ਤਾਇਵਾਨ ਵਿੱਚ 25 ਸਾਲਾਂ ਦਾ ਸਭ ਤੋਂ ਖਤਰਨਾਕ ਭੂਚਾਲ, ਗੁਆਂਢੀ ਦੇਸਾਂ ਵਿੱਚ ਵੀ ਸੁਨਾਮੀ ਦੀਆਂ ਚੇਤਾਵਨੀਆਂ

ਤਸਵੀਰ ਸਰੋਤ, National Fire Agency
- ਲੇਖਕ, ਕੈਲੀ ਨਗ ਅਤੇ ਰੁਪਰਟ ਵਿੰਗਫੀਲਡ-ਹੇਅਜ਼
- ਰੋਲ, ਬੀਬੀਸੀ ਪੱਤਰਕਾਰ
ਬੁੱਧਵਾਰ ਨੂੰ ਤਾਇਵਾਨ ਦੇ ਪੂਰਬੀ ਕੰਢੇ ਉੱਤੇ ਪਿਛਲੇ 25 ਸਾਲਾਂ ਦਾ ਸਭ ਤੋਂ ਤੀਬਰ ਭੂਚਾਲ ਆਇਆ ਹੈ। ਭੂਚਾਲ ਦੀ ਤੀਬਰਤਾ 7.4 ਦੱਸੀ ਗਈ ਹੈ।
ਭੂਚਾਲ ਦੇ ਕੇਂਦਰ ਹਾਉਲਿਨ ਸ਼ਹਿਰ ਬਚਾਅ ਕਾਰਜ ਜਾਰੀ ਹਨ ਪਰ ਕਈ ਇਮਾਰਤਾਂ ਮਲਬੇ ਵਿੱਚ ਬਦਲ ਗਈਆਂ ਹਨ।
ਭੂਚਾਲ ਇੰਨਾ ਤੇਜ਼ ਸੀ ਕਿ ਇਸ ਦੀ ਕੰਪਨ ਤਾਇਵਾਨ ਦੀਆਂ ਪਹਾੜੀ ਘਾਟੀਆਂ ਵਿੱਚ ਵੀ ਮਹਿਸੂਸ ਕੀਤੀ ਗਈ ਅਤੇ ਵੱਡੇ ਪੱਧਰ ਉੱਤੇ ਢਿੱਗਾਂ ਖਿਸਕਣ ਦੀ ਖ਼ਬਰ ਹੈ।
ਸੋਸ਼ਲ ਮੀਡੀਆ ਉੱਤੇ ਰਾਜਧਾਨੀ ਤੇਪਈ ਤੋਂ ਆਈਆਂ ਵੀਡੀਓਜ਼ ਵਿੱਚ ਇਮਾਰਤਾਂ ਨੂੰ ਝੂਲਦੇ ਦੇਖਿਆ ਜਾ ਸਕਦਾ ਹੈ।
ਤੇਪਈ ਦੇ ਸਿਸਮੋਲੋਜੀ ਸੈਂਟਰ ਦੇ ਨਿਰਦੇਸ਼ਕ ਵੂ ਸ਼ਿੰਨ ਫੂ ਨੇ ਕਿਹਾ, “ਭੂਚਾਨ ਧਰਤੀ ਦੇ ਨਜ਼ਦੀਕ ਹੈ। ਇਸ ਨੂੰ ਪੂਰੇ ਤਾਇਵਾਨ ਵਿੱਚ ਮਹਿਸੂਸ ਕੀਤਾ ਗਿਆ ਹੈ। ਇਹ ਪਿਛਲੇ 25 ਸਾਲਾਂ ਦੌਰਾਨ ਸਭ ਤੋਂ ਤੇਜ਼ ਭੂਚਾਲ ਹੈ।”
ਭੂਚਾਲ ਕਾਰਨ ਤਾਇਵਾਨ ਅਤੇ ਗੁਆਂਢੀ ਦੇਸਾਂ ਵਿੱਚ ਵੀ ਸੁਨਾਮੀ ਦੀਆਂ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ।
ਰਾਜਧਾਨੀ ਤੇਪਈ ਦੀਆਂ ਸਥਾਨਕ ਮੀਡੀਆ ਦੀ ਫੁਟੇਜ ਵਿੱਚ ਬਹੁਤ ਸਾਰੀਆਂ ਰਿਹਾਇਸ਼ੀ ਇਮਾਰਤਾਂ ਦੇ ਡਿੱਗਣ ਅਤੇ ਲੋਕਾਂ ਨੂੰ ਘਰਾਂ ਅਤੇ ਸਕੂਲਾਂ ਤੋਂ ਕੱਢੇ ਜਾਂਦੇ ਦੇਖਿਆ ਜਾ ਰਿਹਾ ਹੈ। ਪ੍ਰਸਾਰਕ ਟੀਵੀਬੀਐੱਸ ਦੀ ਫੁਟੇਜ ਮੁਤਾਬਕ ਭੂਚਾਲ ਦਾ ਅਸਰ ਇੰਨਾ ਜ਼ਿਆਦਾ ਸੀ ਕਿ ਇਸ ਨੇ ਗੱਡੀਆਂ ਟਕਰਾ ਦਿੱਤੀਆਂ ਅਤੇ ਦੁਕਾਨਾਂ ਦਾ ਸਮਾਨ ਖਿਲਾਰ ਦਿੱਤਾ।
ਪੂਰੇ ਦੇਸ ਵਿੱਚ ਹੀ ਬਿਜਲੀ ਗੁੱਲ ਹੋਣ ਅਤੇ ਇੰਟਰਨੈੱਟ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਹਨ।

ਤਸਵੀਰ ਸਰੋਤ, AP
ਮਾਹਰ ਕੀ ਕਹਿ ਰਹੇ ਹਨ
ਬੁੱਧਵਾਰ ਦਾ ਭੂਚਾਨ ਸਥਾਨਕ ਸਮੇਂ ਮੁਤਾਬਕ ਸਵੇਰੇ 07.38 ਵਜੇ ਆਇਆ ਇਹ ਜ਼ਮੀਨ ਤੋਂ 15.5 ਕਿੱਲੋਮੀਟਰ ਡੂੰਘਾਈ ਉੱਤੇ ਆਇਆ। ਵੱਡੇ ਝਟਕੇ ਤੋਂ ਬਾਅਦ 4 ਜਾਂ ਉਸ ਤੋਂ ਵੱਡੀ ਤੀਬਰਤਾ ਦੇ ਘੱਟੋ-ਘੱਟ 9 ਛੋਟੇ ਝਟਕੇ ਮਹਿਸੂਸ ਕੀਤੇ ਗਏ।
ਅਮਰੀਕਾ ਦੇ ਜਿਓਲੋਜੀਕਲ ਸਰਵੇ ਮੁਤਾਬਕ ਭੂਚਾਲ ਦਾ ਕੇਂਦਰ ਤਾਇਵਾਨ ਦੇ ਹਾਉਲਿਨ ਸ਼ਹਿਰ ਦੇ 18 ਕਿੱਲੋਮੀਟਰ ਦੱਖਣ ਵਿੱਚ ਸੀ।
ਸੰਤਬਰ 1999 ਵਿੱਚ 7.6 ਤੀਬਰਤਾ ਦੇ ਭੂਚਾਲ ਨੇ ਤਾਇਵਾਨ ਵਿੱਚ ਕਹਿਰ ਮਚਾਇਆ ਸੀ ਅਤੇ 24,00 ਜਾਨਾਂ ਗਈਆਂ ਸਨ ਅਤੇ 5000 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ।

ਤਸਵੀਰ ਸਰੋਤ, Getty Images
ਗੁਆਂਢੀ ਦੇਸ
ਗੁਆਂਢੀ ਦੇਸ ਜਪਾਨ ਵਿੱਚ ਪ੍ਰਸ਼ਾਸਨ ਨੇ ਪਹਿਲਾਂ ਸੁਨਾਮੀ ਦੀਆਂ ਲਹਿਰਾਂ ਦੀ ਚੇਤਾਵਨੀ ਜਾਰੀ ਕੀਤੀ ਸੀ। ਕਿਹਾ ਗਿਆ ਸੀ ਕਿ ਸੁਨਾਮੀ ਦੀਆਂ ਤਿੰਨ ਮੀਟਰ ਤੱਕ ਉੱਚੀਆਂ ਲਹਿਰਾਂ ਜਪਾਨ ਦੇ ਦੱਖਣੀ ਕੰਢੇ ਨਾਲ ਲਗਦੇ ਇਲਾਕਿਆਂ ਵਿੱਚ ਵੜ ਸਕਦੀਆਂ ਹਨ।
ਜਪਾਨ ਦੇ ਮੌਸਮ ਵਿਭਾਗ ਨੇ ਬਾਅਦ ਵਿੱਚ ਚੇਤਾਵਨੀ ਦੇ ਪੱਧਰ ਨੂੰ ਘਟਾਅ ਦਿੱਤਾ। ਹਾਲਾਂਕਿ ਨਾਗਰਿਕਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਇਸੇ ਤੀਬਰਤਾ ਦੇ ਝਟਕਿਆਂ ਪ੍ਰਤੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਫਿਲੀਪੀਨੀਜ਼ ਦੀ ਸਿਸਮੋਲੋਜੀਕਲ ਏਜੰਸੀ ਨੇ ਵੀ ਭੂਚਾਲ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਨੇ ਉੱਚੀਆਂ ਮੰਜ਼ਿਲਾਂ ਦੇ ਨਾਗਰਿਕਾਂ ਨੂੰ ਇਮਾਰਤਾਂ ਖਾਲੀ ਕਰਨ ਦੀ ਅਪੀਲ ਕੀਤੀ। ਬਾਅਦ ਵਿੱਚ ਇਹ ਚੇਤਾਵਨੀ ਰੱਦ ਕਰ ਦਿੱਤੀ ਗਈ।
ਪੈਸਿਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਭੂਚਾਲ ਤੋਂ ਦੋ ਘੰਟੇ ਬਾਅਦ ਜਾਰੀ ਜਾਣਕਾਰੀ ਵਿੱਚ ਕਿਹਾ, “ਸੁਨਾਮੀ ਦਾ ਖ਼ਤਰਾ ਟਲ ਗਿਆ” ਹੈ।
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਚੀਨ ਦੇ ਦੱਖਣ-ਪੂਰਬੀ ਫੁਜੀਆਂ ਸੂਬੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ

ਤਸਵੀਰ ਸਰੋਤ, Reuters
ਭੂਚਾਲ ਕਿਉਂ ਆਉਂਦੇ ਹਨ
ਭੂਚਾਲ ਉਦੋਂ ਆਉਂਦਾ ਹੈ ਜਦੋਂ ਧਰਤੀ ਦੀ ਸਤ੍ਹਾ ਨੂੰ ਬਣਾਉਣ ਵਾਲੀਆਂ ਟੈਕਟੋਨਿਕ ਪਲੇਟਾਂ ਨਾਲ ਅਚਾਨਕ ਹਿਲਜੁਲ ਹੁੰਦੀ ਹੈ। ਪਲੇਟਾਂ ਜਿੱਥੇ ਟਕਰਾਉਂਦੀਆਂ ਹਨ, ਉੱਥੇ ਫਾਲਟ ਲਾਈਨ ਨਾਮੀ ਫ੍ਰੈਕਚਰ ਹੁੰਦਾ ਹੈ।
ਅਫ਼ਗਾਨਿਸਤਾਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਹੈ ਕਿਉਂਕਿ ਇਹ ਕਈ ਫਾਲਟ ਲਾਈਨਾਂ ਦੇ ਸਿਖਰ 'ਤੇ ਸਥਿਤ ਹੈ, ਜਿੱਥੇ ਇੰਡੀਅਨ ਅਤੇ ਯੂਰੇਸ਼ੀਅਨ ਪਲੇਟਾਂ ਮਿਲਦੀਆਂ ਹਨ।
ਬ੍ਰਿਟਿਸ਼ ਜਿਓਲਾਜੀਕਲ ਸਰਵੇ 'ਚ ਭੁਚਾਲ ਵਿਗਿਆਨ ਦੇ ਮੁਖੀ ਬ੍ਰਆਇਨ ਬੈਪਟੀ ਮੁਤਾਬਕ ਭੁਚਾਲ ਦੀ ਭਵਿੱਖਬਾਣੀ ਬਹੁਤ ਵਿਵਾਦਪੂਰਨ ਹੈ।
ਬਹੁਤ ਸਾਰੇ ਵਿਗਿਆਨਿਕਾਂ ਦਾ ਮੰਨਣਾ ਹੈ ਕਿ ਇਹ ਕੁਦਰਤ ਦੇ ਅਰਧ-ਬੇਤਰਤੀਬੀ ਸੁਭਾਅ ਕਾਰਨ ਅਸੰਭਵ ਹੈ।
ਉਨ੍ਹਾਂ ਮੁਤਾਬਕ ਬਹੁਤ ਸਾਰੇ ਤਰੀਕਿਆਂ ਰਾਹੀਂ ਭੁਚਾਲ ਬਾਰੇ ਭਵਿੱਖਬਾਣੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫ਼ਲ ਰਹੇ।

ਤਸਵੀਰ ਸਰੋਤ, Getty Images
ਭੂਚਾਲ ਦੀ ਤੀਬਰਤਾ ਅਤੇ ਮਿਆਦ ਕਿਵੇਂ ਤੈਅ ਹੁੰਦੀ ਹੈ
ਭੂਚਾਲਾਂ ਨੂੰ ਮੋਮੈਂਟ ਮੈਗਨੀਟਿਊਡ ਸਕੇਲ (Mw) ਦੇ ਪੈਮਾਨੇ 'ਤੇ ਮਾਪਿਆ ਜਾਂਦਾ ਹੈ। ਇਸ ਤੋਂ ਪਹਿਲਾਂ ਭੂਚਾਲ ਨੂੰ ਰਿਕਟਰ ਸਕੇਲ 'ਤੇ ਮਾਪਿਆਂ ਜਾਂਦਾ ਸੀ, ਪਰ ਹੁਣ ਉਸ ਤਰੀਕੇ ਨੂੰ ਪੁਰਾਣਾ ਅਤੇ ਘੱਟ ਭਰੋਸੇਯੋਗ ਮੰਨਿਆ ਜਾਂਦਾ ਹੈ।
2.5 ਜਾਂ ਇਸ ਤੋਂ ਘੱਟ ਤੀਬਰਤਾ ਦੇ ਝਟਕੇ ਨੂੰ ਆਮ ਤੌਰ 'ਤੇ ਮਹਿਸੂਸ ਨਹੀਂ ਕੀਤਾ ਜਾ ਸਕਦਾ, ਪਰ ਯੰਤਰਾਂ ਦੁਆਰਾ ਇਨ੍ਹਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ।
5 ਦੀ ਤੀਬਰਤਾ ਤੱਕ ਦੇ ਭੂਚਾਲ ਮਹਿਸੂਸ ਕੀਤੇ ਜਾਂਦੇ ਹਨ ਅਤੇ ਮਾਮੂਲੀ ਨੁਕਸਾਨ ਕਰਦੇ ਹਨ।
ਤਾਈਵਾਨ ਵਿੱਚ 7.5 ਦੀ ਤੀਬਰਤਾ ਵਾਲੇ ਭੂਚਾਲ ਨੂੰ ਤਬਾਹੀਕੁੰਨ ਸ਼੍ਰੇਣੀ ਵਿੱਚ ਰੱਖਿਆ ਜਾ ਰਿਹਾ ਹੈ। ਬੀਤੇ ਵਰ੍ਹੇ ਦੱਖਣੀ ਤੁਰਕੀ ਵਿੱਚ ਇਸ ਸਾਲ ਫਰਵਰੀ ਵਿੱਚ 7.8 ਦੀ ਤੀਬਰਤਾ ਵਾਲੇ ਭੂਚਾਲ ਨੂੰ ਵੱਡੇ ਭੂਚਾਲ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
8 ਦੀ ਤੀਬਰਤਾ ਤੋਂ ਉੱਪਰ ਦੇ ਭੂਚਾਲ ਨੂੰ 'ਗ੍ਰੇਟ' (ਬਹੁਤ ਵੱਡੇ ਭੂਚਾਲ) ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੋ ਕਿ ਵਿਨਾਸ਼ਕਾਰੀ ਨੁਕਸਾਨ ਦਾ ਕਾਰਨ ਬਣਦਾ ਹੈ ਅਤੇ ਇਸ ਦੇ ਕੇਂਦਰ ਵਿੱਚ ਭਾਈਚਾਰਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਸਕਦਾ ਹੈ।
ਇਸ ਦੀ ਤੀਬਰਤਾ ਦੇ ਨਾਲ-ਨਾਲ, ਭੂਚਾਲ ਦੀ ਲੰਬਾਈ (ਭਾਵ ਝਟਕੇ ਕਿੰਨੀ ਦੇਰ ਮਹਿਸੂਸ ਕੀਤੇ ਗਏ) ਇਸ ਦੇ ਪ੍ਰਭਾਵ ਨੂੰ ਹੋਰ ਵਧਾ ਸਕਦੇ ਹਨ।
ਪੈਸੀਫਿਕ ਨਾਰਥਵੈਸਟ ਸਿਸਮਿਕ ਨੈੱਟਵਰਕ ਮੁਤਾਬਕ, "ਜਿੱਥੇ ਛੋਟੇ ਭੂਚਾਲਾਂ ਦੇ ਝਟਕੇ ਆਮ ਤੌਰ 'ਤੇ ਸਿਰਫ਼ ਕੁਝ ਸਕਿੰਟਾਂ ਤੱਕ ਰਹਿੰਦੇ ਹਨ, ਮੱਧਮ ਤੋਂ ਵੱਡੇ ਭੂਚਾਲਾਂ, ਜਿਵੇਂ ਕਿ 2004 'ਚ ਸੁਮਾਤਰਾ ਦਾ ਭੂਚਾਲ, ਦੌਰਾਨ ਜ਼ੋਰਦਾਰ ਝਟਕੇ ਕੁਝ ਮਿੰਟ ਤੱਕ ਰਹਿ ਸਕਦੇ ਹਨ।"












