ਅਮ੍ਰਿਤਪਾਲ ਸਿੰਘ ਨੇ ਖ਼ਾਲਿਸਤਾਨ, ਖ਼ੁਦ ਨੂੰ ਭਾਰਤੀ ਨਾ ਮੰਨਣ ਤੇ ਭਾਰਤੀ ਸੰਵਿਧਾਨ ਬਾਰੇ ਕੀ-ਕੀ ਕਿਹਾ ਸੀ

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, THEWARISPANJABDE/INSTAGRAM

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ

ਪੰਜਾਬ ਦੇ ਹਲਕਾ ਖ਼ਡੂਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਅਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦੇ ਉਨ੍ਹਾਂ ਦੇ ''ਖਾਲਿਸਤਾਨੀ ਸਮਰਥਕ ਨਾ ਹੋਣ'' ਦੇ ਬਿਆਨ ਤੋਂ ਬਾਅਦ ਆਏ ਪ੍ਰਤੀਕਰਮ ਨਾਲ ਮੀਡੀਆ ਹਲਕੇ ਗਰਮਾਏ ਹੋਏ ਹਨ।

ਅਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਹਨ ਅਤੇ ਉਹ ਭਾਰਤ ਵਿੱਚ ਸਿੱਖਾਂ ਲਈ ਅਲੱਗ ਖੁਦਮੁਖਤਿਆਰ ਮੁਲਕ 'ਖ਼ਾਲਿਸਤਾਨ' ਬਣਾਏ ਜਾਣ ਦੇ ਹਮਾਇਤੀ ਹਨ।

ਅਮ੍ਰਿਤਪਾਲ ਸਿੰਘ ਫਿਲਹਾਲ ਕੌਮੀ ਸੁਰੱਖਿਆ ਐਕਟ ਯਾਨਿ ਐੱਨਐੱਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।

ਹਾਲੀਆ ਲੋਕ ਸਭਾ ਚੋਣਾਂ ਵਿੱਚ ਉਹ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਜੇਲ੍ਹ ਵਿੱਚੋਂ ਹੀ ਚੋਣ ਲੜੀ ਅਤੇ ਸੰਸਦ ਮੈਂਬਰ ਚੁਣੇ ਗਏ।

ਅਮ੍ਰਿਤਪਾਲ ਸਿੰਘ ਦੁਬਈ ਵਿੱਚ ਰਹਿੰਦੇ ਸਨ ਅਤੇ ਉਹ 2022 ਦੇ ਆਖਰੀ ਮਹੀਨਿਆਂ ਦੌਰਾਨ ਪੰਜਾਬ ਪਰਤ ਆਏ ਸਨ।

ਉਨ੍ਹਾਂ ਖੁਦ ਨੂੰ ਮਰਹੂਮ ਅਦਾਕਾਰ ਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਦੀ 'ਜਥੇਬੰਦੀ ਵਾਰਿਸ ਪੰਜਾਬ ਦੇ' ਦਾ ਮੁਖੀ ਐਲਾਨ ਦਿੱਤਾ ਸੀ।

ਉਨ੍ਹਾਂ ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਮੁਹਿੰਮ ਦੌਰਾਨ ਆਪਣੇ ਤਰੀਕੇ ਦੀ ਮੁਹਿੰਮ ਚਲਾਈ। ਉਹ ਨੌਜਵਾਨਾਂ ਵਿੱਚ ਸਿੱਖੀ ਦੇ ਪ੍ਰਚਾਰ ਦਾ ਦਾਅਵਾ ਕਰਦੇ ਸਨ।

ਬੀਤੇ ਦਿਨੀਂ ਉਨ੍ਹਾਂ ਨੇ ਆਪਣੀ ਮਾਂ ਵੱਲੋਂ ਇਹ ਕਹੇ ਜਾਣ ਕਿ ‘ਉਹ ਖ਼ਾਲਿਸਤਾਨੀ ਸਮਰਥਕ ਨਹੀਂ ਹਨ’ ‘ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੱਤੀ।

ਜਿਸ ਤੋਂ ਬਾਅਦ ‘ਖ਼ਾਲਿਸਤਾਨ’ ਦਾ ਮੁੱਦਾ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਿਆ ਹੈ।

ਅਮ੍ਰਿਤਪਾਲ ਸਿੰਘ ਜਦੋਂ ਜੇਲ੍ਹ ਤੋਂ ਬਾਹਰ ਸੀ ਤਾਂ ਉਹ ਖਾਲਿਸਤਾਨ, ਭਾਰਤੀ ਸੰਵਿਧਾਨ, ਪੰਜਾਬ ਦੇ ਰਵਾਇਤੀ ਮੁੱਦਿਆਂ ਬਾਰੇ ਸਖ਼ਤ ਸ਼ਬਦਾਂ ਵਾਲੇ ਬਿਆਨ ਦਿੰਦੇ ਰਹਿੰਦੇ ਸਨ।

ਹੁਣ ਜਦੋਂ ਉਨ੍ਹਾਂ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਖਾਲਿਸਤਾਨੀ ਸਮਰਥਕ ਹੋਣ ਜਾਂ ਨਾ ਹੋਣ ਦੀ ਬਿਆਨਬਾਜ਼ੀ ਹੋਈ ਹੈ, ਤਾਂ ਅਸੀਂ ਇੱਥੇ ਉਨ੍ਹਾਂ ਦੇ ਪੁਰਾਣੇ ਬਿਆਨ ਮੁੜ ਛਾਪ ਰਹੇ ਹਾਂ, ਜੋ ਉਨ੍ਹਾਂ ਦੀ ਖਾਲਿਸਤਾਨ ਅਤੇ ਭਾਰਤੀ ਸੰਵਿਧਾਨ ਪ੍ਰਤੀ ਸੋਚ ਨੂੰ ਪ੍ਰਗਟਾਉਂਦੇ ਹਨ।

ਪਰ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਅਮ੍ਰਿਤੁਪਾਲ ਸਿੰਘ ਦਾ ਪਿਛੋਕੜ ਕੀ ਹੈ

ਅਮ੍ਰਿਤਪਾਲ ਸਿੰਘ ਕੌਣ ਹਨ

ਅਮ੍ਰਿਤਪਾਲ ਸਿੰਘ
ਤਸਵੀਰ ਕੈਪਸ਼ਨ, ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ

ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਹਨ, ਉਹ ਸਿੱਖਾਂ ਲਈ ਖ਼ੁਦਮੁਖ਼ਤਿਆਰ ਰਾਜ (ਖ਼ਾਲਿਸਤਾਨ) ਦੀ ਪਾਪ੍ਰਤੀ ਨੂੰ ਆਪਣਾ ਨਿਸ਼ਾਨਾ ਦੱਸਦੇ ਹਨ।

ਮਰਹੂਮ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਥਾਪਿਆ ਗਿਆ ਸੀ।

29 ਸਤੰਬਰ 2022 ਨੂੰ ਮੋਗਾ ਅਧੀਨ ਪੈਂਦੇ ਪਿੰਡ ਰੋਡੇ ਵਿੱਚ ਉਨ੍ਹਾਂ ਦੀ ਦਸਤਾਰਬੰਦੀ ਦਾ ਇੱਕ ਸਮਾਗਮ ਕਰਵਾਇਆ ਗਿਆ ਸੀ।

ਕਈ ਸਾਲ ਦੁਬਈ ਰਹਿਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਸਾਲ 2022 ਦੇ ਅਗਸਤ ਮਹੀਨੇ ਪੰਜਾਬ ਵਿੱਚ ਵਾਪਸ ਆਏ ਅਤੇ ਉਨ੍ਹਾਂ ਅਮ੍ਰਿਤ ਸੰਚਾਰ ਅਤੇ ਨਸ਼ਾ ਛੁਡਾਊ ਲਹਿਰ ਦੇ ਨਾਂ ਉੱਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕੀਤਾ।

ਅਮ੍ਰਿਤਪਾਲ ਸਿੰਘ ਆਪਣੇ ਗਰਮਸੁਰ ਵਾਲੇ ਭਾਸ਼ਣਾਂ ਅਤੇ ਗੁਰਦੁਆਰਿਆਂ ਵਿਚਲੇ ਬੈਂਚ ਸਾੜਨ ਤੇ 2023 ਦੀ ਅਜਨਾਲਾ ਥਾਣੇ ਅੱਗੇ ਹੋਈ ਹਿੰਸਾ ਕਾਰਨ ਵਿਵਾਦਾਂ ਵਿੱਚ ਆਏ ਸਨ।

ਜਿਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।

ਇਸ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਲੋਕ ਸਭਾ ਹਲਕੇ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ 5 ਜੁਲਾਈ ਨੂੰ ਲੋਕ ਸਬਾ ਮੈਂਬਰ ਵਜੋਂ ਸਹੁੰ ਚੁੱਕਣ ਲ਼ਈ 4 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।

ਪਰ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ ਅਤੇ ਕੁਝ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ।

ਸਹੁੰ ਚੁੱਕਣ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਮੁੜ ਤੋਂ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ।

ਮਾਂ ਦੇ ਬਿਆਨ ’ਤੇ ਕੀ ਬੋਲੇ ਅਮ੍ਰਿਤਪਾਲ

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਮ੍ਰਿਤਪਾਲ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਸ਼ਰਤਾਂ ਸਣੇ ਚਾਰ ਦਿਨਾਂ ਦੀ ਆਰਜ਼ੀ ਰਿਹਾਈ ’ਤੇ ਦਿੱਲੀ ਪਹੁੰਚੇ ਸਨ ਤਾਂ ਇਸੇ ਦੌਰਾਨ ਉਨ੍ਹਾਂ ਦੇ ਪਿੰਡ ਜੱਲੂਖੇੜਾ ਵਿੱਚ ਮੀ਼ਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੀ ਮਾਂ ਨੇ ਕਿਹਾ ਸੀ।

ਉਨ੍ਹਾਂ ਹੁਣ ਲੋਕ ਸਭਾ ਮੈਂਬਰ ਵਜੋਂ ਸੰਵਿਧਾਨ ਦੀ ਸਹੁੰ ਚੁੱਕ ਲਈ ਹੈ, ਹੁਣ ਉਨ੍ਹਾਂ ਨੂੰ ਖਾਲਿਸਤਾਨੀ ਸਮਰਥਕ ਨਹੀਂ ਕਿਹਾ ਜਾਣਾ ਚਾਹੀਦਾ।

ਅਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਸੀ, "ਕੋਈ ਕੁਝ ਵੀ ਕਹੇ ਉਹ ਕੋਈ ਖ਼ਾਲਿਸਤਾਨੀ ਸਰਮਰਥਕ ਨਹੀਂ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨਾਲ ਕੋਈ ਖ਼ਾਲਿਸਤਾਨੀ ਸਮਰਥਕ ਨਹੀਂ ਹੋ ਜਾਂਦਾ, ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਉਨ੍ਹਾਂ ਨੇ ਚੋਣ ਲੜੀ ਹੈ, ਸੰਵਿਧਾਨ ਦੀ ਸਹੁੰ ਚੁੱਕੀ ਹੈ ਤਾਂ ਅਜਿਹੀ ਕੋਈ ਗੱਲ ਨਹੀਂ ਕਰਨੀ ਚਾਹੀਦੀ।"

ਇਸ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਦੀ ਮਾਤਾ ਵਲੋਂ ਦਿੱਤੇ ਗਏ ਬਿਆਨ ਉੱਤੇ ਸਪੱਸ਼ਟੀਕਰਨ ਦਿੱਤਾ ਗਿਆ।

ਬਲਵਿੰਦਰ ਕੌਰ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਮੀਡੀਆ ਨਾਲ ਗੱਲਬਾਤ ਕੀਤੀ

ਅਮ੍ਰਿਤਪਾਲ ਦਾ ਸਪੱਸ਼ਟੀਕਰਨ

ਅਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਮਾਤਾ ਨੇ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਹੈ, “ਜੋ ਕਿ ਉਨ੍ਹਾਂ ਦੇ ਪਰਿਵਾਰ ਜਾਂ ਕਿਸੇ ਵੀ ਹਮਾਇਤੀ ਵੱਲੋਂ ਨਹੀਂ ਆਉਣਾ ਚਾਹੀਦਾ ਸੀ।”

ਉਨ੍ਹਾਂ ਨੇ ਲਿਖਿਆ, “ਖ਼ਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ,ਸਗੋਂ ਮਾਣ ਵਾਲੀ ਗੱਲ ਹੈ। ਜਿਸ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ,ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ।”

ਉਨ੍ਹਾਂ ਨੇ ਲਿਖਿਆ, “ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਕਿ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ।“

ਇਸ ਦੌਰਾਨ ਉਨ੍ਹਾਂ ਨੇ ਸਿੱਖ ਇਤਿਹਾਸ ਦੀ ਇੱਕ ਘਟਨਾ ਦਾ ਹਵਾਲਾ ਦਿੰਦਿਆਂ ਪਰਿਵਾਰ ਨੂੰ ਤਾੜਨਾ ਦਿੱਤੀ, “ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ।”

ਇਸ ਤੋਂ ਪਹਿਲਾਂ ਵੀ ਅਮ੍ਰਿਤਪਾਲ ਸਿੰਘ ਨੇ ਕਈ ਅਜਿਹੇ ਬਿਆਨ ਦਿੱਤੇ ਹਨ ਜਿਸ ਵਿੱਚ ਉਹ ਖ਼ਾਲਿਸਤਾਨ ਦੀ ਖੁੱਲ੍ਹ ਕੇ ਹਮਾਇਤ ਕਰਦੇ ਦਿਸੇ ਹਨ।

ਖਾਲਿਸਤਾਨ ਬਾਰੇ ਅਮ੍ਰਿਤਪਾਲ ਦਾ ਬਿਆਨ

24 ਫ਼ਰਵਰੀ 2023 ਨੂੰ ਅਮ੍ਰਿਤਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਖਾਂ ਅਤੇ ਪੰਜਾਬ ਲਈ ਖਾਲਿਸਤਾਨ ਦੀ ਮੰਗ ਕਰਦਾ ਇੱਕ ਬਿਆਨ ਦਿੱਤਾ ਸੀ।

ਅਮ੍ਰਿਤਪਾਲ ਨੇ ਕਿਹਾ ਸੀ ਕਿ ਇਸ ਮੁੱਦੇ ਉਪਰ ਉਹਨਾਂ ਨਾਲ ਬਹਿਸ ਕਰਨ ਲਈ ਰਾਸ਼ਟਰੀ, ਅੰਤਰ ਰਾਸ਼ਟਰੀ ਮੀਡੀਆ ਅਤੇ ਦੁਨੀਆ ਭਰ ਦੇ ਵਿਵਦਾਨਾਂ ਨੂੰ ਖੁੱਲਾ ਸੱਦਾ ਹੈ।

ਉਨ੍ਹਾਂ ਕਿਹਾ, “ਸਾਡੇ ਖਾਲਿਸਤਾਨ ਦੇ ਮਕਸਦ ਨੂੰ ਬੁਰਾਈ ਜਾਂ ਵਰਜਿਤ ਨਾ ਸਮਝਿਆ ਜਾਵੇ। ਉਸ ਨੂੰ ਬੜੀ ਹੀ ਬੌਧਿਕਤਾ ਨਾਲ ਵੇਖਿਆ ਜਾਵੇ।’'

“ਇਸ ਦੇ ਭੂ-ਰਾਜਨੀਤਿਕ ਲਾਭ ਕੀ ਹਨ, ਸਿੱਖਾਂ ਲਈ ਇਸ ਦੇ ਕੀ ਲਾਭ ਹਨ ਅਤੇ ਸਿੱਖਾਂ ਦੇ ਬਚਾਅ ਅਤੇ ਪੰਜਾਬ ਲਈ ਇਹ ਕਿਉਂ ਜ਼ਰੂਰੀ ਹੈ।’

ਅਮ੍ਰਿਤਪਾਲ ਸਿੰਘ ਨੇ ਖਾਲਿਸਤਾਨ ਦੀ ਮੰਗ ਬਾਰੇ ਅੱਗੇ ਕਿਹਾ ਸੀ, “ਇਸ ਦੇ ਪਿੱਛੇ ਕੋਈ ਨਹੀਂ ਹੈ। ਮੈਂ ਇਸ ਦੇ ਪਿੱਛੇ ਨਹੀਂ ਹਾਂ। ਬੰਦਾ ਸਿਰਫ਼ ਕਿਸੇ ਵਿਚਾਰਧਾਰਾ ਦਾ ਚਿਹਰਾ ਬਣਦਾ ਹੈ। ਇਹ ਵਿਚਾਰਧਾਰਾ ਕਦੇ ਵੀ ਖਤਮ ਨਹੀਂ ਹੁੰਦੀ। ਤੁਸੀਂ ਸਾਡੀ ਸਾਰੀ ਕੌਮ ਨੂੰ ਮਾਰ ਦੇਵੋ, ਖਾਲਸੇ ਦਾ ਰਾਜ ਕਰਨ ਦਾ ਸੁਪਨਾ ਕਦੇ ਖਤਮ ਨਹੀਂ ਹੋਵੇਗਾ। ਇਹ ਮਹਾਰਾਜ (ਸਿੱਖ ਗੁਰੂ) ਨੇ ਦੇਣਾ ਹੈ, ਦਿੱਲੀ ਤੋਂ ਤਾਂ ਅਸੀਂ ਮੰਗਦੇ ਨਹੀਂ ਹਾਂ।”

ਵੀਡੀਓ ਕੈਪਸ਼ਨ, ਅਮ੍ਰਿਤਪਾਲ ਸਿੰਘ ਨੇ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਖੁੱਲ੍ਹ ਕੇ ਆਪਣਾ ਪੱਖ਼ ਰੱਖਿਆ ਸੀ

'ਸੰਵਿਧਾਨ ਨੂੰ ਨਹੀਂ ਮੰਨਦਾ'

ਸਾਲ 2023 ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦੇ।

ਗੱਲਬਾਤ ਦੌਰਾਨ ਉਨ੍ਹਾਂ ਚੈਨਲ ਨੂੰ ਕਿਹਾ, ‘‘ਮੈਂ ਐਥੀਨਿਸਿਟੀ ਦੇ ਤੌਰ ਉੱਤੇ ਪੰਜਾਬੀ ਹਾਂ ਅਤੇ ਧਾਰਮਿਕ ਤੌਰ ਉੱਤੇ ਸਿੱਖ ਹਾਂ, ਮੈਨੂੰ ਕਿਸੇ ਹੋਰ ਪਛਾਣ ਦੀ ਲੋੜ ਨਹੀਂ।’

“ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਦੀ ਪਛਾਣ ਨਹੀਂ ਹੋਈ ਚਾਹੀਦੀ, ਪਰ ਮੈਂ ਆਪਣੇ ਆਪ ਨੂੰ ਇਸ ਪਛਾਣ ਨਾਲ ਨਹੀਂ ਜੋੜਦਾ। ਪਾਸਪੋਰਟ ਇੱਕ ਟਰੈਵਲ ਦਸਤਾਵੇਜ਼ ਹੁੰਦਾ ਹੈ। ਇੰਝ ਤਾਂ ਮਹਾਤਮਾ ਗਾਂਧੀ ਕੋਲ ਵੀ ਬ੍ਰਿਟਿਸ਼ ਇੰਡੀਅਨ ਪਾਸਪੋਰਟ ਸੀ, ਤਾਂ ਕੀ ਉਹ ਬਰਤਾਨਵੀਂ ਬਣ ਗਏ।”

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਭਾਰਤੀ ਸੰਵਿਧਾਨ ਨੂੰ ਉਦੋਂ ਤੱਕ ਨਹੀਂ ਮੰਨਦਾ ਜਦੋਂ ਤੱਕ ਉਹ ਮੇਰੀ ਪਛਾਣ ਨੂੰ ਮਾਨਤਾ ਨਹੀਂ ਦਿੰਦਾ।”

“ਸੰਵਿਧਾਨ ਦਾ ਆਰਟੀਕਲ 25 ਬੀ ਕਹਿੰਦਾ ਹੈ ਕਿ ਸਿੱਖ ਹਿੰਦੂਆਂ ਦੀ ਇੱਕ ਬ੍ਰਾਂਚ ਹੈ ਪਰ ਗੁਰੂ ਨੇ ਸਾਫ਼ ਕਿਹਾ ਹੈ ਕਿ ‘ਨਾ ਹਮ ਹਿੰਦੂ ਨਾ ਮੁਸਲਮਾਨ‘। ਜੇ ਭਾਰਤੀ ਸੰਵਿਧਾਨ ਮੇਰੀ ਪਛਾਣ ਨਹੀਂ ਮੰਨਦਾ ਤਾਂ ਮੇਰਾ ਵੀ ਇਹ ਹੱਕ ਹੈ ਕਿ ਮੈਂ ਵੀ ਉਸ ਨੂੰ ਨਾ ਮੰਨਾ।”

ਬਾਅਦ ਵਿੱਚ ਉਨ੍ਹਾਂ ਇੱਕ ਹੋਰ ਵੱਖਰੇ ਬਿਆਨ ਵਿੱਚ ਇਹ ਗੱਲ ਵੀ ਸਪੱਸ਼ਟ ਕੀਤੀ ਸੀ, ਕਿ ਉਨ੍ਹਾਂ ਨੂੰ ਆਪਣੇ ਸੰਘਰਸ਼ ਦੌਰਾਨ ਜਿੱਥੇ ਭਾਰਤੀ ਸੰਵਿਧਾਨ ਦੀ ਲੋੜ ਹੋਵੇਗੀ,ਉਹ ਉਸਦੀ ਦੀ ਵਰਤੋਂ ਕਰਨਗੇ।

ਜਦੋਂ ਉਨ੍ਹਾਂ ਖਡੂਰ ਸਾਹਿਬ ਤੋਂ ਚੋਣ ਲੜਨ ਲਈ ਉਮੀਦਵਾਰੀ ਦਾ ਐਲਾਨ ਕੀਤਾ ਸੀ, ਉਦੋਂ ਸੰਵਿਧਾਨ ਦੀ ਸਹੁੰ ਚੁੱਕਣ ਬਾਰੇ ਉਨ੍ਹਾਂ ਦੇ ਸਮਰਥਕਾਂ ਤੋਂ ਮੀਡੀਆ ਨੇ ਵਾਰ ਵਾਰ ਸਵਾਲ ਪੁੱਛੇ ।

ਅਮ੍ਰਿਤਪਾਲ ਸਿੰਘ ਦੇ ਸਮਰਥਕ ਉਨ੍ਹਾਂ ਦੇ ਬਿਆਨ ਦੇ ਹਵਾਲੇ ਨਾਲ ਕਹਿੰਦੇ ਸਨ, ''ਜਿੱਥੇ ਸਾਨੂੰ ਸੰਘਰਸ਼ ਵਿੱਚ ਭਾਰਤੀ ਸੰਵਿਧਾਨ ਦੀ ਲੋੜ ਹੋਵੇਗੀ, ਇਸ ਦੀ ਵਰਤੋਂ ਕੀਤੀ ਜਾਵੇਗੀ। ਇਹ ਸੰਘਰਸ਼ ਦੇ ਦਾਅ ਪੇਚ ਹੁੰਦੇ ਹਨ।''

ਸਹੁੰ ਚੁੱਕਣ ਵਾਲੇ ਦਿਨ ਅਮ੍ਰਿਤਪਾਲ ਦੇ ਮਾਤਾ ਬਲਵਿੰਦਰ ਕੌਰ ਦਾ ਤਾਜ਼ਾ ਬਿਆਨ ਮੀਡੀਆ ਦੇ ਅਜਿਹੇ ਸਵਾਲਾਂ ਵਿੱਚੋਂ ਹੀ ਨਿਕਲਿਆ ਸੀ। ਜਿਸ ਦਾ ਅਮ੍ਰਿਤਪਾਲ ਨੂੰ ਸਪੱਸ਼ਟੀਕਰਨ ਦੇਣਾ ਪਿਆ।

ਅਮ੍ਰਿਤਪਾਲ ਸਿੰਘ

‘ਸਿੱਖ ਹਿੰਦੁਸਤਾਨ ਵਿੱਚ ਗ਼ੁਲਾਮ ਹਨ’

ਅਮ੍ਰਿਤਪਾਲ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਹਨ

ਅਮ੍ਰਿਤਪਾਲ ਸਿੰਘ ਸਿੱਖਾਂ ਦੇ ਗ਼ੁਲਾਮ ਹੋਣ ਦੀ ਗੱਲ ਕਰਦੇ ਹਨ। ਉਹ ਕਹਿੰਦੇ ਹਨ ਕਿ ਸਿੱਖ ਪਹਿਲਾਂ ਅੰਗਰੇਜ਼ਾਂ ਦੇ ਗ਼ੁਲਾਮ ਸਨ ਤੇ ਉਸ ਤੋਂ ਬਾਅਦ ਹਿੰਦੂਆਂ ਦੇ ਗ਼ੁਲਾਮ ਬਣ ਗਏ।

ਆਪਣੀ ਦਲੀਲ ਰੱਖਣ ਲਈ ਉਹ ਕਹਿੰਦੇ ਹਨ ਕਿ ਸਿੱਖਾਂ ਨੇ ਦੇਖਾ ਦੇਖੀ ਆਪਣਾ ਪਹਿਰਾਵਾ ਛੱਡ ਦਿੱਤਾ, ਗੁਰੂਆਂ ਵਲੋਂ ਦਰਸਾਈਆਂ ਗਈਆਂ ਰਹੁ-ਰੀਤਾਂ ਨੂੰ ਛੱਡ ਦਿੱਤਾ ਤੇ ਹੁਣ ਸਿੱਖਾਂ ਦੀਆਂ ਅਗ਼ਲੀਆਂ ਪੀੜ੍ਹੀਆਂ ਦੀ ਪਛਾਣ ਕਰਨੀ ਔਖੀ ਹੋ ਗਈ ਹੈ।

ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਅਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਜਿਹੜੇ ਸਿੱਖ ਵਿਰੋਧੀ ਹੋਣਗੇ ਹਕੂਮਤ ਉਨ੍ਹਾਂ ਨੂੰ ਸ਼ੈਅ ਵੀ ਦੇਵੇਗੀ, ਸਕਿਊਰਿਟੀ ਵੀ ਦੇਵੇਗੀ ਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਵੀ ਸਹੂਲਤਾਂ ਦੇਵੇਗੀ। ਪਰ ਸਿੱਖ ਕੈਦੀਆਂ ਨਾਲ ਵਤੀਰਾ ਇਸ ਦੇ ਬਿਲਕੁਲ ਉੱਲਟ ਹੈ, ਉਨ੍ਹਾਂ ਨੂੰ ਮਾਂ ਦੇ ਮਰ ਜਾਣ ’ਤੇ ਵੀ ਸਸਕਾਰ ਉਪਰ ਨਹੀਂ ਜਾਣ ਦਿੱਤਾ ਜਾਂਦਾ।

ਉਨ੍ਹਾਂ ਕਿਹਾ, "ਮੈਂ ਹਿੰਦੂ ਜਾਂ ਇਸਾਈਆਂ ਦੇ ਖ਼ਿਲਾਫ਼ ਨਹੀਂ ਬਲਕਿ ਹਰ ਉਸ ਆਦਮੀ ਦੇ ਖ਼ਿਲਾਫ਼ ਹਾਂ ਜੋ ਹਕੂਮਤ ਨਾਲ ਮਿਲ ਕੇ ਸਾਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਹਨ।"

ਖਾਲਿਸਤਾਨ ਦੀ ਮੰਗ ਕੋਈ ਨਵੀਂ ਨਹੀਂ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖਾਲਿਸਤਾਨ ਦੀ ਮੰਗ ਕੋਈ ਨਵੀਂ ਨਹੀਂ ਹੈ

ਖ਼ਾਲਿਸਤਾਨ ਕੀ ਹੈ

ਜਦੋਂ ਵੀ ਸਿੱਖਾਂ ਦੀ ਖੁਦਮੁਖ਼ਤਾਰੀ ਜਾਂ ਖ਼ਾਲਿਸਤਾਨ ਦੀ ਮੰਗ ਉੱਠਦੀ ਹੈ, ਤਾਂ ਸਾਰਿਆਂ ਦਾ ਧਿਆਨ ਭੂਗੋਲਿਕ ਪੱਖੋਂ ਭਾਰਤੀ ਪੰਜਾਬ ਵੱਲ ਜਾਂਦਾ ਹੈ।

ਭਾਰਤ ਵਿੱਚ ਕੁਝ ਸਿੱਖ ਸੰਗਠਨ ਅਤੇ ਆਗੂ ਸਿੱਖਾਂ ਲ਼ਈ ਅਲੱਗ ਖੁਦਮੁਖਤਿਆਰ ਖਿੱਤੇ ਦੀ ਮੰਗ ਕਰਦੇ ਹਨ। ਇਸ ਨੂੰ ਉਹ ‘ਖਾਲਿਸਤਾਨ’ ਦਾ ਨਾਂ ਦਿੰਦੇ ਹਨ। ਲੋਕਤੰਤਰੀ ਅਤੇ ਹਥਿਆਰਬੰਦ, ਦੋਵੇਂ ਤਰੀਕਿਆਂ ਨਾਲ ਖਾਲਿਸਤਾਨ ਹਾਸਲ ਕਰਨ ਲਈ ਲੰਬਾ ਸੰਘਰਸ਼ ਕੀਤਾ ਗਿਆ ਹੈ।”

“ਕੁਝ ਜਥੇਬੰਦੀਆਂ ਇਸ ਆਸ਼ੇ ਦੀ ਪਾਪ੍ਰਤੀ ਲ਼ਈ ਅਜੇ ਵੀ ਲੱਗੀਆਂ ਹੋਈਆਂ ਹਨ। ਅਮ੍ਰਿਤਪਾਲ ਸਿੰਘ ਦੀ 'ਜਥੇਬੰਦੀ ਵਾਰਿਸ ਪੰਜਾਬ ਦੇ' ਵੀ ਇਸ ਮੰਗ ਦਾ ਸਮਰਥਨ ਕਰਦੀ ਹੈ।

ਇਹ ਕੋਈ ਨਵਾਂ ਮਸਲਾ ਨਹੀਂ ਹੈ, ਦਹਾਕਿਆਂ ਤੋਂ ਸਿੱਖ ਜਥੇਬੰਦੀਆਂ ਲੋਕਤੰਤਰੀ ਅਤੇ ਹਥਿਆਰਬੰਦ ਸੰਘਰਸ਼ ਰਾਹੀ ਖਾਲਿਸਤਾਨ ਦੀ ਪਾਪ੍ਰਤੀ ਲਈ ਲਹਿਰ ਚਲਾਉਂਂਦੀਆਂ ਰਹੀਆਂ ਹਨ।

ਭਾਰਤ ਸਰਕਾਰ ਇਸ ਨੂੰ ਵੱਖਵਾਦੀ ਅਤੇ ਅੱਤਵਾਦੀ ਲਹਿਰ ਕਰਾਰ ਦਿੰਦੀ ਹੈ। ਇਸ ਪਿੱਛੇ ਭਾਰਤ ਦੀ ਅਖੰਡਤਾ ਨੂੰ ਤੋੜਨ ਲ਼ਈ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਦਾਅਵਾ ਵੀ ਕਰਦੀ ਹੈ।

ਪੰਜਾਬ ਵਿੱਚ ਸਿਮਰਨਜੀਤ ਸਿੰਘ ਮਾਨ ਇੱਕ ਅਜਿਹੇ ਆਗੂ ਹਨ ਜੋ ਖਾਲਿਸਤਾਨ ਦੇ ਏਜੰਡੇ ਉੱਤੇ ਚੋਣਾਂ ਲੜਦੇ ਹਨ। ਭਾਵੇਂ ਕਿ ਉਹ ਤਿੰਨ ਵਾਰ ਚੋਣ ਜਿੱਤੇ ਵੀ ਹਨ।

ਅਮ੍ਰਿਤਪਾਲ ਦੀ ਚੋਣ ਮੁਹਿੰਮ ਦਾ ਮੁੱਖ ਏਜੰਡਾ ਪੰਜਾਬ ਵਿੱਚ ਨਸ਼ਿਆ ਦੀ ਮਾਰ ਅਤੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਸੀ।

ਪੰਜਾਬ ਵਿੱਚ ਕਾਂਗਰਸ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਕਦੇ ਵੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਨਹੀਂ ਕਰਦੇ।

ਉਨ੍ਹਾਂ ਦੀ ਦਲੀਲ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਆਮ ਲੋਕਾਂ ਲਈ ਮਸਲਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)