ਅਮ੍ਰਿਤਪਾਲ ਦੀ ਹਮਾਇਤ ’ਚ ਚਰਨਜੀਤ ਚੰਨੀ ਦੇ ਬੋਲਾਂ ਨੇ ਪੈਦਾ ਕੀਤੀ ਸਿਆਸੀ ਹਲਚਲ, ਭਗਵੰਤ ਕੀ ਕਹਿੰਦੇ, ਕਾਂਗਰਸ ਦਾ ਇਹ ਸਟੈਂਡ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਸੰਸਦ ਵਿੱਚ ਚਰਨਜੀਤ ਸਿੰਘ ਚੰਨੀ ਨੇ ਅਮ੍ਰਿਤਪਾਲ ਸਿੰਘ ਦੀ ਹਿਮਾਇਤ ਕੀਤੀ।

ਵੀਰਵਾਰ ਨੂੰ ਲੋਕ ਸਭਾ ਵਿੱਚ ਬਜਟ ਇਜਲਾਸ ਦੇ ਦੌਰਾਨ ਸੰਸਦ ਵਿੱਚ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੱਲੋਂ ਅਮ੍ਰਿਤਪਾਲ ਸਿੰਘ ਦੀ NSA ਤਹਿਤ ਗ੍ਰਿਫ਼ਤਾਰੀ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਗਈ।

ਇਸ ਤੁਲਨਾ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵਿਵਾਦ ਖੜਾ ਹੋ ਗਿਆ ਹੈ।

ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਕਾਂਗਰਸ ਨੇ ਖੁਦ ਨੂੰ ਵੱਖ ਕਰ ਲਿਆ ਹੈ। ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਹਨ। ਮੌਜੂਦਾ ਵੇਲੇ ਵਿੱਚ ਨੈਸ਼ਨਲ ਸਿਕਿਓਰਿਟੀ ਐਕਟ ਤਹਿਤ ਉਹ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਚਰਨਜੀਤ ਸਿੰਘ ਚੰਨੀ ਬੀਜੇਪੀ ਵੱਲੋਂ ਵਾਰ-ਵਾਰ ਕਾਂਗਰਸ ਉੱਤੇ ਲਾਏ ਜਾਂਦੇ ਐਮਰਜੈਂਸੀ ਦੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਸਨ, ਉਸ ਵੇਲੇ ਉਨ੍ਹਾਂ ਵੱਲੋਂ ਇਸ ਬਿਆਨ ਦਿੱਤੇ ਗਏ।

ਉਸ ਮੌਕੇ ਉਨ੍ਹਾਂ ਨੇ ਹਲਕੇ ਦੀ ਅਵਾਜ਼ ਦਬਾਏ ਜਾਣ ਦਾ ਜ਼ਿਕਰ ਕਰ ਅਮ੍ਰਿਤਪਾਲ ਸਿੰਘ ਦੀ ਹਿਮਾਇਤ ਕੀਤੀ।

ਬੀਬੀਸੀ ਪੰਜਾਬੀ ਦਾ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਚੰਨੀ ਨੇ ਕਿਹਾ, “ਐਮਰਜੈਂਸੀ ਇਹ ਵੀ ਹੈ ਕਿ 20 ਲੱਖ ਲੋਕਾਂ ਵੱਲੋਂ ਪੰਜਾਬ ਵਿੱਚ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਅਤੇ ਉਹ ਐੱਨਐੱਸਏ ਲਗਾ ਕੇ ਅੰਦਰ ਰੱਖਿਆ ਹੋਇਆ ਹੈ।”

“ਬੋਲਣ ਦੀ ਆਜ਼ਾਦੀ, ਉਸ ਦੇ ਹਲਕੇ ਦੇ ਲੋਕਾਂ ਦੀ ਗੱਲ ਇੱਥੇ ਨਹੀਂ ਹੋ ਪਾ ਰਹੀ ਹੈ, ਇਹ ਵੀ ਐਮਰਜੈਂਸੀ ਹੈ।”

ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ’ਤੇ ਕਾਂਗਰਸ ਨੇ ਸਪਸ਼ਟੀਕਰਨ ਦਿੱਤਾ ਹੈ। ਕਾਂਗਰਸੀ ਨੇਤਾ ਜੈ ਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਲਿਖਿਆ ਹੈ, “ਚਰਨਜੀਤ ਸਿੰਘ ਚੰਨੀ ਵੱਲੋਂ ਅਮ੍ਰਿਤਪਾਲ ਸਿੰਘ ਬਾਰੇ ਪ੍ਰਗਟਾਏ ਗਏ ਵਿਚਾਰ ਉਨ੍ਹਾਂ ਦੇ ਨਿੱਜੀ ਵਿਚਾਰ ਹਨ, ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਟੈਂਡ ਨੂੰ ਨਹੀਂ ਪੇਸ਼ ਨਹੀਂ ਕਰਦੇ ਹਨ।”

ਬੀਜੇਪੀ ਨੇ ਚੰਨੀ ਦੇ ਬਿਆਨ ਦੀ ਕੀਤੀ ਅਲੋਚਨਾ

ਗਿਰੀਰਾਜ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਗਿਰੀਰਾਜ ਸਿੰਘ ਨੇ ਚੰਨੀ ਦੇ ਬਿਆਨ ਦੀ ਅਲੋਚਨਾ ਕੀਤੀ ਹੈ ।

ਬੀਜੇਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਚੰਨੀ ਦੇ ਬਿਆਨ ਦੀ ਅਲੋਚਨਾ ਕਰਦੇ ਹੋਏ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, “ਮੈਂ ਸਿਰਫ ਇਹੀ ਕਹਾਂਗਾ ਕਿ ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਖਾਲਿਸਤਾਨੀ ਸਨ ਅਤੇ ਕਾਂਗਰਸ ਖਾਲਿਸਤਾਨੀ ਦਾ ਸਮਰਥਨ ਕਰ ਰਹੀ ਹੈ । ਵਾਹ ਕਾਂਗਰਸ, ਜੈ ਚੰਨੀ, ਇਹ ਭਾਰਤ ਦੀ ਸੰਪ੍ਰਭੂਤਾ ਉੱਤੇ ਹਮਲਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਾਂਗਰਸ ਦਾ ਹੱਥ, ਖਾਲਿਸਤਾਨ ਦੇ ਨਾਲ।”

ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਚੰਨੀ ਵੱਲੋਂ ਅਣ ਐਲਾਨੀ ਐਮਰਜੈਂਸੀ ਦਾ ਜ਼ਿਕਰ ਕਰਨ ਉੱਤੇ ਕਿਹਾ, “ਮੈਨੂੰ ਨਹੀਂ ਪਤਾ ਕਿ 1975 ਵਿੱਚ ਚੰਨੀ ਦੀ ਉਮਰ ਕੀ ਰਹੀ ਹੋਵੇਗੀ, ਮੈਨੂੰ ਤਾਂ ਲੱਗਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨੌਜਵਾਨ ਨੇਤਾਵਾਂ ਨੇ ਉਦੋਂ ਜਨਮ ਵੀ ਨਹੀਂ ਲਿਆ ਹੋਵੇਗਾ।”

“ਮੈਨੂੰ ਪਤਾ ਹੈ ਕਿ ਐਮਰਜੈਂਸੀ ਦੇ ਦੌਰਾਨ ਕੀ ਹਾਲਾਤ ਸਨ, ਸਿਆਸੀ ਧਿਰਾਂ ਦੇ ਨੇਤਾਵਾਂ ਨੂੰ ਰਾਤੋ-ਰਾਤ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਲੋਕਾਂ ਦੀ ਆਜ਼ਾਦੀ ਘੱਟ ਗਈ ਸੀ, ਅਖ਼ਬਾਰ ਖ਼ਾਲੀ ਪੰਨਿਆਂ ਨਾਲ ਛਪ ਰਹੇ ਸਨ।”

ਭਗਵੰਤ ਮਾਨ ਨੇ ਕੀ ਕਿਹਾ

ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਅਮ੍ਰਿਤਪਾਲ ਬਾਰੇ ਚਰਨਜੀਤ ਚੰਨੀ ਦੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, “ਕਾਂਗਰਸ ਦਾ ਸਟੈਂਡ ਕੀ ਹੈ , ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲੀ ਜਾਂਦੀ ਹੈ , ਅੱਧੀ ਕੁਝ ਹੋਰ ਬੋਲੀ ਜਾਂਦੀ ਹੈ।”

ਇਹ ਉਨ੍ਹਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ। ਕਿਉਂਕਿ ਮੈਂ ਇਕੱਲੇ ਇੱਕ ਮੈਂਬਰ ਪਾਰਲੀਮੈਂਟ ਦਾ ਖ਼ਿਆਲ ਨਹੀਂ ਰੱਖਣਾ ਮੈਂ ਸਾਢੇ ਤਿੰਨ ਕਰੋੜ ਲੋਕਾਂ ਦਾ ਧਿਆਨ ਰੱਖਣਾ ਹੈ।”

ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਚੰਨੀ ਦਾ ਧੰਨਵਾਦ ਕੀਤਾ

ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ

ਕਾਂਗਰਸ ਨੇ ਭਾਵੇਂ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਕਿਨਾਰਾ ਕਰ ਲਿਆ ਹੈ। ਪਰ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਚਰਨਜੀਤ ਚੰਨੀ ਦੇ ਇਸ ਬਿਆਨ ਉੱਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ, “ਅਸੀਂ ਚੰਨੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਜਦੋਂ ਆਪਰੇਸ਼ਨ ਅਮ੍ਰਿਤਪਾਲ ਚਲਾਇਆ ਸੀ ਅਤੇ ਅਮ੍ਰਿਤਪਾਲ ਦੀ ਪਤਨੀ ਨੂੰ ਬਾਹਰ ਜਾਣ ਤੋਂ ਰੋਕਿਆ ਸੀ ਉਦੋਂ ਵੀ ਚੰਨੀ ਨੇ ਅਵਾਜ਼ ਚੁੱਕੀ ਸੀ।”

“ਸਾਡੇ ਪਰਿਵਾਰ ਨੂੰ ਖ਼ਾਸ ਕਰਕੇ ਮਾਣ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਗੱਲ ਡੱਟ ਕੇ ਕੀਤੀ ਹੈ। ਉਮੀਦ ਕਰਦੇ ਹਾਂ ਕਿ ਪੰਜਾਬ ਦੇ ਜੋ ਦੂਜੇ ਜੋ ਮੈਂਬਰ ਪਾਰਲੀਮੈਂਟ ਹਨ ਜਾਂ ਇਨਸਾਫ ਪਸੰਦ ਹਨ, ਉਨ੍ਹਾਂ ਨੂੰ ਐੱਨਐੱਸਏ ਦੇ ਖ਼ਿਲਾਫ ਅਵਾਜ਼ ਚੁੱਕਣੀ ਚਾਹੀਦੀ ਹੈ।”

ਪੰਜਾਬ ਵਿੱਚੋਂ ਅਮ੍ਰਿਤਪਾਲ ਸਿੰਘ ਸਭ ਤੋਂ ਵੱਡੇ ਫਰਕ ਦੇ ਨਾਲ ਚੋਣ ਜਿੱਤੇ ਸਨ। ਪਰ ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਹੋਣ ਕਰਕੇ ਖਡੂਰ ਸਾਹਿਬ ਹਲਕਾ ਸੰਸਦ ਵਿੱਚ ਨੁਮਾਇੰਦਗੀ ਤੋਂ ਵਾਂਝਾ ਹੈ।

ਇਸ ਲਈ ਅਮ੍ਰਿਤਪਾਲ ਸਿੰਘ ਦੇ ਪਿਤਾ ਨੇ ਅਪੀਲ ਕੀਤੀ ਹੈ ਕਿ ਸਰਕਾਰ ਆਪਣੇ ਫੈਸਲੇ ਉੱਤੇ ਗੌਰ ਕਰੇ।

ਤਰਸੇਮ ਸਿੰਘ ਨੇ ਕਿਹਾ, “ਖਡੂਰ ਸਾਹਿਬ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ। ਉਨ੍ਹਾਂ ਦੇ ਕੰਮਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਬਹੁਤ ਵੱਡੀ ਬੇਇਨਸਾਫੀ ਹੋ ਰਹੀ ਹੈ। ਸਰਕਾਰ ਨੂੰ ਵੀ ਆਪਣੇ ਫੈਸਲਿਆਂ ਉੱਤੇ ਮੁੜ ਗੌਰ ਕਰਨਾ ਚਾਹੀਦਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।”

ਅਮ੍ਰਿਤਪਾਲ ਸਿੰਘ ਕੌਣ ਹਨ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ।

29 ਸਤੰਬਰ 2022 ਨੂੰ ਮੋਗਾ ਅਧੀਨ ਪੈਂਦੇ ਪਿੰਡ ਰੋਡੇ ਵਿੱਚ ਉਨ੍ਹਾਂ ਦੀ ਦਸਤਾਰਬੰਦੀ ਦਾ ਇੱਕ ਸਮਾਗਮ ਕਰਵਾਇਆ ਗਿਆ ਸੀ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਸਾਲ 2022 ਦੇ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ 2023 ਦੀ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆਏ ਸਨ।

ਜਿਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।

ਜੇਲ੍ਹ ਦੇ ਅੰਦਰੋਂ ਹੀ ਅਮ੍ਰਿਤਪਾਲ ਸਿੰਘ ਨੇ ਚੋਣ ਲਈ ਅਤੇ 1 ਲੱਖ 97 ਹਜ਼ਾਰ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਦਰਜ ਕੀਤੀ ਸੀ ।

ਲੋਕ ਸਭਾ ਵਿੱਚ 26 ਜੂਨ ਨੂੰ 12 ਲੋਕ ਸਭਾ ਮੈਂਬਰਾਂ ਨੇ ਸਹੁੰ ਚੁੱਕ ਲਈ ਸੀ। ਪਰ ਅਮ੍ਰਿਤਪਾਲ ਸਿੰਘ ਨੂੰ 5 ਜੁਲਾਈ ਨੂੰ ਅਹੁਦੇ ਦਾ ਅਹਿਦ ਦਵਾਇਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)