ਕੂੜਾ ਇਕੱਠਾ ਕਰਨ ਵਾਲੀਆਂ ਔਰਤਾਂ ਦੀ ਨਿਕਲੀ 10 ਕਰੋੜ ਦੀ ਲਾਟਰੀ,ਕਰੋੜਪਤੀ ਬਣ ਕੇ ਵੀ ਨਹੀਂ ਛੱਡਿਆ ਕੰਮ

ਲਾਟਰੀ ਜਿੱਤਣ ਵਾਲੀਆਂ ਮਹਿਲਾਵਾਂ

ਤਸਵੀਰ ਸਰੋਤ, Arun Chandrabose

ਤਸਵੀਰ ਕੈਪਸ਼ਨ, ਲਾਟਰੀ ਜਿੱਤਣ ਵਾਲੀਆਂ ਮਹਿਲਾਵਾਂ
    • ਲੇਖਕ, ਅਸ਼ਰਫ਼ ਪਡਾਨਾ
    • ਰੋਲ, ਬੀਬੀਸੀ ਪੱਤਰਕਾਰ, ਕੇਰਲ ਤੋਂ

ਤਸਵੀਰ 'ਚ ਦਿਖਾਈ ਦੇ ਰਹੀਆਂ ਇਹ ਮਹਿਲਾਵਾਂ ਕੇਰਲ 'ਚ ਸਫਾਈ ਕਰਮੀਆਂ ਵਜੋਂ ਕੰਮ ਕਰਦੀਆਂ ਹਨ ਤੇ ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹਨ।

ਦਰਅਸਲ, ਇਨ੍ਹਾਂ ਮਹਿਲਾਵਾਂ ਨੇ ਹਾਲ ਹੀ ਵਿੱਚ ਇੱਕ-ਦੋ ਨਹੀਂ ਬਲਕਿ ਪੂਰੇ 10 ਕਰੋੜ ਦੀ ਲਾਟਰੀ ਜਿੱਤੀ ਹੈ।

ਹਾਲਾਂਕਿ ਇਹ ਲਾਟਰੀ ਜਿੱਤਣ ਨੂੰ ਲੈ ਕੇ ਤਾਂ ਚਰਚਾ 'ਚ ਹੀ ਹਨ, ਪਰ ਉਸ ਤੋਂ ਵੀ ਜ਼ਿਆਦਾ ਇਨ੍ਹਾਂ ਦੀ ਪ੍ਰਸ਼ੰਸਾ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਲੈ ਕੇ ਹੋ ਰਹੀ ਹੈ।

ਕਰੋੜਪਤੀ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਨੌਕਰੀ ਨਹੀਂ ਛੱਡੀ ਅਤੇ ਅਗਲੇ ਦਿਨ ਸਫ਼ਾਈ ਕਰਮੀਆਂ ਵਜੋਂ ਆਪਣੇ ਕੰਮ 'ਤੇ ਪਹੁੰਚ ਗਈਆਂ।

ਇਨ੍ਹਾਂ 11 ਮਹਿਲਾਵਾਂ ਨੇ ਇਸੇ ਸਾਲ ਜੂਨ ਮਹੀਨੇ ਵਿੱਚ ਪੈਸੇ ਇਕੱਠੇ ਕਰਕੇ ਇੱਕੋ ਲਾਟਰੀ ਖਰੀਦੀ ਸੀ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਇੱਕ ਟਿਕਟ ਉਨ੍ਹਾਂ ਦੀ ਕਿਸਮਤ ਹੀ ਬਦਲ ਦੇਵੇਗੀ।

ਘਰਾਂ ਤੋਂ ਕੂੜਾ ਇਕੱਠਾ ਕਰਦੀਆਂ ਹਨ ਮਹਿਲਾਵਾਂ

ਲਾਟਰੀ ਜਿੱਤਣ ਵਾਲੀਆਂ ਮਹਿਲਾਵਾਂ

ਤਸਵੀਰ ਸਰੋਤ, Arun Chandrabose

ਇਹ ਸਾਰੀਆਂ ਮਹਿਲਾਵਾਂ ਇੱਕ ਅਜਿਹੇ ਸਮੂਹ ਨਾਲ ਕੰਮ ਕਰਦੀਆਂ ਹਨ ਜੋ ਕਿ ਕੇਰਲ ਦੇ ਮਾਲਾਪੁਰਮ ਜ਼ਿਲ੍ਹੇ ਦੇ ਸ਼ਹਿਰ ਪਾਰਾਪਾਨਨਗਾਡੀ ਸ਼ਹਿਰ ਵਿੱਚ ਘਰਾਂ ਤੋਂ ਗੈਰ-ਜੈਵਿਕ ਕੂੜਾ ਇਕੱਠਾ ਕਰਦਾ ਹੈ।

ਘਰਾਂ ਤੋਂ ਕੂੜਾ ਇਕੱਠਾ ਕਰਨ ਬਦਲੇ ਉਨ੍ਹਾਂ ਨੂੰ ਰੋਜ਼ਾਨਾ ਲਗਭਗ 250 ਰੁਪਏ ਮਿਲਦੇ ਹਨ। ਇਸ ਦੇ ਨਾਲ ਹੀ ਕਦੇ-ਕਦਾਈਂ ਉਹ ਇਕੱਠੇ ਕੀਤੇ ਕੂੜੇ ਵਿੱਚੋਂ ਕੁਝ ਚੀਜ਼ਾਂ ਵੇਚ ਕੇ ਵੀ ਪੈਸੇ ਕਮਾ ਲੈਂਦੀਆਂ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਜੋ ਪੈਸੇ ਉਹ ਕਮਾਉਂਦੀਆਂ ਹਨ, ਉਹ ਉਨ੍ਹਾਂ ਦੇ ਜੀਵਨ-ਬਸਰ ਲਈ ਕਾਫ਼ੀ ਨਹੀਂ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਆਪਣੀਆਂ ਜ਼ਰੂਰਤਾਂ ਅਤੇ ਬੱਚਿਆਂ ਦੀ ਪੜ੍ਹਾਈ ਆਦਿ ਲਈ ਪੈਸੇ ਉਧਾਰ ਲਏ ਹੋਏ ਹਨ।

ਇਸੇ ਕਾਰਨ ਕਦੇ-ਕਦੇ ਉਹ ਆਪਣੀ ਕਿਸਮਤ ਨੂੰ ਅਜ਼ਮਾਉਣ ਲਈ ਪੈਸੇ ਇਕੱਠੇ ਕਰਦੀਆਂ ਅਤੇ ਮਿਲ ਕੇ ਲਾਟਰੀ ਦੀ ਟਿਕਟ ਖਰੀਦਦੀਆਂ ਸਨ।

ਉਂਝ ਤਾਂ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਲਾਟਰੀ 'ਤੇ ਪਾਬੰਦੀ ਹੈ ਪਰ ਕੇਰਲ ਸਰਕਾਰ ਵੱਲੋਂ ਖਾਸ ਲਾਟਰੀ ਪ੍ਰੋਗਰਾਮ ਚਲਾਇਆ ਜਾਂਦਾ ਹੈ। ਹਾਲਾਂਕਿ ਇੱਥੇ ਵੀ ਪ੍ਰਾਈਵੇਟ ਲਾਟਰੀਆਂ 'ਤੇ ਪਾਬੰਦੀ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਵੀ ਸਰਕਾਰ ਵੱਲੋਂ ਲਾਟਰੀ ਪ੍ਰੋਗਰਾਮ ਚਲਾਇਆ ਹੋਇਆ ਹੈ ਅਤੇ ਕੁਝ ਸਮਾਂ ਪਹਿਲਾਂ ਇੱਕ ਰਿਕਸ਼ਾ ਚਾਲਕ ਨੇ ਇਹ ਲਾਟਰੀ ਜਿੱਤੀ ਸੀ।

ਪੈਸੇ ਇਕੱਠੇ ਕਰਕੇ ਖਰੀਦਿਆ ਟਿਕਟ

ਰੁਪਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਐਮਪੀ ਰਾਧਾ ਅਕਸਰ ਇਸ ਸਮੂਹ ਲਈ ਲਾਟਰੀ ਖਰੀਦਦੇ ਹਨ। ਉਨ੍ਹਾਂ ਦੱਸਿਆ ਕਿ ''ਇੱਕ ਵਾਰ ਅਸੀਂ 1000 ਰੁਪਏ ਜਿੱਤੇ ਸਨ, ਜੋ ਅਸੀਂ ਆਪਸ 'ਚ ਵੰਡ ਲਏ ਸਨ।''

ਪਿਛਲੇ ਮਹੀਨੇ ਇਸ ਸਮੂਹ ਨੇ ਤੈਅ ਕੀਤਾ ਕਿ ਇਸ ਵਾਰ ਉਹ ਮਾਨਸੂਨ ਬੰਪਰ ਪ੍ਰਾਈਜ਼ ਲਾਟਰੀ ਦਾ 250 ਰੁਪਏ ਵਾਲਾ ਟਿਕਟ ਖਰੀਦਣਗੇ।

ਬੰਪਰ ਪ੍ਰਾਈਜ਼ ਲਾਟਰੀਆਂ ਕੁਝ ਖਾਸ ਮੌਕਿਆਂ 'ਤੇ ਜਿਵੇਂ ਤਿਓਹਾਰਾਂ ਆਦਿ 'ਤੇ ਜਾਰੀ ਕੀਤੀਆਂ ਜਾਂਦੀਆਂ ਹਨ।

72 ਸਾਲਾ ਕੁੱਟੀਮਾਲੂ ਵੀ ਲਾਟਰੀ ਜਿੱਤਣ ਵਾਲੀਆਂ ਇਨ੍ਹਾਂ ਔਰਤਾਂ 'ਚ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਜਦੋਂ ਰਾਧਾ ਇਸ ਟਿਕਟ ਲਈ ਉਨ੍ਹਾਂ ਕੋਲੋਂ ਪੈਸੇ ਇਕੱਠੇ ਕਰ ਰਹੇ ਸਨ ਤਾਂ ਉਹ ਜ਼ਿਆਦਾ ਖੁਸ਼ ਨਹੀਂ ਸਨ, ਕਿਉਂਕਿ ਉਨ੍ਹਾਂ ਕੋਲ ਦੇਣ ਲਈ ਪੈਸੇ ਨਹੀਂ ਸਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''ਫਿਰ ਇਸੇ ਸਮੂਹ ਦੀ ਇੱਕ ਹੋਰ ਮੈਂਬਰ ਚੇਰੂਮਨਿੱਲ ਬੇਬੀ ਨੇ ਮੈਨੂੰ ਕਿਹਾ ਉਨ੍ਹਾਂ ਕੋਲ 25 ਰੁਪਏ ਹਨ ਅਤੇ ਟਿਕਟ ਲਈ ਉਹ ਮੈਨੂੰ ਇਸ ਵਿੱਚੋਂ ਅੱਧੇ ਦੇ ਦੇਣਗੇ।''

ਇਸ ਤਰ੍ਹਾਂ ਟਿਕਟ ਵਿੱਚ ਇਨ੍ਹਾਂ ਦੋਵਾਂ ਨੇ ਸਾਢੇ 12 - ਸਾਢੇ 12 ਰੁਪਏ ਦਾ ਹਿੱਸਾ ਪਾਇਆ ਤੇ ਬਾਕੀ ਨੌ ਮਹਿਲਾਵਾਂ ਨੇ 25-25 ਰੁਪਏ ਦਾ ਹਿੱਸਾ ਪਾਇਆ।

ਲਾਟਰੀ

ਤਸਵੀਰ ਸਰੋਤ, Arun Chandrabose

ਤਸਵੀਰ ਕੈਪਸ਼ਨ, ਲਾਟਰੀ

ਕੁੱਟੀਮਾਲੂ ਨੇ ਦੱਸਿਆ, ''ਅਸੀਂ ਇਸ ਗੱਲ 'ਤੇ ਸਹਿਮਤੀ ਬਣਾਈ ਕੇ ਜੇਕਰ ਅਸੀਂ ਕੁਝ ਜਿੱਤਦੇ ਹਾਂ ਤਾਂ ਅਸੀਂ ਸਾਰੇ ਉਸ ਪੈਸੇ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਾਂਗੇ। ਪਰ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਇੰਨੀ ਵੱਡੀ ਰਕਮ ਜਿੱਤ ਜਾਵਾਂਗੇ!''

ਇਨ੍ਹਾਂ ਮਹਿਲਾਵਾਂ ਨੂੰ ਤਾਂ ਲਾਟਰੀ ਜਿੱਤਣ ਬਾਰੇ ਵੀ ਉਦੋਂ ਪਤਾ ਲੱਗਾ ਜਦੋਂ ਡਰਾਅ ਨਿਕਲੇ ਪੂਰਾ ਇੱਕ ਦਿਨ ਬੀਤ ਚੁੱਕਿਆ ਸੀ।

ਇਨ੍ਹਾਂ ਮਹਿਲਾਵਾਂ 'ਚੋਂ ਇੱਕ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਨਤੀਜੇ ਬਾਰੇ ਪਤਾ ਕਰਨ ਤਾਂ ਪਤਾ ਲੱਗਾ ਕਿ ਲਾਟਰੀ ਉਨ੍ਹਾਂ ਨੇ ਹੀ ਜਿੱਤੀ ਹੈ।

ਰਾਧਾ ਕਹਿੰਦੇ ਹਨ, ''ਇਹ ਚੌਥੀ ਵਾਰ ਹੈ ਜਦੋਂ ਅਸੀਂ ਬੰਪਰ ਪ੍ਰਾਈਜ਼ ਲਈ ਲਾਟਰੀ ਖਰੀਦੀ ਸੀ, ਚੌਥੀ ਵਾਰ ਅਸੀਂ ਖੁਸ਼ਕਿਸਮਤ ਰਹੇ!''

ਲਾਈਨ

ਕਿਸਮਤ ਹੀ ਬਦਲ ਗਈ

ਲਾਟਰੀ ਜਿੱਤਣ ਵਾਲੀਆਂ ਮਹਿਲਾਵਾਂ

ਤਸਵੀਰ ਸਰੋਤ, Arun Chandrabose

62 ਸਾਲਾ ਬੇਬੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਟੋਲੀ ਨੇ ਇੰਨੇ ਸਾਰੇ ਪੈਸੇ ਜਿੱਤੇ ਹਨ।

ਉਹ ਕਹਿੰਦੇ ਹਨ, ''ਕਿਸਮਤ ਨੇ ਕਦੇ ਮੇਰਾ ਸਾਥ ਨਹੀਂ ਦਿੱਤਾ।'' ਸਾਲ 2018 'ਚ ਕੇਰਲ 'ਚ ਆਏ ਹੜ੍ਹਾਂ 'ਚ ਉਨ੍ਹਾਂ ਦਾ ਘਰ ਰੁੜ੍ਹ ਗਿਆ ਸੀ। ਪਰ ਹੁਣ ਬੇਬੀ ਇਸ ਪੈਸੇ ਨਾਲ ਆਪਣਾ ਨਵਾਂ ਘਰ ਬਣਾਉਣਗੇ ਅਤੇ ਬਾਕੀ ਸਾਰੇ ਕਰਜ਼ੇ ਵੀ ਚੁਕਤਾ ਕਰ ਦੇਣਗੇ।

ਸਿਰਫ਼ ਬੇਬੀ ਹੀ ਨਹੀਂ, ਇਸ ਸਮੂਹ ਦੀਆਂ ਬਾਕੀ ਔਰਤਾਂ ਦੀਆਂ ਕਹਾਣੀਆਂ ਵੀ ਕੁਝ ਅਜਿਹੀਆਂ ਹੀ ਹਨ।

50 ਸਾਲਾ ਕੇ ਬਿੰਦੂ ਦੇ ਪਤੀ ਦੀ ਪਿਛਲੇ ਸਾਲ ਕਿਡਨੀਆਂ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ। ਉਸ ਵੇਲੇ ਪਰਿਵਾਰ ਕੋਲ ਇੰਨੇ ਵੀ ਪੈਸੇ ਨਹੀਂ ਸਨ ਕਿ ਉਹ ਉਨ੍ਹਾਂ ਨੂੰ ਸਹੀ ਇਲਾਜ ਦੇ ਸਕਣ।

ਬਿੰਦੂ ਦੱਸਦੇ ਹਨ, ''ਜਿਹੜੇ ਪੈਸੇ ਅਸੀਂ ਡਾਇਲੇਸਿਸ ਲਈ ਇਕੱਠੇ ਕਰਦੇ ਸੀ, ਉਨ੍ਹਾਂ ਨਾਲ ਉਹ (ਮੇਰੇ ਪਤੀ) ਲਾਟਰੀ ਦੀ ਟਿਕਟ ਖਰੀਦ ਲੈਂਦੇ ਸੀ। ਸਾਡਾ ਘਰ ਵੀ ਪੂਰਾ ਨਹੀਂ ਬਣਿਆ ਸੀ ਕਿ ਉਹ ਸਾਨੂੰ ਛੱਡ ਕੇ ਚਲੇ ਗਏ। ਹੁਣ ਇਹ ਮੈਨੂੰ ਪੂਰਾ ਕਰਨਾ ਪਵੇਗਾ।''

ਬਿੰਦੂ ਇਸ ਪੈਸੇ ਨਾਲ ਆਪਣੀ 15 ਸਾਲਾਂ ਦੀ ਧੀ ਨੂੰ ਬਿਹਤਰ ਸਿੱਖਿਆ ਦੇਣਾ ਚਾਹੁੰਦੇ ਹਨ ਤਾਂ ਜੋ ਇੱਕ ਦਿਨ ਉਹ ਕੋਈ ਚੰਗੀ ਨੌਕਰੀ ਪ੍ਰਾਪਤ ਕਰ ਸਕੇ।

ਰੁਪਏ

ਤਸਵੀਰ ਸਰੋਤ, Getty Images

ਲਕਸ਼ਮੀ ਦੀ ਉਮਰ ਇਸ ਵੇਲੇ 49 ਸਾਲ ਹੈ ਤੇ ਉਹ ਦੱਸਦੇ ਹਨ ਕਿ ਲਾਟਰੀ ਜਿੱਤਣ ਤੋਂ ਇੱਕ ਰਾਤ ਪਹਿਲਾਂ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਚਿੰਤਤ ਸਨ।

ਉਨ੍ਹਾਂ ਦੇ ਪਤੀ ਭਵਨ ਨਿਰਮਾਣ ਕਰਮੀ ਹਨ ਅਤੇ ਹਾਲ ਦੇ ਦਿਨਾਂ ਵਿੱਚ ਭਾਰੀ ਮੀਂਹ ਦੇ ਕਾਰਨ ਕੰਮ ਦੀ ਭਾਲ ਵਿੱਚ ਸਨ।

ਪਰ ਹੁਣ ਦੋਵੇਂ ਪਤੀ-ਪਤਨੀ ਸੰਤੁਸ਼ਟ ਹਨ ਅਤੇ ਕਿ ਉਹ ਆਪਣੀ ਧੀ ਨੂੰ ਚੰਗੀ ਸਿੱਖਿਆ ਦੇ ਸਕਦੇ ਹਨ।

ਜਿੱਤਣ ਵਾਲੀਆਂ ਮਹਿਲਾਵਾਂ ਵਿੱਚੋਂ ਲੀਲਾ ਵੀ ਇੱਕ ਹਨ। 56 ਸਾਲ ਦੇ ਲੀਲਾ ਆਪਣੀ ਦੇ ਆਪ੍ਰੇਸ਼ਨ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਸਨ।

ਉਹ ਕਹਿੰਦੇ ਹਨ, ''ਮੈਂ ਪਹਿਲਾਂ ਹੀ ਉਸ ਦੇ ਵਿਆਹ ਲਈ ਆਪਣੇ ਘਰ 'ਤੇ ਲੋਂ ਲਿਆ ਹੋਇਆ ਸੀ।''

ਟੈਕਸ ਕੱਟਣ ਤੋਂ ਬਾਅਦ, ਇਨ੍ਹਾਂ ਮਹਿਲਾਵਾਂ ਨੂੰ 6 ਕਰੋੜ 30 ਲੱਖ ਰੁਪਏ ਮਿਲਣਗੇ। ਇਸ ਵਿੱਚੋਂ ਹਰੇਕ ਮਹਿਲਾ ਨੂੰ 63 ਲੱਖ ਰੁਪਏ ਮਿਲਣਗੇ, ਜਦਕਿ ਬੇਬੀ ਅਤੇ ਕੁੱਟੀਮਾਲੂ 63 ਲਖ ਰੁਪਏ ਵਿੱਚੋਂ ਅੱਧਾ-ਅੱਧਾ ਹਿੱਸਾ ਲੈਣਗੇ।

'ਅਸੀਂ ਇਹ ਨੌਕਰੀ ਨਹੀਂ ਛੱਡਾਂਗੇ'

ਲਾਟਰੀ ਜਿੱਤਣ ਵਾਲੀਆਂ ਮਹਿਲਾਵਾਂ

ਤਸਵੀਰ ਸਰੋਤ, Arun Chandrabose

ਸੂਬੇ ਵਿੱਚ ਕੂੜਾ ਇਕੱਠਾ ਕਰਨ ਅਤੇ ਅਜਿਹੇ ਹੋਰ ਕੰਮਾਂ ਦੇ ਪ੍ਰਬੰਧ 'ਚ ਸਹਾਇਕ ਏਜੰਸੀ 'ਸੁਚਿਤਵਾ ਮਿਸ਼ਨ' ਦੇ ਨਿਰਦੇਸ਼ਕ ਕੇਟੀ ਬਲੱਭਭਾਸਕਰ ਕਹਿੰਦੇ ਹਨ ਕਿ ਇਹ ਮਹਿਲਾਵਾਂ ਕੂੜਾ ਇਕੱਠਾ ਕਰਨ ਤੋਂ ਇਲਾਵਾ ਜਨਤਕ ਪਖਾਨਿਆਂ ਦੇ ਨਿਰਮਾਣ ਅਤੇ ਕੂੜੇ ਦੇ ਪ੍ਰਬੰਧਨ ਸਬੰਧੀ ਕੰਮਾਂ ਵਿੱਚ ਵੀ ਮਦਦ ਕਰਦੀਆਂ ਹਨ।

ਲਾਟਰੀ ਜਿੱਤਣ ਤੋਂ ਬਾਅਦ, ਉਹ ਸਾਰੀਆਂ ਲੰਘੇ ਸ਼ੁੱਕਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਏਜੰਸੀ ਦੇ ਦਫ਼ਤਰ ਆਪਣੇ ਕੰਮ 'ਤੇ ਪਹੁੰਚ ਗਈਆਂ ਸਨ।

ਲੀਲਾ ਕਹਿੰਦੇ ਹਨ, ''ਅਸੀਂ ਇਹ ਤੈਅ ਕੀਤਾ ਹੈ ਕਿ ਅਸੀਂ ਇਹ ਨੌਕਰੀ ਨਹੀਂ ਛੱਡਾਂਗੇ ਕਿਉਂਕਿ ਇਸੇ ਦੀ ਕਮਾਈ ਨਾਲ ਅੱਜ ਅਸੀਂ ਇੰਨੀ ਚੰਗੀ ਸਤਿਥੀ 'ਚ ਹਾਂ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)