ਗੁਲਾਬ ਚੰਦ ਕਟਾਰੀਆ: ਪੰਜਾਬ ਦੇ ਨਵੇਂ ਰਾਜਪਾਲ ਦਾ ਪਿਛੋਕੜ, ਕਿਸ ਵਿਵਾਦ 'ਚ ਆਇਆ ਸੀ ਨਾਮ

ਗੁਲਾਬ ਚੰਦ ਕਟਾਰੀਆ

ਤਸਵੀਰ ਸਰੋਤ, Gulab Chand Kataria /FB

ਤਸਵੀਰ ਕੈਪਸ਼ਨ, ਗੁਲਾਬ ਚੰਦ ਕਟਾਰੀਆ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ

ਅਸਾਮ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦੇ ਨਵੇਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ।

ਗੁਲਾਬ ਚੰਦ ਕਟਾਰੀਆ, ਭਾਜਪਾ ਦੇ ਸੀਨੀਅਨ ਆਗੂ ਹਨ, ਉਹ ਰਾਜਸਥਾਨ ਦੇ ਉਦੇਪੁਰ ਨਾਲ ਸੰਬੰਧਿਤ ਹਨ।

ਵਰਤਮਾਨ ਸਮੇਂ ਵਿੱਚ ਉਹ ਅਸਾਮ ਦੇ ਰਾਜਪਾਲ ਹਨ। ਅਸਾਮ ਦੇ ਰਾਜਪਾਲ ਬਣਨ ਤੋਂ ਪਹਿਲਾਂ ਉਹ ਰਾਜਸਥਾਨ ਦੇ ਵਿਧਾਨ ਸਭਾ ਹਲਕਾ ਉਦੇਪੁਰ ਤੋਂ ਵਿਧਾਇਕ ਸਨ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ।

ਰਾਜਸਥਾਨ ਵਿੱਚ ਉਨ੍ਹਾਂ ਨੂੰ ਮੇਵਾੜ ਦੇ 28 ਹਲਕਿਆਂ ਵਿੱਚ ਵੱਡੇ ਆਗੂ ਮੰਨਿਆ ਜਾਂਦਾ ਹੈ।

ਉਹ ਭਾਜਪਾ ਵਿੱਚ ਰਾਜਸਥਾਨ ਦੀ ਮੁੱਖ ਮੰਤਰੀ ਰਹੇ ਵਸੁੰਧਰਾ ਰਾਜੇ ਸਿੰਧੀਆ ਦੇ ਵਿਰੋਧੀ ਖੇਮੇ ਦੇ ਆਗੂ ਮੰਨੇ ਜਾਂਦੇ ਹਨ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਿਆਸੀ ਸਫਰ ਦੀ ਸ਼ੁਰੂਆਤ

ਗੁਲਾਬ ਚੰਦ ਕਟਾਰੀਆ ਦਾ ਜਨਮ ਸੰਨ 1947 ਦੇ ਅਕਤੂਬਰ ਮਹੀਨੇ ਦੀ 13 ਤਰੀਕ ਨੂੰ ਹੋਇਆ ਸੀ।

ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਪੰਜ ਧੀਆਂ ਹਨ।

ਕਟਾਰੀਆ ਗਣਿਤ ਦੇ ਅਧਿਆਪਕ ਹੋਇਆ ਕਰਦੇ ਸਨ ਅਤੇ ਅਹਾੜ ਇਲਾਕੇ ਵਿੱਚ ਉਨ੍ਹਾਂ ਦਾ ਆਪਣਾ ਸਕੂਲ ਹੋਇਆ ਕਰਦਾ ਸੀ, ਜਿੱਥੇ ਉਹ ਗਣਿਤ ਪੜ੍ਹਾਇਆ ਕਰਦੇ ਸਨ।

ਇਸ ਸਮੇਂ ਦੌਰਾਨ ਉਹ ਆਰਐੱਸਐੱਸ ਦੀਆਂ ਗਤੀਵਿਧੀਆਂ ਨਾਲ ਵੀ ਜੁੜ ਗਏ ਅਤੇ ਲੰਬੇ ਸਮੇਂ ਤੋਂ ਸਵੈਮ ਸਵੇਕ ਵਜੋਂ ਕੰਮ ਕਰਦੇ ਰਹੇ ਹਨ।

ਉਨ੍ਹਾਂ ਨੇ ਪਹਿਲੀ ਵਾਰ 1977 ਵਿੱਚ ਰਾਜਸਥਾਨ ਵਿਧਾਨ ਸਭਾ ਲਈ ਉਦੇਪੁਰ ਤੋਂ ਚੋਣ ਲੜੀ ਅਤੇ ਵਿਧਾਇਕ ਬਣੇ। ਉਹ ਉੱਥੋਂ ਲਗਤਾਰ ਜਿੱਤਦੇ ਰਹੇ ਹਨ।

ਰਾਜਸਥਾਨ ਦੇ ਸਿੱਖਿਆ ਮੰਤਰੀ ਵਜੋਂ

ਅਸਾਮ ਸਰਕਾਰ ਦੀ ਵੈੱਬਸਾਇਟ ਉੱਤੇ ਰਾਜਪਾਲ ਵਜੋਂ ਉਨ੍ਹਾਂ ਬਾਰੇ ਉੁਪਲੱਬਧ ਜਾਣਕਾਰੀ ਮੁਤਾਬਕ 1980 ਤੋਂ 1985 ਦੌਰਾਨ ਵਿਧਾਇਕ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਉਹ ਵਿਧਾਨ ਸਭਾ ਦੀ ਐਸਟੀਮੇਟਸ ਕਮੇਟੀ ਦੇ ਮੈਂਬਰ ਰਹੇ।

1989 ਤੋਂ 1991ਤੱਕ ਉਹ ਲੋਕ ਸਭਾ ਮੈਂਬਰ ਚੁਣੇ ਗਏ ਅਤੇ ਇਸ ਵਾਰ ਉਨ੍ਹਾਂ ਨੂੰ ਲੋਕ ਸਭਾ ਦੀ ਲੋਕ ਲੇਖਾ ਕਮੇਟੀ ਦੇ ਮੈਂਬਰ ਬਣਾਇਆ ਗਿਆ। ਇਸ ਤੋਂ ਇਲਾਵਾ ਉਹ ਲੋਕ ਸਭਾ ਦੀ ਖੇਤੀ ਸੰਬੰਧੀ ਕਮੇਟੀ ਦੇ ਮੈਂਬਰ ਵੀ ਰਹੇ।

ਜਦੋਂ 1993 ਵਿੱਚ ਉਹ ਰਾਜਸਥਾਨ ਦੀ ਦਸਵੀਂ ਵਿਧਾਨ ਸਭਾ ਵਿੱਚ ਚੁਣ ਕੇ ਆਏ ਤਾਂ ਉਨ੍ਹਾਂ ਦਾ ਸਿਆਸੀ ਕੱਦ ਬਹੁਤ ਵਧ ਗਿਆ।

ਇਸ ਦੌਰਾਨ ਉਨ੍ਹਾਂ ਨੂੰ ਰਾਜਸਥਾਨ ਸਰਕਾਰ ਵਿੱਚ ਮੁੱਢਲੀ ਅਤੇ ਐਲੀਮੈਂਟਰੀ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਉਹ 1998 ਤੱਕ ਇਸ ਅਹੁਦੇ ਉੱਤੇ ਰਹੇ।

ਵਸੁੰਧਰਾ ਰਾਜੇ ਸਿੰਧੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਲਾਬ ਚੰਦ ਵਸੁੰਧਰਾ ਰਾਜੇ ਸਿੰਧੀਆ ਦੇ ਵਿਰੋਧੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਰਹੇ

ਰਾਜਸਥਾਨ ਵਿੱਚ ਗ੍ਰਹਿ ਮੰਤਰੀ

1998 ਵਿੱਚ ਜਦੋਂ 11ਵੀਂ ਰਾਜਸਥਾਨ ਵਿਧਾਨ ਸਭਾ ਦੀ ਚੋਣ ਹੋਈ ਤਾਂ ਗੁਲਾਬ ਚੰਦ ਫਿਰ ਜੇਤੂ ਹੋ ਕੇ ਪਹੁੰਚੇ।

ਇਸ ਦੌਰਾਨ ਕਾਂਗਰਸ ਦੀ ਸਰਕਾਰ ਸੀ ਅਤੇ ਉਹ ਵਿਰੋਧੀ ਧਿਰ ਦੇ ਵਿਧਾਇਕ ਸਨ।

ਸਾਲ 1999 ਤੋਂ 2000 ਤੱਕ ਉਹ ਇੱਕ ਵਾਰ ਫਿਰ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਦੇ ਮੁਖੀ ਅਤੇ ਵਿਧਾਨ ਸਭਾ ਦੇ ਸਪੀਕਰ ਵੀ ਰਹੇ।

ਸਾਲ 2003 ਵਿੱਚ ਜਦੋਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਗੁਲਾਬ ਚੰਦ ਕਟਾਰੀਆ ਜੋ ਕਿ ਉਦੇਪੁਰ ਤੋਂ ਹੀ ਜੇਤੂ ਹੋ ਕੇ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਗ੍ਰਹਿ ਮੰਤਰੀ ਬਣਾਇਆ ਗਿਆ।

ਉਹ ਵਸੁੰਧਰਾ ਰਾਜੇ ਸਿੰਧੀਆ ਦੀ ਇਸ ਸਰਕਾਰ ਵਿੱਚ 2008 ਤੱਕ ਇਸ ਅਹੁਦੇ ਉੱਤੇ ਰਹੇ।

2008 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਕਟਾਰੀਆ ਵਿਰੋਧੀ ਧਿਰ ਦੇ ਨੇਤਾ ਵੀ ਬਣੇ।

2013 ਵਿੱਚ ਕਟਾਰੀਆ ਸੱਤਵੀਂ ਵਾਰ ਰਾਜਸਥਾਨ ਵਿਧਾਨ ਸਭਾ ਦੇ ਮੈਂਬਰ ਬਣੇ। ਇਸ ਵਾਰ ਵੀ ਭਾਜਪਾ ਸਰਕਾਰ ਬਣੀ ਅਤੇ ਉਨ੍ਹਾਂ ਨੂੰ ਪੰਚਾਇਤੀ ਰਾਜ ਮੰਤਰੀ ਬਣਾਇਆ ਗਿਆ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਫਿਰ ਜੇਤੂ ਰਹੇ ਅਤੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ ਗਿਆ।

ਫਿਰ ਉਨ੍ਹਾਂ ਨੂੰ ਅਸਾਮ ਦਾ ਰਾਜਪਾਲ ਲਾਇਆ ਗਿਆ ਅਤੇ ਹੁਣ ਰਾਜਪਾਲ ਵਜੋਂ ਪੰਜਾਬ ਭੇਜਿਆ ਜਾ ਰਿਹਾ ਹੈ।

ਗੁਲਾਬ ਚੰਦ ਨਾਲ ਜੁੜਿਆ ਵਿਵਾਦ

ਗੁਲਾਬ ਚੰਦ ਕਟਾਰੀਆ

ਤਸਵੀਰ ਸਰੋਤ, Gulab Chand Kataria /FB

ਤਸਵੀਰ ਕੈਪਸ਼ਨ, ਸੋਹਾਰਬੂਦੀਨ ਝੂਠੇ ਪੁਲਿਸ ਮੁਕਾਬਲੇ ਵਿੱਚ ਆਇਆ ਸੀ ਨਾਂ , ਪਰ ਹੋ ਗਏ ਸਨ ਬਰੀ

ਐੱਨਡੀਟੀਵੀ ਵਲੋਂ 26 ਫਰਬਰੀ 2015 ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ ਅਤੇ ਮਾਰਬਲ ਕਾਰੋਬਾਰੀ ਵਿਮਲ ਪਤਾਨੀ ਨੂੰ ਸ਼ੋਹਾਰਬੂਦੀਨ ਸ਼ੇਖ ਦੇ ਝੂਠੇ ਕਤਲ ਕੇਸ ਵਿੱਚੋਂ ਬਰੀ ਕੀਤਾ ਗਿਆ ਸੀ। ਅਦਾਲਤ ਨੂੰ ਉਨ੍ਹਾਂ ਖਿਲਾਫ਼ ‘‘ਸੰਤੁਸ਼ਟੀਜਨਕ’’ ਸਬੂਤ ਨਹੀਂ ਮਿਲੇ ਸਨ।

2005 ਦੌਰਾਨ ਜਦੋਂ ਕਟਾਰੀਆ ਰਾਜਸਥਾਨ ਦੇ ਗ੍ਰਹਿ ਮੰਤਰੀ ਸਨ, ਉਨ੍ਹਾਂ ਉੱਤੇ ਰਾਜਸਥਾਨ ਦੀ ਮਾਰਬਲ ਲਾਬੀ ਦੀ ਤਰਫੋ ਸ਼ੋਹਾਰਬੂਦੀਨ ਨੂੰ ਖ਼ਤਮ ਕਰਵਾਉਣ ਦੇ ਇਲਜਾਮ ਲੱਗੇ ਸਨ।

ਇਸਤਗਾਸਾ ਪੱਖ਼ ਮੁਤਾਬਕ ਸੋਹਾਰਬੂਦੀਨ ਨੇ ਪਤਾਨੀ ਤੋਂ 24 ਕਰੋੜ ਦੀ ਰੰਗਦਾਰੀ ਮੰਗੀ ਸੀ। ਇਸੇ ਕਾਰਨ ਉਸ ਨੂੰ ਖ਼ਤਮ ਕਰਵਾ ਦਿੱਤਾ ਗਿਆ।

ਕਟਾਰੀਆ ਦਾ ਨਾਂ ਸੀਬੀਆਈ ਦੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਆਇਆ ਸੀ। ਪਰ ਕਟਾਰੀਆ ਇਨ੍ਹਾਂ ਇਲਜਾਮਾਂ ਨੂੰ ਆਪਣੇ ਖਿਲਾਫ਼ ਹੋਈ ਸਿਆਸੀ ਸਾਜਿਸ਼ ਕਰਾਰ ਦਿੰਦੇ ਰਹੇ ਹਨ।

ਇਸ ਮਾਮਲੇ ਵਿੱਚ ਬਰ੍ਹੀ ਹੋਣ ਉੱਤੇ ਕਟਾਰੀਆਂ ਨੇ ਮੀਡੀਆ ਨੂੰ ਕਿਹਾ ਸੀ, ਉਹ ਸੱਚ ਜਾਂਣਦੇ ਸੀ ਅਤੇ ਪਤਾ ਸੀ ਕਿ ਉਹ ਬਰ੍ਹੀ ਹੋ ਜਾਣਗੇ।

ਉਨ੍ਹਾਂ ਕਿਹਾ ਸੀ, ‘‘ਮੈਂ ਕਦੇ ਵਣਜਾਰਾ ( ਗੁਜਰਾਤ ਦੀ ਸੀਨੀਅਰ ਪੁਲਿਸ ਅਫ਼ਸਰ) ਨੂੰ ਉਦੇਪੁਰ ਵਿੱਚ ਨਹੀਂ ਮਿਲਿਆ, ਜਿਵੇਂ ਕਿ ਇਲਜਾਮ ਲਾਏ ਗਏ ਹਨ ਅਤੇ ਨਾ ਹੀ ਕਦੇ ਮੈਂ ਉਨ੍ਹਾਂ ਨਾਲ ਫੋਨ ਉੱਤੇ ਗੱਲ ਕੀਤੀ। ਜਿਸ ਦਿਨ ਮੇਰੇ ਵਣਜਾਰਾ ਨਾਲ ਮਿਲਣ ਦੇ ਇਲਜਾਮ ਲਾਏ ਜਾ ਰਹੇ ਹਨ, ਉਸ ਦਿਨ ਮੈਂ ਭਾਜਪਾ ਦੀ ਇੱਕ ਬੈਠਕ ਵਿੱਚ ਮੁੰਬਈ ਵਿੱਚ ਸੀ।’’

ਸੋਹਾਰਬੂਦੀਨ ਕੇਸ ਵਿੱਚ ਕਟਾਰੀਆਂ ਤੋਂ ਪਹਿਲਾ ਗੁਜਰਾਤ ਦੇ ਤਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ( ਮੌਜੂਦਾ ਕੇਂਦਰੀ ਗ੍ਰਹਿ ਮੰਤਰੀ) ਨੂੰ ਵੀ ਅਦਾਲਤ ਨੇ ਬਰੀ ਕੀਤਾ ਸੀ।

ਹੋਰ ਕਿਹੜੇ ਸੂਬਿਆਂ ਦੇ ਰਾਜਪਾਲ ਬਦਲੇ ਗਏ ਹਨ

ਰਾਸ਼ਟਰਪਤੀ ਦਰੌਪਦੀ ਮੁਰਮੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਸ਼ਟਰਪਤੀ ਨੇ ਹੋਰ ਕਈ ਸਬੂਿਆਂ ਦੇ ਰਾਜਪਾਲਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ

ਰਾਸ਼ਟਰਪਤੀ ਭਵਨ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਭਾਰਤ ਦੇ ਹੇਠ ਲਿਖੇ ਸੂਬਿਆਂ ਦੇ ਰਾਜਪਾਲ ਬਦਲੇ ਗਏ ਹਨ-

  • ਹਰੀਭਾਊ ਕਿਸਨਰਾਓ ਬਾਗੜੇ ਨੂੰ ਰਾਜਸਥਾਨ ਦਾ ਰਾਜਪਾਲ ਲਾਇਆ ਗਿਆ ਹੈ।
  • ਜਿਸ਼ਨੂੰ ਦੇਵ ਵਰਮਾ ਨੂੰ ਤੇਲੰਗਾਨਾ ਦਾ ਰਾਜਪਾਲ ਲਾਇਆ ਗਿਆ ਹੈ।
  • ਓਮ ਪ੍ਰਕਾਸ਼ ਮਾਥੁਰ ਨੂੰ ਸਿੱਕਿਮ ਦੇ ਰਾਜਪਾਲ ਲਾਇਆ ਗਿਆ ਹੈ।
  • ਸੰਤੋਸ਼ ਕੁਮਾਰ ਗੰਗਵਾਰ ਨੂੰ ਝਾਰਖੰਡ ਦੇ ਰਾਜਪਾਲ ਲਾਇਆ ਗਿਆ ਹੈ।
  • ਰਮੇਸ਼ ਦੇਕਾ ਨੂੰ ਛੱਤੀਸਗੜ੍ਹ ਦੇ ਰਾਜਪਾਲ ਲਾਇਆ ਗਿਆ ਹੈ।
  • ਸੀਐੱਚ ਵਿਜੇਸ਼ੰਕਰ ਨੂੰ ਮੇਘਾਲਿਆ ਦਾ ਰਾਜਪਾਲ ਲਾਇਆ ਗਿਆ ਹੈ।
  • ਸੀਪੀ ਰਾਧਾ ਕ੍ਰਿਸ਼ਨ ਜੋ ਕਿ ਝਾਰਖੰਡ ਦੇ ਰਾਜਪਾਲ ਹਨ ਉਨ੍ਹਾਂ ਨੂੰ ਤੇਲੰਗਾਨਾ ਦਾ ਵਾਧੂ ਚਾਰਜ ਦੇ ਨਾਲ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
  • ਲਕਸ਼ਮਨ ਪ੍ਰਸਾਦ ਅਚਾਰੀਆ, ਜੋ ਕਿ ਸਿੱਕਮ ਦੇ ਰਾਜਪਾਲ ਹਨ, ਉਨ੍ਹਾਂ ਨੂੰ ਅਸਾਮ ਦਾ ਰਾਜਪਾਲ ਬਣਾਇਆ ਗਿਆ ਹੈ ਅਤੇ ਮਣੀਪੁਰ ਦੇ ਰਾਜਪਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਇਹ ਨਿਯੁਕਤੀਆਂ ਇਨ੍ਹਾਂ ਲੋਕਾਂ ਵੱਲੋਂ ਆਪੋ-ਆਪਣੇ ਅਹੁਦੇ ਸੰਭਾਲਣ ਦੇ ਦਿਨ ਤੋਂ ਪ੍ਰਭਾਵੀ ਹੋਣਗੀਆਂ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ।