ਲੋਕ ਸਭਾ ਚੋਣ ਨਤੀਜੇ: ਅਕਾਲੀ ਦਲ ਦੇ ਕਈ ਥਾਈਂ ਬਸਪਾ ਤੋਂ ਵੀ ਪਛੜਨ ਪਿੱਛੇ ਕੀ ਰਹੇ ਕਾਰਨ

ਤਸਵੀਰ ਸਰੋਤ, Getty Images
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
ਇੱਕ ਵਾਰ ਫੇਰ ਵੱਡੀ ਹਾਰ ਦਾ ਸਾਹਮਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਜਿੱਤੀ ਹੈ।
ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਸਿਰਫ਼ 13.42% ਵੋਟਾਂ ਮਿਲੀਆਂ, ਜੋ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ 5% ਘੱਟ ਹਨ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਲੋਕ ਸਭਾ ਸੀਟ 'ਤੇ ਆਪਣਾ ਗੜ੍ਹ ਬਚਾਉਣ 'ਚ ਕਾਮਯਾਬ ਰਿਹਾ। ਪਾਰਟੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,600 ਵੋਟਾਂ ਨਾਲ ਹਰਾਇਆ।
ਹਰਸਿਮਰਤ ਕੌਰ ਬਾਦਲ ਨੇ 2009 ਤੋਂ ਲੈ ਕੇ ਹੁਣ ਬਠਿੰਡਾ ਤੋਂ ਚੌਥੀ ਵਾਰ ਚੋਣ ਜਿੱਤੀ ਹੈ।
ਸਾਲ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਅਤੇ ਫਿਰੋਜ਼ਪੁਰ ਸਮੇਤ 2 ਲੋਕ ਸਭਾ ਸੀਟਾਂ ਜਿੱਤੀਆਂ ਸਨ।
ਹਾਲਾਂਕਿ, ਅਕਾਲੀ ਦਲ ਨੂੰ ਸਾਲ 2022 ਵਿੱਚ ਇੱਕ ਵੱਡਾ ਝਟਕਾ ਲੱਗਿਆ ਸੀ, ਉਦੋਂ ਪਾਰਟੀ ਸਿਰਫ਼ ਤਿੰਨ ਵਿਧਾਨ ਸਭਾ ਸੀਟਾਂ ਤੱਕ ਸਿਮਟ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ 2020 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਤੋੜਨ ਤੋਂ ਬਾਅਦ ਪਹਿਲੀ ਵਾਰ ਇਕੱਲੇ ਸਭਾ ਚੋਣਾਂ ਲੜੀਆਂ ਹਨ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਦੇ ਉੱਤੇ ਸ਼੍ਰੀ ਅਕਾਲ ਤਖ਼ਤ ’ਤੇ ਮਾਫ਼ੀ ਵੀ ਮੰਗੀ ਸੀ।
ਸ਼੍ਰੋਮਣੀ ਅਕਾਲੀ ਦਲ ਨੂੰ ਮਾਝੇ ਦੀ ਪੰਥਕ ਸੀਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਖਡੂਰ ਸਾਹਿਬ ਤੋਂ ਖਾਲਿਸਤਾਨ ਸਮਰਥਕ ਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਜਿੱਤ ਦਰਜ ਕੀਤੀ।
ਅੰਮ੍ਰਿਤਪਾਲ ਸਿੰਘ ਨੇ ਨਾ ਸਿਰਫ ਖਡੂਰ ਸਾਹਿਬ ਸੀਟ ਜਿੱਤੀ ਸਗੋਂ ਇਸ ਦਾ ਅਸਰ ਫਰੀਦਕੋਟ ਹਲਕੇ ਵਿਚ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਦੀ ਜਿੱਤ 'ਤੇ ਵੀ ਅਸਰ ਪਾਇਆ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਫਰੀਦਕੋਟ ਸੀਟ ਤੋਂ ਜੇਤੂ ਰਹੇ।
ਅਕਾਲੀ ਦਲ 'ਆਪਣਾ ਰੋਡ ਮੈਪ ਪੇਸ਼ ਨਹੀਂ' ਕਰ ਸਕਿਆ

ਤਸਵੀਰ ਸਰੋਤ, Getty Images/Facebook
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਨਿਆ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੌਮੀ ਪੱਧਰ ਦੀ ਸਿਆਸਤ ਲਈ ਕੋਈ ਸਪੱਸ਼ਟ ਏਜੰਡਾ ਪੇਸ਼ ਕਰਨ ਵਿੱਚ ਨਾਕਾਮ ਰਹੇ ਹਨ, ਇਸ ਲਈ ਗੰਭੀਰ ਆਤਮ ਚਿੰਤਨ ਦੀ ਲੋੜ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਅਨੁਸਾਰ ਹੱਲ ਕਰਨ ਵਿੱਚ ਅਸਫ਼ਲ ਰਿਹਾ ਹੈ।
ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਚੋਣਾਂ ਦੌਰਾਨ ਆਪਣੇ ਵਰਕਰਾਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਕੌਮੀ ਪੱਧਰ ਦੀ ਰਾਜਨੀਤੀ ਲਈ ਆਪਣਾ ਰੋਡ ਮੈਪ ਪੇਸ਼ ਕਰਨ ਵਿੱਚ ਅਸਫ਼ਲ ਰਹੇ।"
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਅਮ੍ਰਿਤਪਾਲ ਸਿੰਘ ਖਿਲਾਫ ਬੇਲੋੜੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਸੀ।
2024 ਆਮ ਚੋਣਾਂ: ਅਕਾਲੀ ਦਲ ਦੀ ਕਾਰਗੁਜ਼ਾਰੀ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ ਅਕਾਲੀ ਦਲ ਸਿਰਫ਼ 10 ਸੀਟਾਂ 'ਤੇ ਅੱਗੇ ਰਿਹਾ।
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਲੋਕ ਸਭਾ ਦੌਰਾਨ ਪੰਜਾਬ ਦੀਆਂ ਕੁੱਲ 117 ਸੀਟਾਂ ਵਿੱਚੋਂ 11 ਵਿਧਾਨ ਸਭਾ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਅੱਗੇ ਰਿਹਾ।
ਇਹ ਅੰਕੜੇ ਦੱਸਦੇ ਹਨ ਕਿ ਅਕਾਲੀ ਦਲ ਬਠਿੰਡਾ ਹਲਕੇ ਦੀਆਂ 6 ਸੀਟਾਂ 'ਤੇ ਅੱਗੇ ਹੈ, ਜਿਨ੍ਹਾਂ ਵਿੱਚ ਲੰਬੀ, ਭੁੱਚੋ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਅਤੇ ਬੁਢਲਾਡਾ ਸ਼ਾਮਲ ਹਨ।
ਇਸ ਤੋਂ ਇਲਾਵਾ, ਇਹ ਫਿਰੋਜ਼ਪੁਰ ਲੋਕ ਸਭਾ ਸੰਸਦੀ ਹਲਕੇ ਵਿੱਚ ਗੁਰੂਹਰਸਹਾਏ, ਫਿਰੋਜ਼ਪੁਰ ਦਿਹਾਤੀ, ਅਤੇ ਮਲੋਟ ਵਿਧਾਨ ਸਭਾ ਹਲਕਿਆਂ ਵਿੱਚ ਅੱਗੇ ਰਿਹਾ।
ਸਾਬਕਾ ਅਕਾਲੀ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੌਬੀ ਮਾਨ ਫਿਰੋਜ਼ਪੁਰ ਤੋਂ ਚੋਣ ਲੜ ਰਹੇ ਸਨ।
ਇਸੇ ਤਰਾਂ ਅਕਾਲੀ ਦਲ ਮਜੀਠਾ ਵਿਧਾਨ ਸਭਾ ਹਲਕਾ ਜੋ ਅੰਮ੍ਰਿਤਸਰ ਸੰਸਦੀ ਹਲਕੇ ਦਾ ਹਿੱਸਾ ਹੈ, ਓਥੋਂ ਵੀ ਅਕਾਲੀ ਦਲ ਨੇ ਲੀਡ ਕੀਤਾ।


ਤਸਵੀਰ ਸਰੋਤ, GANIEVE KAUR MEDIA TEAM
ਮਜੀਠਾ ਵਿਧਾਨ ਸਭਾ ਹਲਕੇ ਤੋਂ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਵਿਧਾਇਕ ਹਨ।
ਹੋਰ ਦਿਲਚਸਪ ਗੱਲ ਇਹ ਹੈ ਕਿ ਅਕਾਲੀ ਦਲ ਲੁਧਿਆਣਾ ਦੇ ਦਾਖਾ ਅਤੇ ਆਨੰਦਪੁਰ ਸਾਹਿਬ ਦੇ ਬੰਗਾ ਹਲਕਿਆਂ ਤੋਂ ਪਿੱਛੇ ਰਿਹਾ, ਜਿਨ੍ਹਾਂ ਦੀ ਨੁਮਾਇੰਦਗੀ ਕ੍ਰਮਵਾਰ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਡਾ. ਸੁਖਵਿੰਦਰ ਸੁੱਖੀ ਕਰ ਰਹੇ ਹਨ।
ਅਕਾਲੀ ਦਲ ਦੇ 12 ਉਮੀਦਵਾਰ ਚੌਥੇ ਜਾਂ 5ਵੇਂ ਸਥਾਨ 'ਤੇ ਰਹੇ, ਜਦਕਿ 6 ਨੂੰ 1 ਲੱਖ ਤੋਂ ਘੱਟ ਵੋਟਾਂ ਮਿਲੀਆਂ।
ਪੰਜਾਬ ਦੇ 12 ਲੋਕ ਸਭਾ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੌਥੇ ਜਾਂ ਪੰਜਵੇਂ ਸਥਾਨ ’ਤੇ ਰਹੇ।
ਮਾਝਾ ਖੇਤਰ ਵਿੱਚ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ 5ਵੇਂ ਸਥਾਨ 'ਤੇ ਰਹੇ, ਜਦਕਿ ਬਾਕੀ 10 ਉਮੀਦਵਾਰ ਚੌਥੇ ਸਥਾਨ 'ਤੇ ਰਹੇ।
ਸ਼੍ਰੋਮਣੀ ਅਕਾਲੀ ਦਲ ਦੇ 12 ਵਿੱਚੋਂ 6 ਉਮੀਦਵਾਰਾਂ ਨੂੰ ਸਿਰਫ 1 ਲੱਖ ਤੋਂ ਘੱਟ ਵੋਟਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਇਕਬਾਲ ਸਿੰਘ ਝੂੰਦਾਂ ਨੂੰ ਕਰੀਬ 62,000, ਵਿਰਸਾ ਸਿੰਘ ਵਲਟੋਹਾ ਨੂੰ 86,000, ਦਲਜੀਤ ਸਿੰਘ ਚੀਮਾ ਨੂੰ 85,000, ਰਣਜੀਤ ਸਿੰਘ ਢਿੱਲੋਂ ਨੂੰ 90,000, ਸੋਹਣ ਸਿੰਘ ਠੰਡਲ ਨੂੰ 91,000 ਅਤੇ ਮਹਿੰਦਰ ਸਿੰਘ ਕੇ ਪੀ ਨੂੰ 67,000 ਵੋਟਾਂ ਮਿਲੀਆਂ।

ਤਸਵੀਰ ਸਰੋਤ, Facebook
ਪੰਜਾਬ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਬਸਪਾ ਨੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ 10 ਵਿਧਾਨ ਸਭਾ ਸੀਟਾਂ 'ਤੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਿਲ ਕੀਤੀਆਂ।
ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਇਕੱਠੀਆਂ ਲੜੀਆਂ ਸਨ।
ਜਲੰਧਰ ਸੰਸਦੀ ਹਲਕੇ ਵਿੱਚ ਫਿਲੌਰ, ਕਰਤਾਰਪੁਰ, ਜਲੰਧਰ ਨੋਰਥ, ਜਲੰਧਰ ਕੈਂਟ ਅਤੇ ਆਦਮਪੁਰ ਵਿੱਚ ਬਸਪਾ ਨੇ ਅਕਾਲੀ ਦਲ ਨੂੰ ਪਛਾੜ ਦਿੱਤਾ।
ਇਸੇ ਤਰ੍ਹਾਂ ਆਨੰਦਪੁਰ ਸਾਹਿਬ ਹਲਕੇ ਦੀਆਂ ਬਲਾਚੌਰ, ਨਵਾਂ ਸ਼ਹਿਰ, ਬੰਗਾ ਅਤੇ ਗੜ੍ਹਸ਼ੰਕਰ ਵਿਧਾਨ ਸਭਾ ਸੀਟਾਂ 'ਤੇ ਇਸ ਨੇ ਅਕਾਲੀ ਦਲ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ।
ਹੁਸ਼ਿਆਰਪੁਰ ਵਿੱਚ ਬਸਪਾ ਨੂੰ ਫਗਵਾੜਾ, ਹੁਸ਼ਿਆਰਪੁਰ ਅਤੇ ਸ਼ਾਮਚੁਰਾਸੀ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਨਾਲੋਂ ਵੱਧ ਵੋਟਾਂ ਮਿਲੀਆਂ।
ਦਿਲਚਸਪ ਗੱਲ ਇਹ ਹੈ ਕਿ ਸੰਗਰੂਰ ਸ਼ਹਿਰ ਵਿੱਚ ਬਸਪਾ ਨੂੰ ਅਕਾਲੀ ਦਲ ਨਾਲੋਂ ਵੱਧ ਵੋਟਾਂ ਮਿਲੀਆਂ ਹਨ।

ਤਸਵੀਰ ਸਰੋਤ, Facebook
ਅਕਾਲੀ ਦਲ ਨਹੀਂ ਤਾਂ ਕੋਈ ਹੋਰ ਖਲਾਅ ਨੂੰ ਭਰੇਗਾ
ਜਾਣਕਾਰਾਂ ਦੀ ਰਾਇ ਹੈ ਕਿ ਜੇਕਰ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਵਿੱਚ ਨਾਕਾਮਯਾਬ ਰਿਹਾ ਤਾਂ ਖਾਲੀ ਥਾਂ ਕੋਈ ਹੋਰ ਭਰੇਗਾ।
ਬੀਬੀਸੀ ਪੰਜਾਬੀ ਦੇ ਸਾਬਕਾ ਸੰਪਾਦਕ ਅਤੁਲ ਸੰਗਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਟਿੱਪਣੀ ਕਰਦਿਆਂ ਕਿਹਾ, "ਜੇਕਰ ਅਕਾਲੀ ਦਲ ਦੀ ਟਿਕਟਾਂ ਦੀ ਵੰਡ ਹੋਰ ਚੰਗੀ ਹੁੰਦੀ ਤਾਂ ਨਤੀਜੇ ਬਿਹਤਰ ਹੋ ਸਕਦੇ ਸਨ। ਉਹ ਬਠਿੰਡਾ ਤੱਕ ਹੀ ਸੀਮਤ ਸਨ, ਜਿੱਥੇ ਉਨ੍ਹਾਂ ਨੂੰ ਚਾਰ ਕੋਨੇ ਮੁਕਾਬਲੇ ਵਿੱਚ ਚੰਗਾ ਹੁੰਗਾਰਾ ਮਿਲਿਆ।
ਉਨ੍ਹਾਂ ਨੇ ਅੱਗੇ ਕਿਹਾ, “ਅਕਾਲੀ ਦਲ ਨਾ ਸਿਰਫ਼ ਇੱਕ ਖੇਤਰੀ ਪਾਰਟੀ ਹੈ, ਸਗੋਂ 100 ਸਾਲ ਪੁਰਾਣੀ ਪਾਰਟੀ ਹੈ, ਜੋ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ। ਇਸ ਨੂੰ ਉੱਤਰ ਪ੍ਰਦੇਸ਼ ਦੀ ਸਮਾਜਵਾਦੀ ਪਾਰਟੀ ਜਾਂ ਬਿਹਾਰ ਦੀ ਰਾਸ਼ਟਰੀ ਜਨਤਾ ਦਲ ਵਰਗੀਆਂ ਹੋਰ ਖੇਤਰੀ ਪਾਰਟੀਆਂ ਵਾਂਗ ਨਹੀਂ ਦੇਖਿਆ ਜਾਣਾ ਚਾਹੀਦਾ।''
ਅਤੁਲ ਸੰਗਰ ਨੇ ਅੱਗੇ ਕਿਹਾ, “ਹਰ ਘੱਟਗਿਣਤੀ ਉਮੀਦ ਕਰਦੀ ਹੈ ਕਿ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਧਾਰਮਿਕ ਸਥਾਨ ਸੁਰੱਖਿਅਤ ਹੋਣੇ ਚਾਹੀਦੇ ਹਨ। ਇਨ੍ਹਾਂ ਮੁੱਦਿਆਂ ਲਈ, ਘੱਟ ਗਿਣਤੀ ਆਪਣੀ ਨੁਮਾਇੰਦਾ ਜਮਾਤ ਵੱਲ ਵੇਖਦੀ ਹੈ। ”
ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਅਕਾਲੀ ਦਲ ਦਾ ਪ੍ਰਭਾਵ ਘੱਟਦਾ ਗਿਆ, ਉਹ ਲੋਕ ਜੋ ਨੁਮਾਇੰਦੇ ਵਰਗ ਦੀ ਭਾਲ ਕਰ ਰਹੇ ਸਨ, ਨੇ ਸ਼ਾਇਦ 'ਆਪ' ਨੂੰ ਵੋਟ ਦਿੱਤੀ ਹੋਵੇਗੀ, ਪਰ ਹੁਣ ਇਹ ਸਪੱਸ਼ਟ ਹੈ ਕਿ 'ਆਪ' ਅਜਿਹਾ ਬਦਲ ਨਹੀਂ ਹੋ ਸਕਦੀ।"
ਉਨ੍ਹਾਂ ਨੇ ਕਿਹਾ, “ਜੇਕਰ ਅਕਾਲੀ ਦਲ ਸਿੱਖਾਂ ਦੀਆਂ ਇੱਛਾਵਾਂ ਅਨੁਸਾਰ ਖਾਲੀ ਥਾਂ ਨੂੰ ਨਹੀਂ ਭਰਦਾ, ਤਾਂ ਕੋਈ ਹੋਰ ਕਰੇਗਾ, ਜਿਵੇਂ ਕਿ ਫਰੀਦਕੋਟ ਅਤੇ ਖਡੂਰ ਸਾਹਿਬ ਵਿੱਚ ਦੇਖਿਆ ਗਿਆ ਹੈ, ਜਿੱਥੇ ਸਰਬਜੀਤ ਸਿੰਘ ਖਾਲਸਾ ਅਤੇ ਅਮ੍ਰਿਤਪਾਲ ਸਿੰਘ ਸਿੱਖਾਂ ਦੇ ਨੁਮਾਇੰਦਿਆਂ ਵਜੋਂ ਚੋਣ ਜਿੱਤੇ ਸਨ। ਆਉਣ ਵਾਲੇ ਸਮੇਂ ਵਿੱਚ ਪੰਥਕ ਰਾਜਨੀਤੀ ਨੂੰ ਨੇੜਿਓਂ ਦੇਖਣ ਦੀ ਲੋੜ ਹੈ।
ਅਕਾਲੀ ਦਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਨਤੀਜਿਆਂ ਦੀ ਸਵੈ-ਪੜਚੋਲ ਕਰਾਂਗੇ
ਪਾਰਟੀ ਦੀ ਕਾਰਗੁਜ਼ਾਰੀ 'ਤੇ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ, 'ਪੰਜਾਬ ਦੇ ਲੋਕਾਂ ਨੇ ਰਾਮ ਮੰਦਰ ਜਾਂ ਮੋਦੀ ਵਿਰੋਧੀ ਭਾਵਨਾਵਾਂ ਵਰਗੇ ਕੌਮੀ ਮੁੱਦਿਆਂ 'ਤੇ ਵੋਟਾਂ ਪਾਈਆਂ ਹਨ, ਜਿਸ ਕਾਰਨ ਵੋਟਾਂ ਭਾਜਪਾ ਜਾਂ ਇੰਡੀਆ ਬਲਾਕ ਨੂੰ ਗਈਆਂ ਹਨ, ਜਦਕਿ ਅਕਾਲੀ ਦਲ ਖੇਤਰੀ ਮੁੱਦਿਆਂ ਲਈ ਵਚਨਬੱਧ ਹੈ। ਅਸੀਂ ਨਤੀਜਿਆਂ ਦੀ ਸਵੈ-ਪੜਚੋਲ ਕਰਾਂਗੇ।"








