ਅਗਨੀਪਥ ਸਕੀਮ ਦੇ ਖ਼ਿਲਾਫ਼ ਭਾਰਤ ਦੇ ਕਿਹੜੇ-ਕਿਹੜੇ ਸੂਬਿਆਂ ਵਿਚ ਭੜਕੀ ਅੰਦੋਲਨ ਦੀ ਅੱਗ
- ਲੇਖਕ, ਅਵਤਾਰ ਸਿੰਘ, ਪ੍ਰਭੂ ਦਿਆਲ, ਸਤ ਸਿੰਘ ਤੇ ਕਮਲ ਸੈਣੀ
- ਰੋਲ, ਸੰਗਰੂਰ ਤੋਂ ਬੀਬੀਸੀ ਪੱਤਰਕਾਰ, ਸਿਰਸਾ, ਰੋਹਤਕ ਤੇ ਕੁਰੂਕਸ਼ੇਤਰ ਤੋਂ ਬਬੀਸੀ ਸਹਿਯੋਗੀ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ੌਜ ਦੀ ਭਰਤੀ ਨਾਲ ਜੁੜੀ 'ਅਗਨੀਪਥ ਸਕੀਮ' ਨੂੰ ਲੈ ਕੇ ਜਾਰੀ ਵਿਰੋਧ ਪ੍ਰਦਰਸ਼ਨਾਂ ਕਾਰਨ ਤਿੰਨ ਸੌ ਤੋਂ ਵੱਧ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ।
ਬੀਤੇ ਤਿੰਨ ਦਿਨਾਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਵਿੱਚ ਤਮਾਮ ਸਥਾਨਾਂ ਉੱਤੇ ਰੇਲਵੇ ਸਟੇਸ਼ਨ ਅਤੇ ਟਰੇਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਤੇਲੰਗਾਨਾ ਅਤੇ ਬਿਹਾਰ ਸਣੇ ਉੱਤਰ ਪ੍ਰਦੇਸ਼ ਵਿੱਚ ਕਈ ਟਰੇਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਪੂਰਬ ਮੱਧ ਰੇਲਵੇ ਨੇ ਸ਼ੁੱਕਰਵਾਰ ਸ਼ਾਮ ਬੁਲੇਟਿਨ ਜਾਰੀ ਕਰਕੇ ਦੱਸਿਆ ਹੈ ਕਿ ਹੁਣ ਤੱਕ 214 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ
ਬਿਹਾਰ ਦੇ ਆਰਾ ਜ਼ਿਲ੍ਹੇ ਵਿੱਚ ਰੇਲਵੇ ਸਟੇਸ਼ਨ ਸਾੜਨ ਤੋਂ ਬਾਅਦ ਉੱਥੋਂ 3 ਲੱਖ ਰੁਪਏ ਲੁੱਟਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਮੋਹਿਓੱਦੀਨ ਨਗਰ ਵਿੱਚ ਪ੍ਰਦਸ਼ਨਕਾਰੀਆਂ ਨੇ ਜੰਮੂ ਤਵੀ ਐੱਕਸਪ੍ਰੈੱਸ ਵਿੱਚ ਅੱਗ ਲਗਾ ਦਿੱਤੀ ਅਤੇ ਲਖੀਸਰਾਏ ਜੰਕਸ਼ਨ ਵਿੱਚ ਖੜ੍ਹੀ ਇੱਕ ਟਰੇਨ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਹੈ।
ਅਗਨੀਪੱਥ ਸਕੀਮ ਦੇ ਵਿਰੋਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਬਿਹਾਰ ਅਤੇ ਉੱਤਰ ਪ੍ਰਦੇਸ਼ ਸਣੇ ਕਈ ਥਾਵਾਂ 'ਤੇ ਇਹ ਪ੍ਰਦਰਸ਼ਨ ਹਿੰਸਕ ਰੂਪ ਲੈ ਚੁੱਕੇ ਹਨ।
ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਪਿਛਲੇ ਤਿੰਨ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹਨ ਅਤੇ ਇਸ ਦੌਰਾਨ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਹੁਣ ਪੰਜਾਬ ਤੋਂ ਵੀ ਵਿਰੋਧ ਪ੍ਰਦਰਸ਼ਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਬੀਸੀ ਪੱਤਰਕਾਰ ਅਵਤਾਰ ਸਿੰਘ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਸੂਬੇ ਦੇ ਸੰਗਰੂਰ ਜ਼ਿਲ੍ਹੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਵਿਰੋਧ ਮਾਰਚ ਕੱਢਿਆ।
ਇਸ ਦੌਰਾਨ ਪ੍ਰਦਰਸ਼ਕਾਰੀਆਂ ਨੇ ਬੈਨਰਾਂ ਰਾਹੀਂ ਫੌਜ 'ਚ ਭਰਤੀ ਨੂੰ ਲੈ ਕੇ ਪ੍ਰੀਖਿਆ ਦੀ ਸਥਾਈ ਮਿਤੀ ਅਤੇ ਐਡਮਿਟ ਕਾਰਡ ਜਾਰੀ ਕਰਨ ਦੀਆਂ ਮੰਗਾਂ ਵੀ ਕੀਤੀਆਂ।
ਵੀਡੀਓ: ਪੰਜਾਬ ਦੇ ਨੌਜਵਾਨਾਂ ਨੂੰ ਅਗਨੀਪੱਥ ਸਕੀਮ ਕਾਰਨ ਇਹ ਡਰ ਸਤਾ ਰਿਹਾ ਹੈ
ਉਮਰ ਵਧਾਉਣਾ ਇਤਿਹਾਸਕ ਫ਼ੈਸਲਾ-ਗ੍ਰਿਹ ਮੰਤਰੀ
ਕੇਂਦਰੀ ਗ੍ਰਹਿ ਮੰਤਰੀ ਨੇ ਟਵੀਟ ਕਰਕੇ ਫ਼ੌਜ ਵਿੱਚ ਭਰਤੀ ਦੀ ਉਮਰ 21 ਤੋਂ 23 ਸਾਲ ਕੀਤੇ ਜਾਣ ਨੂੰ ਇਤਿਹਾਸਕ ਫ਼ੈਸਲਾ ਦੱਸਿਆ।
ਉਨ੍ਹਾਂ ਨੇ ਲਖਿਆ, ''ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਦੇ ਕਾਰਨ ਫ਼ੌਜ ਵਿੱਚ ਭਰਤੀ ਪ੍ਰਕਿਰਿਆ ਉੱਪਰ ਅਸਰ ਪਿਆ ਹੈ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਪੱਥ ਯੋਜਨਾ ਵਿੱਚ ਉਨ੍ਹਾਂ ਨੌਜਵਾਨਾਂ ਦੀ ਫਿਕਰ ਕਰਦੇ ਹੋਏ ਪਹਿਲੇ ਸਾਲ ਉਮਰ ਹੱਦ ਵਿੱਚ ਦੋ ਸਾਲਾਂ ਦੀ ਰਿਆਇਤ ਦੇਕੇ ਉਸ ਨੂੰ 21 ਸਾਲ ਤੋਂ 23 ਸਾਲ ਕਰਨ ਦਾ ਇਤਿਹਾਸਕ ਫ਼ੈਸਲਾ ਲਿਆ ਹੈ।''
''ਇਸ ਫ਼ੈਸਲੇ ਨਾਲ ਵੱਡੀ ਸੰਖਿਆ ਵਿੱਚ ਨੌਜਵਾਨਾਂ ਨੂੰ ਲਾਭ ਪਹੁੰਚੇਗਾ ਅਤੇ ਅਗਨੀਪੱਥ ਯੋਜਨਾ ਦੇ ਜ਼ਰੀਏ ਦੇਸ਼ ਸੇਵਾ ਅਤੇ ਆਪਣੇ ਰੌਸ਼ਨ ਭਵਿੱਖ ਦੀ ਦਿਸ਼ਾ ਵਿੱਚ ਅੱਗੇ ਵਧਣਗੇ। ਇਸ ਦੇ ਲਈ ਮੈਂ ਨਰਿੰਦਰਮੋਦੀ ਜੀ ਦਾ ਧੰਨਵਾਦੀ ਹਾਂ।''

ਤਸਵੀਰ ਸਰੋਤ, Twitter
ਦਸੰਬਰ ਤੋਂ ਸ਼ੁਰੂ ਹੋਵੇਗੀ ਅਗਨੀਵੀਰਾਂ ਦੀ ਸਿਖਲਾਈ
ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਟਰੇਨਿੰਗ ਦਸੰਬਰ 2022 ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਜਵਾਨਾਂ ਦੀ ਐਕਟਿਵ ਸਰਵਿਸ ਅਗਲੇ ਸਾਲ 2023 ਦੇ ਮੱਧ ਤੋਂ ਸ਼ੁਰੂ ਹੋ ਜਾਵੇਗੀ।
ਖ਼ਬਰ ਏਜੰਸੀ ਏਐਨਆਈ ਨੂੰ ਜਨਰਲ ਮਨੋਜ ਨੇ ਦੱਸਿਆ, ''ਭਰਤੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਅਗਲੇ ਦੋ ਦਿਨਾਂ ਵਿੱਚ ਅਧਿਕਾਰਿਤ ਵੈਬਸਾਈਟ ਉੱਪਰ ਇਸ ਬਾਰੇ ਨੋਟੀਫਿਕੇਸ਼ਨ ਆ ਜਾਵੇਗਾ। ਉਸ ਤੋਂ ਬਾਅਦ ਆਰਮੀ ਭਰਤੀ ਸੰਗਠਨ ਰਜਿਸਟਰੇਸ਼ਨ ਅਤੇ ਰੈਲੀ ਬਾਰੇ ਵਿਸਥਾਰਿਤ ਸ਼ਡਿਊਲ ਜਾਰੀ ਕਰਨਗੇ।''
ਵੀਡੀਓ: 4.5 ਮਿੰਟਾਂ ਵਿੱਚ ਅਗਨੀਪੱਥ ਯੋਜਨਾ ਬਾਰੇ ਹਰ ਅਹਿਮ ਗੱਲ

ਅਗਨੀਪੱਥ ਯੋਜਨਾ ਦੀਆਂ ਖ਼ਾਸ ਗੱਲਾਂ
- ਭਰਤੀ ਹੋਣ ਦੀ ਉਮਰ 17.5 ਸਾਲ ਤੋਂ 21 ਸਾਲ ਵਿਚਾਲੇ ਹੋਣੀ ਚਾਹੀਦੀ ਹੈ
- 10ਵੀਂ ਜਾਂ 12ਵੀਂ ਪਾਸ ਹੋਣਾ ਲਾਜ਼ਮੀ ਹੈ
- ਭਰਤੀ ਚਾਰ ਸਾਲਾਂ ਲਈ ਹੋਵੇਗੀ
- ਚਾਰ ਸਾਲ ਬਾਅਦ ਸੇਵਾਕਾਲ ਵਿੱਚ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਹੋਵੇਗਾ ਅਤੇ 25 ਫੀਸਦ ਲੋਕਾਂ ਨੂੰ ਰੇਗੂਲਰ ਕੀਤਾ ਜਾਵੇਗਾ
- ਪਹਿਲੇ ਸਾਲ ਦੀ ਸੈਲਰੀ ਪ੍ਰਤੀ ਮਹੀਨਾ 30 ਹਜ਼ਾਰ ਹੋਵੇਗੀ
- ਚੌਥੇ ਸਾਲ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗਾ
- ਸਰਕਾਰੀ ਨੌਕਰੀ ਵਾਲੇ ਸਾਰੇ ਭੱਤੇ ਦਿੱਤੇ ਜਾਣਗੇ
- ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਨੂੰ ਸਰਕਾਰ ਵੱਲੋਂ ਕਰੀਬ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
- ਡਿਊਟੀ ਦੌਰਾਨ ਅਪਾਹਜ ਹੋਣ 'ਤੇ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
ਅਗਨੀਪੱਥ ਯੋਜਨਾ ਦਾ ਵਿਰੋਧ ਕਿਉਂ
- ਅਗਨੀਪੱਥ ਸਕੀਮ ਤਹਿਤ ਸਿਰਫ਼ 4 ਸਾਲ ਦਾ ਰੋਜ਼ਗਾਰ ਹੈ, ਉਸ ਤੋਂ ਬਾਅਦ ਜਵਾਨਾਂ ਦਾ ਵੱਡਾ ਹਿੱਸਾ ਉੱਕਾਪੁੱਕਾ ਰਾਸ਼ੀ ਨਾਲ ਸੇਵਾ ਤੋਂ ਬਾਹਰ ਕਰ ਦਿੱਤਾ ਜਾਵੇਗਾ।
- ਭਾਰਤੀ ਫ਼ੌਜ ਵਿੱਚ ਪਹਿਲਾਂ ਹੀ 2 ਸਾਲਾਂ ਤੋਂ ਭਰਤੀ ਨਹੀਂ ਹੋਈ ਹੈ। ਹੁਣ ਸਰਕਾਰ ਭਰਤੀ ਕਰਨ ਜਾ ਰਹੀ ਹੈ ਤਾਂ ਨੌਕਰੀ ਦੀ ਮਿਆਦ ਚਾਰ ਸਾਲ ਹੋਣ ਕਾਰਨ ਨੌਜਵਾਨਾਂ ਵਿੱਚ ਅਸੰਤੋਸ਼ ਹੈ।
- ਇਨ੍ਹਾਂ ਜਵਾਨਾਂ ਨੂੰ ਜਿਨ੍ਹਾਂ ਨੂੰ ਅਗਨੀਵੀਰ ਨਾਮ ਦਿੱਤਾ ਗਿਆ ਹੈ ਨੂੰ ਰਿਟਾਇਰ ਹੋਣ ਤੋਂ ਬਾਅਦ ਕੋਈ ਪੈਨਸ਼ਨ ਦਾ ਲਾਭ ਨਹੀਂ ਮਿਲੇਗਾ।
- ਭਰਤੀ ਕੀਤੇ ਗਏ ਜਵਾਨਾਂ ਵਿੱਚੋਂ ਸਿਰਫ਼ 25% ਨੂੰ ਹੀ ਨੌਕਰੀ ਵਿੱਚ ਰੱਖਿਆ ਜਾਵੇਗਾ। ਨੌਕਰੀ ਤੋਂ ਬਾਹਰ ਹੋਣ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੇ ਭਵਿੱਖ ਦਾ ਕੀ ਹੋਵੇਗਾ ਇਸ ਬਾਰੇ ਸਪਸ਼ਟਤਾ ਨਹੀਂ ਹੈ।

'ਅਸੀਂ ਫ਼ੌਜੀ ਕਿਰਾਏ 'ਤੇ ਨਹੀਂ ਰੱਖ ਸਕਦੇ'
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਸਿਲਸਿਲੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।
ਉਨ੍ਹਾਂ ਦੀ ਸਗੰਰੂਰ ਰਿਹਾਇਸ਼ ਦੇ ਬਾਹਰ ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ ਦੇ ਵਿਰੋਧ ਵਿੱਚ ਨੌਜਵਾਨਾਂ ਨੇ ਪ੍ਰਦਰਸ਼ਨ ਵੀ ਕੀਤੇ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ, ''ਅਸੀਂ ਫ਼ੌਜੀ ਕਿਰਾਏ 'ਤੇ ਨਹੀਂ ਰੱਖ ਸਕਦੇ। ਤੁਸੀਂ ਉਨ੍ਹਾਂ ਨੂੰ ਮਹਿਜ਼ 21 ਸਾਲ ਦੀ ਉਮਰ ਵਿੱਚ ਸਾਬਕਾ-ਫ਼ੌਜੀ ਕਿਵੇਂ ਬਣਾ ਸਕਦੇ ਹੋ। ਉਹ ਭੈੜੀਆਂ ਸਥਿਤੀਆਂ ਵਿੱਚ ਸਾਡੇ ਦੇਸ਼ ਦੀ ਰਾਖੀ ਕਰਦੇ ਹਨ। ਸਿਆਸਤਦਾਨ ਕਾਂ ਕਦੇ ਰਿਟਾਇਰ ਨਹੀਂ ਹੁੰਦੇ। ਸਿਰਫ਼ ਸਿਪਾਹੀ ਅਤੇ ਜਨਤਾ ਰਿਟਾਇਰ ਹੁੰਦੀ ਹੈ।... ਸਾਨੂੰ ਭਾੜੇ ਤੇ ਮਿਲਟਰੀ ਨਹੀਂ ਚਾਹੀਦੀ। ਅਗਨੀਪੱਥ ਸਕੀਮ ਵਾਪਸ ਲਈ ਜਾਣੀ ਚਾਹੀਦੀ ਹੈ।''

ਤਸਵੀਰ ਸਰੋਤ, ANI
ਖ਼ਬਰ ਏਜੰਸੀ ਏਐਨਆਈ ਮੁਤਾਬਕ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਰਾਜਧਾਨੀ ਰਾਇਪੁਰ ਵਿੱਚ ਬੋਲਦਿਆਂ ਕਿਹਾ, ''ਉਹ ਬੰਦੂਕ ਚਲਾਉਣੀ ਸਿੱਖ ਚੁੱਕੇ ਹੋਣਗੇ। ਤੁਸੀਂ ਸਮਾਜ ਨੂੰ ਕਿੱਧਰ ਲਿਜਾ ਰਹੇ ਹੋ? ਤੁਹਾਡੇ ਇਰਾਦੇ ਸ਼ੁੱਧ ਨਹੀਂ ਲਗਦੇ। ਜੇ ਤੁਸੀਂ ਸਮਾਜ ਵਿੱਚ ਲੋਕਾਂ ਨੂੰ ਅੱਧ ਵਿਚਾਲੇ ਛੱਡ ਦਿਓਗੇ, ਉਹ ਗੈਂਗ ਬਣਾਉਣਗੇ ਅਤੇ ਉਹ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਹੋ ਸਕਦੇ ਹਨ।''
ਉਨ੍ਹਾਂ ਨੇ ਸਵਾਲ ਚੁੱਕਿਆ ''ਤੁਸੀਂ ਪੱਕੀ ਭਰਤੀ ਕਿਉਂ ਨਹੀਂ ਕਰ ਰਹੇ? ਤੁਸੀਂ ਦੋ ਤੋਂ ਭਰਤੀ ਨਹੀਂ ਕੀਤੀ। ਜਦੋਂ ਕੋਈ ਨੌਜਵਾਨ ਚਾਰ ਸਾਲਾਂ ਬਾਅਦ ਬੇਰੋਜ਼ਗਾਰ ਹੋ ਕੇ ਘਰ ਵਾਪਸ ਆਵੇਗਾ ਤਾਂ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੁਲਿਸ ਵਿੱਚ ਭਰਤੀ ਕਰੋਗੇ। ਜਿਹੜੇ ਭਰਤੀ ਨਹੀਂ ਹੋ ਸਕਣਗੇ, ਉਨ੍ਹਾਂ ਦਾ ਕੀ ਬਣੇਗਾ?''
ਅਗਨੀਪੱਥ: ਉੱਤਰ ਪ੍ਰਦੇਸ਼ ਤੇ ਬਿਹਾਰ ਦੀ ਸਥਿਤੀ
ਉੱਤਰ ਪ੍ਰਦੇਸ਼ ਦੇ ਬਲਿਆ ਜ਼ਿਲ੍ਹੇ 'ਚ ਕੁਝ ਲੋਕ ਇਕੱਠੇ ਹੋ ਕੇ ਰੇਲਵੇ ਸਟੇਸ਼ਨ ਅੰਦਰ ਆ ਵੜੇ ਅਤੇ ਇੱਕ ਟਰੇਨ ਵਿੱਚ ਤੋੜਭੰਨ ਕੀਤੀ। ਨਾਲ ਹੀ ਰੇਲਵੇ ਸਟੇਸ਼ਨ ਦੀ ਹੋਰ ਸੰਪੱਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।
ਬੀਬੀਸੀ ਪੱਤਰਕਾਰ ਅਨੰਤ ਝਨਾਣੇ ਨੇ ਦੱਸਿਆ ਕਿ ਇਸ ਸ਼ਹਿਰ 'ਚ ਪ੍ਰਦਰਸ਼ਨ ਨੇ ਉੱਗਰ ਰੂਪ ਲੈ ਲਿਆ ਹੈ।

ਤਸਵੀਰ ਸਰੋਤ, Seetu Tiwari/BBC
ਅਗਨੀਪੱਥ: ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਰੇਲਗੱਡੀਆਂ
ਸ਼ੁੱਕਰਵਾਰ ਸਵੇਰੇ ਕਈ ਸਾਰੇ ਵਿਦਿਆਰਥੀ ਬਲਿਆ ਸਟੇਸ਼ਨ ਪਹੁੰਚੇ ਅਤੇ ਰੇਲ ਗੱਡੀਆਂ 'ਚ ਤੋੜਭੰਨ ਕਰਨ ਲੱਗੇ। ਉਨ੍ਹਾਂ ਨੇ ਸਟੇਸ਼ਨ 'ਤੇ ਖੜ੍ਹੀ ਰੇਲਗੱਡੀ ਬਲੀਆ-ਸਿਆਲਦਹ ਐਕਸਪ੍ਰੈਸ ਅਤੇ ਬਲਿਆ-ਲੋਕਮਾਨਿਆ ਟਰਮਿਨਸ ਐਕਸਪ੍ਰੈਸ 'ਚ ਤੋੜਭੰਨ ਕੀਤੀ।
ਤਾਜ਼ਾ ਜਾਣਕਾਰੀ ਮੁਤਾਬਕ, ਸਟੇਸ਼ਨ ਤੋਂ ਇਹ ਭੀੜ ਸ਼ਹਿਰ ਵਿੱਚ ਜਾ ਪਹੁੰਚੀ ਹੈ ਅਤੇ ਕੁਝ ਥਾਵਾਂ 'ਤੇ ਪੱਥਰਬਾਜ਼ੀ ਦੀਆਂ ਵੀ ਰਿਪੋਰਟਾਂ ਹਨ।

ਪੁਲਿਸ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਅਤੇ ਬਲ ਦੀ ਵਰਤੋਂ ਕਰ ਰਹੀ ਹੈ।
ਬਲਿਆ ਜ਼ਿਲ੍ਹਾ ਮੈਜਿਸਟ੍ਰੇਟ ਸੌਮਿਆ ਅੱਗਰਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਤੋਂ ਫੋਰਸ ਤੈਨਾਤ ਹੈ, ਉਤਪਾਤ ਮਚਾਉਣ ਵਾਲਿਆਂ ਨੂੰ ਨੁਕਸਾਨ ਕਰਨ ਤੋਂ ਰੋਕ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ, ਪੱਥਰਬਾਜ਼ੀ ਦੀ ਕੋਸ਼ਿਸ਼ ਕੀਤੀ ਗਈ ਸੀ। ਮੁੰਡਿਆਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਜੇ ਵੀਡੀਓਗ੍ਰਾਫੀ ਦੇਖੀ ਜਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਵੀ ਕਈ ਅਜਿਹੇ ਫੁਟੇਜ ਹਨ ਜਿਨ੍ਹਾਂ ਵਿੱਚ ਪ੍ਰਦਰਸ਼ਨ ਕਰ ਰਹੇ ਕੁਝ ਲੋਕ ਪੁਲਿਸ ਵਾਲਿਆਂ ਨਾਲ ਬਹਿਸ ਕਰ ਰਹੇ ਹਨ। ਕੁਝ ਦੇ ਹੱਥਾਂ 'ਚ ਡਾਂਗਾਂ ਵੀ ਨਜ਼ਰ ਆ ਰਹੀਆਂ ਹਨ।
ਅਜੇ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ, ਬਿਹਾਰ ਦੇ ਮੋਹਿਉਦੀਨ ਨਗਰ 'ਚ ਜੰਮੂ ਤਵੀ ਐਕਸਪ੍ਰੈਸ ਨੂੰ ਫੂਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਬਿਹਾਰ ਦੇ ਹੀ ਲਖੀਸਰਾਏ ਜੰਕਸ਼ਨ 'ਤੇ ਵੀ ਇੱਕ ਰੇਲ ਗੱਡੀ ਨੂੰ ਅੱਗ ਲਗਾਈ ਗਈ ਹੈ।

ਤਸਵੀਰ ਸਰੋਤ, Avtar Singh/BBC
ਇੱਕ ਪੁਲਿਸ ਵਾਲੇ ਨੇ ਦੱਸਿਆ, ''ਉਨ੍ਹਾਂ ਨੇ ਮੈਨੂੰ ਵੀਡੀਓ ਬਣਾਉਣ ਤੋਂ ਰੋਕਿਆ ਅਤੇ ਮੇਰੇ ਫ਼ੋਨ ਖੋਹ ਲਿਆ। 4-5 ਕੰਪਾਰਟਮੈਂਟ ਵੀ ਪ੍ਰਭਾਵਿਤ ਹੋਏ ਹਨ। ਯਾਤਰੀਆਂ ਨੂੰ ਗੱਡੀ 'ਚੋਂ ਉਤਾਰ ਦਿੱਤਾ ਅਤੇ ਉਹ ਉੱਥੋਂ ਚਲੇ ਗਏ।''
ਇਸੇ ਤਰ੍ਹਾਂ, ਸਮਸਤੀਪੂਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਰੇਲਗੱਡੀ ਨੂੰ ਅੱਗ ਲਗਾ ਦਿੱਤੀ।
ਲਖੀਸਰਾਏ ਥਾਣੇ ਦੇ ਐੱਸਐੱਚਓ ਨੇ ਮੀਡੀਆ ਨੂੰ ਕਿਹਾ ਕਿ ਵਿਕਰਮਸ਼ਿਲਾ ਐਕਸਪ੍ਰੈਸ ਦੀਆਂ 7-8 ਬੋਗੀਆਂ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਰੇਲਗੱਡੀਆਂ ਨੂੰ ਵੀ ਅੱਗ ਲਗਾਈ ਹੈ।
ਅਜੇ ਦਮਕਲ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਪ੍ਰਦਰਸ਼ਨਕਾਰੀਆਂ 'ਤੇ ਕਾਬੂ ਪਾਉਣ 'ਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਬਿਹਾਰ ਵਿੱਚ ਹਿੰਸਕ ਹੋਈ ਭੀੜ ਨੇ ਦੀ ਉਪ ਮੁੱਖ ਮੰਤਰੀ ਰੇਣੂ ਦੇਵੀ ਦੇ ਘਰ 'ਤੇ ਹਮਲਾ ਕੀਤਾ ਗਿਆ ਹੈ।
ਰੇਣੂ ਦੇਵੀ ਦੇ ਪੁੱਤਰ ਨੇ ਮੀਡੀਆ ਨੂੰ ਦੱਸਿਆ ਕਿ ਰੇਣੂ ਫਿਲਹਾਲ ਪਟਨਾ ਵਿੱਚ ਹਨ ਪਰ ਬੇਤਿਆ ਵਿੱਚ ਉਨ੍ਹਾਂ ਦੇ ਘਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਹੈ।
ਅਗਨੀਪੱਥ: ਸਿਕੰਦਰਾਬਾਦ 'ਚ ਪੁਲਿਸ ਨੇ ਕੀਤੀ ਫ਼ਾਇਰਿੰਗ
ਹੈਦਰਾਬਾਦ ਦੇ ਸਿਕੰਦਰਾਬਾਦ ਸਟੇਸ਼ਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਰੇਲਵੇ ਸਟੇਸ਼ਨ 'ਤੇ ਬਹੁਤ ਜ਼ਿਆਦਾ ਤੋੜਭੰਨ ਕੀਤੀ ਅਤੇ ਰੇਲਵੇ ਦੀ ਸੰਪੱਤੀ ਨੂੰ ਅੱਗ ਵੀ ਲਗਾ ਦਿੱਤੀ।
ਪ੍ਰਦਰਸ਼ਨ ਇੰਨੇ ਜ਼ਿਆਦਾ ਹਿੰਸਕ ਹੋ ਗਏ ਕਿ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਰੇਲਵੇ ਰੇਲਵੇ ਸਟੇਸ਼ਨ 'ਤੇ ਫ਼ਾਇਰਿੰਗ ਵੀ ਕਰਨੀ ਪਈ।

ਤਸਵੀਰ ਸਰੋਤ, UGC
ਇਸ ਫ਼ਾਇਰਿੰਗ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਹਨ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਆਈ ਨਹੀਂ ਆਈ ਹੈ।
ਬੀਬੀਸੀ ਪੱਤਰਕਾਰ ਸੁਰੇਖਾ ਅੱਬੂਰੀ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ ਲਗਭਗ ਦੋ ਹਜ਼ਾਰ ਪ੍ਰਦਰਸ਼ਨਕਾਰੀ ਰੇਲਵੇ ਸਟੇਸ਼ਨ 'ਤੇ ਆ ਵੜੇ ਅਤੇ ਉਨ੍ਹਾਂ ਨੇ ਕਾਫ਼ੀ ਤੋੜਭੰਨ ਕੀਤੀ।

ਤਸਵੀਰ ਸਰੋਤ, Getty Images
ਕੁਝ ਰੇਲਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਤਿਰੂਪਤੀ-ਸਿਕੰਦਰਾਬਾਦ ਗੱਡੀ ਨੂੰ ਅੱਗ ਵੀ ਲਗਾਈ ਗਈ।
ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹਵਾ ਵਿੱਚ 10 ਰਾਊਂਡ ਫ਼ਾਇਰ ਵੀ ਕੀਤੇ।

ਤਸਵੀਰ ਸਰੋਤ, UGC
ਅਗਨੀਪੱਥ: ਹਰਿਆਣਾ ਵਿੱਚ ਕੀ ਹਨ ਹਾਲਾਤ
ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਹਰਿਆਣਾ ਵਿੱਚ ਵੀ ਪ੍ਰਦਰਸ਼ਨ ਜਾਰੀ ਹਨ। ਹਰਿਆਣਾ ਦੇ ਪਲਵਲ ਜ਼ਿਲ੍ਹੇ 'ਚ ਕੁੱਝ ਥਾਵਾਂ 'ਤੇ ਪੱਥਰਬਾਜ਼ੀ ਦੀਆਂ ਖ਼ਬਰਾਂ ਹਨ।
ਬੀਬੀਸੀ ਸਹਿਯੋਗੀ ਸਤ ਸਿੰਘ ਨੇ ਦੱਸਿਆ ਕਿ ਜੀਂਦ-ਦਿੱਲੀ ਬਠਿੰਡਾ ਹਾਈਵੇਅ ਜਾਮ ਕਰ ਦਿੱਤਾ ਗਿਆ ਹੈ ਅਤੇ ਹਰਿਆਣਾ ਦੇ ਨਾਰਨੌਲ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਹਨ। ਇੱਥੇ ਵਿਵੇਕ ਹੌਸਟਲ ਦੇ ਸਾਹਮਣੇ ਵਿਦਿਆਰਥੀਆਂ ਵੱਲੋਂ ਪੱਥਰਬਾਜ਼ੀ ਦੀਆਂ ਖ਼ਬਰਾਂ ਆਈਆਂ ਹਨ।
ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਕਈ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ।

ਤਸਵੀਰ ਸਰੋਤ, Prabhu Diyal/BBC
ਬੀਬੀਸੀ ਸਹਿਯੋਗੀ ਪ੍ਰਭੂ ਦਿਆਲ ਨੇ ਦੱਸਿਆ ਕਿ ਸਿਰਸਾ ਵਿੱਚ ਬੇਰੁਜ਼ਗਾਰ ਯੁਵਾ ਮੋਰਚਾ ਵੱਲੋਂ ਵੀ ਇਸ ਸਕੀਮ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਦੇ ਪੁਤਲੇ ਵੀ ਫੂਕੇ ਗਏ।
ਨੌਜਵਾਨਾਂ ਨੇ ਸ਼ਹਿਰ ਦੇ ਬਾਲ ਭਵਨ ਤੋਂ ਬਾਬਾ ਭੂਮਣ ਸ਼ਾਹ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਦੇ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ।
ਕਿਸੇ ਤਰ੍ਹਾਂ ਦੀ ਅਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਪੁਲੀਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਤਸਵੀਰ ਸਰੋਤ, Sat Singh/BBC
ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਪਹਿਲਾਂ ਦੀ ਤਰ੍ਹਾਂ ਸੈਨਾ ਦੀ ਭਰਤੀ ਸ਼ੁਰੂ ਕਰਨ ਤੇ ਸੈਨਾ ਦੀ ਭਰਤੀ ਲਈ ਉਮਰ ਵਿੱਚ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।
ਕੁਰੂਕਸ਼ੇਤਰ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਦੁਆਰਾ ਦਿੱਤੀ ਜਾਣਕਾਰੀ ਮੁਤਾਬਿਕ ਯੂਨੀਵਰਸਿਟੀ ਦੇ ਬਾਹਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਭਾਰਤੀ ਫੌਜ ਦੇ ਸਾਬਕਾ ਸੈਨਿਕ ਵੀ ਧਰਨੇ 'ਤੇ ਬੈਠੇ ਹਨ।
ਅਗਨੀਪੱਥ ਸਕੀਮ ਕੀ ਹੈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਭਾਰਤੀ ਫੌਜ 'ਚ 'ਅਗਨੀਪਥ' ਨਾਂ ਦੀ ਯੋਜਨਾ ਦਾ ਐਲਾਨ ਕੀਤਾ, ਜਿਸ ਤਹਿਤ ਫ਼ੌਜ ਵਿੱਚ ਥੋੜ੍ਹੇ ਸਮੇਂ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ।
ਯੋਜਨਾ ਮੁਤਾਬਕ ਚਾਰ ਸਾਲਾਂ ਲਈ ਭਾਰਤੀ ਫ਼ੌਜ ਵਿੱਚ ਨੌਜਵਾਨਾਂ ਦੀ ਭਰਤੀ ਹੋਵੇਗੀ। ਨੌਕਰੀ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਨਿਧੀ ਪੈਕੇਜ ਦਿੱਤਾ ਜਾਵੇਗਾ। ਭਰਤੀ ਕੀਤੇ ਨੌਜਵਾਨਾਂ ਨੂੰ 'ਅਗਨੀਵੀਰ' ਕਿਹਾ ਜਾਵੇਗਾ।
ਇਹ ਵੀ ਪੜ੍ਹੋ:
ਪਿਛਲੇ ਕੁਝ ਸਾਲਾਂ ਤੋਂ ਫ਼ੌਜ ਵਿੱਚ ਭਰਤੀਆਂ ਰੁਕੀਆਂ ਹੋਈਆਂ ਸਨ, ਜਿਸ ਬਾਰੇ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਸਨ।
ਇਹ ਸਵਾਲ ਪੁੱਛਣ ਵਾਲਿਆਂ ਵਿੱਚ ਬਹੁਤ ਸਾਰੇ ਨੌਜਵਾਨ ਸਨ, ਜਿਨ੍ਹਾਂ ਲਈ ਫੌਜ ਵਿੱਚ ਭਰਤੀ ਹੋਣਾ ਜ਼ਿੰਦਗੀ ਦਾ ਇੱਕ ਵੱਡਾ ਸੁਪਨਾ ਅਤੇ ਨੌਕਰੀ ਦਾ ਇੱਕ ਮਹੱਤਵਪੂਰਨ ਸਰੋਤ ਹੈ।

ਤਸਵੀਰ ਸਰੋਤ, @Rajnath Singh
ਆਪਣੀ ਘੋਸ਼ਣਾ ਵਿੱਚ, ਸਰਕਾਰ ਨੇ ਦੁਰਘਟਨਾ ਜਾਂ ਮੌਤ ਦੀ ਸਥਿਤੀ ਵਿੱਚ ਅਗਨੀਵੀਰਾਂ ਨੂੰ ਪੈਕੇਜ ਦੇਣ ਦੀ ਗੱਲ ਵੀ ਕੀਤੀ।
ਰਾਜਨਾਥ ਸਿੰਘ ਨੇ ਅਗਨੀਪਥ ਯੋਜਨਾ ਨੂੰ ਫ਼ੌਜ ਲਈ ਇੱਕ ਆਧੁਨਿਕ, ਮੁਹਾਂਦਰਾ ਬਦਲ ਦੇਣ ਵਾਲਾ ਕਦਮ ਦੱਸਿਆ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਨਵੇਂ ਅਗਨੀਵੀਰਾਂ ਦੀ ਉਮਰ ਸਾਢੇ 17 ਤੋਂ 21 ਸਾਲ ਦੇ ਵਿਚਕਾਰ ਹੋਵੇਗੀ ਅਤੇ ਉਨ੍ਹਾਂ ਦੀ ਤਨਖਾਹ 30-40 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਭਰਤੀ ਕੀਤੇ ਗਏ ਨੌਜਵਾਨਾਂ ਵਿੱਚੋਂ 25 ਫੀਸਦ ਨੂੰ ਭਾਰਤੀ ਫ਼ੌਜ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ ਜਦਕਿ ਬਾਕੀਆਂ ਨੂੰ ਨੌਕਰੀ ਛੱਡਣੀ ਪਵੇਗੀ।
ਇਸ ਸਾਲ 46,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਇਸ ਸਾਲ ਦੇ ਲਈ ਭਰਤੀ ਦੀ ਵੱਧੋ-ਵੱਧ ਉਮਰ ਵੀ ਦੋ ਸਾਲ ਵਧਾ ਕੇ 23 ਸਾਲ ਕਰ ਦਿੱਤੀ ਗਈ ਹੈ।
ਸਿਆਸੀ ਪਾਰਟੀਆਂ ਵੀ ਕਰ ਰਹੀਆਂ ਵਿਰੋਧ
ਆਮ ਲੋਕਾਂ ਦੇ ਨਾਲ-ਨਾਲ ਇਸ ਨਵੀਂ ਸਕੀਮ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਇਤਰਾਜ਼ ਜਤਾ ਰਹੀਆਂ ਹਨ।
ਕਾਂਗਰਸ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਨੂੰ 46 ਹਜ਼ਾਰ ਸੈਨਿਕਾਂ ਦੀ ਹੋਣ ਵਾਲੀ ਭਰਤੀ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ ਅਤੇ ਇਸ ਬਾਰੇ ਵੱਡੇ ਪੱਧਰ 'ਤੇ ਚਰਚਾ ਹੋਣੀ ਚਾਹੀਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਟਵੀਟ ਕਰਕੇ ਇਸ ਸਕੀਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ੍ਹਾਂ ਲਿਖਿਆ, ''2 ਸਾਲ ਫੌਜ 'ਚ ਭਰਤੀ 'ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ 'ਚ ਰਹੋ.. ਬਾਅਦ 'ਚ ਪੈਨਸ਼ਨ ਵੀ ਨਾ ਮਿਲੇ..ਇਹ ਫੌਜ ਦਾ ਵੀ ਅਪਮਾਨ ਹੈ.. ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ..''
''ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ..ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ.. ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ..''
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਵੀ ਇਸ ਨੂੰ ਲੈ ਕੇ ਟਵੀਟ ਕੀਤੇ ਹਨ।
ਪ੍ਰਿਅੰਕਾ ਨੇ ਇਸ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਗੱਲ ਕਹੀ ਤਾਂ ਰਾਹੁਲ ਨੇ ਲਿਖਿਆ, ''ਦੇਸ਼ ਦੀ ਜਨਤਾ ਕੀ ਚਾਹੁੰਦੀ ਹੈ, ਇਹ ਗੱਲ ਪ੍ਰਧਾਨ ਮੰਤਰੀ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਆਪਣੇ 'ਮਿੱਤਰਾਂ' ਦੀ ਆਵਾਜ਼ ਤੋਂ ਇਲਾਵਾ ਕੁਝ ਸੁਣਾਈ ਨਹੀਂ ਦਿੰਦਾ।''
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਨੌਜਵਾਨ ਨੂੰ 'ਸਾਰੀ ਉਮਰ ਦੇਸ਼ ਸੇਵਾ ਕਰਨ' ਦਾ ਮੌਕਾ ਦੇਣ।
ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ, ''ਦੇਸ਼ ਅਤੇ ਨੌਜਵਾਨਾਂ ਦੇ ਭਵਿੱਖ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਫੌਜੀ ਭਰਤੀ ਪ੍ਰਤੀ ਲਾਪਰਵਾਹੀ ਵਾਲਾ ਰਵੱਈਆ ਘਾਤਕ ਸਿੱਧ ਹੋਵੇਗਾ।''
ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਸਕੀਮ ਨੂੰ ''ਪੇਂਡੂ ਨੌਜਵਾਨਾਂ ਲਈ ਅਨਿਆਂਪੂਰਨ'' ਕਰਾਰ ਦਿੱਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















