ਭਾਜਪਾ ਦੀ ਸਹਿਯੋਗੀ ਜੇਡੀਯੂ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਦੀ ਕੀਤੀ ਮੰਗ, ਅਗਨੀਵੀਰਾਂ 'ਤੇ ਫਿਰ ਛਿੜੀ ਬਹਿਸ

ਅਗਨੀਵੀਰ

ਤਸਵੀਰ ਸਰੋਤ, ANI

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਫੌਜ ਵਿੱਚ ਭਰਤੀ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਇਕ ਵਾਰ ਫਿਰ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।

ਵੀਰਵਾਰ ਨੂੰ, ਐੱਨਡੀਏ ਵਿੱਚ ਭਾਜਪਾ ਦੀ ਭਾਈਵਾਲ ਜਨਤਾ ਦਲ ਯੂਨਾਈਟਿਡ ਦੇ ਨੇਤਾ ਕੇਸੀ ਤਿਆਗੀ ਦੇ ਜਨਤਕ ਤੌਰ 'ਤੇ ਕਿਹਾ ਕਿ ਅਗਨੀਪਥ ਯੋਜਨਾ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਦੂਜੀਆਂ ਸਿਆਸੀ ਪਾਰਟੀਆਂ ਦੇ ਵੀ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ।

ਜੇਡੀਯੂ ਦੇ ਬੁਲਾਰੇ ਕੇਸੀ ਤਿਆਗੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, "ਅਗਨੀਪਥ ਯੋਜਨਾ ਨੂੰ ਲੈ ਕੇ ਵੋਟਰਾਂ ਦੇ ਇੱਕ ਹਿੱਸੇ ਵਿੱਚ ਨਾਰਾਜ਼ਗੀ ਹੈ। ਸਾਡੀ ਪਾਰਟੀ ਚਾਹੁੰਦੀ ਹੈ ਕਿ ਇਸ ਯੋਜਨਾ ਦੀਆਂ ਕਮੀਆਂ ਬਾਰੇ ਵੇਰਵੇ ਸਹਿਤ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਜਨਤਾ ਨੇ ਇਸ ਉੱਤੇ ਸਵਾਲ ਖੜ੍ਹੇ ਕੀਤੇ ਹਨ।"

ਜੇਡੀਯੂ ਦੀ ਇਹ ਮੰਗ ਇਸ ਲਈ ਵੀ ਮਾਇਨੇ ਰੱਖਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਸਰਕਾਰ ਇਸ ਦੀ ਹਮਾਇਤ ਉੱਤੇ ਨਿਰਭਰ ਕਰੇਗੀ।

ਕੇਸੀ ਤਿਆਗੀ ਦੇ ਬਿਆਨ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਰਹੇ ਸਮਰਾਟ ਚੌਧਰੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਰਾਜਨਾਥ ਸਿੰਘ ਨੇ ਇਸ ਬਾਰੇ ਬਿਆਨ ਦਿੱਤਾ ਹੈ ਅਤੇ ਸਮੀਖਿਆ ਦੀ ਗੱਲ ਕਹੀ ਹੈ।”

ਇਸ ਨੂੰ ਆਮ ਭਾਸ਼ਾ ਵਿੱਚ ਅਗਨੀਵੀਰ ਯੋਜਨਾ ਵੀ ਕਿਹਾ ਜਾ ਰਿਹਾ ਹੈ ਪਰ ਇਸ ਦਾ ਅਸਲ ਨਾਮ ਅਗਨੀਪਥ ਯੋਜਨਾ ਹੈ।

ਅਗਨੀਵੀਰ ਉਸ ਨੂੰ ਕਹਿੰਦੇ ਹਨ ਜੋ ਜਵਾਨ ਇਸ ਯੋਜਨਾ ਤਹਿਤ ਭਰਤੀ ਹੁੰਦੇ ਹਨ।

ਉਧਰ, ਬਿਹਾਰ ਸਰਕਾਰ ਦੇ ਇੱਕ ਹੋਰ ਮੰਤਰੀ ਅਤੇ ਜੇਡੀਯੂ ਆਗੂ ਅਸ਼ੋਕ ਚੌਧਰੀ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਨਾਲ ਸਬੰਧਤ ਮੰਗ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ “ਮੁੱਖ ਮੰਤਰੀ ਨਿਤੀਸ਼ ਕੁਮਾਰ ਭਲਕੇ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਬੈਠਕ ਕਰਨਗੇ ਜਿੱਥੇ ਸਾਰੇ ਮੁੱਦਿਆਂ ਉੱਤੇ ਚਰਚਾ ਕੀਤੀ ਜਾਵੇਗੀ।”

ਜੇਡੀਯੂ ਨੇਤਾ ਖਾਲਿਦ ਅਨਵਰ ਨੇ ਕਿਹਾ, "ਸਰਕਾਰ ਜੋ ਵੀ ਸਕੀਮ ਬਣਾਉਂਦੀ ਹੈ, ਉਹ ਲੋਕਾਂ ਦੇ ਭਲੇ ਲਈ ਬਣਾਉਂਦੀ ਹੈ। ਇਹ ਸਰਕਾਰ ਲੋਕਾਂ ਦੀ ਸਰਕਾਰ ਹੈ। ਜੇ ਅਜਿਹਾ ਲੱਗਦਾ ਹੈ ਕਿ ਇਸ ਯੋਜਨਾ ਨਾਲ ਸਾਡੇ ਨੌਜਵਾਨਾਂ ਦਾ ਨੁਕਸਾਨ ਹੋਇਆ ਹੈ, ਬਿਹਾਰ ਦੇ ਨੌਜਵਾਨਾਂ ਨੂੰ, ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਜੋ ਨੌਜਵਾਨ ਫੌਜ ਵਿੱਚ ਜਾਣਾ ਚਾਹੁੰਦੇ ਹਨ, ਇਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਇਆ ਤਾਂ ਸਰਕਾਰ ਇਸ 'ਤੇ ਮੁੜ ਵਿਚਾਰ ਕਰੇਗੀ।"

ਉਨ੍ਹਾਂ ਕਿਹਾ, "ਇਹ ਕੋਈ ਵੱਡਾ ਮਸਲਾ ਨਹੀਂ ਹੈ, ਗੱਲ ਇਹ ਹੈ ਕਿ ਜੋ ਲੋਕਾਂ ਦੇ ਭਲੇ ਵਿੱਚ ਹੋਵੇਗਾ ਉਹ ਅਸੀਂ ਕਰਾਂਗੇ ਅਤੇ ਸਾਡੇ ਪ੍ਰਧਾਨ ਮੰਤਰੀ ਜੀ ਕਰਨਗੇ ਅਤੇ ਕੇਂਦਰ ਵਿੱਚ ਸਾਡੀ ਸਰਕਾਰ ਹੋਵੇਗੀ, ਉਹ ਕਰੇਗੀ।"

ਸਿਆਸੀ ਪ੍ਰਤੀਕਰਮ

ਕੇਸੀ ਤਿਆਗੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਕੇਸੀ ਤਿਆਗੀ

ਇਸੇ ਦੌਰਾਨ ਉੱਤਰ ਪ੍ਰਦੇਸ਼ ਵਿੱਚ 37 ਸੀਟਾਂ ਜਿੱਤਣ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਵੀ ਅਗਨੀਵੀਰ ਯੋਜਨਾ ਦਾ ਮੁੱਦਾ ਚੁੱਕਿਆ।

ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਗਨੀਪਥ ਯੋਜਨਾ ਤੁਰੰਤ ਖਤਮ ਹੋਣੀ ਚਾਹੀਦੀ ਹੈ। ਸਰਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਗਲਤੀ ਹੈ ਕਿ ਉਨ੍ਹਾਂ ਨੂੰ ਅਗਨੀਪਥ ਵਰਗੀ ਪ੍ਰਣਾਲੀ ਨਹੀਂ ਲਿਆਉਣੀ ਚਾਹੀਦੀ ਸੀ। ਅਤੇ ਨਾ ਸਿਰਫ ਅਗਨੀਪਥ ਪ੍ਰਣਾਲੀ ਖਤਮ ਹੋਣੀ ਚਾਹੀਦੀ ਹੈ, ਸਗੋਂ ਬਹੁਤ ਸਾਰੇ ਨੌਜਵਾਨਾਂ ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਿਆ, ਫੌਜ ਵਿੱਚ ਭਰਤੀ ਜਾਣਾ ਚਾਹੁੰਦੇ ਸੀ, ਉਨ੍ਹਾਂ ਨੂੰ ਉਮਰ ਵਿਚ ਛੋਟ ਵੀ ਦੇਣੀ ਚਾਹੀਦੀ ਹੈ।”

ਰਾਸ਼ਟਰੀ ਜਨਤਾ ਦਲ ਦੇ ਨੇਤਾ ਮ੍ਰਿਤਉਂਜੇ ਤਿਵਾਰੀ ਨੇ ਦਿੱਲੀ ਵਿੱਚ ਕਿਹਾ, "ਜੇਡੀਯੂ ਇਸ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣ ਜਾ ਰਹੀ ਹੈ। ਨਿਤੀਸ਼ ਕੁਮਾਰ ਮਹਾਤਮਾ ਗਾਂਧੀ ਦੇ ਵਿਚਾਰਾਂ ਉੱਤੇ ਚੱਲਣ ਵਾਲਿਆਂ ਵਿੱਚੋਂ ਹਨ। ਜਨਤਾ ਇਹ ਦੇਖੇਗੀ ਕਿ ਜੇਡੀਯੂ ਇਸ ਮੁੱਦੇ ਉੱਤੇ ਕੀ ਕਰਦੀ ਹੈ। ਅਗਨੀਵੀਰ, ਬਿਹਾਰ ਲਈ ਵਿਸ਼ੇਸ਼ ਦਰਜਾ ਅਤੇ ਜਾਤੀ ਮਰਦਮਸ਼ੁਮਾਰੀ ਮੁੱਦੇ ਹਨ, ਲੋਕ ਦੇਖ ਰਹੇ ਹਨ ਕਿ ਬਿਹਾਰ ਨੂੰ ਕੀ ਮਿਲੇਗਾ ਅਤੇ ਬਿਹਾਰ ਦੇ ਲੋਕਾਂ ਨੂੰ ਇਸ ਨਾਲ ਕੀ ਫਾਇਦਾ ਹੋਵੇਗਾ।”

ਕੇਸੀ ਤਿਆਗੀ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਨਵੇਂ ਚੁਣੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ, "ਇਸ ਦੇ ਖਿਲਾਫ ਤਾਂ ਪੂਰਾ ਦੇਸ ਹੈ। ਮੈਂ ਸਮਝਦਾ ਹਾਂ ਕਿ ਜੇਡੀਯੂ ਨੇ ਜੋ ਕਿਹਾ ਹੈ, ਉਹ ਸਹੀ ਹੈ। ਅਗਨੀਪਥ ਯੋਜਨਾ ਤੁਰੰਤ ਬੰਦ ਹੋਣੀ ਚਾਹੀਦੀ।"

ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਿਹਾ, "ਇਸ ਸਕੀਮ ਬਾਰੇ ਬਹੁਤ ਸਾਰੇ ਲੋਕ ਅਸੰਤੁਸ਼ਟ ਹਨ। ਮੈਂ ਸਮਝਦਾ ਹਾਂ ਕਿ ਇਸ ਦਾ ਅਸਰ ਚੋਣਾਂ 'ਤੇ ਵੀ ਪਿਆ ਹੈ। ਖਾਸ ਤੌਰ 'ਤੇ ਉੱਤਰ ਪ੍ਰਦੇਸ਼ ਅਤੇ ਹੋਰ ਥਾਵਾਂ 'ਤੇ। ‘ਦਿਆਲੂ ਭਗਵਾਨ' ਨੂੰ ਸੋਚਣਾ ਚਾਹੀਦਾ ਹੈ ਕਿ ਇਸ 'ਤੇ ਵਿਚਾਰ ਹੋਣਾ ਚਾਹੀਦਾ ਹੈ। 'ਭਗਵਾਨ ਜੀ' ਹੁਣ ਸਾਰਿਆਂ ਦੇ ਵਿਚਾਰਾਂ ਨਾਲ ਅੱਗੇ ਵਧਣਗੇ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ, "ਅਗਨੀਪਥ ਸਕੀਮ ਭਾਰਤ ਮਾਤਾ ਨਾਲ ਗਦਾਰੀ ਹੈ, ਭਾਰਤੀ ਫੌਜ ਨਾਲ ਗਦਾਰੀ ਹੈ। ਅਤੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਕੀਮ ਪਹਿਲਾਂ ਹੀ ਰੱਦ ਕਰਕੇ... ਜਿਵੇਂ ਪਹਿਲਾਂ ਫੌਜ ਵਿੱਚ ਭਰਤੀ ਹੁੰਦੀ, ਉਵੇਂ ਹੀ ਕਰਨੀ ਚਾਹੀਦੀ ਸੀ।"

ਉਨ੍ਹਾਂ ਨੇ ਅੱਗੇ ਕਿਹਾ, "ਤੁਸੀਂ ਮੈਨੂੰ ਦੱਸੋ, ਇੱਕ ਜਵਾਨ ਨੂੰ ਇੱਕ ਸਾਲ ਦੀ ਸਿਖਲਾਈ ਦਿੱਤੀ ਜਾਂਦੀ ਸੀ ਪਹਿਲਾਂ, ਤੁਸੀਂ ਉਹ ਘਟਾ ਕੇ ਛੇ ਮਹੀਨੇ ਕਰ ਦਿੱਤਾ। ਜੰਗ ਹੋਣ ਦੀ ਸੂਰਤ ਵਿੱਚ ਫੌਜ ਵਿੱਚ ਹਮੇਸ਼ਾ ਇਹ ਰਵਾਇਤ ਰਹੀ ਕਿ ਪੰਜ ਸਾਲ ਜੋ ਫੀਲਡ ਡਿਊਟੀ ਕਰ ਲੈਂਦਾ ਸੀ ਉਸ ਨੂੰ ਤੁਸੀਂ ਜੰਗ ਵਿੱਚ ਭੇਜਦੇ ਸੀ, ਤੁਸੀਂ ਚਾਰ ਸਾਲ ਦੀ ਕੁੱਲ ਨੌਕਰੀ ਹੀ ਕਰ ਦਿੱਤੀ।"

"ਇਸ ਲਈ ਮੈਂ ਸਮਝਦਾ ਹਾਂ, ਇੱਕ-ਇੱਕ ਦੇਸ ਭਗਤ ਜੋ ਇਸ ਦੇਸ ਦਾ ਹੈ, ਉਹ ਭਾਰਤ ਮਾਤਾ ਲਈ ਆਪਣੇ ਸਾਹਾਂ ਦਾ ਬਲਿਦਾਨ ਦੇਣ ਲਈ ਤਿਆਰ ਹੈ। ਭਾਰਤੀ ਫੌਜ ਵਿੱਚ ਜਾਣ ਦਾ ਉਸਦਾ ਗੌਰਵ ਹੁੰਦਾ ਹੈ ਕਿ ਦੇਸ ਦੀ ਰਾਖੀ ਲਈ ਅਸੀਂ ਆਪਣੀ ਜਾਨ ਦੀ ਵੀ ਕੁਰਬਾਨੀ ਦੇ ਦੇਵਾਂਗੇ।"

"ਤੁਸੀਂ ਉਸਦੀ ਚਾਰ ਸਾਲ ਦੀ ਨੌਕਰੀ ਕਰਕੇ ਫੌਜ ਨੂੰ ਕਮਜ਼ੋਰ ਕਰ ਰਹੇ ਹੋ। ਇਸ ਲਈ ਮੈਂ ਸਮਝਦਾ ਹਾਂ ਕਿ ਇਹ ਮੰਗ ਜੋ ਜੇਡੀਯੂ ਵੱਲੋਂ ਚੁੱਕੀ ਗਈ ਹੈ ਸੌ ਫੀਸਦੀ ਜਾਇਜ਼ ਹੈ। ਯੂਸੀਸੀ ਦੀ ਵੀ ਗੱਲ ਉਨ੍ਹਾਂ ਨੇ ਕੀਤੀ ਹੈ।"

ਰਾਹੁਲ ਗਾਂਧੀ ਨੇ ਕੀ ਕਿਹਾ?

ਰਾਹੁਲ ਗਾਂਧੀ

ਤਸਵੀਰ ਸਰੋਤ, ANI

ਅਗਨੀਪਥ ਯੋਜਨਾ 'ਤੇ ਵੀਰਵਾਰ ਨੂੰ ਸ਼ੁਰੂ ਹੋਈ ਸਿਆਸੀ ਬਹਿਸ ਤੋਂ ਪਹਿਲਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਚੋਣ ਪ੍ਰਚਾਰ ਦੌਰਾਨ ਇਸ ਯੋਜਨਾ ਦਾ ਮੁੱਦਾ ਚੁੱਕਦੇ ਰਹੇ ਹਨ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 30 ਮਈ ਨੂੰ ਐਲਾਨ ਕੀਤਾ ਸੀ ਕਿ ਉਹ ਇਸ ਸਕੀਮ ਨੂੰ ਰੱਦ ਕਰਨ ਜਾ ਰਹੇ ਹਨ। ਹਾਲਾਂਕਿ ਉਦੋਂ ਲੋਕ ਸਭਾ ਚੋਣਾਂ ਦੇ ਨਤੀਜੇ ਨਹੀਂ ਆਏ ਸਨ ਅਤੇ ਆਖਰੀ ਪੜਾਅ ਦੀ ਵੋਟਿੰਗ ਹੋਣੀ ਰਹਿੰਦੀ ਸੀ।

ਰਾਹੁਲ ਗਾਂਧੀ ਨੇ ਕਿਹਾ ਸੀ, "ਅਸੀਂ ਅਗਨੀਪਥ ਸਕੀਮ ਨੂੰ ਰੱਦ ਕਰਨ ਜਾ ਰਹੇ ਹਾਂ। ਪ੍ਰਧਾਨ ਮੰਤਰੀ ਨੇ ਸੈਨਿਕਾਂ ਨੂੰ ਮਜ਼ਦੂਰਾਂ ਵਿੱਚ ਬਦਲ ਦਿੱਤਾ ਹੈ। ਅਸੀਂ ਜਵਾਨਾਂ ਨੂੰ ਫਿਰ ਤੋਂ ਜਵਾਨਾਂ ਵਿੱਚ ਬਦਲਾਂਗੇ।"

ਇਸ ਤੋਂ ਪਹਿਲਾਂ 27 ਮਈ ਨੂੰ ਪਟਨਾ ਵਿੱਚ ਇੱਕ ਰੈਲੀ ਵਿੱਚ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਉ੍ਰਤੇ ਕਾਂਗਰਸ ਦਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਸੀ, ''ਸਭ ਤੋਂ ਪਹਿਲਾ ਕੰਮ ਤੁਹਾਡੇ ਲਈ... ਹਿੰਦੁਸਤਾਨ ਦੇ ਨੌਜਵਾਨਾਂ ਲਈ... ਇਹ ਅਗਨੀਪਥ ਯੋਜਨਾ ਹੈ ਨਾ, ਉਸ ਨੂੰ ਅਸੀਂ ਪਾੜ ਕੇ ਕੂੜੇਦਾਨ ਵਿੱਚ ਸੁੱਟਣ ਜਾ ਰਹੇ ਹਾਂ।"

"ਇਹ ਨਰਿੰਦਰ ਮੋਦੀ ਦੀ ਯੋਜਨਾ ਹੈ, ਸਾਨੂੰ ਦੋ ਤਰ੍ਹਾਂ ਦੇ ਸ਼ਹੀਦ ਨਹੀਂ ਚਾਹੀਦੇ। ਜੋ ਜਵਾਨ ਹੋਵੇਗਾ... ਹਰ ਜਵਾਨ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਹਰ ਜਵਾਨ ਨੂੰ ਪੈਨਸ਼ਨ ਮਿਲੇਗੀ। ਹਰ ਜਵਾਨ ਨੂੰ ਕੈਂਟੀਨ ਮਿਲੇਗੀ ਅਤੇ ਹਰ ਜਵਾਨ ਦੀ ਰਾਖੀ ਹਿੰਦੁਸਤਾਨ ਦੀ ਸਰਕਾਰ ਕਰੇਗੀ।"

"ਅਜਿਹਾ ਹਿੰਦੁਸਤਾਨ ਨਹੀਂ ਚਾਹੀਦਾ ਜਿੱਥੇ ਗਰੀਬਾਂ ਨੂੰ ਤੁਸੀਂ ਅਗਨੀਵੀਰ ਬਣਾਉਂਦੇ ਹੋ ਅਤੇ ਅਮੀਰ ਲੋਕਾਂ ਨੂੰ ਤੁਸੀਂ ਪੈਨਸ਼ਨ ਦਿੰਦੇ ਹੋ, ਸਾਰੀਆਂ ਸਹੂਲਤਾਂ ਦਿੰਦੇ ਹੋ। ਸਾਨੂੰ ਇੱਕ ਜਵਾਨ ਚਾਹੀਦਾ ਹੈ। ਅਗਨੀਪਥ ਯੋਜਨਾ ਨੂੰ ਅਸੀਂ ਰੱਦ ਕਰ ਰਹੇ ਹਾਂ ਖ਼ਤਮ ਕਰ ਰਹੇ ਹਾਂ।”

ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਇੱਕ ਰੈਲੀ ਦੌਰਾਨ ਉਸੇ ਦਿਨ ਪ੍ਰਿਅੰਕਾ ਗਾਂਧੀ ਨੇ ਵੀ ਅਗਨੀਪਥ ਯੋਜਨਾ ਦਾ ਮੁੱਦਾ ਚੁੱਕਿਇਆ ।

ਉਨ੍ਹਾਂ ਨੇ ਕਿਹਾ, "ਉਹ ਕੁਝ ਵੀ ਕਰਨਗੇ, ਸਿਰਫ ਸੱਤਾ ਦੇ ਨਾਂ ਉੱਤੇ। ਸਿਰਫ ਸੱਤਾ ਹੀ ਚਾਹੁੰਦੇ ਹਨ। ਕਿਸੇ ਵੀ ਤਰ੍ਹਾਂ ਉਸ ਸੱਤਾ ਨੂੰ ਕਾਇਮ ਰੱਖਣ ਦਾ ਕੰਮ ਕਰਨਗੇ। ਇਹ ਇੱਕ ਤਰ੍ਹਾਂ ਦੀ ਸਿਆਸਤ ਹੈ। ਇਸ ਦਾ ਨਤੀਜਾ ਤੁਸੀਂ ਦੇਖਿਆ ਹੈ।"

"ਇਹ ਜੋ ਅਗਨੀਵੀਰਾਂ ਲਈ ਸਕੀਮ ਹੈ, ਇਹ ਇਸੇ ਸਿਆਸਤ ਦਾ ਸਿੱਟਾ ਹੈ ਕਿਉਂਕਿ ਇਸ ਸਿਆਸਤ ਲਈ ਜੋ ਮੋਦੀ ਜੀ ਅਤੇ ਭਾਜਪਾ ਦੇ ਲੋਕ ਕਰਦੇ ਹਨ, ਇਸ ਲਈ ਧਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਪੈਸੇ ਦੀ ਤਾਕਤ ਤੋਂ ਬਿਨਾਂ ਅਜਿਹੀ ਸਿਆਸਤ ਨਹੀਂ ਚੱਲ ਸਕਦੀ ਹੈ। ਕਿਉਂਕਿ ਧਨ ਦੇ ਬੂਤੇ ਉੱਤੇ ਹੀ ਵਿਧਾਇਕਾਂ ਨੂੰ ਖਰੀਦਣਾ ਹੈ।"

"ਧਨ ਦੇ ਬਲ ਉੱਤੇ ਹੀ ਜਿੰਨੇ ਮੀਡੀਆ ਵਾਲੇ ਟੀਵੀ ਚੈਨਲ ਹਨ, ਇਨ੍ਹਾਂ ਨੂੰ ਚਲਾਉਣਾ ਪੈਂਦਾ ਹੈ। ਇਸ ਲਈ ਧਨ ਦੇ ਬਲ ਦੀ ਲੋੜ ਹੁੰਦੀ ਹੈ ਅਤੇ ਇਹ ਧਨ ਦਾ ਬਲ ਆਉਂਦਾ ਕਿੱਥੋਂ ਹੈ? ਵੱਡੇ-ਵੱਡੇ ਅਰਬਪਤੀਆਂ ਤੋਂ ਆਉਂਦਾ ਹੈ ਅਤੇ ਜਿੰਨੀਆਂ ਵੀ ਨੀਤੀਆਂ ਬਣ ਰਹੀਆਂ ਹਨ।"

"ਅੱਜ, ਪਿਛਲੇ ਦਸ ਸਾਲਾਂ ਤੋਂ ਇਸ ਦੇਸ ਵਿੱਚ ਬਣੀਆਂ ਹਨ, ਮੋਦੀ ਜੀ ਦੀ ਸਰਕਾਰ ਵਿੱਚ, ਉਹ ਸਿਰਫ ਵੱਡੇ ਖਰਬਪਤੀਆਂ ਲਈ ਬਣੀਆਂ ਹਨ, ਇਸੇ ਲਈ ਅਗਨੀਪਥ ਵਰਗੀ ਸਕੀਮ ਆਉਂਦੀ ਹੈ, ਜਿਸ ਵਿੱਚ ਜੋ ਕੋਈ ਫੌਜ ਵਿੱਚ ਭਰਤੀ ਹੁੰਦਾ ਹੈ, ਉਹ ਚਾਰ ਸਾਲ ਬਾਅਦ ਘਰੇ ਆ ਜਾਂਦਾ ਹੈ ਅਤੇ ਫਿਰ ਬੇਰੁਜ਼ਗਾਰ ਹੋ ਜਾਂਦਾ ਹੈ ਤਾਂ ਕਿ ਰੱਖਿਆ ਵਿੱਚ ਵੀ ਵੱਡੇ-ਵੱਡੇ ਖਰਬਪਤੀਆਂ ਦਾ ਹੱਥ ਹੋਵੇ।"

ਰਾਹੁਲ ਗਾਂਧੀ ਨੂੰ ਅਮਿਤ ਸ਼ਾਹ ਦਾ ਜਵਾਬ

ਅਮਿਤ ਸ਼ਾਹ

ਤਸਵੀਰ ਸਰੋਤ, ANI

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਚੋਣ ਪ੍ਰਚਾਰ ਦੌਰਾਨ ਅਗਨੀਪਥ ਯੋਜਨਾ ਨਾਲ ਜੁੜੇ ਰਾਹੁਲ ਗਾਂਧੀ ਦੇ ਦਾਅਵਿਆਂ ਉੱਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ 'ਰਾਹੁਲ ਗਾਂਧੀ ਝੂਠੀ ਗੱਲ ਨੂੰ ਮੁੱਦਾ ਬਣਾ ਰਹੇ ਹਨ'।

ਉਨ੍ਹਾਂ ਨੇ ਕਿਹਾ, "ਰਾਹੁਲ ਗਾਂਧੀ ਜੀ ਨੇ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਝੂਠੀ ਗੱਲ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ। ਇਸਦੀ ਸਭ ਤੋਂ ਵਧੀਆ ਮਿਸਾਲ ਅਗਨੀਪਥ ਯੋਜਨਾ ਹੈ। ਅੱਜ ਮੈਂ ਅਗਨੀਪੱਥ ਯੋਜਨਾ ਬਾਰੇ ਕੁਝ ਵਿਸਥਾਰ ਵਿੱਚ ਇਸ ਲਈ ਗੱਲ ਕਰਨਾ ਚਾਹੁੰਦਾ ਹਾਂ ਕਿਉਂਕਿ ਦੇਸ ਭਰ ਵਿੱਚ ਇਹ ਭਰਾਂਤੀ ਫੈਲਾਈ ਜਾ ਰਹੀ ਹੈ... ਕਿ ਚਾਰ ਸਾਲਾਂ ਬਾਅਦ 75 ਫੀਸਦੀ ਅਗਨੀਵੀਰਾਂ ਦਾ ਕੋਈ ਭਵਿੱਖ ਨਹੀਂ ਹੈ”

“ਅਸਲ ਵਿੱਚ ਯੋਜਨਾ ਇਹ ਹੈ ਕਿ ਜੇਕਰ 100 ਬੱਚੇ ਅਗਨੀਵੀਰ ਬਣਦੇ ਹਨ, ਤਾਂ ਉਨ੍ਹਾਂ ਵਿੱਚੋਂ 25 ਫੀਸਦੀ ਨੂੰ ਫ਼ੌਜ ਵਿੱਚ ਪੱਕੀ ਨੌਕਰੀ ਹੋ ਜਾਵੇਗੀ… ਹੁਣ ਜਿਹੜੇ 75 ਫੀਸਦੀ ਬੱਚੇ ਰਹਿੰਦੇ ਹਨ, ਉਨ੍ਹਾਂ ਲਈ ਭਾਜਪਾ ਦੀਆਂ ਸਰਕਾਰਾਂ ਵਾਲੇ ਸਾਰੇ ਸੂਬਿਆਂ ਨੇ ਆਪਣੀ ਪੁਲਿਸ ਵਿੱਚ 10 ਤੋਂ 20 ਫੀਸਦੀ ਰਾਖਵਾਂਕਰਨ ਕੀਤਾ ਹੈ। ਰਿਜ਼ਰਵ ਸੀਟਾਂ ਤੋਂ ਬਾਅਦ, ਚੋਣ ਵਿੱਚ ਵੀ ਕਈ ਰਿਆਇਤਾਂ ਦਿੱਤੀਆਂ ਹਨ। ਜਿਵੇਂ ਉਮਰ ਦੀ ਰਿਆਇਤ। ਉਸਦੀ ਪ੍ਰੀਖਿਆ ਵਿੱਚ ਵੀ ਕੁਝ ਅਡਵਾਂਟੇਜ ਦਿੱਤੇ ਹਨ, ਫਿਜ਼ੀਕਲ ਵੀ ਨਹੀਂ ਕਰਨਾ ਹੈ।”

ਅਗਨੀਪਥ ਯੋਜਨਾ ਕੀ ਹੈ?

ਅਗਨੀਵੀਰ ਲਈ ਭਰਤੀ ਦੇ ਟਰਾਇਲ

ਤਸਵੀਰ ਸਰੋਤ, ANI

ਅਗਨੀਪਥ ਸਕੀਮ ਭਾਰਤੀ ਫੌਜ ਦੇ ਤਿੰਨੇ ਅੰਗਾਂ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਕ੍ਰਮਵਾਰ ਸਿਪਾਹੀਆਂ, ਏਅਰਮੈਨ ਅਤੇ ਮਲਾਹਾਂ ਦੀਆਂ ਅਸਾਮੀਆਂ ਲਈ ਭਰਤੀ ਲਈ ਰੱਖਿਆ ਮੰਤਰਾਲੇ ਵੱਲੋਂ ਲਿਆਂਦੀ ਗਈ ਇੱਕ ਨਵੀਂ ਯੋਜਨਾ ਹੈ।

ਭਰਤੀ ਹੋਣ ਤੋਂ ਬਾਅਦ, ਉਨ੍ਹਾਂ ਨੂੰ ਅਗਨੀਵੀਰ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦਾ ਕਾਰਜਕਾਲ ਚਾਰ ਸਾਲਾਂ ਲਈ ਹੋਵੇਗਾ। ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਚੱਲ ਰਹੀਆਂ ਹੋਰ ਸਕੀਮਾਂ ਖਤਮ ਕਰ ਦਿੱਤੀਆਂ ਗਈਆਂ ਹਨ।

ਇਸ ਨੂੰ ਆਮ ਭਾਸ਼ਾ ਵਿੱਚ ਅਗਨੀਵੀਰ ਯੋਜਨਾ ਕਿਹਾ ਜਾ ਰਿਹਾ ਹੈ ਪਰ ਇਸ ਦਾ ਅਸਲ ਨਾਮ ਅਗਨੀਪਥ ਯੋਜਨਾ ਹੈ।

ਅਗਨੀਵੀਰ ਉਸ ਨੂੰ ਕਹਿੰਦੇ ਹਨ ਜੋ ਜਵਾਨ ਇਸ ਯੋਜਨਾ ਤਹਿਤ ਭਰਤੀ ਹੁੰਦੇ ਹਨ।

ਜੇਕਰ ਤੁਸੀਂ 17.5 ਸਾਲ ਤੋਂ 21 ਸਾਲ ਦੇ ਹੋ, ਤਾਂ ਤੁਸੀਂ ਇਸ ਸਕੀਮ ਅਧੀਨ ਭਰਤੀ ਹੋਣ ਲਈ ਅਰਜ਼ੀ ਦੇ ਸਕਦੇ ਹੋ। ਕਰੋਨਾ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਵਿੱਚ ਰੁਕੀ ਰਹਿਣ ਕਾਰਨ, ਇੱਕ ਅਪਵਾਦ ਵਜੋਂ, ਸਿਰਫ ਉਸ ਸਾਲ ਉਪਰਲੀ ਉਮਰ ਹੱਦ ਵਿੱਚ ਦੋ ਸਾਲ ਦੀ ਢਿੱਲ ਦਿੱਤੀ ਗਈ ਸੀ।

ਇਹ ਸਕੀਮ ਅਫਸਰ ਰੈਂਕ ਦੇ ਫੌਜੀਆਂ ਲਈ ਨਹੀਂ ਹੈ। ਉਨ੍ਹਾਂ ਦੀ ਭਰਤੀ ਲਈ ਮੌਜੂਦਾ ਵੱਖਰੀ ਪ੍ਰਣਾਲੀਆਂ ਚਲਦੀਆਂ ਰਹਿਣਗੀਆਂ।

ਫੌਜ ਦੇ ਤਿੰਨਾਂ ਅੰਗਾਂ ਨੇ ਕਿਹਾ ਸੀ ਕਿ ਕੰਮ ਕਰਨ ਦੀਆਂ ਸਥਿਤੀਆਂ ਅਤੇ ਹਰ ਤਰ੍ਹਾਂ ਦੇ ਭੱਤੇ, ਯਾਨੀ ਮੁਸ਼ਕਿਲ ਇਲਾਕਿਆਂ ਵਿੱਚ ਕੰਮ ਕਰਨ ਲਈ ਜਾਂ ਰਾਸ਼ਨ ਜਾਂ ਵਰਦੀ ਜਾਂ ਯਾਤਰਾ ਭੱਤੇ, ਸਭ ਪਹਿਲਾਂ ਵਾਲੇ ਸੈਨਿਕਾਂ ਵਾਂਗ ਹੀ ਹੋਣਗੇ। ਹਾਲਾਂਕਿ, ਅਗਨੀਵੀਰ ਮਹਿੰਗਾਈ ਭੱਤਾ ਅਤੇ ਫੌਜੀ ਸੇਵਾ ਤਨਖਾਹ ਲੈਣ ਦੇ ਯੋਗ ਨਹੀਂ ਹੋਣਗੇ।

ਫੌਜ ਨੇ ਐਲਾਨ ਕੀਤਾ ਕਿ ਸੇਵਾ ਦੌਰਾਨ ਅਗਨੀਵੀਰਾਂ ਨੂੰ ਫੌਜ ਵਿੱਚ ਰਹਿਣ ਦੌਰਾਨ ਸਿਹਤ ਅਤੇ ਕੰਟੀਨ ਦੀਆਂ ਉਹ ਸਾਰੀਆਂ ਸਹੂਲਤਾਂ ਤਾਂ ਮਿਲਣਗੀਆਂ। ਲੇਕਿਨ ਇੱਕ ਵਾਰ ਜਦੋਂ ਉਹ ਚਾਰ ਸਾਲ ਦੀ ਸੇਵਾ ਪੂਰੀ ਕਰ ਲੈਣ ਤੋਂ ਬਾਅਦ, ਉਨ੍ਹਾਂ ਨੂੰ ਕੋਈ ਪੈਨਸ਼ਨ ਜਾਂ ਗਰੈਚੁਟੀ ਸਹੂਲਤਾਂ ਅਤੇ ਨਾ ਹੀ ਸਾਬਕਾ ਫੌਜੀਆਂ ਨੂੰ ਮਿਲਣ ਵਾਲੀਆਂ ਮੈਡੀਕਲ ਅਤੇ ਕੰਟੀਨ ਦੀਆਂ ਸਹੂਲਤਾਂ ਲੈ ਸਕਣਗੇ।

ਅਗਨੀਵੀਰਾਂ ਨੂੰ ਸਾਬਕਾ ਫੌਜੀਆਂ ਦਾ ਦਰਜਾ ਅਤੇ ਹੋਰ ਸਹੂਲਤਾਂ ਨਹੀਂ ਮਿਲਣਗੀਆਂ। ਫੌਜ ਵਿੱਚ ਅਗਨੀਵੀਰ ਆਪਣੇ-ਆਪ ਵਿੱਚ ਇੱਕ ਵੱਖਰਾ ਰੈਂਕ ਹੋਵੇਗਾ।

ਨਿਯਮਾਂ ਵਿੱਚ ਕਿਹਾ ਗਿਆ ਹੈ ਕਿ ਚਾਰ ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ, ਇੱਕ ਅਗਨੀਵੀਰ ਫੌਜ ਦੇ ਕਿਸੇ ਵੀ ਅੰਗ ਵਿੱਚ ਤਾਂ ਹੀ ਰੈਗੂਲਰ ਹੋ ਸਕੇਗਾ ਜੇਕਰ ਉਹ ਜੂਨੀਅਰ ਕਮਿਸ਼ਨਡ ਅਫਸਰ ਅਤੇ ਇਸ ਤਰ੍ਹਾਂ ਦੀਆਂ ਅਸਾਮੀਆਂ ਦੇ ਨਿਯਮਤ ਨਿਯਮਾਂ ਤਹਿਤ ਹੋਵੇਗਾ।

ਨਿਯਮਤ ਫੌਜੀਆਂ ਤੋਂ ਵੱਖਰਾ ਨਜ਼ਰ ਆਉਣ ਲਈ, ਅਗਨੀਵੀਰਾਂ ਨੂੰ ਉਨ੍ਹਾਂ ਦੀਆਂ ਵਰਦੀਆਂ 'ਤੇ ਵੱਖ-ਵੱਖ ਬੈਜ ਲਾਏ ਜਾਣਗੇ। ਲੇਕਿਨ ਸੇਵਾ ਦੌਰਾਨ ਉਨ੍ਹਾਂ ਨੂੰ ਬਾਕੀਆਂ ਵਾਂਗ ਸਨਮਾਨ ਅਤੇ ਸਨਮਾਨ ਮਿਲ ਸਕਣਗੇ। ਤਿੰਨਾਂ ਸੈਨਾਵਾਂ ਨੇ ਕਿਹਾ ਹੈ ਕਿ ਤਾਇਨਾਤੀ ਅਤੇ ਤਬਾਦਲੇ ਦੇ ਮਾਮਲਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)