ਚੂਹਿਆਂ ਨੂੰ ਜਵਾਨ ਰੱਖਣ ਤੇ ਉਮਰ ਲੰਬੀ ਕਰਨ ਵਾਲੀ ਨਵੀਂ ਦਵਾਈ ਨੇ ਮਨੁੱਖੀ ਬੁਢਾਪੇ ਬਾਰੇ ਕੀ ਉਮੀਦ ਜਗਾਈ

ਤਸਵੀਰ ਸਰੋਤ, MRC Laboratory of Medical Sciences/Duke University
- ਲੇਖਕ, ਜੇਮਜ਼ ਗੈਲਗਰ
- ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ
ਇੱਕ ਦਵਾਈ ਨੇ ਪ੍ਰਯੋਗਸ਼ਾਲਾ ਵਿੱਚ ਜਾਨਵਰਾਂ ਦੀ ਉਮਰ ਵਿੱਚ ਲਗਭਗ 25% ਤੱਕ ਦਾ ਵਾਧਾ ਕੀਤਾ ਹੈ। ਇਸ ਖੋਜ ਤੋਂ ਸਾਇੰਸਦਾਨਾਂ ਨੂੰ ਉਮੀਦ ਹੈ ਕਿ ਇਸ ਨਾਲ ਮਨੁੱਖਾਂ ਵਿੱਚ ਵੀ ਬੁੱਢੇ ਹੋਣ ਦੀ ਰਫ਼ਤਾਰ ਨੂੰ ਘਟਾਇਆ ਜਾ ਸਕੇਗਾ।
ਜਿਹੜੇ ਚੂਹਿਆਂ ਨੂੰ ਇਹ ਦਵਾਈ ਦਿੱਤੀ ਗਈ ਉਹ ਦੂਜਿਆਂ ਦੇ ਮੁਕਾਬਲੇ ਜ਼ਿਆਦਾ ਜਵਾਨ ਨਜ਼ਰ ਆਏ। ਇਸ ਲਈ ਉਨ੍ਹਾਂ ਨੂੰ “ਸੂਪਰਮਾਡਲ ਦਾਦੀਆਂ” ਕਿਹਾ ਗਿਆ।
ਇਹ ਚੂਹੇ ਉਨ੍ਹਾਂ ਬਿਨਾਂ ਦਵਾਈ ਦੇ ਚੂਹਿਆਂ ਨਾਲੋਂ ਜ਼ਿਆਦਾ ਤੰਦਰੁਸਤ, ਰਿਸ਼ਟ-ਪੁਸ਼ਟ ਸਨ ਅਤੇ ਉਨ੍ਹਾਂ ਵਿੱਚ ਕੈਂਸਰ ਦੇ ਸੈੱਲ ਵੀ ਥੋੜ੍ਹੇ ਵਿਕਸਿਤ ਹੋਏ।
ਇਸ ਦਵਾਈ ਦੀ ਮਨੁੱਖਾਂ ਉੱਪਰ ਵੀ ਅਜਮਾਇਸ਼ ਕੀਤੀ ਜਾ ਰਹੀ ਹੈ ਪਰ ਇਹ ਉਮਰ ਦਰਾਜ਼ੀ ਨੂੰ ਟਾਲਣ ਵਿੱਚ ਕਿੰਨੀ ਕੁ ਕਾਰਗਰ ਹੈ, ਇਸ ਬਾਰੇ ਜਾਣਕਾਰੀ ਨਹੀਂ ਹੈ।
ਹਾਲਾਂਕਿ ਸਾਇੰਸਦਾਨ ਇਸ ਤੱਥ ਤੋਂ ਲੰਬੇ ਸਮੇਂ ਤੋਂ ਜਾਣੂ ਹਨ ਕਿ ਪ੍ਰਯੋਗਸ਼ਾਲਾ ਵਿੱਚ ਜੀਵਾਂ ਦੀ ਖੁਰਾਕ ਨੂੰ ਘਟਾਅ ਕੇ ਉਨ੍ਹਾਂ ਦੀ ਉਮਰ ਦਰਾਜ਼ੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਹੁਣ ਬੁਢਾਪੇ ਦੀ ਪ੍ਰਕਿਰਿਆ ਵਿੱਚ ਵਿਗਿਆਨਕ ਖੋਜ ਤਰੱਕੀ ਕਰ ਰਹੀ ਹੈ ਕਿਉਂਕਿ ਸਾਇੰਸਦਾਨ ਇਸ ਪਿਛਲੀ ਮੌਲੀਕਿਊਲਰ ਪ੍ਰਕਿਰਿਆ ਉੱਤੋਂ ਪਰਦਾ ਚੁੱਕਣ ਅਤੇ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।
ਇੰਪੀਰੀਅਲ ਕਾਲਜ ਲੰਡਨ ਦੀ ਐੱਮਆਰਸੀ ਪ੍ਰਯੋਗਸ਼ਾਲਾ ਅਤੇ ਡਿਊਕ-ਐੱਨਐੱਸਯੂ ਮੈਡੀਕਲ ਸਕੂਲ, ਸਿੰਗਾਪੁਰ ਦੇ ਸਾਇੰਸਦਾਨਾਂ ਦੀ ਟੀਮ ਇੱਕ ਇੰਟਰਲਿਊਕਿਨ-11 ਨਾਮ ਦੇ ਪ੍ਰੋਟੀਨ ਦਾ ਅਧਿਐਨ ਕਰ ਰਹੀ ਹੈ।
ਉਮਰ ਦੇ ਵਧਣ ਨਾਲ ਸਾਡੇ ਸਰੀਰ ਵਿੱਚ ਇਸ ਪ੍ਰੋਟੀਨ ਦੀ ਮਾਤਰਾ ਵੱਧਣ ਲਗਦੀ ਹੈ। ਇਸ ਨਾਲ ਸਰੀਰ ਵਿੱਚ ਸੋਜਿਸ਼ ਪੈਦਾ ਹੁੰਦੀ ਹੈ।
ਸਾਇੰਸਦਾਨਾਂ ਮੁਤਾਬਕ ਇਹ ਪ੍ਰੋਟੀਨ ਸਰੀਰ ਵਿੱਚ ਕਈ ਅਜਿਹੇ ਕੰਮ ਸ਼ੁਰੂ ਕਰਦਾ ਹੈ ਜੋ ਬੁ਼ਢਾਪਾ ਆਉਣ ਦੀ ਗਤੀ ਨੂੰ ਕੰਟਰੋਲ ਕਰਦੀਆਂ ਹਨ।
ਲੰਬੀਆਂ ਅਤੇ ਸਿਹਤਮੰਦ ਜ਼ਿੰਦਗੀਆਂ
ਸਾਇੰਸਦਾਨਾਂ ਨੇ ਦੋ ਤਜ਼ਰਬੇ ਕੀਤੇ—
- ਪਹਿਲੇ ਵਿੱਚ ਜਨੈਟਿਕ ਤੌਰ ਉੱਤੇ ਸੋਧੇ ਹੋਏ ਚੂਹੇ ਤਿਆਰ ਕੀਤੇ ਗਏ ਜਿਨ੍ਹਾਂ ਵਿੱਚ ਇੰਟਰਲਿਊਕਿਨ-11 ਪ੍ਰੋਟੀਨ ਪੈਦਾ ਹੀ ਨਹੀਂ ਹੁੰਦਾ।
- ਦੂਜੇ ਵਿੱਚ ਉਨ੍ਹਾਂ ਨੇ ਚੂਹਿਆਂ ਦੇ 75 ਹਫ਼ਤਿਆਂ ਦੇ ਹੋ ਜਾਣ ਦੀ ਉਡੀਕ ਕੀਤੀ (ਜੋ ਕਿ ਇੱਕ 55 ਸਾਲ ਦੇ ਮਨੁੱਖ ਦੇ ਬਰਾਬਰ ਹੁੰਦਾ ਹੈ।)। ਫਿਰ ਉਨ੍ਹਾਂ ਨੂੰ ਨਿਯਮਤ ਰੂਪ ਵਿੱਚ ਇੰਟਰਲਿਊਕਿਨ-11 ਪ੍ਰੋਟੀਨ ਨੂੰ ਨਸ਼ਟ ਕਰਨ ਵਾਲੀ ਦਵਾਈ ਦਿੱਤੀ ਗਈ।
ਪ੍ਰਯੋਗ ਦੇ ਨਤੀਜੇ ਨੇਚਰ ਮੈਗਜ਼ੀਨ ਵਿੱਚ ਛਪੇ ਹਨ। ਚੂਹਿਆਂ ਦੀ ਜ਼ਿੰਦਗੀ ਵਿੱਚ 20-25% ਤੱਕ ਵਾਧਾ ਦੇਖਿਆ ਗਿਆ।
ਪ੍ਰਯੋਗਸ਼ਾਲਾ ਦੇ ਬੁੱਢੇ ਚੂਹਿਆਂ ਦੀ ਅਕਸਰ ਕੈਂਸਰ ਨਾਲ ਮੌਤ ਹੁੰਦੀ ਹੈ, ਲੇਕਿਨ ਜਿਨ੍ਹਾਂ ਵਿੱਚ ਇੰਟਰਲਿਊਕਿਨ-11 ਪ੍ਰੋਟੀਨ ਨਹੀਂ ਸੀ, ਉਨ੍ਹਾਂ ਵਿੱਚ ਇਹ ਬੀਮਾਰੀ ਘੱਟ ਦੇਖੀ ਗਈ।
ਉਹ ਪਤਲੇ ਸਨ, ਉਨ੍ਹਾਂ ਦੀ ਮਾਂਸਪੇਸ਼ੀਆਂ ਵਧੀਆ ਕੰਮ ਕਰ ਰਹੀਆਂ ਸਨ ਅਤੇ ਉਨ੍ਹਾਂ ਦੇ ਵਾਲ ਸਿਹਤਮੰਦ ਸਨ ਅਤੇ ਕਮਜ਼ੋਰੀ ਦੇ ਹੋਰ ਟੈਸਟਾਂ ਵਿੱਚ ਵੀ ਉਹ ਦੂਜਿਆਂ ਨਾਲੋਂ ਬਿਹਤਰ ਸਨ।
ਮੈਂ ਇਸ ਖੋਜ ਵਿੱਚ ਸ਼ਾਮਲ ਪ੍ਰੋਫੈਸਰ ਸਟੂਅਰਟ ਕੁੱਕ ਨੂੰ ਇਸ ਬਾਰੇ ਪੁੱਛਿਆ ਕਿ ਡੇਟਾ ਉੱਤੇ ਯਕੀਨ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਮੈਨੂੰ ਦੱਸਿਆ, “ਮੈਂ ਜ਼ਿਆਦਾ ਉਤਾਵਲਾ ਨਹੀਂ ਹੋਣਾ ਚਾਹੁੰਦਾ ਕਿਉਂਕਿ ਜੋ ਤੁਸੀਂ ਕਹਿ ਰਹੇ ਹੋ, ਇਹ ਯਕੀਨ ਕਰਨ ਲਈ ਬਹੁਤ ਜ਼ਿਆਦਾ ਵਧੀਆ ਹੈ?”
ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਮਨੁੱਖ ਦੇ ਬੁੱਢਾ ਹੋਣ ਵਿੱਚ ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸਰ “ਰੂਪ ਵਟਾਉਣ ਵਾਲਾ” ਹੋਵੇਗਾ। ਉਹ ਆਪ ਵੀ ਇਹ ਦਵਾਈ ਲੈਣ ਲਈ ਵੀ ਤਿਆਰ ਸਨ।

ਪਰ ਲੋਕਾਂ ਬਾਰੇ ਕੀ..?
ਹਾਲਾਂਕਿ ਇਸ ਵਿੱਚ ਇੱਕ ਸਵਾਲ ਇਹ ਵੀ ਹੈ— ਕੀ ਜਾਨਵਰਾਂ ਵਾਲੇ ਨਤੀਜੇ ਇਨਸਾਨਾਂ ਵਿੱਚ ਦੇਖਣ ਨੂੰ ਮਿਲਣਗੇ, ਇਸ ਦੇ ਬੁਰੇ ਅਸਰ ਸਹਿਣ ਕੀਤੇ ਜਾ ਸਕਣ ਦੇ ਯੋਗ ਹੋਣਗੇ?
ਇੰਟਰਲਿਊਕਿਨ-11 ਪ੍ਰੋਟੀਨ ਦੀ ਸਰੀਰ ਦੇ ਮੁੱਢਲੇ ਵਿਕਾਸ ਵਿੱਚ ਵੀ ਭੂਮਿਕਾ ਤਾਂ ਜ਼ਰੂਰ ਹੁੰਦੀ ਹੈ।
ਬਹੁਤ ਦੁਰਲਭ ਲੋਕ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਸਰੀਰ ਇਹ ਪ੍ਰੋਟੀਨ ਪੈਦਾ ਨਾ ਕਰ ਸਕੇ। ਇਹ ਸਾਡੀ ਖੋਪੜੀ ਦੀ ਹੱਡੀ ਤੋਂ ਲੈ ਕੇ ਸਾਡੇ ਜੋੜਾਂ ਦੀ ਬਣਤਰ ਤੱਕ ਨੂੰ ਪ੍ਰਭਾਵਿਤ ਕਰਦਾ ਹੈ। ਇਸਦੇ ਪੈਦਾ ਕੀਤੇ ਵਿਗਾੜ ਠੀਕ ਕਰਨ ਲਈ ਕਈ ਵਾਰ ਅਪਰੇਸ਼ਨ ਤੱਕ ਕਰਨਾ ਪੈ ਸਕਦਾ ਹੈ।
ਲੇਕਿਨ ਅਗਲੀ ਉਮਰ ਵਿੱਚ ਜਾ ਕੇ ਇਹ ਪ੍ਰੋਟੀਨ ਬੁਢਾਪੇ ਦਾ ਵਾਹਕ ਬਣ ਜਾਂਦਾ ਹੈ ਅਤੇ ਬੁਰੀ ਭੂਮਿਕਾ ਨਿਭਾਉਂਦਾ ਹੈ।
ਇੰਟਰਲਿਊਕਿਨ-11 ਪ੍ਰੋਟੀਨ ਉੱਪਰ ਹਮਲਾ ਕਰਨ ਵਾਲੀ ਐਂਟੀ-ਬੌਡੀ ਵਿਕਸਿਤ ਕਰਨ ਵਾਲੀ ਦਵਾਈ ਦੀ ਜਾਂਚ ਲੰਗ ਫਾਇਬਰੋਸਿਸ ਦੇ ਮਰੀਜ਼ਾਂ ਉੱਪਰ ਕੀਤੀ ਜਾ ਰਹੀ ਹੈ। ਲੰਗ ਫਾਇਬਰੋਸਿਸ ਦੀ ਸਥਿਤੀ ਵਿੱਚ ਮਰੀਜ਼ਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਹੈ।

ਤਸਵੀਰ ਸਰੋਤ, Duke-NUS Medical School
ਪ੍ਰੋਫੈਸਰ ਕੁੱਕ ਨੇ ਕਿਹਾ ਕਿ ਅਜ਼ਮਾਇਸ਼ਾਂ ਅਜੇ ਮੁਕੰਮਲ ਨਹੀਂ ਹੋਈਆਂ ਪਰ ਡੇਟਾ ਦਰਸਾਉਂਦਾ ਹੈ ਕਿ ਦਵਾਈ ਵਰਤੋਂ ਲਈ ਸੁਰੱਖਿਅਤ ਹੈ।
ਇਹ ਉਮਰ ਦਰਾਜ਼ੀ ਦੇ ਇਲਾਜ ਪ੍ਰਤੀ ਨਵੀਨਤਮ ਪਹੁੰਚ ਹੈ। ਟਾਇਪ-2 ਡਾਇਬੀਟੀਜ਼ ਦੇ ਇਲਾਜ ਵਿੱਚ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਮੈਟਫੋਰਮਿਨ ਅਤੇ ਰੇਪਾਮਾਈਸਿਨ ਅੰਗ ਬਦਲਣ (ਟਰਾਂਸਪਲਾਂਟ) ਤੋਂ ਬਾਅਦ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ। ਤਾਂ ਜੋ ਕਿਤੇ ਸਰੀਰ ਨਵੇਂ ਅੰਗ ਨੂੰ ਖਾਰਜ ਨਾ ਕਰ ਦੇਵੇ। ਇਨ੍ਹਾਂ ਦਵਾਈਆਂ ਦੀ ਵੀ ਬੁਢਾਪੇ ਦੀ ਗਤੀ ਵਿੱਚ ਰੁਕਾਵਟ ਪਾ ਸਕਣ ਦੇ ਗੁਣਾਂ ਲਈ ਜਾਂਚ ਕੀਤੀ ਜਾ ਰਹੀ ਹੈ।
ਪ੍ਰੋਫੈਸਰ ਕੁੱਕ ਕਹਿੰਦੇ ਹਨ ਕਿ ਲੋਕਾਂ ਲਈ ਕੈਲੋਰੀਆਂ ਸੀਮਤ ਕਰਨ ਨਾਲੋਂ ਕੋਈ ਦਵਾਈ ਖਾਣਾ ਜ਼ਿਆਦਾ ਸੌਖਾ ਹੋਵੇਗਾ।
ਉਹ ਕਹਿੰਦੇ ਹਨ, “ਜੇ ਅੰਤ ਵਿੱਚ ਤੁਹਾਨੂੰ ਪੰਜ ਸਾਲ ਹੋਰ ਜੀਣ ਲਈ ਮਿਲ ਜਾਣ ਤਾਂ ਕੀ ਤੁਸੀਂ 40 ਸਾਲ ਦੀ ਉਮਰ ਤੋਂ ਬਾਅਦ ਅੱਧੇ ਭੁੱਖੇ ਅਤੇ ਬਿਲਕੁਲ ਹੀ ਬੇਅਰਾਮ ਜ਼ਿੰਦਗੀ ਜਿਉਣਾ ਚਾਹੋਂਗੇ, ਮੈਂ ਤਾਂ ਨਹੀਂ ਜੀਵਾਂਗਾ?”
ਡਿਊਕ-ਐੱਨਐੱਸਯੂ ਮੈਡੀਕਲ ਸਕੂਲ, ਸਿੰਗਾਪੁਰ ਦੇ ਪ੍ਰੋਫ਼ੈਸਰ ਐਨੀਸਾ ਵਿਡੀਜਾਜਾ ਕਹਿੰਦੇ ਹਨ, “ਭਾਵੇਂ ਸਾਡਾ ਕੰਮ ਚੂਹਿਆਂ ਉੱਤੇ ਹੈ, ਬਾਸ਼ਰਤੇ ਕਿ ਸਾਨੂੰ ਮਨੁੱਖੀ ਸੈਲਾਂ ਅਤੇ ਟਿਸ਼ੂਆਂ ਵਿੱਚ ਵੀ ਉਹੀ ਨਤੀਜੇ ਮਿਲਣ, ਇਹ ਮਨੁੱਖੀ ਸਿਹਤ ਲਈ ਵੀ ਬਹੁਤ ਪ੍ਰਸੰਗਿਕ ਹੋਵੇਗਾ।”
ਪ੍ਰੋਫ਼ੈਸਰ ਇਲਾਰੀਆ ਬੇਲਾਨਟੂਨੋ ਯੂਨੀਵਰਸਿਟੀ ਆਫ਼ ਸ਼ੈਫੀਲਡ ਵਿੱਚ ਮਾਸਪੇਸ਼ੀ-ਪਿੰਜਰ ਦੇ ਬੁਢਾਪੇ ਦੇ ਪ੍ਰੋਫ਼ੈਸਰ ਹਨ।
ਉਹ ਕਹਿੰਦੇ ਹਨ, “ਕੁੱਲ ਮਿਲਾ ਕੇ ਡੇਟਾ ਪੁਖ਼ਤਾ ਲਗਦਾ ਹੈ। ਇਹ ਬੁਢਾਪੇ ਨੂੰ ਨਿਸ਼ਾਨਾ ਬਣਾਉਣ ਵਾਲਾ ਇੱਕ ਹੋਰ ਸੰਭਾਵੀ ਇਲਾਜ ਹੈ, ਜਿਸ ਨਾਲ ਕਮਜ਼ੋਰੀ ਵਿੱਚ ਮਦਦ ਮਿਲੇਗੀ।”
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਅਜੇ ਸਮੱਸਿਆਵਾਂ ਹਨ। ਜਿਵੇਂ ਮਰੀਜ਼ਾਂ ਵਿੱਚ ਸਬੂਤ ਦੀ ਕਮੀ ਅਤੇ ਅਜਿਹੀਆਂ ਦਵਾਈਆਂ ਬਣਾਉਣ ਦੀ ਲਾਗਤ, ਉਹ ਕਹਿੰਦੇ ਹਨ, “50 ਸਾਲ ਤੋਂ ਵੱਡੀ ਉਮਰ ਦੇ ਹਰ ਵਿਅਕਤੀ ਨੂੰ ਇਹ ਇਲਾਜ ਮਿਲ ਸਕੇਗਾ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।”












