ਸਕੌਰਪੀਓ ਤੇ ਥਾਰ ਦੇਣ ਦੇ ਨਾਂ ’ਤੇ ਕਿਵੇਂ ਚੱਲ ਰਿਹਾ ਪੰਜਾਬ 'ਚ ਕਰੋੜਾਂ ਦਾ ਗ਼ੈਰਕਾਨੂੰਨੀ ਲੱਕੀ ਡਰਾਅ ਦਾ ਧੰਦਾ

ਤਸਵੀਰ ਸਰੋਤ, rajesh kumar/BBC
- ਲੇਖਕ, ਗਗਨਦੀਪ ਸਿੰਘ ਜੱਸੋਵਾਲ
- ਰੋਲ, ਬੀਬੀਸੀ ਪੱਤਰਕਾਰ
"ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੇ ਪਿੰਡ 'ਭਾਗੀ ਵਾਂਦਰ' ਵਿੱਚ ਖੜ੍ਹੇ ਹਾਂ, ਜਿੱਥੇ 'ਕਾਲੀ ਥਾਰ' ਦਾ ਡਰਾਅ ਹੈ, ਤੁਸੀਂ ਨਿਊ ਹਾਲੈਂਡ ਟਰੈਕਟਰ ਲੈ ਜਾਓ ਜਾਂ ਫਿਰ ਨਗਦ ਇਨਾਮ।''
''ਇਸ ਡਰਾਅ ਦੇ ਨਤੀਜੇ 13 ਅਗਸਤ ਨੂੰ ਐਲਾਨੇ ਜਾਣਗੇ। ਤੁਸੀਂ ਪੈਸਿਆਂ ਦਾ ਆਨਲਾਈਨ ਭੁਗਤਾਨ ਕਰਕੇ ਲੱਕੀ ਡਰਾਅ ਦੇ ਕੂਪਨ (ਟਿਕਟ) ਪ੍ਰਾਪਤ ਕਰ ਸਕਦੇ ਹੋ, ਜਲਦੀ ਕਰੋ ਬਹੁਤ ਥੋੜ੍ਹੇ ਦਿਨ ਰਹਿ ਗਏ ਹਨ।"
ਇਸ ਤਰ੍ਹਾਂ ਇੱਕ ਵਲੋਗਰ (ਜਿਨ੍ਹਾਂ ਨੂੰ ਪਿੰਡਾਂ ਵਿੱਚ ਯੂ-ਟਿਊਬਰ ਕਹਿੰਦੇ ਹਨ) ਬਠਿੰਡਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਅਤੇ ਆਨਲਾਈਨ ਭੁਗਤਾਨਾਂ ਰਾਹੀਂ ਚਲਾਈ ਜਾ ਰਹੀ ਗ਼ੈਰ-ਕਾਨੂੰਨੀ ਲੱਕੀ ਡਰਾਅ ਸਕੀਮ ਦਾ ਫੇਸਬੁੱਕ ਅਤੇ ਯੂਟਿਊਬ ’ਤੇ ਪ੍ਰਚਾਰ ਕਰਦਾ ਹੈ।
200 ਦੇ ਕਰੀਬ ਬੰਦੇ ਪਿੰਡ ਭਾਗੀ ਵਾਂਦਰ ਵਿਖੇ 13 ਅਗਸਤ ਨੂੰ ਸ਼ਾਮ ਵੇਲੇ ਕੱਢੇ ਜਾਣ ਵਾਲੇ ‘ਨੂਰ ਲੱਕੀ ਡਰਾਅ’ ਦੇ ਨਤੀਜਿਆਂ ਦੀ ਗੁਰਦੁਆਰਾ ਸਾਹਿਬ ਦੇ ਵਿਹੜੇ ਵਿੱਚ ਉਡੀਕ ਕਰ ਰਹੇ ਸਨ।

ਤਸਵੀਰ ਸਰੋਤ, rajesh kumar/bbc
ਇਸ ਦੌਰਾਨ ਡਰਾਅ ਕਰਵਾਉਣ ਲਈ ਗੁਰਦੁਆਰੇ ਦੇ ਅੰਦਰ ਵੇਚੇ ਗਏ ਕੂਪਨ (ਰਸੀਦਾਂ) ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਵਿੱਚ 30 ਤੋਂ ਵੱਧ ਆਦਮੀ ਸ਼ਾਮਲ ਸਨ।
ਇਸ ਤੋਂ ਇਲਾਵਾ, ਲਗਭਗ 20 ਯੂ-ਟਿਊਬਰ ਆਪਣੇ ਮੋਬਾਈਲਾਂ ਨਾਲ ਲੱਕੀ ਡਰਾਅ ਨੂੰ ਆਪਣੇ ਸਬੰਧਤ ਫੇਸਬੁੱਕ ਪੇਜਾਂ ਜਾਂ ਚੈਨਲਾਂ 'ਤੇ ਲਾਈਵ ਪ੍ਰਸਾਰਿਤ ਕਰਨ ਲਈ ਤਿਆਰ ਬਰ ਤਿਆਰ ਸਨ।
ਰਾਤ 8 ਵਜੇ ਲੱਕੀ ਡਰਾਅ ਕੱਢਣ ਲਈ ਸਾਰੇ ਕੂਪਨਾਂ ਨੂੰ ਇੱਕ ਵੱਡੇ ਸ਼ੀਸ਼ੇ ਦੇ ਬਕਸੇ ਵਿੱਚ ਰੱਖ ਕੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਹਾਲ ਵਿੱਚ ਲਿਆਇਆ ਜਾਂਦਾ ਹੈ, ਜਿੱਥੇ ਚਾਰ ਫਲੱਡ ਲਾਈਟਾਂ ਵੀ ਲਗਾਈਆਂ ਗਈਆਂ ਸਨ।
ਜ਼ਿਆਦਾ ਹੁੰਮਸ ਹੋਣ ਕਰਕੇ ਸਾਰੇ ਬੰਦਿਆਂ ਨੂੰ ਬਹੁਤ ਪਸੀਨਾ ਆ ਰਿਹਾ ਸੀ, ਪਰ ਫਿਰ ਵੀ ਸਾਰਿਆਂ ਦੀਆਂ ਨਜ਼ਰਾਂ ਲੱਕੀ ਡਰਾਅ 'ਤੇ ਟਿਕੀਆਂ ਹੋਈਆਂ ਸਨ।
ਇਸ ਤੋਂ ਬਾਅਦ, ਲੱਕੀ ਡਰਾਅ ਦੇ ਪ੍ਰਬੰਧਕਾਂ ਨੇ ਮਾਇਕ ਰਾਹੀਂ ਬੇਨਤੀ ਕੀਤੀ ਕਿ ਹਾਜ਼ਰੀਨ ਵਿੱਚੋਂ ਕੋਈ ਵੀ ਬੱਚਾ ਅੱਗੇ ਆ ਕੇ ਪਹਿਲੇ ਇਨਾਮ ਜੋ ਕਿ 'ਮਹਿੰਦਰਾ ਥਾਰ' ਸੀ, ਲਈ ਇੱਕ ਕੂਪਨ ਕੱਢ ਸਕਦਾ ਹੈ।

ਤਸਵੀਰ ਸਰੋਤ, rajesh kumar/bbc
ਇਸ ਤੋਂ ਬਾਅਦ ਇੱਕ ਬੱਚਾ ਅੱਗੇ ਆਇਆ ਅਤੇ ਉਸ ਨੇ ਇੱਕ ਕੂਪਨ ਚੱਕ ਕੇ ਪ੍ਰਬੰਧਕਾਂ ਨੂੰ ਫੜਾ ਦਿੱਤਾ। ਬਾਅਦ ਵਿੱਚ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੂਪਨ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਵਿਅਕਤੀ ਦਾ ਸੀ ਤੇ ਉਸ ਨਾਲ ਸੰਪਰਕ ਕੀਤਾ ਗਿਆ ਅਤੇ ਦੱਸਿਆ ਕਿ ਉਸ ਨੇ ਥਾਰ ਜਿੱਤ ਲਈ ਹੈ।
ਇਸੇ ਪ੍ਰਕਿਰਿਆ ਦੀ ਵਰਤੋਂ ਕਰਦੇ ਹੋਏ ਬਾਅਦ ਦੇ ਹੋਰ ਇਨਾਮਾਂ ਦਾ ਐਲਾਨ ਕੀਤਾ ਗਿਆ।
ਲੱਕੀ ਡਰਾਅ ਦੇ ਪ੍ਰਬੰਧਕਾਂ ਨੇ ਆਪਣੇ ਬਿਆਨਾਂ ਵਿੱਚ ਜੇਤੂਆਂ ਨੂੰ ਸਾਵਧਾਨ ਵੀ ਕੀਤਾ ਕਿ ਜੇ ਉਨ੍ਹਾਂ ਦੀ ਤਰਫੋਂ ਕੋਈ ਕਾਲ ਆਉਂਦੀ ਹੈ ਤਾਂ ਕਿਸੇ ਨੂੰ ਪੈਸੇ ਨਾ ਦੇਣ।
ਇਸ ਮੌਕੇ ’ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕੁਝ ਹੋਰ ਪ੍ਰਬੰਧਕ ਵੀ ਆਪਣੇ ਆਉਣ ਵਾਲੇ ਲੱਕੀ ਡਰਾਅ ਦਾ ਪ੍ਰਚਾਰ ਕਰਨ ਲਈ ਪਿੰਡ ਭਾਗੀ ਵਾਂਦਰ ਪਹੁੰਚੇ ਹੋਏ ਸਨ।
ਭਾਗੀ ਵਾਂਦਰ ਕਲਾਂ ਗੁਰਦੁਆਰਾਾ ਸਾਹਿਬ ਦੇ ਸੇਵਾਦਾਰ ਬਾਬਾ ਕਰਨ ਸਿੰਘ ਨੇ ਕਿਹਾ ਉਨ੍ਹਾਂ ਵੱਲੋਂ ਹੁਣ ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਟਰੀ ਕੱਢਣ ਉੱਤੇ ਪਾਬੰਦੀ ਲਗਾ ਦਿੱਤੀ ਹੈ।
ਲੱਕੀ ਡਰਾਅ ‘ਗ਼ੈਰ-ਕਾਨੂੰਨੀ’ ਕਿਵੇਂ ਹੈ

ਬੀਬੀਸੀ ਨਿਊਜ਼ ਪੰਜਾਬੀ ਮਾਲਵਾ ਖੇਤਰ ਦੇ ਵੱਖ-ਵੱਖ ਜ਼ਿਲ੍ਹਿਆਂ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਮੁਕਤਸਰ, ਫ਼ਿਰੋਜ਼ਪੁਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਕਰੋੜਾਂ ਰੁਪਏ ਦੇ ਗ਼ੈਰ-ਕਾਨੂੰਨੀ ਲੱਕੀ ਡਰਾਅ ਦੇ ਚੱਲ ਰਹੇ ਧੰਦੇ ਬਾਰੇ ਵੇਰਵੇ ਪੇਸ਼ ਕਰਦਾ ਹੈ।
ਇਹ ਗ਼ੈਰ-ਕਾਨੂੰਨੀ ਲੱਕੀ ਡਰਾਅ ਪਿਛਲੇ ਸਾਲ ਤੋਂ ਪ੍ਰਚਲਿਤ ਹਨ ਅਤੇ ਸੂਬੇ ਦੇ ਲਾਟਰੀ ਵਿਭਾਗ ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਬਿਨਾਂ ਕਿਸੇ ਮਨਜ਼ੂਰੀ ਦੇ ਕੱਢੇ ਜਾ ਰਹੇ ਹਨ। ਨਿਯਮਾਂ ਮੁਤਾਬਕ ਲਾਟਰੀਆਂ ਕਰਵਾਉਣ ਲਈ ਸਿਰਫ਼ ਸੂਬਾ ਸਰਕਾਰ ਹੀ ਅਧਿਕਾਰਤ ਹੈ।
ਇਸ ਦੌਰਾਨ, ਲੱਕੀ ਡਰਾਅ ਵਿੱਚ ਪਾਰਦਰਸ਼ਤਾ ਲਈ ਕੋਈ ਮਾਪਦੰਡ ਨਹੀਂ ਹਨ, ਹਾਲਾਂਕਿ ਆਮ ਲੋਕ ਇਨ੍ਹਾਂ ਵਿੱਚ ਆਪਣਾ ਪੈਸਾ ਨਿਵੇਸ਼ ਕਰਦੇ ਹਨ।
ਖੰਨਾ ਪੁਲਿਸ ਨੇ ਅਜਿਹਾ ਲੱਕੀ ਡਰਾਅ ਚਲਾਉਣ ਵਾਲੇ ਇੱਕ ਵਿਅਕਤੀ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਪਹਿਲਾਂ ਵੀ ਵੱਖ-ਵੱਖ ਫਰਮਾਂ ਵੱਲੋਂ ਚਿੱਟ-ਫੰਡ ਦੀ ਧੋਖਾਧੜੀ ਦਾ ਸਭ ਤੋਂ ਵੱਧ ਸ਼ਿਕਾਰ ਹੋਇਆ ਹੈ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਰਾਜ ਲਾਟਰੀ ਵਿਭਾਗ ਇਹ ਕਹਿ ਰਿਹਾ ਹੈ ਕਿ ਲੱਕੀ ਡਰਾਅ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।
ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਜ਼ੋਰ ਦੇ ਰਹੇ ਹਨ ਕਿ ਅਜਿਹੇ ਮਾਮਲਿਆਂ ਨੂੰ ਲਾਟਰੀ ਵਿਭਾਗ ਦੁਆਰਾ ਨਿਪਟਾਇਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ।

ਤਸਵੀਰ ਸਰੋਤ, rajesh kumar/bbc


ਲੱਕੀ ਡਰਾਅ 'ਚ ਧੋਖਾਧੜੀ ਦੇ ਇਲਜ਼ਾਮ
ਹਾਲਾਂਕਿ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿੱਥੇ ਲੋਕ ਇਸ ਲੱਕੀ ਡਰਾਅ ਵਿੱਚ ਹੋ ਰਹੀ ਧੋਖਾਧੜੀ ਦੇ ਇਲਜ਼ਾਮ ਲਗਾ ਰਹੇ ਹਨ।
ਇਸੇ ਤਰ੍ਹਾਂ ਬੀਬੀਸੀ ਨਿਊਜ਼ ਪੰਜਾਬੀ ਨੇ ਪਟਿਆਲਾ ਵਿੱਚ ਇੱਕ ਹੋਰ ਮਿੰਨੀ ਲੱਕੀ ਡਰਾਅ ਵਿੱਚ ਸ਼ਿਰਕਤ ਕੀਤੀ ਸੀ। ਜਿਸ ਦਾ ਆਯੋਜਨ ਸ਼ਹਿਰ ਦੇ ਕੜਾਹਵਾਲਾ ਚੌਕ ਵਿੱਚ ਪੱਪੂ ਟੇਲਰ ਵੱਲੋਂ 8 ਅਗਸਤ ਨੂੰ ਕੀਤਾ ਗਿਆ ਸੀ।

ਤਸਵੀਰ ਸਰੋਤ, rajesh kumar/bbc
ਪੱਪੂ ਟੇਲਰ ਵੱਲੋਂ ਇਸ ਡਰਾਅ ਵਿੱਚ ਪਹਿਲਾ ਇਨਾਮ ਮਹਿੰਦਰਾ ਸਕਾਰਪੀਓ ਕਾਰ ਨੂੰ ਰੱਖਿਆ ਗਿਆ ਹੈ ਜਿਸਦੇ ਨਤੀਜੇ ਦਾ 20 ਸਤੰਬਰ ਨੂੰ ਐਲਾਨ ਕੀਤਾ ਜਾਵੇਗਾ।
8 ਅਗਸਤ ਨੂੰ ਪੱਪੂ ਟੇਲਰ ਨੇ ਇੱਕ ਮਿੰਨੀ ਡਰਾਅ ਕੱਢਿਆ ਜਿਸ ਵਿੱਚ ਪਹਿਲਾ ਇਨਾਮ ਹੌਂਡਾ ਐਕਟਿਵਾ ਸੀ।
ਸ਼ਾਮ 6 ਵਜੇ ਪੱਪੂ ਟੇਲਰ ਦੀ ਛੋਟੀ ਜਿਹੀ ਦੁਕਾਨ ਵਿੱਚ ਸਟੇਜ ਲਗਾਈ ਗਈ। ਸਾਰੇ ਕੂਪਨ ਇੱਕ ਟੱਬ ਵਿੱਚ ਰੱਖੇ ਗਏ ਸਨ ਅਤੇ ਇੱਕ ਵਾਰ ਫਿਰ ਇੱਕ ਨਾਬਾਲਗ ਬੱਚੇ ਨੂੰ ਪਹਿਲੇ ਇਨਾਮੀ ਕੂਪਨ ਨੂੰ ਕੱਢਣ ਲਈ ਲਿਆਂਦਾ ਗਿਆ।
ਪਹਿਲਾ ਇਨਾਮ ਰਾਜਸਥਾਨ ਦੇ ਇੱਕ ਵਿਅਕਤੀ ਨੇ ਜਿੱਤਿਆ, ਜਦਕਿ ਪੰਜਾਬ ਦੇ ਵਿਅਕਤੀਆਂ ਨੂੰ ਦੋ ਮੋਬਾਈਲ ਫ਼ੋਨ ਦਿੱਤੇ ਗਏ। ਲੱਕੀ ਡਰਾਅ ਦਾ ਪੂਰਾ ਨਤੀਜਾ ਛੇ ਯੂ-ਟਿਊਬਰਾਂ ਵੱਲੋਂ ਲਾਈਵ ਪ੍ਰਸਾਰਿਤ ਕੀਤਾ ਗਿਆ ਸੀ।
ਕਿਵੇਂ ਹੁੰਦਾ ਹੈ ਪ੍ਰਚਾਰ

ਸਭ ਤੋਂ ਪਹਿਲਾਂ ਆਯੋਜਕਾਂ ਵੱਲੋਂ ਲੱਕੀ ਡਰਾਅ ਲਈ ਇੱਕ ਪੋਸਟਰ ਲਾਂਚ ਕੀਤਾ ਜਾਂਦਾ ਹੈ, ਜਿਸ ਵਿੱਚ ਦਿਲਚਸਪ ਇਨਾਮ ਸ਼ਾਮਲ ਹਨ ਜੋ ਪੇਂਡੂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਦੇੇ ਹਨ, ਜਿਵੇਂ ਕਿ ਮਹਿੰਦਰਾ ਥਾਰ, ਟਰੈਕਟਰ, ਸਕਾਰਪੀਓਜ਼, ਜੀਪਾਂ ਅਤੇ ਹੋਰ ਕਾਰਾਂ ਆਦਿ।
ਇਸ ਤੋਂ ਇਲਾਵਾ ਦੋ-ਪਹੀਆ ਵਾਹਨਾਂ ਅਤੇ ਏਅਰ-ਕੰਡੀਸ਼ਨਰ ਵਰਗੇ ਹੋਰ ਇਨਾਮ ਦਿੱਤੇ ਜਾਂਦੇ ਹਨ। ਇਹਨਾਂ ਲੱਕੀ ਡਰਾਅਜ਼ ਦੇ ਨਤੀਜੇ ਕਰੀਬ ਦੋ ਮਹੀਨਿਆਂ ਦੇ ਵਕਫ਼ੇ ਬਾਅਦ ਐਲਾਨੇ ਜਾਂਦੇ ਹਨ।
ਲੱਕੀ ਡਰਾਅ ਦੇ ਪੋਸਟਰ ਵਿੱਚ ਗੂਗਲ ਪੇਅ (Google Pay) ਜਾਂ ਹੋਰ ਯੂਪੀਆਈ (UPI) ਭੁਗਤਾਨ ਨੰਬਰਾਂ ਦਾ ਜ਼ਿਕਰ ਸ਼ਾਮਲ ਹੈ।
ਗਾਹਕ ਇਹਨਾਂ ਵੇਰਵਿਆਂ ਦੀ ਵਰਤੋਂ ਕਰਕੇ ਆਨਲਾਈਨ ਭੁਗਤਾਨ ਕਰ ਸਕਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਵਟਸਐਪ ਨੰਬਰ 'ਤੇ ਇੱਕ ਕੂਪਨ (ਰਸੀਦ) ਭੇਜ ਦਿੱਤਾ ਜਾਂਦਾ ਹੈ ਤੇ ਇਸਦੇ ਨਤੀਜੇ ਦਾ ਲਾਈਵ ਟੈਲੀਕਾਸਟ ਦੇਖਣ ਲਈ ਇੱਕ ਲਿੰਕ ਵੀ ਭੇਜਿਆ ਜਾਂਦਾ ਹੈ ।

ਤਸਵੀਰ ਸਰੋਤ, rajesh kumar/bbc
ਲੱਕੀ ਡਰਾਅ ਦਾ ਅਗਲਾ ਅਹਿਮ ਕਦਮ ਹੁੰਦਾ ਹੈ, ਪ੍ਰਚਾਰ। ਪ੍ਰਬੰਧਕਾਂ ਨੇ ਇਹ ਕੰਮ ਯੂ-ਟਿਊਬਰਾਂ ਦੇ ਇੱਕ ਸਮੂਹ ਨੂੰ ਸੌਂਪਿਆ ਹੈ ਜੋ ਵਿਸ਼ੇਸ਼ ਤੌਰ 'ਤੇ ਲੱਕੀ ਡਰਾਅ ਦਾ ਪ੍ਰਚਾਰ ਕਰਦੇ ਹਨ।
ਇਹ ਯੂ-ਟਿਊਬਰ ਆਪਣੇ ਸਬੰਧਤ ਚੈਨਲਾਂ 'ਤੇ ਲੱਕੀ ਡਰਾਅ ਦਾ ਵੱਧ ਤੋਂ ਵੱਧ ਪ੍ਰਚਾਰ ਕਰਦੇ ਹਨ।
ਇੱਕ ਯੂਟਿਊਬਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਮੁੱਖ ਪ੍ਰਬੰਧਕਾਂ ਤੋਂ ਕੁੱਲ ਮੁਨਾਫੇ ਦੇ 35% ਤੱਕ ਦੇ ਹਿੱਸੇ ਦੇ ਹੱਕਦਾਰ ਹੁੰਦੇ ਹਨ ਕਿਉਂਕਿ ਲੱਕੀ ਡਰਾਅ ਦੀ ਸਾਰੀ ਆਮਦਨ ਆਨਲਾਈਨ ਪ੍ਰਚਾਰ 'ਤੇ ਨਿਰਭਰ ਹੁੰਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਹਿੱਸੇਦਾਰੀ ਤੋਂ ਬਿਨਾਂ ਉਹ ਪ੍ਰਤੀ ਪ੍ਰਚਾਰ ਦੀ ਵੀਡੀਓ ਦਾ 40,000 ਰੁਪਏ ਤੱਕ ਚਾਰਜ ਕਰਦੇ ਹਨ।
ਮੁੱਖ ਡਰਾਅ ਤੋਂ ਪਹਿਲਾਂ ਦੇ ਦੋ ਮਹੀਨਿਆਂ ਵਿੱਚ ਪ੍ਰਬੰਧਕ ਹੋਰ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਦੋ ਜਾਂ ਤਿੰਨ ਮਿੰਨੀ ਡਰਾਅ ਵੀ ਕੱਢਦੇ ਹਨ ਜਿਹਨਾਂ ਵਿੱਚ ਛੋਟੇ ਇਨਾਮ ਰੱਖੇ ਜਾਂਦੇ ਹਨ।
ਆਯੋਜਕਾਂ ਨੇ ਲੱਕੀ ਡਰਾਅ ਦੇ ਨਿਯਮ ਅਤੇ ਸ਼ਰਤਾਂ ਵੀ ਰੱਖੀਆਂ ਹੁੰਦੀਆਂ ਹਨ, ਜੇਕਰ ਤੁਸੀਂ ਕਾਰ ਜਿੱਤਦੇ ਹੋ ਤਾਂ ਸੂਬੇ ਦੇ ਟਰਾਂਸਪੋਰਟ ਵਿਭਾਗ ਕੋਲ ਇਸ ਦੀ ਰਜਿਸਟ੍ਰੇਸ਼ਨ ਦਾ ਖਰਚਾ ਤੁਹਾਨੂੰ ਕਰਨਾ ਪਵੇਗਾ।
ਤੁਹਾਡੇ ਕੋਲ ਕਾਰ ਦੀ ਕੀਮਤ ਦੇ ਬਰਾਬਰ ਨਕਦ ਰਾਸ਼ੀ ਪ੍ਰਾਪਤ ਕਰਨ ਦਾ ਬਦਲ ਵੀ ਹੈ। ਇਸ ਤੋਂ ਇਲਾਵਾ, ਲੱਕੀ ਡਰਾਅ ਦੀ ਮਿਤੀ ਨੂੰ ਬਦਲਣ ਦਾ ਅਧਿਕਾਰ ਆਯੋਜਕਾਂ ਕੋਲ ਰਾਖਵਾਂ ਹੁੰਦਾ ਹੈ।
ਕਿਵੇਂ ਹੁੰਦੀ ਹੈ ਕਮਾਈ

ਬੀਬੀਸੀ ਦੀ ਖੋਜ ਦੇ ਅਨੁਸਾਰ, ਆਯੋਜਕ ਲੱਕੀ ਡਰਾਅ ਲਈ ਇੱਕ ਕੂਪਨ ਲਈ 300 ਰੁਪਏ ਲੈਂਦੇ ਹਨ।
ਉਹ 1,000 ਰੁਪਏ ਵਿੱਚ 3 ਤੋਂ 5 ਟਿਕਟਾਂ ਦੀ ਪੇਸ਼ਕਸ਼ ਵੀ ਕਰਦੇ ਹਨ। ਇਹ ਪੇਸ਼ਕਸ਼ਾਂ ਸਮੇਂ-ਸਮੇਂ 'ਤੇ ਬਦਲ ਸਕਦੀਆਂ ਹਨ, ਸੰਭਵ ਤੌਰ 'ਤੇ ਲੱਕੀ ਡਰਾਅ ਤੋਂ ਇੱਕ ਦਿਨ ਪਹਿਲਾਂ ਵੱਧ ਤੋਂ ਵੱਧ ਲੋਕਾਂ ਨੂੰ ਖਿੱਚਣ ਲਈ ਕੂਪਨ (ਟਿਕਟਾਂ) ਘੱਟ ਕੀਮਤਾਂ 'ਤੇ ਵੀ ਵੇਚੇ ਜਾਂਦੇ ਹਨ।
ਪਿੰਡ ਭਾਗੀ ਵਾਂਦਰ ਲੱਕੀ ਡਰਾਅ ਵਿੱਚ ਕੂਪਨ ਨੰਬਰ 26032 ਨੂੰ ਇੱਕ ਇਨਾਮ ਦਿੱਤਾ ਜਾਂਦਾ ਹੈ।
ਘੱਟੋ-ਘੱਟ 26,000 ਕੂਪਨਾਂ ਦੇ ਹਿਸਾਬ ਨਾਲ, ਪ੍ਰਬੰਧਕਾਂ ਨੇ ਘੱਟੋ-ਘੱਟ 52 ਲੱਖ ਰੁਪਏ ਇਕੱਠੇ ਕੀਤੇ ਹਨ। ਇਸੇ ਤਰ੍ਹਾਂ ਪੱਪੂ ਟੇਲਰ ਵੱਲੋਂ ਪਟਿਆਲਾ ਵਿੱਚ ਕੱਢੇ ਗਏ ਮਿੰਨੀ ਡਰਾਅ ਵਿੱਚ 4000 ਤੋਂ ਵੱਧ ਕੂਪਨ ਸਨ।
ਪੱਪੂ ਟੇਲਰ ਨੇ 3 ਕੂਪਨਾਂ ਲਈ 1000 ਰੁਪਏ ਫੀਸ ਰੱਖੀ ਸੀ ਤੇ ਉਨ੍ਹਾਂ ਨੇ ਘੱਟੋ-ਘੱਟ 12 ਲੱਖ ਰੁਪਏ ਇਕੱਠੇ ਕੀਤੇ ਹਨ ਤੇ ਇਨਾਮਾਂ ਦਾ ਮੁੱਲ 1.5 ਲੱਖ ਰੁਪਏ ਤੋਂ ਵੱਧ ਨਹੀਂ ਸੀ।
ਇਸ ਮਾਮਲੇ ਸਬੰਧੀ ਮਾਛੀਵਾੜਾ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਇਲਜ਼ਾਮ ਲਾਇਆ ਕਿ ਗ਼ੈਰ ਕਾਨੂੰਨੀ ਤੌਰ 'ਤੇ ਲੱਕੀ ਡਰਾਅ ਦੇ ਪ੍ਰਬੰਧਕ ਟੈਕਸ ਅਧਿਕਾਰੀਆਂ ਤੋਂ ਬਚਣ ਲਈ ਕਈ ਖ਼ਾਤਿਆਂ ਵਿੱਚ ਪੈਸੇ ਇਕੱਠੇ ਕਰਦੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਵੱਡੇ ਲੱਕੀ ਡਰਾਅ ਵਿੱਚ 30 ਲੱਖ ਰੁਪਏ ਤੋਂ ਵੱਧ ਦੇ ਇਨਾਮ ਨਹੀਂ ਹੁੰਦੇ ਹਨ।
ਹਾਲਾਂਕਿ, ਉਹ 20,000 ਤੋਂ ਵੱਧ ਕੂਪਨ ਵੇਚ ਕੇ ਆਸਾਨੀ ਨਾਲ 80 ਲੱਖ ਰੁਪਏ ਤੱਕ ਦਾ ਮਾਲੀਆ ਪੈਦਾ ਕਰਦੇ ਹਨ।

ਲੱਕੀ ਡਰਾਅ ਵਾਲੇ ਪ੍ਰਵਾਨਗੀ ਬਾਰੇ ਕੀ ਕਹਿੰਦੇ

ਲੱਕੀ ਡਰਾਅ ਸਬੰਧੀ ਸੋਸ਼ਲ ਮੀਡੀਆ ਉੱਤੇ ਜਾਰੀ ਹੁੰਦੇ ਪੋਸਟਰਾਂ ਵਿੱਚ ਇਹ ਕੰਮ ਕਰਨ ਵਾਲਿਆਂ ਦੇ ਮੋਬਾਈਲ ਨੰਬਰ ਦਰਜ ਹਨ, ਇਹਨਾਂ ਨੰਬਰਾਂ ਰਾਹੀਂ ਹੀ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ।
ਬੀਬੀਸੀ ਪੰਜਾਬੀ ਨੇ ਪਟਿਆਲਾ ਦੇ ਪੱਪੂ ਟੇਲਰ ਨਾਮ ਦੇ ਸ਼ਖ਼ਸ ਨੂੰ ਲੱਕੀ ਡਰਾਅ ਬਾਬਤ ਪ੍ਰਵਾਨਗੀ ਲੈਣ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਪਹਿਲਾਂ ਕਿਹਾ ‘ਅਸੀਂ ਬਕਾਇਦਾ ਟੈਕਸ ਭਰਦੇ ਹਾਂ ਅਤੇ ਪ੍ਰਵਾਨਗੀ ਲੈਂਦੇ ਹਾਂ।’
ਅਸੀਂ ਉਨ੍ਹਾਂ ਨੂੰ ਪ੍ਰਵਾਨਗੀ ਲੈਣ ਵਾਲੇ ਵਿਭਾਗ ਬਾਰੇ ਪੁੱਛਿਆ ਤਾਂ ਉਨ੍ਹਾਂ ਫ਼ੋਨ ਕੱਟ ਦਿੱਤਾ।
ਉੱਧਰ ਦੂਜੇ ਪਾਸੇ ਅਸੀਂ ਬਠਿੰਡਾ ਸਥਿਤ ਨੂਰ ਲੱਕੀ ਡਰਾਅ ਵਾਲਿਆਂ ਨੂੰ ਇਸ ਬਾਰੇ ਸਵਾਲ ਪੁੱਛਿਆ।
ਨੂਰ ਲੱਕੀ ਡਰਾਅ ਵਾਲਿਆਂ ਨੇ ਕਿਹਾ, ‘‘ਸਾਡੇ ਕੋਲ ਕੋਈ ਪਰਮਿਸ਼ਨ ਜਾਂ ਪ੍ਰਵਾਨਗੀ ਨਹੀਂ ਹੈ ਅਤੇ ਅਸੀਂ ਆਪਣੇ ਪੱਧਰ ਉੱਤੇ ਹੀ ਇਹ ਕੰਮ ਕਰਦੇ ਹਾਂ।’’
ਕੇਸ ਹੋਇਆ ਦਰਜ

ਬਠਿੰਡਾ ਪੁਲਿਸ ਨੇ 14 ਅਤੇ 15 ਅਗਸਤ ਨੂੰ ਗੈਰ ਕਾਨੂੰਨੀ ਲੱਕੀ ਡਰਾਅ ਦੇ ਖ਼ਿਲਾਫ਼ ਤਿੰਨ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਇਹਨਾਂ ਵਿੱਚੋਂ ਦੋ ਕੇਸ ਰਾਮਪੁਰਾ ਫੂਲ ਸਬ-ਡਵੀਜ਼ਨ ਵਿੱਚ ਅਤੇ ਇੱਕ ਕੇਸ ਤਲਵੰਡੀ ਸਾਬੋ ਵਿਖੇ ਦਰਜ ਕੀਤਾ ਗਿਆ ਹੈ ।
ਜ਼ਿਲ੍ਹਾ ਬਠਿੰਡਾ ਦੇ ਫੂਲ ਥਾਣੇ ਵਿੱਚ ਦਰਜ ਐੱਫ਼ਆਈਆਰ ਵਿੱਚ ਪੁਲਿਸ ਨੇ ਗ਼ੈਰ-ਕਾਨੂੰਨੀ ਲੱਕੀ ਡਰਾਅ ਕੱਢਣ ਵਾਲੇ ਚਾਰ ਵਿਅਕਤੀਆਂ ਨੂੰ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਹੋਰਨਾਂ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਵੀ ਕੀਤਾ ਹੈ।
ਇਸੇ ਸਾਲ ਮਈ ਵਿੱਚ ਮਾਛੀਵਾੜਾ ਦੇ ਪ੍ਰਿੰਸ ਨਾਗਪਾਲ ਖ਼ਿਲਾਫ਼ ਸੁਖਵਿੰਦਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗ਼ੈਰ-ਕਾਨੂੰਨੀ ਲੱਕੀ ਡਰਾਅ ਕੱਢਣ ਦੇ ਸਬੰਧ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ।
ਖੰਨਾ ਪੁਲਿਸ ਵੱਲੋਂ ਇਹ ਐੱਫਆਈਆਰ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਲਾਟਰੀਜ਼ ਰੈਗੂਲੇਸ਼ਨ ਐਕਟ ਦੀ ਧਾਰਾ 7(3) ਅਤੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਦੇ ਤਹਿਤ ਮਾਛੀਵਾੜਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਸੁਖਵਿੰਦਰ ਸਿੰਘ ਨੇ ਪ੍ਰਿੰਸ ਨਾਗਪਾਲ ਖ਼ਿਲਾਫ਼ ਗ਼ੈਰ-ਕਾਨੂੰਨੀ ਲੱਕੀ ਡਰਾਅ ਸਕੀਮ ਚਲਾਉਣ ਲਈ ਸ਼ਿਕਾਇਤ ਦਰਜ ਕਰਵਾਈ ਹੈ।
ਖੰਨਾ ਦੇ ਸੀਨੀਅਰ ਪੁਲਿਸ ਕਪਤਾਨ, ਅਮਨੀਤ ਕੌਂਡਲ ਨੇ ਸਮਰਾਲਾ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐੱਸਪੀ) ਨੂੰ ਤੱਥਾਂ ਦੀ ਜਾਂਚ ਕਰਕੇ 7 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਪੰਜਾਬ ਰਾਜ ਲਾਟਰੀ ਵਿਭਾਗ ਨੇ ਵੀ ਖੰਨਾ ਪੁਲਿਸ ਨੂੰ ਪੱਤਰ ਲਿਖ ਕੇ ਸੁਖਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਐੱਫਆਈਆਰ ਦੇ ਅਨੁਸਾਰ ਸਮਰਾਲਾ ਦੇ ਡੀਐੱਸਪੀ ਨੇ ਪਾਇਆ ਕਿ ਪ੍ਰਿੰਸ ਨਾਗਪਾਲ ਜੋ ਕਿ ਇੱਕ ਟੈਲੀਕਾਮ ਦੀ ਦੁਕਾਨ ਚਲਾਉਂਦਾ ਹੈ ਪਰ ਉਹ ਗ਼ੈਰ-ਕਾਨੂੰਨੀ ਲੱਕੀ ਡਰਾਅ ਦਾ ਕਾਰੋਬਾਰ ਵੀ ਕਰ ਰਿਹਾ ਹੈ ਜਿਸ ਨਾਲ ਆਮ ਲੋਕਾਂ ਅਤੇ ਰਾਜ ਸਰਕਾਰ ਦੋਵਾਂ ਨੂੰ ਧੋਖਾ ਦੇ ਰਿਹਾ ਹੈ।
ਸੁਖਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਲਾਏ ਗਏ ਇਲਜ਼ਾਮਾਂ ਨੂੰ ਡੀਐੱਸਪੀ ਨੇ ਆਪਣੀ ਰਿਪੋਰਟ ਵਿੱਚ ਸਹੀ ਦੱਸਿਆ ਹੈ। ਸਮਰਾਲਾ ਦੇ ਡੀਐੱਸਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਮਨੀ ਲੌਂਡਰਿੰਗ ਦਾ ਵੀ ਬਣਦਾ ਹੈ ਕਿਉਂਕਿ ਧਾਰਾ 420 (ਧੋਖਾਧੜੀ) ਮਨੀ ਲੌਂਡਰਿੰਗ ਰੋਕੂ ਕਾਨੂੰਨ ਤਹਿਤ ਸ਼ਡਿਊਲ ਅਪਰਾਧ ਹੈ।

ਤਸਵੀਰ ਸਰੋਤ, Rajesh Kumar/BBC
ਮੁਲਜ਼ਮ ਪ੍ਰਿੰਸ ਨਾਗਪਾਲ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਸ ਵਿਰੁੱਧ ਦਰਜ ਮਾਮਲਾ ਪੇਸ਼ੇਵਰ ਈਰਖਾ ਦਾ ਨਤੀਜਾ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਸਿਰਫ਼ ਆਪਣੀ ਦੁਕਾਨ ਦੀ ਵਿਕਰੀ ਅਤੇ ਤਰੱਕੀ ਲਈ ਲੱਕੀ ਡਰਾਅ ਦਾ ਸੰਚਾਲਨ ਕਰ ਰਹੇ ਸੀ।"
ਬੀਬੀਸੀ ਨੇ ਜਦੋ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਲੱਕੀ ਡਰਾਅ ਲਈ ਸਰਕਾਰ ਤੋਂ ਕੋਈ ਇਜਾਜ਼ਤ ਲਈ ਸੀ ਤਾਂ ਨਾਗਪਾਲ ਨੇ ਇਸ ਮਾਮਲੇ 'ਤੇ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ।
ਪੰਜਾਬ ਸਰਕਾਰ ਦੀਆਂ ਲਾਟਰੀਆਂ ਵੇਚਣ ਵਾਲੇ ਬਠਿੰਡਾ ਦੇ ਗਣੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੀ ਆਨਲਾਈਨ ਲਾਟਰੀ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਸਾਡੇ ਕਾਰੋਬਾਰ 'ਤੇ ਅਸਰ ਪੈ ਰਿਹਾ ਹੈ।
ਲਾਟਰੀਜ਼ ਵਿਭਾਗ ਕੀ ਕਹਿੰਦਾ ਹੈ

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਡਾਇਰੈਕਟਰ ਅਮਨਦੀਪ ਬਾਂਸਲ ਨੇ ਕਿਹਾ ਕਿ ਲਾਟਰੀ ਵਿਭਾਗ ਦਾ ਇਨ੍ਹਾਂ ਲੱਕੀ ਡਰਾਅ ਨਾਲ ਕੋਈ ਸਬੰਧ ਨਹੀਂ। ਕਿਉਂਕਿ ਸਾਡਾ ਮਹਿਕਮਾ ਵਿਸ਼ੇਸ਼ ਤੌਰ 'ਤੇ ਲਾਟਰੀਆਂ ਨਾਲ ਸਬੰਧਤ ਹੈ।
ਉਨ੍ਹਾਂ ਨੇ ਕਿਹਾ ਕਿ ਲਾਟਰੀਆਂ ਸਿਰਫ਼ ਰਾਜ ਸਰਕਾਰ ਦੁਆਰਾ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਲੱਕੀ ਡਰਾਅ ਪ੍ਰਣਾਲੀ ਲਾਟਰੀ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ।
ਅਮਨਦੀਪ ਬਾਂਸਲ ਨੇ ਸਪੱਸ਼ਟ ਕੀਤਾ ਕਿ ਅਜਿਹੇ ਲੱਕੀ ਡਰਾਅ ਸਾਡੇ ਅਧਿਕਾਰ ਤੋਂ ਬਾਹਰ ਹਨ।
ਉਹ ਆਖਦੇ ਹਨ, "ਅਸੀਂ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਅਤੇ ਕਿਸੇ ਵੀ ਸ਼ਿਕਾਇਤ ਨੂੰ ਸਥਾਨਕ ਅਧਿਕਾਰੀਆਂ ਵੱਲੋਂ ਹੱਲ ਕੀਤਾ ਜਾਣਾ ਚਾਹੀਦਾ ਹੈ।"
ਲਾਟਰੀਜ਼ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੇ ਦੱਸਿਆ, "ਜਦੋਂ ਵੀ ਸਾਨੂੰ ਗ਼ੈਰ-ਕਾਨੂੰਨੀ ਲੱਕੀ ਡਰਾਅ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਅਸੀਂ ਕਾਰਵਾਈ ਲਈ ਸਥਾਨਕ ਪੁਲਿਸ ਨੂੰ ਰਿਪੋਰਟ ਕਰਦੇ ਹਾਂ।"
"ਅਸੀਂ ਲੱਕੀ ਡਰਾਅ ਲਈ ਇਜਾਜ਼ਤ ਨਹੀਂ ਦੇ ਸਕਦੇ ਕਿਉਂਕਿ ਸਾਡੇ ਐਕਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਅਜਿਹੇ ਡਰਾਅ ਸਿਰਫ਼ ਸੂਬਾ ਸਰਕਾਰ ਹੀ ਕਰਵਾ ਸਕਦੀ ਹੈ।"
ਅਫ਼ਸਰ ਕੀ ਕਹਿੰਦੇ ਹਨ

ਤਸਵੀਰ ਸਰੋਤ, FB/DPRO PATIALA
ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਕਿਹਾ ਕਿ ਕਿਸੇ ਵੀ ਲੱਕੀ ਡਰਾਅ ਨੂੰ ਜ਼ਿਲ੍ਹਾ ਪੱਧਰ 'ਤੇ ਇਜਾਜ਼ਤ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਚੰਡੀਗੜ੍ਹ ਵਿੱਚ ਲਾਟਰੀਜ਼ ਦੇ ਡਾਇਰੈਕਟਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜ਼ਿਲ੍ਹਾ ਪ੍ਰਸ਼ਾਸਨ ਦੇ ਨਹੀਂ।
ਉਨ੍ਹਾਂ ਨੇ ਅੱਗੇ ਕਿਹਾ, "ਮੈਂ ਬਣਦੀ ਕਾਰਵਾਈ ਲਈ ਬਠਿੰਡਾ ਐੱਸਐੱਸਪੀ ਨੂੰ ਵੀ ਸੂਚਿਤ ਕਰ ਦਿੱਤਾ ਹੈ।"
ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ, "ਸਰਕਾਰ ਦੁਆਰਾ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ।’’
''ਜੇ ਸੱਟੇਬਾਜ਼ੀ ਜਾਂ ਜੂਏ ਸਬੰਧੀ ਕੋਈ ਵਿਸ਼ੇਸ਼ ਸ਼ਿਕਾਇਤ ਮਿਲਦੀ ਹੈ, ਤਾਂ ਉਸਦੀ ਜਾਂਚ ਕੀਤੀ ਜਾ ਸਕਦੀ ਹੈ ਅਤੇ ਫੌਜਦਾਰੀ ਕਾਨੂੰਨਾਂ ਤਹਿਤ ਐੱਸਐੱਸਪੀ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾ ਸਕਦੀ ਹੈ।"
ਇਸੇ ਤਰ੍ਹਾਂ ਮੁਕਤਸਰ ਦੀ ਡਿਪਟੀ ਕਮਿਸ਼ਨਰ ਰੂਹੀ ਦੁੱਗ ਨੇ ਵੀ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੇ ਕਿਸੇ ਲੱਕੀ ਡਰਾਅ ਲਈ ਅਜਿਹੀ ਇਜਾਜ਼ਤ ਜਾਰੀ ਨਹੀਂ ਕੀਤੀ।
ਇੱਕ ਸੀਨੀਅਰ ਅਧਿਕਾਰੀ ਜੋ ਪਹਿਲਾਂ ਲਾਟਰੀ ਵਿਭਾਗ ਵਿੱਚ ਕੰਮ ਕਰਦੇ ਸੀ। ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਲੱਕੀ ਡਰਾਅ ਕਿਸੇ ਖ਼ਾਸ ਨਿਯਮ ਹੇਠ ਨਹੀਂ ਆਉਂਦੇ ਹਨ।
ਉਨ੍ਹਾਂ ਸੁਝਾਅ ਦਿੱਤਾ ਕਿ ਜੇਕਰ ਇਨ੍ਹਾਂ ਲੱਕੀ ਡਰਾਅ ਨੂੰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ ਤਾਂ ਸਰਕਾਰ ਨੂੰ ਇਨ੍ਹਾਂ ਨੂੰ ਲਾਟਰੀ ਵਿਭਾਗ ਵਿੱਚ ਸ਼ਾਮਲ ਕਰਨ ਜਾਂ ਇਨ੍ਹਾਂ ਨੂੰ ਨਿਯਮਤ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।














