ਲੋਕ ਸਭਾ : ਪੰਜਾਬ ਦੇ ਜਿਸ ਅਗਨੀਵੀਰ ਲਈ ਰਾਹੁਲ ਤੇ ਰਾਜਨਾਥ ਬਹਿਸੇ ਉਸ ਦੇ ਪਰਿਵਾਰ ਨੇ ਦੱਸਿਆ ਸੱਚ, ਫੌਜ ਦਾ ਕੀ ਹੈ ਸਪੱਸ਼ਟੀਕਰਨ

ਤਸਵੀਰ ਸਰੋਤ, YT/ Rahul Gandhi
- ਲੇਖਕ, ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
“ਜੇ ਅਗਨੀਵੀਰ ਸੀ ਤਾਂ ਉਸ ਨੂੰ ਬਾਰਡਰ 'ਤੇ ਸਾਰਿਆਂ ਨਾਲੋਂ ਮੂਹਰੇ ਕਿਉਂ ਖੜ੍ਹਾਇਆ।”
“ਅਗਨੀਵੀਰਾਂ ਨੂੰ ਪਿੱਛੇ ਰੱਖਣ, ਜਿੱਦਾਂ ਦੇ ਉਨ੍ਹਾਂ ਨੂੰ ਪੈਸੇ ਦੇਣੇ ਉਦਾਂ ਦੀ ਡਿਊਟੀ ਕਰਵਾਉਣ ਕੱਲੇ-ਕੱਲੇ ਮਾਵਾਂ ਦੇ ਪੁੱਤਾਂ ਨੂੰ ਬਾਰਡਰਾਂ ਉੱਤੇ ਕਿਉਂ ਖੜ੍ਹਾਉਂਦੇ ਹਨ।”
ਦੁੱਖ, ਗੁੱਸੇ ਅਤੇ ਰੋਸ ਨਾਲ ਭਰੇ ਇਹ ਸ਼ਬਦ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੀ ਬਕਸ਼ੋ ਦੇਵੀ ਦੇ ਹਨ।

ਤਸਵੀਰ ਸਰੋਤ, Gurminder Grewal/BBC
ਬਕਸ਼ੋ ਦੇਵੀ ਦਾ ਭਰਾ ਅਜੈ ਕੁਮਾਰ ਭਾਰਤੀ ਫੌਜ ਦੀ ਅਗਨੀਪਥ ਯੋਜਨਾ ਤਹਿਤ ਭਰਤੀ ਹੋਇਆ ਸੀ।
ਉਨ੍ਹਾਂ ਦੀ ਜਨਵਰੀ 2024 ਵਿੱਚ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ ਵਿੱਚ ਇੱਕ ਲੈਂਡਮਾਈਨ ਬਲਾਸਟ ਵਿੱਚ ਮੌਤ ਹੋ ਗਈ ਸੀ।
ਭਾਰਤੀ ਥਲ ਸੈਨਾ ਦੀ ਵੈੱਬਸਾਇਟ ਮੁਤਾਬਕ ਅਗਨੀਪਥ ਸਕੀਮ ਤਹਿਤ ਭਾਰਤੀ ਫੌਜ ਲਈ ਨੌਜਵਾਨਾਂ ਨੂੰ 4 ਸਾਲ ਲਈ ਭਰਤੀ ਕੀਤਾ ਜਾਂਦਾ ਹੈ। ਚਾਰ ਸਾਲ ਤੋਂ ਬਾਅਦ ਉਨ੍ਹਾਂ ਵਿੱਚੋਂ ਸਿਰਫ਼ 25 ਫੀਸਦ ਨੂੰ ਹੀ ਰੈਗੂਲਰ ਭਰਤੀ ਕੀਤਾ ਜਾਂਦਾ ਹੈ। ਅਗਨਵੀਰ ਸਕੀਮ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਸਾਲਾਨਾ ਤਨਖਾਹ ਪੈਕੇਜ 4.76 ਰੁਪਏ ਤੋਂ ਸ਼ੁਰੂ ਹੋ ਕੇ ਸੇਵਾ ਪੂਰੀ ਹੋਣ ਤੱਕ 6.92 ਲੱਖ ਰੁਪਏ ਸਲਾਨਾ ਹੁੰਦਾ ਹੈ।
ਸੇਵਾ ਮੁਕਤੀ ਉੱਤੇ 11.71 ਲੱਖ ਰੁਪਏ (ਅਗਨੀਵੀਰ ਦੀ ਜਮ੍ਹਾ ਰਾਸ਼ੀ, ਸਰਕਾਰੀ ਦੇ ਹਿੱਸਾ ਅਤੇ 4 ਸਾਲਾਂ ਦੇ ਵਿਆਜ ਸਮੇਤ) ਦਿੱਤੇ ਜਾਂਦੇ ਹਨ। ਮੌਤ ਦੀ ਸੂਰਤ ਵਿੱਚ 48 ਲੱਖ ਰੁਪਏ ਜੀਵਨ ਬੀਮੇ ਦੇ ਦਿੱਤੇ ਜਾਂਦੇ ਹਨ। ਸਰਵਿਸ ਦੌਰਾਨ ਮੌਤ ਹੋਣ ਉੱਤੇ 44 ਲੱਖ ਰੁਪਏ ਐਕਸਗ੍ਰੇਸ਼ੀਆ ਗਰਾਂਟ ਦਿੱਤੀ ਜਾਂਦੀ ਹੈ।
ਭਾਰਤੀ ਸੰਸਦ ਵਿੱਚ ਵਿਰੋਧੀ ਧਿਰ ਅਗਨੀਪਥ ਸਕੀਮ ਦਾ ਵਿਰੋਧ ਕਰਦੇ ਹਨ। ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਅਤੇ ਸਦਨ ਦੇ ਪਹਿਲੇ ਇਜਲਾਸ ਵਿੱਚ ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਬਣਨ ਉੱਤੇ ਅਗਨੀਪਥ ਸਕੀਮ ਖ਼ਤਮ ਕੀਤੀ ਜਾਵੇਗੀ।
ਭਾਵੇਂ ਸਰਕਾਰ ਇਸ ਨੂੰ ਭਾਰਤੀ ਫੌਜ ਦੀ ਸਮਰੱਥਾ ਵਧਾਉਣ ਵਾਲੀ ਦੱਸਦੀ ਹੈ, ਪਰ ਕਈ ਰੱਖਿਆ ਮਾਹਰ ਵੀ ਇਸ ਸਕੀਮ ਦਾ ਵਿਰੋਧ ਕਰ ਰਹੇ ਹਨ।
ਬੀਤੇ ਸੋਮਵਾਰ ਜਦੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ 18 ਵੀਂ ਲੋਕ ਸਭਾ ਦੇ ਪਹਿਲੇ ਸੈੱਸ਼ਨ ਵਿੱਚ ਅਗਨੀਪਥ ਯੋਜਨਾ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਤਾਂ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਰਹਿੰਦੇ ਅਜੈ ਕੁਮਾਰ ਦੇ ਪਰਿਵਾਰ ਦੇ ਜ਼ਖ਼ਮ ਇੱਕ ਵਾਰੀ ਫ਼ੇਰ ਹਰੇ ਹੋ ਗਏ।
ਅਜੈ ਕੁਮਾਰ ਦੇ ਪਿਤਾ ਚਰਨਜੀਤ ਸਿੰਘ ਨੂੰ ਅੱਜ ਵੀ ਉਹ ਪਲ ਯਾਦ ਹਨ, ਜਦੋਂ ਉਨ੍ਹਾਂ ਨੂੰ 18 ਜਨਵਰੀ ਦੀ ਮਨਹੂਸ ਸ਼ਾਮ ਨੂੰ ਆਪਣੇ ਪੁੱਤ ਦੀ ਮੌਤ ਦੀ ਖ਼ਬਰ ਮਿਲੀ ਸੀ।
ਪੁੱਤ ਦੀ ਮੌਤ ਬਜ਼ੁਰਗ ਪਿਤਾ ਲਈ ਦੁੱਖਾਂ ਦਾ ਪਹਾੜ ਢਹਿਣ ਵਰਗੀ ਸੀ।
ਚਰਨਜੀਤ ਸਿੰਘ ਦੱਸਦੇ ਹਨ, “ਮੈਨੂੰ ਉਸ ਸ਼ਾਮ ਨੂੰ ਫੋਨ ਆਇਆ ਕਿ ਮਾਈਨ ਫਟ ਗਈ, ਜਿਸ ਵਿੱਚ ਵਿੱਚ ਤਿੰਨ ਜਣੇ ਜ਼ਖ਼ਮੀ ਹੋਏ ਹਨ, ਉਨ੍ਹਾਂ ਵਿੱਚੋ ਇੱਕ ਤੇਰਾ ਪੁੱਤ ਵੀ ਹੈ।”
ਚਰਨਜੀਤ ਸਿੰਘ ਦੀਆਂ ਛੇ ਧੀਆਂ ਹਨ, ਉਨ੍ਹਾਂ ਦੀਆਂ ਚਾਰ ਧੀਆਂ ਵਿਆਹੀਆਂ ਜਾ ਚੁੱਕੀਆਂ ਹਨ।
ਅਜੈ ਕੁਮਾਰ ਪੰਜ ਭੈਣਾਂ ਤੋਂ ਛੋਟਾ ਸੀ।
ਪਰਿਵਾਰ ਨੂੰ ਹੁਣ ਤੱਕ ਕੀ ਵਿੱਤੀ ਸਹਾਇਤਾ ਮਿਲੀ

ਤਸਵੀਰ ਸਰੋਤ, Gurminder Grewal/BBC
ਪਰਿਵਾਰ ਨੂੰ ਮਿਲੀ ਵਿੱਤੀ ਸਹਾਇਤਾ ਬਾਰੇ ਚਰਨਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਮਿਲੇ ਹਨ। ਇਸਦੇ ਨਾਲ ਹੀ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਫੌਜ ਵੱਲੋਂ ਪਿਛਲੇ ਦਿਨਾਂ ਵਿੱਚ 48 ਲੱਖ ਰੁਪਏ ਮਿਲੇ ਸਨ।
ਪਰ ਉਨ੍ਹਾਂ ਨੂੰ ਕੇਂਦਰ ਸਰਕਾਰ ਨਾਲ ਗਿਲਾ ਹੈ।
ਉਹ ਦੱਸਦੇ ਹਨ, “ਕੇਂਦਰ ਸਰਕਾਰ ਨੇ ਨਾ ਸਾਨੂੰ ਕੋਈ ਸੋਗ ਪੱਤਰ ਦਿੱਤਾ ਹੈ ਨਾ ਹੀ ਕੋਈ ਦਿਲਾਸਾ ਦਿੱਤਾ ਗਿਆ ਕਿ ਤੁਹਾਡਾ ਪੁੱਤ ਸਰਹੱਦ ਦੀ ਰਾਖੀ ਕਰਦਾ ਚਲਾ ਗਿਆ ਹੈ।”
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮੰਗ ਹੈ ਕਿ ਅਗਨੀਪਥ ਯੋਜਨਾ ਰੱਦ ਹੋਣੀ ਚਾਹੀਦੀ ਹੈ।
ਪਰਿਵਾਰ ਦਾ ਕਹਿਣਾ ਹੈ, ''ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਗਲਤ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਸਿਰਫ਼ 48 ਲੱਖ ਰੁਪਏ ਮਿਲੇ ਹਨ।''
''ਪਰਿਵਾਰ ਨੂੰ ਨਾ ਕੋਈ ਪੈਨਸ਼ਨ, ਨਾ ਫੌਜੀ ਦੇ ਸ਼ਹੀਦ ਹੋਣ ਤੋਂ ਬਾਅਦ ਮਿਲਣ ਵਾਲੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕੇ ਸਾਨੂੰ ਤਾਂ ਕੇਂਦਰ ਸਰਕਾਰ ਨੇ ਪੁੱਤ ਮਰਨ ਉੱਤੇ ਦਿਲਾਸਾ ਤੱਕ ਨਹੀਂ ਦਿੱਤਾ।''
ਸੰਸਦ 'ਚ ਅਗਨੀਵੀਰ ਦੀ ਗੂੰਜ

ਤਸਵੀਰ ਸਰੋਤ, ANI
ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੰਸਦ ਵਿੱਚ ਬੋਲਦਿਆਂ ਕਿਹਾ, “ਕੁਝ ਦਿਨ ਪਹਿਲਾਂ ਮੈਂ ਪੰਜਾਬ ਵਿੱਚ ਅਗਨੀਵੀਰ ਦੇ ਪਰਿਵਾਰ ਨੂੰ ਮਿਲਿਆ ਛੋਟਾ ਜਿਹਾ ਘਰ ਸੀ, ਲੈਂਡਮਾਈਨ ‘ਬਲਾਸਟ’ ਵਿੱਚ ਅਗਨੀਵੀਰ ‘ਸ਼ਹੀਦ ਹੋਇਆ’, ਮੈਂ ਉਸ ਨੂੰ ‘ਸ਼ਹੀਦ’ ਕਹਿ ਰਿਹਾ ਹਾਂ ਪਰ ਹਿੰਦੁਸਤਾਨ ਦੀ ਸਰਕਾਰ ਉਸ ਨੂੰ ‘ਸ਼ਹੀਦ’ ਨਹੀਂ ਕਹਿੰਦੀ।"
ਉਨ੍ਹਾਂ ਅੱਗੇ ਕਿਹਾ, “ਨਰਿੰਦਰ ਮੋਦੀ ਉਸ ਨੂੰ ਸ਼ਹੀਦ ਨਹੀਂ ਕਹਿੰਦੇ, ਨਰਿੰਦਰ ਮੋਦੀ ਉਸ ਨੂੰ ਅਗਨੀਵੀਰ ਕਹਿੰਦੇ ਹਨ ਉਸ ਨੂੰ ਪੈਨਸ਼ਨ ਨਹੀਂ ਮਿਲਗੀ, ਮੁਆਵਜ਼ਾ ਨਹੀਂ ਮਿਲੇਗਾ, ਸ਼ਹੀਦ ਦਾ ਦਰਜਾ ਨਹੀਂ ਮਿਲੇਗਾ।"
"ਆਮ ਜਵਾਨ ਨੂੰ ਪੈਨਸ਼ਨ ਮਿਲੇਗੀ ਹਿੰਦੁਸਤਾਨ ਦੀ ਸਰਕਾਰ ਆਮ ਜਵਾਨ ਦੀ ਮਦਦ ਕਰੇਗੀ ਪਰ ਅਗਨੀਵੀਰ ਨੂੰ ਜਵਾਨ ਨਹੀਂ ਮੰਨਿਆ ਜਾ ਸਕਦਾ, ਅਗਨੀਵੀਰ ਯੂਜ਼ ਐਂਡ ਥ੍ਰੋਅ ਮਜ਼ਦੂਰ ਹੈ।"
"ਉਸ ਨੂੰ 6 ਮਹੀਨਿਆਂ ਦੀ ਸਿਖਲਾਈ ਦਿੰਦੇ ਹੋ, ਚੀਨ ਦੇ ਜਵਾਨ ਨੂੰ 5 ਸਾਲ ਦੀ ਸਿਖਲਾਈ ਮਿਲਦੀ ਹੈ ਰਾਇਫਲ ਲੈ ਕੇ ਉਸ ਦੇ ਸਾਹਮਣੇ ਖੜ੍ਹਾ ਕਰਦਿੰਦੇ ਹੋ, ਇੱਕ ਜਵਾਨ ਤੇ ਦੂਜੇ ਵਿੱਚ ਫ਼ਰਕ ਕਰਦੇ ਹੋ, ਇੱਕ ਨੂੰ ਸ਼ਹੀਦ ਦਾ ਦਰਜਾ ਮਿਲੇਗਾ ਦੂਜੇ ਨੂੰ ਨਹੀਂ ਮਿਲੇਗਾ।"
ਰਾਹੁਲ ਗਾਂਧੀ ਨੇ ਅਜੈ ਬਾਰੇ ਬੋਲਦਿਆਂ ਕਿਹਾ ਕਿ ਉਸਦੀ ਦਿੱਖ ਫਿਲਮੀ ਸਿਤਾਰਿਆਂ ਵਰਗੀ ਸੀ।

ਰਾਹੁਲ ਨੂੰ ਜਵਾਬ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਗਲਤ ਬਿਆਨੀ ਕਰਕੇ ਸਦਨ ਨੂੰ ਗੁੰਮਰਾਹ ਕਰ ਰਹੇ ਹਨ।
ਰਾਜਨਾਥ ਸਿੰਘ ਨੇ ਕਿਹਾ ਯੁੱਧ ਦੇ ਦੌਰਾਨ ਤੇ ਸਰਹੱਦ ਦੀ ਰੱਖਿਆ ਦੇ ਦੌਰਾਨ ਜਦੋਂ ਵੀ ਕੋਈ ਅਗਨੀਵੀਰ ਜਵਾਨ ‘ਸ਼ਹੀਦ’ ਹੁੰਦਾ ਹੈ ਤਾਂ ਇੱਕ ਕਰੋੜ ਰੁਪਏ ਦੀ ਰਕਮ ਉਨ੍ਹਾਂ ਦੇ ਪਰਿਵਾਰ ਨੂੰ ਸਹਾਇਤਾ ਦੇ ਰੂਪ ਵਿੱਚ ਮੁਹੱਈਆ ਕਰਵਾਈ ਜਾਂਦੀ ਹੈ।
ਮੰਗਲਵਾਰ ਨੂੰ ਸੰਸਦ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਹੁਲ ਦੇ ਬਿਆਨ ਨੂੰ ਗੁੰਮਰਾਹਕੁੰਨ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਭਰਮ ਫੈਲਾਇਆ ਜਾ ਰਿਹਾ ਹੈ।
ਰਾਹੁਲ ਦੀ ਪਰਿਵਾਰ ਨਾਲ ਮੁਲਾਕਾਤ
ਰਾਹੁਲ ਗਾਂਧੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ 29 ਮਈ ਨੂੰ ਮਰਹੂਮ ਅਜੈ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਨ।
ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਤੀਤ ਕੀਤਾ ਸੀ ਅਤੇ ਪਰਿਵਾਰ ਦਾ ਹਾਲ-ਚਾਲ ਜਾਣਨ ਦੇ ਨਾਲ-ਨਾਲ ਅਜੈ ਕੁਮਾਰ ਦੇ ਬਾਰੇ ਵੀ ਗੱਲਾਂ ਕੀਤੀਆਂ ਸਨ।
ਚਰਨਜੀਤ ਸਿੰਘ ਦੱਸਦੇ ਹਨ ਕਿ ਰਾਹੁਲ ਗਾਂਧੀ ਜਦੋਂ ਉਨ੍ਹਾਂ ਦੇ ਘਰ ਆਏ ਸਨ ਤਾਂ ਉਨ੍ਹਾਂ ਨੇ ਦਿਲਾਸਾ ਦਿੱਤਾ ਸੀ ਕਿ ਉਹ ਅਗਨੀਪਥ ਯੋਜਨਾ ਰੱਦ ਕਰਵਾਉਣਗੇ।
ਉਨ੍ਹਾਂ ਦੱਸਿਆਂ ਕਿ ਉਹ ਸਥਾਨਕ ਐੱਮਪੀ ਅਮਰ ਸਿੰਘ ਨੂੰ ਵੀ ਦੱਸਕੇ ਗਏ ਸੀ ਕਿ ਪਰਿਵਾਰ ਦਾ ਖਿਆਲ ਰੱਖਿਆ ਜਾਵੇ।
ਚਰਨਜੀਤ ਸਿੰਘ ਦੱਸਦੇ ਹਨ ਕਿ ਉਹ ਰਾਜਨਾਥ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਨ।
ਉਹ ਦੱਸਦੇ ਹਨ ਕਿ ਹੋਰ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਫਾਇਦੇ ਜਿਵੇਂ ਪੈਨਸ਼ਨ ਉਨ੍ਹਾਂ ਨੂੰ ਨਹੀਂ ਮਿਲ ਰਹੇ ਅਤੇ ਉਨ੍ਹਾਂ ਦੀ ਮੰਗ ਹੈ ਕਿ ਇਹ ਉਨ੍ਹਾਂ ਨੂੰ ਮਿਲਣ।
ਅਜੈ ਕੁਮਾਰ ਦੀ ਭੈਣ ਬਕਸ਼ੋ ਦੇਵੀ ਕਹਿੰਦੇ ਹਨ ਕਿ ਉਨ੍ਹਾਂ ਦੇ ਭਰਾ ਨੇ ਰੈਗੂਲਰ ਭਰਤੀਆਂ ਵੀ ਦੇਖੀਆਂ ਸਨ, ਪਰ ਕੋਵਿਡ ਕਰਕੇ ਪੇਪਰ ਨਹੀਂ ਹੋਏ ਤੇ ਉਹ ਅਗਨੀਪਥ ਯੋਜਨਾ ਵਿੱਚ ਭਰਤੀ ਹੋ ਗਿਆ।
ਉਹ ਦੱਸਦੇ ਹਨ ਕਿ ਕਰੀਬ 6—7 ਮਹੀਨਿਆਂ ਦੀ ਟਰੇਨਿੰਗ ਤੋਂ ਬਾਅਦ ਉਹ ਅਗਸਤ ਮਹੀਨੇ ਵਿੱਚ ਘਰ ਆਇਆ ਸੀ। ਇਸ ਤੋਂ ਬਾਅਦ ਉਹ ਸਤੰਬਰ ਮਹੀਨੇ ਵਿੱਚ ਕਸ਼ਮੀਰ ਵਿੱਚ ਤੈਨਾਤ ਹੋ ਗਿਆ ਸੀ।
ਬਕਸ਼ੋ ਦੇਵੀ ਨੂੰ ਅੱਜ ਵੀ ਆਪਣੇ ਭਰਾ ਦੀ ਉਡੀਕ ਹੈ।
ਫੌਜ ਦਾ ਸਪੱਸ਼ਟੀਕਰਨ
ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜ ਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਪਥ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
ਅਗਨੀਪਥ ਯੋਜਨਾ ਤਹਿਤ ਮੁਆਵਜ਼ੇ ਦੀ ਕੀ ਤਜ਼ਵੀਜ਼ ਹੈ

ਤਸਵੀਰ ਸਰੋਤ, www.joinindianarmy.nic.in
ਮ੍ਰਿਤਕ ਅਗਨੀਵੀਰਾਂ ਦੇ ਮੁਆਵਜ਼ੇ ਬਾਰੇ ਸਰਕਾਰੀ ਦੀ ਅਗਨੀਪਥ ਯੋਜਨਾ ਵਿੱਚ ਕੀ ਤਜਵੀਜ਼ਾਂ ਹਨ, ਉਨ੍ਹਾਂ ਬਾਰੇ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ ਉੱਤੇ ਪੜ੍ਹਿਆ ਜਾ ਸਕਦਾ ਹੈ।
ਇਸ ਮੁਤਾਬਕ ਅਗਨੀਵੀਰਾਂ ਦਾ ਉਨ੍ਹਾਂ ਦੇ ਕਾਰਜਕਾਲ ਦੇ ਸਮੇਂ ਤੱਕ 48 ਲੱਖ ਦਾ ਜੀਵਨ ਬੀਮਾ ਕੀਤਾ ਜਾਂਦਾ ਹੈ।
ਇਸ ਮੁਤਾਬਕ ਅਗਨੀਵੀਰਾਂ ਦੀ ਮੌਤ ਦੇ ਹਾਲਾਤਾਂ ਬਾਰੇ ਤਿੰਨ ਸ਼੍ਰੇਣੀਆਂ ਬਣਾਈਆਂ ਗਈਆਂ ਹਨ।
ਇਨ੍ਹਾਂ ਸ਼੍ਰੇਣੀਆਂ ਦੇ ਨਾਮ (X)ਐਕਸ, (Y)ਵਾਈ, (Z) ਜ਼ੈੱਡ ਰੱਖੇ ਗਏ ਹਨ।
(Y) ਵਾਈ ਸ਼੍ਰੇਣੀ ਤਹਿਤ ਉਹ ਮੌਤਾਂ ਆਉਂਦੀਆਂ ਹਨ ਜੋ ਫੌਜ ਦੇ ਕੰਮ ਦੌਰਾਨ ਕਿਸੇ ਦੁਰਘਟਨਾ ਕਾਰਨ ਹੋਈ ਹੋਵੇ।
ਅਜਿਹੇ ਵਿੱਚ ਮ੍ਰਿਤਕ ਅਗਨੀਵੀਰ ਨੂੰ 48 ਲੱਖ ਜੀਵਨ ਬੀਮਾ, 44 ਲੱਖ ਮੁਆਵਜ਼ਾ, ਜਿੰਨੀ ਨੌਕਰੀ ਬਾਕੀ ਬਚੀ ਹੈ ਉਸਦੀ ਤਨਖ਼ਾਹ ਅਤੇ ਹੋਰ ਵਿੱਤੀ ਸਹਾਇਤਾ ਮਿਲਦੀ ਹੈ।
ਅਗਨੀਵੀਰ ਅਮ੍ਰਿਤਪਾਲ ਦੀ ਮੌਤ ਵੇਲੇ ਕੀ ਹੋਇਆ ਸੀ
ਅਕਤੂਬਰ 2023 ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਅਮ੍ਰਿਤਪਾਲ ਸਿੰਘ ਨਾਮ ਦੇ 19 ਸਾਲਾ ਅਗਨੀਵੀਰ ਦੀ ਕਥਿਤ ਤੌਰ ਉੱਤੇ ਖੁਦਕੁਸ਼ੀ ਤੋਂ ਬਾਅਦ ਉਨ੍ਹਾਂ ਦੀਆਂ ਅੰਤਿਮ ਰਸਮਾਂ ਫੌਜੀ ਸਨਮਾਨਾਂ ਨਾਲ ਨਾ ਕੀਤੀਆਂ ਜਾਣ ਉੱਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਰੋਸ ਜ਼ਾਹਰ ਕੀਤਾ ਗਿਆ ਸੀ।
ਅਗਨੀਪਥ ਯੋਜਨਾ ਕੀ ਹੈ

ਤਸਵੀਰ ਸਰੋਤ, Getty Images
ਭਾਰਤ ਸਰਕਾਰ ਦੀ ਅਗਨੀਪਥ ਯੋਜਨਾ ਤਹਿਤ ਨੌਜਵਾਨ ਚਾਰ ਸਾਲ ਲਈ ਭਾਰਤੀ ਫ਼ੌਜ ਵਿੱਚ ਭਰਤੀ ਹੁੰਦੇ ਹਨ ਜਿਨ੍ਹਾਂ ਨੂੰ ਅਗਨੀਵੀਰ ਕਿਹਾ ਜਾਂਦਾ ਹੈ।
ਇਨ੍ਹਾਂ ਚਾਰ ਸਾਲਾਂ ਦੌਰਾਨ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਚਾਰ ਸਾਲ ਬਾਅਦ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ।
ਇਨ੍ਹਾਂ ਚੁਣੇ ਹੋਏ ਨੌਜਵਾਨਾਂ ਵਿੱਚੋਂ 25 ਫ਼ੀਸਦੀ ਤੱਕ ਦੀ ਅੱਗੇ ਸੈਨਾ ਵਿੱਚ ਭਰਤੀ ਹੋ ਸਕੇਗੀ। ਇਨ੍ਹਾਂ ਨੌਜਵਾਨਾਂ ਦੀ ਉਮਰ 17.5 ਸਾਲ ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ।
ਇਸ ਲਈ 12 ਜਮਾਤਾਂ ਪਾਸ ਹੋਣੀਆਂ ਜ਼ਰੂਰੀ ਹਨ ਪਰ ਜੇਕਰ ਕੋਈ ਨੌਜਵਾਨ 10 ਜਮਾਤਾਂ ਪੜ੍ਹਿਆ ਹੈ ਤਾਂ ਉਸ ਨੂੰ ਬਾਰ੍ਹਵੀਂ ਜਮਾਤ ਕਰਵਾਉਣ ਦੀ ਕੋਸ਼ਿਸ਼ ਦੀ ਤਜਵੀਜ਼ ਹੈ।
ਇਸ ਦੌਰਾਨ ਅਗਨੀਵੀਰ ਨੌਜਵਾਨਾਂ ਨੂੰ ਸਰਕਾਰ ਵੱਲੋਂ ਤਨਖਾਹ ਸ਼ੁਰੂਆਤ ਵਿੱਚ 30 ਹਜ਼ਾਰ ਮਿਲਦੀ ਹੈ।
ਡਿਊਟੀ ਦੌਰਾਨ ਜੇਕਰ ਕੋਈ 100 ਫੀਸਦ ਤੱਕ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ 44 ਲੱਖ, 75 ਫੀਸਦ ਅਪਾਹਜ ਹੋਣ ਉੱਤੇ, 25 ਲੱਖ ਅਤੇ 50 ਫੀਸਦ ਅਪਾਹਜ ਹੋਣ ਉੱਤੇ 15 ਲੱਖ ਦੀ ਮਦਦ ਮਿਲੇਗੀ
ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ 44 ਲੱਖ ਰੁਪਏ ਦੀ ਸਹਾਇਤੀ ਰਾਸ਼ੀ ਮਿਲੇਗੀ ਤੇ ਜਿੰਨੇ ਸਾਲ ਦੀ ਨੌਕਰੀ ਬਚੀ ਹੋਵੇਗੀ, ਉਸ ਦੀ ਤਨਖ਼ਾਹ ਵੀ ਮਿਲੇਗੀ।
ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ ਜਿਵੇਂ ਜੋਖ਼ਮ, ਰਾਸ਼ਨ, ਵਰਦੀ ਅਤੇ ਯਾਤਰਾ ਦੌਰਾਨ ਕਿਰਾਏ ਵਿੱਚ ਛੋਟ ਮਿਲੇਗੀ।
ਕੇਂਦਰ ਸਰਕਾਰ ਵੱਲੋਂ ਜੂਨ 2022 ਵਿੱਚ ਅਗਨੀਪਥ ਯੋਜਨਾ ਐਲਾਨਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਫੌਜ ਦੀ ਭਰਤੀ ਦੇ ਚਾਹਵਾਨ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ।
14 ਜੂਨ ਨੂੰ ਯੋਜਨਾ ਬਾਰੇ ਐਲਾਨ ਹੋਇਆ ਸੀ ਤੇ 20 ਜੂਨ ਨੂੰ ਪ੍ਰਦਰਸ਼ਨ ਕੀਤਾ ਗਿਆ।
ਇਸ ਦੌਰਾਨ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ, ਕਈ ਥਾਵਾਂ ਉੱਤੇ ਰੇਲਾਂ ਵੀ ਰੋਕੀਆਂ ਗਈਆਂ ਸਨ।
ਦਰਅਸਲ ਵੱਖ-ਵੱਖ ਸਿਆਸੀ ਪਾਰਟੀਆਂ ਤੇ ਨੌਜਵਾਨ ਇਸ ਸਕੀਮ ਦੇ ਨਿਯਮਾਂ ਤੇ ਇਸ ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਨਿਰਾਸ਼ ਸਨ।









