ਨੇਪਾਲ ਭੂਚਾਲ: 'ਘਰ ਤੂੜੀ ਵਾਂਗ ਖਿੱਲਰ ਗਏ,ਕੌਲੀਆਂ ਤੇ ਪਲੇਟਾਂ ਨਾਲ ਮਲਬੇ ਹੇਠੋਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼'

ਤਸਵੀਰ ਸਰੋਤ, Getty Images
- ਲੇਖਕ, ਸ਼ਰਦ ਕੇਸੀ
- ਰੋਲ, ਬੀਬੀਸੀ ਨੇਪਾਲੀ ਸੇਵਾ
ਨੇਪਾਲ ਦੇ ਪੱਛਮੀ ਹਿੱਸੇ 'ਚ ਆਏ ਜ਼ਬਰਦਸਤ ਭੂਚਾਲ 'ਚ ਹੁਣ ਤੱਕ 150 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 350 ਤੋਂ ਜ਼ਿਆਦਾ ਜ਼ਖਮੀ ਹਨ।
ਹਜ਼ਾਰਾਂ ਲੋਕ ਬੇਘਰ ਵੀ ਹੋ ਗਏ ਹਨ ਅਤੇ ਖੁੱਲ੍ਹੇ ਅਸਮਾਨ ਹੇਠ ਠੰਢੀਆਂ ਰਾਤਾਂ ਬਿਤਾਉਣ ਨੂੰ ਮਜਬੂਰ ਹਨ।
ਰਾਜਧਾਨੀ ਕਾਠਮਾਂਡੂ ਤੋਂ 300 ਕਿਲੋਮੀਟਰ ਪੱਛਮ ਵਿੱਚ ਜਾਜਰਕੋਟ ਅਤੇ ਪੱਛਮੀ ਰੁਕੁਮ ਜ਼ਿਲ੍ਹੇ ਭੂਚਾਲ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਸ਼ੁੱਕਰਵਾਰ ਤੋਂ ਹੁਣ ਤੱਕ ਇੱਥੇ ਦਰਜਨਾਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ।
ਬੀਬੀਸੀ ਨੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਦੂਰ-ਦੁਰਾਡੇ ਪਿੰਡਾਂ ਦਾ ਦੌਰਾ ਕੀਤਾ।
ਇਨ੍ਹਾਂ ਪਿੰਡਾਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਲੋਕਾਂ ਨੂੰ ਮਦਦ ਦੀ ਸਖ਼ਤ ਲੋੜ ਹੈ।
ਸਮੂਹਿਕ ਚਿਤਾਵਾਂ

ਜਾਜਰਕੋਟ ਵਿੱਚ ਨਾਲਗਡ ਨਗਰਪਾਲਿਕਾ ਅਧੀਨ ਪੈਂਦੇ ਪਿੰਡ ਚਿਊਰੀ ਦੀ ਤਲਹਟੀ ਵਿੱਚ ਥੁਲੀ ਬੇਰੀ ਨਦੀ ਵੱਗਦੀ ਹੈ।
ਪਾਣੀ ਦੇ ਵਹਾਅ ਦੇ ਨਾਲ-ਨਾਲ ਇੱਥੇ ਲੋਕਾਂ ਦੇ ਰੋਣ ਅਤੇ ਕੁਰਲਾਉਣ ਦੀਆਂ ਆਵਾਜ਼ਾਂ ਵੀ ਗੂੰਜ ਰਹੀਆਂ ਹਨ।
ਦਰਿਆ ਕੰਢੇ ਰੱਖੀਆਂ 13 ਲਾਸ਼ਾਂ ਦੁਆਲੇ ਲੋਕ ਖੜ੍ਹੇ ਹਨ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦੇ ਗ਼ਮ 'ਚ ਕੁਝ ਔਰਤਾਂ ਬੇਹੋਸ਼ ਹੋ ਗਈਆਂ ਸਨ, ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾਣਾ ਪਿਆ।
ਚਿਊਰੀ ਪਿੰਡ ਦੇ 13 ਲੋਕਾਂ ਦਾ ਇਕੱਠੇ ਹੀ ਸਸਕਾਰ ਕੀਤਾ ਗਿਆ। ਛੇ ਲਾਸ਼ਾਂ ਇੱਕੋ ਚਿਤਾ ਉੱਤੇ ਰੱਖੀਆਂ ਗਈਆਂ ਸਨ, ਬਾਕੀ ਵੱਖਰੀਆਂ ਚਿਤਾਵਾਂ ਉੱਤੇ ਸਨ।
ਚਿਊਰੀ ਵਿੱਚ 186 ਘਰ ਹਨ। ਸ਼ੁੱਕਰਵਾਰ ਨੂੰ ਆਏ ਭੂਚਾਲ ਨੇ ਇੱਥੇ ਇੰਨੀ ਤਬਾਹੀ ਮਚਾਈ ਕਿ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ।
ਮਰਨ ਵਾਲਿਆਂ ਵਿੱਚ ਦਲਿਤ ਬਸਤੀ ਵਿੱਚ ਰਹਿਣ ਵਾਲੇ ਹੀਰੇ ਕਾਮੀ, ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਵੀ ਸ਼ਾਮਲ ਹਨ।
ਉਨ੍ਹਾਂ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਜੇਕਰ ਮਦਦ ਜਲਦੀ ਪਹੁੰਚ ਜਾਂਦੀ ਤਾਂ ਹੀਰੇ ਕਾਮੀ ਨੂੰ ਬਚਾਇਆ ਜਾ ਸਕਦਾ ਸੀ।

ਹਰਿ ਬਹਾਦੁਰ ਚੁਨਾਰਾ ਉਸ ਰਾਤ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, “ਅੱਧੀ ਰਾਤ ਨੂੰ ਸਾਰੇ ਪਿੰਡ ਵਿੱਚ ਰੌਲਾ ਅਤੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਅਸੀਂ ਦੇਖਿਆ ਕਿ ਹੀਰੇ ਕਾਮੀ ਮਲਬੇ ਵਿੱਚ ਦੱਬੇ ਹੋਏ ਸਨ ਅਤੇ ਗੱਲ ਕਰ ਪਾ ਰਹੇ ਸਨ।''
ਹੱਤੀਰਾਮ ਮਹਾਰ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਹੀਰੇ ਕਾਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਦੱਸਿਆ ਕਿ ''ਪਿੰਡ ਵਾਸੀਆਂ ਨੇ ਕਟੋਰੀਆਂ, ਥਾਲੀਆਂ ਅਤੇ ਹੋਰ ਘਰੇਲੂ ਸਮਾਨ ਨਾਲ ਪੁੱਟ ਕੇ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਦੱਬੇ ਲੋਕਾਂ ਨੂੰ ਬਚਾਇਆ ਜਾ ਸਕੇ।''

ਤਸਵੀਰ ਸਰੋਤ, Getty Images
ਜਿੱਥੇ ਹੀਰੇ ਕਾਮੀ ਦੱਬੇ ਹੋਏ ਸਨ, ਉਸ ਥਾਂ ਵੱਲ ਇਸ਼ਾਰਾ ਕਰਦੇ ਹੋਏ ਮਹਾਰ ਕਹਿੰਦੇ ਹਨ, “ਹੀਰੇ ਨੇ ਆਵਾਜ਼ ਦਿੱਤੀ ਕਿ ਮੈਂ ਇੱਥੇ ਹਾਂ। ਇਹ ਸੁਣ ਕੇ ਅਸੀਂ ਉਸ ਦਿਸ਼ਾ ਵੱਲ ਗਏ। ਪਰ ਉਨ੍ਹਾਂ ਨੇ ਉਸੇ ਹਾਲ 'ਚ ਦਮ ਤੋੜ ਦਿੱਤਾ।''
ਹੱਤੀਰਾਮ ਨੇ ਦੱਸਿਆ ਕਿ ਹੀਰੇ ਕਾਮੀ ਵੀ ਉਨ੍ਹਾਂ ਵਾਂਗ ਹੀ ਭਾਰਤ ਵਿੱਚ ਕੰਮ ਕਰਦੇ ਸਨ ਅਤੇ ਕੁਝ ਦਿਨ ਪਹਿਲਾਂ ਹੀ ਘਰ ਆਏ ਸਨ। ਉਹ ਨੇਪਾਲ ਦਾ ਸਭ ਤੋਂ ਵੱਡਾ ਤਿਉਹਾਰ ਤਿਹਾਰ ਮਨਾ ਕੇ ਭਾਰਤ ਪਰਤਣ ਵਾਲੇ ਸਨ।
ਹੀਰੇ ਕਾਮੀ ਦੀ ਵੱਡੀ ਬੇਟੀ ਬਚ ਗਈ ਹੈ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਭੈਣ ਨੂੰ ਛੱਡ ਕੇ ਬਾਕੀ ਸਾਰੇ ਜੀਅ ਮਰ ਚੁੱਕੇ ਹਨ ਤਾਂ ਉਹ ਬੇਹੋਸ਼ ਹੋ ਗਈ। ਉਨ੍ਹਾਂ ਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਜਾਣਾ ਪਿਆ।
ਜਿਵੇਂ ਹੀ ਚਿਤਾ ਦੀਆਂ ਲਪਟਾਂ ਬੁਝਣੀਆਂ ਸ਼ੁਰੂ ਹੋਈਆਂ ਤਾਂ ਦੁਖੀ ਲੋਕ ਸੜਕ ਪਾਰ ਕਰਕੇ ਪਹਾੜੀ 'ਤੇ ਮੌਜੂਦ ਉਨ੍ਹਾਂ ਘਰਾਂ ਵੱਲ ਜਾਣ ਲੱਗੇ, ਜੋ ਭੁਚਾਲ ਨਾਲ ਤਬਾਹ ਹੋ ਗਏ ਹਨ।

ਤਸਵੀਰ ਸਰੋਤ, RSS
- ਨੇਪਾਲ 'ਚ ਆਏ ਜ਼ਬਰਦਸਤ ਭੂਚਾਲ 'ਚ ਹੁਣ ਤੱਕ 150 ਤੋਂ ਜ਼ਿਆਦਾ ਦੀ ਮੌਤ ਅਤੇ 350 ਤੋਂ ਜ਼ਿਆਦਾ ਜ਼ਖਮੀ ਹਨ
- ਨੇਪਾਲ ਦੇ ਮੋਨੀਟਰਿੰਗ ਅਤੇ ਰਿਸਰਚ ਸੈਂਟਰ ਮੁਤਾਬਕ ਭੂਚਾਲ ਰਾਤ ਨੂੰ 11:47 ਵਜੇ ਦੇ ਕਰੀਬ ਆਇਆ
- ਨੇਪਾਲ ਦੇ ਜਾਜਰਕੋਟ ਅਤੇ ਪੱਛਮੀ ਰੁਕੁਮ ਜ਼ਿਲ੍ਹੇ ਭੂਚਾਲ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ
- ਜਾਣਕਾਰੀ ਮੁਤਾਬਕ, ਇਸ ਦੌਰਾਨ ਕੱਚੇ ਘਰ ਵਧੇਰੇ ਨੁਕਸਾਨੇ ਗਏ ਹਨ ਅਤੇ ਪੱਕੇ ਘਰਾਂ 'ਚ ਨੁਕਸਾਨ ਨਹੀਂ ਦਿਖਾਈ ਦਿੱਤਾ
- ਪ੍ਰਭਾਵਿਤ ਇਲਾਕਿਆਂ ਵਿੱਚ ਕਈ ਲੋਕ ਬੇਘਰ ਹੋ ਗਏ ਹਨ ਅਤੇ ਠੰਡੀਆਂ ਰਾਤਾਂ ਖੁੱਲ੍ਹੇ 'ਚ ਬਿਤਾਉਣ ਨੂੰ ਮਜਬੂਰ ਹਨ
ਇਹ ਵੀ ਪੜ੍ਹੋ:-
ਮਦਦ ਦੀ ਉਡੀਕ
ਹਰਿ ਬਹਾਦਰ ਚੁਨਾਰਾ ਮਦਦ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰ ਢੱਕਣ ਲਈ ਕੁਝ ਨਹੀਂ ਹੈ। ਉਹ ਨਹੀਂ ਜਾਣਦੇ ਕਿ ਮਦਦ ਕਦੋਂ ਆਵੇਗੀ ਤਾਂ ਜੋ ਉਹ ਕੁਝ ਪ੍ਰਬੰਧ ਕਰ ਸਕਣ।
ਜਾਜਰਕੋਟ ਦੇ ਨਾਲਗਡ ਵਿੱਚ ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਨਗਰਪਾਲਿਕਾ ਦੇ ਸੂਚਨਾ ਅਧਿਕਾਰੀ ਜੂਨਾ ਸ਼ਾਹੀ ਮੁਤਾਬਕ ਇੱਥੇ 52 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਰ ਹੁਣ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬਚੇ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ।
ਹੱਤੀਰਾਮ ਮਹਾਰ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਆਪਣੇ ਛੋਟੇ ਬੱਚਿਆਂ ਨੂੰ ਠੰਡ ਤੋਂ ਕਿਵੇਂ ਬਣਾਉਣਗੇ।
ਉਹ ਕਹਿੰਦੇ ਹਨ, “ਉਨ੍ਹਾਂ ਨੂੰ ਰਾਤ ਖੁਲ੍ਹੇ ਵਿੱਚ ਕੱਟਣੀ ਪਵੇਗੀ। ਜੇ ਟੈਂਟ ਮਿਲ ਗਏ ਹੁੰਦੇ ਤਾਂ ਬਹੁਤ ਮਦਦ ਹੋ ਜਾਂਦੀ।

ਤਸਵੀਰ ਸਰੋਤ, Getty Images
ਥੁਲੀ ਬੇਰੀ ਨਦੀ ਦੇ ਦੂਜੇ ਕੰਢੇ ਆਠਬਿਸਕੋਟ ਨਗਰਪਾਲਿਕਾ ਵਿੱਚ ਰਹਿਣ ਵਾਲੇ ਗਣੇਸ਼ ਮੱਲਾ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਨੂੰ ਬਚਾ ਕੇ ਹੈਲੀਕਾਪਟਰ ਰਾਹੀਂ ਇੱਥੇ ਲੈ ਕੇ ਆਂਦਾ ਗਿਆ ਹੈ।
ਉਹ ਰੋਂਦੇ ਹੋਏ ਕਹਿੰਦੇ ਹਨ, “ਮੇਰੀਆਂ ਦੋ ਧੀਆਂ ਮਰ ਗਈਆਂ ਹਨ। ਮੇਰੀ ਪਤਨੀ ਅਤੇ ਬੇਟਾ ਜ਼ਖਮੀ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਇਲਾਜ ਕਿੱਥੇ ਹੋ ਰਿਹਾ ਹੈ।”
ਭੂਚਾਲ ਤੋਂ ਬਾਅਦ, ਸਵੇਰੇ-ਸਵੇਰੇ ਜਦੋਂ ਜ਼ਖਮੀਆਂ ਨੂੰ ਹਸਪਤਾਲ ਲੈ ਕੇ ਆਂਦਾ ਗਿਆ ਤਾਂ ਉਨ੍ਹਾਂ ਦੀ ਪਛਾਣ ਨਹੀਂ ਕੀਤੀ ਗਈ।
ਹਸਪਤਾਲ ਦੇ ਆਰਥੋਪੇਡਿਕ ਸਰਜਨ ਪਦਮ ਗਿਰੀ ਨੇ ਕਿਹਾ, “ਅਸੀਂ ਕੇਸ 1 ਅਤੇ ਕੇਸ 2 ਵਰਗੇ ਨੰਬਰ ਦੇ ਕੇ ਇਲਾਜ ਸ਼ੁਰੂ ਕੀਤਾ। ਕਈਆਂ ਕੋਲ ਕੱਪੜੇ ਵੀ ਨਹੀਂ ਸਨ। ਅਸੀਂ ਉਨ੍ਹਾਂ ਨੂੰ ਕੱਪੜੇ ਦਿੱਤੇ।”
ਉਨ੍ਹਾਂ ਮੁਤਾਬਕ, ਹਸਪਤਾਲ 'ਚ 30 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਗਰੀਬਾਂ 'ਤੇ ਆਫ਼ਤ

ਭੂਚਾਲ ਦਾ ਕੇਂਦਰ ਬਾਰੇਕੋਟ ਵਿੱਚ ਸੀ ਪਰ ਕਿਹਾ ਜਾ ਰਿਹਾ ਹੈ ਕਿ ਇੱਥੇ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ।
ਗਣੇਸ਼ ਜੀਸੀ ਅਧਿਆਪਕ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਲਗਭਗ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਕੱਚੇ ਘਰ ਢਹੇ ਹਨ।
ਇਨ੍ਹਾਂ ਵਿੱਚੋਂ ਕਈ ਘਰ ਤੂੜੀ ਵਾਂਗ ਖਿੱਲਰ ਗਏ ਹਨ। ਕੁਝ ਦੀਆਂ ਕੰਧਾਂ ਢਹਿ ਗਈਆਂ ਹਨ, ਜਦਕਿ ਕੁਝ ਵਿੱਚ ਤਰੇੜਾਂ ਪੈ ਗਈਆਂ ਹਨ।
ਹਾਲਾਂਕਿ ਕੰਕਰੀਟ ਅਤੇ ਸੀਮਿੰਟ ਦੇ ਘਰਾਂ 'ਚ ਕੋਈ ਨੁਕਸਾਨ ਨਹੀਂ ਦੇਖਿਆ ਗਿਆ।
ਗਣੇਸ਼ ਨੇ ਦੱਸਿਆ, “ਜਦੋਂ ਵੀ ਹੜ੍ਹ ਆਉਂਦੇ ਹਨ ਜਾਂ ਜ਼ਮੀਨ ਖਿਸਕਦੀ ਹੈ, ਤਾਂ ਗਰੀਬਾਂ ਲਈ ਆਫ਼ਤ ਆਉਂਦੀ ਹੈ। ਭੂਚਾਲ ਨੇ ਵੀ ਗਰੀਬਾਂ ਨੂੰ ਨੁਕਸਾਨ ਪਹੁੰਚਾਇਆ ਹੈ।”












