'ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਮਰ ਰਹੇ ਹਾਂ', ਨੇਪਾਲ ਵਿੱਚ ਭੂਚਾਲ ਕਾਰਨ ਭਾਰੀ ਤਬਾਹੀ, 150 ਤੋਂ ਵੱਧ ਮੌਤਾਂ

ਤਸਵੀਰ ਸਰੋਤ, RSS
"ਅਸੀਂ ਸੌਂ ਰਹੇ ਸੀ, ਇੰਝ ਲੱਗ ਰਿਹਾ ਸੀ ਜਿਵੇਂ ਅਸੀਂ ਮਰ ਰਹੇ ਹਾਂ.... ਅਸੀਂ ਬੜੀ ਹੀ ਮੁਸ਼ਕਲ ਨਾਲ ਬਚ ਸਕੇ... ਕੋਈ ਸੱਟ ਤਾਂ ਨਹੀਂ ਲੱਗੀ ਪਰ ਸਾਡੇ ਘਰ ਅਤੇ ਗੋਦਾਮ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ"
"ਸਾਨੂੰ ਨਹੀਂ ਪਤਾ ਹੁਣ ਅਸੀਂ ਕਿੱਥੇ ਰਹਾਂਗੇ... ਸਾਨੂੰ ਟੈਂਟਾਂ ਵਿੱਚ ਜਾ ਕੇ ਰਹਿਣਾ ਪਵੇਗਾ।"
ਲਕਸ਼ਮਨ ਪਨ, ਨੇਪਾਲ ਦੇ ਜਾਜਰਕੋਟ ਜ਼ਿਲ੍ਹੇ ਦੇ ਉਨ੍ਹਾਂ ਵਸਨੀਕਾਂ ਵਿੱਚੋਂ ਹਨ, ਜਿਨ੍ਹਾਂ ਦੇ ਸਾਲਾਂ ਦੀ ਮਿਹਨਤ ਨਾਲ ਬਣਾਏ ਗਏ ਘਰ ਭੂਚਾਲ ਕਾਰਨ ਢਹਿ-ਢੇਰੀ ਹੋ ਗਏ ਹਨ।
ਨੇਪਾਲ ਵਿੱਚ ਸ਼ੁੱਕਰਵਾਰ ਰਾਤ ਨੂੰ ਆਏ ਭੂਚਾਲ ਕਾਰਨ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਭੂਚਾਲ ਕਾਰਨ ਪੱਛਮੀ ਨੇਪਾਲ ਦਾ ਘੱਟ ਵਸੋਂ ਵਾਲਾ ਇਲਾਕਾ ਪ੍ਰਭਾਵਿਤ ਹੋਇਆ ਹੈ। ਨੇਪਾਲ ਦੇ ਮੋਨੀਟਰਿੰਗ ਅਤੇ ਰਿਸਰਚ ਸੈਂਟਰ ਮੁਤਾਬਕ ਭੂਚਾਲ ਰਾਤ ਨੂੰ 11:47 ਵਜੇ ਦੇ ਕਰੀਬ ਆਇਆ।
ਜਾਜਰਕੋਟ ਅਤੇ ਰੁਕੁਮ ਜ਼ਿਲ੍ਹਿਆਂ ਵਿੱਚ ਮਲਬੇ ਹੇਠਾਂ ਫਸੇ ਲੋਕਾਂ ਨੂੰ ਕੱਢਣ ਦੇ ਲਈ ਸੁਰੱਖਿਆ ਬਲਾਂ ਦੇ ਦਸਤੇ ਤੈਨਾਤ ਕੀਤੇ ਗਏ ਹਨ।
ਜਾਜਰਕੋਟ ਅਤੇ ਰੁਕੁਮ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਤੋਂ 500 ਕਿਲੋਮੀਟਰ ਪੱਛਮ ਵੱਲ੍ਹ ਪੈਂਦੇ ਜ਼ਿਲ੍ਹੇ ਹਨ।
ਭੂਚਾਲ ਦੇ ਤੇਜ਼ ਝਟਕੇ ਨੇਪਾਲ ਤੋਂ ਦੂਰ ਪੈਂਦੇ ਇਲਾਕਿਆਂ ਅਤੇ ਸ਼ਹਿਰਾਂ ਦੇ ਨਾਲ-ਨਾਲ ਗੁਆਂਢੀ ਮੁਲਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਮਹਿਸੂਸ ਕੀਤੇ ਗਏ ਸਨ।
ਫੌਜ ਦੇ ਬੁਲਾਰੇ ਨੇ ਕਿਹਾ ਕਿ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜਾਜਰਕੋਟ ਦੇ ਹਸਪਤਾਲ ਵਿੱਚ ਜ਼ਖ਼ਮੀ ਹੋਏ ਮਰੀਜ਼ ਵੱਡੀ ਗਿਣਤੀ ਵਿੱਚ ਭਰਤੀ ਹਨ।
ਭੂਚਾਲ ਦੇ ਇੱਕ ਘੰਟੇ ਦੇ ਅੰਦਰ-ਅੰਦਰ ਭੂਚਾਲ ਦੇ ਤਿੰਨ ਹੋਰ ਝਟਕੇ ਮਹਿਸੂਸ ਕੀਤੇ ਗਏ ਸਨ, ਫਿਰ ਦੁਬਾਰਾ ਭੂਚਾਲ ਆਉਣ ਅਤੇ ਆਪਣੇ ਘਰਾਂ ਦੇ ਨੁਕਸਾਨੇ ਜਾਣ ਦੇ ਡਰ ਕਾਰਨ ਬਹੁਤ ਲੋਕਾਂ ਨੇ ਸ਼ੁੱਕਰਵਾਰ ਦੀ ਰਾਤ ਆਪਣੇ ਘਰਾਂ ਤੋਂ ਬਾਹਰ ਬਿਤਾਈ।
'ਸਾਡਾ ਘਰ ਝੂਲੇ ਵਾਂਗ ਹਿੱਲ ਰਿਹਾ ਸੀ'

ਪ੍ਰੇਮ ਬਹਾਦਰ ਘਾਰਤੀ ਨੇ ਦੱਸਿਆ, "ਸਾਡਾ ਘਰ ਝੂਲੇ ਵਾਂਗ ਅੱਗੇ-ਪਿੱਛੇ ਹਿੱਲ ਰਿਹਾ ਸੀ।"
"ਜਿਵੇਂ ਹੀ ਅਸੀਂ ਬਾਹਰ ਨਿਕਲੇ ਤਾਂ ਹਰ ਪਾਸੇ ਘਰ ਡਿੱਗ ਰਹੇ ਸਨ ਅਤੇ ਧੂੜ ਸੀ। ਸਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਇਸ ਲਈ ਅਸੀਂ ਮੁੜ ਅੰਦਰ ਚਲੇ ਗਏ... ਭੂਚਾਲ ਰੁਕਣ ਤੋਂ ਬਾਅਦ ਅਸੀਂ ਬਾਹਰ ਆ ਗਏ।"
ਸਿੱਧਾ ਬੋਹੋਰਾ, ਜੋ ਕਿ ਇੱਕ ਬੈਂਕ ਮੈਨੇਜਰ ਹਨ, ਨੇ ਦੱਸਿਆ, "ਮੈਂ ਕੁਝ ਵੀ ਬੋਲਣ ਤੋਂ ਅਸਮਰਥ ਹਾਂ,ਮੇਰੀ ਹਾਲਤ ਇਸ ਵੇਲੇ ਬਹੁਤ ਖਰਾਬ ਹੈ।"
"ਜੇਕਰ ਜਨਤਕ ਢਾਂਚਿਆ ਦੀ ਮੁੜ ਉਸਾਰੀ ਕੀਤੀ ਜਾਵੇ ਤਾਂ ਅਸੀਂ ਆਪਣੇ ਘਰਾਂ ਨੂੰ ਵੀ ਮੁੜ ਉਸਾਰ ਸਕਦੇ ਹਾਂ।"
ਬਹੁ-ਮੰਜ਼ਿਲਾ ਇਮਾਰਤਾਂ ਮਲਬੇ ਵਿੱਚ ਤਬਦੀਲ ਹੋਈਆਂ

ਤਸਵੀਰ ਸਰੋਤ, BBC NEPALI
ਸਥਾਨਕ ਮੀਡੀਆ ਵਿੱਚ ਨਸ਼ਰ ਹੋਈਆਂ ਵੀਡੀਓਜ਼ ਵਿੱਚ ਬਹੁ-ਮੰਜ਼ਿਲਾ ਇਮਾਰਤਾਂ ਮਲਬੇ ਵਿੱਚ ਤਬਦੀਲ ਹੋਈਆਂ ਦਿਖਾਈ ਦਿੰਦੀਆਂ ਹਨ।
ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਨਸ਼ਰ ਹੋਈਆਂ ਕਿ ਲੋਕ ਹਨੇਰੇ ਵਿੱਚ ਮਲਬੇ ਹੇਠਾਂ ਦੱਬੇ ਗਏ ਲੋਕਾਂ ਨੂੰ ਕੱਢ ਰਹੇ ਸਨ।
ਰਿਪੋਰਟਾਂ ਮੁਤਾਬਕ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਭੂਚਾਲ ਨਾਲ ਪ੍ਰਭਾਵਿਤ ਹੋਏ ਖੇਤਰ ਦੇ ਦੌਰੇ ਉੱਤੇ ਗਏ ਹਨ।
ਜਾਜਰਕੋਟ ਜ਼ਿਲ੍ਹੇ ਦੇ ਪੁਲਿਸ ਮੁਖੀ ਸੁਰੇਸ਼ ਸੁਨਾਰ ਨੇ ਰਾਇਟਰਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜੋ ਵਾਪਰਿਆ ਉਸ ਬਾਰੇ ਦੱਸਣਾ ਬਹੁਤ ਮੁਸ਼ਕਲ ਹੈ।
“ਮੈਂ ਬਚਾਅ ਪ੍ਰਬੰਧਾਂ ਲਈ ਘਰ ਤੋਂ ਬਾਹਰ ਹਾਂ। ਅਸੀਂ ਜਾਣਕਾਰੀ ਇਕੱਠੀ ਕਰ ਰਹੇ ਹਾਂ ਪਰ ਠੰਢ ਅਤੇ ਰਾਤ ਹੋਣ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਸੂਚਨਾ ਇਕੱਠੀ ਕਰਨੀ ਮੁਸ਼ਕਲ ਹੈ।”
ਭੂਚਾਲ ਦਾ ਕੇਂਦਰ ਧਰਤੀ ਦੇ ਤਲ ਦੇ ਨੇੜੇ

ਤਸਵੀਰ ਸਰੋਤ, Getty Images
ਅਮਰੀਕਾ ਦੇ ਜਿਓਲੋਜੀਕਲ ਸਰਵੇ ਮੁਤਾਬਕ ਭੂਚਾਲ ਦੀ ਤੀਬਰਤਾ 5.6 ਸੀ, ਭੂਚਾਲ ਦਾ ਕੇਂਦਰ ਧਰਤੀ ਦੇ ਤਲ ਦੇ ਨੇੜੇ ਸੀ।
ਨੇਪਾਲ ਹਿਮਾਲਿਆ ਪਰਬਤ ਲੜੀ ਦੇ ਕਰੀਬ ਸਥਿਤ ਹੈ, ਜੋ ਕਿ ਭੂਚਾਲ ਦੀ ਭਾਰੀ ਸੰਭਾਵਨਾ ਵਾਲਾ ਖੇਤਰ ਹੈ।
ਪਿਛਲੇ ਮਹੀਨੇ, ਨੇਪਾਲ ਦੇ ਪੱਛਮੀ ਭਾਗ ਵਿੱਚ ਸਥਿਤ ਬਾਝਾਂਗ ਜ਼ਿਲ੍ਹੇ ਵਿੱਚ 6.3 ਦੀ ਤੀਬਰਤਾ ਨਾਲ ਭੂਚਾਲ ਆਇਆ ਸੀ ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋਏ ਸਨ।
2015 ਵਿੱਚ ਭੂਚਾਲ ਕਾਰਨ 9,000 ਲੋਕਾਂ ਦੀ ਮੌਤ ਹੋਈ ਸੀ
2015 ਵਿੱਚ ਨੇਪਾਲ ਵਿੱਚ ਦੋ ਭਿਆਨਕ ਭੂਚਾਲ ਆਏ, ਜਿਸ ਵਿੱਚ 9000 ਲੋਕਾਂ ਦੀ ਮੌਤ ਹੋਈ ਸੀ ਅਤੇ 22,309 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਪਹਿਲਾ ਭੂਚਾਲ 25 ਅਪ੍ਰੈਲ 2015 ਨੂੰ ਆਇਆ ਸੀ ਇਸ ਦੀ ਤੀਬਰਤਾ 7.8 ਸੀ, ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ।
ਇਸ ਤੋਂ ਬਾਅਦ ਵੀ ਭੂਚਾਲ ਆਏ, ਇਸੇ ਸਾਲ ਮਈ ਵਿੱਚ ਆਏ ਭੂਚਾਲ ਦੀ ਤੀਬਰਤਾ 7.3 ਸੀ।
ਭੂਚਾਲ ਕਾਰਨ 8,00,000 ਦੇ ਕਰੀਬ ਘਰ ਤਬਾਹ ਹੋ ਗਏ ਸਨ। ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਅਤੇ ਰੈੱਡ ਕਰੈਸੈਂਟ ਸੋਸਾਈਟੀਜ਼(ਆਈਐੱਫਆਰਸੀ) ਮੁਤਾਬਕ ਨੇਪਾਲ ਦੇ ਪੱਛਮੀ ਅਤੇ ਕੇਂਦਰੀ ਇਲਾਕੇ ਇਸ ਭੂਚਾਲ ਕਾਰਨ ਪ੍ਰਭਾਵਿਤ ਹੋਏ ਸਨ।
ਸਰਕਾਰੀ ਇਮਾਰਤਾਂ ਅਤੇ ਕਾਠਮਾਂਡੂ ਘਾਟੀ ਵਿਚਲੀਆਂ ਕਈ ਸੜਕਾਂ ਅਤੇ ਯੂਨੈੱਸਕੋ ਵਿਰਾਸਤ ਵਿੱਚ ਸ਼ਾਮਲ ਇਤਿਹਾਸ ਇਮਾਰਤਾਂ ਵੀ ਤਬਾਹ ਹੋਈਆਂ ਸਨ ਅਤੇ ਨੁਕਸਾਨੀਆਂ ਗਈਆਂ ਸਨ।
ਕਾਠਮਾਂਡੂ ਦੇ ਉੱਤਰੀ ਭਾਗ ਵਿੱਚ ਪੈਂਦੇ ਕਈ ਪਿੰਡਾਂ ਵਿੱਚ ਵੀ ਭਾਰੀ ਤਬਾਹੀ ਹੋਈ ਸੀ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਅਫ਼ਸੋਸ ਜ਼ਾਹਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੇਪਾਲ ਵਿੱਚ ਭੂਚਾਲ ਕਾਰਨ ਹੋਈ ਤਬਾਹੀ ਉੱਤੇ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ, "ਨੇਪਾਲ ਵਿੱਚ ਭੂਚਾਲ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਹੋਣਾ ਉਦਾਸ ਕਰਨ ਵਾਲਾ ਹੈ। ਭਾਰਤ ਨੇਪਾਲ ਦੇ ਲੋਕਾਂ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤੱਤਪਰ ਹੈ।"
"ਸਾਡੀਆਂ ਦੁਆਵਾਂ ਪ੍ਰਭਾਵਿਤ ਹੋਏ ਲੋਕਾਂ ਨਾਲ ਹਨ ਅਤੇ ਜ਼ਖ਼ਮੀਆਂ ਦੇ ਠੀਕ ਹੋਣ ਦੀ ਕਾਮਨਾ ਕਰਦੇ ਹਾਂ।"















