2024 ’ਚ ਕੈਨੇਡਾ ਤੇ ਆਸਟਰੇਲੀਆ ਦੇ ਇਹ ਸ਼ਹਿਰ ਰਹਿਣ ਲਈ ਸਭ ਤੋਂ ਵਧੀਆ, ਟੋਰਾਂਟੋ ਲਿਸਟ ’ਚੋਂ ਕਿਉਂ ਬਾਹਰ ਹੋਇਆ

ਤਸਵੀਰ ਸਰੋਤ, Getty Images
- ਲੇਖਕ, ਲਿੰਡਸੇਅ ਗਲੋਅਵੇਅ
- ਰੋਲ, ਬੀਬੀਸੀ ਲਈ
ਕੋਵਿਡ ਕਾਰਨ ਲਾਗੂ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਦੁਨੀਆਂ ਇੱਕ ਵਾਰ ਫਿਰ ਆਪਣੇ ਪੁਰਾਣੇ ਰੂਪ ਵਿੱਚ ਪਰਤ ਰਹੀ ਹੈ। ਘੱਟੋ-ਘੱਟ ਰਹਿਣਯੋਗਤਾ ਬਾਰੇ ਜਾਰੀ ਕੀਤੇ ਗਏ ਡੇਟਾ ਤੋਂ ਤਾਂ ਇਹੀ ਲਗਦਾ ਹੈ।
ਦਿ ਇਕਾਨਮਿਸਟ ਇੰਟੈਲੀਜੈਂਸ ਯੂਨਿਟ ਦੇ ਸਲਾਨਾ ਗੋਲੋਬਲ ਲਿਵੇਬਿਲਟੀ ਇੰਡੈਕਸ ਵਿੱਚ ਦੁਨੀਆਂ ਭਰ ਦੇ 173 ਸ਼ਹਿਰਾਂ ਦਾ ਮੁਲਾਂਕਣ ਕੀਤਾ ਗਿਆ ਹੈ।
ਇਨ੍ਹਾਂ ਸ਼ਹਿਰਾਂ ਨੂੰ ਹੰਢਣਸਾਰਤਾ, ਸਿਹਤ ਸੰਭਾਲ, ਸੱਭਿਆਚਾਰ ਅਤੇ ਵਾਤਾਵਰਣ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੀਆਂ ਕਸੌਟੀਆਂ ਉੱਤੇ ਕਸਿਆ ਗਿਆ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਹਿਰਾਂ ਦੀ ਰਹਿਣਯੋਗਤਾ ਪਿਛਲੇ ਉਸ ਤੋਂ ਪਿਛਲੇ ਸਾਲਾਂ ਦੇ ਉਤਰਾਵਾਂ ਚੜ੍ਹਾਵਾਂ ਦੀ ਤੁਲਨਾ ਵਿੱਚ ਪਿਛਲੇ ਸਾਲ ਦੌਰਾਨ ਨਾਮ ਮਾਤਰ ਹੀ ਵਧਿਆ ਹੈ।
ਸਿਖਰਲੇ ਸ਼ਹਿਰਾਂ ਦੀ ਸੂਚੀ ਪਿਛਲੇ ਸਾਲ ਵਰਗੀ ਹੀ ਹੈ ਅਤੇ ਸਿਖਰਲੇ 10 ਸ਼ਹਿਰਾਂ ਵਿੱਚ ਬਹੁਤ ਘੱਟ ਅਦਲ-ਬਦਲ ਹੋਇਆ ਹੈ।
ਇੱਕ ਵਾਰ ਫਿਰ ਯੂਰਪ ਦੇ ਚਾਰ ਸ਼ਹਿਰ, ਏਸ਼ੀਆ-ਪੈਸਿਫਿਕ ਖੇਤਰ ਦੇ ਚਾਰ ਸ਼ਹਿਰ ਅਤੇ ਕੈਨੇਡਾ ਦੇ ਦੋ ਸ਼ਹਿਰ ਇਸ ਸੂਚੀ ਵਿੱਚ ਆਪਣੀ ਥਾਂ ਬਣਾ ਸਕੇ ਹਨ।
ਟੋਰਾਂਟੋ ਇਸ ਵਾਰ ਬੁਨਿਆਦੀ ਢਾਂਚੇ ਵਿੱਚ ਅੰਕ ਘਟਣ ਕਾਰਨ ਅਤੇ ਘਰਾਂ ਦੀ ਵਧ ਰਹੀ ਸਮੱਸਿਆ ਕਾਰਨ ਸੂਚੀ ਤੋਂ ਬਾਹਰ ਹੋ ਗਿਆ ਹੈ।
ਕੋਈ ਵੀ ਨਵਾਂ ਸ਼ਹਿਰ ਸਿਖਰਲੇ 10 ਸ਼ਹਿਰਾਂ ਵਿੱਚ ਘੁਸਪੈਠ ਨਹੀਂ ਕਰ ਸਕਿਆ ਹੈ। ਲੇਕਿਨ ਓਸਾਕ, ਅਤੇ ਔਕਲੈਂਡ ਨੇ ਆਪਣੀ ਥਾਂ ਕਾਇਮ ਰੱਖੀ ਹੈ।
ਸ਼ਹਿਰਾਂ ਨੇ ਆਪਣੀ ਥਾਂ ਕਾਇਮ ਰੱਖੀ ਹੈ ਇਸਦਾ ਮਤਲਬ ਇਹ ਨਹੀਂ ਹੈ ਕਿ ਅਤੀਤ ਵਿੱਚ ਇਨ੍ਹਾਂ ਵਿੱਚ ਅਦਲ-ਬਦਲ ਨਹੀਂ ਹੋਇਆ ਹੈ।
ਅਸੀਂ ਸਿਖਰਲੇ ਸ਼ਹਿਰਾਂ ਦੇ ਵਾਸੀਆਂ ਨਾਲ ਗੱਲ ਬਾਤ ਕੀਤੀ ਕਿ ਉਨ੍ਹਾਂ ਨੂੰ ਆਪਣੇ ਸ਼ਹਿਰ ਵਿੱਚ ਕੀ ਪਸੰਦ ਹੈ—
ਵਿਆਨਾ, ਆਸਟਰੀਆ

ਤਸਵੀਰ ਸਰੋਤ, Getty Images
ਆਸਟਰੀਆ ਦੀ ਰਾਜਧਾਨੀ ਵਿਆਨਾ ਲਗਾਤਾਰ ਤੀਜੇ ਸਾਲ, ਰਹਿਣ ਦੇ ਲਿਹਾਜ਼ ਨਾਲ ਪਹਿਲੇ ਨੰਬਰ ਉੱਤੇ ਆਈ ਹੈ। ਇਸ ਨੇ ਪੰਜ ਵਿੱਚੋਂ ਚਾਰ ਕਸੌਟੀਆਂ ਉੱਤੇ ਪੂਰੇ ਬਟਾ ਪੂਰੇ ਅੰਕ ਹਾਸਲ ਕੀਤੇ ਹਨ।
ਹਾਲਾਂਕਿ ਪਿਛਲੇ ਸਾਲ ਸੱਭਿਆਚਾਰ ਅਤੇ ਖੇਡਾਂ ਨਾਲ ਜੁੜੇ ਸਮਾਗਮ ਘੱਟ ਹੋਣ ਕਾਰਨ ਇਸ ਪਾਸੇ ਤੋਂ ਥੋੜ੍ਹੇ ਅੰਕ ਘਟੇ ਹਨ।
ਵਿਆਨਾ ਟੂਰਿਜ਼ਮ ਬੋਰਡ ਦੇ ਬੁਲਾਰੇ ਨਿਕੋਲੌਸ ਗਰੇਇਸਰ ਨੇ ਕਿਹਾ, ਜਦੋਂ ਵਿਆਨਾ ਦੇ ਲੋਕ ਕਿਸੇ ਫੇਰੀ ਤੋਂ ਘਰ ਆਉਂਦੇ ਹਨ ਤਾਂ ਪਹਿਲੇ ਕੰਮ ਜੋ ਉਹ ਕਰਦੇ ਹਨ ਉਸ ਵਿੱਚ ਸ਼ਾਮਲ ਹੈ ਕਿ ਉਹ ਟੂਟੀ ਤੋਂ ਝਰਨਿਆਂ ਦਾ ਤਾਜ਼ਾ ਪਾਣੀ ਪੀਂਦੇ ਹਨ। ਸਾਡੀਆਂ ਟੂਟੀਆਂ ਦਾ ਪਾਣੀ ਪਿਛਲੇ 150 ਸਾਲਾਂ ਤੋਂ ਸਿੱਧਾ ਆ ਰਿਹਾ ਹੈ।”
ਇਸ ਤੋਂ ਇਲਵਾ ਵੀ ਇੱਥੇ ਕੁਝ ਚੀਜ਼ਾਂ ਹਨ ਮਾਨਣ ਵਾਲੀਆਂ— ਨਿਊ ਦਨੂਬੇ ਵਿੱਚ ਵਿੰਡਸਰਫਿੰਗ, ਰਵਾਇਤੀ ਵਾਈਨ ਅਤੇ ਵਿਆਨਾ ਸਟੇਟ ਓਪੇਰਾ ਦੀ ਟਿਕਟ, ਜੋ ਤੁਹਾਨੂੰ 13 ਪੌਂਡ ਤੋਂ ਵੀ ਘੱਟ ਵਿੱਚ ਮਿਲ ਜਾਂਦੀ ਹੈ।
ਵਿਆਨਾ ਦੁਨੀਆਂ ਦੇ ਕੁਝ ਸ਼ਹਿਰਾਂ ਵਿੱਚੋਂ ਹੈ ਜਿਸ ਦੇ ਨਾਮ ਉੱਤੇ ਪੂਰਾ ਕੁਜ਼ੀਨ (ਖਾਣਾ ਬਣਾਉਣ ਦੀ ਕਲਾ) ਦਾ ਨਾਮ ਹੈ।
ਸ਼ਹਿਰ ਦੀ ਟਰਾਂਸਪੋਰਟ ਪ੍ਰਣਾਲੀ ਬਾਕਮਾਲ ਹੈ। ਜਿਸ ਵਿੱਚ ਇੱਕ ਪੌਂਡ ਦੇ ਪਾਸ ਨਾਲ ਤੁਸੀਂ ਸਾਰਾ ਦਿਨ ਸਫਰ ਕਰ ਸਕਦੇ ਹੋ। ਇੱਥੋਂ ਦੀ ਸਿਹਤ ਪ੍ਰਣਾਲੀ ਵੀ ਬਹੁਤ ਵਧੀਆ ਹੈ ਅਤੇ ਕਈ ਸਾਰੀਆਂ ਯੂਨੀਵਰਸਿਟੀਆਂ ਹਨ।
ਬੁਲਾਰੇ ਨੇ ਕਿਹਾ, “ਵਿਆਨਾ ਇੱਕ ਚੰਗੀ ਤਰ੍ਹਾਂ ਤੇਲ ਕੀਤੀ ਹੋਈ ਮਸ਼ੀਨ ਵਾਂਗ ਚਲਦਾ ਹੈ। ਵਿਆਨਾ ਵਿੱਚ ਉੱਤਰ ਯੂਰਪੀ ਸ਼ਹਿਰ ਦੀ ਕੁਸ਼ਲਤਾ ਅਤੇ ਦੱਖਣ ਯੂਰਪੀ ਸ਼ਹਿਰ ਦੀ ਤਰਜ਼ੇ ਜ਼ਿੰਦਗੀ ਦਾ ਸੁਮੇਲ ਹੈ।”
ਸ਼ਹਿਰ ਨੂੰ ਹੋਰ ਠੰਢਾ ਬਣਾਉਣ ਅਤੇ ਕਾਰਬਨ ਡਾਇਕਸਾਈਡ ਉਤਸਰਜਨ ਦੇ ਪੱਧਰਾਂ ਨੂੰ ਘਟਾਉਣ ਲਈ ਵੀ ਸਰਗਰਮ ਹੈ। ਸ਼ਹਿਰ ਵਿੱਚ ਜਿੱਥੇ ਕਦੇ ਪਾਰਕਿੰਗ ਦੀਆਂ ਥਾਵਾਂ ਸਨ ਉੱਤੇ ਨਿੱਕੇ-ਨਿੱਕੇ ਹਰੇ ਨਖ਼ਲਿਸਤਾਨ ਬਣਾਏ ਜਾ ਰਹੇ ਹਨ।
ਬੁਲਾਰੇ ਮੁਤਾਬਕ, “ਸ਼ਹਿਰ ਇਨ੍ਹਾਂ ਥਾਵਾਂ ਦੀ ਜ਼ਿੰਮੇਵਾਰੀ ਲੈ ਸਕਦੇ ਹਨ ਇੱਥੇ ਸਬਜ਼ੀਆਂ ਅਤੇ ਫੁੱਲ ਉਗਾ ਸਕਦੇ ਹਨ।”

ਤਸਵੀਰ ਸਰੋਤ, Getty Images
ਜ਼ਿਊਰਿਖ, ਸਵਿਟਜ਼ਰਲੈਂਡ
ਜ਼ਿਊਰਿਖ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਪੌਡੇ ਉੱਪਰ ਚੜ੍ਹ ਗਿਆ ਹੈ। ਇਸ ਨੇ ਸਿੱਖਿਆ ਅਤੇ ਸਿਹਤ ਪ੍ਰਣਾਲੀ ਵਿੱਚ ਆਪਣੇ ਅੰਕ ਸੁਧਾਰੇ ਹਨ ਅਤੇ ਸੱਭਿਆਚਾਰ ਅਤੇ ਬੁਨਿਆਦੀ ਢਾਂਚੇ ਵਿੱਚ ਵੀ ਸੁਧਾਰ ਕੀਤਾ ਹੈ।
ਸ਼ਹਿਰ ਦੇ ਵਾਸੀਆਂ ਨੂੰ ਇਸ ਦੇ ਸਰਕਾਰੀ ਸਰੋਤ ਅਤੇ ਸੁਰੱਖਿਆ ਦੀ ਭਾਵਨਾ ਬਹੁਤ ਪਸੰਦ ਹੈ।
ਪੀਪਲ ਲਾਈਕ ਅਸ ਹੋਮ ਐਕਸਚੇਂਜ ਦੇ ਮੁੱਖ ਮਾਰਕਿਟਿੰਗ ਅਧਿਕਾਰੀ ਐਲਗਜ਼ੈਂਡਰਾ ਹੰਬੇਲ ਮੁਤਾਬਕ, “ਬਿਨਾਂ ਕੁਝ ਸੋਚੇ ਕਿਸੇ ਵੀ ਸਮੇਂ ਸਰਕਾਰੀ ਟਰਾਂਸਪੋਰਟ ਫੜ ਲਓ ਅਤੇ ਦਿਨੇ ਤੁਹਾਨੂੰ ਘਰ ਦਾ ਬੂਹਾ ਬੰਦ ਕਰਨ ਦੀ ਲੋੜ ਨਹੀਂ ਹੈ। ਜ਼ਿਊਰਿਖ ਇਕੱਲਾ ਅਜਿਹਾ ਸ਼ਹਿਰ ਹੈ ਜਿੱਥੇ ਮੈਂ ਝੀਲ ਵਿੱਚ ਨਹਾਉਣ ਤੋਂ ਪਹਿਲਾਂ ਆਪਣਾ ਬਟੂਆ ਅਤੇ ਘੜੀ ਰੱਖ ਦਿੰਦਾ ਹਾਂ।”
ਹੰਬੇਲ ਸ਼ਹਿਰ ਦੀ ਸਾਫ-ਸਫਾਈ ਅਤੇ ਕੁਸ਼ਲ ਸਰਕਾਰੀ ਟਰਾਂਸਪੋਰਟ ਅਤੇ ਕੁਦਰਤ ਨਾਲ ਨਜ਼ਦੀਕੀ ਦੀ ਤਾਰੀਫ਼ ਕਰਦੇ ਹਨ।
ਜ਼ਿਊਰਿਖ ਨੂੰ ਆਪਣੇ ਤਕਤਨੀਕੀ ਬੁਨਿਆਦੀ ਢਾਂਚੇ ਅਤੇ ਪਹਿਲਕਦਕਮੀਆਂ ਜ਼ਰੀਏ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਕਾਰਨ ਦੁਨੀਆਂ ਦਾ ਸਭ ਤੋਂ ਸਮਾਰਟ ਸ਼ਹਿਰ ਐਲਾਨਿਆ ਗਿਆ ਹੈ।
“ਮੈਂ ਜ਼ਿਊਰਿਖ ਝੀਲ ਕੋਲ ਰਹਿੰਦਾ ਹਾਂ ਜੋ ਸ਼ਹਿਰ ਦੇ ਕੇਂਦਰ ਤੋਂ ਰੇਲ ਰਾਹੀਂ ਅੱਠ ਮਿੰਟ ਦੀ ਦੂਰੀ ਉੱਤੇ ਹੈ ਅਤੇ ਤਾਜ਼ੇ ਆਂਡੇ ਲੈਣ ਲਈ ਮੈਂ ਉੱਪਰ ਪਹਾੜਾਂ ਵਿੱਚ ਫਾਰਮ ਤੇ ਚਲਿਆ ਜਾਂਦਾ ਹਾਂ।”

“ਇਸ ਲਈ ਸਾਡੀ ਜੀਵਨ-ਸ਼ੈਲੀ ਕਮਾਲ ਹੈ, ਸਰਦੀਆਂ ਵਿੱਚ ਪਹਾੜਾਂ ਉੱਤੇ ਸਕੀਂਗ ਅਤੇ ਗਰਮੀਆਂ ਵਿੱਚ ਸਮੁੰਦਰ ਦੀਆਂ ਲਹਿਰਾਂ ਦੀ ਸਵਾਰੀ।”
ਨਾਓਵਾਟਾ ਸੋਪ ਦੇ ਮੋਢੀ ਰੁਸਲਨ ਮੇਡਨਾਸ ਕਹਿੰਦੇ ਹਨ, “ਕਲਪਨਾ ਕਰੋ ਜ਼ਿਊਰਿਖ ਦੇ ਹਰ ਹਿੱਸੇ ਨੂੰ ਜੋੜਨ ਵਾਲੀਆਂ ਸਾਈਕਲ ਲੇਨਾਂ ਉੱਤੇ ਸਾਈਕਲ ਚਲਾ ਰਹੇ ਹੋ। ਟਰੈਫ਼ਿਕ ਲਾਈਟਾਂ ਤੁਹਾਨੂੰ ਰੁਕਾਵਟ ਨਹੀਂ ਪਾਉਂਦੀਆਂ। ਇਹੀ ਜ਼ਿਊਰਿਖ ਹੈ।”
ਇਹ ਸ਼ਹਿਰ ਦੀ ਕੁਸ਼ਲ ਆਵਾਜਾਈ ਅਤੇ ਹੰਢਣਸਾਰਤਾ ਪ੍ਰਤੀ ਵਚਨਬਧਤਾ ਨੂੰ ਦਰਸਾਉਂਦਾ ਹੈ। ਸ਼ਹਿਰ ਵਿੱਚ ਚਲਦੀਆਂ ਬਿਜਲੀ ਦੀਆਂ ਬੱਸਾਂ ਆਪਣੇ ਰੁਕਣ ਦੀਆਂ ਥਾਵਾਂ ਉੱਤੋਂ ਹੀ ਮੁੜ ਚਾਰਜ ਹੋ ਜਾਂਦੀਆਂ ਹਨ ਅਤੇ ਲੇਟ ਨਹੀਂ ਹੁੰਦੀਆਂ।
ਜ਼ਿਊਰਿਖ ਵਿੱਚ ਬਹੁਤ ਸਾਰੇ ਸਟਾਰਟ ਅਪਸ ਹਨ ਜੋ ਵਿੱਤ-ਤਕਨੀਕੀ ਅਤੇ ਬਾਇਓ-ਟੈਕਨੌਲੋਜੀ ਵਿੱਚ ਕੰਮ ਕਰ ਰਹੇ ਹਨ। ਯੂਨੀਵਰਸਿਟੀਆਂ ਅਤੇ ਕਾਰਪੋਰੇਟ ਵਿੱਚ ਭਰਭੂਰ ਮਿਲਵਰਤਨ ਹੈ।
ਦੇਖਣ ਵਿੱਚ ਸ਼ਹਿਰ ਸਾਫ਼ ਲਗਦਾ ਹੈ। ਲੇਕਿਨ ਇਸਦਾ ਸਿਹਰਾ ਨਾਗਰਿਕਾਂ ਨੂੰ ਵੀ ਜਾਂਦਾ ਹੈ।
ਹੰਬੇਲ ਕਹਿੰਦੇ ਹਨ, “ਗੱਤਾ ਮਹੀਨੇ ਵਿੱਚ ਇੱਕ ਵਾਰ ਚੁੱਕਿਆ ਜਾਂਦਾ ਹੈ, ਲੇਕਿਨ ਇਹ ਧਾਗੇ ਨਾਲ ਬੰਨ੍ਹਿਆ ਹੋਣਾ ਚਾਹੀਦਾ ਹੈ, ਜੋ ਕਿ ਖਿਝਾਉਣ ਵਾਲਾ ਹੈ। ਲੇਕਿਨ ਇੱਕ ਸਾਫ ਸੁਥਰੇ ਵਾਤਾਵਰਣ ਵਿੱਚ ਰਹਿਣ ਲਈ ਇੰਨਾ ਤਾਂ ਕੀਤਾ ਹੀ ਜਾ ਸਕਦਾ ਹੈ।”
“ਅਸੀਂ ਵੱਡੇ ਖਤਰਿਆਂ ਅਤੇ ਚਿੰਤਾਵਾਂ ਤੋਂ ਮੁਕਤ ਹਾਂ ਜੋ ਮੈਂ ਦੇਖਦਾ ਹਾਂ ਕਿ ਹੋਰ ਥਾਵਾਂ ਉੱਤੇ ਬਹੁਤ ਹਨ। ਇੱਥੇ ਬਿਨਾਂ ਚਿੰਤਾ ਤੋਂ ਇੱਕ ਹਾਂਮੁਖੀ ਊਰਜਾ ਹੈ।”

ਤਸਵੀਰ ਸਰੋਤ, Getty Images
ਮੈਲਬੋਰਨ, ਆਸਟਰੇਲੀਆ
ਮਹਿੰਗੀ ਹੋਈ ਰਿਹਾਇਸ਼ ਕਾਰਨ ਆਸਟਰੇਲੀਆ ਦੇ ਦੇਵੇਂ ਸ਼ਹਿਰ ਸਿਡਨੀ ਅਤੇ ਮੈਲਬੋਰਨ ਦਰਜੇਬੰਦੀ ਵਿੱਚ ਹੇਠਾਂ ਆਏ ਹਨ। ਅਜਿਹਾ ਬੁਨਿਆਦੀ ਢਾਂਚੇ ਦੇ ਅੰਕਾਂ ਦੇ ਘਟਣ ਕਾਰਨ ਹੋਇਆ ਹੈ। ਲੇਕਿਨ ਮੈਲਬੋਰਨ ਸਿਰਫ਼ ਇੱਕ ਨੰਬਰ ਧਿਲਕ ਕੇ ਚੌਥੇ ਦਰਜੇ ਉੱਤੇ ਆਇਆ ਹੈ।
ਰਿਹਾਇਸ਼ ਦੀ ਕਮੀ ਦੇ ਬਾਵਜੂਦ ਸ਼ਹਿਰ ਦੇ ਲੋਕ ਇਸ ਦੀ ਸੱਭਿਆਚਾਰਕ ਭਿੰਨਤਾ ਅਤੇ ਖਾਣ-ਪਾਣ ਦੀ ਸਮਝ ਅਤੇ ਰਹਿਣ ਸਹਿਣ ਦੀ ਔਸਤ ਸੂਝ ਦੇ ਕਾਇਲ ਹਨ।
ਗੁਸ ਗਲੂਕ ਨੇਬਰਹੁੱਡ ਵਾਈਨ ਗਰੁੱਪ ਦੇ ਬਿਜ਼ਨੈਸ ਡਿਵਲੈਪਮੈਂਟ ਮੈਨੇਜਰ ਹਨ। ਉਹ ਕਹਿੰਦੇ ਹਨ,
“ਥੋੜ੍ਹੀ ਆਮਦਨ ਉੱਤੇ ਵੀ ਚੰਗਾ ਰਹਿਣ ਸਹਿਣ ਤੋਂ ਲੈ ਕੇ ਦਿਆਲੂ ਸ਼ਹਿਰੀ ਅਤੇ ਦੁਨੀਆਂ ਦਾ ਮੋਹਰੀ ਸੱਭਿਆਚਾਰਕ ਖੇਤਰ। ਮੈਲਬੋਰਨ ਤੁਹਾਡੀ ਕਲਪਨਾ ਨੂੰ ਖੰਭ ਲਗਾ ਦਿੰਦਾ ਹੈ।”
ਗਲੂਕ ਦਾ ਜਨਮ ਭਾਵੇਂ ਲੰਡਨ ਵਿੱਚ ਹੋਇਆ ਪਰ ਉਹ ਕਹਿੰਦੇ ਹਨ ਕਿ ਮੈਲਬੋਰਨ ਦੇ ਪੱਬ ਸਿਰਾ ਹਨ।
ਇੱਥੇ ਰਹਿੰਦੇ ਲੋਕ ਸ਼ਹਿਰ ਦੀ ਬੱਚਿਆਂ ਪ੍ਰਤੀ ਦੋਸਤਾਨਾ ਹੋਣ ਦੀ ਵਿਸ਼ੇਸ਼ਤਾ ਦੇ ਕਾਇਲ ਹਨ। ਇੱਥੇ ਬੱਚਿਆਂ ਦੀ ਕਿਫਾਇਤੀ ਦੇਖਭਾਲ, ਸੁਰੱਖਿਅਤ ਸੜਕਾਂ ਅਤੇ ਦੁਨੀਆਂ ਦੇ ਕੁਝ ਸਭ ਤੋਂ ਵਧੀਆ ਖੇਡ ਦੇ ਮੈਦਾਨ ਹਨ।
ਗਸਲੂਕ ਨਿਯਮਤ ਰੂਪ ਵਿੱਚ ਸ਼ਹਿਰ ਦੇ ਅਜਾਇਬ ਘਰ ਅਤੇ ਪ੍ਰਦਰਸ਼ਨੀਆਂ ਵਿੱਚ ਜਾਂਦੇ ਰਹਿੰਦੇ ਹਨ। ਜਿਵੇਂ— ਹਾਈਦ ਮੌਡਰਮ, ਸਟੇਟ ਲਾਇਬ੍ਰੇਰੀ ਵਗੈਰਾ।
ਇਸ ਸਮੇਂ ਸ਼ਹਿਰ ਦੀ ਦਿ ਨੈਸ਼ਨਲ ਗੈਲਰੀ ਆਫ ਵਿਕਟੋਰੀਆ ਲੰਡਨ ਦੇ ਬ੍ਰਿਟਿਸ਼ ਨੈਸ਼ਨਲ ਮਿਊਜ਼ਿਅਮ ਨਾਲ ਮਿਲ ਕੇ ਮਿਸਰ ਦੇ ਫੈਰੋਆਂ ਉੱਪਰ ਇੱਕ ਪ੍ਰਦਰਸ਼ਨੀ ਲਾ ਰਹੀ ਹੈ ਜੋ ਅਕਤੂਬਰ ਤੱਕ ਜਾਰੀ ਰਹੇਗੀ।
ਰੇਮੰਡ ਕਮਨਿਕੇਸ਼ਸ ਦੇ ਮੁਖੀ ਅਤੇ ਮੋਢੀ ਜੋਆਨਾ ਰੇਮੰਡ-ਬਰਨਸ ਦੱਸਦੇ ਹਨ,“ਕੁਦਰਤ ਵੀ ਇੱਥੇ ਭਰਭੂਰ ਮਨੋਰੰਜਨ ਮੁਹੱਈਆ ਕਰਦੀ ਹੈ। ਖੁਸ਼ ਨਸੀਬ ਹਾਂ ਕਿ ਮੈਂ ਕਿ ਮੈਂ ਪੋਰਟ ਫਿਲਿਪ ਬੇਅ ਦੇ ਕੋਲ ਰਹਿੰਦਾ ਹਾਂ। ਇਸ ਲਈ ਸਭ ਤੋਂ ਵਧੀਆ ਹੈ ਕੰਮ ਤੋਂ ਬਾਅਦ ਸ਼ਾਮ ਨੂੰ ਸਮੁੰਦਰ ਕਿਨਾਰੇ ਬੱਚਿਆਂ ਦੇ ਨਾਲ ਸੈਰ।”

ਤਸਵੀਰ ਸਰੋਤ, Getty Images
ਕੈਲਗਰੀ, ਕੈਨੇਡਾ
ਕੈਲਗਰੀ ਨੇ ਇਸ ਸਾਲ ਆਪਣੀ ਦਰਜੇਬੰਦੀ ਵਿੱਚ ਕੁਝ ਸੁਧਾਰ ਕੀਤਾ ਹੈ। ਆਪਣੀ ਸਥਿਰਤਾ, ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਅੰਕਾਂ ਸਦਕਾ, ਇਹ ਜਿਨੇਵਾ ਦੇ ਨਾਲ ਸਾਂਝੇ ਤੌਰ ਉੱਤੇ ਪੰਜਵੇਂ ਨੰਬਰ ਉੱਤੇ ਆਇਆ ਹੈ।
ਲੇਕਿਨ ਇਸਦੇ ਨਾਗਰਿਕ ਇਸਦੀ ਆਧੁਨਿਕ ਨੁਹਾਰ ਅਤੇ ਕੁਦਰਤ ਸੁੰਦਰਤਾ ਦੇ ਹਮੇਸ਼ਾ ਦੀਵਾਨੇ ਰਹਿੰਦੇ ਹਨ।
ਸਮਾਨਥਾ ਓਡੋ ਜੋ ਕਿ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਹਨ, ਕਹਿੰਦੇ ਹਨ, “ਕੀ ਤੁਸੀਂ ਕਿਸੇ ਠੰਢੀ ਸਵੇਰੇ ਦੇ ਦਿਨ ਰੌਕੀ ਪਹਾੜ ਜਾਂ ਕਿਸੇ ਨਿੱਘੀ ਸ਼ਾਮ ਨੂੰ ਘਾਹ ਦੇ ਮੈਦਾਨਾਂ ਪਿੱਛੇ ਢਲਦਾ ਸੂਰਜ ਦੇਖਿਆ ਹੈ।? ਇਹ ਤੁਹਾਡੇ ਸਾਹ ਰੋਕ ਦੇਵੇਗਾ!”
ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਮੈਂ ਇਸ ਸਾਰੀ ਕੁਦਰਤੀ ਸੁੰਦਰਤਾ ਤੱਕ ਆਪਣੇ ਘਰ ਤੋਂ ਕੁਝ ਮਿੰਟਾਂ ਦੀ ਦੂਰੀ ਉੱਤੇ ਹੀ ਪਹੁੰਚ ਸਕਦੀ ਹਾਂ।
ਉਨ੍ਹਾਂ ਨੂੰ ਫਿਸ਼ ਕਰੀਕ ਪਾਰਕ ਵਿੱਚ ਹਾਈਕਿੰਗ ਕਰਨਾ ਅਤੇ ਬੋਅ ਨਦੀ ਦੇ ਨਾਲ-ਨਾਲ ਸੈਰ ਕਰਨਾ ਖਾਸ ਤੌਰ ਉੱਤੇ ਪਸੰਦ ਹੈ।
ਕੈਲਗਰੀ ਦੀ ਸੱਭਿਆਚਾਰਕ ਜ਼ਿੰਦਗੀ ਵੀ ਰੁਝੇਵਿਆਂ ਭਰਭੂਰ ਹੈ। ਇੱਥੇ ਵਿਸ਼ਵ ਪੱਧਰੀ ਅਜਾਇਬ ਘਰ, ਕਲਾ ਗੈਲਰੀਆਂ, ਅਤੇ ਪਰਫਾਰਮੈਂਸ ਲਈ ਥਾਵਾਂ ਹਨ। ਲੇਕਿਨ ਕੈਲਗਰੀ ਸੈਂਟਪੀਡ, ਇਸ ਸਾਲ ਦੀ ਖਿੱਚ ਹੈ।
ਕੈਲਗਰੀ ਸਟੈਂਪੀਡ 10 ਦਿਨਾਂ ਤੱਕ ਚੱਲਂਣ ਵਾਲਾ ਦੁਨੀਆਂ ਦਾ ਬਿਹਤਰੀਨ ਆਊਟਡੋਰ ਫੈਸਟੀਵਲ ਹੈ। ਇਥੇ ਮੌਜ-ਮਸਤੀ ਤੋਂ ਲੈ ਕੇ ਖਾਣੇ ਤੱਕ ਦੇ ਅਣਗਿਣਤ ਵਿਕਲਪ ਹੁੰਦੇ ਹਨ।
ਫਿਲ ਓਲੇਨਬਰਗ ਕੈਲਗਰੀ ਵਿੱਚ 10 ਸਾਲ ਪਹਿਲਾਂ ਆਕੇ ਵਸੇ ਸਨ ਅਤੇ ਉਹ ਕਹਿੰਦੇ ਹਨ ਕਿ ਉਹ ਹਰ ਸਾਲ ਦਸੇ ਦਿਨ ਇਸ ਫੈਸਟੀਵਲ ਵਿੱਚ ਸ਼ਾਮਲ ਹੁੰਦੇ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੈਲਗਰੀ ਵਿੱਚ ਵਸਣ ਦਾ ਫੈਸਲਾ ਇਸਦੀ ਊਰਜਾ, ਮਹੱਤਵਕਾਂਸ਼ਾ ਅਤੇ ਸੁੰਦਰਤਾ ਕਾਰਨ ਲਿਆ ਅਤੇ ਉਨ੍ਹਾਂ ਨੂੰ ਇੱਥੋਂ ਦਾ ਫੈਸਟੀਵਲ, ਕਲਾ ਅਤੇ ਸੰਗੀਤ ਖਾਸ ਤੌਰ ਉੱਤੇ ਪਸੰਦ ਹੈ।
ਕੈਲਗਰੀ ਦੇ 17ਥ ਐਵਨਿਊ ਸਾਊਥ ਅਤੇ ਸਟੀਫਨ ਐਵਿਨਊ ਹਰ ਹਫਤੇ ਦੇ ਅੰਤ ਵਿੱਚ ਮਨੋਰੰਜਨ ਅਤੇ ਰਾਤ ਦੀ ਜ਼ਿੰਦਗੀ ਨਾਲ ਸਜੀਵ ਹੋ ਉੱਠਦੇ ਹਨ।
ਉਹ ਕਹਿੰਦੇ ਹਨ ਕਿ ਡਾਊਨ ਟਾਊਨ ਵਿੱਚ ਰਹਿਣ ਕਾਰਨ ਉਹ ਸਹਿਜੇ ਹੀ ਆਪਣੇ ਕੰਮ ਅਤੇ ਸਮਾਗਮਾਂ ਉੱਤੇ ਪਹੁੰਚ ਸਕਦੇ ਹਨ।
ਭਾਵੇਂ ਕਿ ਕੈਲਗਰੀ ਕਾਰ ਕੇਂਦਰਿਤ ਹੋਣ ਕਾਰਨ ਜਾਣਿਆ ਜਾਂਦਾ ਹੈ ਲੇਕਿਨ ਇੱਥੋਂ ਦਾ ਸਰਕਾਰੀ ਟਰਾਂਸਪੋਰਟ ਵੀ ਘੱਟ ਨਹੀਂ ਹੈ। ਇੱਥੋਂ ਦੀ ਲਾਈਟ-ਰੇਲ ਟ੍ਰਾਂਜ਼ਿਟ ਪੂਰੇ ਉੱਤਰੀ ਅਮਰੀਕਾ ਵਿੱਚ ਆਪਣੇ ਕਿਸਮ ਦੀ ਪਹਿਲੀ ਰੇਲ ਸੇਵਾ ਸੀ।

ਤਸਵੀਰ ਸਰੋਤ, Getty Images
ਓਸਾਕਾ, ਜਪਾਨ
ਜਪਾਨ ਦਾ ਤੀਜਾ ਸਭ ਤੋਂ ਸੰਘਣੀ ਅਬਾਦੀ ਵਾਲਾ ਸ਼ਹਿਰ, ਓਸਾਕਾ।
ਸਰਬੋਤਮ ਸਥਿਰਤਾ, ਸਿਹਤ ਸਹੂਲਤਾਂ ਸਿੱਖਿਆ ਵਿੱਚ ਹਾਸਲ ਅੰਕਾਂ ਕਾਰਨ ਇਹ ਸ਼ਹਿਰ ਔਕਲੈਂਡ ਦੇ ਨਾਲ ਨੌਵੇਂ ਨੰਬਰ ਉੱਤੇ ਹੈ।
ਸ਼ਹਿਰ ਨੇ ਬੁਨਿਆਦੀ ਢਾਂਚੇ ਉੱਤੇ ਵੀ ਚੰਗੇ ਅੰਕ ਹਾਸਲ ਕੀਤੇ ਹਨ। ਇੱਥੋਂ ਦੇ ਲੋਕਾਂ ਨੂੰ ਉਹ ਸਹੂਲਤ ਪਸੰਦ ਹੈ ਜੋ ਛੋਟੇ ਸ਼ਹਿਰਾਂ ਵਿੱਚ ਹੁੰਦੀ ਹੈ ਲੇਕਿਨ ਇੱਥੇ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ।
ਟਾਈਨੀ ਟੋਟ ਇਨ ਟੋਕੀਓ ਦੇ ਮਾਲਕ ਕੇਅ ਏ ਕਹਿੰਦੇ ਹਨ, ਓਸਾਕਾ ਟੋਕੀਓ ਜਿੰਨਾ ਰੁੱਝਿਆ ਹੋਇਆ ਅਤੇ ਵੱਡਾ ਹੀ ਨਹੀਂ ਹੈ ਸਗੋਂ, ਉਸ ਨਾਲੋਂ ਕਿਤੇ ਘੱਟ ਬੋਝਲ ਹੈ ਪਰ ਸ਼ਾਂਤ ਹੈ।
ਕੇਅ ਏ ਕਰੀਬ 2021 ਵਿੱਚ ਟੋਕੀਓ ਤੋਂ ਓਸਾਕਾ ਆ ਕੇ ਵਸੇ ਸਨ।
ਰੇਲ ਗੱਡੀਆਂ ਬਹੁਤ ਹਨ ਅਤੇ ਆਮ ਚਲਦੀਆਂ ਹਨ ਅਤੇ ਖਰੀਦਾਰੀ ਕਰਨ ਲਈ ਵੀ ਚੰਗੀਆਂ ਥਾਵਾਂ ਹਨ।
ਇੱਥੋਂ ਦਾ ਖਾਣ-ਪਾਣ ਵੀ ਇੱਥੋਂ ਦੀ ਜ਼ਿੰਦਗੀ ਨੂੰ ਹੋਰ ਅਨੰਦ ਭਰਭੂਰ ਬਣਾ ਦਿੰਦਾ ਹੈ। ਓਸਾਕਾ ਵਿੱਚ ਮਿਲਣ ਵਾਲਾ ਖਾਣਾ ਜਪਾਨ ਵਿੱਚ ਮਿਲਣ ਵਾਲੇ ਸਭ ਤੋਂ ਵਧੀਆ ਖਾਣਿਆਂ ਵਿੱਚੋਂ ਇੱਕ ਹੈ। ਸ਼ਹਿਰ ਨੂੰ ਜਪਾਨ ਦੀ ਰਸੋਈ ਕਿਹਾ ਜਾਂਦਾ ਹੈ। ਉਹ ਕਹਿੰਦੇ ਹਨ, “ਇਹ ਕਿਫਾਇਤੀ ਹੈ ਇਸ ਲਈ ਅਸੀਂ ਅਕਸਰ ਬਾਹਰ ਖਾਂਦੇ ਹਾਂ।”
ਓਸਾਕਾ ਦੀ ਭੂਗੋਲਿਕ ਸਥਿਤੀ ਕਾਰਨ ਇੱਕ ਦਿਨ ਦੀ ਸੈਰ ਕਰਨ ਲਈ ਕਿਤੇ ਵੀ ਜਾਇਆ ਜਾ ਸਕਦਾ ਹੈ। ਕੇਅ ਦਾ ਪਰਿਵਾਰ ਹਫ਼ਤੇ ਦੇ ਅੰਤ ਦੀਆਂ ਛੁੱਟੀਆਂ ਦੌਰਾਨ, ਕਿਓਟੋ, ਹਿਓਗੋ, ਨਾਰਾ, ਸ਼ਿੰਗਾ ਅਤੇ ਵਾਕਿਯਾਮਾ ਜਾਣਾ ਪਸੰਦ ਕਰਦਾ ਹੈ।
ਕੇਅ ਦੱਸਦੇ ਹਨ ਕਿ ਇੱਥੇ ਘੁੰਮਣ ਲਈ ਕੁਦਰਤੀ ਥਾਵਾਂ ਤੋਂ ਇਲਾਵਾ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਅਤੇ ਧਾਰਮਿਕ ਸਥਾਨ ਹਨ।
ਉਹ ਦੱਸਦੇ ਹਨ ਕਿ ਇੱਥੋਂ ਦੇ ਲੋਕ ਬੜੇ ਦਿਆਲੂ ਹਨ। ਜਦੋਂ ਉਹ ਆਪਣੀ ਛੋਟੀ ਬੇਟੀ ਨਾਲ ਪਹਿਲੀ ਵਾਰ ਇੱਥੇ ਆਏ ਤਾਂ ਹੈਰਾਨ ਰਹਿ ਗਏ ਕਿ ਉਨ੍ਹਾਂ ਨੂੰ ਸੀਟ ਦੇ ਦਿੱਤੀ ਗਈ। ਟੋਕੀਓ ਵਿੱਚ ਅਜਿਹਾ ਕਦੇ ਨਹੀਂ ਹੁੰਦਾ। ਉਹ ਕਹਿੰਦੇ ਹਨ ਕਿ ਓਸਾਕਾ ਵਿੱਚ ਦੋਸਤ ਬਣਾਉਣਾ ਬਹੁਤ ਸੌਖਾ ਹੈ।

ਰਹਿਣਯੋਗਤਾ ਸੂਚਕਅੰਕ 2024 ਵਿੱਚ ਸ਼ਹਿਰਾਂ ਦੀ ਦਰਜੇਬੰਦੀ
1. ਵਿਆਨਾ
2. ਕੋਪਨਗੇਹਨ
3. ਜ਼ਿਊਰਿਖ
4. ਮੈਲਬੋਰਨ
5. ਕੈਲਗਰੀ/ਜਿਨਵਾ
7. ਸਿਡਨੀ/ਵੈਨਕੂਵਰ
9. ਓਸਾਕਾ/ਔਕਲੈਂਡ













