ਕੈਨੇਡਾ ਵਿੱਚ ਕਿਵੇਂ ਪਨਪ ਰਿਹਾ ਟਰੱਕਾਂ-ਟਰੈਕਟਰਾਂ ਦੀ ਚੋਰੀ ਦਾ ਰੈਕਟ, ਕਈ ਪੰਜਾਬੀ ਵੀ ਹਨ ਸ਼ਾਮਲ

ਟਰੈਕਟਰ ਟਰੇਲਰਸ

ਤਸਵੀਰ ਸਰੋਤ, Getty Images

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਦਿਨੀਂ ਕੈਨੇਡਾ ਪੁਲਿਸ ਨੇ ਇੱਕ ਵੱਡੀ ਸੰਗਠਿਤ ਟਰੱਕਾਂ-ਟਰੈਕਟਰਾਂ ਤੇ ਉਨ੍ਹਾਂ ਦੇ ਸਮਾਨ ਦੀ 'ਚੋਰੀ ਦੀ ਰਿਗ' ਚਲਾਉਣ ਦੇ ਇਲਜ਼ਾਮ ਵਿੱਚ ਪੰਜਾਬੀਆਂ ਸਮੇਤ 15 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਇਨ੍ਹਾਂ ਦੇ ਕਬਜ਼ੇ 'ਚੋਂ 90 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ। ਇਸ ਵਿੱਚ ਮਾਲ ਅਤੇ ਟਰੈਕਟਰ ਟਰਾਲੇ ਵੀ ਸ਼ਾਮਲ ਸਨ ਜੋ ਇਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ ’ਤੇ ਚੋਰੀ ਕੀਤੇ ਸਨ।

ਕੈਨੇਡਾ ਵਿੱਚ ਮਾਲ ਚੋਰੀ ਦਾ ਇਹ ਇਕੱਲਾ ਮਾਮਲਾ ਨਹੀਂ ਹੈ। ਕੈਨੇਡਾ ਵਿੱਚ ਇਹ ਇੱਕ ਵੱਡਾ ਅਪਰਾਧ ਹੈ।

ਕੈਨੇਡਾ ਵਿੱਚ ਪੁਲਿਸ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਾਂਚ ਮੁਤਾਬਕ ਅਜਿਹੇ ਕਾਰਗੋ ਅਪਰਾਧਾਂ ਤੋਂ ਮੁਨਾਫ਼ਾ ਹੋਣ ਵਾਲਾ ਪੈਸਾ ਨਸ਼ਿਆਂ ਅਤੇ ਗੈਂਗਸਟਰਾਂ ਨਾਲ ਸਬੰਧਤ ਅਪਰਾਧਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਚੋਰਾਂ ਨੇ ਇੱਕ ਖ਼ਾਸ ਖੇਤਰ ਨੂੰ ਆਪਣੇ ਨਿਸ਼ਾਨੇ 'ਤੇ ਰੱਖਿਆ ਹੋਇਆ ਹੈ।

ਗ੍ਰਿਫ਼ਤਾਰ ਲੋਕ

ਤਸਵੀਰ ਸਰੋਤ, Getty Images

ਪਿਛਲੇ ਸਾਲ ਤੋਂ ਜਾਂਚ

ਪੁਲਿਸ ਨੇ ਕਿਹਾ ਕਿ ਪੀਲ ਅਤੇ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਟਰੈਕਟਰ ਟਰੇਲਰ ਅਤੇ ਮਾਲ ਚੋਰੀ ਦੀ ਲੜੀ (ਲਗਾਤਾਰ ਘਟਨਾਵਾਂ ) ਤੋਂ ਬਾਅਦ, ਇੱਕ ਸਾਂਝੀ ਟਾਸਕ ਫੋਰਸ ਬਣਾਈ ਗਈ ਸੀ। ਜਾਂਚ ਨੂੰ "ਪ੍ਰੋਜੈਕਟ ਬਿਗ ਰਿਗ" ਦਾ ਨਾਂ ਦਿੱਤਾ ਗਿਆ।

ਇੱਕ ਅਧਿਕਾਰੀ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਜਾਂਚ ਅਸਲ ਵਿੱਚ ਜੁਲਾਈ 2022 ਵਿੱਚ ਸ਼ੁਰੂ ਹੋਈ ਸੀ ਜਦੋਂ ਪੀਲ ਕਮਰਸ਼ੀਅਲ ਆਟੋ ਯੂਨਿਟ ਦੇ ਅਧਿਕਾਰੀਆਂ ਨੇ ਖੇਤਰ ਵਿੱਚ ਟਰੈਕਟਰ/ਕਾਰਗੋ ਚੋਰੀ ਨਾਲ ਸਬੰਧਤ ਘਟਨਾਵਾਂ ਵਿੱਚ ਵਾਧਾ ਦੇਖਿਆ ਸੀ।

1 ਮਾਰਚ, 2023 ਨੂੰ, ਟਾਸਕ ਫੋਰਸ ਬਣਾਈ ਗਈ ਸੀ ਅਤੇ ਪ੍ਰੋਜੈਕਟ 5 ਮਈ, 2023 ਨੂੰ ਪੂਰਾ ਹੋ ਗਿਆ ਸੀ।

ਪੁਲਿਸ ਨੇ ਦਾਅਵਾ ਕੀਤਾ ਕਿ ਜਾਂਚ ਦੇ ਨਤੀਜੇ ਵਜੋਂ ਅਪਰਾਧਿਕ ਰਿਗ ਦਾ ਪਰਦਾਫਾਸ਼ ਹੋਇਆ ਅਤੇ ਟਰੈਕਟਰ ਟਰੇਲਰ ਤੇ ਮਾਲ ਦੀ ਚੋਰੀ ਲਈ ਜ਼ਿੰਮੇਵਾਰ ਕਈ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਾਂਚ ਨੇ ਚੋਰੀ ਕੀਤੇ ਉਤਪਾਦਾਂ ਨੂੰ ਖ਼ਰੀਦਣ ਵਾਲੇ ਅਣਗਿਣਤ ਗਾਹਕਾਂ ਲਈ ਜਾਗਰੂਕਤਾ ਵੀ ਪੈਦਾ ਕੀਤੀ ਹੈ।

ਪੁਲਿਸ ਅਫ਼ਸਰਾਂ ਨੇ ਕਿਹਾ ਕਿ ਜਾਂਚ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਂਟਾਰੀਓ (ਸੀਆਈਐੱਸਓ) ਵੱਲੋਂ ਕੀਤੀ ਗਈ ਹੈ।

ਬੀਬੀਸੀ

ਵੱਡੀ ਰਿਕਵਰੀ -ਪ੍ਰੋਜੈਕਟ ਬਿਗ ਰਿਗ ਦੇ ਨਤੀਜੇ ਵਜੋਂ

  • ਚੋਰੀ ਹੋਏ ਮਾਲ ਦੀ 6,990,000 ਡਾਲਰ (ਲਗਭਗ 43 ਕਰੋੜ ਰੁਪਏ) ਦੀ ਰਿਕਵਰੀ ਹੋਈ ਹੈ।
  • ਚੋਰੀ ਹੋਏ ਟਰੈਕਟਰ ਟਰੇਲਰਾਂ ਦੇ ਮੁੱਲ ਵਿੱਚ 2,250,000 ਡਾਲਰ (ਲਗਭਗ 14 ਕਰੋੜ ਰੁਪਏ) ਦੀ ਰਿਕਵਰੀ ਹੋਈ ਹੈ।
  • ਸੰਪਤੀ - ਕੁੱਲ ਕੀਮਤ 9,240,000 ਡਾਲਰ (ਲਗਭਗ 57 ਕਰੋੜ ਰੁਪਏ) ਬਰਾਮਦ ਕੀਤੀ ਗਈ ਹੈ।
ਬੀਬੀਸੀ

ਕਿਉਂ ਹੈ ਟਰੈਕਟਰ-ਟਰੱਕ ਚੋਰੀ ਇੱਕ ਵੱਡਾ ਅਪਰਾਧ

ਕੈਨੇਡਾ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਪੀਲ ਖੇਤਰ ਕੈਨੇਡਾ ਲਈ ਇੱਕ ਮਹੱਤਵਪੂਰਨ ਮਾਲ ਦਾ ਕੇਂਦਰ ਹੈ ਅਤੇ ਰਾਸ਼ਟਰੀ ਵੰਡ ਲਈ ਇੱਕ ਰਣਨੀਤਕ ਸਥਾਨ ਹੈ।

ਇੱਕ ਅੰਦਾਜ਼ੇ ਮੁਤਾਬਕ 180 ਕਰੋੜ ਡਾਲਰ ਮੁੱਲ ਦੀਆਂ ਵਸਤੂਆਂ ਹਰ ਰੋਜ਼ ਇਸ ਖੇਤਰ ਵਿੱਚ, ਇਸ ਖੇਤਰ ਤੋਂ ਅਤੇ ਇਸ ਵਿੱਚੋਂ ਲੰਘਦੀਆਂ ਹਨ ਜੋ ਮਾਲ ਦੀ ਆਵਾਜਾਈ ਨੂੰ ਖੇਤਰੀ ਅਰਥਵਿਵਸਥਾ ਦਾ ਇੱਕ ਥੰਮ ਬਣਾਉਂਦੀਆਂ ਹਨ।

ਰੀਜਨ ਆਫ਼ ਪੀਲ ਦੀਆਂ ਸੀਮਾਵਾਂ ਦੇ ਅੰਦਰ ਸੱਤ (7), 400 ਲੜੀਵਾਰ ਹਾਈਵੇਅ ਹਨ, ਜਿਸ ਨਾਲ ਇਹ ਟਰੱਕਿੰਗ ਉਦਯੋਗ ਲਈ ਓਂਟਾਰੀਓ ਵਿੱਚ ਸਭ ਤੋਂ ਵੱਡਾ ਖੇਤਰ ਬਣ ਗਿਆ ਹੈ।

ਅਧਿਕਾਰੀ ਨੇ ਕਿਹਾ ਕਿ ਟਰੱਕਿੰਗ ਉਦਯੋਗ ਦਾ ਕੇਂਦਰ ਹੋਣ ਕਾਰਨ ਅਪਰਾਧਿਕ ਅਦਾਰਿਆਂ ਨੇ ਇਸ ਦਾ ਫ਼ਾਇਦਾ ਚੁੱਕਣ ਲਈ ਇਸ ਖੇਤਰ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਇਹ ਕਾਫ਼ੀ ਕੁਝ ਵਿੱਤੀ ਲਾਭ ਲਈ ਕਰਦੇ ਹਨ।

ਅਧਿਕਾਰੀ ਨੇ ਕਿਹਾ ਕਿ ਇਹ ਸੰਗਠਿਤ ਅਪਰਾਧ ਸਮੂਹ ਅਪਰਾਧੀਆਂ ਦੇ ਇੱਕ ਨੈੱਟਵਰਕ ਦੀ ਵਰਤੋਂ ਕਰਦੇ ਹਨ ਅਤੇ ਚੋਰੀ ਕੀਤੇ ਮਾਲ ਨੂੰ ਗ੍ਰੇ ਮਾਰਕੀਟ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਰਾਹੀਂ ਵੰਡਦੇ ਹਨ।

ਕੈਨੇਡਾ ਪੁਲਿਸ

ਤਸਵੀਰ ਸਰੋਤ, Getty Images

ਗੈਂਗ ਅਤੇ ਹਥਿਆਰਾਂ ਲਈ ਵਰਤਿਆ ਜਾਂਦਾ ਹੈ ਪੈਸਾ

ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਅੱਗੇ ਦੱਸਿਆ ਕਿ ਇੱਕ ਮਜ਼ਬੂਤ ਲੌਜਿਸਟਿਕ ਸੈਕਟਰ ਦੇ ਨਾਲ, ਇਹ ਖੇਤਰ ਸੰਗਠਿਤ ਅਪਰਾਧ ਸਮੂਹਾਂ ਲਈ ਇੱਕ ਪ੍ਰਮੁੱਖ ਨਿਸ਼ਾਨਾ ਹੈ ਜੋ ਟਰੈਕਟਰਾਂ, ਟਰੇਲਰ ਅਤੇ ਲੋਡ ਦੀ ਚੋਰੀ ਨੂੰ ਆਰਕੇਸਟ੍ਰੇਟ ਕਰਕੇ ਇਹਨਾਂ ਕੰਪਨੀਆਂ ਦਾ ਸ਼ਿਕਾਰ ਕਰਦੇ ਹਨ।

ਅਧਿਕਾਰੀ ਨੇ ਕਿਹਾ ਕਿ ਅਕਸਰ, ਇਹਨਾਂ ਅਪਰਾਧਾਂ ਦੀ ਕਮਾਈ ਨੂੰ ਹੋਰ ਅਪਰਾਧਿਕ ਗਤੀਵਿਧੀਆਂ ਲਈ ਫ਼ੰਡ ਦੇਣ ਲਈ ਵਰਤਿਆ ਜਾਂਦਾ ਹੈ। ਇਹਨਾਂ ਵਿੱਚ "ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਬੰਦੂਕਾਂ ਦੀ ਖ਼ਰੀਦ ਅਤੇ ਗੈਂਗ ਗਤੀਵਿਧੀ ਦਾ ਸਮਰਥਨ ਕਰਨਾ" ਸ਼ਾਮਲ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਸੰਗਠਿਤ ਚੋਰੀ ਦੀਆਂ ਰਿਗਾਂ ਦੇ ਸਬੰਧ ਵਿੱਚ ਗ੍ਰਿਫਤਾਰੀਆਂ ਕਰਕੇ, ਅਸੀਂ ਕਾਰਗੋ ਚੋਰੀ ਅਤੇ ਸੰਭਾਵਿਤ ਤੌਰ 'ਤੇ ਅਪਰਾਧ ਦੇ ਹੋਰ ਰੂਪਾਂ ਦੇ ਸੰਗਠਨ ਨੂੰ ਵੀ ਵਿਗਾੜ ਰਹੇ ਹਾਂ।

ਬੀਬੀਸੀ

ਕਾਰਗੋ ਅਪਰਾਧ ਅਤੇ ਮਾਲ ਦੀ ਚੋਰੀ ਦਾ ਕੀ ਮਤਲਬ ਹੈ?

ਕੈਨੇਡਾ ਦੇ ਇਕ ਪੁਲਿਸ ਅਧਿਕਾਰੀ ਮੁਤਾਬਕ ਕਾਰਗੋ ਕਿਸੇ ਵੀ ਵਸਤੂ ਨੂੰ ਟਰੱਕ, ਟ੍ਰੇਲਰ ਜਾਂ ਸ਼ਿਪਿੰਗ ਕੰਟੇਨਰ ਰਾਹੀਂ ਲੈ ਕੇ ਜਾਂਦੀ ਹੈ।

ਕੋਈ ਵੀ ਉਤਪਾਦ ਜੋ ਨਿਰਮਤ ਕੀਤਾ ਜਾਂਦਾ ਹੈ ਜਾਂ ਬਣਾਇਆ ਜਾਂਦਾ ਹੈ, ਉਸ ਨੂੰ ਖਪਤਕਾਰ ਤੱਕ ਪਹੁੰਚਾਇਆ ਜਾਣਾ ਹੁੰਦਾ ਹੈ।

ਇਨ੍ਹਾਂ ਉਤਪਾਦਾਂ ਨੂੰ ਆਮ ਤੌਰ 'ਤੇ ਕਾਰਗੋ ਕਿਹਾ ਜਾਂਦਾ ਹੈ। ਟ੍ਰੇਲਰ ਜਾਂ ਕੰਟੇਨਰ ਵਿੱਚ ਇਹਨਾਂ ਵਸਤੂਆਂ ਦੀ ਕੋਈ ਵੀ ਚੋਰੀ ਨੂੰ ਕਾਰਗੋ ਅਪਰਾਧ ਜਾਂ ਮਾਲ ਦੀ ਚੋਰੀ ਕਿਹਾ ਜਾਂਦਾ ਹੈ।

ਮਾਲ ਜਾਂ ਕਾਰਗੋ ਦੀ ਚੋਰੀ ਕਿਵੇਂ ਹੁੰਦੀ ਹੈ?

ਕੈਨੇਡਾ ਪੁਲਿਸ ਦੇ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ‘ਪ੍ਰੋਜੈਕਟ ਬਿਗ ਰਿਗ’ ਦੌਰਾਨ ਹੋਈਆਂ ਚੋਰੀਆਂ ਦੇ ਮਾਮਲੇ ਵਿੱਚ ਇਹ ਵੇਖਿਆ ਗਿਆ ਕਿ ਮੁਲਜ਼ਮਾਂ ਨੇ ਆਮ ਤੌਰ ਤੇ ਟਰਾਂਸਪੋਰਟੇਸ਼ਨ ਕੰਪਨੀ ਦੇ ਗੋਦਾਮਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੁਰੱਖਿਆ ਵਾੜਾਂ ਨੂੰ ਕੱਟ ਦਿੱਤਾ ਸੀ। ਜਦੋਂ ਇੱਕ ਵਾਰ ਉਹ ਘੇਰੇ ਦੇ ਅੰਦਰ ਆ ਗਏ ਤਾਂ ਉਹ ਕਾਰਗੋ ਦੇ ਸਮਾਨ ਨੂੰ ਨਿਸ਼ਾਨਾ ਬਣਾਉਂਦੇ ਸੀ, ਇੱਥੇ ਸਾਰੇ ਟਰੱਕ ਲੱਦੇ ਹੁੰਦੇ ਹਨ।

ਫਿਰ ਉਹ ਆਪਣੇ ਚੋਰੀ ਕੀਤੇ ਹੋਏ ਟਰੈਕਟਰ ਨੂੰ ਟ੍ਰੇਲਰ ਜਾਂ ਕੰਟੇਨਰ ਤੱਕ ਹੁੱਕ ਜਾਂ ਸੰਗਲ ਲਾਕੇ ਬੰਦ ਗੇਟ ਵਿੱਚੋਂ ਜਾਂ ਵਾੜ ਵਿੱਚ ਕੱਟੇ ਹੋਏ ਰਸਤੇ ਦੁਆਰਾ ਉਸ ਕੰਪਨੀ ਦੇ ਗੋਦਾਮ ਤੋਂ ਬਾਹਰ ਨਿਕਲ ਜਾਂਦੇ ਸੀ।

ਕੈਨੇਡਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਜਿਵੇਂ ਕਿ ਲੋਡ ਕੀਤੇ ਟਰੈਕਟਰਾਂ ਅਤੇ ਟ੍ਰੇਲਰਾਂ ਦੀ ਚੋਰੀ ਕੀਤੀ ਜਾਂਦੀ ਹੈ ਜਦਕਿ ਉਨ੍ਹਾਂ ਨੂੰ ਸੜਕ ਕੰਡੇ ਖੜਾ ਕੀਤਾ ਗਿਆ ਹੋਵੇ।

ਆਮ ਤੌਰ 'ਤੇ ਚੋਰੀ ਦੇ ਸਮੇਂ ਇਹਨਾਂ ਵਾਹਨਾਂ ਦੇ ਡਰਾਈਵਰ ਛੁੱਟੀ ਕਰ ਚੁਕੇ ਹੁੰਦੇ ਹਨ ਜਾਂ ਸੌਣ ਦੇ ਸਮੇਂ ਦੌਰਾਨ ਵਾਹਨ ਤੋਂ ਦੂਰ ਹੁੰਦਾ ਹੈ।

ਚੋਰੀਆਂ ਦਾ ਪੱਧਰ

ਕੈਨੇਡਾ ਵਿੱਚ ਇਹ ਇੰਨਾ ਵੱਡਾ ਅਪਰਾਧ ਹੈ ਇਹ ਇਸ ਤੋਂ ਪਤਾ ਲੱਗਦਾ ਹੈ ਕਿ ਸਾਲ 2022 ਵਿੱਚ ਲਗਭਗ 169 ਕਰੋੜ ਰੁਪਏ (ਕੈਨੇਡੀਅਨ 2.74 ਕਰੋੜ ਡਾਲਰ) ਦੀ ਕੀਮਤ ਦੀ ਚੋਰੀ ਹੋਈ ਸੀ ਅਤੇ 455 ਟਰੈਕਟਰ ਤੇ ਟਰੇਲਰ ਚੋਰੀ ਹੋਏ ਸਨ।

ਇਸ ਸਾਲ ਵੀ ਇਹ ਚੋਰੀਆਂ ਇਸੇ ਤਰੀਕੇ ਨਾਲ ਜਾਰੀ ਹਨ। ਜਨਵਰੀ ਮਹੀਨੇ ਹੀ 41 ਟਰੈਕਟਰ ਤੇ ਟਰੇਲਰ ਚੋਰੀ ਹੋਏ ਤੇ 16 ਕਰੋੜ (ਲਗਭਗ 27 ਲੱਖ ਡਾਲਰ) ਤੋਂ ਵੱਧ ਕੀਮਤ ਦੀ ਚੋਰੀ ਹੋਈ ਹੈ।

ਹਾਲਾਂਕਿ 41 ਵਿੱਚੋਂ 33 ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ।

ਡਾਟਾ

ਤਸਵੀਰ ਸਰੋਤ, canadian police

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ

ਪੀਆਰਪੀ ਨੇ ਪ੍ਰੋਜੈਕਟ ਬਿਗ ਰਿਗ ਦੁਆਰਾ ਹੇਠਾਂ ਦਿੱਤੇ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਚਾਰਜ ਕੀਤਾ ਹੈ-

  • 42 ਸਾਲਾ ਬਲਕਾਰ ਸਿੰਘ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ
  • 26 ਸਾਲਾ ਅਜੇ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ
  • 40 ਸਾਲਾ ਮਨਜੀਤ ਪੱਡਾ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ
  • 25 ਸਾਲਾ ਜਗਜੀਵਨ ਸਿੰਘ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ (x2) ਅਤੇ ਮਾਨਤਾ ਦਾ ਉਲੰਘਣ (x2)
  • 41 ਸਾਲਾ ਅਮਨਦੀਪ ਬੈਦਵਾਨ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ (x4), ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫ਼ਤਾ ਅਤੇ ਪ੍ਰੋਬੇਸ਼ਨ ਦੀ ਉਲੰਘਣਾ
  • 58 ਸਾਲਾ ਕਰਮਸ਼ੰਦ ਸਿੰਘ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ ਅਤੇ ਚੋਰੀ ਕੀਤੇ ਗਏ ਸਮਾਨ ਦੀ ਤਸਕਰੀ
ਗ੍ਰਿਫ਼ਚਾਰ ਹੋਏ ਵਿਅਕਤੀ

ਤਸਵੀਰ ਸਰੋਤ, Canadian Police

  • 45 ਸਾਲਾ ਜਸਵਿੰਦਰ ਅਟਵਾਲ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ, ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫ਼ਲਤਾ (x2) ਅਤੇ ਪਾਬੰਦੀ ਦੇ ਬਾਵਜੂਦ ਸੰਚਾਲਨ
  • 45 ਸਾਲਾ ਲਖਵਿੰਦਰ ਸਿੰਘ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ ਅਤੇ 5000 ਡਾਲਰ ਦੀ ਛੇੜਖਾਨੀ
  • 34 ਸਾਲਾ ਜਗਪਾਲ ਸਿੰਘ 'ਤੇ ਇਲਜ਼ਾਮ- ਭੰਨ-ਤੋੜ, ਪ੍ਰਵੇਸ਼ ਅਤੇ ਇੰਡਕਟੇਬਲ ਅਪਰਾਧ (x2), ਵਾਹਨਾਂ ਦੀ ਚੋਰੀ ਅਤੇ 5000 ਡਾਲਰ ਤੋਂ ਵੱਧ ਦੀ ਚੋਰੀ
  • 31 ਸਾਲਾ ਉਪਕਰਨ ਸੰਧੂ 'ਤੇ ਇਲਜ਼ਾਮ- ਭੰਨ-ਤੋੜ, ਪ੍ਰਵੇਸ਼ ਅਤੇ ਇੰਡਕਟੇਬਲ ਅਪਰਾਧ ਅਤੇ ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ
  • 44 ਸਾਲਾ ਸੁਖਵਿੰਦਰ ਸਿੰਘ 'ਤੇ ਇਲਜ਼ਾਮ- ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ (x2) ਅਤੇ ਅੰਡਰਟੇਕਿੰਗ ਦੀ ਪਾਲਣਾ ਕਰਨ 'ਚ ਅਸਫ਼ਲ (x2)
  • 39 ਸਾਲਾ ਕੁਲਵੀਰ ਬੈਂਸ 'ਤੇ ਇਲਜ਼ਾਮ- ਵਾਹਨ ਦੀ ਚੋਰੀ (x3) ਅਤੇ 5000 ਡਾਲਰ ਤੋਂ ਵੱਧ ਦੀ ਚੋਰੀ
  • 39 ਸਾਲਾ ਬਨੀਸ਼ਿੰਦਰ ਲਾਲਸਰਨ 'ਤੇ ਇਲਜ਼ਾਮ- ਵਾਹਨ ਦੀ ਚੋਰੀ (x2)
  • 23 ਸਾਲਾ ਸੋਬਿਤ ਵਰਮਾ 'ਤੇ ਇਲਜ਼ਾਮ- ਵਾਹਨ ਦੀ ਚੋਰੀ
  • 34 ਸਾਲਾ ਸੁਖਨਿੰਦਰ ਢਿੱਲੋਂ 'ਤੇ ਇਲਜ਼ਾਮ- ਭੰਨ-ਤੋੜ, ਪ੍ਰਵੇਸ਼ ਅਤੇ ਇੰਡਕਟੇਬਲ ਅਪਰਾਧ, ਵਾਹਨਾਂ ਦੀ ਚੋਰੀ (x4), 5000 ਡਾਲਰ ਤੋਂ ਵੱਧ ਦੀ ਚੋਰੀ (x4), ਅਪਰਾਧ ਰਾਹੀਂ ਹਾਸਿਲ ਕੀਤੀ ਜਾਇਦਾਦ ਦਾ ਕਬਜ਼ਾ, ਮਾਲ ਦੀ ਚੋਰੀ, ਪਾਬੰਦੀ ਦੇ ਬਾਵਜੂਦ ਸੰਚਾਲਨ ਅਤੇ ਰੀਲੀਜ਼ ਆਰਡਰ ਦੀ ਪਾਲਣਾ ਕਰਨ ਵਿੱਚ ਅਸਫ਼ਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)