ਰਾਹੁਲ ਗਾਂਧੀ ਨੇ ਗੁਰੂ ਨਾਨਕ ਦੀ ਤਸਵੀਰ ਦਾ ਜਿਸ ਅਭੈ ਮੁਦਰਾ ਦੀ ਗੱਲ ਕੀਤੀ ਉਹ ਕੀ ਹੁੰਦੀ ਹੈ ਤੇ ਐੱਸਜੀਪੀਸੀ ਨੂੰ ਕੀ ਇਤਰਾਜ਼ ਹੈ

ਰਾਹੁਲ ਗਾਂਧੀ ਅਤੇ ਹਰਜਿੰਦਰ ਸਿੰਘ ਧਾਮੀ

ਤਸਵੀਰ ਸਰੋਤ, SANSAD TV/TWITTER

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਕ ਸਭਾ ਵਿੱਚ ਰਾਹੁਲ ਗਾਂਧੀ ਦੇ ਗੁਰੂ ਨਾਨਕ ਦੇਵ ਜੀ ਨਾਲ ਜੋੋੜ ਦੇ ਦਿੱਤੇ ਬਿਆਨ ਉੱਤੇ ਇਤਰਾਜ਼ ਜ਼ਾਹਰ ਕੀਤਾ ਹੈ।

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਦਨ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਉੱਤੇ ਧੰਨਵਾਦੀ ਮਤੇ ਉੱਤੇ ਬੋਲਦਿਆਂ ਹੋਰ ਧਾਰਮਿਕ ਰਹਿਬਰਾਂ ਦੇ ਨਾਲ ਗੁਰੂ ਨਾਨਕ ਦੀ ਤਸਵੀਰ ਦਿਖਾਈ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਇਹ ਸਾਰੇ ਧਾਰਮਿਕ ਰਹਿਬਰ ਅਭੈ ਮੁੱਦਰਾ ਦਿਖਾ ਰਹੇ ਹਨ ਅਤੇ ਨਾ ਡਰੋ ਅਤੇ ਨਾ ਡਰਾਓ ਦਾ ਸੁਨੇਹਾ ਦੇ ਰਹੇ ਹਨ।

ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਐੱਸਜੀਪੀਸੀ ਨੇ ਕੀ ਕਿਹਾ, ਰਾਹੁਲ ਗਾਂਧੀ ਨੇ ਸੰਸਦ ਵਿੱਚ ਕੀ ਕਿਹਾ ਸੀ ਅਤੇ ਅਭੈ ਮੁੱਦਰਾ ਤੋਂ ਕੀ ਭਾਵ ਹੈ-

ਰਾਹੁਲ ਗਾਂਧੀ ਨੇ ਸੰਸਦ ਵਿੱਚ ਕੀ ਕਿਹਾ ਸੀ

ਰਾਹੁਲ ਗਾਂਧੀ

ਤਸਵੀਰ ਸਰੋਤ, SANSAD TV

ਸੋਮਵਾਰ ਨੂੰ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਜੋ ਮੌਜੂਦਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵੀ ਹਨ, ਨੇ ਆਪਣੀ ਗੱਲ ਰੱਖਣ ਲਈ ਵੱਖ-ਵੱਖ ਧਰਮਾਂ ਦੇ ਧਾਰਮਿਕ ਰਹਿਬਰਾਂ ਦੀਆਂ ਤਸਵੀਰਾਂ ਲੋਕ ਸਭਾ ਵਿੱਚ ਦਿਖਾਈਆਂ ਸਨ।

ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਲੋਕਾਂ ਨੂੰ ਡਰਾਇਆ ਗਿਆ, ਜੇਲ੍ਹ ਵਿੱਚ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੀ ਨਿਸ਼ਾਨਾ ਬਣਾਇਆ ਗਿਆ।

ਉਨ੍ਹਾਂ ਨੇ ਕਿਹਾ, “ਮੇਰੇ ਉੱਤੇ ਵੀ ਭਾਰਤ ਸਰਕਾਰ ਅਤੇ ਸਪਸ਼ਟ ਰੂਪ ਵਿੱਚ ਪ੍ਰਧਾਨ ਮੰਤਰੀ ਦੇ ਹੁਕਮ ਨਾਲ ਹਮਲੇ ਕੀਤੇ ਗਏ। ਵੀਹ ਤੋਂ ਜ਼ਿਆਦਾ ਮੁਕੱਦਮੇ, ਦੋ ਸਾਲ ਦੀ ਜੇਲ੍ਹ ਦੀ ਸਜ਼ਾ, ਮੇਰਾ ਘਰ ਖੋਹ ਲਿਆ ਗਿਆ ਪਰ ਕੋਈ ਸਮੱਸਿਆ ਨਹੀਂ।”

ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਉਨ੍ਹਾਂ ਉੱਤੇ ਹਫ਼ਤੇ ਦੇ ਸੱਤੇ ਦਿਨ ਅਤੇ ਚੌਵੀ ਘੰਟੇ ਹਮਲੇ ਕੀਤੇ ਗਏ।

ਉਨ੍ਹਾਂ ਮੁਤਾਬਕ ਇਸ ਸਭ ਦਾ ਸਾਹਮਣਾ ਕਰਨ ਦੀ ਸ਼ਕਤੀ ਉਨ੍ਹਾਂ ਨੂੰ ਇਨ੍ਹਾਂ ਰਹਿਬਰਾਂ ਦੇ ਹੱਥਾਂ ਤੋਂ ਮਿਲੀ ਜੋ ਅਭੈ ਮੁੱਦਰਾ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਨਾ ਕਿਸੇ ਤੋਂ ਡਰੋ ਅਤੇ ਨਾ ਡਰਾਓ।

ਰਾਹੁਲ ਗਾਂਧੀ

ਤਸਵੀਰ ਸਰੋਤ, SANSAD TV

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਸ਼ਿਵਜੀ ਤੋਂ ਸ਼ੁਰੂ ਕਰਕੇ ਈਸਾ ਮਸੀਹ, ਮਹਾਤਮਾ ਬੁੱਧ ਅਤੇ ਗੁਰੂ ਨਾਨਕ ਦੇਵ ਜੀਆਂ ਦੀਆਂ ਤਸਵੀਰਾਂ ਦਿਖਾਈਆਂ।

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹੀ ਅਭੈ ਮੁੱਦਰਾ ਕਾਂਗਰਸ ਦਾ ਵੀ ਚਿੰਨ੍ਹ ਹੈ, ਜੋ ਕਹਿੰਦਾ ਹੈ ਕਿ ਨਾ ਹੀ ਡਰੋ ਅਤੇ ਨਾ ਡਰਾਓ।

ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਸਭ ਤੋਂ ਪਹਿਲਾਂ ਸ਼ਿਵਜੀ ਦੀ ਤਸਵੀਰ ਦਿਖਾਈ, ਉਸ ਵੇਲੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੂੰ ਟੋਕਿਆ ਗਿਆ ਅਤੇ ਸਦਨ ਵਿੱਚ ਕਿਸੇ ਵੀ ਕਿਸਮ ਦੀ ਤਸਵੀਰ ਦਿਖਾਉਣ ਤੋਂ ਰੋਕਿਆ ਗਿਆ।

ਰਾਹੁਲ ਗਾਂਧੀ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾਉਂਦਿਆਂ ਕਿਹਾ, "ਜਿਸ ਧਰਮ ਉੱਤੇ ਤੁਸੀਂ ਹਰ ਰੋਜ਼ ਹਮਲਾ ਕਰਦੇ ਹੋ। ਗੁਰੂ ਨਾਨਕ ਜੀ ਦੀ ਇਸ ਤਸਵੀਰ ਵਿੱਚ ਵੀ ਤੁਹਾਨੂੰ ਅਭੈ ਮੁੱਦਰਾ ਦਿਖਾਈ ਦੇਵੇਗੀ। ਗੁਰੂ ਨਾਨਕ ਜੀ ਵੀ ਕਹਿੰਦੇ ਹਨ ਕਿ ਡਰੋ ਨਾ ਡਰਾਓ ਨਾ।”

“ਪੰਜਾਬ ਤੋਂ ਗੁਰੂ ਨਾਨਕ ਜੀ ਮੱਕੇ ਤੱਕ ਗਏ, ਥਾਈਲੈਂਡ ਤੱਕ ਗਏ, ਅਫ਼ਗਾਨਿਸਤਾਨ ਗਏ, ਸ੍ਰੀ ਲੰਕਾ ਗਏ। ਕਿਸੇ ਨਾਲ ਹਿੰਸਾ ਨਹੀਂ ਕੀਤੀ। ਅਹਿੰਸਾ ਦੀ ਗੱਲ ਕੀਤੀ, ਸੱਚ ਦੀ ਗੱਲ ਕੀਤੀ। ਕਿਸੇ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਨਹੀਂ ਡਰਾਇਆ।”

ਐੱਸਜੀਪੀਸੀ ਨੇ ਕੀ ਕਿਹਾ

TWITTER

ਤਸਵੀਰ ਸਰੋਤ, sgpc

ਲੋਕ ਸਭਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਜਿਸ ਵਿੱਚ ਉਨ੍ਹਾਂ ਨੇ ਆਪਣਾ ਸੱਜਾ ਹੱਥ ਚੁੱਕਿਆ ਹੋਇਆ ਹੈ, ਦਿਖਾਏ ਜਾਣ ਦਾ ਐਸਜੀਪੀਸੀ ਨੇ ਇਤਰਾਜ਼ ਕੀਤਾ ਹੈ।

ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੁੱਕਰਵਾਰ ਨੂੰ ਕਿਹਾ, “ਪਾਰਲੀਮੈਂਟ ਵਿੱਚ ਧਰਮ ਦੀਆਂ ਗੱਲਾਂ ਚੱਲੀਆਂ। ਸਤਿਗੁਰੂ ਨਾਨਕ ਦੇਵ ਜੀ ਨੇ ਗੁਰ ਸ਼ਬਦ ਦੀਆਂ ਨਿੱਗਰ ਪੈੜਾਂ ਪਾਈਆਂ। ਉਨ੍ਹਾਂ ਨੇ ਮੁੱਢੋਂ ਹੀ ਧੂੜੀਆਂ-ਧਫੌਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬੈਠਣਾ ਅਜਿਹੇ ਕਰਮਕਾਂਡਾਂ ਦੀ ਨਿੰਦਾ ਕੀਤੀ ਹੈ।”

“ਜਿਹੜੇ ਵੱਖ ਵੱਖ ਜਾਤ-ਪਾਤ, ਊਚ-ਨੀਚ ਵਿੱਚ ਵੰਡੇ ਹੋਏ ਸੀ। ਉਨ੍ਹਾਂ ਸਾਰਿਆਂ ਨੂੰ ਇੱਕ ਸਮਤਲ ’ਤੇ ਲਿਆਂਦਾ।”

“ਪਿਛਲੇ ਦਿਨੀਂ ਇੱਕ ਫੋਟੋ ਵੀ ਵਾਇਰਲ ਹੋਈ ਹੈ, ਜਿਹੜੀ ਰਾਹੁਲ ਗਾਂਧੀ ਨੇ ਲੋਕ ਸਭਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਦਿਖਾਈ ਹੈ (ਜਿਸ ਵਿੱਚ ਉਨ੍ਹਾਂ ਦਾ ਹੱਥ ਚੁੱਕਿਆ ਹੁੰਦਾ ਹੈ)। “ਉਸ ਨੂੰ ਇਹ ਦਰਸਾਇਆ ਕਿ ਇਹ ਵੀ ਉਹ ਅਭੈ ਮੁੱਦਰਾ ਹੀ ਹੈ।”

“ਇਸਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸੰਬੰਧ ਨਹੀਂ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਫ਼ਲਸਫ਼ਾ ਹੈ, ਉਹ ਇੱਕ ਓਅੰਕਾਰ ਦਾ ਫ਼ਲਸਫ਼ਾ ਹੈ। ਉਹਦੇ ਵਿੱਚ ਸਤਿਗੂਰ ਜੀ ਨੇ ਨੀਵਿਆਂ ਨੂੰ ਉੱਚੇ ਕੀਤਾ।”

“ਸੋ ਸਾਡੀ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਇਹ ਵੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਉਨ੍ਹਾਂ ਦੀ ਤਸਵੀਰ ਨੂੰ ਅਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਿਸ ਲੈਂਦਿਆਂ ਸਪਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਅਤੇ ਸਿੱਖਿਆਵਾਂ ਨੂੰ ਸਿਆਸੀ ਕੋਸ਼ਿਸ਼ਾਂ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ।“

“ਅਕਸਰ ਸਿਆਸੀ ਲੋਕਾਂ ਦੇ ਅਜਿਹਾ ਕਰਨ ਨਾਲ ਗੁਰੂ ਸਾਹਿਬ ਦੇ ਪਵਿੱਤਰ ਸਿਧਾਂਤਾਂ ਅਤੇ ਗੁਰਬਾਣੀ ਦੀ ਵਿਆਖਿਆ ਗਲਤ ਕੀਤੀ ਜਾਂਦੀ ਹੈ।”

ਵਟਸਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਭੈ ਮੁੱਦਰਾ ਕੀ ਹੈ?

ਅਭੈ ਮੁੱਦਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਅਭੈ ਮੁੱਦਰਾ ਸੰਸਕ੍ਰਿਤ ਦੇ ਦੋ ਸ਼ਬਦਾਂ ਦਾ ਸੁਮੇਲ ਹੈ, ਅਭੈ ਅਤੇ ਮੁੱਦਰਾ। ਅਭੈ ਦਾ ਅਰਥ ਹੈ ਨਿਡਰ ਹੋਣਾ ਅਤੇ ਮੁੱਦਰਾ ਦਾ ਭਾਵ ਕਿ ਇਸ਼ਾਰਾ, ਨਿਡਰ ਹੋਣ ਦਾ ਇਸ਼ਾਰਾ।

ਸਿੱਧੀ ਯੋਗਾ ਵੈਬਸਾਈਟ ਮੁਤਾਬਕ ਅਭੈ ਮੁੱਦਰਾ ਪ੍ਰਾਚੀਨ ਕਾਲ ਵਿੱਚ ਮਿਲਣ-ਜੁਲਣ ਸਮੇਂ ਇੱਕ ਦੂਜੇ ਦਾ ਕੀਤਾ ਜਾਣ ਵਾਲਾ ਸਵਾਗਤ ਸੀ।

ਇਸ ਨੂੰ ਮਹਾਤਮਾ ਬੁੱਧ ਨੇ ਸਭ ਤੋਂ ਜ਼ਿਆਦਾ ਪ੍ਰਚਾਰਿਤ ਕੀਤਾ। ਬੌਧ ਰਵਾਇਤਾਂ ਮੁਤਾਬਕ ਜਦੋਂ ਇੱਕ ਗੁੱਸੇਖੋਰ ਹਾਥੀ ਨੇ ਬੁੱਧ ਉੱਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਉਸ ਹਾਥੀ ਨੂੰ ਆਪਣਾ ਹੱਥ ਦਿਖਾਇਆ ਅਤੇ ਉਹ ਸ਼ਾਂਤ ਹੋ ਗਿਆ।

ਵੈਬਸਾਈਟ ਮੁਤਾਬਕ ਹੱਥ ਦੇ ਇਸ ਇਸ਼ਾਰੇ ਦੀ ਵਰਤੋਂ ਸਾਹਮਣੇ ਵਾਲੇ ਵਿੱਚ ਸ਼ਾਂਤੀ, ਨਿਡਰਤਾ ਅਤੇ ਰੱਖਿਆ ਕੀਤੇ ਜਾਣ ਦੀ ਭਾਵਨਾ ਦਾ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ।

ਇਹ ਦਰਸਾਉਂਦਾ ਹੈ ਕਿ ਹੱਥ ਵਿੱਚ ਕੋਈ ਹਥਿਆਰ ਨਹੀਂ ਹੈ ਸਗੋਂ ਨਿਹੱਥਾ ਹੈ।

ਯੋਗਾਪੀਡੀਆ ਮੁਤਾਬਕ ਅਭੈ ਮੁੱਦਰਾ ਦੀ ਵਰਤੋਂ ਯੋਗ ਅਤੇ ਧਿਆਨ ਦੌਰਾਨ ਜੀਵਨ ਸ਼ਕਤੀ ਜਿਸ ਨੂੰ ਪ੍ਰਾਣ ਵੀ ਕਿਹਾ ਜਾਂਦਾ ਹੈ ਦਾ ਵਹਾਅ ਕਰਨ ਲਈ ਕੀਤੀ ਜਾਂਦੀ ਹੈ

ਇਹ ਸਾਹਮਣੇ ਵਾਲੇ ਵਿੱਚ ਡਰ ਖ਼ਤਮ ਕਰਕੇ ਉਸ ਵਿੱਚ ਸਾਹਸ ਭਰਦੀ ਹੈ। ਇਹ ਸੁਰੱਖਿਆ, ਰਾਖੀ, ਸ਼ਾਂਤੀ ਅਤੇ ਭਰੋਸਾ ਦੇਣ ਦਾ ਸੰਕੇਤ ਹੈ ਜਿਸ ਦੀ ਵਰਤੋਂ ਚੁਣੌਤੀਪੂਰਨ ਸਥਿਤੀਆਂ ਵਿੱਚ ਕੀਤੀ ਜਾ ਸਕਦੀ ਹੈ।

ਇਹ ਸੱਜੇ ਹੱਥ ਨੂੰ ਖੋਲ੍ਹ ਕੇ ਅਤੇ ਮੋਢੇ ਤੱਕ ਉੱਚਾ ਚੁੱਕ ਕੇ ਬਣਾਈ ਜਾਂਦੀ ਹੈ। ਇਸ ਦੌਰਾਨ ਹੱਥ ਸਾਹਮਣੇ ਵੱਲ ਰੱਖਿਆ ਜਾਂਦਾ ਹੈ।

ਹਾਲਾਂਕਿ ਇਹ ਜ਼ਿਆਦਾਤਰ ਸਿਰਫ਼ ਸੱਜੇ ਹੱਥ ਨਾਲ ਹੀ ਕੀਤਾ ਜਾਂਦਾ ਹੈ ਲੇਕਿਨ ਮਹਾਤਮਾ ਬੁੱਧ ਦੀਆਂ ਕੁਝ ਤਸਵੀਰਾਂ ਵਿੱਚ ਜਿਨ੍ਹਾਂ ਵਿੱਚ ਉਹ ਤੁਰੇ ਜਾ ਰਹੇ ਹਨ, ਉਨ੍ਹਾਂ ਨੂੰ ਦੋਵਾਂ ਹੱਥਾਂ ਨਾਲ ਵੀ ਕਰਦੇ ਦਿਖਾਇਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)