1984 ਆਪਰੇਸ਼ਨ ਬਲੂ ਸਟਾਰ : 'ਅੱਜ ਵੀ ਕੰਨਾਂ 'ਚ ਗੂੰਜਦੀਆਂ ਹਨ ਦੋਵੇਂ ਪਾਸਿਓਂ ਚੱਲੀਆਂ ਗੋਲੀਆਂ ਦੀਆਂ ਆਵਾਜ਼ਾਂ'

ਅਕਾਲ ਤਖ਼ਤ ਸਾਹਿਬ

ਤਸਵੀਰ ਸਰੋਤ, Ravinder singh robin/bbc

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਆਪਰੇਸ਼ਨ ਬਲੂ ਸਟਾਰ ਦੀ ਘਟਨਾ ਵਾਪਰੀ ਨੂੰ ਤਿੰਨ ਦਹਾਕਿਆਂ ਤੋਂ ਵੱਧ ਹੋ ਗਿਆ ਹੈ ਪਰ ਉਸ ਦਿਨ ਦੀ ਯਾਦ ਅੱਜ ਵੀ ਜ਼ਹਿਨ ਵਿੱਚ ਤਾਜ਼ਾ ਹੈ।

ਉਸ ਦਿਨ 1 ਜੂਨ, 1984 ਨੂੰ ਇਸੇ ਲਾਇਬਰੇਰੀ ਦੀ ਇਮਾਰਤ ਦੇ ਉੱਪਰ ਬਣਾਏ ਜਾ ਰਹੇ ਮੋਰਚਿਆਂ ਨੂੰ ਵੇਖਣ ਦਾ ਮੌਕਾ ਮਿਲਿਆ ਸੀ ਅਤੇ ਸੇਵਾ ਦੇ ਨਾਂ ਹੇਠ ਸ਼ਰਧਾਲੂਆਂ ਤੋਂ ਇੱਟਾਂ, ਰੇਤ ਤੇ ਹੋਰ ਸਮਾਨ ਉੱਪਰ ਪਹੁੰਚਾਇਆ ਜਾ ਰਿਹਾ ਸੀ।

1984 ਦੀ ਸ਼ੁਰੂਆਤ 'ਚ ਹੀ ਮੇਰੇ ਮਾਤਾ ਜੀ ਦਾ ਅੰਮ੍ਰਿਤਸਰ ਦੇ ਭੰਡਾਰੀ ਪੁੱਲ਼ ਨੇੜਲੇ ਵਰਿਆਮ ਸਿੰਘ ਹਸਪਤਾਲ ਵਿੱਚ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹੋਇਆ ਸੀ, ਜੋ ਹੈ ਤਾਂ ਛੋਟੀ ਚੀਰ-ਫਾੜ ਸੀ ਪਰ ਆਪਰੇਸ਼ਨ ਨਾਲ ਹੀ ਉਹ ਕੋਮਾ 'ਚ ਚਲੇ ਗਏ।

(ਇਹ ਰਿਪੋਰਟ ਪਹਿਲੀ ਵਾਰ ਜੂਨ 2018 ਵਿੱਚ ਛਪੀ ਸੀ)

ਆਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਗੋਲੀਬਾਰੀ ਕਾਰਨ ਸਿੱਖ ਰੈਫਰੈਂਸ ਲਾਇਬਰੇਰੀ ਵਿਚਲੇ ਅਣਮੁੱਲੇ ਗ੍ਰੰਥਾਂ, ਦੁਰਲੱਭ ਪੋਥੀਆਂ, ਟੀਕਿਆਂ, ਇਤਿਹਾਸਕ ਖਰੜਿਆਂ ਅਤੇ ਹੋਰ ਸਿੱਖ ਸਾਹਿਤ ਦੀ ਤਬਾਹੀ ਹੋਈ ਸੀ।
line

ਸਾਕਾ ਜੂਨ '84

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ। ਅਕਤੂਬਰ 1983ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ 'ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਉੱਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕੀ ਮਾਰੇ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ। ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਗਿਆ ਹਮਲਾ 'ਆਪਰੇਸ਼ਨ ਬਲੂ ਸਟਾਰ' ਵਜੋਂ ਜਾਣਿਆਂ ਜਾਂਦਾ ਹੈ। ਸਰਕਾਰ ਮੁਤਾਬਕ ਇਹ ਹਮਲਾਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ਖਾਲਿਸਤਾਨ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ. ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ। ਪਰ ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ।ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵਾਟ ਪੇਪਰ ਮੁਤਾਬਕ ਹਮਲੇ 'ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ਪੰਜਾਬ ਪੁਲਿਸ ਦੇ ਤਤਕਾਲੀਅਧਿਕਾਰੀ ਅਪਾਰ ਸਿੰਘ ਬਾਜਵਾ ਨੇ ਬੀਬੀਸੀ ਨੂੰ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਹ ਲੜੀ 2018 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

line

ਪਰਿਵਾਰ ਸਮੇਤ ਗਿਆ ਦਰਬਾਰ ਸਾਹਿਬ

ਪ੍ਰੇਸ਼ਾਨ ਹੋਇਆ ਸਾਡਾ ਪਰਿਵਾਰ ਉਨ੍ਹਾਂ ਨੂੰ ਮੇਰੇ ਮਾਸੜ ਡਾ. ਕੁਲਦੀਪ ਸਿੰਘ ਚੁੱਘ ਦੇ ਘਰ ਤਰਨ ਤਾਰਨ ਲੈ ਗਿਆ ਸੀ ਕਿਉਂਕਿ ਸਾਡਾ ਪੁਸ਼ਤੈਨੀ ਘਰ ਸ੍ਰੀ ਗੰਗਾਨਗਰ ਵਿਖੇ ਸੀ ਜੋ ਅੰਮ੍ਰਿਤਸਰ ਤੋਂ 300 ਕਿਲੋਮੀਟਰ ਦੂਰ ਸੀ।

ਕਿਸੇ ਸ਼ਰਧਾਵਾਨ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਦਾ ਜਲ ਲੈ ਕੇ ਤੰਦਰੁਸਤੀ ਲਈ ਅਰਦਾਸ ਕਰਵਾਉਣ ਦੀ ਸਲਾਹ ਦਿੱਤੀ। ਉਧਰੋਂ ਅਸੀਂ ਸਾਰੇ ਭੈਣ-ਭਰਾ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਂ ਨੂੰ ਮਿਲਣ ਲਈ ਨਾਨਕੇ ਘਰ ਤਰਨ ਤਾਰਨ ਪਹੁੰਚ ਗਏ ਸੀ।

ਪਿਤਾ ਜੀ ਨੇ 1 ਜੂਨ 1984 ਵਾਲਾ ਦਿਨ ਅੰਮ੍ਰਿਤਸਰ ਜਾਣ ਵਾਸਤੇ ਮਿੱਥ ਲਿਆ। ਤਰਨ ਤਾਰਨ ਤੋਂ ਬੱਸ 'ਤੇ ਪਿਤਾ ਜੀ ਮੈਨੂੰ ਅਤੇ ਮੇਰੀਆਂ ਦੋਵੇਂ ਭੈਣਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋਏ।

ਹਰਮਿੰਦਰ ਸਾਹਿਬ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਆਪਣੀ ਬਿਮਾਰ ਮਾਂ ਲਈ ਜਲ ਲੈਣ ਲਈ ਅਸੀਂ ਹਰਿਮੰਦਰ ਸਾਹਿਬ ਪਹੁੰਚੇ

ਪੰਜਾਬ ਰੋਡਵੇਜ਼ ਦੀ ਬੱਸ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਚੱਬਾ ਪਿੰਡ ਨੇੜੇ ਸਥਿਤ ਬਾਬਾ ਨੌਧ ਸਿੰਘ ਦੀ ਸਮਾਧ ਨੇੜੇ ਰੁਕ ਕੇ ਤੁਰੀ ਹੀ ਸੀ ਕਿ ਅਚਾਨਕ ਬੱਸ ਮੁੜ ਰੁਕ ਗਈ।

ਜਵਾਨ ਬੱਸਾਂ ਦੀ ਤਲਾਸ਼ੀ ਲੈ ਰਹੇ ਸੀ

ਬਾਹਰੋਂ ਸਵਾਰੀਆਂ ਨੂੰ ਹੇਠਾਂ ਉਤਰਨ ਲਈ ਕਿਹਾ ਜਾ ਰਿਹਾ ਸੀ। ਕਈਆਂ ਵਾਸਤੇ ਇਹ ਆਮ ਵਰਤਾਰਾ ਜਾਪਦਾ ਸੀ ਪਰ ਸਾਡੇ ਵਾਸਤੇ ਇਹ ਅਚੰਭੇ ਤੋਂ ਘੱਟ ਨਹੀਂ ਸੀ।

ਬੱਸ ਨੂੰ ਸੀਆਰਪੀਐੱਫ ਦੇ ਜਵਾਨਾਂ ਨੇ ਰੋਕਿਆ ਸੀ ਜੋ ਸਾਰਿਆਂ ਦੀ ਤਲਾਸ਼ੀ ਲੈ ਕੇ ਮੁੜ ਬੱਸ 'ਚ ਸਵਾਰ ਹੋਣ ਦੀ ਆਗਿਆ ਦੇ ਰਹੇ ਸਨ।

ਇਹੋ ਵਰਤਾਰਾ ਮੁੜ ਅੰਮ੍ਰਿਤਸਰ ਦੀਆਂ ਬਰੂਹਾਂ 'ਤੇ ਪੁੱਜ ਕੇ ਨਹਿਰਾਂ ਨੇੜੇ ਫਿਰ ਵਾਪਰਿਆ।

ਸਵਾਰੀਆਂ ਬੁੜਬੁੜ ਕਰਦੀਆਂ ਅਤੇ ਸਰਕਾਰਾਂ ਨੂੰ ਕੋਸਦੀਆਂ ਮੁੜ ਬੱਸ ਵਿੱਚ ਸਵਾਰ ਹੋ ਗਈਆਂ। ਸਾਨੂੰ ਵੀ ਇਹ ਅਜੀਬ ਅਤੇ ਅਕਾਊ ਜਿਹਾ ਲੱਗਾ।

ਅੰਮ੍ਰਿਤਸਰ ਪਹੁੰਚ ਕੇ ਪਿਤਾ ਜੀ ਨੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਅਤੇ ਜਲ ਲੈ ਕੇ ਲੰਗਰ ਛਕਣ ਤੋਂ ਬਾਅਦ ਚੌਕ ਲਛਮਣਸਰ ਰਹਿੰਦੀ ਭੂਆ ਘਰ ਜਾਣ ਦਾ ਪ੍ਰੋਗਰਾਮ ਬਣਾ ਲਿਆ।

ਦਰਬਾਰ ਸਾਹਿਬ ਨੇੜੇ ਭੀੜ ਤੇ ਗਹਿਮਾ-ਗਹਿਮੀ

ਗੁਰਦੁਆਰਾ ਸ਼ਹੀਦਾਂ ਤੋਂ ਦਰਬਾਰ ਸਾਹਿਬ ਨੂੰ ਜਾਂਦਿਆਂ ਅੰਦਰੂਨੀ ਤੇ ਤੰਗ ਬਾਜ਼ਾਰਾਂ 'ਚ ਵਾਹਵਾ ਗਹਿਮਾ-ਗਹਿਮੀ ਅਤੇ ਭੀੜ ਸੀ।

ਦਰਬਾਰ ਸਾਹਿਬ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਉਸ ਵੇਲੇ ਆਟਾ ਮੰਡੀ ਵਾਲੇ ਦਰਵਾਜ਼ੇ ਵੱਲ ਕੋਈ ਜੋੜਾ-ਘਰ ਨਹੀਂ ਹੁੰਦਾ ਸੀ ਅਤੇ ਅਸੀਂ ਜੋੜੇ, ਦਰਵਾਜ਼ੇ ਕੋਲ ਸੇਵਾ ਕਰ ਰਹੇ ਇੱਕ ਵਿਅਕਤੀ ਦੇ ਹਵਾਲੇ ਕਰ ਦਿੱਤੇ

ਦੁਕਾਨਾਂ ਦੇ ਬਾਹਰ ਟੰਗੀਆਂ ਵਸਤੂਆਂ ਸਾਡਾ ਧਿਆਨ ਵਾਰ-ਵਾਰ ਖਿੱਚ ਰਹੀਆਂ ਸਨ। ਪਿਤਾ ਜੀ ਨੇ ਉੱਥੋਂ ਜਲ ਵਾਸਤੇ ਪਲਾਸਟਿਕ ਦੀ ਕੈਨੀ ਖਰੀਦੀ ਅਤੇ ਅਸੀਂ ਆਟਾ ਮੰਡੀ ਵਾਲੇ ਦਰਵਾਜ਼ੇ ਰਾਹੀਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਦਾਖ਼ਲ ਹੋਏ।

ਉਸ ਵੇਲੇ ਆਟਾ ਮੰਡੀ ਵਾਲੇ ਦਰਵਾਜ਼ੇ ਵੱਲ ਕੋਈ ਜੋੜਾ-ਘਰ ਨਹੀਂ ਹੁੰਦਾ ਸੀ ਅਤੇ ਅਸੀਂ ਜੋੜੇ, ਦਰਵਾਜ਼ੇ ਕੋਲ ਸੇਵਾ ਕਰ ਰਹੇ ਇੱਕ ਵਿਅਕਤੀ ਦੇ ਹਵਾਲੇ ਕਰ ਦਿੱਤੇ।

ਦਰਬਾਰ ਸਾਹਿਬ ਮੱਥਾ ਟੇਕਣ ਜਾਣ ਵੇਲੇ ਦਰਸ਼ਨੀ ਡਿਉਢੀ ਵਿਖੇ ਹੀ ਇੱਕ ਜਾਣੇ-ਪਛਾਣੇ ਚਿਹਰੇ ਨਾਲ ਮੁਲਾਕਾਤ ਹੋਈ ਜੋ ਮੇਰੇ ਦਾਦਕੇ ਨਗਰ ਸ੍ਰੀ ਗੰਗਾਨਗਰ (ਰਾਜਸਥਾਨ) ਅਕਸਰ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਦੇ ਜੱਥੇ ਨਾਲ ਲਾਇਲਪੁਰ ਫਾਰਮ ਵਿਖੇ ਕਥਾ ਜਾਂ ਪ੍ਰਚਾਰ ਕਰਨ ਜਾਂਦਾ ਸੀ।

ਪਿਤਾ ਜੀ ਨਾਲ ਫ਼ਤਿਹ ਸਾਂਝੀ ਕਰਦਿਆਂ ਉਨ੍ਹਾਂ ਨੇ ਤੁਰੰਤ ਕਿਹਾ, ''ਕੀ ਹਾਲ ਆ ਗੰਗਾਨਗਰ ਵਾਲਿਓ?'' ਸਿਰ 'ਤੇ ਗੋਲ ਪੱਗ ਬੰਨ੍ਹੀਂ, ਹੱਥ 'ਚ ਕਿਰਪਾਨ ਅਤੇ ਗਲ਼ 'ਚ ਦੋ ਮਾਊਜ਼ਰ ਪਿਸਤੌਲ ਧਾਰਨ ਕਰੀ ਖੜ੍ਹਾ ਮੇਰੇ ਧਿਆਨ ਦਾ ਮੁੱਖ ਆਕਰਸ਼ਣ ਸੀ।

ਉਹ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਨੇੜਲਾ ਸਾਥੀ ਭਾਈ ਅਮਰੀਕ ਸਿੰਘ ਸੀ।

ਡਰਾਉਣੀ ਘਟਨਾ ਤੋਂ ਸੀ ਅਣਜਾਣ

ਗੁਰਬਾਣੀ ਦਾ ਰਸਭਿੰਨਾ ਕੀਰਤਨ ਹਰਿਮੰਦਰ ਸਾਹਿਬ ਦੇ ਸਮੁੱਚੇ ਵਾਤਾਵਰਨ ਨੂੰ ਅਲੌਕਿਕ ਰੰਗਤ ਦੇ ਰਿਹਾ ਸੀ ਅਤੇ ਮੇਰਾ ਪਰਿਵਾਰ ਪੂਰੀ ਸ਼ਰਧਾ ਨਾਲ ਮੱਥਾ ਟੇਕਣ ਲਈ ਅੱਗੇ ਵੱਧ ਰਿਹਾ ਸੀ।

ਸਭ ਕੁਝ ਆਮ ਵਾਂਗ ਸੀ ਅਤੇ ਮੈਨੂੰ ਜਾਂ ਸਾਡੇ ਵਿੱਚੋਂ ਕਿਸੇ ਨੂੰ ਵੀ ਅਗਲੇ ਪਲਾਂ 'ਚ ਵਾਪਰਨ ਵਾਲੇ ਕਿਸੇ ਡਰਾਉਣੀ ਘਟਨਾ ਦਾ ਚਿੱਤ-ਚੇਤਾ ਵੀ ਨਹੀਂ ਸੀ।

ਸੱਚਖੰਡ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਤੇ ਦਰਸ਼ਨੀ ਡਿਉਢੀ ਨੇੜਿਓਂ ਪ੍ਰਸ਼ਾਦ ਲੈ ਕੇ ਅਜੇ ਕੁੱਝ ਕਦਮ ਦੂਰ ਹੀ ਗਏ ਸੀ ਕਿ ਅਚਾਨਕ ਕਿਸੇ ਪਾਸਿਓਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ। ਪਰਿਕਰਮਾ 'ਚ ਮੌਜੂਦ ਲੋਕ ਫੌਰਨ ਪਰਿਕਰਮਾ ਦੇ ਵਰਾਂਡਿਆਂ 'ਚ ਵੜ ਗਏ।

ਹਰਮਿੰਦਰ ਸਾਹਿਬ

ਤਸਵੀਰ ਸਰੋਤ, Ravinder singh robin/bbc

ਮੈਂ ਵੇਖਿਆ ਕਿ ਉਸੇ ਦੌਰਾਨ ਅਕਾਲ ਤਖ਼ਤ ਸਾਹਿਬ 'ਚੋਂ ਕੁਝ ਹਥਿਆਰਬੰਦ ਵਿਅਕਤੀ ਨਿਕਲੇ ਕਾਹਲੀ ਨਾਲ ਸੰਗਤ ਵਿੱਚ ਅਲੋਪ ਹੋ ਗਏ।

ਹਰਿਮੰਦਰ ਸਾਹਿਬ 'ਚ ਮੌਜੂਦ ਬਹੁਤ ਸਾਰੇ ਲੋਕਾਂ ਲਈ ਗੋਲੀ ਚੱਲਣ ਦਾ ਇਹ ਕੋਈ ਪਹਿਲਾ ਵਾਕਿਆ ਨਹੀਂ ਸੀ ਪਰ ਮੇਰੇ ਵਾਸਤੇ ਇਹ ਸਭ ਅਜੀਬ ਅਹਿਸਾਸ ਸੀ।

ਹਥਿਆਰਬੰਦ ਹੋ ਰਹੇ ਸੀ ਅੰਦਰ ਦਾਖ਼ਲ

ਖਾਸ ਕਰਕੇ ਹੱਥਾਂ 'ਚ ਬੰਦੂਕਾਂ, ਪਿਸਤੌਲ ਅਤੇ ਹੋਰ ਅਗਨ ਸ਼ਸਤਰਾਂ ਨਾਲ ਲੈਸ ਬੰਦਿਆਂ ਦਾ ਦਿਨ ਦਿਹਾੜੇ ਵਿਚਰਨਾ ਅਤੇ ਪਰਿਕਰਮਾ ਵਿੱਚ ਘੁੰਮਦੇ-ਫਿਰਦਿਆਂ ਨੂੰ ਤੱਕਣਾ ਵੀ ਮੇਰੇ ਲਈ ਨਿਵੇਕਲਾ ਵਰਤਾਰਾ ਸੀ। ਅਜਿਹੇ ਹਥਿਆਰਬੰਦ ਬੰਦਿਆਂ ਨੂੰ ਲੋਕ ਬੜੀ ਨਿਮਰਤਾ ਤੇ ਸਤਿਕਾਰ ਨਾਲ ਰਸਤਾ ਦੇ ਰਹੇ ਸਨ।

ਵਰਾਂਡੇ 'ਚ ਹੀ ਪਿਤਾ ਜੀ ਦਾ ਪੁਰਾਣਾ ਦੋਸਤ ਖ਼ਜ਼ਾਨ ਸਿੰਘ ਮਿਲ ਗਿਆ ਜੋ ਬਾਜ਼ਾਰ ਮੁਨਿਆਰਾ 'ਚ ਇੱਕ ਦੁਕਾਨ ਦਾ ਮਾਲਕ ਸੀ ਅਤੇ ਦੁਕਾਨ ਦੇ ਉੱਤੇ ਹੀ ਉਸ ਦਾ ਪਰਿਵਾਰ ਤਿੰਨ ਮੰਜ਼ਿਲਾ ਮਕਾਨ 'ਚ ਰਹਿ ਰਿਹਾ ਸੀ।

ਇਹ ਮਕਾਨ ਅਕਾਲ ਤਖ਼ਤ ਦੇ ਬਿਲਕੁਲ ਨੇੜੇ ਸਥਿਤ ਸੀ ਅਤੇ ਘਰ ਦੀ ਛੱਤ ਤੋਂ ਹਰਿਮੰਦਰ ਸਾਹਿਬ ਸਾਫ ਨਜ਼ਰ ਆਉਂਦਾ ਸੀ। ਘਰ ਨੂੰ ਰਸਤਾ ਵੀ ਉਸ ਦੀ ਦੁਕਾਨ ਵਿੱਚੋਂ ਹੀ ਜਾਂਦਾ ਸੀ।

ਗੋਲੀਬਾਰੀ ਕਾਰਨ ਸਾਡੇ ਚਿਹਰਿਆਂ 'ਤੇ ਅਜੀਬ ਸਵਾਲ ਦੇਖ ਕੇ ਖ਼ਜ਼ਾਨ ਸਿੰਘ ਪਿਤਾ ਜੀ ਨੂੰ ਕਹਿਣ ਲੱਗਾ ਕਿ ਚਲੋ ਪਹਿਲਾਂ ਬੱਚਿਆਂ ਨੂੰ ਮੇਰੇ ਘਰ ਪਹੁੰਚਦੇ ਕਰੀਏ। ਬਾਕੀ ਗੱਲ ਫਿਰ ਕਰਦੇ ਹਾਂ। ਲਛਮਣਸਰ ਚੌਕ ਵਾਲੀ ਭੂਆ ਦੇ ਘਰ ਜਾਣ ਦਾ ਪ੍ਰੋਗਰਾਮ ਅਚਾਨਕ ਬਦਲ ਗਿਆ ਅਤੇ ਅਸੀਂ ਸਾਰੇ ਖ਼ਜ਼ਾਨ ਸਿੰਘ ਦੇ ਘਰ ਜਾ ਪੁੱਜੇ।

ਸ਼ਹਿਰ 'ਚ ਕਰਫ਼ਿਊ

ਘਰ ਪੁੱਜਣ ਤੋਂ ਬਾਅਦ ਚੱਲੀ ਚਰਚਾ ਤੋਂ ਮੈਨੂੰ ਇਹ ਸਮਝ ਆਈ ਕਿ ਹਾਲਾਤ ਔਖ਼ੇ ਹੋਣ ਜਾ ਰਹੇ ਸਨ। ਕਰਫ਼ਿਊ ਵਰਗਾ ਸ਼ਬਦ ਵੀ ਮੈਂ ਉਦੋਂ 16 ਕੁ ਸਾਲ ਦੀ ਉਮਰ 'ਚ ਪਹਿਲੀ ਵਾਰ ਸੁਣਿਆ ਸੀ। ਜਲਦ ਹੀ ਬਾਜ਼ਾਰ ਵਿਚਲੀਆਂ ਦੁਕਾਨਾਂ ਦੇ ਸ਼ਟਰ ਸੁੱਟੇ ਜਾਣ ਲੱਗੇ।

ਸ਼ਾਮ ਤੱਕ ਦਾ ਸਮਾਂ ਇਸੇ ਬੇਯਕੀਨੀ ਦੇ ਆਲਮ 'ਚ ਲੰਘਿਆ। ਰਾਤ 10 ਕੁ ਵਜੇ ਤੱਕ ਅਸਾਂ ਅਤੇ ਖ਼ਜ਼ਾਨ ਸਿੰਘ ਦੇ ਪਰਿਵਾਰ ਨੇ ਰੋਟੀ ਖਾ ਲਈ ਸੀ ਅਤੇ ਇਸ ਤੋਂ ਅੱਗੇ ਸੌਣ ਦੀ ਤਿਆਰੀ ਸੀ। ਉਦੋਂ ਹੀ ਖ਼ਜ਼ਾਨ ਸਿੰਘ ਨੇ ਪਿਤਾ ਜੀ ਨੂੰ ਹਰਿਮੰਦਰ ਸਾਹਿਬ ਸੇਵਾ ਲਈ ਜਾਣ ਵਾਸਤੇ ਸੁਲ੍ਹਾ ਮਾਰੀ ਅਤੇ ਪਿਤਾ ਜੀ ਦੇ ਨਾਲ ਮੈਂ ਵੀ ਤੁਰੰਤ ਤਿਆਰ ਹੋ ਗਿਆ।

ਹਰਮਿੰਦਰ ਸਾਹਿਬ

ਤਸਵੀਰ ਸਰੋਤ, Ravinder singh robin/bbc

ਖ਼ਜ਼ਾਨ ਸਿੰਘ ਰੋਜ਼ਾਨਾ ਦਰਬਾਰ ਸਾਹਿਬ ਦੇ ਅੰਦਰ ਧੁਆਈ ਦੀ ਸੇਵਾ ਕਰਦਾ ਹੁੰਦਾ ਸੀ ਅਤੇ ਇਹ ਸੇਵਾਦਾਰ ਆਮ ਹਾਲਤਾਂ 'ਚ ਛੁੱਟੀ ਨਹੀਂ ਕਰਦੇ।

ਰਾਤ ਦਾ ਕੋਈ 12 ਤੋਂ 1 ਵਜੇ ਦੇ ਦਰਮਿਆਨ ਦਾ ਸਮਾਂ ਹੋਵੇਗਾ ਜਦੋਂ ਮੈਂ ਆਪਣੇ ਪਿਤਾ ਅਤੇ ਖ਼ਜ਼ਾਨ ਸਿੰਘ ਨਾਲ ਦਰਸ਼ਨੀ ਡਿਉਢੀ ਦੇ ਐਨ ਨੇੜੇ ਫਰਸ਼ 'ਤੇ ਪੋਚੇ ਲਾਉਣ ਦੀ ਸੇਵਾ ਕਰ ਰਿਹਾ ਸੀ ਅਤੇ ਉੱਥੇ ਪੁਰਾਤਨ ਬੇਰੀ ਦੇ ਰੁੱਖ ਨਾਲ ਬੰਨ੍ਹੇ ਬਲਬ ਦੀ ਰੌਸ਼ਨੀ ਸਾਡੇ ਲਈ ਕਾਫੀ ਜਾਪ ਰਹੀ ਸੀ।

ਗੋਲੀਆਂ ਦੀ ਹੋਈ ਵਾਛੜ

ਅਚਾਨਕ ਗੋਲੀਆਂ ਦੀ ਵਾਛੜ ਨੇ ਪਰਿਕਰਮਾ ਅੰਦਰਲੀ ਚੁੱਪ ਨੂੰ ਚੀਰ ਕੇ ਰੱਖ ਦਿੱਤਾ। ਇੱਕ ਗੋਲੀ ਬੇਰੀ ਨਾਲ ਟੰਗੇ ਬਲਬ 'ਤੇ ਆ ਵੱਜੀ ਅਤੇ ਅਸੀਂ ਹਨੇਰੇ ਵਿੱਚ ਘਿਰ ਗਏ।

ਰਾਤ ਦੀ ਸ਼ਾਂਤੀ ਭੰਗ ਕਰਦੀਆਂ ਗੋਲੀਆਂ ਦੀ ਗੜਗੜਾਹਟ ਐਨੀ ਕੰਨਪਾੜਵੀਂ ਸੀ ਕਿ ਮੈਨੂੰ ਇਵੇਂ ਲੱਗਾ ਕਿ ਜਿਵੇਂ ਕਿਸੇ ਨੇ ਬਿਲਕੁਲ ਮੇਰੇ ਕੋਲ ਆ ਕੇ ਫ਼ਾਇਰ ਕੀਤੇ ਹੋਣ।

ਮੈਂ ਤ੍ਰਭਕਿਆ ਜ਼ਰੂਰ ਪਰ ਆਪਣੇ ਪਿਤਾ ਅਤੇ ਹੋਰਨਾਂ ਨੂੰ ਲਗਾਤਾਰ ਸੇਵਾ ਕਰਦਿਆਂ ਵੇਖ ਕੇ ਪੋਚੇ ਲਾਉਂਦਾ ਰਿਹਾ। ਉਸੇ ਦੌਰਾਨ ਵਾਹਿਗੁਰੂ-ਵਾਹਿਗੁਰੂ ਦਾ ਜਾਪ ਕੁਝ ਉੱਚਾ ਹੋ ਗਿਆ ਪਰ ਉੱਥੇ ਮੌਜੂਦ ਸੇਵਾਦਾਰਾਂ ਅਤੇ ਹਾਜ਼ਰ ਸੰਗਤ ਨੇ ਸਾਨੂੰ ਬਾਹੋਂ ਫੜ ਕੇ ਚੁੱਕ ਲਿਆ ਅਤੇ ਦਰਸ਼ਨੀ ਡਿਉਢੀ ਦੇ ਅੰਦਰ ਲੈ ਗਏ।

ਕਰੀਬ ਅੱਧਾ ਘੰਟਾ ਰੁਕਣ ਤੋਂ ਬਾਅਦ ਸੇਵਾ ਮੁੜ ਸ਼ੁਰੂ ਹੋ ਗਈ ਅਤੇ ਅਸੀਂ ਰਾਤ 2 ਵਜੇ ਤੱਕ ਖ਼ਜ਼ਾਨ ਸਿੰਘ ਦੇ ਘਰ ਪਰਤ ਗਏ।

ਖ਼ਜ਼ਾਨ ਦੀ ਹੱਟੀ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਖ਼ਜ਼ਾਨ ਸਿੰਘ ਨੇ ਕਿਸੇ ਅਣਹੋਣੀ ਦਾ ਕਿਆਸ ਲਗਾਉਂਦਿਆਂ ਮੇਰੇ ਪਿਤਾ ਜੀ ਨੂੰ ਉੱਥੋਂ ਚਲੇ ਜਾਣ ਅਤੇ ਪਰਿਵਾਰ ਨੂੰ ਵੀ ਨਾਲ ਲੈ ਜਾਣ ਲਈ ਕਿਹਾ ਸੀ

2 ਜੂਨ ਤੱਕ ਸਾਨੂੰ ਪਤਾ ਨਹੀਂ ਸੀ ਕਿ ਪੰਜਾਬ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਰ ਸਵੇਰੇ ਜਾਗਦਿਆਂ ਸਾਰ ਇਹ ਚਰਚਾ ਕੰਨੀਂ ਪਈ ਕਿ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ।

ਦਿਨ ਚੜ੍ਹਦਿਆਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਨੇੜੇ ਸੀ.ਆਰ.ਪੀ.ਐਫ. ਅਤੇ ਅੰਦਰਲੇ ਹਥਿਆਰਬੰਦ ਨੌਜਵਾਨਾਂ ਦਰਮਿਆਨ ਮੁੜ ਗੋਲੀਆਂ ਦਾ ਵਟਾਂਦਰਾ ਹੋਣ ਦਾ ਰੌਲ਼ਾ ਪਿਆ।

ਬਾਜ਼ਾਰ ਬੰਦ ਹੋ ਗਏ ਸਨ

ਕਰਫਿਊ ਦੀ ਚਰਚਾ ਅਤੇ ਗੋਲੀਬਾਰੀ ਦੀ ਇਸ ਘਟਨਾ ਉਪਰੰਤ ਦਰਬਾਰ ਸਾਹਿਬ ਕੰਪਲੈਕਸ ਦੇ ਨੇੜਲੇ ਸਾਰੇ ਬਾਜ਼ਾਰ ਤੁਰੰਤ ਬੰਦ ਹੋ ਗਏ।

ਮੈਂ ਖ਼ਜ਼ਾਨ ਸਿੰਘ ਹੁਰਾਂ ਦੇ ਘਰ ਤੋਂ ਦੇਖਿਆ ਕਿ ਸਮੂਹ ਅੰਦਰਲੇ ਨੌਜਵਾਨਾਂ ਦੀਆਂ ਹਦਾਇਤਾਂ 'ਤੇ ਦੁਕਾਨਦਾਰ ਆਪੋ-ਆਪਣੀਆਂ ਦੁਕਾਨਾਂ ਦੇ ਬਾਹਰ ਧੁੱਪ ਤੋਂ ਬਚਣ ਲਈ ਲਗਾਈਆਂ ਕਨਾਤਾਂ ਅਤੇ ਹੋਰ ਆਰਜ਼ੀ ਸ਼ੈੱਡ ਹਟਾ ਰਹੇ ਸਨ ਅਤੇ ਕੁੱਝ ਆਮ ਸ਼ਰਧਾਲੂ ਵੀ ਉਨ੍ਹਾਂ ਦੀ ਮਦਦ ਕਰ ਰਹੇ ਸਨ।

ਸ਼ਾਇਦ ਇਹ ਕਨਾਤਾਂ ਅਤੇ ਸ਼ੈੱਡ ਕੰਪਲੈਕਸ ਵੱਲ ਵਧਣ ਦਾ ਯਤਨ ਕਰਦੇ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਓਹਲਾ ਪ੍ਰਦਾਨ ਕਰਦੇ ਸਨ ਅਤੇ ਸਮੂਹ ਅੰਦਰੋਂ ਫਾਇਰਿੰਗ ਕਰਨ ਵਾਲਿਆਂ ਲਈ ਦਿੱਕਤ ਬਣ ਰਹੇ ਸਨ।

ਐਸਜੀਪੀਸੀ ਦਫ਼ਤਰ

ਤਸਵੀਰ ਸਰੋਤ, Ravinder singh robin/bbc

ਸਵੇਰ ਦੀ ਰੋਟੀ ਖਾਣ ਤੋਂ ਬਾਅਦ ਖ਼ਜ਼ਾਨ ਸਿੰਘ ਆਪਣੇ ਪਰਿਵਾਰ ਅਤੇ ਸਾਨੂੰ ਮੁੜ ਦਰਬਾਰ ਸਾਹਿਬ ਦੇ ਅੰਦਰ ਲੈ ਗਿਆ। ਉਨ੍ਹਾਂ ਦੀ ਪਤਨੀ ਅਤੇ ਬੱਚੇ ਵੀ ਨਾਲ ਸਨ। ਅਸੀਂ ਮੱਥਾ ਟੇਕਿਆ ਅਤੇ ਬਾਹਰ ਆਉਂਦਿਆਂ ਮੈਨੂੰ ਮਹਿੰਦਰ ਸਿੰਘ ਕਬਾੜੀਆ ਪਛਾਣ 'ਚ ਆ ਗਿਆ।

ਉਹ ਵਿਨੋਭਾ ਬਸਤੀ, ਸ੍ਰੀ ਗੰਗਾਨਗਰ ਦਾ ਵਸਨੀਕ ਸੀ ਅਤੇ ਸਾਡਾ ਗੁਆਂਢੀ ਸੀ। ਉਸਦੇ ਪਰਿਵਾਰ ਦਾ ਟਾਇਰਾਂ ਦਾ ਕਾਰੋਬਾਰ ਸੀ। ਉਂਝ ਉਸ ਦਿਨ ਉਸ ਨੇ ਰਵਾਇਤੀ ਦੀ ਬਜਾਏ ਗੋਲ਼ ਪੱਗ ਬੰਨ੍ਹੀ ਹੋਈ ਸੀ।

ਮੈਨੂੰ ਸਕੂਲ ਦੇ ਦਿਨਾਂ 'ਚ ਐਨਸੀਸੀ ਦੀ ਸਿਖਲਾਈ ਮਿਲੀ ਹੋਣ ਕਰਕੇ ਮੈਂ ਉਸ ਕੋਲ ਫੜੀ 303 ਬੋਰ ਦੀ ਬੰਦੂਕ ਪਛਾਨਣ 'ਚ ਦੇਰ ਨਾ ਕੀਤੀ। ਇੱਕ ਪਿਸਤੌਲ ਵੀ ਉਸ ਨੇ ਗਲ਼ 'ਚ ਪਾਇਆ ਹੋਇਆ ਸੀ।

ਸਰਗਰਮੀਆਂ ਤੇ ਹਲਚਲ ਵਧ ਰਹੀ ਸੀ

ਮਹਿੰਦਰ ਸਿੰਘ ਕਬਾੜੀਏ ਨੇ ਦੱਸਿਆ ਕਿ ਉਹ ਬ੍ਰਹਮ ਬੂਟਾ ਅਖਾੜੇ ਵਾਲੇ ਪਾਸੇ ਬਣੇ ਮੋਰਚੇ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਉਹ ਸਾਨੂੰ ਲੰਗਰ ਛਕਾਉਣ ਲਈ ਲੈ ਤੁਰਿਆ।

ਲੰਗਰ ਹਾਲ ਨੂੰ ਜਾਂਦਿਆਂ ਮਹਿੰਦਰ ਸਿੰਘ ਕਬਾੜੀਏ ਨੂੰ ਬਹੁਤ ਲੋਕ ਸਤਿਕਾਰ ਨਾਲ ਫ਼ਤਿਹ ਬੁਲਾਉਂਦੇ ਰਹੇ ਜਿਸ ਤੋਂ ਇਹ ਸਪੱਸ਼ਟ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਉਸ ਦੀ ਵਾਹਵਾ ਜਾਣ-ਪਛਾਣ ਸੀ।

ਲੰਘੇ ਦਿਨ ਦੀ ਬਜਾਏ ਅੱਜ ਲੰਗਰ ਹਾਲ ਵੱਲ ਅਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਥਿਆਰਬੰਦ ਮੁੰਡਿਆਂ ਦੀਆਂ ਸਰਗਰਮੀਆਂ ਅਤੇ ਹਲਚਲ ਕਿਤੇ ਵਧੇਰੇ ਸੀ।

ਪਿਤਾ ਜੀ ਨੇ ਜਦੋਂ ਮਹਿੰਦਰ ਸਿੰਘ ਕਬਾੜੀਏ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਸੰਤ ਜੀ ਬਹੁਤ ਰੁਝੇਵੇਂ 'ਚ ਹਨ ਤੇ ਸਿਰਫ਼ ਉਨ੍ਹਾਂ ਨੂੰ ਮਿਲ ਰਹੇ ਹਨ ਜਿਹੜੇ ਹਥਿਆਰ ਚੁੱਕਣ ਲਈ ਉਨ੍ਹਾਂ ਕੋਲ ਜਾ ਰਹੇ ਹਨ।

ਹਰਮਿੰਦਰ ਸਾਹਿਬ

ਤਸਵੀਰ ਸਰੋਤ, Ravinder singh robin/bbc

ਲੰਗਰ ਛਕਣ ਉਪਰੰਤ ਹਾਲਾਤ ਦਾ ਤਕਾਜ਼ਾ ਮਹਿਸੂਸ ਕਰਦਿਆਂ ਉਸ ਨੇ ਖ਼ਜ਼ਾਨ ਸਿੰਘ ਅਤੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਬੱਚਿਆਂ ਅਤੇ ਪਰਿਵਾਰ ਨੂੰ ਘਰ ਛੱਡ ਆਓ। ਇਹ ਕਹਿ ਕੇ ਉਹ ਸਾਡੇ ਨਾਲ ਹੀ ਪਰਿਕਰਮਾ ਰਾਹੀਂ ਆਟਾ ਮੰਡੀ ਬਾਜ਼ਾਰ ਵਾਲੇ ਦਰਵਾਜ਼ੇ ਤੱਕ ਆ ਗਏ।

''ਸੇਵਾ ਕਰ ਲਓ ਭਾਈ ਸੇਵਾ ਕਰ ਲਓ"

ਜਦੋਂ ਦਰਵਾਜ਼ੇ ਤੋਂ ਬਾਹਰ ਤੱਕ ਉਹ ਸਾਨੂੰ ਰੁਖ਼ਸਤ ਕਰਨ ਲੱਗੇ ਤਾਂ ਉੱਥੇ ਕੁਝ ਹੋਰ ਹਥਿਆਰਬੰਦ ਨੌਜਵਾਨ ''ਸੇਵਾ ਕਰ ਲਓ ਭਾਈ ਸੇਵਾ ਕਰ ਲਓ" ਦੀਆਂ ਆਵਾਜ਼ਾਂ ਲਗਾ ਰਹੇ ਸਨ।

ਤਿੱਖੜ ਦੁਪਹਿਰੇ ਉੱਥੇ ਵਰਾਂਡੇ 'ਚ ਇੱਟਾਂ ਪਈਆਂ ਸਨ ਅਤੇ ਲੋਕ ਇੱਟਾਂ ਚੁੱਕ ਕੇ ਉੱਪਰਲੀ ਛੱਤ 'ਤੇ ਪਹੁੰਚਾ ਰਹੇ ਸਨ। ਮਹਿੰਦਰ ਸਿੰਘ ਨੇ ਦੋ-ਦੋ, ਚਾਰ-ਚਾਰ ਇੱਟਾਂ ਫੜ ਕੇ ਸਾਨੂੰ ਵੀ ਫੜਾ ਦਿੱਤੀਆਂ ਅਤੇ ਅਸੀਂ ਉਹ ਇੱਟਾਂ ਉੱਪਰ ਛੱਡ ਆਏ।

ਉੱਪਰ ਸ਼ਾਇਦ ਸਿੱਖ ਰੈਫਰੈਂਸ ਲਾਇਬਰੇਰੀ ਦੀ ਛੱਤ 'ਤੇ ਪੱਕੇ ਮੋਰਚੇ ਬਣਾਏ ਜਾ ਰਹੇ ਸਨ। ਹਰ 50 ਕੁ ਫੁੱਟ ਦੀ ਦੂਰੀ 'ਤੇ ਪੱਕੇ ਮੋਰਚੇ ਚਿਣ ਦਿੱਤੇ ਗਏ ਸਨ ਤੇ ਕੁਝ ਆਰਜ਼ੀ ਮੋਰਚੇ ਰੇਤ ਦੀਆਂ ਬੋਰੀਆਂ ਭਰ ਕੇ ਵੀ ਬਣਾਏ ਜਾ ਰਹੇ ਸਨ।

ਐਸਜੀਪੀਸੀ ਦਫ਼ਤਰ

ਤਸਵੀਰ ਸਰੋਤ, Ravinder singh robin/bbc

ਹਰ ਮੋਰਚੇ ਵਿੱਚ ਲਗਭਗ 2 ਤੋਂ 3 ਹਥਿਆਰਬੰਦ ਨੌਜਵਾਨ ਮੌਜੂਦ ਸਨ। ਬਣ ਰਹੇ ਮੋਰਚਿਆਂ ਦੇ ਕੋਲ ਹੀ ਲੰਗਰ ਛਕਾਉਣ ਦਾ ਪ੍ਰਬੰਧ ਵੀ ਸੀ ਅਤੇ ਦਾਲ ਦੀਆਂ ਬਾਲਟੀਆਂ ਤੇ ਪ੍ਰਸ਼ਾਦਿਆਂ ਦੀਆਂ ਟੋਕਰੀਆਂ ਪਈਆਂ ਸਨ।

ਅਸੀਂ ਇੱਟਾਂ ਦੇ ਚਾਰ-ਪੰਜ ਗੇੜੇ ਲਾਏ ਅਤੇ ਉਸ ਵਕਤ ਮੁੜ ਵਿਰਲੀ-ਟਾਂਵੀਂ ਗੋਲੀ ਚੱਲਣ ਦੀ ਆਵਾਜ਼ ਆਉਣ 'ਤੇ ਅਸੀਂ ਵਾਪਸ ਖ਼ਜ਼ਾਨ ਸਿੰਘ ਦੇ ਘਰ ਪਰਤ ਗਏ।

ਲਗਾਤਾਰ ਹੋ ਰਹੇ ਸੀ ਫਾਇਰ

ਘਰ ਪਹੁੰਚਦਿਆਂ ਹੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬਾਜ਼ਾਰ 'ਚ ਮੁੜ ਗੋਲੀਬਾਰੀ ਹੋਣ ਲੱਗ ਪਈ। ਮੈਂ ਉਤਸੁਕਤਾ ਨਾਲ ਬਾਹਰ ਦੇਖਿਆ ਤਾਂ ਅਕਾਲ ਤਖ਼ਤ ਵਾਲੇ ਪਾਸੇ ਇੱਕ ਮੋਰਚੇ ਵਿੱਚ ਬੈਠਾ ਇੱਕ ਬੰਦਾ 303 ਬੋਰ ਬੰਦੂਕ ਨਾਲ ਹੇਠਾਂ ਬਾਜ਼ਾਰ ਵੱਲ ਲਗਾਤਾਰ ਫ਼ਾਇਰ ਕਰ ਰਿਹਾ ਸੀ ਅਤੇ ਇੱਕ ਔਰਤ ਹੇਠਾਂ ਤੋਂ ਉਸ ਨੂੰ ਮੈਗਜ਼ੀਨ ਭਰ-ਭਰ ਕੇ ਫੜਾ ਰਹੀ ਸੀ।

ਉਦੋਂ ਇਹ ਖ਼ਬਰ ਆਈ ਕਿ ਸਮੂਹ ਦੇ ਦੂਜੇ ਪਾਸੇ ਕਿਸੇ ਬਾਜ਼ਾਰ 'ਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਸੀਆਰਪੀਐਫ ਦੇ ਕੁਝ ਜਵਾਨਾਂ ਨੂੰ ਗੋਲੀਆਂ ਮਾਰ ਕੇ ਉਨ੍ਹਾਂ ਦੀਆਂ ਰਾਈਫ਼ਲਾਂ ਖੋਹ ਲਈਆਂ ਸਨ ਅਤੇ ਉਹ ਮੁੰਡੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੜ ਗਏ ਸਨ। ਕੁਝ ਮੌਤਾਂ ਹੋਣ ਦੀ ਕਨਸੋਅ ਵੀ ਸੁਣੀ।

ਇਸ ਤੋਂ ਬਾਅਦ ਹਰਿਮੰਦਰ ਸਾਹਿਬ ਸਮੂਹ ਦੇ ਆਲੇ-ਦੁਆਲੇ ਦਹਿਸ਼ਤ ਅਤੇ ਬੇਯਕੀਨੀ ਦਾ ਮਾਹੌਲ ਬਣ ਗਿਆ। ਖ਼ਜ਼ਾਨ ਸਿੰਘ ਨੇ ਕਿਸੇ ਅਣਹੋਣੀ ਦਾ ਕਿਆਸ ਲਗਾਉਂਦਿਆਂ ਮੇਰੇ ਪਿਤਾ ਜੀ ਨੂੰ ਉੱਥੋਂ ਚਲੇ ਜਾਣ ਅਤੇ ਪਰਿਵਾਰ ਨੂੰ ਵੀ ਨਾਲ ਲੈ ਜਾਣ ਲਈ ਕਿਹਾ।

ਮਾਹੌਲ ਹੋਰ ਵਿਗੜਨ ਲੱਗਾ

ਰਾਤ ਨੂੰ ਮਾਹੌਲ ਹੋਰ ਵਿਗੜਨ ਦੇ ਖਦਸ਼ੇ ਕਾਰਨ ਮੇਰੇ ਪਿਤਾ ਜੀ ਨੇੜਲੇ ਬਾਜ਼ਾਰ 'ਚ ਤੈਨਾਤ ਸੀਆਰਪੀਐਫ ਦੇ ਇੱਕ ਅਫ਼ਸਰ ਕੋਲ ਪੁੱਜੇ ਅਤੇ ਬਾਹਰੋਂ ਆਏ ਸ਼ਰਧਾਲੂ ਹੋਣ ਦਾ ਜ਼ਿਕਰ ਕਰਦਿਆਂ ਉੱਥੋਂ ਬੱਚਿਆਂ ਤੇ ਔਰਤਾਂ ਨੂੰ ਕੱਢਣ ਲਈ ਸਹਿਯੋਗ ਦੀ ਮੰਗ ਕੀਤੀ।

ਆਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ

ਤਸਵੀਰ ਸਰੋਤ, AFP

ਉਸ ਅਫ਼ਸਰ ਨੇ ਸਿਰ ਫੇਰਦਿਆਂ ਕਿਹਾ ਕਿ ਹੁਣ ਤਾਂ ਫ਼ੌਜ ਨੇ ਕਮਾਨ ਸੰਭਾਲ ਲਈ ਹੈ ਅਤੇ ਫ਼ੌਜ ਹੀ ਇਸ ਬਾਰੇ ਕੋਈ ਫੈਸਲਾ ਕਰੇਗੀ। ਜੱਕੋ-ਤੱਕੀ 'ਚ ਸਾਨੂੰ ਮੁੜ ਉੱਥੇ ਰਹਿਣਾ ਪਿਆ।

ਉਸ ਰਾਤ ਖ਼ਜ਼ਾਨ ਸਿੰਘ ਤੇ ਮੇਰੇ ਪਿਤਾ ਮੁੜ ਰਾਤ ਦੀ ਸੇਵਾ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਗਏ ਪਰ ਸਾਡੇ 'ਚੋਂ ਕਿਸੇ ਨੂੰ ਨਾਲ ਨਹੀਂ ਸੀ ਲਿਆ। ਦੇਰ ਰਾਤ ਨੂੰ ਉਹ ਦੋਵੇਂ ਸੁਰੱਖਿਅਤ ਪਰਤ ਆਏ।

3 ਜੂਨ ਦੀ ਸਵੇਰ ਤੱਕ ਫ਼ੌਜ ਵੱਲੋਂ ਸਾਰੇ ਪ੍ਰਬੰਧ ਨੂੰ ਆਪਣੇ ਹੱਥ 'ਚ ਲੈਣ ਦੀ ਖ਼ਬਰ ਫ਼ੈਲ ਚੁੱਕੀ ਸੀ ਅਤੇ ਹਥਿਆਰਬੰਦ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਸੀ। ਖ਼ਜ਼ਾਨ ਸਿੰਘ ਅਤੇ ਪਿਤਾ ਜੀ ਦਰਮਿਆਨ ਹੁੰਦੀ ਚਰਚਾ 'ਚ ਹੁਣ ਮੇਰੀ ਦਿਲਚਸਪੀ ਵਧ ਰਹੀ ਸੀ।

ਇਸੇ ਦੌਰਾਨ ਮੈਂ ਆਪਣੇ ਪਿਤਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵੱਲ ਵੀ ਗਿਆ ਅਤੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਬਾਰੇ ਜਾਣਕਾਰੀ ਲਈ। ਉਸ ਵੇਲੇ ਉੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਰਮਿਆਨ ਮੀਟਿੰਗਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ।

ਕਰਫ਼ਿਊ 'ਚ 2 ਘੰਟੇ ਦੀ ਰਾਹਤ ਦਾ ਐਲਾਨ

ਉਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਜਿੱਥੇ ਸੰਗਤ ਦੀ ਗਿਣਤੀ ਬਾਕੀ ਦਿਨਾਂ ਨਾਲੋਂ ਵੱਧ ਸੀ ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਨਕਲੋ-ਹਰਕਤ ਵੀ ਵਧੀ ਹੋਈ ਸੀ।

ਹੈਰਾਨੀ ਵਾਲੀ ਗੱਲ ਇਹ ਸੀ ਕਿ ਸ਼ਹੀਦੀ ਦਿਹਾੜਾ ਹੋਣ ਦੇ ਬਾਵਜੂਦ ਵੀ ਉਸ ਦਿਨ ਸਮੂਹ ਦੇ ਅੰਦਰ ਛਬੀਲਾਂ ਦਿਖਾਈ ਨਹੀਂ ਦੇ ਰਹੀਆਂ ਸਨ। ਸਰਾਵਾਂ ਵਿੱਚ ਵੀ ਪੂਰੀ ਗਹਿਮਾ-ਗਹਿਮੀ ਸੀ ਜਦਕਿ ਉੱਪਰ ਛੱਤਾਂ 'ਤੇ ਮੋਰਚੇ ਬਣਾਉਣ ਲਈ ਸਮਾਨ ਦੀ ਢੋਆ-ਢੁਆਈ ਜਾਰੀ ਸੀ।

ਆਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ

ਤਸਵੀਰ ਸਰੋਤ, Ravinder singh robin/bbc

ਉਸੇ ਦੌਰਾਨ ਸਾਨੂੰ ਉੱਥੇ ਹੀ ਪਤਾ ਲੱਗਾ ਕਿ ਕਰਫ਼ਿਊ 'ਚ 2 ਘੰਟੇ ਦੀ ਰਾਹਤ ਦੇ ਕੇ ਐਲਾਨ ਕੀਤਾ ਗਿਆ ਹੈ ਤਾਂ ਕਿ ਜਿਹੜੇ ਆਮ ਲੋਕ ਸਮੂਹ ਅੰਦਰੋਂ ਨਿਕਲਣਾ ਚਾਹੁੰਦੇ ਹਨ, ਉਹ ਨਿਕਲ ਸਕਦੇ ਹਨ। ਇੱਥੇ ਹੀ ਪਿਤਾ ਜੀ ਅਤੇ ਖ਼ਜ਼ਾਨ ਸਿੰਘ ਨੇ ਸਲਾਹ ਕੀਤੀ ਕਿ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਸੁਰੱਖਿਅਤ ਥਾਵਾਂ 'ਤੇ ਛੱਡ ਆਈਏ।

ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰੋਂ ਵੀ ਕੁਝ ਲੋਕ ਨਿਕਲ ਰਹੇ ਸਨ ਪਰ ਬਾਹਰੋਂ ਅੰਦਰ ਆਉਣ ਵਾਲਿਆਂ ਦੀ ਗਿਣਤੀ ਦੁੱਗਣੀ-ਤਿੱਗਣੀ ਹੋਣ ਕਾਰਨ ਹੈਰਾਨੀ ਵੀ ਹੋ ਰਹੀ ਸੀ। ਇਸ ਉਪਰੰਤ ਪਿਤਾ ਜੀ ਤੁਰੰਤ ਸਾਨੂੰ ਲੈ ਕੇ ਪਰਿਕਰਮਾ 'ਚ ਦਾਖ਼ਲ ਹੋਏ ਅਤੇ ਦੁੱਖ ਭੰਜਨੀ ਬੇਰੀ ਵਿਖੇ ਨਤਮਸਤਕ ਹੋ ਕੇ ਅੰਮ੍ਰਿਤ ਚੂਲਾ ਲਿਆ।

ਉੱਥੋਂ ਅਸੀਂ ਨਿਕਲ ਕੇ ਚੌਕ ਬਾਬਾ ਸਾਹਿਬ ਪੁੱਜੇ ਜਿੱਥੋਂ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ (ਗੁਰਦੁਆਰਾ ਸ਼ਹੀਦਾਂ) ਤੱਕ ਪੁੱਜ ਕੇ ਉੱਥੋਂ ਤਰਨ ਤਾਰਨ ਦੀ ਬੱਸ ਲੈਣੀ ਸੀ।

ਰਾਈਫ਼ਲ ਦੇ ਬੱਟ ਮਾਰੇ ਜਾ ਰਹੇ ਸੀ

ਚੌਕ ਬਾਬਾ ਸਾਹਿਬ ਤੋਂ ਸ਼ਹੀਦਾਂ ਵਾਲੇ ਬਾਜ਼ਾਰ 'ਚ ਫੌਜ ਅਤੇ ਸੀਆਰਪੀਐੱਫ ਦੇ ਜਵਾਨਾਂ ਨੇ ਸਖ਼ਤ ਨਾਕਾਬੰਦੀ ਕੀਤੀ ਹੋਈ ਸੀ। ਨਾਕਿਆਂ 'ਤੇ ਮੁੱਛਫੁੱਟ ਜਵਾਨਾਂ ਤੇ ਗਭਰੇਟਾਂ ਨੂੰ ਫੜਿਆ ਜਾ ਰਿਹਾ ਸੀ। ਮੈਨੂੰ ਵੀ ਅਜਿਹਾ ਹੀ ਕੁਝ ਵਾਪਰਨ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ। ਉਹੀ ਵਾਪਰਿਆ ਅਤੇ ਫ਼ੌਜ ਦੇ ਨਾਕੇ 'ਤੇ ਮੈਨੂੰ ਰੋਕ ਕੇ ਬਾਕੀਆਂ ਤੋਂ ਵੱਖ ਕਰ ਲਿਆ ਗਿਆ।

ਆਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ

ਤਸਵੀਰ ਸਰੋਤ, Getty Images

ਮੈਂ ਚੁੱਪਚਾਪ ਖੜਾ ਹੋ ਕੇ ਅਗਲੇ ਸੰਕਟ ਲਈ ਹੌਸਲਾ ਬੰਨ੍ਹਣ ਦਾ ਯਤਨ ਕਰ ਰਿਹਾ ਸੀ। ਤਦੇ ਹੀ ਪਿੱਛੋਂ ਉੱਚੀ-ਉੱਚੀ ਵਾਹਿਗੁਰੂ-ਵਾਹਿਗੁਰੂ ਦਾ ਉਚਾਰਣ ਕਰਦੀਆਂ ਆ ਰਹੀਆਂ ਬੀਬੀਆਂ ਦਾ ਇੱਕ ਵੱਡਾ ਜੱਥਾ ਤੇਜ਼ੀ ਨਾਲ ਉੱਥੇ ਪੁੱਜਾ ਅਤੇ ਮੇਰੇ ਸਮੇਤ ਕੁਝ ਹੋਰ ਫੜੇ ਗਏ ਮੁੰਡਿਆਂ ਨੂੰ ਧੱਕਦਾ ਹੋਇਆ ਤੇ ਘੜੀਸਦਾ ਹੋਇਆ ਭਾਰੀ ਧੱਕਾਮੁੱਕੀ ਅਤੇ ਰੌਲੇ-ਰੱਪੇ ਦੌਰਾਨ ਆਪਣੇ ਨਾਲ ਲੈ ਤੁਰਿਆ।

ਅਸੀਂ ਭੈਣ ਭਰਾਵਾਂ ਨੇ ਮਜ਼ਬੂਤੀ ਨਾਲ ਹਥ ਫੜੇ ਸੀ

ਮੇਰੇ ਪਰਿਵਾਰ ਅਤੇ ਅਸੀਂ ਸਾਰੇ ਭੈਣ-ਭਰਾਵਾਂ ਨੇ ਇੱਕ ਦੂਜੇ ਦੇ ਹੱਥ ਮਜ਼ਬੂਤੀ ਨਾਲ ਫੜੇ ਹੋਏ ਸਨ। ਰਿਸ਼ਤਿਆਂ ਦੀ ਉਸ ਦਿਨ ਦੀ ਮਜ਼ਬੂਤੀ ਸਦਾ ਯਾਦਾਂ ਦੇ ਅੰਗਸੰਗ ਰਹੀ।

ਔਰਤਾਂ 'ਤੇ ਸ਼ਰ੍ਹੇਆਮ ਦਿਨ-ਦਿਹਾੜੇ ਜਬਰ ਜਾਂ ਸਖ਼ਤੀ ਕਰਨ ਤੋਂ ਝਿਜਕ ਗਏ ਫੌਜੀ ਜਵਾਨਾਂ ਦੀ ਲਾਚਾਰੀ ਨੇ ਸ਼ਾਇਦ ਮੇਰੇ ਵਰਗਿਆਂ ਲਈ ਜ਼ਿੰਦਗੀ ਦੇ ਨਵੇਂ ਰਸਤੇ ਖੋਲ੍ਹਣੇ ਸਨ ਕਿ ਫੌਜੀ ਜਵਾਨ ਦੇਖਦੇ ਹੀ ਰਹਿ ਗਏ ਅਤੇ ਬੀਬੀਆਂ ਦੇ ਉਸ ਜੱਥੇ ਦਾ ਵੇਗ ਸਾਨੂੰ ਕਦੋਂ ਗੁਰਦੁਆਰਾ ਸ਼ਹੀਦਾਂ ਲੈ ਗਿਆ, ਇਸਦਾ ਸਾਨੂੰ ਪਤਾ ਹੀ ਨਹੀਂ ਲੱਗਿਆ।

ਆਪਰੇਸ਼ਨ ਬਲਿਊ ਸਟਾਰ ਦੀ 34ਵੀਂ ਬਰਸੀ

ਤਸਵੀਰ ਸਰੋਤ, Ravinder singh robin/bbc

ਗੁਰਦੁਆਰਾ ਸ਼ਹੀਦਾਂ ਪੁੱਜ ਕੇ ਉੱਥੋਂ ਪੰਜਾਬ ਰੋਡਵੇਜ਼ ਦੀ ਬੱਸ 'ਚ ਸਵਾਰ ਹੋ ਕੇ ਤਰਨ ਤਾਰਨ ਵੱਲ ਰਵਾਨਾ ਹੋਏ। ਬੱਸ 'ਚ 52 ਸਵਾਰੀਆਂ ਦੇ ਬੈਠਣ ਦਾ ਪ੍ਰਬੰਧ ਸੀ ਪਰ ਉਸ ਵਿੱਚ ਹੇਠਾਂ ਤੇ ਛੱਤ 'ਤੇ ਤਿੰਨ ਗੁਣਾਂ ਸਵਾਰੀਆਂ ਚੜ੍ਹੀਆਂ ਹੋਈਆਂ ਸਨ।

ਵਾਹਿਗੁਰੂ-ਵਾਹਿਗੁਰੂ ਦਾ ਉਚਾਰਣ ਕਰਦੀਆਂ ਬੀਬੀਆਂ

ਬੱਸ ਦੀ ਮੱਧਮ ਰਫ਼ਤਾਰ ਅਤੇ ਰਾਹ 'ਚ 7-8 ਵਾਰ ਨਾਕਿਆਂ 'ਤੇ ਤਲਾਸ਼ੀ ਹੋਣ ਕਾਰਨ ਧੁੜਕੂ ਤਾਂ ਲੱਗਾ ਰਿਹਾ ਪਰ ਜਿਵੇਂ-ਜਿਵੇਂ ਬੱਸ ਤਰਨ ਤਾਰਨ ਵੱਲ ਵਧਦੀ ਗਈ, ਇਸ ਸਭ ਦੌਰਾਨ ਅਜੀਬੋ-ਗ਼ਰੀਬ ਭਾਵਨਾ ਨੇ ਥੱਕੇ-ਟੁੱਟੇ ਤੇ ਤਣਾਅਗ੍ਰਸਤ ਮਨ ਅਤੇ ਜਿਸਮ ਨੂੰ ਮੁੜ ਹੁਲਾਰਾ ਦਿੱਤਾ।

ਉਸ ਦਿਨ ਵਾਹਿਗੁਰੂ-ਵਾਹਿਗੁਰੂ ਦਾ ਉਚਾਰਣ ਕਰਦੀਆਂ ਬੀਬੀਆਂ ਦੀ ਉਹ ਉੱਚੀ ਆਵਾਜ਼ ਸ਼ਾਇਦ ਗੋਲੀਬਾਰੀ ਦੀ ਆਵਾਜ਼ ਨਾਲੋਂ ਵਧੇਰੇ ਉੱਚੀ ਤੇ ਸੁੱਚੀ ਜਾਪੀ ਸੀ। ਜਿਵੇਂ-ਕਿਵੇਂ ਤਰਨ ਤਾਰਨ ਪੁੱਜੇ ਤਾਂ ਉੱਥੋਂ ਦਾ ਵੱਡਾ ਗੁਰਦੁਆਰਾ ਦਰਬਾਰ ਸਾਹਿਬ ਵੀ ਫੌਜ ਦੇ ਘੇਰੇ ਵਿੱਚ ਸੀ।

ਖਜ਼ਾਨ ਦਾ ਘਰ ਸੜ ਕੇ ਤਬਾਹ ਹੋ ਗਿਆ ਸੀ

ਗੋਲੀਆਂ ਦੀ ਆਵਾਜ਼ ਤਰਨ ਤਾਰਨ ਵੀ ਓਦਾਂ ਹੀ ਸਨ ਜਿਵੇਂ ਅੰਮ੍ਰਿਤਸਰ 'ਚ ਚੱਲ ਰਹੀਆਂ ਸਨ।

ਖਜ਼ਾਨ ਦੀ ਹੱਟੀ

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ, ਇਸ ਗੋਲੀਬਾਰੀ ਵਿੱਚ ਖਜ਼ਾਨ ਦਾ ਘਰ ਸੜ ਕੇ ਤਬਾਹ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਮੁੜ ਉਨ੍ਹਾਂ ਦੇ ਨਾਂ 'ਤੇ ਵਪਾਰ ਵਸਾਇਆ

ਖ਼ਬਰਾਂ ਜਾਣਨ ਦਾ ਰਸਤਾ ਕੇਵਲ ਬੀਬੀਸੀ ਰੇਡੀਓ ਹੀ ਸੀ, ਜਿਸ ਰਾਹੀਂ ਪਤਾ ਲੱਗਦਾ ਰਿਹਾ ਕਿ ਫੌਜ ਨੇ ਹਰਿਮੰਦਰ ਸਾਹਿਬ ਸਮੂਹ ਨੂੰ ਘੇਰ ਕੇ ਅੰਦਰੋਂ ਹਥਿਆਰਬੰਦ ਬੰਦਿਆਂ ਨੂੰ ਫੜਨ ਜਾਂ ਖ਼ਤਮ ਕਰਨ ਲਈ ਜੋ ਕਾਰਵਾਈ ਸ਼ੁਰੂ ਕੀਤੀ ਸੀ ਉਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਸੀ, ਜਿਸ ਵਿੱਚੋਂ ਅਸੀਂ ਨਿਕਲ ਆਏ ਸੀ।

ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਖ਼ਜ਼ਾਨ ਸਿੰਘ ਦਾ ਘਰ ਵੀ ਸੜ ਕੇ ਤਬਾਹ ਹੋ ਗਏ ਘਰਾਂ ਵਿੱਚ ਸ਼ਾਮਿਲ ਸੀ, ਜਿਨ੍ਹਾਂ ਨੂੰ ਦੁਪਾਸੜ ਗੋਲੀਬਾਰੀ ਦੌਰਾਨ ਅੱਗ ਲੱਗ ਗਈ ਸੀ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)