ਲੋਕ ਸਭਾ ਚੋਣ ਨਤੀਜੇ : ਪੰਜਾਬ 'ਚ 'ਆਪ, ਭਾਜਪਾ ਤੇ ਅਕਾਲੀ ਕਿਉਂ ਸਿਮਟ ਗਏ, ਕੀ ਹੈ ਲੋਕ ਫ਼ਤਵੇ ਦਾ ਸਬਕ

ਤਸਵੀਰ ਸਰੋਤ, Getty Images
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਦੀ 18ਵੀਂ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਫਤਵਾ ਕੌਮੀ ਜਮਹੂਰੀ (ਐੱਨਡੀਏ) ਗਠਜੋੜ ਦੇ ਪੱਖ ਵਿੱਚ ਆਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਭਾਰਤੀ ਜਨਤਾ ਪਾਰਟੀ 240 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ਅਤੇ 198 ਸੀਟਾਂ ਉੱਤੇ ਜਿੱਤ ਹਾਸਲ ਕਰ ਲਈ ਹੈ।
ਸੱਤਾ ਵਿਰੋਧੀ ਗਠਜੋੜ ‘ਇੰਡੀਆ’ ਨੇ 233 ਸੀਟਾਂ ਹਾਸਲ ਕੀਤੀਆਂ ਹਨ ਅਤੇ 18 ਸੀਟਾਂ ਹੋਰਾਂ ਨੂੰ ਹਾਸਲ ਹੋਈਆਂ ਹਨ। ਚੋਣਾਂ ਦੇ ਕੇਂਦਰੀ ਫ਼ਤਵੇ ਨੂੰ ਲੈ ਦੇ ਕਾਰਨਾਂ ਅਤੇ ਪ੍ਰਭਾਵਾਂ ਨੂੰ ਲੈ ਕੇ ਚਰਚਾ ਜ਼ੋਰਾਂ ਉੱਤੇ ਹੈ।
ਪਰ ਅਸੀਂ ਇਸ ਰਿਪੋਰਟ ਰਾਹੀਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਫ਼ਤਵੇ ਅਤੇ ਨਵੇਂ ਉੱਭਰੇ ਸਿਆਸੀ ਸਮੀਕਰਨਾਂ ਦੇ ਕਾਰਨਾਂ ਅਤੇ ਮਾਅਨਿਆਂ ਦੀ ਚਰਚਾ ਕਰਾਂਗੇ।
ਕੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ
ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ ਪਾਰਟੀ 7 ਸੀਟਾਂ ਹਾਸਲ ਕਰਕੇ ਸੂਬੇ ਦੀ ਸਭ ਤੋਂ ਵੱਡੀ ਸਿਆਸੀ ਧਿਰ ਬਣ ਕੇ ਉੱਭਰੀ ਹੈ।
ਜਦਕਿ 2022 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ 42 ਫੀਸਦ ਵੋਟ ਸ਼ੇਅਰ ਨਾਲ 92 ਸੀਟਾਂ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ 3 ਲੋਕ ਸਭਾ ਸੀਟਾਂ ਉੱਤੇ ਸਿਮਟ ਗਈ ਹੈ।
2019 ਵਿੱਚ ਪਾਰਟੀ ਨੇ ਲੋਕ ਸਭਾ ਦੀ ਇੱਕ ਹੀ ਸੀਟ ਜਿੱਤੀ ਸੀ, ਉਸ ਹਿਸਾਬ ਨਾਲ ਪਾਰਟੀ ਦੀ ਸੰਸਦ ਵਿੱਚ ਹਾਜ਼ਰੀ ਵਧੀ ਹੈ।
ਪਰ ਵਿਧਾਨ ਸਭਾ ਚੋਣ ਨਤੀਜੇ ਦੇ ਹਿਸਾਬ ਨਾਲ ਇਹ ਪਾਰਟੀ ਲਈ ਕਾਫੀ ਵੱਡਾ ਝਟਕਾ ਹੈ, ਕਿਉਂਕਿ ਪਾਰਟੀ ਦਾ ਵੋਟਾਂ ਦਾ ਅੰਕੜਾ 26 ਫੀਸਦ ਉੱਤੇ ਆ ਗਿਆ ਹੈ।
ਰੋਚਕ ਗੱਲ ਇਹ ਹੈ ਕਿ ਕਾਂਗਰਸ 26.30 ਫੀਸਦ ਦੇ ਵੋਟ ਸ਼ੇਅਰ ਨਾਲ ਸੱਤ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ।

ਪੰਜਾਬ ਦੇ ਸਿੱਖਾਂ ਜਾਂ ਘੱਟ ਗਿਣਤੀ ਭਾਈਚਾਰੇ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਕਰਨ ਵਾਲੀ ਪਾਰਟੀ ਅਕਾਲੀ ਦਲ ਦਾ ਵੋਟ ਸ਼ੇਅਰ ਅਤੇ ਸੀਟਾਂ ਦੋਵੇਂ ਘਟੀਆਂ ਹਨ।
ਅਕਾਲੀ ਦਲ ਨੂੰ 13.42 ਫੀਸਦ ਵੋਟ ਹਾਸਲ ਹੋਏ, ਪਰ ਪਾਰਟੀ ਆਪਣੀ ਰਵਾਇਤੀ ਬਠਿੰਡਾ ਸੀਟ ਬਚਾਉਣ ਵਿੱਚ ਕਾਮਯਾਬ ਰਹੀ।
2019 ਦੀਆਂ ਚੋਣਾਂ ਵਿੱਚ ਭਾਜਪਾ ਲਈ ਸਨੀ ਦਿਓਲ ਅਤੇ ਸੋਮ ਪ੍ਰਕਾਸ਼ ਨੇ ਲੜੀਵਾਰ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਲਕੇ ਜਿੱਤੇ ਸਨ।
ਇਸ ਵਾਰ ਭਾਜਪਾ ਇਹ ਦੋਵੇਂ ਹਲਕੇ ਹਾਰ ਗਈ।

ਹੁਸ਼ਿਆਰਪੁਰ ਵਿੱਚ ਮੌਜੂਦਾ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਤੀਜੇ ਸਥਾਨ ਉੱਤੇ ਰਹੇ।
ਪਰ 2019 ਵਿੱਚ ਸਨੀ ਦਿਓਲ ਹੱਥੋਂ ਹਾਰਨ ਵਾਲੇ ਕਾਂਗਰਸੀ ਆਗੂ ਸੁਨੀਲ ਜਾਖ਼ੜ, ਜੋ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ, ਪਾਰਟੀ ਨੂੰ 18.56 ਫੀਸਦ ਵੋਟਾਂ ਮਿਲਣ ਨੂੰ ਵੱਡੀ ਉਪਲਬਧੀ ਮੰਨ ਰਹੀ ਹੈ।
ਪਾਰਟੀ ਦੇ ਆਗੂ 2027 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਆਪਣਾ ਨਿਸ਼ਾਨਾ ਦੱਸ ਰਹੇ ਹਨ।
ਜਿੱਤ ਹਾਰ ਦੇ ਹਿਸਾਬ ਨਾਲ ਖਡੂਰ ਸਾਹਿਬ ਹਲਕੇ ਤੋਂ ਖਾਲਿਸਤਾਨ ਸਮਰਥਕ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਐੱਨਐੱਸਏ ਤਹਿਤ ਬੰਦ ਅਮ੍ਰਿਤਪਾਲ ਸਿੰਘ ਦੀ 1 ਲੱਖ 97 ਹਜ਼ਾਰ ਤੋਂ ਵੱਧ ਵੋਟਾਂ ਨਾਲ ਅਤੇ ਫਰੀਦਕੋਟ ਹਲਕੇ ਤੋਂ ਸਰਬਜੀਤ ਸਿੰਘ ਖਾਲਸਾ ਦੀ ਜਿੱਤ ਸਭ ਤੋਂ ਰੋਚਕ ਘਟਨਾਕ੍ਰਮ ਹਨ।
ਸਰਬਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੇਅੰਤ ਸਿੰਘ ਦੇ ਪੁੱਤਰ ਹਨ।
ਉਹ ਵੀ 73 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ।
ਕੀ ਕਹਿੰਦੇ ਹਨ ਪੰਜਾਬ ਦੇ ਨਤੀਜੇ
ਚੋਣ ਨਤੀਜਿਆਂ ਮਗਰੋਂ ਇਹ ਸਵਾਲ ਖੜ੍ਹੇ ਹੋਏ ਹਨ ਕਿ ਕੀ ਪੰਜਾਬ ਆਪਣੇ ਸਵਾਲਾਂ ਦੇ ਜਵਾਬ ਲੱਭ ਰਿਹਾ ਹੈ, ਕੀ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਵੀ ਰਵਾਇਤੀ ਪਾਰਟੀ ਮੰਨ ਲਿਆ ਹੈ।
ਪੰਜਾਬ ਵਿੱਚ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਦਿੱਤਾ ਹੈ, ਜਿਸ ਤਰ੍ਹਾਂ ਦੇ ਉਹ ਦਾਅਵਾ ਕਰ ਰਹੀ ਸੀ।
ਸਿਆਸੀ ਮਾਹਰ ਮੰਨਦੇ ਹਨ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸਭ ਤੋਂ ਵੱਡੀ ਧਿਰ ਵਜੋਂ ਮੁੜ ਪ੍ਰਵਾਨ ਕੀਤਾ ਹੈ ਅਤੇ ਨਾਲ ਹੀ ਗਰਮ ਸੁਰ ਵਾਲੀ ਪੰਥਕ ਸਿਆਸਤ ਨੂੰ ਵੀ ਹੁਲ਼ਾਰਾ ਦਿੱਤਾ ਹੈ।
ਪਰ ਆਮ ਆਦਮੀ ਪਾਰਟੀ ਅਜੇ ਵੀ ਇੱਕ ਧਿਰ ਬਣੀ ਹੋਈ ਹੈ।
ਭਾਜਪਾ ਨੇ ਕਾਂਗਰਸ ਵਿੱਚੋਂ ਕੱਦਾਵਰ ਆਗੂ ਪਾਰਟੀ ਵਿੱਚ ਸ਼ਾਮਲ ਕਰਕੇ ਪਾਸਾ ਪਲਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿਆਦਾ ਕਾਮਯਾਬ ਹੁੰਦੀ ਨਜ਼ਰ ਨਹੀਂ ਆਈ।
ਕੀ ਇਹ ਗਰਮ ਦਲ ਦੀ ਸਿਆਸਤ ਦਾ ਉਭਾਰ ਹੈ

ਲੋਕ ਸਭਾ ਲਈ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਨਤੀਜਿਆਂ ਬਾਰੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸਿਆਸੀ ਮਾਹਰ ਡਾ ਪ੍ਰਮੋਦ ਕੁਮਾਰ ਨਾਲ ਗੱਲ਼ ਕੀਤੀ।
ਡਾਕਟਰ ਪ੍ਰਮੋਦ ਕਹਿੰਦੇ ਹਨ, ‘‘ਪੰਜਾਬ ਵਿੱਚ ਵੱਖਵਾਦੀ ਸਿਆਸਤ ਹਮੇਸ਼ਾ ਤੋਂ ਰਹੀ ਹੈ। ਜਦੋਂ ਲੋਕਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਰਵਾਇਤੀ ਸਿਆਸਤ ਤੋਂ ਨਹੀਂ ਮਿਲਣਗੇ ਤਾਂ ਉਹ ਇਸ ਪਾਸੇ ਵੱਲ ਮੁੜਨਗੇ ਅਤੇ ਉਹ ਮੁੜ ਰਹੇ ਹਨ।”
ਉਹ ਕਹਿੰਦੇ ਹਨ, “ਅਜਿਹਾ ਲੋਕਤੰਤਰੀ ਪ੍ਰਣਾਲੀ ਨਾਲ ਹੋ ਰਿਹਾ ਇਹ ਇੱਕ ਚੰਗਾ ਸੰਕੇਤ ਹੈ ਪਰ ਸਿਆਸੀ ਪਾਰਟੀਆਂ ਲਈ ਇੱਕ ਅਗੇਤੀ ਚੇਤਾਵਨੀ ਹੈ।”
ਉਹ ਕਹਿੰਦੇ ਹਨ ਕਿ ਖ਼ਡੂਰ ਸਾਹਿਬ ਅਤੇ ਫਰੀਦਕੋਟ ਵਿੱਚ ਇਹੀ ਨਜ਼ਰ ਆਇਆ ਹੈ।
ਅਮ੍ਰਿਤਪਾਲ ਅਤੇ ਸਰਬਜੀਤ ਸਿੰਘ ਦੇ ਚੋਣ ਲੜਨ ਦਾ ਫ਼ੈਸਲਾ ਬਹੁਤ ਲੇਟ ਹੋਇਆ ਅਤੇ ਸਥਾਨਕ ਸਿਆਸਤ ਨੇ ਉਸੇ ਮੁਤਾਬਕ ਪਾਸਾ ਪਰਤ ਲਿਆ।
ਸੀਨੀਅਰ ਪੱਤਰਕਾਰ ਅਤੁਲ ਸੰਗਰ ਨੇ ਦੱਸਿਆ, “ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ ਅਤੇ ਦੂਜਾ ਪੰਜਾਬ ਨਸ਼ੇ ਦੇ ਮੁੱਦੇ ਦਾ ਰਵਾਇਤੀ ਪਾਰਟੀਆਂ ਹੱਲ ਨਹੀਂ ਕੱਢਿਆ ਜਾ ਰਿਹਾ।’’

ਅਤੁਲ ਸੰਗਰ ਕਹਿੰਦੇ ਹਨ ਕਿ 1980ਵਿਆਂ ਦੇ ਦੌਰਾਨ ਹੋਈ ਹਿੰਸਾ ਸਬੰਧੀ ਅਣਸੁਲਝੇ ਮੁੱਦੇ, ਬੇਅਦਬੀ ਮਾਮਲਿਆਂ ਵਿੱਚ ਨਿਆਂ ਨਾ ਮਿਲਣ ਜਿਹੇ ਮੁੱਦਿਆਂ ਦਾ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਹੈ।
ਉਹ ਕਹਿੰਦੇ ਹਨ, “ਇਸੇ ਲਈ ਲੋਕਾਂ ਨੇ ਪੰਥਕ ਸਿਆਸਤ ਦੀ ਖਾਲੀ ਪਈ ਸਪੇਸ ਨੂੰ ਗਰਮ ਸੁਰ ਵਾਲੇ ਪੰਥਕ ਆਗੂਆਂ ਰਾਹੀਂ ਭਰਨ ਦੀ ਕੋਸ਼ਿਸ਼ ਕੀਤੀ ਹੈ।”
ਡਾਕਟਰ ਪ੍ਰਮੋਦ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਇੱਕ ਬਦਲਾਅ ਲੈ ਕੇ ਆਈ ਸੀ ਪਰ ਹੁਣ ਉਹ ਵੀ ਰਵਾਇਤੀ ਪਾਰਟੀ ਬਣ ਗਈ ਹੈ।
ਉਹ ਕਹਿੰਦੇ ਹਨ, “ਲੋਕਾਂ ਨੂੰ ‘ਆਪ’ ਵਿੱਚੋਂ ਵੀ ਆਪਣੇ ਸਵਾਲਾਂ ਦੇ ਹੱਲ ਨਹੀਂ ਮਿਲੇ ਹਨ ਉਹ ਹੁਣ ਇੱਕ ਹੋਰ ਤਰ੍ਹਾਂ ਦੀ ਸਿਆਸਤ ਵੱਲ ਦੇਖ ਰਹੇ ਹਨ।’’

ਤਸਵੀਰ ਸਰੋਤ, Pardeep Pandit
ਭਾਜਪਾ ਕਿਉਂ ਨਹੀਂ ਜਿੱਤ ਸਕੀ ਸੀਟ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਜਦੋਂ ਵੀ ਸੱਤਾ ਦਾ ਸੁੱਖ ਮਾਣਿਆ ਹੈ, ਉਹ ਅਕਾਲੀ ਦਲ ਦੇ ਸਾਥ ਨਾਲ ਹੀ ਮਾਣਿਆ ਹੈ।
1996 ਵਿੱਚ ਹੋਏ ਗਠਜੋੜ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਨੇ ਪੂਰੇ 15 ਸਾਲ ਸਰਕਾਰ ਚਲਾਈ, ਪਰ ਕਿਸਾਨ ਅੰਦੋਲਨ ਦੌਰਾਨ ਜਦੋਂ ਅਕਾਲੀ ਦਲ 2020 ਵਿੱਚ ਭਾਜਪਾ ਤੋਂ ਵੱਖ ਹੋ ਗਿਆ ਤਾਂ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿੱਚ ਇਕੱਲਿਆਂ ਹੀ ਅੱਗੇ ਵਧਣ ਦਾ ਫੈਸਲਾ ਲਿਆ।
ਪੰਜਾਬ ਵਿੱਚ ਸਥਾਪਤੀ ਲਈ ਕਾਂਗਰਸ ਸਣੇ ਦੂਜੀਆਂ ਪਾਰਟੀਆਂ ਤੋਂ ਆਗੂ ਦਰਾਮਦ ਕਰਨ ਅਤੇ ਆਪਣੇ ਸਰੋਤਾਂ ਦੀ ਮਦਦ ਨਾਲ ਸੂਬੇ ਵਿੱਚ ਸਥਾਪਤੀ ਦਾ ਕਦਮ ਅੱਗੇ ਵਧਾਇਆ।
ਪਰ ਕੋਈ ਸੀਟ ਹਾਸਲ ਨਹੀਂ ਹੋ ਸਕੀ। ਅਕਾਲੀ ਦਲ ਦੀ ਮਦਦ ਨਾਲ ਜੋ 2019 ਵਿੱਚ ਦੋ ਸੀਟਾਂ ਹਾਸਲ ਕੀਤੀਆਂ ਸਨ, ਉਹ ਵੀ ਖੁੱਸ ਗਈਆਂ।
ਡਾਕਟਰ ਪ੍ਰਮੋਦ ਕਹਿੰਦੇ ਹਨ ਕਿ ਭਾਜਪਾ ਨੂੰ ਹਰਿਆਣੇ ਦੀ ਜਿੱਤ ਦੇਖ ਕੇ ਉਮੀਦ ਬੱਝੀ ਸੀ ਕਿ ਜੇ ਅਸੀਂ ਹਰਿਆਣੇ ਵਿੱਚ ਜਿੱਤ ਸਕਦੇ ਹਾਂ ਤਾਂ ਪੰਜਾਬ ਵਿੱਚ ਵੀ ਜਿੱਤ ਜਾਵਾਂਗੇ।
ਉਹ ਕਹਿੰਦੇ ਹਨ, “ਪਰ ਪੰਜਾਬ ਵਿੱਚ ਕਿਸੇ ਵੀ ਪਾਰਟੀ ਦਾ ਇਕਲੌਤਾ ਵੋਟ ਬੈਂਕ ਨਹੀਂ ਹੈ। ਪੰਜਾਬ ਦੀ ਖੇਤਰੀ ਪਛਾਣ ਨੂੰ ਦਰਕਿਨਾਰ ਕਰਕੇ ਜੇ ਕੋਈ ਸਿਰਫ਼ ਕੌਮੀ ਮੁੱਦੇ ਰੱਖਾਂਗੇ ਤਾਂ ਉਹ ਇੱਥੇ ਨਹੀਂ ਚੱਲਣਗੇ।”
ਭਾਰਤੀ ਜਨਤਾ ਪਾਰਟੀ ਨੇ ਹਰਿਆਣੇ ਅਤੇ ਹੋਰ ਕਈ ਸੂਬਿਆਂ ਵਾਂਗ ਅਕਾਲੀ ਦਲ ਨੂੰ ਛੋਟਾ ਭਰਾ ਬਣਾ ਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ।
ਡਾਕਟਰ ਪ੍ਰਮੋਦ ਕਹਿੰਦੇ ਹਨ, “ਭਾਜਪਾ ਨੇ ਐੱਮਐੱਸਪੀ ਅਤੇ ਸਿੱਖ ਕੈਦੀਆਂ ਦੀ ਰਿਹਾਈ ਵਰਗੇ ਅਕਾਲੀ ਦਲ ਦੇ ਕਈ ਮੁੱਦੇ ਸਮਝਣ ਦੀ ਥਾਂ ਇਹੀ ਕਿਹਾ ਸੀ ਕਿ ਤੁਸੀਂ ਸਿਰਫ਼ ਸੀਟਾਂ ਦੀ ਵੰਡ ਕਰ ਲਓ। ਜੇ ਉਹ ਪੰਜਾਬ ਦੀਆਂ ਮੰਗਾਂ ਨੂੰ ਦੇਖਦੇ ਅਤੇ ਸਮੱਸਿਆਵਾਂ ਦਾ ਹੱਲ ਦਿੰਦੇ ਤਾਂ ਫਰਕ ਪੈ ਸਕਦਾ ਸੀ।”
ਅਤੁਲ ਸੰਗਰ ਕਹਿੰਦੇ ਹਨ, ‘‘ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਨੂੰ ਦੂਜੀਆਂ ਖੇਤਰੀ ਪਾਰਟੀਆਂ ਵਾਂਗ ਨਹੀਂ ਸਮਝ ਸਕਦੀ। ਅਕਾਲੀ ਦਲ 100 ਸਾਲ ਪੁਰਾਣਾ ਇਤਿਹਾਸ ਹੈ ਅਤੇ ਇਹ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਨੁਮਾਇੰਦਾ ਪਾਰਟੀ ਹੈ।’’
ਆਮ ਆਦਮੀ ਪਾਰਟੀ ਦਾ ਆਸ ਮੁਤਾਬਕ ਸੀਟਾਂ ਨਾ ਜਿੱਤਣਾ

ਤਸਵੀਰ ਸਰੋਤ, Chiranjeev kaushal
ਮਾਹਰ ਮੰਨਦੇ ਹਨ ਕਿ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਦੀ ਸਿਆਸਤ ਕੌਮੀ ਪੱਧਰ ਉੱਤੇ ਕੀਤੀ, ਠੀਕ ਉਸੇ ਤਰ੍ਹਾਂ ਦੀ ਸਿਆਸਤ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਕੀਤੀ ਹੈ।
ਮਾਹਰ ਕਹਿੰਦੇ ਹਨ ਕਿ ਜੇ ਮੋਦੀ ਨੇ ਕਿਹਾ ਕਿ ਚਾਰ ਸੌ ਪਾਰ ਤਾਂ ਭਗਵੰਤ ਮਾਨ ਨੇ ਨਾਅਰਾ ਦਿੱਤਾ ‘13-00’, ਜੇ ਉਨ੍ਹਾਂ ਨੇ ਜੈ ਸ਼੍ਰੀ ਰਾਮ ਕਿਹਾ ਤਾਂ ਕੇਜਰੀਵਾਲ ਨੇ ਹਨੂੰਮਾਨ ਚਾਲੀਸਾ ਪੜ੍ਹਿਆ ਅਤੇ ਹਨੂੰਮਾਨ ਦੇ ਜੈਕਾਰੇ ਗੁੰਜਾਏ।
ਡਾਕਟਰ ਪ੍ਰਮੋਦ ਕਹਿੰਦੇ ਹਨ, “ਪੰਜਾਬ ਇੱਕ ਨਹੀਂ ਹੈ, ਇਹ ਡਾਇਸਪੋਰਾ ਵਿੱਚ ਵੀ ਹੈ, ਪੱਛਮੀ ਪਾਕਿਸਤਾਨ ਦਾ ਵੀ ਹੈ। ਇੱਥੇ ਸਿਰਫ਼ ਫਰੀਬੀਜ਼ ਨਾਲ ਨਹੀਂ ਚੱਲ ਸਕਦੀਆਂ। ਤੁਸੀਂ ਸਕੂਲ ਵਧੀਆ ਬਣਾ ਦਿੱਤੇ ਮੁਹੱਲਾ ਕਲੀਨਿਕ ਖੋਲ੍ਹ ਦਿੱਤੇ, ਫਰੀਬੀਜ਼ ਦੀ ਗੱਲ ਕਰਦੇ ਹੋ ਪਰ ਪੰਜਾਬ ਵਿੱਚ ਹੋਰ ਵੀ ਮਸਲੇ ਹਨ ਜਿਨ੍ਹਾਂ ਨੂੰ ਤੁਸੀਂ ਅਡਰੈਸ ਨਹੀਂ ਕਰਦੇ।’’
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਸਤਨਾਮ ਸਿੰਘ ਦਿਓਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ, “ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਵਿੱਚ 92 ਸੀਟਾਂ ਮੁਫ਼ਤ ਸਹੂਲਤਾਂ ਲਈ ਨਹੀਂ ਦਿੱਤੀਆਂ ਸਨ। ਇਹ ਤਾਂ ਅਕਾਲੀ ਦਲ ਤੇ ਕਾਂਗਰਸ ਦੇ ਹੀ ਰਹੇ ਸਨ।
ਉਹ ਕਹਿੰਦੇ ਹਨ, “ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦੀ ਪੰਜਾਬ ਨੂੰ ਕਰਜ਼ ਮੁਕਤ ਕਰਨ, ਬੇਅਦਬੀ ਦੇ ਕੇਸਾਂ ਵਿੱਚ ਨਿਆਂ ਦੁਆਉਣ, ਡਰੱਗਜ਼ ਤੋਂ ਛੁਟਕਾਰਾ ਦੁਆਉਣ ਅਤੇ ਭ੍ਰਿਸ਼ਟਾਚਾਰ ਰੋਕਣ ਦੀ ਗਰੰਟੀ ਤੋਂ ਪ੍ਰਭਾਵਿਤ ਹੋਕੇ ਦਿੱਤੀਆਂ ਸਨ।’’
ਅਤੁਲ ਸੰਗਰ ਕਹਿੰਦੇ ਹਨ ਕਿ ਇਹ ਚੋਣ ਨਤੀਜੇ ਆਮ ਆਦਮੀ ਪਾਰਟੀ ਦੀ 2 ਸਾਲ ਦੀ ਸਰਕਾਰ ਦੇ ਕੰਮਕਾਜ ਉੱਤੇ ਲੋਕ ਫਤਵਾ ਵੀ ਹੈ। ਭਗਵੰਤ ਮਾਨ ਤੇ ਆਪ ਲੀਡਰਸ਼ਿਪ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਦੋ ਸਾਲ ਵਿੱਚ ਹੀ ਲੋਕਾਂ ਦਾ ਮੋਹ ਭੰਗ ਕਿਉਂ ਹੋਇਆ।

ਤਸਵੀਰ ਸਰੋਤ, FB/Raja warring
ਕਾਂਗਰਸ ਨੇ ਕੀ ਹਾਸਲ ਕੀਤਾ
ਕਾਂਗਰਸ ਦੀ ਸੂਬਾਈ ਲੀਡਰਸ਼ਿਪ ਨੇ 7 ਸੀਟਾਂ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਵਰਗੇ ਆਗੂਆਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਆਪਣੀ ਸਥਾਪਤੀ ਸਾਬਿਤ ਕਰ ਦਿੱਤੀ ਹੈ।
ਜਾਣਕਾਰ ਮੰਨਦੇ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੀ ਲੀਡਰਸ਼ਿਪ ਸਥਾਪਿਤ ਹੋ ਗਈ ਹੈ। ਰਾਜਾ ਵੜਿੰਗ ਜਿਨ੍ਹਾਂ ਨੂੰ ਪਹਿਲਾਂ ਟਕਸਾਲੀ ਅਖਵਾਉਣ ਵਾਲੇ ਆਗੂ ਪ੍ਰਧਾਨ ਹੀ ਨਹੀਂ ਮੰਨਦੇ ਸਨ, ਉਨ੍ਹਾਂ ਦੇ ਵੀ ਹੁਣ ਮੂੰਹ ਬੰਦ ਹੋ ਗਏ ਹਨ।
ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੂੰ ਸੂਬਾਈ ਪ੍ਰਧਾਨ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਅੰਦਰਖਾਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਉਨ੍ਹਾਂ ਵੀ ਆਪਣੀ ਸੂਬੇ ਪੱਧਰ ਦੇ ਆਗੂ ਵਜੋਂ ਨਾਮਣਾ ਖੱਟ ਲਿਆ ਹੈ।
ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਦਾ ਜਲੰਧਰ ਤੋਂ ਡੇਢ ਲੱਖ ਵੋਟਾਂ ਦੇ ਫਰਕ ਨਾਲ ਜਿੱਤਣਾ ਅਤੇ ਸੁਖਜਿੰਦਰ ਰੰਧਾਵਾ ਦਾ ਗੁਰਦਾਸਪ਼ੁਰ ਵਰਗੀ ਭਾਜਪਾ ਦੀ ਰਵਾਇਤੀ ਸੀਟ ਹਥਿਆਉਣਾ ਵੱਡੇ ਸਿਆਸੀ ਘਟਨਾਕ੍ਰਮ ਹਨ।
ਜੋ ਦੋਵਾਂ ਆਗੂਆਂ ਦੀ ਸੂਬੇ ਪੱਧਰ ਉੱਤੇ ਅਪੀਲ ਦਾ ਦਾਇਰਾ ਵਧਾਏਗੀ।












