ਅੰਬਾਨੀ ਪਰਿਵਾਰ ਵਿਆਹ ਦਾ ਇੰਨਾ ਵੱਡਾ ਪ੍ਰੋਗਰਾਮ ਕਰਵਾ ਕੇ ਕੀ ਸੁਨੇਹਾ ਦੇ ਰਿਹਾ - ਹਨੀਫ਼ ਦਾ ਵਲੌਗ

ਅਨੰਤ ਅੰਬਾਨੀ -ਰਾਧਿਕਾ ਮਰਚੈਂਟ

ਤਸਵੀਰ ਸਰੋਤ, ANI

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ

ਬਾਲੀਵੁੱਡ ਦੀਆਂ ਪੁਰਾਣੀ ਫਿਲਮਾਂ ’ਚ ਇੱਕ ਸੀਨ ਵਿਆਹ ਦਾ ਜ਼ਰੂਰ ਹੁੰਦਾ ਸੀ।

ਵਾਜਿਆਂ ਨਾਲ ਬਰਾਤ ਢੁੱਕਦੀ ਸੀ ਤੇ ਜਦੋਂ ਨਿਕਾਹ ਦਾ ਵੇਲਾ ਆਉਂਦਾ ਸੀ ਜਾਂ ਜੋੜਾ ਸੱਤ ਫੇਰੇ ਲੈਣ ਲੱਗਦਾ ਸੀ ਤਾਂ ਕੋਈ ਦਿਲ ਟੁੱਟਾ ਕਿਰਦਾਰ ਆ ਵੜਦਾ ਸੀ ਤੇ ਆ ਕੇ ਡਾਇਲੌਗ ਮਾਰਦਾ ਸੀ , “ਬਈ ਯੇ ਸ਼ਾਦੀ ਨਹੀਂ ਹੋ ਸਕਤੀ’।

ਫਿਰ ਫਿਲਮਾਂ ਮਾਡਰਨ ਹੋ ਗਈਆਂ। ਡਾਇਰੈਕਟਰਾਂ ਨੂੰ ਪਤਾ ਲੱਗਿਆ ਵੀ ਵਿਆਹ, ਬਰਾਤ ਅਤੇ ਵਾਜਿਆਂ ਤੋਂ ਬਿਨ੍ਹਾਂ ਵੀ ਫਿਲਮਾਂ ਬਣ ਸਕਦੀਆਂ ਹਨ।

ਕੁਝ ਨੇ ਇਹ ਸਮਝਿਆ ਕਿ ਅਸਲੀ ਤੇ ਵੱਡੀ ਕਹਾਣੀ ਤਾਂ ਵਿਆਹ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਤੇ ਉਸ ’ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਹਨ।

ਬੀਬੀਸੀ
ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਅਤੇ ਲੇਖਕ - ਮੁਹੰਮਦ ਹਨੀਫ਼

ਹੁਣ ਇਸ ਸਾਲ ਦੇ ਸ਼ੁਰੂ ਤੋਂ ਹੀ ਅੰਬਾਨੀ ਦੇ ਮੁੰਡੇ ਦਾ ਵਿਆਹ ਸ਼ੁਰੂ ਹੋਇਆ ਸੀ।

ਹੁਣ ਅੱਧਾ ਸਾਲ ਗੁਜ਼ਰ ਗਿਆ ਹੈ। ਇਸ ਅੱਧੇ ਸਾਲ ’ਚ ਗਾਜ਼ਾ ਵਿੱਚ ਇਜ਼ਰਾਇਲ ਨੇ ਹਜ਼ਾਰਾਂ ਬੱਚੇ ਮਾਰ ਛੱਡੇ ਹਨ।

ਹਿੰਦੁਸਤਾਨ, ਯੂਕੇ ਅਤੇ ਫਰਾਂਸ ’ਚ ਇਲੈਕਸ਼ਨ ਵੀ ਹੋ ਗਏ ਹਨ। ਇੱਕ ਕ੍ਰਿਕਟ ਦਾ ਵਰਲਡ ਕੱਪ ਵੀ ਹੋ ਗਿਆ ਹੈ, ਪਰ ਅੰਬਾਨੀ ਦੇ ਮੁੰਡੇ ਦਾ ਵਿਆਹ ਅਜੇ ਵੀ ਜਾਰੀ ਹੈ।

ਵਿਆਹ ’ਤੇ ਦਿਖਾਵਾ ਕਰਨਾ ਸੌਖੇ ਲੋਕਾਂ ਦੀ ਪੁਰਾਣੀ ਰੀਤ ਹੈ। ਪਹਿਲੇ ਮਹਿੰਦੀ, ਬਰਾਤ ਅਤੇ ਵਲੀਮਾ ਹੁੰਦਾ ਸੀ।

ਚੌਧਰੀ ਨੇ ਪੂਰੇ ਪਿੰਡ ਨੂੰ ਸੱਦਾ ਦੇ ਦੇਣਾ। ਜਿਹੜਾ ਸ਼ਹਿਰ ਦਾ ਸੇਠ ਹੁੰਦਾ ਸੀ, ਉਸ ਨੇ ਕਿਸੇ ਵਜ਼ੀਰ-ਸਜ਼ੀਰ ਨੂੰ ਬੁਲਾ ਕੇ, ਕਿਸੇ ਐਕਟਰ, ਸਿੰਗਰ ਨੂੰ ਪੈਸੇ ਦੇ ਕੇ ਉਨ੍ਹਾਂ ਦੇ ਨਾਲ ਤਸਵੀਰਾਂ ਖਿੱਚਵਾਉਣੀਆਂ, ਫਿਰ ਰੋਟੀ ਖੋਲ੍ਹ ਦੇਣੀ, ਸਾਰਿਆਂ ਨੂੰ ਰੱਜ ਕੇ ਖਵਾਉਣੀ ਅਤੇ ਉਸ ਤੋਂ ਬਾਅਦ ਤੰਬੂ-ਕਨਾਤਾਂ ਲਪੇਟੀਆਂ ਜਾਣੀਆਂ ਅਤੇ ਲੋਕੀਂ ਆਪਣੇ ਘਰੋ-ਘਰ।

ਅੰਬਾਨੀ ਪਰਿਵਾਰ ਦਾ ਘਰ

ਤਸਵੀਰ ਸਰੋਤ, Getty Images/Punit Paranjpe

ਤਸਵੀਰ ਕੈਪਸ਼ਨ, ਅੰਬਾਨੀ ਪਰਿਵਾਰ ਦਾ ਘਰ

ਅੰਬਾਨੀ ਕਿਉਂਕਿ ਗਲੋਬਲ ਸੇਠ ਹੈ ਇਸ ਲਈ ਉਨ੍ਹਾਂ ਦੇ ਸ਼ਗਨ ਵੀ ਲੰਬੇ ਹਨ ਅਤੇ ਸ਼ਗਨ ਦੇਣ ਲਈ ਵੀ ਮਾਰਕ ਜ਼ੁਕਰਬਰਗ ਤੇ ਬਿੱਲ ਗੇਟ ਹਾਜ਼ਰ ਹੋਏ ਹਨ। ਬਾਲੀਵੁੱਡ ਦੇ ਖਾਨਾਂ ਨੇ ਵੀ ਭੰਗੜੇ ਪਾਏ ਹਨ। ਜਸਟਿਨ ਬੀਬਰ ਤਾਂ ਬਨੈਣ ਪਾ ਕੇ ਨੱਚਿਆ।

ਰਿਹਾਨਾ ਅਤੇ ਦਿਲਜੀਤ ਦੋਸਾਂਝ ਨੱਚੇ ਵੀ ਹਨ ਅਤੇ ਉਨ੍ਹਾਂ ਨੇ ਨਚਾਇਆ ਵੀ ਹੈ।

ਆਪ ਅੰਬਾਨੀ ਅਤੇ ਉਨ੍ਹਾਂ ਦੇ ਬੁਢੀ-ਬੱਚੇ ਵੀ ਗਾਉਂਦਿਆਂ-ਵਜਾਉਂਦਿਆਂ ਦੀਆਂ ਵੀਡੀਓ ਵਿਖਾਉਂਦੇ ਰਹਿੰਦੇ ਹਨ।

ਜਿਵੇਂ ਕਿ ਸਾਨੂੰ ਦੱਸ ਰਹੇ ਹੋਣ ਕਿ ਅਸੀਂ ਸੇਠਾਂ ਦੇ ਸੇਠ ਤਾਂ ਬਣ ਗਏ ਹਾਂ ਪਰ ਅੰਦਰੋਂ ਅਸੀਂ ਵੀ ਤੁਹਾਡੇ ਵਰਗੇ ਹੀ ਹਾਂ।

ਦਿਲ ਸਾਡਾ ਇਹ ਵੀ ਕਰਦਾ ਹੈ ਕਿ ਅਸੀਂ ਸ਼ਾਹਰੁਖ਼ ਖਾਨ ਅਤੇ ਕਰੀਨਾ ਕਪੂਰ ਬਣ ਕੇ ਕੈਮਰੇ ਦੇ ਸਾਹਮਣੇ ਬੁੱਲ੍ਹ ਹਿਲਾਈ ਜਾਈਏ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੁਰਾਣੇ ਸੇਠ ਵੀ ਮੁਨਾਫ਼ਾ ਅਤੇ ਮਜ਼ਦੂਰ ਦੇ ਪਸੀਨੇ ਨਾਲ ਹੀ ਕਮਾਉਂਦੇ ਸਨ, ਪਰ ਹੁਣ ਆ ਗਏ ਨੇ ਮਹਾਂਸੇਠ। ਅੱਜ ਕੱਲ੍ਹ ਤਾਂ ਇੰਝ ਲੱਗਦਾ ਹੈ ਕਿ ਕੁਝ ਤਾਂ ਅੰਬਾਨੀਆਂ ਦੇ ਮਜ਼ਦੂਰ ਨੇ ਅਤੇ ਬਾਕੀ ਸਾਰੇ ਉਨ੍ਹਾਂ ਦੇ…।

ਜਿਸ ਵਾਈਫਾਈ ਜਾਂ ਮੋਬਾਈਲ ਡਾਟਾ ਨਾਲ ਤੁਸੀਂ ਇਹ ਵੀਡੀਓ ਵੇਖ ਰਹੇ ਹੋਵੋਗੇ, ਹੋ ਸਕਦਾ ਹੈ ਕਿ ਉਸ ਦਾ ਬਿੱਲ ਤੁਹਾਨੂੰ ਅੰਬਾਨੀ ਦੀ ਕੋਈ ਕੰਪਨੀ ਭੇਜੇ। ਜਿਸ ਮੋਟਰਸਾਈਕਲ ’ਚ ਸਵੇਰੇ ਪੈਟਰੋਲ ਪਵਾਇਆ ਸੀ ਉਹ ਵੀ ਉਨ੍ਹਾਂ ਨੇ ਹੀ ਤੁਹਾਨੂੰ ਵੇਚਿਆ ਹੋਣਾ ਹੈ।

ਜਿਸ ਸੜਕ ’ਤੇ ਮੋਟਰਸਾਈਕਲ ਚਲਾ ਕੇ ਆਏ ਹੋ ਸ਼ਾਇਦ ਉਸ ਸੜਕ ਨੂੰ ਬਣਾਉਣ ਦਾ ਠੇਕਾ ਵੀ ਉਨ੍ਹਾਂ ਕੋਲ ਹੀ ਰਿਹਾ ਹੋਵੇ।

ਘਰ ਦੇ ਕਿਚਨ ’ਚ ਜਾਵੋਗੇ ਤਾਂ ਗੈਸ ਦਾ ਸਿਲੰਡਰ ਵੀ ਉਨ੍ਹਾਂ ਦਾ ਤੇ ਅੱਜ ਕੱਲ੍ਹ ਸੁਣਿਆ ਹੈ ਕਿ ਆਟਾ-ਦਾਲ, ਆਲੂ-ਟਮਾਟਰ ਵੀ ਵੇਚ ਰਹੇ ਹਨ।

ਬਾਥਰੂਮ ’ਚ ਸਫਾਈ ਵਾਲਾ ਸਾਮਾਨ ਵੀ ਅੰਬਾਨੀ ਦੀ ਕਿਸੇ ਕੰਪਨੀ ਨੇ ਤੁਹਾਨੂੰ ਵੇਚਿਆ ਹੋਣਾ ਹੈ।

ਹੁਣ ਪੰਜ-ਛੇ ਮਹੀਨੇ ਤੋਂ ਚੱਲਦੇ ਵਿਆਹ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਅੰਬਾਨੀ ਹੂਰੀਂ ਇੱਕ ਹੱਥ ਨਾਲ ਸਾਡੀ ਜੇਬ੍ਹ ’ਚੋਂ ਪੈਸੇ ਕੱਢੀ ਜਾ ਰਹੇ ਹਨ ਅਤੇ ਦੂਜੇ ਹੱਥ ਨਾਲ ਉਸੇ ਪੈਸੇ ਨਾਲ ਆਪਣੇ ਮੁੰਡੇ ਦੇ ਵਿਆਹ ਦੀਆਂ ਵੇਲਾਂ ਕਰਵਾਈ ਜਾ ਰਹੇ ਹਨ।

ਪਤਾ ਨਹੀਂ ਇੰਨ੍ਹਾਂ ਲੰਮਾ ਜਸ਼ਨ ਇੰਡੀਆ ਦੀ ਸੌਫਟ ਪਾਵਰ ਵਿਖਾਉਣ ਲਈ ਚੱਲ ਰਿਹਾ ਹੈ ਜਾਂ ਸਿਰਫ਼ ਆਪਣੇ ਮੁੰਡੇ ਦਾ ਦਿਲ ਖੁਸ਼ ਕਰਨ ਲਈ। ਜਾਂ ਜਿਵੇਂ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਓਏ ਗਰੀਬੋ ਵੇਖੋ ਅਤੇ ਸੜੋ।

ਪਰ ਇਹ ਵੀ ਹੋ ਸਕਦਾ ਹੈ ਕਿ ਅੰਬਾਨੀ ਫੈਮਿਲੀ ਨੂੰ ਅਹਿਸਾਸ ਹੋਵੇ ਕਿ ਵਿਆਹ ’ਤੇ ਜਿੰਨੇ ਸੌ ਮਿਲੀਅਨ ਡਾਲਰ ਵੀ ਖਰਚਾ ਹੋ ਗਿਆ, ਆਖਿਰ ਇਹ ਖਰਚਾ ਜਿਹੜਾ ਹੈ ਇਸ ਦੇ ਵਿੱਚ ਅਸੀਂ ਵੀ ਰੁਪਿਆ-ਰੁਪਿਆ ਜੋੜ ਕੇ ਹਿੱਸਾ ਪਾਇਆ ਹੈ ਅਤੇ ਉਹ ਸਾਨੂੰ ਇਹ ਕਹਿ ਰਹੇ ਹੋਣ ਕਿ ਤੁਸੀਂ ਵੀ ਵੀਡੀਓ ਵੇਖੋ ਅਤੇ ਮਜ਼ੇ ਕਰੋ।

ਇਸ ਨੂੰ ਸਾਡਾ ਨਹੀਂ ਸਗੋਂ ਆਪਣਾ ਹੀ ਵਿਆਹ ਸਮਝੋ।

ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇੰਡੀਆ ਦੀ ਹਕੂਮਤ ਦਾ ਵੀ ਸ਼ਾਇਦ ਓਨਾ ਟਹਿਕਾ ਨਹੀਂ ਹੈ ਜਿੰਨਾਂ ਕਿ ਅੰਬਾਨੀਆਂ ਦਾ ਹੈ। ਇਸ ਲਈ ਇੰਨੀ ਹਿੰਮਤ ਤਾਂ ਕਿਸੇ ਦੀ ਹੋ ਨਹੀਂ ਸਕਦੀ ਕਿ ਇਹ ਕਹਿ ਦੇਵੇ ਕਿ ਇਹ ਸ਼ਾਦੀ ਨਹੀਂ ਹੋ ਸਕਦੀ ਹੈ ਜਾਂ ਇਹ ਸ਼ਾਦੀ ਹੁਣ ਖ਼ਤਮ ਵੀ ਕਰਦੋ।

ਅੰਬਾਨੀ ਪਰਿਵਾਰ

ਤਸਵੀਰ ਸਰੋਤ, Getty Images/Sujit Jaiswal

ਤਸਵੀਰ ਕੈਪਸ਼ਨ, ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ

ਪਰ ਗਰੀਬ ਲੋਕ ਹੱਥ ਬੰਨ੍ਹ ਕੇ ਇਹ ਦੁਆ ਤਾਂ ਦੇ ਸਕਦੇ ਹਨ ਕਿ ਰੱਬ ਜੋੜੀ ਸਲਾਮਤ ਰੱਖੇ, ਲੇਕਿਨ ਇਹ ਵਿਆਹ ਹੁਣ ਮੁੱਕਣ ਦਿਓ। ਤੰਬੂ-ਕਨਾਤਾਂ ਲਪੇਟੋ।

ਕਿਤੇ ਪ੍ਰੀਵੈਡਿੰਗ ਅਤੇ ਵੈਡਿੰਗ ਤੋਂ ਬਾਅਦ ਹੁਣ ਕਿਤੇ ਪੋਸਟ ਵੈਡਿੰਗ ਜਸ਼ਨ ਨਾ ਸ਼ੁਰੂ ਕਰ ਦੇਣਾ।

ਇਹ ਨਾ ਹੋਵੇ ਕਿ ਹਨੀਮੂਨ ਹੋਟਲ ਦੇ ਬਾਹਰ ਵੀ ਕੈਮਰੇ ਲੱਗੇ ਹੋਣ ਤੇ ਦਲੇਰ ਮਹਿੰਦੀ ਕੋਈ ਵਿਆਹ ਵਾਲਾ ਗਾਣਾ ਗਾ ਰਿਹਾ ਹੋਵੇ। ਇਸ ਤੋਂ ਬਾਅਦ ਅਸੀਂ ਕਿਸੇ ਕੰਮ ਜੋਗਾ ਨਹੀਂ ਰਹਿਣਾ।

ਆਖ਼ਰ ਨਵੇਂ ਜੋੜੇ ਦੇ ਵੀ ਬੱਚੇ ਹੋਣਗੇ। ਫਿਰ ਉਹ ਵੱਡੇ ਹੋਣਗੇ। ਫਿਰ ਉਨ੍ਹਾਂ ਦਾ ਵੀ ਵਿਆਹ ਹੋਵੇਗਾ।

ਉਸ ਦਾ ਭਾਰ ਕਿਸਨੇ ਚੁੱਕਣਾ ਹੈ? ਜੇਕਰ ਸਾਡੇ ਕੋਲ ਮਜ਼ਦੂਰੀ ਕਰਨ ਦਾ ਟਾਇਮ ਨਾ ਹੋਇਆ ਅਤੇ ਅਸੀਂ ਤੁਹਾਡੇ ਮੋਬਾਇਲ ਡਾਟਾ ਦੇ ਬਿੱਲ ਨਾ ਦਿੱਤੇ ਤਾਂ ਇਨ੍ਹਾਂ ਬੱਚਿਆਂ ਦੇ ਬੱਚਿਆਂ ਦੇ ਵਿਆਹ ਦਾ ਖਰਚ ਕਿੱਥੋਂ ਪੂਰਾ ਹੋਵੇਗਾ?

ਰੱਬ ਰਾਖਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)