ਕੈਨੇਡਾ ਕਿਵੇਂ ਬਣ ਗਿਆ ਕਾਰ ਚੋਰਾਂ ਦੀ ਰਾਜਧਾਨੀ, ਚੋਰਾਂ ਤੋਂ ਬਚਣ ਲਈ ਕੀ ਉਪਾਅ ਕਰ ਰਹੇ ਲੋਕ

ਤਸਵੀਰ ਸਰੋਤ, Getty Images
- ਲੇਖਕ, ਨਾਦਿਨ ਯੁਸੂਫ਼
- ਰੋਲ, ਬੀਬੀਸੀ ਨਿਊਜ਼
ਲੋਗਨ ਲਾਫਾਰਨੀਏਰੇ ਜਦੋਂ ਅਕਤੂਬਰ 2022 ਦੀ ਇੱਕ ਸਵੇਰ ਨੂੰ ਉੱਠੇ ਤਾਂ ਉਹ ਜਿਸ ਥਾਂ ਉੱਤੇ ਆਪਣਾ ਵਾਹਨ ਖੜ੍ਹਾ ਕਰਦੇ ਸਨ ਉਹ ਖਾਲੀ ਪਈ ਸੀ।
ਉਨ੍ਹਾਂ ਦਾ ਨਵਾਂ ਨਕੋਰ ਰੈਮ ਰੀਬਲ ਟਰੱਕ ਉੱਥੇ ਨਹੀਂ ਸੀ।
ਉਨ੍ਹਾਂ ਦੇ ਕੈਮਰਿਆਂ ਵਿੱਚ ਦੋ ਬੰਦੇ ਵੇਖੇ ਗਏ ਜੋ ਦੇਰ ਰਾਤ ਮਿਲਟਨ, ਓਂਟਾਰੀਓ ਵਿਚਲੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਆਸਾਨੀ ਨਾਲ ਗੱਡੀ ਚੋਰੀ ਕਰਕੇ ਲੈ ਗਏ।
ਕੁਝ ਮਹੀਨੇ ਬਾਅਦ ਇਹੀ ਟਰੱਕ ਕਰੀਬ 8500 ਕਿਲੋਮੀਟਰ ਦੂਰ ਘਾਨਾ ਵਿੱਚ ਇੱਕ ਵੈੱਬਸਾਈਟ ਉੱਤੇ ਵੇਚਣ ਲਈ ਪਾਇਆ ਗਿਆ।
ਲਾਫਾਰਨੀਏਰੇ ਨੇ ਬੀਬੀਸੀ ਨੂੰ ਦੱਸਿਆ, “ਇਸ ਬਾਰੇ ਪਤਾ ਲੈਪਟੋਪ ਹੋਲਡਰ ਤੋਂ ਲੱਗਾ ਜੋ ਅਸੀਂ ਡਰਾਈਵਰ ਸੀਟ ਦੇ ਪਿੱਛੇ ਆਪਣੇ ਪੁੱਤ ਲਈ ਲਗਾਇਆ ਸੀ, ਉਸ ਨੂੰ ਇਸ ਨੇ ਇਸ ਵਿੱਚ ਕੂੜਾ ਪਾਇਆ ਸੀ।”
ਉਨ੍ਹਾਂ ਨੇ ਦੱਸਿਆ ਕਿ ਇਹੀ ਕੂੜਾ, ਵੇਚਣ ਲਈ ਪਾਈ ਗਈ ਗੱਡੀ ਵਿੱਚ ਦੇਖਿਆ ਜਾ ਸਕਦਾ ਸੀ।

ਤਸਵੀਰ ਸਰੋਤ, Getty images
ਲਾਫਾਰਨੀਏਰੇ ਦੀ ਕਹਾਣੀ ਕੋਈ ਅਨੋਖੀ ਨਹੀਂ ਹੈ। ਸਾਲ 2022 ਵਿੱਚ ਕੈਨੇਡਾ ਵਿੱਚ 105,000 ਤੋਂ ਵੱਧ ਕਾਰਾਂ ਚੋਰੀ ਹੋਈਆਂ। ਲਗਭਗ ਹਰ ਪੰਜ ਮਿੰਟ ਵਿੱਚ ਇੱਕ ਗੱਡੀ।
ਇੱਥੋਂ ਤੱਕ ਕਿ ਕੈਨੇਡਾ ਦੇ ਨਿਆਂ ਮੰਤਰੀ ਦੀ ਸਰਕਾਰੀ ਟੋਯੋਟੋ ਹਾਈਲੈਂਡਰ ਐਕਸਐਲਈ ਚੋਰਾਂ ਵੱਲੋਂ ਦੋ ਵਾਰੀ ਚੋਰੀ ਕਰ ਲਈ ਗਈ ਸੀ।
ਇਨ੍ਹਾਂ ਗਰਮੀਆਂ ਵਿੱਚ ਪਹਿਲਾਂ, ਇੰਟਰਪੋਲ ਦੀ ਸੂਚੀ ਵਿੱਚ ਕੈਨੇਡਾ ਨੂੰ ਕਾਰਾਂ ਚੋਰੀ ਹੋਣ ਦੇ ਮਾਮਲੇ ਵਿੱਚ 137 ਦੇਸ਼ਾਂ ਵਿੱਚੋਂ ਪਹਿਲੇ 10 ਦੇਸ਼ਾਂ ਵਿੱਚ ਰੱਖਿਆ ਗਿਆ ਸੀ।
ਇੱਕ ਬੁਲਾਰੇ ਨੇ ਕਿਹਾ ਕਿ ਕੈਨੇਡਾ ਨੇ ਇੰਟਰਪੋਲ(ਕੌਮਾਂਤਰੀ ਪੁਲਿਸ ਸੰਸਥਾ) ਨਾਲ ਆਪਣਾ ਡੇਟਾ ਸਾਂਝਾ ਕਰਨਾ ਫਰਵਰੀ ਵਿੱਚ ਹੀ ਸ਼ੁਰੂ ਕੀਤਾ ਸੀ ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਾਂ ਨੂੰ ਚੋਰੀ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਹਿੰਸਕ ਅਪਰਾਧਾਂ ਲਈ ਵਰਤਿਆ ਜਾਂਦਾ ਹੈ ਜਾਂ ਕੈਨੇਡਾ ਵਿੱਚ ਹੀ ਹੋਰ ਕੈਨੇਡੀਆਈ ਨਾਗਰਿਕਾਂ ਨੂੰ ਵੇਚਿਆ ਜਾਂਦਾ ਹੈ ਅਤੇ ਜਾਂ ਇਨ੍ਹਾਂ ਨੂੰ ਦੁਬਾਰਾ ਵੇਚੇ ਜਾਣ ਲਈ ਹੋਰ ਦੇਸ਼ਾਂ ਵਿੱਚ ਭੇਜ ਦਿੱਤਾ ਜਾਂਦਾ ਹੈ।
ਇੰਟਰਪੋਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਸਾਰ ਭਰ ਵਿੱਚ ਅਜਿਹੀਆਂ 1500 ਤੋਂ ਵੱਧ ਕਾਰਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਕੈਨੇਡਾ ਵਿੱਚ ਫਰਵਰੀ ਮਹੀਨੇ ਤੋਂ ਚੋਰੀ ਹੋਈਆਂ ਅਤੇ 200 ਦੇ ਕਰੀਬ ਅਜਿਹੀਆਂ ਕਾਰਾਂ ਦੀ ਹਰ ਹਫ਼ਤੇ ਪਛਾਣ ਹੋ ਰਹੀਆਂ। ਇਹ ਆਮ ਤੌਰ ਉੱਤੇ ਦੂਜੇ ਦੇਸ਼ਾਂ ਦੀਆਂ ਬੰਦਰਗਾਹਾਂ ਉੱਤੇ ਮਿਲਦੀਆਂ ਹਨ।
ਕਾਰ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਇਸ ਨੂੰ ਕੈਨੇਡਾ ਦੇ ਇੰਸ਼ਿਓਰੈਂਸ ਬਿਊਰੌ ਵੱਲੋਂ ‘ਨੈਸ਼ਨਲ ਕਰਾਈਸਿਸ’ ਕਿਹਾ ਗਿਆ ਸੀ। ਜਿਸ ਦਾ ਕਹਿਣਾ ਹੈ ਕਿ ਬੀਮਾ ਕਰਨ ਵਾਲਿਆਂ ਨੂੰ 1.5 ਬਿਲੀਅਨ ਕੈਨੇਡੀਆਈ ਡਾਲਰ ਕਾਰ ਚੋਰੀ ਦੇ ਬੀਮੇ ਦੇ ਭੁਗਤਾਨ ਵਜੋਂ ਦੇਣੇ ਪਏ।
ਇਸ ਮਗਰੋਂ ਪੁਲਿਸ ਨੂੰ ਮਜਬੂਰ ਹੋ ਕੇ ਆਪਣੇ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਕਾਰ ਚੋਰੀ ਤੋਂ ਬਚਣ ਲਈ ਜਾਗਰੂਕ ਕਰਨ ਦਾ ਉਪਰਾਲਾ ਕਰਨਾ ਪਿਆ।

ਤਸਵੀਰ ਸਰੋਤ, AFP via Getty Images
ਉੱਥੇ ਹੀ ਕੈਨੇਡੀਆਈ ਲੋਕਾਂ ਨੇ ਆਪ ਵੀ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ ਉਹ ਆਪਣੀ ਕਾਰ ਉੱਤੇ ਟ੍ਰੈਕਰ ਲਗਾਉਣ ਦੇ ਨਾਲ-ਨਾਲ ਸੁਰੱਖਿਆ ਦੇ ਹੋਰ ਬੰਦੋਬਸਤ ਵੀ ਕਰ ਰਹੇ ਹਨ।
ਕਈਆਂ ਨੇ ਆਪਣੇ ਘਰ ਦੇ ਬਾਹਰ ਚੋਰਾਂ ਨੂੰ ਰੋਕਣ ਲਈ ਹੋਰ ਆਧੁਨਿਕ ਇੰਤਜ਼ਾਮ ਵੀ ਕੀਤੇ ਹਨ ਜਿਹੋ ਜਿਹੇ ਕਿਸੇ ਬੈਂਕ ਜਾਂ ਅੰਬੈਸੀ ਵਿੱਚ ਦੇਖੇ ਜਾ ਸਕਦੇ ਹਨ।
ਟੋਰਾਂਟੋ ਦੇ ਬਾਹਰ ਪੈਂਦੇ ਸ਼ਹਿਰ ਮਿਸੀਸਾਗਾ ਵਿੱਚ ਰਹਿਣ ਵਾਲੇ ਨੌਮਨ ਖਾਨ ਨੇ ਪਿੱਲਰ ਨੁਮਾ ਰੋਕਾਂ ਲਾਉਣ ਦਾ ਕੰਮ ਸ਼ੁਰੂ ਕੀਤਾ। ਦਰਸਅਲ ਨੌਮਨ ਖਾਨ ਅਤੇ ਉਨ੍ਹਾਂ ਦੇ ਭਰਾ ਵੀ ਕਾਰ ਚੋਰਾਂ ਦੇ ਸ਼ਿਕਾਰ ਹੋ ਗਏ ਸਨ।
ਇਸ ਤਣਾਅਪੂਰਨ ਤਜਰਬੇ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਗੱਡੀਆਂ ਵੇਚ ਦਿੱਤੀਆਂ ਅਤੇ ਸਿਰਫ਼ ਦੋ ਮਾਮੂਲੀ ਵਾਹਨ ਹੀ ਆਪਣੇ ਕੋਲ ਰੱਖੇ।
ਆਪਣੇ ਕੰਮ ਕਾਰਨ ਨੌਮਨ ਨੂੰ ਟੋਰਾਂਟੋ ਖੇਤਰ ਵਿਚ ਰਹਿੰਦੇ ਲੋਕਾਂ ਕੋਲੋਂ ਅਜਿਹੀਆਂ ਹੀ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ।
ਉਹ ਕਹਿੰਦੇ ਹਨ, “ਸਾਡਾ ਇੱਕ ਗਾਹਕ ਸੀ ਜਿਸਦੀ ਗਲੀ ਵਿੱਚ ਇੰਨੇ ਹਮਲੇ ਹੋਏ ਸਨ ਕਿ ਉਨ੍ਹਾਂ ਨੇ ਆਪਣੇ ਘਰ ਦੇ ਬਾਹਰ ਸੁਰੱਖਿਆ ਮੁਲਾਜ਼ਮ ਰੱਖ ਲਿਆ ਸੀ ਕਿਉਂਕਿ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸੀ।”
ਅਲੈਕਸਿਸ ਪਿਕੁਏਰੋ ਯੂੈੱਸ ਬਿਊਰੋ ਓਫ ਜਸਟਿਸ ਸਟੈਸਟਿਕਸ ਵਿੱਚ ਡਾਇਰੈਕਟਰ ਹਨ।
ਉਹ ਕਹਿੰਦੇ ਹਨ, “ਕੈਨੇਡਾ ਵਿੱਚ ਕਾਰ ਚੋਰੀ ਦੇ ਮਾਮਲੇ ਹੈਰਾਨੀਜਨਕ ਹਨ ਕਿਉਂਕਿ ਅਮਰੀਕਾ ਅਤੇ ਯੂਕੇ ਦੇ ਮੁਕਾਬਲੇ ਕੈਨੇਡਾ ਦੀ ਆਬਾਦੀ ਬਹੁਤ ਘੱਟ ਹੈ ਜਿੱਥੇ ਅਪਰਾਧ ਦੀ ਔਸਤ ਕਾਫੀ ਜ਼ਿਆਦਾ ਹੈ।”
ਉਹ ਕਹਿੰਦੇ ਹਨ, “ਕੈਨੇਡਾ ਵਿੱਚ ਸਮੁੰਦਰ ਨਾਲ ਲੱਗਦੇ ਉੱਨੇ ਵਪਾਰਕ ਸ਼ਹਿਰ ਨਹੀਂ ਹਨ, ਜਿੰਨੇ ਅਮਰੀਕਾ ਵਿੱਚ ਹਨ।”
ਅਮਰੀਕਾ, ਕੈਨੇਡਾ ਅਤੇ ਯੂਕੇ ਵਿੱਚ ਕੋਵਿਡ ਮਹਾਮਾਰੀ ਤੋਂ ਬਾਅਦ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ।
ਮੌਜੂਦਾ ਡੇਟਾ ਮੁਤਾਬਕ ਕੈਨੇਡਾ ਵਿੱਚ ਕਾਰ ਚੋਰੀ ਦੀ ਔਸਤ (100000 ਲੋਕਾਂ ਪਿੱਛੇ 262.5) ਇੰਗਲੈਂਡ ਅਤੇ ਵੇਲਜ਼ ਨਾਲੋਂ ਵੱਧ ਹੈ।
ਇਹ ਔਸਤ ਅਮਰੀਕਾ ਦੇ ਨੇੜੇ ਪਹੁੰਚ ਗਈ ਹੈ ਜੋ ਕਿ 2022 ਦੇ ਡੇਰਾ ਦੇ ਮੁਤਾਬਕ 300 ਵਾਹਨ ਚੋਰੀਆਂ ਪ੍ਰਤੀ 1 ਲੱਖ ਹੈ।
ਪਿਛਲੇ ਸਾਲਾਂ ਵਿੱਚ ਹੋਏ ਇਸ ਵਾਧੇ ਦਾ ਕਾਰਨ ਮਹਾਮਾਰੀ ਕਾਰਨ ਕਾਰਾਂ ਦੀ ਕਮੀ ਹੋਣਾ ਅਤੇ ਨਵੇਂ ਅਤੇ ਪੁਰਾਣੇ ਵਾਹਨਾਂ ਦੀ ਮੰਗ ਵਧਣਾ ਹੈ।
ਕੈਨੇਡੀਅਨ ਆਟੋਮੋਬਾਇਲ ਐਸੋਸੀਏਸ਼ਨ ਵਿੱਚ ਡਾਇਰੈਕਟਰ(ਗਵਰਨਮੈਂਟ ਰਿਲੇਸ਼ਨਜ਼) ਇਲੀਅਲ ਸਿਲਵਰਸਟੀਨ ਮੁਤਾਬਕ ਇਸ ਦੇ ਨਾਲ ਹੀ ਕਾਰ ਦੇ ਕੁਝ ਮਾਡਲਾਂ ਦੀ ਮੰਗ ਵੀ ਕੌਮਾਂਤਰੀ ਪੱਧਰ ਉੱਤੇ ਵੱਧ ਰਹੀ ਹੈ ਜੋ ਕਿ ਅਪਰਾਧਕ ਗਿਰੋਹਾਂ ਲਈ ਆਮਦਨ ਦਾ ਮੁੱਖ ਸਰੋਤ ਵੀ ਬਣ ਰਿਹਾ ਹੈ।
ਉਨ੍ਹਾਂ ਨੇ ਵੀ ਕਿਹਾ ਕਿ ਕੈਨੇਡਾ ਵਿੱਚ ਬੰਦਰਗਾਹਾਂ ਜਿਸ ਤਰੀਕੇ ਨਾਲ ਚਲਦੀਆਂ ਇਸ ਨਾਲ ਹੋਰਾਂ ਮੁਲਕਾਂ ਨਾਲੋਂ ਇੱਥੇ ਅਜਿਹੀਆਂ ਚੋਰੀਆਂ ਨੂੰ ਰੋਕਣ ਦਾ ਪ੍ਰਬੰਧ ਘੱਟ ਹੈ।
ਉਨ੍ਹਾਂ ਨੇ ਕਿਹਾ, “ਪੋਰਟ ਸਿਸਟਮ ਵਿੱਚ ਇਸ ਗੱਲ ਵੱਲ ਵੱਧ ਧਿਆਨ ਦਿੱਤਾ ਜਾਂਦਾ ਹੈ ਕਿ ਮੁਲਕ ਵਿੱਚ ਕੀ ਆ ਰਿਹਾ ਹੈ ਬਜਾਏ ਇਸਦੇ ਕਿ ਮੁਲਕ ਵਿੱਚੋਂ ਕੀ ਨਿਕਲ ਰਿਹਾ ਹੈ।”
ਉਹ ਕਹਿੰਦੇ ਹਨ ਜਦੋਂ ਵਾਹਨ ਸ਼ਿਪਿੰਗ ਕਨਟੇਨਰ ਵਿੱਚ ਪੈਕ ਹੋ ਜਾਂਦੇ ਹਨ ਤਾਂ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ।
ਪੁਲਿਸ ਨੇ ਕੁਝ ਚੋਰੀ ਹੋ ਚੁੱਕੀਆਂ ਕਾਰਾਂ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਅਕਤੂਬਰ ਵਿੱਚ ਟੋਰਾਂਟੋ ਪੁਲਿਸ ਸਰਵਿਸ ਨੇ 11 ਮਹੀਨਿਆਂ ਦੀ ਪੜਤਾਲ ਦਾ ਐਲਾਨ ਕੀਤਾ ਜਿਸ ਵਿੱਚ ਉਨ੍ਹਾਂ ਨੇ 60 ਮਿਲੀਅਨ ਕੈਨੇਡੀਆਈ ਡਾਲਰ ਮੁੱਲ ਦੇ 1080 ਵਾਹਨ ਲੱਭੇ। ਉਨ੍ਹਾਂ ਨੇ ਕਿਹਾ ਕਿ 550 ਲੋਕਾਂ ਉੱਤੇ ਇਲਜ਼ਾਮ ਤੈਅ ਹੋਏ ਸਨ।
ਦਸੰਬਰ ਮੱਧ ਤੋਂ ਮਾਰਚ ਦੇ ਅੰਤ ਤੱਕ ਬਾਰਡਰ ਪੁਲਿਸ ਦੇ ਅਧਿਕਾਰੀਆਂ ਨੇ ਪੋਰਟ ਆਫ ਮੋਂਟ੍ਰਿਅਲ ਵਿੱਚ ਵਿੱਚ 600 ਚੋਰੀ ਕੀਤੇ ਹੋਏ ਵਾਹਨ ਲੱਭੇ, ਉਨ੍ਹਾਂ ਨੇ 400 ਸ਼ਿਪਿੰਗ ਕੰਟੇਨਰਾਂ ਦੀ ਪੜਤਾਲ ਕੀਤੀ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਜਿੰਨੇ ਵੱਡੇ ਪੱਧਰ ਉੱਤੇ ਬੰਦਰਗਾਹਾਂ ਤੋਂ ਚੀਜ਼ਾਂ ਦਾ ਬਰਾਮਦ-ਦਰਾਮਦ ਹੁੰਦੀਆਂ ਹਨ ਉਸ ਵਿੱਚ ਅਜਿਹੀ ਪੜਤਾਲ ਮੁਸ਼ਕਲ ਹੋ ਸਕਦੀ ਹੈ।
ਪੋਰਟ ਆਫ ਮੌਂਟ੍ਰਿਅਲ ਤੋਂ 2023 ਵਿੱਚ ਹੀ ਕਰੀਬ 1.7 ਮਿਲੀਅਨ ਕੰਟੇਨਰ ਲੰਘੇ।
ਬਹੁਤੀ ਵਾਰੀ ਪੋਰਟ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਕੰਟੇਨਰਾਂ ਦੀ ਜਾਂਚ ਨਹੀਂ ਕਰ ਸਕਦੇ ਹੁੰਦੇ ਅਤੇ ਕਸਟਮ ਤਹਿਤ ਆਉਣ ਵਾਲੇ ਇਲਾਕਿਆਂ ਵਿੱਚ ਸਿਰਫ਼ ਅਫ਼ਸਰ ਹੀ ਵਰੰਟ ਤੋਂ ਬਗੈਰ ਕੰਟੇਨਰ ਚੈੱਕ ਕਰ ਸਕਦੇ ਹਨ।
ਏਜੰਸੀ ਦੀ ਯੂਨੀਅਨ ਵੱਲੋਂ ਅਪਰੈਲ ਵਿੱਚ ਸਰਕਾਰ ਨੂੰ ਇਸ ਸਮੇਂ ਦੌਰਾਨ ਹੀ ਕੈਨੇਡਾ ਬੌਰਡਰ ਸਰਵਿਸ ਏਜੰਸੀ ਸਟਾਫ ਦੀ ਕਮੀ ਨਾਲ ਜੂਝ ਰਹੀ ਹੈ।
ਪੁਰਾਣੀ ਤਕਨੀਕ ਵੀ ਇੱਕ ਮੁੱਦਾ ਹੈ।

ਤਸਵੀਰ ਸਰੋਤ, Frank Calleja/Getty Images
ਓਂਟਾਰੀਓ ਵਿਚਲੇ ਸ਼ਹਿਰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਨਿਊ ਜਰਸੀ ਦੇ ਪੋਰ ਨੇਵਾਰਕ ਕੰਟੇਨਰ ਟਰਮਿਨਲ ਵਿੱਚ ਜਾ ਕੇ ਅਮਰੀਕਾ ਅਤੇ ਕੈਨੇਡਾ ਵਿਚਲੇ ਨਿਰੀਖਣ ਦੇ ਤਰੀਕੇ ਦੇ ਫ਼ਰਕ ਨੂੰ ਵੀ ਦੇਖਿਆ।
ਉਨ੍ਹਾਂ ਨੇ ਨੈਸ਼ਨਲ ਪੋਸਟ ਅਖ਼ਬਾਰ ਨੂੰ ਕਿਹਾ ਕਿ ਅਮਰੀਕਾ ਅਧਿਕਾਰੀਆਂ ਕੋਲ ਸਕੈਨਰ ਹਨ, ਉਹ ਘਣਤਾ ਨੂੰ ਮਾਪਦੇ ਹਨ, ਉਹ ਸਥਾਨਕ ਕਾਨੂਨੀ ਏਜੰਸੀਆਂ ਨਾਲ ਰਲਕੇ ਕੰਮ ਕਰਦੇ ਹਨ।
ਉਨ੍ਹਾਂ ਕਿਹਾ, "ਇਹ ਚੀਜ਼ਾਂ ਅਸੀਂ ਕੈਨੇਡਾ ਵਿੱਚ ਨਹੀਂ ਕਰਦੇ।"
ਮਈ ਵਿੱਚ ਕੈਨੇਡੀਆਈ ਸਰਕਾਰ ਨੇ ਕਿਹਾ ਸੀ ਕਿ ਉਹ ਸੀਬੀਐੱਸਏ ਵਿੱਚ ਕਈ ਮਿਲੀਅਨ ਡਾਲਰ ਨਿਵੇਸ਼ ਕਰਨਗੇ ਤਾਂ ਜੋ ਇਹ ਉਹ ਕੰਟੇਨਰਾਂ ਨੂੰ ਜਾਂਚ ਕਰਨ ਦੀ ਸਮਰੱਥਾ ਵਧਾਅ ਸਕੇ।ਪੁਲਿਸ ਨੂੰ ਵੀ ਵਾਹਨ ਚੋਰਾਂ ਨੂੰ ਫੜਨ ਲਈ ਵਾਧੂ ਪੈਸੇ ਮਿਲਣਗੇ।
ਸਿਲਵਰਸਟੇਨ ਕਹਿੰਦੇ ਹਨ ਕਿ ਇਸ ਵਿੱਚ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਦਾ ਵੀ ਅਹਿਮ ਰੋਲ ਹੈ।
ਉਹ ਕਹਿੰਦੇ ਹਨ, "ਸਾਰੇ ਵਾਹਨ ਲੱਭਣ ਦੀ ਗੱਲ ਕਰ ਰਹੇ ਹਨ ਅਤੇ ਮੇਰਾ ਜ਼ਿਆਦਾ ਧਿਆਨ ਇਸ ਗੱਲ ਵੱਲ ਹੈ ਕਿ ਅਸੀਂ ਕਿਉਂ ਅਜਿਹੇ ਵਾਹਨ ਨਹੀਂ ਬਣਾ ਰਹੇ ਜਿਹੜੇ ਚੋਰੀ ਕਰਨੇ ਮੁਸ਼ਕਲ ਹੁੰਦੇ ਹਨ।"
ਲਾਫਾਰਨੀਏਰੇ ਵਰਗੇ ਕਾਰ ਮਾਲਕ ਇਸ ਮੁਸ਼ਕਲ ਨਾਲ ਨਜਿੱਠ ਰਹੇ ਹਨ ਕਿ ਉਹ ਆਪਣੇ ਵਾਹਨਾਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਨ।
ਲਾਫਾਰਨੀਏਰੇ ਦਾ ਰੈਮ ਰੀਬਲ ਟਰੱਲ ਜਦੋਂ ਚੋਰੀ ਹੋ ਗਿਆ ਤਾਂ ਉਨ੍ਹਾਂ ਨੇ ਟੋਯੋਟਾ ਟੁੰਡਰਾ ਟਰੱਕ ਖਰੀਦ ਲਿਆ ਜੋ ਉਨ੍ਹਾਂ ਦਾ ਮਨਪਸੰਦ ਵਾਹਨ ਸੀ।
ਇਸ ਵਾਰੀ ਉਨ੍ਹਾਂ ਨੇ ਇੰਜਣ ਵਿੱਚ ਅਜਿਹੇ ਯੰਤਰ ਦੀ ਵਰਤੋਂ ਕੀਤੀ ਜੋ ਚੋਰਾਂ ਲਈ ਕਾਰ ਨੂੰ ਚਲਾਉਣਾ ਹੋਰ ਔਖਾ ਕਰ ਦੇਵੇਗਾ।
ਉਨ੍ਹਾਂ ਨੇ ਇਸ ਵਿੱਚ ਟੈਗ ਟ੍ਰੈਕਰ ਵੀ ਲਗਾਇਆ ਤਾਂ ਜੋ ਇਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕੇ।
ਪਰ ਚੋਰ ਨਹੀਂ ਟਲੇ। ਦੋ ਚੋਰ ਫਿਰ ਉਨ੍ਹਾਂ ਦੀ ਗੱਡੀ ਚੋਰੀ ਕਰਨ ਆਏ, ਉਨ੍ਹਾਂ ਨੇ ਗੱਡੀ ਚੋਰੀ ਕਰਨ ਲਈ ਪਿਛਲੀ ਖਿੜਕੀ ਤੋੜ ਦਿੱਤੀ।
ਇਸ ਰੌਲੇ ਨਾਲ ਲਾਫਾਰਨੀਏਰੇ ਦੀ ਜਾਗ ਖੁੱਲ੍ਹ ਗਈ ਅਤੇ ਉਨ੍ਹਾਂ ਨੇ 911 ਉੱਤੇ ਫੋਨ ਕੀਤਾ। ਪੁਲਿਸ ਨੂੰ ਪਹੁੰਚਣ ਵਿੱਚ 4 ਮਿੰਟ ਲੱਗੇ ਇੰਨੇ ਵਿੱਚ ਚੋਰ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਏ।
ਉਨ੍ਹਾਂ ਨੇ ਟਰੱਕ ਰਿਪੇਅਰ ਕਰਵਾਇਆ ਅਤੇ ਵੇਚ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਸਭ ਨੇ ਉਨ੍ਹਾਂ ਨੂੰ ਬਹੁਤ ਨਿਰਾਸ਼ ਕਰ ਦਿੱਤਾ।












