ਪੁਲਿਸ ਨੇ ਮ੍ਰਿਤਕ ਦੇਹ ’ਤੇ ਬਣੇ ਟੈਟੂ ਨਾਲ ਮੁਲਜ਼ਮਾਂ ਨੂੰ ਫੜਿਆ? ਟੈਟੂ ’ਚ ਆਖਰ ਅਜਿਹਾ ਕੀ ਲਿਖਿਆ ਸੀ?

ਵਾਘਮਾਰੇ ਅਤੇ ਉਨ੍ਹਾਂ ਦੇ ਪੱਟ ਉੱਤੇ ਬਣੇ ਟੈਟੂ ਦਾ ਕੋਲਾਜ
ਤਸਵੀਰ ਕੈਪਸ਼ਨ, ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ ਨੇ ਦੱਸਿਆ ਕਿ ਘਟਨਾ 23 ਤੇ 24 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੋਈ ਹੈ।
    • ਲੇਖਕ, ਭਾਗਿਆਸ਼੍ਰੀ ਰਾਉਤ
    • ਰੋਲ, ਬੀਬੀਸੀ ਸਹਿਯੋਗੀ

ਮੁੰਬਈ ਵਿੱਚ ਵਰਲੀ ਦੇ ਇੱਕ ਸਪਾ ਅੰਦਰ 23-24 ਦੀ ਦਰਮਿਆਨੀ ਰਾਤ ਨੂੰ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ।

ਬਾਅਦ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਮਰਹੂਮ ਦੀ ਲਾਸ਼ ਉੱਤੇ ਬਣੇ ਟੈਟੂ ਤੋਂ ਪਛਾਣਿਆ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਸਪਾ ਦੇ ਮਾਲਕ ਨੇ ਹੀ ਉਸਦਾ ਕਤਲ ਕੀਤਾ ਸੀ।

ਹੁਣ ਤੱਕ ਪੁਲਿਸ ਨੇ ਤਿੰਨ ਮੁਲਜ਼ਮ ਫੜੇ ਹਨ। ਲੇਕਿਨ ਮਰਹੂਮ ਦੇ ਟੈਟੂ ਉੱਤੇ ਆਖਰ ਅਜਿਹਾ ਕੀ ਲਿਖਿਆ ਸੀ ਕਿ, ਵਰਲੀ ਪੁਲਿਸ ਸਿੱਧੀ ਮੁਲਜ਼ਮ ਤੱਕ ਪਹੁੰਚ ਗਈ।

ਮਰਹੂਮ ਦੀ ਪਛਾਣ ਗੁਰੂਸਿਧਅੱਪਾ ਵਾਘਮਾਰੇ ਵਜੋਂ ਹੋਈ ਹੈ। ਜਦਕਿ ਮੁਲਜ਼ਮ ਫਿਰੋਜ਼ ਅਨਸਾਰੀ, ਸਾਕਿਬ ਅਨਸਾਰੀ ਅਤੇ ਸੰਤੋਸ਼ ਸ਼ੇਰੇਕਰ ਸਪਾ ਦੇ ਮਾਲਕ ਹਨ।

ਪੁਲਿਸ ਮੁਤਾਬਕ ਵਾਘਮਾਰੇ ਆਪਣੇ ਇੱਕ ਦੋਸਤ ਦਾ ਜਨਮ ਦਿਨ ਮਨਾਉਣ ਲਈ 23 ਜੁਲਾਈ ਨੂੰ ਇਸ ਸਪਾ ਵਿੱਚ ਗਏ ਸਨ। ਉਨ੍ਹਾਂ ਦੇ ਨਾਲ ਸਪਾ ਦੇ ਦੋ ਮੁਲਾਜ਼ਮ ਵੀ ਸਨ।

ਜਾਣਕਾਰੀ ਮੁਤਾਬਕ ਰਾਤ ਸਾਢੇ 12:30 ਵਜੇ ਸਾਰੇ ਜਣੇ ਪਾਰਟੀ ਖ਼ਤਮ ਕਰਕੇ ਉੱਥੋਂ ਨਿਕਲ ਗਏ। ਦੋਵਾਂ ਮੁਲਜ਼ਮਾਂ ਫਿਰੋਜ਼ ਅਤੇ ਸਾਕਿਬ ਨੇ ਵਾਘਮਾਰੇ ਦਾ ਪਿੱਛਾ ਕੀਤਾ।

ਜਦੋਂ ਸਪਾ ਦੇ ਦੂਜੇ ਮੁਲਾਜ਼ਮਾਂ ਨੇ ਵਾਘਮਾਰੇ ਨੂੰ ਛੱਡ ਦਿੱਤਾ ਤਾਂ ਦੋਵਾਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਘਟਨਾ ਸਵੇਰੇ ਡੇਢ ਵਜੇ ਵਾਪਰੀ।

ਵਰਲੀ ਪੁਲਿਸ ਨੂੰ ਇਸਦੀ ਸੂਚਨਾ 24 ਜੁਲਾਈ ਨੂੰ ਸਵੇਰੇ ਮਿਲੀ। ਪੁਲਿਸ ਨੇ ਜਾਂਚ ਕੀਤੀ ਅਤੇ ਸਪਾ ਸੈਂਟਰ ਵਿੱਚ ਵਾਘਮਾਰੇ ਦੀ ਲਾਸ਼ ਬਰਾਮਦ ਕਰ ਲਈ।

ਟੈਟੂ ਵਿੱਚ ਕੀ ਲਿਖਿਆ ਸੀ?

ਵਾਘਮਾਰੇ ਸ਼ਾਇਦ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਕਦੇ ਨਾ ਕਦੇ ਉਨ੍ਹਾਂ ਦੀ ਜ਼ਿੰਦਗੀ ਨਾਲ ਕੁਝ ਨਾ ਕੁਝ ਚੰਗਾ ਜਾਂ ਮਾੜਾ ਵਾਪਰ ਸਕਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪਿੰਡੇ ਉੱਤੇ ਟੈਟੂ ਬਣਵਾਇਆ ਸੀ।

ਪੋਸਟ ਮਾਰਟਮ ਦੌਰਾਨ ਪੁਲਿਸ ਨੂੰ ਵਾਘਮਾਰੇ ਦੇ ਦੋਵਾਂ ਪੱਟਾਂ ਉੱਤੇ ਟੈਟੂ ਮਿਲੇ।

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ

ਇਨ੍ਹਾਂ ਵਿੱਚ ਲਿਖਿਆ ਸੀ, “ਮੇਰੇ ਦੁਸ਼ਮਣਾਂ ਦੇ ਨਾਮ ਮੇਰੀ ਡਾਇਰੀ ਵਿੱਚ ਲਿਖੇ ਹਨ, ਜਾਂਚ ਕਰੋ ਅਤੇ ਕਾਰਵਾਈ ਕਰੋ।”

ਵਾਘਮਾਰੇ ਦੇ ਇੱਕ ਪੱਟ ਉੱਤੇ 10 ਅਤੇ ਦੂਜੇ ਉੱਤੇ 12 ਨਾਮ ਖੁਣੇ ਸਨ। ਇਨ੍ਹਾਂ ਵਿੱਚੋਂ ਇੱਕ ਨਾਮ ਸਪਾ ਸੈਂਟਰ ਦੇ ਮਾਲਕ ਸੰਤੋਸ਼ ਸ਼ੇਰੇਕਰ ਦਾ ਵੀ ਸ਼ਾਮਲ ਸੀ, ਜਿੱਥੇ ਵਾਘਮਾਰੇ ਦਾ ਕਤਲ ਹੋਇਆ ਸੀ।

ਇਸ ਲਈ ਪੁਲਿਸ ਨੇ ਇਸੇ ਦਿਸ਼ਾ ਵਿੱਚ ਜਾਂਚ ਸ਼ੁਰੂ ਕੀਤੀ।

ਟੈਟੂ ਦੀ ਹਦਾਇਤ ਮੁਤਾਬਕ ਪੁਲਿਸ ਨੇ ਵਾਘਮਾਰੇ ਦੇ ਘਰ ਦੀ ਤਲਾਸ਼ੀ ਲਈ ਅਤੇ ਕੁਝ ਡਾਇਰੀਆਂ ਬਰਾਮਦ ਕੀਤੀਆਂ। ਡਾਇਰੀਆਂ ਵਿੱਚ ਕੁਝ ਗੱਲਾਂ ਹਰੇ, ਕੁਝ ਨੀਲੇ ਅਤੇ ਕੁਝ ਲਾਲ ਰੰਗਾਂ ਨਾਲ ਲਿਖੀਆਂ ਸੀ।

ਡਾਇਰੀਆਂ ਵਿੱਚ ਸਪਾ ਸੈਂਟਰ ਤੋਂ ਮਿਲੇ ਪੈਸੇ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਟੈਟੂ
ਤਸਵੀਰ ਕੈਪਸ਼ਨ, ਮ੍ਰਿਤਕ ਦੇ ਦੋਵੇਂ ਪੱਟਾਂ 'ਤੇ ਕੁਝ ਨਾਵਾਂ ਦੇ ਟੈਟੂ ਬਣੇ ਹੋਏ ਮਿਲੇ ਹਨ

ਪੁਲਿਸ ਨੇ ਮੁਲਜ਼ਮ ਨੂੰ ਕਿਵੇਂ ਦਬੋਚਿਆ?

ਟੈਟੂ ਵਿੱਚ ਸੰਤੋਸ਼ ਸ਼ੇਰੇਕਰ ਦਾ ਨਾਮ ਵੀ ਸ਼ਾਮਲ ਸੀ। ਇਸ ਲਈ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਪੁਲਿਸ ਨੂੰ ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਫਿਰੋਜ਼ ਅਤੇ ਸਾਕਿਬ ਦੋਵਾਂ ਦੀ ਮੌਜੂਦਗੀ ਦੀ ਵੀ ਪੁਸ਼ਟੀ ਹੋ ਗਈ।

ਪੁਲਿਸ ਮੁਤਾਬਕ ਕਤਲ ਕਰਨ ਤੋਂ ਬਾਅਦ ਦੋਵੇਂ ਜਣੇ ਮੋਟਰ ਸਾਈਕਲ ਉੱਤੇ ਕਾਂਧੀਵਲੀ ਗਏ ਸਨ।

ਫਿਰੋਜ਼ ਫਿਰ ਨਾਲਾਸੁਪਾਰਾ ਵਿੱਚ ਆਪਣੇ ਘਰ ਗਿਆ। ਜਦਕਿ ਸਾਕਿਬ ਨੂੰ ਦਿੱਲੀ ਲਈ ਰੇਲ ਫੜਨੀ ਪਈ।

ਦੋਵਾਂ ਨੇ ਹੀ ਵਾਘਮਾਰੇ ਦਾ ਪਿੱਛਾ ਕਰਦੇ ਹੋਏ ਤੰਬਾਕੂ ਲਿਆ ਸੀ, ਜਿਸ ਦੇ ਪੈਸੇ ਉਨ੍ਹਾਂ ਨੇ ਆਨ ਲਾਈਨ ਦਿੱਤੇ ਸਨ। ਪੁਲਿਸ ਨੂੰ ਇੱਥੋਂ ਮੁਲਜ਼ਮ ਦਾ ਫੋਨ ਨੰਬਰ ਮਿਲ ਗਿਆ।

ਜਦੋਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਦਾ ਪਿੱਛਾ ਕੀਤਾ ਤਾਂ ਪਤਾ ਲੱਗਿਆ ਕਿ ਸਾਕਿਬ ਰੇਲ ਗੱਡੀ ਵਿੱਚ ਸੀ।

ਪੁਲਿਸ ਨੇ ਸਾਕਿਬ ਦੀ ਫੋਟੋ ਰੇਲਵੇ ਪੁਲਿਸ ਨੂੰ ਭੇਜੀ ਅਤੇ ਉਸ ਨੂੰ ਕੋਟਾ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਜਦਕਿ ਫਿਰੋਜ਼ ਅਨਸਾਰੀ ਨੂੰ ਨਾਲਾਸੁਪਾਰਾ ਵਿੱਚ ਉਸਦੇ ਘਰ ਤੋਂ ਫੜ ਲਿਆ ਗਿਆ।

ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ
ਤਸਵੀਰ ਕੈਪਸ਼ਨ, ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ

ਪੁਲਿਸ ਨੇ ਕੀ ਦੱਸਿਆ?

ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਦੱਤਾ ਨਾਲਾਵੜੇ ਨੇ ਦੱਸਿਆ ਕਿ ਘਟਨਾ 23 ਤੇ 24 ਜੁਲਾਈ ਦੀ ਦਰਮਿਆਨੀ ਰਾਤ ਨੂੰ ਹੋਈ ਹੈ।

ਉਨ੍ਹਾਂ ਨੇ ਦੱਸਿਆ, “ਇਸ ਦੀ ਸੂਚਨਾ 24 ਤਰੀਕ ਨੂੰ ਵਰਲੀ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਸੀ। ਇਹ ਇੱਕ ਸਪਾ ਵਿੱਚ ਇੱਕ ਵਿਅਕਤੀ ਦੀ ਹੱਤਿਆ ਦਾ ਮਾਮਲਾ ਸੀ।"

"ਮ੍ਰਿਤਕ ਇੱਕ ਆਰਟੀਆਈ ਕਾਰਕੁਨ ਵਜੋਂ ਕੰਮ ਕਰਦਾ ਸੀ ਅਤੇ ਉਨ੍ਹਾਂ ਨੂੰ ਜਿਹੜੀਆਂ ਚੀਜ਼ਾਂ ਗੈਰ-ਕਾਨੂੰਨੀ ਲੱਗਦੀਆਂ ਸਨ, ਉਨ੍ਹਾਂ ’ਤੇ ਸਵਾਲ ਕਰਦਾ ਸੀ।”

“ਉਹ ਕੁਝ ਸਪਾ ਮਾਲਕਾਂ ਦੇ ਸੰਪਰਕ ਵਿੱਚ ਸੀ ਅਤੇ ਇਹ ਹੀ ਉਨ੍ਹਾਂ ਦਾ ਫੁੱਲ-ਟਾਈਮ ਪੇਸ਼ਾ ਸੀ। ਉਸ ਦੇ ਖ਼ਿਲਾਫ਼ 8 ਕਾਗਨੀਜ਼ੇਬਲ ਅਪਰਾਧ ਅਤੇ 24 ਐੱਨਸੀਆਰ (ਨਾਨ-ਕੌਗਨਿਜ਼ੇਬਲ ਅਪਰਾਧ) ਦਰਜ ਹਨ।”

“ਵਰਲੀ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।”

"ਗ੍ਰਿਫ਼ਤਾਰ ਕੀਤਾ ਗਿਆ ਇੱਕ ਵਿਅਕਤੀ ਇੱਕ ਸਪਾ ਦਾ ਮਾਲਕ ਹੈ ਅਤੇ ਦੋ ਵਿਅਕਤੀ ਅਜਿਹੇ ਹਨ ਜਿਨ੍ਹਾਂ ਨੇ ਸਪਾ ਮਾਲਕ ਤੋਂ ਕਤਲ ਦੀ ਸੁਪਾਰੀ ਲੈ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ।"

ਦੱਤਾ ਨਲਾਵੜੇ ਨੇ ਦੱਸਿਆ ਕਿ ਵਰਲੀ ਪੁਲਿਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਵੱਖਰੇ ਤੌਰ 'ਤੇ ਜਾਂਚ ਕਰ ਰਹੀ ਹੈ।

ਕ੍ਰਾਈਮ ਬ੍ਰਾਂਚ ਦੀਆਂ 6 ਟੀਮਾਂ ਜਾਂਚ 'ਚ ਸ਼ਾਮਲ ਸਨ, ਜਿਨ੍ਹਾਂ 'ਚ ਤਕਨੀਕੀ ਟੀਮ ਅਤੇ ਫੀਲਡ ਇਨਵੈਸਟੀਗੇਸ਼ਨ ਟੀਮ ਸ਼ਾਮਲ ਸੀ।

ਉਨ੍ਹਾਂ ਨੇ ਦੱਸਿਆ, ''ਇਸ ਮਾਮਲੇ 'ਚ ਅਸੀਂ ਵਾਘਮਾਰੇ ਤੋਂ ਅੱਗੇ ਵੱਧ ਕੇ ਸਪਾ ਤੱਕ ਪਹੁੰਚਣ ਤੱਕ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ, ਜਿਸ 'ਚ ਕੁਝ ਗੱਲਾਂ ਸਾਹਮਣੇ ਆਈਆਂ।”

“ਇਸ ਦੇ ਆਧਾਰ 'ਤੇ ਅਸੀਂ ਪਹਿਲੇ ਮੁਲਜ਼ਿਮ ਨੂੰ ਨਾਲਸੋਪਾਰਾ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਕ ਹੋਰ ਮੁਲਜ਼ਿਮ ਹੈ ਜੋ ਦਿੱਲੀ ਵੱਲ ਭੱਜ ਰਿਹਾ ਹੈ।”

"ਸਥਾਨਕ ਪੁਲਿਸ ਦੀ ਮਦਦ ਨਾਲ, ਅਸੀਂ ਕੋਟਾ ਵਿੱਚ ਦੂਜੇ ਮੁਲਜ਼ਿਮ ਅਤੇ ਦੋ ਸ਼ੱਕੀਆਂ ਨੂੰ ਫੜ ਲਿਆ।"

ਟੈਟੂ ਬਾਰੇ ਉਨ੍ਹਾਂ ਕਿਹਾ, ''ਮ੍ਰਿਤਕ ਦੇ ਦੋਵੇਂ ਪੱਟਾਂ 'ਤੇ ਕੁਝ ਨਾਵਾਂ ਦੇ ਟੈਟੂ ਬਣੇ ਹੋਏ ਮਿਲੇ ਹਨ, ਜਿਸ 'ਚ ਲਿਖਿਆ ਸੀ ਕਿ ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਜੋ ਨਾਂ ਲਿਖੇ ਹਨ, ਉਹ ਇਸ ਲਈ ਜ਼ਿੰਮੇਵਾਰ ਹੋਣਗੇ। ਉਥੇ ਤਕਰੀਬਨ 22 ਨਾਮ ਲਿਖੇ ਸਨ ਅਤੇ ਇਹ ਲੋਕ ਵੱਖ-ਵੱਖ ਥਾਵਾਂ ਤੋਂ ਹਨ।"

ਵਾਘਮਾਰੇ
ਤਸਵੀਰ ਕੈਪਸ਼ਨ, ਵਾਘਮਾਰੇ ਨੇ ਸੌਫਟ ਟੱਚ ਸਪਾ ਦੇ ਮਾਲਕ ਸੰਤੋਸ਼ ਸ਼ੇਰੇਕਰ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਸੀ।

ਸਪਾ ਦੇ ਮਾਲਕ ਨੇ ਵਾਘਮਾਰੇ ਨੂੰ ਕਿਉਂ 'ਮਾਰਿਆ'?

ਵਾਘਮਾਰੇ ਮੁੰਬਈ ਦੇ ਇੱਕ ਸਪਾ ਮਾਲਕ ਤੋਂ ਫਿਰੌਤੀ ਵਸੂਲ ਕਰਿਆ ਕਰਦੇ ਸਨ। ਵਾਘਮਾਰੇ ਨੇ ਸੌਫਟ ਟੱਚ ਸਪਾ ਦੇ ਮਾਲਕ ਸੰਤੋਸ਼ ਸ਼ੇਰੇਕਰ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਸੀ।

ਵਾਘਮਾਰੇ ਅਕਸਰ ਸ਼ੇਰੇਕਰ ਨੂੰ ਵਾਰ-ਵਾਰ ਪੈਸੇ ਲਈ ਤੰਗ-ਪ੍ਰੇਸ਼ਾਨ ਕਰਿਆ ਕਰਦੇ ਸਨ। ਸੰਤੋਸ਼ ਰੋਜ਼-ਰੋਜ਼ ਦੀ ਇਸ ਪ੍ਰੇਸ਼ਾਨੀ ਤੋਂ ਤੰਗ ਆ ਚੁੱਕੇ ਸਨ।

ਇਸ ਘਗੜੇ ਕਾਰਨ ਸੰਤੋਸ਼ ਨੇ ਵਾਘਮਾਰੇ ਨੂੰ ਮਾਰਨ ਦੀ ਸੁਪਾਰੀ ਫਿਰੋਜ਼ ਅਤੇ ਸਾਕਿਬ ਨੂੰ ਦੇ ਦਿੱਤੀ। ਇਹ ਬਾਅਦ ਵਿੱਚ ਪਤਾ ਲੱਗਿਆ ਕਿ ਦੋਵਾਂ ਨੇ ਸਪਾ ਸੈਂਟਰ ਵਿੱਚ ਜਾ ਕੇ ਵਾਘਮਾਰੇ ਦਾ ਕਤਲ ਕੀਤਾ ਸੀ।

ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੱਤਾ ਨਾਲਾਵਡੇ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਸੰਤੋਸ਼ ਸ਼ੇਰੇਕਰ, ਫਿਰੋਜ਼ ਅਤੇ ਸਾਕਿਬ ਨੂੰ ਇਸ ਕੇਸ ਦੇ ਸੰਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)