ਕੈਨੇਡਾ ਵਿੱਚੋਂ ਕੱਢੇ ਜਾ ਰਹੇ 16 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਕੋਲ ਕੀ ਰਾਹ ਹੈ

ਜਸਕੀਰਤ ਸਿੰਘ ਸਿੱਧੂ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਜਸਕੀਰਤ ਸਿੰਘ ਸਿੱਧੂ ਵਿਆਹੇ ਹੋਏ ਹਨ ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ।

ਪੰਜਾਬੀ ਮੂਲ ਦੇ ਕੈਨੇਡੀਆਈ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਦੇ ਟਰੱਕ ਕਾਰਨ ਹੋਈ ਦੁਰਘਟਨਾ ਵਿੱਚ 16 ਜਣਿਆਂ ਦੀ ਮੌਤ ਹੋ ਗਈ ਸੀ ਅਤੇ 13 ਲੋਕ ਜ਼ਖ਼ਮੀ ਹੋਏ ਸਨ।

ਅਪ੍ਰੈਲ 2018 ਵਿੱਚ ਵਾਪਰੇ ਇਸ ਹਾਦਸੇ ਦਾ ਦ੍ਰਿਸ਼ ਬਹੁਤ ਹੌਲਨਾਕ ਸੀ

ਜਸਕੀਰਤ ਨੇ ਅਦਾਲਤ ਅੱਗੇ ਖ਼ਤਰਨਾਕ ਤਰੀਕੇ ਨਾਲ ਟਰੱਕ ਚਲਾਉਣ ਦਾ ਆਪਣਾ ਜੁਰਮ ਕਬੂਲ ਕੀਤਾ ਸੀ।

ਉਸ ਨੂੰ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਕੈਨੇਡਾ ਦੇ ਮੀਡੀਆ ਅਦਾਰੇ ਸੀਬੀਸੀ ਦੀ ਰਿਪੋਰਟ ਮੁਤਾਬਕ ਜਸਕੀਰਤ ਵੱਲੋਂ ਖੁਦ ਨੂੰ ਕੈਨੇਡਾ ਵਿੱਚੋਂ ਕੱਢੇ ਜਾਣ ਦੇ ਵਿਰੋਧ ਵਿੱਚ ਪਾਈ ਗਈ ਅਰਜ਼ੀ ਨੂੰ ਜੱਜ ਨੇ ਪ੍ਰਵਾਨ ਨਹੀਂ ਕੀਤਾ ਹੈ।

ਸੀਬੀਸੀ ਦੀ ਰਿਪੋਰਟ ਮੁਤਾਬਕ, ਜਸਕੀਰਤ ਨੂੰ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਪੈਰੋਲ ਮਿਲੀ ਸੀ।

ਕੈਨੇਡਾ ਬੌਰਡਰ ਸਰਵਿਸਸ ਏਜੰਸੀ ਨੇ ਇਹ ਸਿਫ਼ਾਰਿਸ਼ ਕੀਤੀ ਸੀ ਕਿ ਜਸਕੀਰਤ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਜਾਵੇ।

ਕਿਵੇਂ ਹੋਇਆ ਸੀ ਹਾਦਸਾ

ਕੈਨੇਡਾ

ਤਸਵੀਰ ਸਰੋਤ, CANADIAN PRESS/REX/SHUTTERSTOCK

ਤਸਵੀਰ ਕੈਪਸ਼ਨ, ਅਪ੍ਰੈਲ 2018 ਵਿੱਚ ਵਾਪਰੇ ਇਸ ਹਾਦਸੇ ਦਾ ਦ੍ਰਿਸ਼ ਬਹੁਤ ਹੌਲਨਾਕ ਸੀ

ਕੈਲਗਰੀ ਦੇ ਰਹਿਣ ਵਾਲੇ ਜਸਕੀਰਤ ਸਿੰਘ ਸਿੱਧੂ ਨੇ ਉਸ ਵੇਲੇ ਨਵਾਂ-ਨਵਾਂ ਟਰੱਕ ਚਲਾਉਣਾ ਸ਼ੁਰੂ ਕੀਤਾ ਸੀ।

ਜਸਕੀਰਤ ਦਾ ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਕੈਨੇਡਾ ਵਿੱਚ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਸੀ।

ਜਸਕੀਰਤ ਨੇ ਪੇਂਡੂ ਇਲਾਕੇ ‘ਚ ਪੈਂਦੇ ਇੱਕ ਚੌਰਾਹੇ ਉੱਤੇ ‘ਰੁਕਣ’ ਦੇ ਸਾਈਨਬੋਰਡ ਦੀ ਪਰਵਾਹ ਨਾ ਕਰਦਿਆਂ ਆਪਣਾ ਟਰੱਕ ਵਾੜ ਦਿੱਤਾ।

ਇਹ ਟਰੱਕ ਇੱਕ ਬੱਸ ਅੱਗੇ ਆ ਗਿਆ ਜਿਹੜੀ ਜੂਨੀਅਰ ਹਾਕੀ ਟੀਮ ਨੂੰ ਖੇਡ ਮੈਦਾਨ ਵੱਲ ਲੈ ਕੇ ਜਾ ਰਹੀ ਸੀ। ਇਸ ਜੂਨੀਅਰ ਹਾਕੀ ਟੀਮ ਦਾ ਨਾਂ ਹਮਬੋਲਡਟ ਬ੍ਰੋਨਕੋਸ ਸੀ।

ਇਹ ਦੁਰਘਟਨਾ ਸਸਕੈਚਵੈੱਨ ਦੇ ਟਿਸਡੇਲ ਨੇੜੇ ਵਾਪਰੀ ਸੀ।

'ਫ਼ੈਸਲਾ ਜਾਇਜ਼ ਅਤੇ ਪਾਰਦਰਸ਼ੀ'

ਈਵਾਨ ਥੋਮਸ

ਤਸਵੀਰ ਸਰੋਤ, Scott Thomas

ਤਸਵੀਰ ਕੈਪਸ਼ਨ, ਇਸ ਹਾਦਸੇ ਵਿੱਚ ਸ਼ਿਕਾਰ ਹੋਏ ਈਵਾਨ ਥੋਮਸ ਆਪਣੇ ਮਾਪਿਆਂ ਨਾਲ

ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਫੈਡਰਲ ਕੋਰਟ ‘ਚ ਸਤੰਬਰ ਵਿੱਚ ਕਿਹਾ ਕਿ ਬੌਰਡਰ ਸਰਵਿਸ ਦੇ ਅਧਿਕਾਰੀਆਂ ਨੇ ਸਿੱਧੂ ਦੇ ਪਿਛਲੇ ਬੇਦਾਗ਼ ਰਿਕਾਰਡ ਅਤੇ ਉਨ੍ਹਾਂ ਨੂੰ ਇਸ ਘਟਨਾ ਤੋਂ ਬਾਅਦ ਹੋਏ ਅਫ਼ਸੋਸ ‘ਤੇ ਗੌਰ ਨਹੀਂ ਕੀਤਾ।

ਸਿੱਧੂ ਦੇ ਵਕੀਲ ਨੇ ਕਿਹਾ ਕਿ ਏਜੰਸੀ ਨੂੰ ਇਹ ਹੁਕਮ ਦਿੱਤੇ ਜਾਣੇ ਚਾਹੀਦੇ ਹਨ ਕਿ ਉਹ ਇਸ ਕੇਸ ‘ਤੇ ਦੂਜੀ ਵਾਰੀ ਵਿਚਾਰ ਕਰਨ ਅਤੇ ਫ਼ੈਸਲੇ ‘ਤੇ ਵੀ ਮੁੜ ਵਿਚਾਰ ਕੀਤਾ ਜਾਵੇ।

ਮੁੱਖ ਜੱਜ ਪੌਲ ਕਰੈਂਪਟਨ ਨੇ ਆਪਣੇ ਫ਼ੈਸਲੇ ’ਚ ਲਿਖਿਆ ਕਿ “ਸਿੱਧੂ ਦੇ ਕੇਸ ਦੇ ਤੱਥ ਸਾਰਿਆਂ ਲਈ ਦੁਖਦਾਈ ਸਨ, ਕਈ ਜਾਨਾਂ ਗਈਆਂ ਕਈ ਜ਼ਿੰਦਗੀਆਂ ਤਬਾਹ ਹੋਈਆਂ ਅਤੇ ਕਈ ਉਮੀਦਾਂ ਅਤੇ ਸੁਪਨੇ ਟੁੱਟ ਗਏ।”

“ਬਦਕਿਸਮਤੀ ਨਾਲ ਇਸ ਕੋਰਟ ਵੱਲੋਂ ਲਿਆ ਗਿਆ ਕੋਈ ਵੀ ਫ਼ੈਸਲਾ ਇਸ ਦੁਰਘਟਨਾ ਦੇ ਨਤੀਜਿਆਂ ਨੂੰ ਬਦਲ ਨਹੀਂ ਸਕਦਾ।”

ਜੱਜ ਕਰੈਂਪਟਨ ਨੇ ਕਿਹਾ ਕਿ ਏਜੰਸੀ ਦੇ ਅਧਿਕਾਰੀਆਂ ਨੇ ਕੇਸ ਵਿੱਚ ਕਾਰਵਾਈ ’ਚ ਠੀਕ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਸਿੱਧੂ ਦੇ ਰਿਕਾਰਡ ਨੂੰ ਵਾਚਿਆ ਹੈ।

ਸਿੱਧੂ ਦੇ ਅਫ਼ਸੋਸ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।

ਉਨ੍ਹਾਂ ਲਿਖਿਆ, “ਏਜੰਸੀ ਦੇ ਅਫ਼ਸਰ ਦਾ ਫ਼ੈਸਲਾ ਜਾਇਜ਼ ਅਤੇ ਪਾਰਦਰਸ਼ੀ ਹੈ।”

“ਇਹ ਫ਼ੈਸਲਾ ਤੱਥ ਭਰਪੂਰ ਵਿਸ਼ਲੇਸ਼ਣ ਅਤੇ ਸਿੱਧੂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ।”

'ਅਸੀਂ ਚਾਹੁੰਦੇ ਹਾਂ ਕਿ ਉਹ ਇੱਥੋਂ ਚਲਾ ਜਾਵੇ'

ਕੈਨੇਡਾ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਸ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ਵਿੱਚ 'ਗੋ ਫੰਡ ਮੀ' 'ਤੇ ਫੰਡ ਵੀ ਇਕੱਠੇ ਕੀਤੇ ਗਏ ਸਨ

ਟੋਬੀ ਬਾਓਲੇਟ, ਜਿਨ੍ਹਾਂ ਦੇ 21 ਸਾਲ ਦੇ ਪੁੱਤਰ ਦੀ ਵੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਨੇ ਸੀਬੀਸੀ ਨਾਲ ਗੱਲਬਾਤ ਕੀਤੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਆਪਣੀ ਜ਼ਿੰਦਗੀ ਨਾਲ ਅੱਗੇ ਵਧਣ ਦੇ ਲਈ ਜਸਕੀਰਤ ਦਾ ਜੇਲ੍ਹ ਵਿੱਚ ਰਹਿਣਾ ਜ਼ਰੂਰੀ ਨਹੀਂ ਹੈ, ਪਰ ਉਹ ਨਹੀਂ ਚਾਹੁੰਦੇ ਕਿ ਜਸਕੀਰਤ ਕੈਨੇਡਾ ਵਿੱਚ ਰਹੇ।

“ਸਾਡੇ ਦਿਲ ਵਿੱਚ ਉਸ ਬਾਰੇ ਕੋਈ ਮਾੜਾ ਵਿਚਾਰ ਨਹੀਂ ਹੈ ਪਰ ਅਸੀਂ ਉਸ ਨੂੰ ਕਦੇ ਦੁਬਾਰਾ ਨਹੀਂ ਦੇਖਣਾ ਚਾਹੁੰਦੇ।”

“ਅਸੀਂ ਉਸਨੂੰ ਦੁਬਾਰਾ ਨਹੀਂ ਮਿਲਣਾ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਦੁਬਾਰਾ ਉਸ ਨਾਲ ਕਦੇ ਮੁਲਾਕਾਤ ਹੋਵੇ। ਅਸੀਂ ਚਾਹੁੰਦੇ ਹਾਂ ਕਿ ਉਹ ਚਲਾ ਜਾਵੇ ਯਾਨਿ ਉਸ ਨੂੰ ਡਿਪੋਰਟ ਕੀਤਾ ਜਾਵੇ।”

ਸੇਂਟ ੳਲਬਰਟਾ, ਐਲਟਾ ਦੇ ਰਹਿਣ ਵਾਲੇ ਕ੍ਰਿਸ ਜੋਸੇਫ ਵੀ ਸਿੱਧੂ ਨੂੰ ਡਿਪੋਰਟ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੇ 20 ਸਾਲਾ ਪੁੱਤਰ ਜੈਕਸਨ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ।

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਕਿਹਾ, “ਜਸਕੀਰਤ ਨੂੰ ਡਿਪੋਰਟ ਕੀਤੇ ਜਾਣ ਬਾਰੇ ਇਹ ਸਹੀ ਫ਼ੈਸਲਾ ਹੈ ਅਤੇ ਸਹੀ ਸੁਨੇਹਾ ਭੇਜਦਾ ਹੈ।”

“ਇਹ ਪੰਜ ਸਾਲਾਂ ਤੋਂ ਚੱਲ ਰਿਹਾ ਹੈ। ਸਾਡੀ ਅਤੇ ਸਾਡੇ ਪਰਿਵਾਰ ਦੀ ਪੀੜ… ਸਾਡਾ ਇਹ ਦਰਦ ਕਦੇ ਵੀ ਖ਼ਤਮ ਨਹੀਂ ਹੋਇਆ।”

'ਰਹਿੰਦੀ ਜ਼ਿੰਦਗੀ ਤੱਕ ਫਲ ਭੁਗਤਣਾ ਪਵੇਗਾ'

ਡਾਰਸੀ ਹੌਗਨ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, 42 ਸਾਲਾਂ ਦੇ ਡਾਰਸੀ ਹੌਗਨ ਦੀ ਵੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ

ਸੀਬੀਸੀ ਮੁਤਾਬਕ, ਸਾਰੇ ਪੀੜਤ ਪਰਿਵਾਰਾਂ ਦੇ ਮੈਂਬਰ ਇਹ ਨਹੀਂ ਚਾਹੁੰਦੇ ਕਿ ਜਸਕੀਰਤ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾਵੇ।

ਸਕੌਟ ਥੌਮਸ, ਈਵਾਨ ਥੌਮਸ ਦੇ ਪਿਤਾ ਹਨ, ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਸਨ।

ਉਹ ਸਿੱਧੂ ਨੂੰ ਕੈਨੇਡਾ ਵਿੱਚ ਰੱਖੇ ਜਾਣ ਦੀ ਵਕਾਲਤ ਕਰਦੇ ਹਨ, ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਹੈਰਾਨੀ ਨਹੀਂ ਹੈ ਕਿ ਸਿੱਧੂ ਨੂੰ ਬਾਹਰ ਕੱਢਿਆ ਜਾਵੇਗਾ।

ਉਨ੍ਹਾਂ ਦੱਸਿਆ, “ਉਹ ਆਪਣੀ ਰਹਿੰਦੀ ਜ਼ਿੰਦਗੀ ਤੱਕ ਆਪਣੇ ਮਨ ਵਿੱਚ ਇੱਕ ਜੇਲ੍ਹ ਵਿੱਚ ਹੀ ਹੈ। ਸਾਡੇ ਲਈ ਇਹ ਮਾਅਨੇ ਨਹੀਂ ਰੱਖਦਾ ਕਿ ਉਹ ਕਿੱਥੇ ਹੈ।”

“ਭਾਵੇਂ ਉਹ ਇਹ ਇੱਥੇ ਰਹਿੰਦਾ ਹੈ ਜਾਂ ਭਾਰਤ ਵਿੱਚ ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੀ ਰਹਿੰਦੀ ਜ਼ਿੰਦਗੀ ਤੱਕ ਆਪਣੇ ਕੀਤੇ ਦਾ ਫਲ ਭੁਗਤਣਾ ਹੀ ਪਵੇਗਾ।”

ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਅਗਲੀ ਸੁਣਵਾਈ ਬਸ ਇੱਕ ਰਸਮੀ ਕਾਰਵਾਈ ਹੋਵੇਗੀ, ਜਿਸ ਵਿੱਚ ਉਸ ਨੂੰ ਉਸ ਦੇ ਦੋਸ਼ੀ ਹੋਣ ਦੀ ਪੁਸ਼ਟੀ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਨਾਗਰਿਕ ਨਹੀਂ ਹੈ ਇਸ ਲਈ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਡਿਪੋਰਟੇਸ਼ਨ ਦਾ ਲਿਖਤੀ ਪੱਤਰ ਨਵੇਂ ਸਾਲ ਦੇ ਨੇੜੇ ਆਵੇਗਾ ਅਤੇ ਸਿੱਧੂ ਦਾ ਪਰਮਾਨੈਂਟ ਰੈਜ਼ੀਡੈਂਟ ਦਾ ਸਟੇਟਸ ਖੋਹ ਲਿਆ ਜਾਵੇਗਾ। ਉਹ ਕੈਨੇਡਾ ‘ਚ ਰਹਿ ਕੇ ਕੰਮ ਨਹੀਂ ਕਰ ਸਕਣਗੇ।

ਪਰ ਉਹ ਕੈਨੇਡਾ ਵਿੱਚ ਹੀ ਰਹਿਣ ਲਈ ਕੁਝ ਹੀਲੇ ਵਰਤ ਸਕਦੇ ਹਨ।

ਈਵਾਨ ਥੋਮਸ

ਤਸਵੀਰ ਸਰੋਤ, Scott Thomas

ਤਸਵੀਰ ਕੈਪਸ਼ਨ, ਇਸ ਹਾਦਸੇ ਵਿੱਚ ਸ਼ਿਕਾਰ ਹੋਏ ਈਵਾਨ ਥੋਮਸ ਆਪਣੇ ਮਾਪਿਆਂ ਨਾਲ

ਜਸਕੀਰਤ ਕੋਲ ਕੀ ਹੈ ਰਾਹ

ਸਿੱਧੂ ਦੇ ਵਕੀਲ ਨੇ ਦੱਸਿਆ, “ਡਿਪੋਰਟੇਸ਼ਨ ਪ੍ਰਕਿਰਿਆ ਦੇ ਤਹਿਤ ਸਿੱਧੂ ਕੋਲ ਇਹ ਹੱਕ ਹੈ ਕਿ ਉਹ ਇਹ ਇਸ ਦਾ ਮੁਲਾਂਕਣ ਕਰਵਾਉਣ ਕਿ ਜਿਸ ਮੁਲਕ ਵਿੱਚ ਭੇਜਿਆ ਜਾ ਰਿਹਾ ਹੈ ਕਿ ਉੱਥੇ ਉਨ੍ਹਾਂ ਦੀ ਜਾਨ ਸੁਰੱਖਿਅਤ ਹੈ ਜਾਂ ਨਹੀਂ।ਇਸ ਨੂੰ ‘ਰਿਸਕ ਅਸੈੱਸਮੈਂਟ’ ਵੀ ਕਿਹਾ ਜਾਂਦਾ ਹੈ।”

“ਪੱਤਰ ਜਾਰੀ ਹੋਣ ਤੋਂ ਬਾਅਦ ਉਹ ਇਸ ਬਾਰੇ ਅਰਜ਼ੀ ਦੇ ਸਕਦੇ ਹਨ ਕਿ ਉਨ੍ਹਾਂ ਨੂੰ ਮਨੁੱਖੀ ਅਧਾਰ 'ਤੇ ਜਾਂ ਤਰਸ ਦੇ ਅਧਾਰ ‘ਤੇ ਕੈਨੇਡਾ ਵਿੱਚ ਹੀ ਰਹਿਣ ਦਿੱਤਾ ਜਾਵੇ।”

ਉਨ੍ਹਾਂ ਦੱਸਿਆ ਕਿ ਇਸ ਲਈ ਅਰਜ਼ੀ ਦੇਣ ਵਾਲੇ ਦੇ ਕੈਨੇਡਾ ਨਾਲ ਰਿਸ਼ਤੇ ਅਤੇ ਉਸ ਦੇ ਬੱਚਿਆਂ ਦੇ ਚੰਗੇ ਭਵਿੱਖ ਦਾ ਧਿਆਨ ਰੱਖਿਆ ਜਾਂਦਾ ਹੈ। ਜਸਕੀਰਤ ਦਾ ਇੱਕ 9 ਸਾਲ ਦਾ ਪੁੱਤਰ ਹੈ, ਜਿਸ ਨੂੰ ਡਾਕਟਰੀ ਸਹਾਇਤਾ ਦੀ ਬਹੁਤ ਲੋੜ ਰਹਿੰਦੀ ਹੈ।

ਵਕੀਲ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਇਹ ਕੈਨੇਡੀਆਈ ਲੋਕਾਂ ਦਾ ਇਮਤਿਹਾਨ ਹੈ ਕਿ ਉਹ ਮੁਆਫ਼ੀ ਜਾਂ ਲੋਕਾਂ ਨੂੰ ਆਪਣੇ ਕੀਤੇ ਦੀ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ ਇਸ ਬਾਰੇ ਸੋਚਣ।”

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੈਨੇਡੀਆਈ ਲੋਕਾਂ ਵਿੱਚ ਹਮਦਰਦੀ ਹੈ ਅਤੇ ਉਹ ਮੁਆਫ਼ ਕਰ ਸਕਦੇ ਹਨ, ਜੋ ਸਾਡੇ ਪੱਖ ਵਿੱਚ ਹੋਵੇਗਾ।

ਵਕੀਲ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਅਰਜ਼ੀ ਪਾਉਣ ਵਾਲੇ ਦਾ ਪਿਛੋਕੜ, ਮੁੜ ਜ਼ਿੰਦਗੀ ਸ਼ੁਰੂ ਕਰਨ ਦੀ ਸੰਭਾਵਨਾ ਅਤੇ ਅਫ਼ੋਸਸ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਕੈਨੇਡੀਆਈ ਪਰਵਾਸ ਮੰਤਰੀ ਵੀ ਇਸ ਮਾਮਲੇ ਵਿੱਚ ਦਖ਼ਲ ਦੇ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)