ਕਰਜ਼ੇ ਹੇਠ ਦੱਬੇ ਮਜ਼ਦੂਰ ਨੂੰ ਕਰੀਬ 80 ਲੱਖ ਦੀ ਕੀਮਤ ਦਾ ਹੀਰਾ ਲੱਭਿਆ

- ਲੇਖਕ, ਸ਼ੈਰੀਲਨ ਮੋਲਨ
- ਰੋਲ, ਬੀਬੀਸੀ ਪੱਤਰਕਾਰ
ਮੱਧ ਪ੍ਰਦੇਸ਼ ਦਾ ਇੱਕ ਮਜ਼ਦੂਰ ਰਾਤੋ-ਰਾਤ ਅਮੀਰ ਹੋ ਗਿਆ ਹੈ। ਰਾਜੂ ਗੋਂਡ ਨੇ ਪੰਨਾ ਜ਼ਿਲ੍ਹੇ 'ਚ ਠੇਕੇ 'ਤੇ ਲਈ ਗਈ ਇੱਕ ਖਾਣ ਨੂੰ ਪੁੱਟਦਿਆਂ ਇੱਕ ਵੱਡਾ ਹੀਰਾ ਲੱਭਿਆ ਹੈ।
ਇਹ 19.22 ਕੈਰੇਟ ਦਾ ਇਹ ਹੀਰਾ ਸਰਕਾਰੀ ਨਿਲਾਮੀ ਵਿੱਚ ਕਰੀਬ 80 ਲੱਖ ਰੁਪਏ ਵਿੱਚ ਵਿਕਿਆ ਹੈ।
ਰਾਜੂ ਗੌਂਡ ਨੇ ਕਿਹਾ ਹੈ ਕਿ ਉਹ ਪਿਛਲੇ ਦਸ ਸਾਲਾਂ ਤੋਂ ਪੰਨਾ ਵਿਖੇ ਖਾਣਾਂ ਠੇਕੇ 'ਤੇ ਲੈ ਰਿਹਾ ਹੈ।
ਪੰਨਾ ਆਪਣੇ ਹੀਰਿਆਂ ਲਈ ਮਸ਼ਹੂਰ ਹੈ।
ਇੱਥੇ ਕਈ ਲੋਕ ਸਰਕਾਰ ਤੋਂ ਠੇਕੇ 'ਤੇ ਖਾਣਾਂ ਲੈ ਕੇ ਹੀਰੇ ਲੱਭਣ ਦੀ ਕੋਸ਼ਿਸ਼ ਕਰਦੇ ਹਨ।
ਕੇਂਦਰ ਸਰਕਾਰ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਮਡੀਸੀ) ਰਾਹੀਂ ਪੰਨਾ ਵਿੱਚ ਇੱਕ ਮਸ਼ੀਨੀ ਹੀਰਾ ਮਾਈਨਿੰਗ ਪ੍ਰੋਜੈਕਟ ਚਲਾਉਂਦੀ ਹੈ।
ਐੱਨਐੱਮਡੀਸੀ ਖਾਣਾਂ ਨਿੱਜੀ ਲੋਕਾਂ ਨੂੰ ਤੇ ਸਹਿਕਾਰੀ ਸਮੂਹਾਂ ਨੂੰ ਠੇਕੇ 'ਤੇ ਦਿੱਤੀਆਂ ਜਾਂਦੀਆਂ ਹਨ।
ਇਹ ਲੋਕ ਛੋਟੇ ਔਜ਼ਾਰਾਂ ਦੀ ਵਰਤੋਂ ਕਰਕੇ ਹੀਰੇ ਲੱਭਣ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਲੋਕਾਂ ਨੂੰ ਜੋ ਵੀ ਖੋਦਾਈ ਦੌਰਾਨ ਮਿਲਦਾ ਹੈ, ਉਸ ਨੂੰ ਸਰਕਾਰੀ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ।
ਇਹ ਦਫ਼ਤਰ ਹੀਰਿਆਂ ਦਾ ਮੁਲਾਂਕਣ ਕਰਦਾ ਹੈ।

ਖਾਣਾਂ ਠੇਕੇ 'ਤੇ ਉਪਲਬਧ ਹਨ
ਮੱਧ ਪ੍ਰਦੇਸ਼ ਸਰਕਾਰ ਦੇ ਇੱਕ ਅਧਿਕਾਰੀ ਅਨੁਪਮ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਇਹ ਖਾਣਾਂ ਇੱਕ ਨਿਸ਼ਚਿਤ ਸਮੇਂ ਲਈ 200-250 ਰੁਪਏ ਵਿੱਚ ਠੇਕੇ 'ਤੇ ਦਿੱਤੀਆਂ ਗਈਆਂ ਹਨ।"
ਸਾਲ 2018 ਵਿੱਚ, ਬੁੰਦੇਲਖੰਡ ਦੇ ਇੱਕ ਮਜ਼ਦੂਰ ਨੂੰ ਪੰਨਾ ਵਿੱਚ ਹੀ 1.5 ਕਰੋੜ ਰੁਪਏ ਦਾ ਹੀਰਾ ਮਿਲਿਆ ਸੀ।
ਹਾਲਾਂਕਿ, ਅਜਿਹੇ ਮਹਿੰਗੇ ਹੀਰੇ ਲੱਭਣ ਦੀਆਂ ਘਟਨਾਵਾਂ ਆਮ ਨਹੀਂ ਹਨ।
ਅਨੁਪਮ ਸਿੰਘ ਦਾ ਕਹਿਣਾ ਹੈ ਕਿ ਹਰ ਰੋਜ਼ ਕਈ ਲੋਕ ਛੋਟੇ-ਛੋਟੇ ਹੀਰੇ ਲਗਾਉਂਦੇ ਰਹਿੰਦੇ ਹਨ।
ਪਰ ਗੌਂਡ ਨੂੰ ਮਿਲਿਆ ਹੀਰਾ ਆਪਣੇ ਆਕਾਰ ਕਾਰਨ ਉਤਸੁਕਤਾ ਦਾ ਵਿਸ਼ਾ ਬਣ ਗਿਆ।

ਰਾਜੂ ਗੌਂਡ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦੇ ਪਿਤਾ ਨੇ ਪੰਨਾ ਨੇੜੇ ਕ੍ਰਿਸ਼ਨਾ ਕਲਿਆਣਪੁਰ ਪੱਤੀ ਪਿੰਡ ਵਿੱਚ ਦੋ ਮਹੀਨੇ ਪਹਿਲਾਂ ਇੱਕ ਖਾਣ ਠੇਕੇ 'ਤੇ ਲਈ ਸੀ।
ਰਾਜੂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਖੇਤਾਂ ਵਿੱਚ ਕੋਈ ਕੰਮ ਨਹੀਂ ਹੁੰਦਾ।
ਇਸ ਲਈ ਉਸ ਦਾ ਪਰਿਵਾਰ ਪੰਨਾ 'ਚ ਠੇਕੇ 'ਤੇ ਇੱਕ ਖਾਣ ਲੈ ਕੇ ਹੀਰੇ ਲੱਭਣ ਦਾ ਕੰਮ ਕਰਦਾ ਹੈ।
ਰਾਜੂ ਨੇ ਕਿਹਾ, “ਅਸੀਂ ਗਰੀਬ ਲੋਕ ਹਾਂ। ਸਾਡੇ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ। ਇਸ ਲਈ ਅਸੀਂ ਇਹ ਸਭ ਕੁਝ ਕਮਾਉਣ ਦੀ ਉਮੀਦ ਨਾਲ ਕਰਦੇ ਹਾਂ।”
ਰਾਜੂ ਨੇ ਕੀਮਤੀ ਹੀਰੇ ਲੱਭਣ ਦੀਆਂ ਕਈ ਕਹਾਣੀਆਂ ਸੁਣੀਆਂ ਸਨ ਅਤੇ ਉਨ੍ਹਾਂ ਨੂੰ ਆਸ ਸੀ ਕਿ ਇੱਕ ਦਿਨ ਉਹ ਵੀ ਇੱਕ ਕੀਮਤੀ ਹੀਰਾ ਲੱਭ ਲੈਣਗੇ।

ਕਿਵੇਂ ਮਿਲਿਆ ਸੋਨਾ
ਬੁੱਧਵਾਰ ਸਵੇਰੇ ਰਾਜੂ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਠੇਕੇ 'ਤੇ ਲਈ ਹੋਈ ਖਾਣ 'ਤੇ ਪਹੁੰਚ ਗਿਆ।
ਰਾਜੂ ਗੋਂਡ ਆਪਣੇ ਕੰਮ ਬਾਰੇ ਕਹਿੰਦੇ ਹਨ, "ਇਹ ਬਹੁਤ ਸਖ਼ਤ ਕੰਮ ਹੈ। ਅਸੀਂ ਇੱਕ ਮੋਰੀ ਪੁੱਟਦੇ ਹਾਂ, ਮਿੱਟੀ ਅਤੇ ਪੱਥਰ ਕੱਢਦੇ ਹਾਂ। ਅਸੀਂ ਉਨ੍ਹਾਂ ਨੂੰ ਇੱਕ ਛਾਣਨੀ ਵਿੱਚ ਧੋਦੇ ਹਾਂ ਅਤੇ ਫਿਰ ਧਿਆਨ ਨਾਲ ਛੋਟੇ ਪੱਥਰਾਂ ਵਿੱਚ ਹੀਰੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ।"
ਬੁੱਧਵਾਰ ਦੁਪਹਿਰ ਉਨ੍ਹਾਂ ਦੀ ਮਿਹਨਤ ਰੰਗ ਲਿਆਈ।
ਉਹ ਕਹਿੰਦੇ ਹਨ, “ਮੈਂ ਪੱਥਰਾਂ ਨੂੰ ਧੋ ਰਿਹਾ ਸੀ ਅਤੇ ਫਿਰ ਮੈਂ ਇੱਕ ਟੁਕੜਾ ਦੇਖਿਆ ਜੋ ਕੱਚ ਵਰਗਾ ਸੀ।”
“ਮੈਂ ਇਸਨੂੰ ਚੁੱਕਿਆ ਅਤੇ ਇਸਨੂੰ ਧਿਆਨ ਨਾਲ ਦੇਖਿਆ, ਮੈਂ ਇੱਕ ਹਲਕੀ ਰੋਸ਼ਨੀ ਦੇਖੀ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਹੀਰਾ ਮਿਲ ਗਿਆ ਹੈ।”

ਬੱਚਿਆਂ ਦੀ ਪੜ੍ਹਾਈ ਅਤੇ ਬਿਹਤਰ ਘਰ ਦਾ ਸੁਪਨਾ
ਇਸ ਤੋਂ ਬਾਅਦ ਰਾਜੂ ਗੌਂਡ ਖੋਜੇ ਗਏ ਹੀਰੇ ਨੂੰ ਸਰਕਾਰੀ ਹੀਰਾ ਦਫ਼ਤਰ ਲੈ ਗਏ।
ਉੱਥੇ ਹੀਰੇ ਨੂੰ ਤੋਲਿਆ ਗਿਆ ਅਤੇ ਇਸਦੇ ਮੁੱਲ ਦਾਂ ਅੰਦਾਜ਼ਾ ਲਾਇਆ ਗਿਆ।
ਅਨੁਪਮ ਸਿੰਘ ਨੇ ਦੱਸਿਆ ਕਿ ਅਗਲੀ ਸਰਕਾਰੀ ਨਿਲਾਮੀ ਵਿੱਚ ਹੀਰੇ ਦੀ ਬੋਲੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹੀਰੇ 'ਤੇ ਸਰਕਾਰੀ ਰਾਇਲਟੀ ਅਤੇ ਟੈਕਸ ਕੱਟਣ ਤੋਂ ਬਾਅਦ ਬਾਕੀ ਰਕਮ ਰਾਜੂ ਗੌਂਡ ਨੂੰ ਦਿੱਤੀ ਜਾਵੇਗੀ।
ਰਾਜੂ ਗੌਂਡ ਦਾ ਕਹਿਣਾ ਹੈ ਕਿ ਹੀਰਾ ਵੇਚਣ ਤੋਂ ਬਾਅਦ ਜੋ ਪੈਸਾ ਮਿਲੇਗਾ ਉਹ ਉਸ ਦੀ ਵਰਤੋਂ ਆਪਣੇ ਪਰਿਵਾਰ ਲਈ ਵਧੀਆ ਘਰ ਅਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰਨ ਲਈ ਕਰਨਾ ਚਾਹੁੰਦਾ ਹੈ।
ਪਰ ਸਭ ਤੋਂ ਪਹਿਲਾਂ ਉਹ ਕਰਜ਼ੇ ਵਜੋਂ ਲਏ ਪੰਜ ਲੱਖ ਰੁਪਏ ਵਾਪਸ ਕਰਨਾ ਚਾਹੁੰਦਾ ਹੈ।
ਰਾਜੂ ਨੂੰ ਬਿਲਕੁਲ ਵੀ ਡਰ ਨਹੀਂ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਵੱਡੀ ਰਕਮ ਬਾਰੇ ਦੁਨੀਆਂ ਨੂੰ ਪਤਾ ਲੱਗ ਜਾਵੇਗਾ।
ਉਹ ਆਪਣੇ ਨਾਲ ਰਹਿ ਰਹੇ 19 ਲੋਕਾਂ ਵਿੱਚ ਪ੍ਰਾਪਤ ਹੋਈ ਰਾਸ਼ੀ ਨੂੰ ਵੰਡਣਗੇ।
ਹਾਲ ਦੀ ਘੜੀ ਉਹ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਉਨ੍ਹਾਂ ਦੇ ਖਾਤੇ 'ਚ ਵੱਡੀ ਰਕਮ ਆਉਣ ਵਾਲੀ ਹੈ।
ਆਖ਼ਰਕਾਰ ਰਾਜੂ ਗੋਂਡ ਕਹਿੰਦੇ ਹਨ, “ਕੱਲ੍ਹ ਮੈਂ ਦੁਬਾਰਾ ਉਸੇ ਖਾਣ ਵਿੱਚ ਕੰਮ ਕਰਨ ਜਾਵਾਂਗਾ ਅਤੇ ਮੈਂ ਫਿਰ ਤੋਂ ਹੀਰੇ ਦੀ ਭਾਲ ਸ਼ੁਰੂ ਕਰਾਂਗਾ।”












