ਅਮਰੀਕਾ ਦੇ 'ਕਾਲੇ ਪਾਣੀ' ਵਿੱਚੋਂ 60 ਸਾਲ ਪਹਿਲਾਂ ਫ਼ਰਾਰ ਹੋਏ ਤਿੰਨ ਕੈਦੀਆਂ ਦੀ ਫ਼ਿਲਮੀ ਕਹਾਣੀ

ਤਸਵੀਰ ਸਰੋਤ, Getty Images
12 ਜੂਨ 1962 ਨੂੰ ਤਿੰਨ ਕੈਦੀ ਅਮਰੀਕਾ ਦੀ ਉੱਚ ਸੁਰੱਖਿਆ ਅਲਕੈਟਰਾਜ਼ ਜੇਲ੍ਹ ਤੋਂ ਫ਼ਰਾਰ ਹੋਏ ਅਤੇ ਮੁੜ ਕਦੇ ਵੀ ਦੇਖੇ ਨਹੀਂ ਗਏ। ਫਰੈਂਕ ਮੋਰਿਸ ਅਤੇ ਐਂਜਲਿਨ ਭਰਾਵਾਂ ਦਾ ਬਾਅਦ ਵਿੱਚ ਕੀ ਬਣਿਆ, ਇਹ ਅਜੇ ਤੱਕ ਰਹੱਸ ਹੈ।
ਲੇਕਿਨ ਜਿਸ ਕਲਾਕਾਰੀ ਨਾਲ ਉਹ ਅਮਰੀਕਾ ਦੀ ਉਸ ਸਮੇਂ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਤੋਂ ਫ਼ਰਾਰ ਹੋਏ, ਉਸਦਾ ਤਲਿਸਮ ਅਜੇ ਤੱਕ ਕਾਇਮ ਹੈ। ਘਟਨਾ ਤੋਂ ਦੋ ਸਾਲ ਬਾਅਦ ਬੀਬੀਸੀ ਪੈਨੋਰਮਾ ਦੀ ਟੀਮ ਨੇ ਉਸ ਜੇਲ੍ਹ ਦਾ ਦੌਰਾ ਕੀਤਾ।
ਮਈ 1964 ਵਿੱਚ ਬੀਬੀਸੀ ਪੈਨੋਰਮਾ ਦੇ ਮੇਜ਼ਬਾਨ ਮਾਈਕਲ ਸ਼ਰਲਟਨ ਸਨ ਫ੍ਰਾਂਸਿਸਕੋ ਦੀ ਖਾੜੀ ਪਾਰ ਕਰਕੇ ਬਦਨਾਮ “ਦਿ ਰੌਕ” ਵਜੋਂ ਮਸ਼ਹੂਰ ਜੇਲ੍ਹ ਦੀਪ ਅਕਲਕੈਟਰਾਜ਼ ਵਿੱਚ ਗਏ ਸਨ।
ਅਭੇਦ ਮੰਨੀ ਜਾਂਦੀ ਇਸ ਜੇਲ੍ਹ ਵਿੱਚ ਅਮਰੀਕਾ ਦੇ ਕੁਝ ਸਭ ਖ਼ਤਰਨਾਕ ਅਪਰਾਧੀਆਂ ਨੂੰ ਰੱਖਿਆ ਗਿਆ ਸੀ। ਲੇਕਿਨ 12 ਜੂਨ 1962 ਨੂੰ ਤਿੰਨ ਜਣਿਆਂ ਨੇ ਉਹ ਕਰ ਦਿਖਾਇਆ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਉਹ ਭੱਜ ਨਿਕਲੇ।
ਅਲਕੈਟਰਾਜ਼ ਕਦੇ ਸੈਨ ਫ੍ਰਾਂਸਿਸਕੋ ਖਾੜੀ ਦੇ ਰਾਹ ਦੀ ਰਾਖੀ ਲਈ ਸਮੁੰਦਰੀ ਫੌਜ ਦਾ ਟਿਕਾਣਾ ਸੀ।
ਅਮਰੀਕੀ ਖਾਨਾ ਜੰਗੀ ਦੌਰਾਨ ਇਸ ਨੂੰ 'ਕਨਫੈਡਰੇਟ ਕੈਦੀਆਂ' ਨੂੰ ਰੱਖਣ ਲਈ ਵਰਤਿਆ ਜਾਂਦਾ ਸੀ। 1930 ਵਿਆਂ ਦੇ ਦਹਾਕੇ ਵਿੱਚ, ਜਦੋਂ ਅਮਰੀਕਾ ਬੇਤਹਾਸ਼ਾ ਸੰਗਠਿਤ ਅਪਰਾਧ ਨਾਲ ਜੂਝ ਰਿਹਾ ਸੀ ਤਾਂ ਇਸ ਨੂੰ ਮੁੜ ਤੋਂ ਬਣਾਇਆ ਗਿਆ।
ਅਮਰੀਕਾ ਦੇ ਨਿਆਂ ਵਿਭਾਗ ਦੇ ਅਧਿਕਾਰ ਹੇਠ ਆਉਣ ਤੋਂ ਬਾਅਦ ਇੱਥੇ ਅਮਰੀਕਾ ਦੇ ਕੁਝ ਸਭ ਤੋਂ ਖੂੰਖਾਰ ਕੈਦੀ ਭੇਜੇ ਜਾਣ ਲੱਗੇ।
ਚਾਰ ਕੈਦੀਆਂ ਦੀ ਚੌਂਕੜੀ ਦਾ ਮਿਲਾਪ ਕਿਵੇਂ ਹੋਇਆ

ਤਸਵੀਰ ਸਰੋਤ, Getty Images
ਫਰੈਂਕ ਲੀ ਮੌਰਿਸ, ਬੀਬੀਸੀ ਪੈਨੋਰਮਾ ਦੇ ਉੱਥੇ ਪਹੁੰਚਣ ਤੋਂ ਚਾਰ ਸਾਲ ਪਹਿਲਾਂ ਪਹੁੰਚੇ ਸਨ। ਮੌਰਿਸ 11 ਸਾਲ ਦੀ ਉਮਰ ਵਿੱਚ ਅਨਾਥ ਹੋ ਗਏ ਸਨ ਅਤੇ 13 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪਹਿਲੇ ਅਪਰਾਧ ਲਈ ਸਜ਼ਾ ਸੁਣਾਈ ਗਈ ਸੀ। ਮੌਰਿਸ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਵੱਖੋ-ਵੱਖ ਸੁਧਾਰ ਘਰਾਂ ਵਿੱਚ ਬਿਤਾਇਆ ਸੀ।
ਉਸ ਨੂੰ ਬਹੁਤ ਹੀ ਬੁੱਧੀਮਾਨ ਸਮਝਿਆ ਜਾਂਦਾ ਸੀ ਅਤੇ ਬਹੁਤ ਹੁਸ਼ਿਆਰ ਅਪਰਾਧੀ ਸੀ। ਉਸ ਦੇ ਸਿਰ ਜੇਲ੍ਹ ਤੋੜਨ, ਲੁੱਟ ਕਰਨ ਅਤੇ ਨਸ਼ੇ ਤੇ ਹਥਿਆਰ ਰੱਖਣ ਦੇ ਇਲਜ਼ਾਮ ਸਨ।
ਉਨ੍ਹਾਂ ਨੂੰ ਲੂਸੀਆਨਾ ਜੇਲ੍ਹ ਵਿੱਚੋਂ ਬਚ ਨਿਕਲਣ ਤੋਂ ਬਾਅਦ ਇੱਥੇ 1960 ਵਿੱਚ ਭੇਜਿਆ ਗਿਆ ਸੀ। ਇੱਥੇ ਪਹੁੰਚਦੇ ਹੀ ਮੌਰਿਸ ਨੇ ਇੱਥੋਂ ਨਿਕਲਣ ਬਾਰੇ ਦਿਮਾਗ ਦੇ ਘੋੜੇ ਭਜਾਉਣੇ ਸ਼ੁਰੂ ਕਰ ਦਿੱਤੇ।
ਇੱਥੇ ਮੌਰਿਸ ਦੀ ਮੁਲਾਕਾਤ ਬੈਂਕ-ਲੁਟੇਰੇ ਭਰਾਵਾਂ ਜੌਹਨ ਅਤੇ ਕਲੇਰੈਂਸ ਐਂਜਲਿਨ ਅਤੇ ਐਲਿਨ ਵੈਸਟ ਨਾਲ ਹੋਈ। ਉਹ ਸੰਨ 1957 ਤੋਂ ਇੱਕ ਕੋਠੜੀ ਵਿੱਚ ਇਕੱਠੇ ਰਹਿ ਰਹੇ ਸਨ।
ਸਾਰੇ ਜਣੇ ਪਹਿਲਾਂ ਵੀ ਜੇਲ੍ਹਾਂ ਵਿੱਚ ਇੱਕਠੇ ਰਹੇ ਸਨ ਅਤੇ ਇੱਕ ਦੂਜੇ ਤੋਂ ਜਾਣੂ ਸਨ। ਕੋਠੜੀਆਂ ਨਾਲੋ-ਨਾਲ ਹੋਣ ਕਾਰਨ ਉਹ ਰਾਤ ਨੂੰ ਆਪਸ ਵਿੱਚ ਗੱਲ ਵੀ ਕਰ ਲੈਂਦੇ ਸਨ।
ਜੇਲ੍ਹ ਵਿੱਚੋਂ ਭੱਜਣ ਦੀ ਸਿੱਕੇ ਬੰਦ ਯੋਜਨਾ
ਮੌਰਿਸ ਨੇ ਪਹਿਲ ਕੀਤੀ ਅਤੇ ਚਾਰਾਂ ਜਣਿਆਂ ਨੇ ਮਿਲ ਕੇ ਭੱਜਣ ਦੀ ਇੱਕ ਗੁਪਤ ਅਤੇ ਸਿੱਕੇ ਬੰਦ ਯੋਜਨਾ ਤਿਆਰ ਕੀਤੀ।
ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਨ੍ਹਾਂ ਨੇ ਸਮੁੰਦਰੀ ਲੂਣ ਨਾਲ ਕਮਜ਼ੋਰ ਹੋਈਆਂ ਕੰਧਾਂ ਵਿੱਚ ਆਪਣੇ ਸਿੰਕ ਦੇ ਥੱਲੇ ਖੁੱਲ੍ਹਦੇ ਹਵਾਦਾਨਾਂ ਨੂੰ ਪੁੱਟਿਆ।
ਇਸ ਲਈ ਉਨ੍ਹਾਂ ਨੇ ਖਾਣੇ ਲਈ ਮਿਲਦੇ ਧਾਤ ਦੇ ਚਮਚਿਆਂ, ਵੈਕਿਊਮ ਕਲੀਨਰ ਦੀ ਮੋਟਰ ਦੀ ਜੁਗਾੜੂ ਡਰਿੱਲ ਅਤੇ ਆਰੇ ਦੇ ਬੇਕਾਰ ਬਲੇਡਾਂ ਦੀ ਵਰਤੋਂ ਕੀਤੀ।
ਜੇਲ੍ਹ ਵਿੱਚ ਦਿਨ ਦੇ ਕੁਝ ਸਮੇਂ ਲਈ ਕੋਈ ਸੰਗੀਤਕ ਸਾਜ਼ ਵਜਾਉਣ ਦੀ ਆਗਿਆ ਸੀ। ਇਸ ਦੌਰਾਨ ਸੁਰੰਗ ਦੇ ਸ਼ੋਰ ਨੂੰ ਦਬਾਉਣ ਲਈ ਮੌਰਿਸ ਆਪਣਾ ਹਾਰਮੋਨੀਅਮ ਵਰਗਾ ਸਾਜ਼ ਅਕੌਰਡੀਅਨ ਵਜਾਇਆ ਕਰਦੇ ਸਨ।

ਤਸਵੀਰ ਸਰੋਤ, Getty Images
ਇੱਕ ਵਾਰ ਜਦੋਂ ਉਨ੍ਹਾਂ ਨੇ ਇੰਨੀ ਕੁ ਸੁਰੰਗ ਬਣਾ ਲਈ ਕਿ ਉਹ ਘਿਸਰ ਕੇ ਦੂਜੇ ਪਾਸੇ ਜਾ ਸਕਣ ਤਾਂ ਉਨ੍ਹਾਂ ਨੇ ਕੋਠੜੀ ਦੇ ਉੱਪਰ ਖਾਲੀ ਥਾਂ ਵਿੱਚ ਆਪਣੀ ਵਰਕਸ਼ਾਪ ਤਿਆਰ ਕੀਤੀ।
ਕੰਧ ਦੇ ਸੰਨ੍ਹ ਲਕੋਣ ਲਈ ਉਨ੍ਹਾਂ ਨੇ ਜੇਲ੍ਹ ਦੀ ਲਾਇਬ੍ਰੇਰੀ ਵਿੱਚੋਂ ਚੋਰੀ ਕਰਕੇ ਮੈਗਜ਼ੀਨ ਦੇ ਕਾਗਜ਼ਾਂ ਦਾ ਗਾਰਾ ਬਣਾ ਕੇ ਉਸ ਨੂੰ ਪਲਸਤਰ ਵਾਂਗ ਵਰਤਿਆ।
ਉਨ੍ਹਾਂ ਨੇ 50 ਤੋਂ ਜ਼ਿਆਦਾ ਰੇਨ ਕੋਟ ਚੋਰੀ ਕੀਤੇ ਅਤੇ ਆਪਣੀ ਵਰਕਸ਼ਾਪ ਵਿੱਚ ਇਨ੍ਹਾਂ ਤੋਂ ਜਾਨ ਬਚਾਊ ਜਾਕਟਾਂ ਅਤੇ 16x4 ਫੁੱਟ ਦੀ ਕਿਸ਼ਤੀ ਬਣਾਈ।
ਪਲਾਸਟਿਕ ਪਿਘਲਾਉਣ ਲਈ ਉਨ੍ਹਾਂ ਨੇ ਜੇਲ੍ਹ ਦੀਆਂ ਭਾਫ਼ ਦੀਆਂ ਪਾਈਪਾਂ ਦੀ ਵਰਤੋਂ ਕੀਤੀ।
ਇਸ ਕਿਸ਼ਤੀ ਵਿੱਚ ਹਵਾ ਭਰਨ ਲਈ ਹਾਮੋਰਨੀਅਮ ਵਰਗੇ ਸਾਜ਼ ਕੰਸਰਟੀਨਾ ਤੋਂ ਇੱਕ ਜੁਗਾੜੂ ਪੰਪ ਵੀ ਤਿਆਰ ਕੀਤਾ ਗਿਆ ਅਤੇ ਪਲਾਈ ਦੇ ਬੇਕਾਰ ਟੁਕੜਿਆਂ ਤੋਂ ਚੱਪੂ ਬਣਾਏ ਗਏ।
ਦੂਜੀ ਸਮੱਸਿਆ ਸੀ ਉਹ ਪਹਿਰੇ ਦਾਰ ਜੋ ਰਾਤ ਨੂੰ ਕੋਠੜੀਆਂ ਦੇ ਬਾਹਰ ਗਸ਼ਤ ਕਰਦੇ ਸਨ। ਉਨ੍ਹਾਂ ਨੂੰ ਪਤਾ ਨਹੀ ਲੱਗਣਾ ਚਾਹੀਦਾ ਕਿ ਚਾਰੇ ਜਣੇ ਆਪਣੇ ਬਿਸਤਰਿਆਂ ਵਿੱਚੋਂ ਗਾਇਬ ਹਨ।

ਤਸਵੀਰ ਸਰੋਤ, Getty Images
ਇਸ ਲਈ ਉਨ੍ਹਾਂ ਨੇ ਕੰਧ ਦੇ ਪਲਸਤਰ ਵਾਂਗ ਹੀ ਕਾਗਜ਼ ਦੀ ਲੁਗਦੀ ਦੇ ਮੁਖੌਟੇ ਬਣਾਏ। ਇਹ ਮਖੌਟੇ ਬਣਾਉਣ ਲਈ ਉਨ੍ਹਾਂ ਨੇ ਟੁੱਥਪੇਸਟ, ਸਾਬਣ ਅਤੇ ਟੌਇਲਟ ਪੇਪਰ ਦੀ ਵਰਤੋਂ ਵੀ ਕੀਤੀ।
ਮੁਖੌਟਿਆਂ ਨੂੰ ਅਸਲੀ ਵਰਗਾ ਦਿਖਾਉਣ ਲਈ ਉਨ੍ਹਾਂ ਨੇ ਜੇਲ੍ਹ ਦੇ ਨਾਈ ਦੇ ਕਮਰੇ ਦੇ ਫਰਸ਼ ਤੋਂ ਚੋਰੀ ਕੀਤੇ ਹੋਏ ਵਾਲਾਂ ਦੀ ਵਰਤੋਂ ਕੀਤੀ।
ਫਿਰ ਉਹ ਆਪਣੇ ਬਿਸਤਰਿਆਂ ਵਿੱਚ ਕੱਪੜੇ ਅਤੇ ਕੰਬਲ ਇਸ ਤਰ੍ਹਾਂ ਰੱਖ ਜਾਂਦੇ ਸਨ ਜਿਵੇਂ ਉਹੀ ਪਏ ਹੋਣ।
ਅਤੇ...

ਆਖਰ 11 ਜੂਨ 1962 ਨੂੰ ਉਹ ਆਪਣੀ ਯੋਜਨਾ ਨੂੰ ਅਮਲੀ ਜਾਮਾ ਪਾਉਣ ਲਈ ਪੂਰੇ ਤਿਆਰ ਸਨ।
ਆਪਣੇ ਮਖੌਟੇ ਬਿਸਤਰਿਆਂ ਵਿੱਚ ਰੱਖ ਕੇ ਮੌਰਿਸ ਅਤੇ ਐਂਜਲਿਨ ਭਰਾ ਕੋਠੜੀਆਂ ਦੀਆਂ ਕੰਧਾਂ ਵਿੱਚ ਬਣਾਈ ਸੁਰੰਗ ਵਿੱਚੋਂ ਦੀ ਹੋ ਕੇ ਬਾਹਰ ਨਿਕਲੇ।
ਲੇਕਿਨ ਵੈਸਟ ਸਮੇਂ ਸਿਰ ਨਿਕਲਣ ਵਿੱਚ ਸਫ਼ਲ ਨਹੀਂ ਹੋ ਸਕਿਆ ਅਤੇ ਬਾਕੀ ਤਿੰਨੇਂ ਜਣੇ ਉਸ ਤੋਂ ਬਿਨਾਂ ਹੀ ਨਿਕਲ ਗਏ।
ਕੋਠੜੀਆਂ ਦੀ ਛੱਤ ਦੇ ਉੱਪਰੋਂ ਭੱਜਦੇ ਹੋਏ ਅਤੇ ਨਿਗਾਹੀਏ ਦੀ ਨਜ਼ਰ ਤੋਂ ਬਚਦੇ ਹੋਏ ਉਹ ਭੱਜੇ। ਇਸ ਦੌਰਾਨ ਉਨ੍ਹਾਂ ਨੇ 12-12 ਫੁੱਟ ਉੱਚੀਆਂ ਦੋ ਕੰਡਿਆਲੀ ਤਾਰ ਵਾਲੀਆਂ ਕੰਧਾਂ ਵੀ ਮੋਢੇ ਉੱਤੇ ਆਪਣੀ ਜੁਗਾੜ ਕਿਸ਼ਤੀ ਚੁੱਕ ਕੇ ਪਾਰ ਕੀਤੀਆਂ।
ਇਸ ਤਰ੍ਹਾਂ ਉਹ ਦੀਪ ਦੇ ਉੱਤਰ-ਪੂਰਬੀ ਕਿਨਾਰੇ ਵਾਲੀ ਬਾਹੀ ਵਾਲੇ ਪਾਸੇ ਤੋਂ ਸਮੁੰਦਰ ਵਿੱਚ ਉਤਰ ਗਏ।
ਪਾਣੀ ਦੇ ਕਿਨਾਰੇ ਉੱਤੇ ਪਹੁੰਚ ਕੇ ਉਨ੍ਹਾਂ ਨੇ ਆਪਣੀ ਕਿਸ਼ਤੀ ਵਿੱਚ ਹਵਾ ਭਰੀ ਅਤੇ ਰਾਤ ਦੇ ਹਨੇਰੇ ਵਿੱਚ ਗਾਇਬ ਹੋ ਗਏ।
ਅਗਲੀ ਸਵੇਰ ਜਦੋਂ ਬਿਸਤਰਿਆਂ ਵਿੱਚੋਂ ਮਖੌਟੇ ਬਰਾਮਦ ਕੀਤੇ ਗਏ ਤਾਂ ਅਲਾਰਮ ਵਜਾਏ ਗਏ।
ਜੇਲ੍ਹ ਵਿੱਚ ਉਸ ਸਮੇਂ ਇੱਥੇ ਕੰਮ ਕਰਨ ਵਾਲੇ ਸਟਾਫ਼ ਦੇ ਪਰਿਵਾਰ ਵੀ ਰਹਿੰਦੇ ਸਨ। ਜੇਲ੍ਹ ਦੇ ਤਤਕਾਲੀ ਵਾਰਡਨ ਜੋਲੀਨ ਬੇਬੀਆਕ ਦੇ ਪਿਤਾ ਨੇ ਕੈਦੀਆਂ ਦੇ ਭੱਜਣ ਦਾ ਅਲਾਰਮ ਵਜਾਇਆ।

ਤਸਵੀਰ ਸਰੋਤ, Getty Images
ਜੋਲੀਨ ਨੇ 2013 ਵਿੱਚ ਬੀਬੀਸੀ ਵਿਟਨਿਸ ਹਿਸਟਰੀ ਨੂੰ ਦੱਸਿਆ ਕਿ ਸਵੇਰ ਜਦੋਂ ਉਹ ਉੱਠੇ ਤਾਂ ਅਲਾਰਮ ਅਜੇ ਚੱਲ ਰਿਹਾ ਸੀ।
ਜੇਲ੍ਹ ਵਿੱਚ ਮੁਕੰਮਲ ਤਾਲਾਬੰਦੀ ਕਰ ਦਿੱਤੀ ਗਈ ਅਤੇ ਜੇਲ੍ਹ ਅਫ਼ਸਰ ਦੀ ਰਿਹਾਇਸ਼ ਸਮੇਤ ਸਾਰੇ ਜੇਲ੍ਹ ਦੀ ਤਲਾਸ਼ੀ ਲਈ ਗਈ।
ਅਗਲੇ ਕਈ ਦਿਨ ਆਸ-ਪਾਸੇ ਦੇ ਇਲਾਕੇ ਵਿੱਚ ਭਗੌੜਿਆਂ ਦੀ ਭਾਲ ਕੀਤੀ ਜਾਂਦੀ ਰਹੀ।
ਸੱਤ ਦਿਨਾਂ ਬਾਅਦ ਕਿਸ਼ਤੀ ਦੇ ਕੁਝ ਹਿੱਸੇ ਗੋਲਡਨ ਗੇਟ ਪੁਲ ਕੋਲ ਕਿਨਾਰੇ ਉੱਤੇ ਆ ਲੱਗੇ। ਫਿਰ ਇੱਕ ਜੁਗਾੜੀ ਜਾਨ ਬਚਾਊ ਜਾਕਟ ਵੀ ਮਿਲ ਗਈ। ਲੇਕਿਨ ਤਿੰਨਾਂ ਭਗੌੜਿਆਂ ਦਾ ਕੁਝ ਪਤਾ ਨਹੀਂ ਚੱਲਿਆ।
ਹਾਲਾਂਕਿ ਕੈਦੀ ਜੇਲ੍ਹ ਵਿੱਚੋਂ ਭੱਜ ਗਏ ਸਨ ਪਰ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਹ ਨਿਸ਼ਚਿਤ ਹੀ ਇਸ ਕੋਸ਼ਿਸ਼ ਦੌਰਾਨ ਪਾਣੀ ਦੀ ਭੇਂਟ ਚੜ੍ਹ ਗਏ ਹੋਣਗੇ।

ਤਸਵੀਰ ਸਰੋਤ, FBI
ਜੇਲ੍ਹ ਦੇ ਵਾਰਡਨ ਨੇ 1964 ਵਿੱਚ ਬੀਬੀਸੀ ਨੂੰ ਦੱਸਿਆ, “ਹਾਂ ਕੁਝ ਲਾਪਤਾ ਹਨ, ਪਰ ਕੋਈ ਵੀ ਇਸ ਬਾਰੇ ਫੜ੍ਹਾਂ ਨਹੀਂ ਮਾਰ ਰਿਹਾ। ਅਸੀਂ ਮੰਨਦੇ ਹਾਂ ਕਿ ਜੋ ਲਾਪਤਾ ਹਨ ਉਹ ਡੁੱਬ ਚੁੱਕੇ ਹਨ। ਸਾਡੀ ਜਾਣਕਾਰੀ ਮੁਤਾਬਕ ਕੋਈ ਵੀ ਇਹ ਦਾਅਵਾ ਨਹੀਂ ਕਰ ਰਿਹਾ ਕਿ ਉਹ ਅਲਕੈਟਰਾਜ਼ ਤੋਂ ਫਰਾਰ ਹੋਇਆ ਹੈ। ਮੈਨੂੰ ਇੰਨਾ ਯਕੀਨ ਕਿਵੇਂ ਹੈ? ਤੁਸੀਂ ਹਵਾ ਸੁਣ ਸਕਦੇ ਹੋ ਅਤੇ ਪਾਣੀ ਦੇਖ ਸਕਦੇ ਹੋ। ਤੁਹਾਨੂੰ ਲਗਦਾ ਹੈ ਤੁਸੀਂ ਬਚ ਸਕਦੇ ਹੋ?”
ਇਨ੍ਹਾਂ ਦੇ ਭੱਜਣ ਤੋਂ ਇੱਕ ਸਾਲ ਬਾਅਦ ਅਲਕੈਟਰਾਜ਼ ਜੇਲ੍ਹ ਬੰਦ ਕਰ ਦਿੱਤੀ ਗਈ। ਸ਼ਾਇਦ ਅਜਿਹਾ ਇਸ ਨੂੰ ਚਲਾਉਣ ਦੇ ਖਰਚੇ ਅਤੇ ਖ਼ਰਾਬ ਹੁੰਦੀ ਜਾ ਰਹੀ ਸਥਿਤੀ ਕਾਰਨ ਕੀਤਾ ਗਿਆ। ਲੇਕਿਨ ਜੇਲ੍ਹ ਦਾ ਸਖਤ ਪ੍ਰਸ਼ਾਸਨ ਵੀ ਕਦੇ ਵਿਵਾਦ ਦਾ ਵਿਸ਼ਾ ਰਿਹਾ ਸੀ।
ਬੀਤੇ ਸਾਲਾਂ ਦੌਰਾਨ ਅਮਰੀਕਾ ਦੇ ਜੇਲ੍ਹ ਸਿਸਟਮ ਵਿੱਚ ਸੁਧਾਰ ਹੋਇਆ ਹੈ। ਨਿਆਂ ਵਿਭਾਗ ਨੇ ਆਪਣਾ ਧਿਆਨ ਕੈਦੀਆਂ ਨੂੰ ਸਜ਼ਾ ਦੇਣ ਦੀ ਥਾਂ ਉਨ੍ਹਾਂ ਦੇ ਮੁੜ ਵਸੇਬੇ ਉੱਤੇ ਧਿਆਨ ਕੇਂਦਰਿਤ ਕੀਤਾ ਹੈ।
ਹੁਣ ਕੀ ਸਥਿਤੀ ਹੈ

ਤਸਵੀਰ ਸਰੋਤ, us marshals
ਤਿੰਨ ਭਗੌੜਿਆਂ ਦੇ ਸੰਬੰਧ ਵਿੱਚ, ਹਾਲਾਂਕਿ ਉਨ੍ਹਾਂ ਦੀਆਂ ਲਾਸ਼ਾਂ ਕਦੇ ਬਰਾਮਦ ਨਹੀਂ ਕੀਤੀਆਂ ਜਾ ਸਕੀਆਂ ਪਰ 1979 ਵਿੱਚ ਕਨੂੰਨੀ ਤੌਰ ਉੱਤੇ ਮੁਰਦੇ ਐਲਾਨ ਦਿੱਤੇ ਗਏ ਅਤੇ ਐੱਫਬੀਆਈ ਨੇ ਕੇਸ ਬੰਦ ਕਰ ਦਿੱਤੀ।
ਲੇਕਿਨ ਉਨ੍ਹਾਂ ਕੈਦੀਆਂ ਦਾ ਕੀ ਬਣਿਆ ਇਸ ਵਿੱਚ ਦਿਲਚਸਪੀ ਕਦੇ ਵੀ ਖਤਮ ਨਹੀਂ ਹੋ ਸਕੀ। ਜਿਹੜੇ ਸਾਲ ਐੱਫਬੀਆਈ ਨੇ ਕੇਸ ਬੰਦ ਕੀਤਾ ਉਸ ਤੋਂ ਅਗਲੇ ਹੀ ਸਾਲ ਇਸ ਵਿਸ਼ੇ ਉੱਤੇ ਫਿਲਮ ਰਿਲੀਜ਼ ਕੀਤੀ ਗਈ। ਜਿਸ ਵਿੱਚ ਕਲਿੰਟ ਈਸਟਵੁੱਡ ਨੇ ਫਰੈਂਕ ਮੌਰਿਸ ਦੀ ਭੂਮਿਕਾ ਨਿਭਾਈ।
ਸਾਲ 1962 ਵਿੱਚ ਉਨ੍ਹਾਂ ਦੇ ਭੱਜਣ ਤੋਂ ਬਾਅਦ ਉਨ੍ਹਾਂ ਨੂੰ ਦੇਖੇ ਜਾਣ ਅਤੇ ਸੁਨੇਹੇ ਮਿਲਣ ਬਾਰੇ ਕਥਿਤ ਦਾਅਵੇ ਕੀਤੇ ਗਏ ਹਨ।
ਸਾਲ 2018 ਵਿੱਚ ਸੈਨ ਫ੍ਰਾਂਸਿਸਕੋ ਪੁਲਿਸ ਨੇ ਖੁਲਾਸਾ ਕੀਤਾ ਕਿ ਪੰਜ ਸਾਲ ਪਹਿਲਾਂ ਉਨ੍ਹਾਂ ਨੂੰ ਇੱਕ ਚਿੱਠੀ ਮਿਲੀ ਸੀ। ਭੇਜਣ ਵਾਲੇ ਨੇ ਦਾਅਵਾ ਕੀਤਾ ਸੀ ਕਿ ਉਹ ਜੌਹਨ ਐਂਜਲਿਨ ਹੈ।
ਚਿੱਠੀ ਵਿੱਚ ਲਿਖਿਆ ਸੀ, “ਮੈਂ ਅਲਕੈਟਰਾਜ਼ ਤੋਂ ਜੂਨ 1962 ਵਿੱਚ ਭੱਜਿਆ ਸੀ। ਹਾਂ ਅਸੀਂ ਸਾਰਿਆਂ ਨੇ ਉਸ ਰਾਤ ਇਹ ਕਰ ਲਿਆ ਸੀ, ਪਰ ਮਸਾਂ-ਮਸਾਂ ਹੀ!”
ਚਿੱਠੀ ਮੁਤਾਬਕ ਇਸ ਦੌਰਾਨ ਉਨ੍ਹਾਂ ਨੇ ਇੱਕ ਰੂਹਪੋਸ਼ ਜ਼ਿੰਦਗੀ ਬਿਤਾਈ ਸੀ ਅਤੇ ਫਰੈਂਕ ਮੌਰਿਸ ਦੀ ਅਕਤੂਬਰ 2005 ਵਿੱਚ ਅਤੇ ਕਲੇਅਰੈਂਸ ਐਂਜਲਿਨ ਦੀ 2008 ਵਿੱਚ ਮੌਤ ਹੋ ਗਈ ਸੀ।
ਲਿਖਤੁਮ ਨੇ ਕਿਹਾ ਕਿ ਹੁਣ ਉਹ ਆਪਣੇ ਕੈਂਸਰ ਦੇ ਇਲਾਜ ਬਦਲੇ ਆਤਮ ਸਮਰਪਣ ਕਰਨਾ ਚਾਹੁੰਦਾ ਹੈ।
ਐੱਫਬੀਆਈ ਨੇ ਚਿੱਠੀ ਦੀ ਜਾਂਚ ਕੀਤੀ ਪਰ ਪੁਸ਼ਟੀ ਨਹੀਂ ਕਰ ਸਕੀ ਕਿ ਇਹ ਸੱਚਾ ਸੀ ਜਾਂ ਨਹੀਂ।
ਯੂਐੱਸ ਮਾਰਸ਼ਨ ਸਰਵਿਸਸ ਵਿੱਚ ਕੇਸ ਅਜੇ ਵੀ ਖੁੱਲ੍ਹਾ ਹੈ। ਅਜੇ 2022 ਵਿੱਚ ਹੀ ਉਨ੍ਹਾਂ ਵਲੋਂ ਭਗੌੜਿਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਕਿ ਉਹ ਹੁਣ ਕਿਹੋ-ਜਿਹੇ ਲਗਦੇ ਹੋਣਗੇ।
ਇਸ ਦੇ ਨਾਲ ਹੀ ਜਾਣਕਾਰੀ ਦੀ ਅਪੀਲ ਕੀਤੀ ਗਈ ਤਾਂ ਜੋ ਇਸ ਰਹੱਸ ਤੋਂ ਪਰਦਾ ਚੁੱਕਿਆ ਜਾ ਸਕੇ।








