ਕੈਨੇਡਾ: ਪੰਜਾਬੀ ਟਰੱਕ ਡਰਾਈਵਰ ਜੋ 16 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ, ਉਸ ਨੂੰ ਭਾਰਤ ਭੇਜਣ ਦੇ ਹੁਕਮ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, SOCIAL MEDIA
- ਲੇਖਕ, ਨਾਦੀਆ ਯੂਸਫ਼
- ਰੋਲ, ਬੀਬੀਸੀ ਪੱਤਰਕਾਰ
ਪੰਜਾਬੀ ਮੂਲ ਦੇ ਕੈਨੇਡੀਆਈ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਕੈਨੇਡਾ ਨੂੰ ਇੱਕ ਅਦਾਲਤ ਨੇ ਡਿਪੋਰਟ ਕਰਨ ਦੇ ਹੁਕਮ ਦਿੱਤੇ ਹਨ।
ਉਨ੍ਹਾਂ ਦੇ ਟਰੱਕ ਕਾਰਨ ਹੋਈ ਦੁਰਘਟਨਾ ਵਿੱਚ 16 ਜਣਿਆਂ ਦੀ ਮੌਤ ਹੋ ਗਈ ਸੀ ਅਤੇ 13 ਲੋਕ ਜ਼ਖ਼ਮੀ ਹੋਏ ਸਨ।
ਅਪ੍ਰੈਲ 2018 ਵਿੱਚ ਵਾਪਰੇ ਇਸ ਹਾਦਸੇ ਦਾ ਦ੍ਰਿਸ਼ ਬਹੁਤ ਹੌਲਨਾਕ ਸੀ। ਹਾਦਸਾ ਸਸਕੈਚਵੈੱਨ ਨੂੰ ਜਾਂਦੀ ਪੇਂਡੂ ਸੜਕ ਉੱਤੇ ਵਾਪਰਿਆ ਸੀ।
ਜਿਸ ਬੱਸ ਨਾਲ ਟਰੱਕ ਦੀ ਟੱਕਰ ਹੋਈ ਸੀ ਉਸ ਵਿੱਚ ਆਈਸ ਹਾਕੀ ਦੀ ਟੀਮ ਬੈਠੀ ਹੋਈ ਸੀ ਅਤੇ ਖਿਡਾਰੀਆਂ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਜਸਕੀਰਤ ਸਿੰਘ ਸਿੱਧੂ ਨੂੰ ਇਸ ਮਾਮਲੇ ਵਿੱਚ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਪਿਛਲੇ ਸਾਲ ਉਨ੍ਹਾਂ ਨੂੰ ਮੁਕੰਮਲ ਪੈਰੋਲ ਦਿੱਤੀ ਗਈ ਸੀ।

ਤਸਵੀਰ ਸਰੋਤ, Humboldt Broncos
ਸਿੱਧੂ ਦੇ ਵਕੀਲ ਨੇ ਕੀ ਦੱਸਿਆ
ਜਸਕੀਰਨ ਸਿੰਘ ਸਿੱਧੂ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡਿਪੋਰਟ ਦੇ ਫੈਸਲੇ ਖ਼ਿਲਾਫ਼ ਲੜਨਗੇ।
ਵਕੀਲ ਮਾਈਕਲ ਗ੍ਰੀਨ ਨੇ ਕਿਹਾ ਕਿ ਕਿਉਂਕਿ ਸਿੱਧੂ ਕੈਨੇਡਾ ਦੇ ਨਾਗਰਿਕ ਨਹੀਂ ਹਨ ਇਸ ਲਈ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਫ਼ੈਸਲੇ ਉੱਤੇ ਹੈਰਾਨੀ ਨਹੀਂ ਹੋਈ। ਸਿੱਧੂ ਦੇ ਮਾਮਲੇ ਦੀ ਸੁਣਵਾਈ ਕੈਲਗਰੀ ਦੇ ਇਮੀਗ੍ਰੇਸ਼ਨ ਤੇ ਰਫ਼ਿਊਜ਼ੀ ਬੋਰਡ ਵੱਲੋਂ ਕੀਤੀ ਜਾ ਰਹੀ ਸੀ।
ਸਿੱਧੂ ਪੰਜਾਬ ਦੇ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਿਤ ਹਨ ਅਤੇ 2013 ਵਿੱਚ ਕੈਨੇਡਾ ਗਏ ਸਨ।
ਗ੍ਰੀਨ ਨੇ ਕਿਹਾ, “ਉਹ ਇੱਕ ਸਥਾਈ ਨਾਗਰਿਕ (ਪੀਆਰ ਹਾਸਿਲ) ਹੈ ਜਿਸ ਖ਼ਿਲਾਫ਼ ਗੰਭੀਰ ਇਲਜ਼ਾਮ ਹਨ।”
ਪਰ ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਨੂੰ ਮਨੁੱਖੀ ਅਤੇ ਤਰਸ ਦੇ ਆਧਾਰ ਉੱਤੇ ਕੈਨੇਡਾ ਵਿੱਚ ਰੱਖਣ ਲਈ ਲੜਾਈ ਜਾਰੀ ਰੱਖਣਗੇ।
ਵਕੀਲ ਨੇ ਕਿਹਾ, “ਉਨ੍ਹਾਂ ਨੂੰ ਮੌਜੂਦਾ ਸਥਿਤੀ ਦੇ ਮੁਕਬਾਲੇ ਹੋਰ ਪਛਤਾਵਾ ਨਹੀਂ ਹੋ ਸਕਦਾ। ਉਨ੍ਹਾਂ ਨੇ ਹਾਦਸੇ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਹਰ ਦਿਨ ਨੂੰ ਦੁੱਖ ਵਿੱਚ ਹੀ ਬਿਤਾਇਆ ਹੈ।”
ਆਈਸ ਹਾਕੀ ਟੀਮ ਦੇ ਜਿਨ੍ਹਾਂ ਖਿਡਾਰੀਆਂ ਦੀ ਮੌਤ ਹੋਈ ਉਹ 16 ਤੋਂ 21 ਸਾਲ ਦੀ ਉਮਰ ਦੇ ਸਨ। ਬੱਸ ਵਿੱਚ ਖਿਡਾਰੀਆਂ ਦਾ ਸਪੋਰਟ ਸਟਾਫ਼ ਵੀ ਸੀ ਅਤੇ ਨਾਲ ਹੀ ਟੀਮ ਦਾ ਕਪਤਾਨ ਤੇ ਕੋਚ ਸਨ ਜਿਨ੍ਹਾਂ ਦੀ ਮੌਤ ਹੋ ਗਈ।
ਕਈ ਖਿਡਾਰੀਆਂ ਦੀ ਜ਼ਿੰਦਗੀ ਤਾਂ ਇਸ ਹਾਦਸੇ ਵਿੱਚ ਬਚ ਗਈ ਸੀ ਪਰ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ।

ਤਸਵੀਰ ਸਰੋਤ, SCOTT THOMAS
ਡਿਪੋਰਟ ਕਰਨ ਦੀ ਮੰਗ
2019 ਵਿੱਚ ਸਿੱਧੂ ਨੂੰ ਟਰੱਕ ਨਾਲ ਇੱਕ ਘਾਤਕ ਹਾਦਸਾ ਕਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ।
ਕੈਲਗਰੀ ਦੇ ਰਹਿਣ ਵਾਲੇ ਜਸਕੀਰਤ ਸਿੰਘ ਸਿੱਧੂ ਨੇ ਉਸ ਵੇਲੇ ਨਵਾਂ-ਨਵਾਂ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।
ਜਾਂਚ ਵਿੱਚ ਪਤਾ ਲੱਗਿਆ ਕਿ ਸਿੱਧੂ ਬੱਸ ਨਾਲ ਟਕਰਾਉਣ ਤੋਂ ਪਹਿਲਾਂ ਇੱਕ ਸਟਾਪ ਸਾਈਨ ਨੂੰ ਰੁਕੇ ਬਿਨ੍ਹਾਂ ਕਰਾਸ ਕਰ ਗਏ ਸਨ।
ਕੁਝ ਪੀੜਤ ਪਰਿਵਾਰਾਂ ਨੇ ਸਿੱਧੂ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ ਸੀ।
ਸ਼ੁੱਕਰਵਾਰ ਨੂੰ ਕੈਲਗਰੀ ਵਿੱਚ ਸੀਟੀਵੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਵਿੱਚ, ਟੋਬੀ ਬੁਲੇਟ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸਿੱਧੂ ਨੂੰ ਡਿਪੋਰਟ ਕਰਨ ਦੇ ਫੈਸਲੇ ਲਈ ਧੰਨਵਾਦੀ ਹਨ।
ਟੋਨੀ ਦੇ ਪੁੱਤ ਲੋਗਨ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ।
ਹਾਲਾਂਕਿ ਬਾਕੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿੱਧੂ ਨੂੰ ਮੁਆਫ਼ ਕਰ ਦਿੱਤਾ ਹੈ।

ਤਸਵੀਰ ਸਰੋਤ, Getty Images
ਹਾਦਸੇ ਵਿੱਚ ਬਚੇ ਹਾਕੀ ਖਿਡਾਰੀਆਂ ਵਿੱਚੋਂ ਇੱਕ ਰਿਆਨ ਸਟ੍ਰਾਸਚਿਨਿਟਜ਼ਕੀ ਨੇ ਸ਼ੁੱਕਰਵਾਰ ਨੂੰ ਸੀਟੀਵੀ ਨਿਊਜ਼ ਨੂੰ ਦੱਸਿਆ ਕਿ ਹੁਣ ਉਹ ਸਿੱਧੂ ਪ੍ਰਤੀ ‘ਕੋਈ ਨਕਾਰਾਤਮਕ ਭਾਵਨਾਵਾਂ’ ਨਹੀਂ ਰੱਖਦੇ।
ਉਨ੍ਹਾਂ ਨੇ ਕਿਹਾ, "ਇਹ ਮੇਰੇ ਹੱਥੋਂ ਬਾਹਰ ਹੈ, ਇਹ ਅਸਲ ਵਿੱਚ ਮੇਰੀ ਜ਼ਿੰਮੇਵਾਰੀ ਨਹੀਂ ਹੈ, ਪਰ ਸਪੱਸ਼ਟ ਤੌਰ 'ਤੇ ਤੁਸੀਂ ਕਿਸੇ ਲਈ ਵੀ ਸਭ ਤੋਂ ਵਧੀਆ ਚਾਹੁੰਦੇ ਹੋ ਅਤੇ ਖ਼ਾਸ ਕਰ ਇੱਕ ਮਨੁੱਖ ਲਈ ਸਭ ਤੋਂ ਵਧੀਆ।"

ਤਸਵੀਰ ਸਰੋਤ, Reuters
ਡਿਪੋਰਟ ਖ਼ਿਲਾਫ਼ ਅਪੀਲ ਦਾ ਆਧਾਰ
ਸਿੱਧੂ ਦੇ ਵਕੀਲ ਗ੍ਰੀਨ ਨੇ ਕਿਹਾ ਕਿ ਮਨੁੱਖਤਾਵਾਦੀ ਅਤੇ ਹਮਦਰਦੀ ਦੇ ਆਧਾਰ 'ਤੇ ਸਿੱਧੂ ਦੀ ਅਰਜ਼ੀ ਇਸ ਗੱਲ 'ਤੇ ਕੇਂਦਰਿਤ ਹੋਵੇਗੀ ਕਿ ਉਹ ਆਪਣੀ ਪਤਨੀ ਅਤੇ ਇਕ ਸਾਲ ਦੇ ਪੁੱਤ ਕੋਲ ਰਹਿ ਸਕਣ। ਉਨ੍ਹਾਂ ਦੀ ਪਤਨੀ ਅਤੇ ਪੁੱਤ ਦੋਵੇਂ ਕੈਨੇਡੀਅਨ ਨਾਗਰਿਕਾਂ ਹਨ।
ਜੇਕਰ ਸਿੱਧੂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਸੰਭਾਵਤ ਤੌਰ 'ਤੇ ਭਾਰਤ ਨਹੀਂ ਆ ਸਕਣਗੇ ਕਿਉਂਕਿ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀਆਂ ਗੰਭੀਰ ਸਮੱਸਿਆਵਾਂ ਲਈ ਗੰਭੀਰ ਡਾਕਟਰੀ ਇਲਾਜ ਦੀ ਲੋੜ ਹੈ।
ਸਿੱਧੂ ਦੀ ਅਪੀਲ 'ਤੇ ਅੰਤਿਮ ਫ਼ੈਸਲਾ ਆਉਣ 'ਚ ਦੋ ਤੋਂ ਤਿੰਨ ਸਾਲ ਦਾ ਸਮਾਂ ਲੱਗ ਸਕਦਾ ਹੈ ਅਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਅਰਜ਼ੀ 'ਤੇ ਸੁਣਵਾਈ ਹੋਣ ਤੱਕ ਉਹ ਕੈਨੇਡਾ 'ਚ ਰਹਿ ਸਕਣਗੇ ਜਾਂ ਨਹੀਂ।
ਗ੍ਰੀਨ ਦਾ ਕਹਿਣਾ ਹੈ ਕਿ ਇਹ ਸਭ ਕੈਨੇਡਾ ਸਰਕਾਰ ਦੇ ਹੱਥ ਹੈ।

ਤਸਵੀਰ ਸਰੋਤ, CANADIAN PRESS/REX/SHUTTERSTOCK
ਕਿਵੇਂ ਹੋਇਆ ਸੀ ਹਾਦਸਾ
ਜਸਕੀਰਤ ਦਾ ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕੈਨੇਡਾ ਵਿੱਚ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਸੀ।
ਜਸਕੀਰਤ ਨੇ ਪੇਂਡੂ ਇਲਾਕੇ ‘ਚ ਪੈਂਦੇ ਇੱਕ ਚੌਰਾਹੇ ਉੱਤੇ ‘ਰੁਕਣ’ ਦੇ ਸਾਈਨਬੋਰਡ ਦੀ ਪਰਵਾਹ ਨਾ ਕਰਦਿਆਂ ਆਪਣਾ ਟਰੱਕ ਵਾੜ ਦਿੱਤਾ।
ਇਹ ਟਰੱਕ ਇੱਕ ਬੱਸ ਅੱਗੇ ਆ ਗਿਆ ਜਿਹੜੀ ਜੂਨੀਅਰ ਹਾਕੀ ਟੀਮ ਨੂੰ ਖੇਡ ਮੈਦਾਨ ਵੱਲ ਲੈ ਕੇ ਜਾ ਰਹੀ ਸੀ। ਇਸ ਜੂਨੀਅਰ ਹਾਕੀ ਟੀਮ ਦਾ ਨਾਂ ਹਮਬੋਲਡਟ ਬ੍ਰੋਨਕੋਸ ਸੀ।
ਇਹ ਦੁਰਘਟਨਾ ਸਸਕੈਚਵੈੱਨ ਦੇ ਟਿਸਡੇਲ ਨੇੜੇ ਵਾਪਰੀ ਸੀ।












