'ਛੋਟੇ ਸਰਦਾਰ ਜੀ' ਦੇ ਨਾਂਅ ਤੋਂ ਮਸ਼ਹੂਰ ਇਹ ਨੌਜਵਾਨ ਕਦੇ ਹੁੰਦਾ ਸੀ ਮਜ਼ਾਕ ਦਾ ਪਾਤਰ, ਅੱਜ ਹੋਰਨਾਂ ਲਈ ਬਣ ਰਿਹਾ ਪ੍ਰੇਰਨਾ

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਦਿਲਪ੍ਰੀਤ ਸਿੰਘ ਗੁਰੂ ਘਰ 'ਚ ਸੇਵਾ ਨਿਭਾਉਣ ਦੇ ਨਾਲ-ਨਾਲ ਫ਼ੂਡ ਡਿਲੀਵਰੀ ਦਾ ਵੀ ਕੰਮ ਕਰਦੇ ਹਨ
    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੱਤਰਕਾਰ

''ਪਹਿਲਾਂ ਲੋਕ ਤਾਹਨੇ ਮਾਰਦੇ ਸਨ ਪਰ ਅੱਜ ਸੇਵਾਦਾਰ ਦਾ ਅਹੁਦਾ ਮਿਲਿਆ, ਇੱਕ ਪਾਸੇ ਲੋਕ ਵਾਲੇ ਸਰਦਾਰ ਜੀ ਕਹਿ ਰਹੇ ਹਨ , ਦੂਜੇ ਪਾਸੇ ਗੁਰਦੁਆਰੇ ਵਾਲੇ ਛੋਟੇ ਪ੍ਰਧਾਨ ਜੀ ਕਹਿ ਰਹੇ ਹਨ, ਹੁਣ ਸਤਿਕਾਰ ਮਿਲ ਰਿਹਾ ਹੈ।''

19 ਸਾਲ ਦੇ ਦਿਲਪ੍ਰੀਤ ਸਿੰਘ ਹੁਣ ਹੌਂਸਲੇ ਨਾਲ ਲਬਰੇਜ਼ ਹਨ, ਪਰ 3 ਫੁੱਟ 5 ਇੰਚ ਦੇ ਇਸ ਨੌਜਵਾਨ ਦੇ ਹਾਲਾਤ ਹਮੇਸ਼ਾ ਤੋਂ ਅਜਿਹੇ ਨਹੀਂ ਸਨ । ਛੋਟੇ ਕੱਦ ਕਰਕੇ ਬਚਪਨ ਤੋਂ ਹੀ ਦਿਲਪ੍ਰੀਤ ਨੂੰ ਮਜ਼ਾਕ ਸਹਿਣਾ ਪਿਆ ਪਰ ਹੁਣ ਸਥਿਤੀ ਬਦਲ ਗਈ ਹੈ ।

ਪਠਾਨਕੋਟ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਵਿੱਚ ਬਤੌਰ ਸੇਵਾਦਾਰ ਡਿਊਟੀ ਦਿੰਦੇ ਹਨ ਅਤੇ ਰਾਤ ਵੇਲੇ ਖਾਣਾ ਡਿਲਵਰ ਕਰਨ ਵਾਲੀ ਇੱਕ ਕੰਪਨੀ ਵਿੱਚ ‘ਡਿਲਵਰੀ’ ਬੁਆਏ ਵਜੋਂ ਕੰਮ ਵੀ ਕਰਦੇ ਹਨ ।

ਅੱਜ ਸਨਮਾਨ ਦੀ ਜ਼ਿੰਦਗੀ ਜਿਉਂ ਰਹੇ ਦਿਲਪ੍ਰੀਤ ਨੇ ਹਾਲਾਂਕਿ ਲੰਘੇ ਦੋ ਦਹਾਕਿਆਂ ਵਿੱਚ ਕਾਫੀ ਨਿਰਾਸ਼ਾ ਸਹਿਣ ਕੀਤੀ ਹੈ।

ਛੋਟੇ ਕੱਦ ਕਰਕੇ ਕਦੇ ਲੋਕ ਬੋਣਾ ਤਾਂ ਕਦੇ ਛੋਟਾ ਭਾਈ ਆਖਦੇ

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਦਿਲਪ੍ਰੀਤ ਦਾ ਕੱਦ ਮਹਿਜ਼ 3 ਫੁੱਟ 5 ਇੰਚ ਹੈ, ਜਿਸ ਕਰਕੇ ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ

ਦਿਲਪ੍ਰੀਤ ਸਿੰਘ ਹੋਰਨਾਂ ਨਾਲੋ ਬਹੁਤ ਵੱਖ ਹੈ। 19 ਸਾਲ ਦੇ ਇਸ ਨੌਜਵਾਨ ਦਾ ਕੱਦ ਮਹਿਜ਼ 3 ਫੁੱਟ 5 ਇੰਚ ਹੈ। ਛੋਟੇ ਕੱਦ ਕਾਰਨ ਉਨ੍ਹਾਂ ਨੂੰ ਬਚਪਨ ਤੋਂ ਹੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ।

ਬਚਪਨ ਤੋ ਹੀ ਉਨ੍ਹਾਂ ਨੂੰ ਹਰ ਕਿਸੇ ਨੇ ਮਜ਼ਾਕ ਦਾ ਪਾਤਰ ਬਣਾਇਆ ਅਤੇ ਜਦ ਉਹ ਸਕੂਲ 'ਚ ਪੜ੍ਹਨ ਜਾਂਦੇ ਤਾਂ ਉਥੇ ਵੀ ਬੱਚਿਆਂ ਵਿੱਚ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਰਾਹ ਜਾਂਦੇ ਲੋਕ ਵੀ ਅਕਸਰ 'ਬੋਣਾ ਜਾਂ ਛੋਟਾ ਭਾਈ' ਆਖ ਕੇ ਚਲੇ ਜਾਂਦੇ ਸਨ।

ਦਿਲਪ੍ਰੀਤ ਲਈ ਇਹ ਸੁਣਨਾ ਅਤੇ ਲੋਕਾਂ ਵੱਲੋਂ ਉਨ੍ਹਾਂ ਦਾ ਮਜ਼ਾਕ ਬਣਾਉਣਾ ਤਾਂ ਜਿਵੇਂ ਰੋਜ਼ਾਨਾ ਦੀ ਰੁਟੀਨ ਹੀ ਹੋ ਗਿਆ ਸੀ। ਦਿਲਪ੍ਰੀਤ ਸਿੰਘ ਦੱਸਦੇ ਹਨ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਖੁਦ ਨੂੰ ਦੇਖ ਕੇ ਅਫ਼ਸੋਸ ਹੁੰਦਾ, ਅਤੇ ਉਹ ਰੋਂਦੇ ਹੋਏ ਇਹ ਸਵਾਲ ਕਰਦੇ ਕਿ ਉਹ ਬਾਕੀਆਂ ਨਾਲੋਂ ਵੱਖ ਕਿਉਂ ਹਨ?

ਦਿਲਪ੍ਰੀਤ ਨੇ ਕਿਹਾ ਕਿ ਇਸ ਕਰਕੇ ਦਿਲ ਪਰੇਸ਼ਾਨ ਹੁੰਦਾ ਸੀ, ਇਸੇ ਲਈ ਪੜ੍ਹਾਈ ਤੋਂ ਮਨ ਅੱਕ ਗਿਆ, ਪਰ ਉਨ੍ਹਾਂ ਨੇ ਜ਼ਿੰਦਗੀ ਪ੍ਰਤੀ ਆਪਣਾ ਸਕਾਰਤਮਕ ਰਵਈਆਂ ਕਦੇ ਨਹੀਂ ਛੱਡਿਆ ।

ਦਿਲਪ੍ਰੀਤ ਸਿੰਘ ਨੇ ਦੱਸਿਆ, “ਜਦੋਂ ਵੀ ਸਾਇਕਲ 'ਤੇ ਮੈਂ ਲੰਘਣਾ ਤਾਂ ਲੋਕਾਂ ਨੇ ਕਹਿਣਾ ਛੋਟਾ ਭਾਈ ਜਾ ਰਿਹਾ , ਬੌਣਾ ਆਦਮੀ ਜਾ ਰਿਹਾ, ਮੈਂ ਵੀ ਉਸ ਵੇਲੇ ਸੋਚਦਾ ਸੀ ਕਿ ਚਲੋ ਮੈਨੂੰ ਪ੍ਰਮਾਤਮਾ ਨੇ ਜਿੰਨ੍ਹਾਂ ਦਿੱਤਾ ਮੈਂ ਆਪਣੇ ਕਦਮਾਂ 'ਤੇ ਚੱਲ ਸਕਦਾ ਹਾਂ , ਕਈ ਲੋਕ ਮੈਂ ਉਹ ਵੀ ਦੇਖੇ , ਜਿੰਨ੍ਹਾਂ ਦੀਆਂ ਲੱਤਾਂ-ਬਾਹਾਂ ਨਹੀਂ ਹਨ ।”

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਰਾਹ ਜਾਂਦੇ ਲੋਕ ਅਕਸਰ ਦਿਲਪ੍ਰੀਤ ਨੂੰ 'ਬੋਣਾ ਜਾਂ ਛੋਟਾ ਭਾਈ' ਆਖ ਕੇ ਚਲੇ ਜਾਂਦੇ ਸਨ

ਦਿਲਪ੍ਰੀਤ ਸਿੰਘ ਆਪਣਾ ਛੋਟੇ ਹੁੰਦਿਆਂ ਦਾ ਇੱਕ ਕਿੱਸਾ ਸਾਂਝਾ ਕਰਦੇ ਹਨ ਕਿ ਪਠਾਨਕੋਟ 'ਚ ਇੱਕ ਜਾਦੂਗਰ ਦਾ ਸ਼ੋਅ ਹੋ ਰਿਹਾ ਸੀ, ਜਿੱਥੇ ਜਦ ਉਹ ਗਏ ਤਾਂ ਉਥੇ ਸਟੇਜ ਤੋਂ ਇਹ ਕਿਹਾ ਗਿਆ ਕਿ 'ਤੈਨੂੰ ਤਾਂ ਸਰਕਸ ਵਾਲੇ ਚੁੱਕ ਕੇ ਲੈ ਜਾਣਗੇ।'

ਇਹ ਸੁਣ ਕੇ ਉਹ ਕਈ ਦਿਨਾਂ ਤੱਕ ਡਰ ਵਿੱਚ ਹੀ ਰਹੇ ਅਤੇ ਪੂਰੀ ਰਾਤ ਇਕੱਲੇ ਰੋਂਦੇ ਰਹੇ।

ਦਿਲਪ੍ਰੀਤ ਦੱਸਦੇ ਹਨ ਕਿ, "ਪਰਿਵਾਰ 'ਚੋਂ ਮੇਰੇ ਮਾਤਾ-ਪਿਤਾ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਹੈ, ਪਰ ਮੇਰੀ ਜ਼ਿੰਦਗੀ 'ਚ ਆਏ ਇੱਕ ਬਜ਼ੁਰਗ ਨੇ ਮੇਰੀ ਸੋਚ ਬਦਲੀ। ਉਸ ਬਜ਼ੁਰਗ ਨੇ ਮੈਨੂੰ ਕਿਹਾ ਕਿ ਗੁਰੂ ਘਰ 'ਤੇ ਵਿਸ਼ਵਾਸ ਰੱਖ, ਲੋਕਾਂ ਦੀਆਂ ਗੱਲਾਂ ਨੂੰ ਛੱਡ ਕੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰ ਅਤੇ ਆਪਣੀ ਮਿਹਨਤ ਜਾਰੀ ਰੱਖ।"

ਫਿਰ ਮੈਂ ਸੋਚਿਆ ਨਹੀਂ ਸੀ ਕਿ ਕਦੇ ਇਨ੍ਹਾਂ ਸਤਿਕਾਰ ਵੀ ਮਿਲੇਗਾ।

ਦਿਲਪ੍ਰੀਤ ਸਿੰਘ ਨੂੰ ਮਿਲੀ ਇੱਕ ਵੱਖਰੀ ਪਹਿਚਾਣ

ਸੰਤ ਆਸ਼ਰਮ ਗੁਰਦੁਆਰਾ ਸਾਹਿਬ
ਤਸਵੀਰ ਕੈਪਸ਼ਨ, ਸੰਤ ਆਸ਼ਰਮ ਗੁਰਦੁਆਰਾ ਸਾਹਿਬ, ਪਠਾਨਕੋਟ

ਦਿਲਪ੍ਰੀਤ ਸਿੰਘ ਨੂੰ ਪਠਾਨਕੋਟ ਸ਼ਹਿਰ ਦੇ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਦੀ ਸਥਾਨਕ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ 'ਚ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਦਿਲਪ੍ਰੀਤ ਦਾ ਕਹਿਣਾ ਹੈ ਕਿ ਜਿਸ ਮੁਕਾਮ 'ਤੇ ਅੱਜ ਉਹ ਹਨ ਉਹ ਹਾਸਲ ਕਰਨਾ ਇਨ੍ਹਾਂ ਸੌਖਾ ਨਹੀਂ ਸੀ, ਉਨ੍ਹਾਂ ਨੂੰ ਲੋਕਾਂ ਦਾ ਮਜ਼ਾਕ ਅਤੇ ਤਾਹਨੇ ਜ਼ਰੂਰ ਸੁਣਨ ਨੂੰ ਮਿਲੇ, ਪਰ ਉਸ ਨੇ ਆਪਣਾ ਸੰਘਰਸ਼ ਜਾਰੀ ਰੱਖਿਆ।

ਦਿਲਪ੍ਰੀਤ ਮੁਤਾਬਕ ਜਦ ਉਹ 12ਵੀਂ ਦੀ ਪੜਾਈ ਕਰ ਰਹੇ ਸਨ ਤਾਂ ਉਸ ਵਿਚਾਲੇ ਹੀ ਉਨ੍ਹਾਂ ਨੇ ਲਿੱਚੀ ਦੇ ਬਾਗ਼ 'ਚ ਕੰਮ ਕਰਨ ਦਾ ਮਨ ਬਣਾਇਆ।

ਉਥੇ ਉਨ੍ਹਾਂ ਨੂੰ 100 ਰੁਪਏ ਦਿਹਾੜੀ 'ਤੇ ਕੰਮ ਮਿਲਿਆ, ਪਰ ਉਥੇ ਬਹੁਤ ਸਮਾਂ ਉਨ੍ਹਾਂ ਦਾ ਮਨ ਨਾ ਲੱਗਿਆ ਤਾਂ ਉਨ੍ਹਾਂ ਨੇ ਪਹਿਲਾਂ ਇੱਕ ਰੈਡੀਮੇਡ ਕੱਪੜੇ ਦੀ ਦੁਕਾਨ 'ਤੇ ਅਤੇ ਫਿਰ ਇੱਕ ਸੁਨਿਆਰੇ ਦੀ ਦੁਕਾਨ 'ਤੇ ਕੰਮ ਕੀਤਾ।

ਇਸ ਤਰ੍ਹਾਂ ਕਰੀਬ ਦੋ ਸਾਲ ਉਨ੍ਹਾਂ ਨੇ ਦੁਕਾਨਾਂ 'ਤੇ ਕੰਮ ਕੀਤਾ। ਇਸ ਸਭ ਦੇ ਨਾਲ ਉਹ ਰੋਜ਼ਾਨਾ ਸਵੇਰੇ-ਸ਼ਾਮ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾਂਦੇ ਅਤੇ ਉਨ੍ਹਾਂ ਦਾ ਧਿਆਨ ਗੁਰੂ ਘਰ ਨਾਲ ਜੁੜਦਾ ਗਿਆ।

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਦਿਲਪ੍ਰੀਤ ਸਿੰਘ ਪੂਰੀ ਮਰਿਯਾਦਾ ਅਨੁਸਾਰ ਗੁਰੂ ਘਰ 'ਚ ਆਪਣੀ ਸੇਵਾ ਨਿਭਾ ਰਹੇ ਹਨ

ਦਿਲਪ੍ਰੀਤ ਨੂੰ ਰੋਜ਼ਾਨਾ ਆਉਂਦੇ ਦੇਖ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਨੌਜਵਾਨਾਂ ਨੇ ਉਨ੍ਹਾਂ ਇਥੇ ਪੱਕੇ ਤੌਰ 'ਤੇ ਸੇਵਾਦਾਰ ਦਾ ਅਹੁਦਾ ਸੰਭਾਲਣ ਦੀ ਗੱਲ ਆਖੀ।

ਫਿਰ ਉਨ੍ਹਾਂ ਨੇ ਕਮੇਟੀ ਅੱਗੇ ਸਿਫਾਰਸ਼ ਵੀ ਕੀਤੀ ਪਰ ਪਹਿਲਾਂ ਕੁਝ ਕਮੇਟੀ ਮੈਂਬਰਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ 'ਇਸ ਕੋਲੋਂ ਕੁਝ ਨਹੀਂ ਹੁਣਾ', ਪਰ ਬਾਕੀ ਸੰਗਤ ਅਤੇ ਨੌਜਵਾਨ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਰਹੇ ਅਤੇ ਉਨ੍ਹਾਂ ਨੂੰ ਗੁਰੂ ਘਰ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਲਿਆ ਗਿਆ।

ਹੁਣ ਉਹ ਦਿਨ ਰਾਤ ਗੁਰੂ ਘਰ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਫ਼ੂਡ ਡਿਲੀਵਰੀ ਦਾ ਵੀ ਕੰਮ ਕਰਦੇ ਹਨ। ਕਮੇਟੀ ਦੀ ਸਹਿਮਤੀ ਨਾਲ ਹੀ ਉਹ ਰਾਤ ਦੇ 8 ਵਜੇ ਤੋਂ 11 ਵਜੇ ਤੱਕ ਡਿਲੀਵਰੀ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ-

ਜ਼ਿੰਦਗੀ 'ਚ ਜੇ ਤਾਅਨੇ ਮਿਲੇ, ਤਾਂ ਚੰਗੇ ਦੋਸਤ ਵੀ ਮਿਲੇ

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਦਿਲਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ

ਦਿਲਪ੍ਰੀਤ ਸਿੰਘ ਦੱਸਦੇ ਹਨ ਕਿ ਪਠਾਨਕੋਟ ਦੇ ਹੀ ਰਹਿਣ ਵਾਲੇ ਇੱਕ ਕਾਰੋਬਾਰੀ ਨੇ ਉਸ ਨੂੰ ਕਈ ਸਾਲਾਂ ਪਹਿਲਾਂ ਕੰਮ ਮੰਗਣ 'ਤੇ ਇਹ ਤਾਅਨਾ ਮਰਿਆ ਸੀ ਕੀ 'ਤੂੰ ਕਦੇ ਕੋਈ ਕੰਮ ਨਹੀਂ ਕਰ ਸਕਦਾ ਅਤੇ ਨਾ ਹੀ ਤੈਨੂੰ ਕਿਸੇ ਨੇ ਕੰਮ ਦੇਣਾ ਹੈ।'

ਹੁਣ ਕੁਝ ਦਿਨ ਪਹਿਲਾਂ ਦਿਲਪ੍ਰੀਤ ਉਸ ਕਾਰੋਬਾਰੀ ਦੇ ਘਰ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਪਾਠੀ ਸਿੰਘਾਂ ਨਾਲ ਗਏ ਸਨ।

ਉਥੇ ਉਨ੍ਹਾਂ ਨੇ ਪ੍ਰਸ਼ਾਦ ਤਿਆਰ ਕੀਤਾ ਅਤੇ ਹੋਰ ਸੇਵਾ ਨਿਭਾਈ ਤਾਂ ਇਹ ਦੇਖ ਉਸ ਇਨਸਾਨ ਦੇ ਹੁਣ ਅਲਫਾਜ਼ ਸਨ ਕਿ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੂੰ ਅੱਗੇ ਵਧੇਗਾ, ਪਰ ਪ੍ਰਮਾਤਮਾ ਨੇ ਤੇਰੀ ਸੁਣ ਲਈ।"

ਦਿਲਪ੍ਰੀਤ ਨੇ ਦੱਸਿਆ ਕਿ, "ਹੁਣ ਤੱਕ ਜ਼ਿੰਦਗੀ 'ਚ ਉਨ੍ਹਾਂ ਦੇ ਕੋਈ ਬਹੁਤੇ ਦੋਸਤ ਨਹੀਂ ਹਨ, ਮਹਿਜ਼ ਇੱਕ ਦੋ ਦੋਸਤ ਹੀ ਹਨ ਜਿਹਨਾਂ 'ਚੋ ਮੱਖਣ ਸਿੰਘ ਖ਼ਾਸ ਹੈ, ਜਿਸ ਨੇ ਹਮੇਸ਼ਾ ਇਹੀ ਕਿਹਾ ਕਿ ਘਰ ਤੋਂ ਬਾਹਰ ਨਿਕਲ ਅਤੇ ਦੁਨੀਆ ਦੇਖ। ਉਹ ਮੈਨੂੰ ਹਰ ਵਾਰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਬਾਹਰ ਲੈ ਜਾਂਦਾ। ਉਸਨੇ ਹਮੇਸ਼ਾ ਸਾਥ ਦਿੱਤਾ ਅਤੇ ਮੇਰੀ ਜ਼ਿੰਦਗੀ 'ਚ ਇੱਕ ਵਡਾ ਬਦਲਾਅ ਲਿਆਂਦਾ, ਜਦ ਵੀ ਕੋਈ ਮਖੌਲ ਕਰਦਾ ਤਾਂ ਉਹ ਭਰਾਵਾਂ ਵਾਂਗ ਮੇਰੇ ਅੱਗੇ ਖੜ੍ਹ ਜਾਂਦਾ ਸੀ।"

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦਿਲਪ੍ਰੀਤ ਸਿੰਘ ਦੀ ਡਿਊਟੀ ਸਵੇਰ 4 ਵਜੇ ਤੋਂ ਸ਼ੁਰੂ ਹੋ ਹੁੰਦੀ ਹੈ, ਚਾਹੇ ਉਹ ਗੁਰੂ ਘਰ ਦੇ ਦਵਾਰ ਖੋਲ੍ਹਣ ਦੀ ਹੋਵੇ, ਦੇਗ਼ ਤਿਆਰ ਕਰਨ ਦੀ ਹੋਵੇ ਜਾਂ ਗੁਰੂ ਘਰ ਵਿੱਚ ਆਉਣ ਵਾਲੀ ਸੰਗਤ ਦੇ ਕਿਸੇ ਕਾਰਜ 'ਚ ਉਨ੍ਹਾਂ ਦੀ ਲੋੜ ਹੋਵੇ।

ਇਸੇ ਤਰ੍ਹਾਂ ਸ਼ਾਮ ਵੇਲੇ ਵੀ ਦਿਲਪ੍ਰੀਤ ਸਿੰਘ ਹੀ ਸਭ ਕਾਰਜ ਦੇਖਦੇ ਹਨ ਅਤੇ ਜੇਕਰ ਕਈ ਵਾਰ ਕੋਈ ਗ੍ਰੰਥੀ ਸਿੰਘ ਛੁੱਟੀ 'ਤੇ ਹੋਣ ਤਾਂ ਪਾਠ ਵੀ ਉਹ ਆਪ ਹੀ ਕਰਦੇ ਹਨ।

ਦਿਲਪ੍ਰੀਤ ਸਿੰਘ ਪੂਰੀ ਮਰਿਯਾਦਾ ਅਨੁਸਾਰ ਗੁਰੂ ਘਰ 'ਚ ਆਪਣੀ ਸੇਵਾ ਨਿਭਾ ਰਹੇ ਹਨ।

ਸੇਵਾ ਦੇਣ ਤੋਂ ਨਾ ਕਰਨ ਵਾਲੇ ਕਮੇਟੀ ਮੈਂਬਰ ਅੱਜ 'ਛੋਟਾ ਪ੍ਰਧਾਨ ਜੀ' ਆਖਦੇ

ਦਿਲਪ੍ਰੀਤ ਸਿੰਘ
ਤਸਵੀਰ ਕੈਪਸ਼ਨ, ਦਿਲਪ੍ਰੀਤ ਸਿੰਘ ਹੁਣ ਕੀਰਤਨ ਦੀ ਸਿਖਲਾਈ ਵੀ ਲੈ ਰਹੇ ਹਨ

ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨੌਜਵਾਨ ਮੈਂਬਰ ਅਮਨਦੀਪ ਸਿੰਘ ਦੱਸਦੇ ਹਨ ਕਿ, ਉਹਨਾਂ ਦੀ ਪਹਿਲੀ ਵਾਰ ਦਿਲਪ੍ਰੀਤ ਨਾਲ ਮੁਲਾਕਾਤ ਕਰੀਬ 8 ਸਾਲ ਪਹਿਲਾਂ ਸੀ, ਉਸ ਸਮੇਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਅਤੇ ਦਿਲਪ੍ਰੀਤ ਸਿੰਘ ਹੋਰ ਸੰਗਤ ਵਾਂਗ ਇਥੇ ਪੂਰੀ ਸੇਵਾ ਨਿਭਾਉਣ ਆਉਂਦਾ ਸੀ।

ਇਥੇ ਹੀ ਹੋਰਨਾਂ ਨੌਜਵਾਨਾਂ ਦਾ ਦਿਲਪ੍ਰੀਤ ਨਾਲ ਖ਼ਾਸ ਸਬੰਧ ਬਣ ਗਿਆ। ਦਿਲਪ੍ਰੀਤ ਦੀ ਸੇਵਾ ਦੇਖ ਸਾਰੇ ਨੌਜਵਾਨਾਂ ਨੇ ਸਥਾਨਕ ਕਮੇਟੀ ਦੇ ਮੈਂਬਰਾਂ ਨੂੰ ਦਿਲਪ੍ਰੀਤ ਨੂੰ ਪੱਕੇ ਤੌਰ 'ਤੇ ਮੁੱਖ ਸੇਵਾਦਾਰ ਵਜੋਂ ਨੌਕਰੀ ਦੇਣ ਦੀ ਅਪੀਲ ਕੀਤੀ।

ਪਹਿਲਾਂ ਤਾਂ ਕਮੇਟੀ ਮੈਂਬਰਾਂ ਨੇ ਇਨਕਾਰ ਕਰ ਦਿੱਤਾ ਪਰ ਜਦ ਸੰਗਤ ਨੇ ਇਸ ਦੇ ਹੱਕ 'ਚ ਗੱਲ ਚੁੱਕੀ ਤਾਂ ਹੁਣ ਇਸ ਨੂੰ ਇੱਥੇ ਸੇਵਾਦਾਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।

ਹੁਣ ਤਾਂ ਦਿਲਪ੍ਰੀਤ ਸਿੰਘ ਦੇ ਕੰਮ ਅਤੇ ਜ਼ਿੰਮੇਵਾਰੀ ਨਿਭਾਉਣ ਦੇ ਜਜ਼ਬੇ ਨੂੰ ਦੇਖ ਸਭ ਇਸ ਨੂੰ ਪ੍ਰਧਾਨ ਜੀ ਬੁਲਾਉਂਦੇ ਹਨ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ, ਕਿਰਤ ਸਿੰਘ ਦਾ ਕਹਿਣਾ ਹੈ ਕਿ ਦਿਲਪ੍ਰੀਤ ਦੀ ਡਿਊਟੀ ਬੜੀ ਸਖ਼ਤ ਹੈ, ਪਰ ਉਹ ਇਸ ਨੂੰ ਬਾਖ਼ੂਬੀ ਅਤੇ ਜ਼ਿੰਮੇਵਾਰੀ ਨਾਲ ਨਿਭਾ ਰਿਹਾ ਹੈ।

ਹੁਣ ਉਹ ਕੀਰਤਨ ਦੀ ਸਿਖਲਾਈ ਵੀ ਲੈ ਰਿਹਾ ਹੈ ਅਤੇ ਦਿਲਪ੍ਰੀਤ ਸਿੰਘ ਹੋਰਨਾਂ ਲਈ ਇੱਕ ਵੱਡੀ ਮਿਸਾਲ ਹੈ ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)