ਭਾਰਤ ਵਿੱਚ ਗਿਰਝਾਂ ਦੀ ਘੱਟ ਗਿਣਤੀ ਕਾਰਨ 5 ਲੱਖ ਮਨੁੱਖੀ ਜਾਨਾਂ ਕਿਵੇਂ ਗਈਆਂ, ਤੇ ਕਿਵੇਂ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਗਈ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਇੱਕ ਸਮਾਂ ਸੀ ਜਦੋਂ ਗਿਰਝਾਂ ਭਾਰਤ ਦੇ ਲਗਭਗ ਹਰ ਕੋਨੇ ਵਿੱਚ ਆਮ ਦੇਖੀਆਂ ਜਾਂਦੀਆਂ ਸਨ।
ਇਹ ਮੁਰਦਾਖੋਰ ਪੰਛੀ, ਕੂੜੇ ਦੇ ਢੇਰਾਂ ਉੱਤੇ ਮਰੇ ਜਾਨਵਰਾਂ ਦੀਆਂ ਲਾਸ਼ਾਂ ਦੀ ਭਾਲ ਵਿੱਚ ਮੰਡਰਾਉਂਦੇ ਦੇਖੇ ਜਾਂਦੇ ਸਨ। ਕਦੇ-ਕਦੇ ਉਹ ਉਡਾਣ ਭਰ ਰਹੇ ਹਵਾਈ ਜਹਾਜ਼ਾਂ ਦੇ ਜੈਟ ਇੰਜਣ ਵਿੱਚ ਫਸ ਜਾਂਦੇ ਅਤੇ ਪਾਇਲਟਾਂ ਦੀ ਜਾਨ ਆਫ਼ਤ ਵਿੱਚ ਆ ਜਾਂਦੀ।
ਲੇਕਿਨ ਕਰੀਬ ਦੋ ਦਹਾਕੇ ਪਹਿਲਾਂ ਭਾਰਤੀ ਗਿਰਝਾਂ ਬਿਮਾਰ ਗਊਆਂ ਦੇ ਇਲਾਜ ਲਈ ਵਰਤੀ ਜਾਂਦੀ ਦਵਾਈ ਕਾਰਨ ਮਰਨੀਆਂ ਸ਼ੁਰੂ ਹੋਈਆਂ।
1990 ਦਾ ਦਹਾਕਾ ਆਉਂਦੇ-ਆਉਂਦੇ ਭਾਰਤ ਵਿੱਚ ਗਿਰਝਾਂ ਦੀ ਸੰਖਿਆ ਪੰਜ ਕਰੋੜ ਤੋਂ ਘਟਦੀ ਘਟਦੀ ਸਿਫਰ ਦੇ ਨਜ਼ਦੀਕ ਆ ਪਹੁੰਚੀ।
ਇਸਦੀ ਵਜ੍ਹਾ ਸੀ ਡਾਇਕਲੋਫੇਨਸ, ਜੋ ਕਿ ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਦਰਦ ਦੀ ਇੱਕ ਸਸਤੀ ਨੌਨ-ਸਟੈਰੋਇਡਲ ਦਵਾਈ ਸੀ। ਇਹ ਦਵਾਈ ਗਿਰਝਾਂ ਲਈ ਘਾਤਕ ਸਾਬਤ ਹੋਈ। ਜਿਹੜੇ ਪੰਛੀਆਂ ਨੇ ਇਸ ਦਵਾਈ ਵਾਲੇ ਜਾਨਵਰਾਂ ਦੀ ਲਾਸ਼ ਨੂੰ ਖਾਧਾ ਉਨ੍ਹਾਂ ਦੇ ਗੁਰਦੇ ਖ਼ਰਾਬ ਹੋ ਗਏ ਅਤੇ ਮਾਰੇ ਗਏ।
ਸਾਲ 2006 ਤੋਂ ਡਾਇਕਲੋਫੇਨਸ ਦਵਾਈ ਦੀ ਵਰਤੋਂ ਉੱਤੇ ਪਾਬੰਦੀ ਹੈ। ਇਸ ਨਾਲ ਕੁਝ ਇਲਾਕਿਆਂ ਵਿੱਚ ਗਿਰਝਾਂ ਦੀ ਸੰਖਿਆ ਘਟਣ ਦੀ ਦਰ ਵਿੱਚ ਕਮੀ ਜ਼ਰੂਰ ਆਈ ਹੈ। ਲੇਕਿਨ ਭਾਰਤ ਵਿੱਚ ਪੰਛੀਆਂ ਦੀ ਸਥਿਤੀ ਬਾਰੇ ਤਾਜ਼ਾ ਰਿਪੋਰਟ ਮੁਤਾਬਕ ਘੱਟੋ-ਘੱਟ ਤਿੰਨ ਪ੍ਰਜਾਤੀਆਂ ਨੂੰ ਲੰਬਾ ਨੁਕਸਾਨ 91-98% ਤੱਕ ਪਹੁੰਚਿਆ ਹੈ।
ਇੰਨਾ ਹੀ ਕਾਫੀ ਨਹੀਂ ਹੈ, ਇਕਨਾਮਿਕ ਐਸੋਸੀਏਸ਼ਨ ਜਨਰਲ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਮੁਤਾਬਕ ਗਿਰਝਾਂ ਦੇ ਖਤਮ ਹੋਣ ਦਾ ਇੱਕ ਹੋਰ ਸਿੱਟਾ ਵੀ ਨਿਕਲਿਆ ਹੈ।
ਗਿਰਝਾਂ ਦੇ ਨਾ ਰਹਿਣ ਕਾਰਨ ਜਾਨਲੇਵਾ ਬੈਕਟੀਰੀਆ ਅਤੇ ਲਾਗ ਦੇ ਮਾਮਲੇ ਵਧੇ ਹਨ। ਨਤੀਜੇ ਵਜੋਂ ਪਿਛਲੇ ਪੰਜ ਸਾਲਾਂ ਦੌਰਾਨ ਕਰੀਬ ਪੰਜ ਲੱਖ ਜਾਨਾਂ ਗਈਆਂ ਹਨ।
ਇਆਲ ਫਰੈਂਕ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਦੇ ਹੈਰਿਸ ਸਕੂਲ ਆਫ ਪਬਲਿਕ ਪਾਲਿਸੀ ਵਿੱਚ ਸਹਾਇਕ ਪ੍ਰੋਫੈਸਰ ਹਨ। ਉਹ ਇਸ ਅਧਿਐਨ ਦੇ ਸਹਿ-ਲੇਖਕ ਵੀ ਹਨ।

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ,“ਗਿਰਝਾਂ ਨੂੰ ਉਨ੍ਹਾਂ ਦੀ ਸਾਡੇ ਵਾਤਵਰਣ ਵਿੱਚੋਂ ਨੁਕਸਾਨਦੇਹ ਬੈਕਟੀਰੀਆ ਅਤੇ ਪੈਥੋਜਨ ਹਟਾਉਣ ਦੀ ਮਹੱਤਵਪੂਰਨ ਭੂਮਿਕਾ ਕਾਰਨ ਕੁਦਰਤ ਦੀ ਸਫਾਈ ਸੇਵਾ ਸਮਝਿਆ ਜਾਂਦਾ ਹੈ। ਉਨ੍ਹਾਂ ਤੋਂ ਬਿਨਾਂ ਬਿਮਾਰੀਆਂ ਫੈਲ ਸਕਦੀਆਂ ਹਨ।”
“ਮਨੁੱਖੀ ਸਿਹਤ ਵਿੱਚ ਗਿਰਝਾਂ ਦੀ ਭੂਮਿਕਾ ਨੂੰ ਸਮਝਦੇ ਹੋਏ, ਵਣ ਜੀਵਾਂ ਨੂੰ ਬਚਾਉਣ ਦੇ ਮਹੱਤਵ ਦਾ ਪਤਾ ਲਗਦਾ ਹੈ ਨਾ ਕਿ ਸਿਰਫ਼ ਦਿਲਕਸ਼ ਅਤੇ ਉਹ ਜਿਨ੍ਹਾਂ ਨੂੰ ਦੇਖ ਕੇ ਜੱਫ਼ੀ ਪਾਉਣ ਦਾ ਮਨ ਕਰੇ। ਉਨ੍ਹਾਂ ਸਾਰਿਆਂ ਦੀ ਸਾਡੇ ਈਕੋਸਿਸਟਮ ਵਿੱਚ ਇੱਕ ਜ਼ਿੰਮੇਵਾਰੀ ਹੈ ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ।”
ਫਰੈਂਕ ਅਤੇ ਉਨ੍ਹਾਂ ਦੇ ਸਾਥੀ ਲੇਖਕ ਅਨੰਤ ਸੁਦਰਸ਼ਨ ਨੇ ਭਾਰਤ ਦੇ ਉਨ੍ਹਾਂ ਜ਼ਿਲ੍ਹਿਆਂ ਵਿੱਚ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਕੀਤੀ ਜਿੱਥੇ ਕਦੇ ਗਿਰਝਾਂ ਬਹੁਤ ਜ਼ਿਆਦਾ ਮਿਲਦੀਆਂ ਸਨ।

ਫਰੈਂਕ ਅਤੇ ਉਨ੍ਹਾਂ ਦੇ ਸਾਥੀ ਲੇਖਕ ਸੁਦਰਸ਼ਨ ਨੇ ਉਹ ਜ਼ਿਲ੍ਹੇ ਜਿੱਥੇ ਗਿਰਝਾਂ ਆਮ ਮਿਲਦੀਆਂ ਸਨ ਅਤੇ ਜਿੱਥੇ ਗਿਰਝਾਂ ਇਤਿਹਾਸਕ ਤੌਰ ਉੱਤੇ ਹੀ ਘੱਟ ਸਨ, ਦੇ ਮੌਤ ਦਰ ਦੇ ਅੰਕੜਿਆਂ ਦੀ ਤੁਲਨਾ ਕੀਤੀ। ਇਸ ਅਧਿਐਨ ਵਿੱਚ ਗਿਰਝਾਂ ਦੇ ਹੁੰਦੇ ਹੋ ਅਤੇ ਗਿਰਝਾਂ ਦੇ ਮੁੱਕਣ ਤੋਂ ਬਾਅਦ ਦੇ ਫਰਕ ਨੂੰ ਵੀ ਦੇਖਿਆ ਗਿਆ।
ਉਨ੍ਹਾਂ ਨੇ ਹਲਕਵਾ ਦੇ ਟੀਕਿਆਂ ਦੀ ਵਿਕਰੀ, ਅਵਾਰਾ ਕੁੱਤਿਆਂ ਦੀ ਸੰਖਿਆ ਅਤੇ ਪਾਣੀ ਵਿੱਚ ਰੋਗਾਣੂਆਂ ਦੀ ਮੌਜੂਦਗੀ ਨੂੰ ਵੀ ਧਿਆਨ ਵਿੱਚ ਰੱਖਿਆ।
ਗਿਰਝਾਂ ਨਾ ਰਹਿਣ ਕਾਰਨ ਕਿਵੇਂ ਵਧੇ ਅਵਾਰਾ ਕੁੱਤੇ
ਆਪਣੇ ਅਧਿਐਨ ਵਿੱਚ ਉਨ੍ਹਾਂ ਨੇ ਦੇਖਿਆ ਕਿ ਗਿਰਝਾਂ ਦੇ ਖਤਮ ਹੋਣ ਅਤੇ ਐਂਟੀ-ਇਨਫਲਾਮੇਟਰੀ ਦਵਾਈਆਂ ਦੀ ਵਿਕਰੀ ਵਿੱਚ ਵਾਧਾ ਹੋਣ ਤੋਂ ਬਾਅਦ, ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਕਦੇ ਗਿਰਝਾਂ ਆਮ ਹੁੰਦੀਆਂ ਸਨ, ਮਨੁੱਖੀ ਮੌਤ ਦਰ ਵਿੱਚ 4% ਦਾ ਵਾਧਾ ਹੋਇਆ।
ਖੋਜੀਆਂ ਨੇ ਇਹ ਵੀ ਦੇਖਿਆ ਕਿ ਗਿਰਝਾਂ ਦੇ ਜਾਣ ਦਾ ਅਸਰ ਸ਼ਹਿਰੀ ਇਲਾਕਿਆਂ ਵਿੱਚ ਜ਼ਿਆਦਾ ਸੀ, ਜਿੱਥੇ ਪਸ਼ੂ ਜ਼ਿਆਦਾ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਜ਼ਿਆਦਾ ਸਨ, ਅਤੇ ਖੁੱਲ੍ਹੇ ਵਿੱਚ ਸੁੱਟੀਆਂ ਜਾਂਦੀਆਂ ਸਨ।

ਤਸਵੀਰ ਸਰੋਤ, AFP
ਲੇਖਕਾਂ ਨੇ ਅਨੁਮਾਨ ਲਾਇਆ ਕਿ ਸਾਲ 2000 ਤੋਂ 2005 ਦੇ ਦੌਰਾਨ, ਗਿਰਝਾਂ ਦੇ ਜਾਣ ਕਾਰਨ ਹਰ ਸਾਲ ਇੱਕ ਲੱਖ ਮਨੱਖੀ ਜਾਨਾਂ ਵਾਧੂ ਗਈਆਂ। ਇਨ੍ਹਾਂ ਅਕਾਲ ਮੌਤਾਂ ਕਾਰਨ ਜੁੜੇ ਆਰਥਿਕ ਖਰਚਿਆਂ ਕਾਰਨ ਹਰ ਸਾਲ 69 ਬਿਲੀਅਨ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ।
ਇਹ ਮੌਤਾਂ ਉਨ੍ਹਾਂ ਬੀਮਾਰੀਆਂ ਅਤੇ ਬੈਕਟੀਰੀਆ ਦੇ ਫੈਲਣ ਕਾਰਨ ਹੋਈਆਂ ਸਨ ਜਿਨ੍ਹਾਂ ਨੂੰ ਗਿਰਝਾਂ ਨੇ ਖਤਮ ਕਰ ਦੇਣਾ ਸੀ।
ਮਿਸਾਲ ਵਜੋਂ ਗਿਰਝਾਂ ਤੋਂ ਬਿਨਾਂ, ਅਵਾਰਾ ਕੁੱਤਿਆਂ ਦੀ ਸੰਖਿਆ ਵਧੀ, ਜਿਸ ਕਾਰਨ ਹਲਕਵਾ ਦੀ ਬੀਮਾਰੀ ਇਨਸਾਨਾਂ ਵਿੱਚ ਆ ਗਈ।
ਉਸ ਸਮੇਂ ਵਿੱਚ ਹਲਕਵਾ ਦੇ ਟੀਕਿਆਂ ਦੀ ਵਿਕਰੀ ਵਿੱਚ ਵਾਧਾ ਹੋਇਆ ਪਰ ਇਹ ਕਾਫੀ ਨਹੀਂ ਸੀ। ਗਿਰਝਾਂ ਦੇ ਮੁਕਾਬਲੇ ਕੁੱਤੇ ਸੜ ਰਹੀਆਂ ਜਾਨਵਰਾਂ ਦੀਆਂ ਲਾਸ਼ਾਂ ਨੂੰ ਬਿਲੇ ਲਗਾਉਣ ਵਿੱਚ ਗਿਰਝਾਂ ਜਿੰਨੇ ਕਾਰਗਰ ਨਹੀਂ ਹਨ।
ਇਸ ਕਾਰਨ ਇਨ੍ਹਾਂ ਵਿੱਚੋਂ ਮੀਂਹ ਅਤੇ ਸਾਫ ਸਫਾਈ ਦੇ ਮਾੜੇ ਇੰਤਜ਼ਾਮ ਕਾਰਨ ਬੈਕਟੀਰੀਆ ਅਤੇ ਪੈਥੋਜਨ ਪੀਣ ਵਾਲੇ ਪਾਣੀ ਵਿੱਚ ਮਿਲ ਗਏ। ਪਾਣੀ ਵਿੱਚ ਮਲ ਦੇ ਬੈਕਟੀਰੀਆ ਦੁੱਗਣੇ ਤੋਂ ਵੀ ਜ਼ਿਆਦਾ ਵਧ ਗਏ।
ਸੁਦਰਸ਼ਨ ਜੋ ਕਿ ਵਾਰਵਿਕ ਯੂਨੀਵਰਸਿਟੀ ਵਿੱਚ ਐਸੋਸੀਏਟ ਪ੍ਰੋਫੈਸਰ ਅਤੇ ਇਸ ਅਧਿਐਨ ਦੇ ਸਹਿ ਲੇਖਕ ਹਨ। ਕਹਿੰਦੇ ਹਨ, “ਭਾਰਤ ਵਿੱਚ ਗਿਰਝਾਂ ਦਾ ਖਤਮ ਹੋਣਾ ਇਸ ਗੱਲ ਦੀ ਇੱਕ ਤਲਖ ਮਿਸਾਲ ਹੈ ਕਿ ਕਿਸੇ ਪ੍ਰਜਾਤੀ ਦੇ ਖਤਮ ਹੋਣ ਦਾ ਸਾਡੇ ਉੱਤੇ ਕਿੰਨਾ ਗੰਭੀਰ ਅਸਰ ਹੋ ਸਕਦਾ ਹੈ।”

ਤਸਵੀਰ ਸਰੋਤ, Getty Images
ਗਿਰਝਾਂ ਦੇ ਖਤਮ ਹੋਣ ਪਿੱਛੇ ਹੋਰ ਕਿਹੜੇ ਕਾਰਨ ਜ਼ਿੰਮੇਵਾਰ
ਗਿਰਝ ਪ੍ਰਜਾਤੀਆਂ ਵਿੱਚੋਂ ਵ੍ਹਾਈਟ-ਰਮਪਡ ਗਿਰਝ, ਭਾਰਤੀ ਗਿਰਝ ਅਤੇ ਲਾਲ ਸਿਰ ਵਾਲੀ ਗਿਰਝ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। 2000 ਵਿਆਂ ਦੀ ਸ਼ੁਰੂਆਤ ਤੋਂ ਲੈਕੇ ਇਨ੍ਹਾਂ ਦੀ ਸੰਖਿਆ ਕ੍ਰਮਵਾਰ 98%, 95% ਅਤੇ 91% ਤੱਕ ਘੱਟ ਹੋਈ ਹੈ।
ਮਿਸਰੀ ਗਿਰਝ ਅਤੇ ਪਰਵਾਸੀ ਗ੍ਰਿਫਨ ਗਿਰਝ ਦੀ ਸੰਖਿਆ ਵਿੱਚ ਵੀ ਵਰਣਨਯੋਗ ਕਮੀ ਆਈ ਹੈ, ਲੇਕਿਨ ਦੂਜੀਆਂ ਨਾਲੋਂ ਘੱਟ ਨੁਕਸਾਨ ਹੋਇਆ ਹੈ।
ਸਾਲ 2019 ਵਿੱਚ ਭਾਰਤ ਵਿੱਚ ਲਾਈਵਸਟਾਕ ਜਨਗਣਨਾ ਵਿੱਚ 500 ਮਿਲੀਅਨ ਪਸ਼ੂਆਂ ਦੀ ਗਿਣਤੀ ਕੀਤੀ ਗਈ।
ਗਿਰਝਾਂ ਜੋ ਕਿ ਬਹੁਤ ਹੀ ਕੁਸ਼ਲ ਮੁਰਦਾਖੋਰ ਹਨ, ਉੱਤੇ ਕਿਸਾਨ ਆਪਣੇ ਮਰੇ ਹੋਏ ਪਸ਼ੂਆਂ ਦੀਆਂ ਲਾਸ਼ਾਂ ਖਤਮ ਕਰਾਉਣ ਲਈ ਨਿਰਭਰ ਕਰਦੇ ਸਨ।
ਭਾਰਤ ਵਿੱਚ ਹੋਰ ਪੰਛੀਆਂ ਦੇ ਮੁਕਾਬਲੇ ਗਿਰਝਾਂ ਸਭ ਤੋਂ ਤੇਜ਼ੀ ਨਾਲ ਖਤਮ ਹੋਈਆਂ ਹਨ।
ਭਾਰਤ ਵਿੱਚ ਹੁਣ ਗਿਰਝਾਂ ਦੀ ਅਬਾਦੀ ਉਨ੍ਹਾਂ ਦੀਆਂ ਰੱਖਾਂ ਦੇ ਦੁਆਲੇ ਸੀਮਤ ਹੈ, ਜਿੱਥੇ ਉਨ੍ਹਾਂ ਨੂੰ ਖਾਣ ਲਈ ਜ਼ਿਆਦਾਤਰ ਜੰਗਲੀ ਜੀਵਾਂ ਦੀਆਂ ਲਾਸ਼ਾਂ ਮਿਲਦੀਆਂ ਹਨ ਨਾ ਕਿ ਪ੍ਰਦੂਸ਼ਿਤ ਪਾਲਤੂ ਪਸ਼ੂ।
ਮਾਹਰਾਂ ਦੀ ਚੇਤਾਵਨੀ ਹੈ ਕਿ ਪਸ਼ੂਆਂ ਦੀਆਂ ਦਵਾਈਆਂ ਅਜੇ ਵੀ ਗਿਰਝਾਂ ਲਈ ਵੱਡਾ ਖਤਰਾ ਦਰਪੇਸ਼ ਹਨ। ਪਸ਼ੂਆਂ ਨੂੰ ਦਫਨਾਉਣ ਅਤੇ ਅਵਾਰਾ, ਹੱਡਾ ਰੋੜੀ ਦੇ ਕੁੱਤਿਆਂ ਦੀ ਮੁਕਾਬਲੇ ਬਾਜਡੀ ਕਾਰਨ ਖੁੱਲ੍ਹੇ ਵਿੱਚ ਪਈਆਂ ਲਾਸ਼ਾਂ ਵਿੱਚ ਆਈ ਕਮੀ ਨੇ ਸਮੱਸਿਆ ਨੂੰ ਹੋਰ ਵਧਾਇਆ ਹੈ। ਮਾਈਨਿੰਗ ਅਤੇ ਖਣਨ ਨੇ ਇਨ੍ਹਾਂ ਦੀਆਂ ਆਲ੍ਹਣੇ ਬਣਾਉਣ ਦੀਆਂ ਥਾਵਾਂ ਨੂੰ ਸੀਮਤ ਕਰ ਦਿੱਤਾ ਹੈ।
ਕੀ ਗਿਰਝਾਂ ਵਾਪਸ ਆਉਣਗੀਆਂ? ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ ਲੇਕਿਨ ਕੁਝ ਉਮੀਦ ਪੈਦਾ ਜ਼ਰੂਰ ਹੋਈ ਹੈ।
ਪਿਛਲੇ ਸਾਲ ਕੈਦ ਵਿੱਚ ਜਨਮੀਆਂ ਅਤੇ ਬਚਾਈਆਂ ਗਈਆਂ 20 ਗਿਰਝਾਂ, ਜਿਨ੍ਹਾਂ ਦੇ ਸੈਟੇਲਾਈਨਟ ਟੈਗ ਲਾਏ ਹੋਏ ਸਨ, ਪੱਛਮੀ ਬੰਗਾਲ ਦੀ ਇੱਕ ਬਾਘ ਰੱਖ ਵਿੱਚੋਂ ਛੱਡੀਆਂ ਗਈਆਂ।
ਹਾਲ ਹੀ ਵਿੱਚ ਦੱਖਣੀ ਭਾਰਤ ਵਿੱਚ ਹੋਏ ਇੱਕ ਸਰਵੇਖਣ ਵਿੱਚ 300 ਗਿਰਝਾਂ ਰਿਕਾਰਡ ਕੀਤੀਆਂ ਗਈਆਂ। ਲੇਕਿਨ ਇਸ ਦਿਸ਼ਾ ਵਿੱਚ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ।








