂ ਤੋਂ ਚੱਲ ਰਿਹਾ ਸੀ ਅਤੇ ਕੋਈ ਨਹੀਂ ਜਾਣਦਾ ਕਿ ਇਹ ਕਿਵੇਂ ਹੋਇਆ। ਕੀ ਸਿਸਟਮ ਵਿਚ ਸਭ ਕੁਝ ਜਾਣ-ਪਛਾਣ 'ਤੇ ਅਧਾਰਤ ਹੈ? ਇਸ ਘਟਨਾ ਨਾਲ ਕਈ ਪਰਿਵਾਰ ਬਰਬਾਦ ਹੋ ਗਏ। ਹੁਣ ਸਾਡੇ ਪਰਿਵਾਰ ਵਿੱਚ ਸਿਰਫ਼ ਇੱਕ ਧੀ ਅਤੇ ਉਸ ਦੀ ਮਾਂ ਬਚੀ ਹੈ। ਉਹ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਨਗੇ?"

ਗੁਜਰਾਤ ਹਾਦਸਾ

ਤਸਵੀਰ ਸਰੋਤ, Getty Images

ਬਿਪਿਨ ਟੰਕਾਰੀਆ ਦਾ ਕਹਿਣਾ ਹੈ, "ਲਾਸ਼ਾਂ ਨੂੰ ਰਾਜਕੋਟ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿੱਚ ਲਿਆਂਦਾ ਗਿਆ ਹੈ। ਡੀਐਨਏ ਟੈਸਟਿੰਗ ਰਾਹੀਂ ਲਾਸ਼ਾਂ ਦੀ ਪਛਾਣ ਕਰਨ ਲਈ ਨਮੂਨੇ ਲਏ ਜਾ ਰਹੇ ਹਨ।"

ਬੀਬੀਸੀ ਗੁਜਰਾਤੀ ਮੁਤਾਬਕ ਅੱਗ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ।

ਬਿਪਿਨ ਟੰਕਾਰੀਆ ਮੁਤਾਬਕ ਇਸ ਅੱਗ ਦਾ ਧੂੰਆਂ ਇੰਨਾ ਭਿਆਨਕ ਸੀ ਕਿ ਇਸ ਨੂੰ ਪੰਜ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਸੀ।

ਉਨ੍ਹਾਂ ਮੁਤਾਬਕ ਗੇਮ ਜ਼ੋਨ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਅਤੇ ਕਈ ਲੋਕ ਅੰਦਰ ਫਸ ਗਏ ਸਨ।

ਟੰਕਾਰੀਆ ਨੇ ਇਹ ਵੀ ਕਿਹਾ ਕਿ ਮਾਲ ਦੇ ਗੇਮ ਜ਼ੋਨ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ, ਜਿੱਥੇ ਸਥਾਨਕ ਲੋਕਾਂ ਨੇ ਸ਼ਾਰਟ-ਸਰਕਟ ਦੀ ਘਟਨਾ ਦੀ ਸੂਚਨਾ ਦਿੱਤੀ ਸੀ।

ਰਾਜਕੋਟ ਦੇ ਮਾਲ ਵਿੱਚ ਭਿਆਨਕ ਅੱਗ

ਤਸਵੀਰ ਸਰੋਤ, BBC / BIPIN TANKARIA

ਅੱਗ ਕਿਵੇਂ ਲੱਗੀ?

ਰਾਜਕੋਟ ਦੇ ਜ਼ਿਲ੍ਹਾ ਕਲੈਕਟਰ ਪੀ. ਜੋਸ਼ੀ ਨੇ ਅੱਗ ਦੀ ਘਟਨਾ ਬਾਰੇ ਟੰਕਾਰੀਆ ਨੂੰ ਦੱਸਿਆ, “ਸ਼ਾਮ ਕਰੀਬ 4.30 ਵਜੇ ਕੰਟਰੋਲ ਰੂਮ ਵਿੱਚ ਇੱਕ ਕਾਲ ਆਈ ਕਿ ਟੀਆਰਪੀ ਗੇਮ ਜ਼ੋਨ ਵਿੱਚ ਅੱਗ ਲੱਗ ਗਈ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ।

ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ , "ਯੁਵਰਾਜ ਸਿੰਘ ਸੋਲੰਕੀ ਇਸ ਗੇਮ ਜ਼ੋਨ ਦੇ ਮਾਲਕ ਹਨ। ਅਸੀਂ ਇਸ ਮਾਮਲੇ ਵਿੱਚ ਮੌਤ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕਰਾਂਗੇ। ਫਿਰ ਅਸੀਂ ਅੱਗੇ ਜਾਂਚ ਕਰਾਂਗੇ।"

ਟੀਆਰਪੀ ਮਾਲ
ਤਸਵੀਰ ਕੈਪਸ਼ਨ, ਰਾਜਕੋਟ ਦੇ ਟੀਆਰਪੀ ਮਾਲ ਵਿੱਚ ਭਿਆਨਕ ਅੱਗ

ਪੁਲਿਸ ਕਮਿਸ਼ਨਰ ਨੇ ਕਿਹਾ, "ਅਸੀਂ ਅੰਦਰ ਜਾ ਕੇ ਪੂਰੇ ਇਲਾਕੇ ਦਾ ਮੁਆਇਨਾ ਕਰਾਂਗੇ। ਅਸੀਂ ਐੱਫਐੱਸਐੱਲ ਟੀਮ ਨੂੰ ਵੀ ਬੁਲਾਇਆ ਹੈ ਜੋ ਜਾਂਚ ਕਰੇਗੀ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰੇਗੀ।"

“ਅਸੀਂ ਮੈਡੀਕਲ ਸੁਪਰਡੈਂਟ ਨਾਲ ਵੀ ਚਰਚਾ ਕੀਤੀ ਹੈ। ਉਥੇ ਵੀ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਇਹ ਟੀਮਾਂ ਫਿਲਹਾਲ ਇਲਾਜ, ਡੀਐੱਨਏ ਟੈਸਟਿੰਗ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰ ਰਹੀਆਂ ਹਨ।”

ਸਮਾਚਾਰ ਏਜੰਸੀ ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਫਾਇਰ ਅਧਿਕਾਰੀ ਆਈਵੀ ਖੇਰ ਨੇ ਕਿਹਾ, "ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਸੀ ਕਿਉਂਕਿ ਇੱਕ ਆਰਜ਼ੀ ਢਾਂਚਾ ਢਹਿ ਗਿਆ ਸੀ ਅਤੇ ਹਵਾ ਦੀ ਗਤੀ ਵੀ ਬਹੁਤ ਜ਼ਿਆਦਾ ਸੀ।"

ਘਟਨਾ ਵਾਲੀ ਸਥਾਨ ਦੀ ਤਸਵੀਰ

ਤਸਵੀਰ ਸਰੋਤ, BIPIN TANKARIA/BBC

ਮੌਕੇ ਦੇ ਗਵਾਹਾਂ ਨੇ ਕੀ ਦੱਸਿਆ

ਹਾਦਸੇ ਸਮੇਂ ਦਿਲੀਪ ਸਿੰਘ ਵਾਘੇਲਾ ਸੜਕ ਤੋਂ ਲੰਘ ਰਹੇ ਸਨ। ਬੀਬੀਸੀ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਕਿਹਾ, "ਮੈਂ ਇਸ ਸੜਕ ਤੋਂ ਲੰਘ ਰਿਹਾ ਸੀ ਜਦੋਂ ਮੈਂ ਧੂੰਏਂ ਦਾ ਗੁਬਾਰ ਦੇਖਿਆ। ਜਦੋਂ ਮੈਂ ਇੱਥੇ ਪਹੁੰਚਿਆ ਤਾਂ ਅੱਗ ਦੇ ਲਾਂਬੂ ਦੇਖ ਕੇ ਮੈਂ ਸਮਝ ਗਿਆ ਕਿ ਇਹ ਬਹੁਤ ਭਿਆਨਕ ਅੱਗ ਹੈ। ਇਸ ਲਈ ਮੈਂ ਇੱਥੇ ਹੀ ਰੁਕ ਗਿਆ। ਉਸ ਸਮੇਂ ਪੁਲੀਸ ਦੀਆਂ ਦੋ ਗੱਡੀਆਂ ਅਤੇ ਦੋ 108 ਐਂਬੂਲੈਂਸ ਖੜ੍ਹੀਆਂ ਸਨ ਪਰ ਉਦੋਂ ਤੱਕ ਫਾਇਰ ਬ੍ਰਿਗੇਡ ਦੀ ਇੱਕ ਵੀ ਗੱਡੀ ਨਹੀਂ ਆਈ ਸੀ। ਫਾਇਰ ਬ੍ਰਿਗੇਡ ਦੀ ਗੱਡੀ ਨੂੰ ਇੱਥੇ ਪਹੁੰਚਣ ਵਿੱਚ ਕਰੀਬ 45 ਮਿੰਟ ਲੱਗੇ।''

ਦਲੀਪ ਸਿੰਘ ਵਾਘੇਲਾ
ਤਸਵੀਰ ਕੈਪਸ਼ਨ, ਦਲੀਪ ਸਿੰਘ ਵਾਘੇਲਾ

ਵਾਘੇਲਾ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਲੱਗਣ ਦੇ ਦ੍ਰਿਸ਼ ਆਪਣੇ ਮੋਬਾਈਲ ਉੱਤੇ ਰਿਕਾਰਡ ਕਰ ਲਏ ਸਨ। ਉਨ੍ਹਾਂ ਨੇ ਕਿਹਾ, "ਮੈਂ ਇਹ ਰਿਕਾਰਡਿੰਗ ਲਗਭਗ 5:50 ਮਿੰਟ ਉੱਤੇ ਕੀਤੀ, ਉਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਨਹੀਂ ਪਹੁੰਚੀ ਸੀ... ਢਾਂਚੇ ਵਿੱਚ ਬਹੁਤ ਸਾਰੇ ਟਾਇਰ ਸਨ।"

ਉਨ੍ਹਾਂ ਨੇ ਇਸ ਘਟਨਾ ਦੀ ਤੁਲਨਾ ਮੋਰਬੀ ਸਸਪੈਂਸ਼ਨ ਬ੍ਰਿਜ ਤ੍ਰਾਸਦੀ ਅਤੇ ਸੂਰਤ ਵਿੱਚ ਤਕਸ਼ਸ਼ਿਲਾ ਕੰਪਲੈਕਸ ਅੱਗ ਦੇ ਦੁਖਾਂਤ ਅਤੇ ਜਾਨੀ ਨੁਕਸਾਨ ਨਾਲ ਕੀਤੀ।

ਵਾਘੇਲਾ ਨੇ ਕਿਹਾ, "ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਇਸ ਸਿਸਟਮ ਦੀ ਆਦਤ ਬਣ ਗਈ ਹੈ... ਗੁਜਰਾਤ ਵਿੱਚ, ਇੱਕ ਮਨੁੱਖੀ ਜ਼ਿੰਦਗੀ ਦੀ ਕੀਮਤ ਸਿਰਫ 4 ਲੱਖ ਰੁਪਏ ਹੈ। ਜਦੋਂ ਵੀ ਮੁੱਖ ਮੰਤਰੀ ਜਾਂ ਸਰਕਾਰੀ ਤੰਤਰ 4 ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕਰਦਾ ਹੈ ਤਾਂ ਉਸ ਦੀ ਰੂਹ ਨੂੰ ਤਸੱਲੀ ਮਿਲਦੀ ਹੈ।

ਅੱਗ ਹਾਦਸੇ ਵਿੱਚ ਬਚਾਅ ਕਾਰਜ

ਤਸਵੀਰ ਸਰੋਤ, Getty Images

ਗੇਮ ਜ਼ੋਨ ਦੇ ਨੇੜੇ ਇੱਕ ਸੁਸਾਇਟੀ ਵਿੱਚ ਰਹਿਣ ਵਾਲੇ ਕੇਤਨ ਸਿੰਘ ਪਰਮਾਰ ਨੇ ਕਿਹਾ, “ਅਸੀਂ ਹਰ ਹਫ਼ਤੇ ਇਸ ਗੇਮ ਜ਼ੋਨ ਬਾਰੇ ਵਾਰ-ਵਾਰ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਕਮਿਸ਼ਨਰ ਨੂੰ ਈਮੇਲ ਵੀ ਕੀਤੀ ਗਈ ਸੀ ਪਰ ਰਾਤ 1 ਵਜੇ ਵੀ ਜੇਕਰ ਪੰਜ-ਛੇ ਮੁੰਡੇ ਇੱਥੇ ਆ ਜਾਣ ਤਾਂ ਗੇਮ ਜ਼ੋਨ ਸ਼ੁਰੂ ਹੋ ਜਾਂਦਾ ਸੀ। ਇੱਥੇ ਲੋਕ ਰਾਤ ਨੂੰ ਆਪਣੀਆਂ ਗੱਡੀਆਂ ਘੁਮਾਉਂਦੇ ਹਨ।"

ਉਨ੍ਹਾਂ ਨੇ ਕਿਹਾ, "ਇਹ ਗੇਮ ਜ਼ੋਨ ਇੰਨਾ ਖ਼ਰਾਬ ਹੈ ਕਿ ਜਦੋਂ ਅਸੀਂ ਇੱਥੇ ਰਹਿੰਦੇ ਸੀ ਤਾਂ ਅਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਇੱਥੇ ਨਹੀਂ ਭੇਜਿਆ।"

ਅੱਗ ਹਾਦਸੇ ਤੋਂ ਬਾਅਦ ਬਚਾਅ ਕਾਰਜ

ਤਸਵੀਰ ਸਰੋਤ, Getty Images

ਐੱਸਆਈਟੀ ਨੂੰ ਜਾਂਚ ਸ਼ੁਰੂ ਕਰਨ ਦੇ ਹੁਕਮ

ਗੁਜਰਾਤ ਸਰਕਾਰ ਨੇ ਘਟਨਾ ਦੀ ਜਾਂਚ ਲਈ ਐੱਸਆਈਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਪੰਜ ਮੈਂਬਰੀ ਐੱਸਆਈਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੀਆਈਡੀ ਕ੍ਰਾਈਮ ਦੇ ਡੀਜੀਪੀ ਸੁਭਾਸ਼ ਤ੍ਰਿਵੇਦੀ ਨੂੰ ਸੌਂਪੀ ਗਈ ਹੈ।

ਐੱਸਆਈਟੀ ਦੇ ਬਾਕੀ ਚਾਰ ਮੈਂਬਰ ਬੰਚਾਨਿਧੀ ਪਾਨੀ, ਐੱਚਪੀ ਸਾਂਘਵੀ, ਜੇਐੱਨ ਖਾਦੀਆ ਅਤੇ ਐੱਮਬੀ ਦੇਸਾਈ ਹਨ।

ਐੱਸਆਈਟੀ 72 ਘੰਟਿਆਂ ਦੇ ਅੰਦਰ ਸਰਕਾਰ ਨੂੰ ਆਪਣੀ ਸ਼ੁਰੂਆਤੀ ਰਿਪੋਰਟ ਅਤੇ 10 ਦਿਨਾਂ ਦੇ ਅੰਦਰ ਸਰਕਾਰ ਨੂੰ ਮੁਕੰਮਲ ਰਿਪੋਰਟ ਵੀ ਸੌਂਪੇਗੀ।

ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ

ਐਸਆਈਟੀ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ-

  • ਅੱਗ ਕਿਨ੍ਹਾਂ ਹਾਲਾਤਾਂ ਵਿੱਚ ਲੱਗੀ?
  • ਕੀ ਗੇਮਿੰਗ ਜ਼ੋਨ ਦੀ ਇਜਾਜ਼ਤ ਹੈ ਜਾਂ ਨਹੀਂ?
  • ਗੇਮਿੰਗ ਜ਼ੋਨ ਨੂੰ ਮਨਜ਼ੂਰੀ ਦਿੰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ?
  • ਕੀ ਗੇਮਿੰਗ ਜ਼ੋਨ ਨਿਯਮਾਂ ਅਨੁਸਾਰ ਬਣਾਇਆ ਗਿਆ ਹੈ ਜਾਂ ਨਹੀਂ?
  • ਕੀ ਗੇਮਿੰਗ ਜ਼ੋਨ ਕੋਲ ਫਾਇਰ ਵਿਭਾਗ ਤੋਂ ਐੱਨਓਸੀ ਹੈ ਜਾਂ ਨਹੀਂ?
  • ਗੇਮਿੰਗ ਜ਼ੋਨ ਵਿੱਚ ਐਮਰਜੈਂਸੀ ਨਿਕਾਸ ਲਈ ਕੀ ਰਸਤਾ ਸੀ?
  • ਅਜਿਹੀ ਸਥਿਤੀ ਵਿੱਚ, ਕੀ ਲੋਕਲ ਸਿਸਟਮ ਜਾਂ ਗੇਮਿੰਗ ਜ਼ੋਨ ਚਲਾਉਣ ਵਾਲੇ ਲਾਪਰਵਾਹ ਹਨ?
  • ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ?

ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਐਤਵਾਰ ਸਵੇਰੇ ਮੌਕੇ 'ਤੇ ਪਹੁੰਚੇ ਅਤੇ ਉਸ ਖੇਤਰ ਦਾ ਜਾਇਜ਼ਾ ਲਿਆ ਜਿੱਥੇ ਗੇਮਿੰਗ ਜ਼ੋਨ ਦੇ ਅੰਦਰ ਭਿਆਨਕ ਅੱਗ ਲੱਗੀ ਸੀ।

ਅੱਗ ਬੁਝਾਉਣ ਵਿੱਚ ਲੱਗੇ ਲੋਕ

ਤਸਵੀਰ ਸਰੋਤ, Getty Images

ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅੱਜ ਸ਼ਾਮ ਰਾਜਕੋਟ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਜਿਸ ਵਿੱਚ ਕਈ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆ ਦਿੱਤਾ ਹੈ। ਇਸ ਵਿੱਚ ਕਈ ਬੱਚਿਆਂ ਦੀ ਮੌਤ ਵੀ ਹੋ ਚੁੱਕੀ ਹੈ। ਮੈਂ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਰਾਜਕੋਟ ਆਇਆ ਹਾਂ। ਐੱਸਆਈਟੀ ਬਣਾ ਦਿੱਤੀ ਗਈ ਹੈ, ਉਸ ਨੂੰ ਕਿਹਾ ਗਿਆ ਹੈ ਕਿ ਸਾਰੀ ਜਾਂਚ ਤੁਰੰਤ ਸ਼ੁਰੂ ਕੀਤੀ ਜਾਵੇ।

ਅੱਗ ਵਿੱਚ ਸੜਿਆ ਸਮਾਨ

ਤਸਵੀਰ ਸਰੋਤ, BIPIN TANKARIA/BBC

ਸਾਂਘਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਮਿਲੀ ਲਿਸਟ ਮੁਤਾਬਕ ਇੱਕ ਵਿਅਕਤੀ ਲਾਪਤਾ ਹੈ, ਜਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, “ਜਿਹੜੇ ਵੀ ਵਿਭਾਗ ਆਗਿਆ ਦੇਣ ਦੇ ਆਉਂਦੇ ਹਨ ਅਤੇ ਜਿਹੜੇ-ਜਿਹੜੇ ਵਿਭਾਗ ਦੇ ਅੰਦਰ ਗੇਮ ਜ਼ੋਨ ਅਤੇ ਉਸਾਰੀ ਦੀ ਜ਼ਿੰਮੇਵਾਰੀ ਆਉਂਦੀ ਹੈ। ਉਨ੍ਹਾਂ ਵਿੱਚੋਂ ਸੀਨੀਅਰ ਅਧਿਕਾਰੀਆਂ ਤੋਂ ਲੈ ਕੇ ਜ਼ਿੰਮੇਵਾਰ ਅਫਸਰਾਂ ਤੱਕ ਸਾਰਿਆਂ ਨੂੰ ਰਾਤ 3 ਵਜੇ ਤੋਂ ਕਲੈਕਟਰ ਅਦਾਲਤ ਵਿੱਚ ਹਾਜ਼ਰ ਹੋਣ ਦੀ ਸੂਚਨਾ ਦਿੱਤੀ ਗਈ ਹੈ।”

ਸਾਂਘਵੀ ਨੇ ਕਿਹਾ, “ਸਾਰੇ ਦਸਤਾਵੇਜ਼, ਹਰ ਤਰ੍ਹਾਂ ਦੀ ਜਾਂਚ ਅੱਜ ਤੋਂ ਹੀ ਸ਼ੁਰੂ ਹੋ ਜਾਵੇਗੀ। ਜਲਦੀ ਤੋਂ ਜਲਦੀ ਇਨਸਾਫ਼ ਦਿਵਾਉਣ ਲਈ ਮਿਹਨਤ ਕੀਤੀ ਜਾਵੇਗੀ। ਮੈਂ ਹੁਣੇ ਹੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਹੁਣ ਮੈਂ ਖੁਦ ਕਲੈਕਟਰ ਦੀ ਕਚਹਿਰੀ ਵਿੱਚ ਬੈਠਣ ਜਾ ਰਿਹਾ ਹਾਂ।”

ਮੁੱਖ ਮੰਤਰੀ ਨੇ ਫ਼ੌਰੀ ਇਲਾਜ ਦੇ ਦਿੱਤੇ ਹੁਕਮ

ਮਾਲ ਵਿੱਚ ਅੱਗ
ਤਸਵੀਰ ਕੈਪਸ਼ਨ, ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ

ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਟਵਿੱਟਰ 'ਤੇ ਪੋਸਟ ਕੀਤਾ ਹੈ ਕਿ, "ਜ਼ਖਮੀ ਲੋਕਾਂ ਦੇ ਫ਼ੌਰੀ ਇਲਾਜ ਨੂੰ ਪਹਿਲ ਦੇਣ ਦੇ ਹੁਕਮ ਵੀ ਦਿੱਤੇ ਗਏ ਹਨ।"

ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰ ਲਈ 4 ਲੱਖ ਰੁਪਏ ਅਤੇ ਜਖ਼ਮੀਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਗੱਲ ਵੀ ਆਖੀ।

ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਦੱਸਿਆ, "ਇਸ ਸਮੇਂ ਅੱਗ 'ਤੇ ਕਾਬੂ ਪਾਉਣ ਦਾ ਕੰਮ ਚੱਲ ਰਿਹਾ ਹੈ।

“ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਅਸੀਂ ਅੰਦਰ ਜਾ ਕੇ ਪੂਰੇ ਖੇਤਰ ਦਾ ਮੁਆਇਨਾ ਕਰਾਂਗੇ। ਅਸੀਂ ਐੱਫ਼ਐੱਸਐੱਲ ਟੀਮ ਨੂੰ ਵੀ ਬੁਲਾਇਆ ਹੈ।”

“ਐੱਫਐੱਸਐੱਲ ਟੀਮ ਆ ਕੇ ਇਸ ਦਾ ਮੁਆਇਨਾ ਕਰੇਗੀ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ।”

ਅੱਗ ਹਾਦਸੇ ਤੋਂ ਬਾਅਦ ਬਚਾਅ ਕਾਰਜ

ਤਸਵੀਰ ਸਰੋਤ, Getty Images

“ਅਸੀਂ ਮੁੱਖ ਮੈਡੀਕਲ ਅਫਸਰ ਨਾਲ ਵੀ ਗੱਲ ਕੀਤੀ ਹੈ। ਉਥੇ ਵੀ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। ਟੀਮਾਂ ਜ਼ਖ਼ਮੀਆਂ ਦਾ ਇਲਾਜ ਕਰ ਰਹੀਆਂ ਹਨ, ਡੀਐੱਨਏ ਟੈਸਟ ਕਰ ਰਹੀਆਂ ਹਨ ਅਤੇ ਲਾਸ਼ਾਂ ਦਾ ਪੋਸਟਮਾਰਟਮ ਕਰ ਰਹੀਆਂ ਹਨ।”

ਰਾਜੂ ਭਾਰਗਵ ਨੇ ਦੱਸਿਆ ਕਿ ਗੇਮਿੰਗ ਜ਼ੋਨ ਦੇ ਮਾਲਕ ਯੁਵਰਾਜ ਸਿੰਘ ਸੋਲੰਕੀ ਖ਼ਿਲਾਫ਼ ਕਤਲ ਅਤੇ ਅਣਗਹਿਲੀ ਕਰਨ ਦਾ ਮਾਮਲਾ ਦਰਜ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਵੱਲੋਂ ਅਫ਼ਸੋਸ, ਮੁੱਖ ਮੰਤਰੀ ਵੱਲੋਂ ਵਿੱਤੀ ਸਹਾਇਤਾ ਦਾ ਐਲਾਨ

ਨਰਿੰਦਰ ਮੋਦੀ

ਤਸਵੀਰ ਸਰੋਤ, Narendra Modi/X

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ

ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਅਫ਼ਸੋਸ ਜ਼ਾਹਰ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ।

ਉਨ੍ਹਾਂ ਨੇ ਲਿਖਿਆ, “ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਿਹਾ ਹੈ।”

ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਸਪਤਾਲ ਵਿੱਚ ਜ਼ਖਮੀਆਂ ਨਾਲ ਮੁਲਾਕਾਤ ਦੌਰਾਨ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਹਸਪਤਾਲ ਵਿੱਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ

ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਕਿ ਉਨ੍ਹਾਂ ਨੇ ਇਸ ਹਾਦਸੇ ਵਿੱਚ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਲਈ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ।

ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਟਵਿੱਟਰ ਉੱਤੇ ਲਿਖਿਆ, ''ਇਸ ਸਮੇਂ ਮੈਂ ਪੰਜਾਬ 'ਚ ਹਾਂ, ਮੈਨੂੰ ਰਾਜਕੋਟ ਤੋਂ ਖਬਰ ਮਿਲੀ ਹੈ ਕਿ ਕਲਾਵੜ ਰੋਡ ਗੇਮ ਜ਼ੋਨ ਵਿੱਚ ਅੱਗ ਲੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਛੋਟੇ ਬੱਚਿਆਂ ਅਤੇ ਕੁਝ ਮਾਤਾ-ਪਿਤਾ ਅਤੇ ਸਟਾਫ਼ ਦੀਆਂ ਦੁਖਦਾਈ ਮੌਤਾਂ ਦੀਆਂ ਖ਼ਬਰਾਂ ਹਨ। ਇਸ ਤੋਂ ਬਹੁਤ ਦੁੱਖ ਹੋਇਆ ਹੈ।"

ਗੁਜਰਾਤ ਪੰਜ ਵੱਡੇ ਦੁਖਾਂਤ

ਮੋਰਬੀ ਪੁਲ ਹਾਦਸਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਮੋਰਬੀ ਪੁਲ ਹਾਦਸਾ
  • 18 ਜਨਵਰੀ 2024 ਨੂੰ ਵਡੋਦਰਾ ਦੀ ਹਰਣੀ ਝੀਲ ਵਿੱਚ ਇੱਕ ਕਿਸ਼ਤੀ ਡੁੱਬ ਗਈ ਸੀ। ਜਿਸ ਵਿੱਚ 12 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਜਦੋਂ ਬੱਚਿਆਂ ਨੂੰ ਹਰਣੀ ਝੀਲ ਵਿੱਚ ਕਿਸ਼ਤੀ ਵਿੱਚ ਬਿਠਾਇਆ ਗਿਆ ਤਾਂ ਉਨ੍ਹਾਂ ਨੂੰ ਜਾਨ ਬਚਾਊ ਜੈਕਟਾਂ ਵੀ ਨਹੀਂ ਦਿੱਤੀਆਂ ਗਈਆਂ।
  • 30 ਅਕਤੂਬਰ, 2022 ਨੂੰ, ਮੋਰਬੀ ਸਸਪੈਂਸ਼ਨ ਪੁਲ ਦੇ ਡਿੱਗਣ ਨਾਲ 135 ਮੌਤਾਂ ਹੋ ਗਈਆਂ ਸੀ। ਮਰਨ ਵਾਲਿਆਂ ਵਿੱਚੋਂ ਇੱਕ ਤਿਹਾਈ ਬੱਚੇ ਸਨ।
  • 26 ਜੁਲਾਈ 2022 ਨੂੰ ਬੋਟਾਦ ਵਿੱਚ ਕਥਿਤ ਤੌਰ 'ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ 39 ਜਣਿਆਂ ਦੀ ਜਾਨ ਚਲੀ ਗਈ ਸੀ।
  • 6 ਅਗਸਤ, 2020 ਨੂੰ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਵਿੱਚ ਸ਼੍ਰੇਆ ਹਸਪਤਾਲ ਦੇ ਆਈਸੀਯੂ ਵਿੱਚ ਅੱਗ ਲੱਗ ਗਈ। ਇਸ ਵਿੱਚ ਅੱਠ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ।
  • 24 ਮਈ, 2019 ਨੂੰ ਸੂਰਤ ਵਿੱਚ ਤਕਸ਼ਿਲਾ ਆਰਕੇਡ ਨਾਮ ਦੀ ਇਮਾਰਤ ਵਿੱਚ ਬਣੇ ਕੋਚਿੰਗ ਸੈਂਟਰ ਵਿੱਚ ਅੱਗ ਲੱਗਣ ਕਾਰਨ 22 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਸ਼ਾਪਿੰਗ ਕੰਪਲੈਕਸ ਦੀ ਉਪਰਲੀ ਮੰਜ਼ਿਲ 'ਤੇ ਨਾਜਾਇਜ਼ ਤੌਰ 'ਤੇ ਬਣੇ ਕਮਰਿਆਂ ਵਿੱਚ ਕੋਚਿੰਗ ਕਲਾਸਾਂ ਚੱਲ ਰਹੀਆਂ ਸਨ।
ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)