ਲਿਫ਼ਟ ਵਿੱਚ 42 ਘੰਟੇ ਫ਼ਸੇ ਰਹੇ ਰਵਿੰਦਰਨ ਨਾਇਰ ਨੇ ਇਸ ਸਮੇਂ ਦੌਰਾਨ ਕੀ ਕੁਝ ਕੀਤਾ

ਲਿਫ਼ਟ

ਤਸਵੀਰ ਸਰੋਤ, MUZAFAR AV

ਤਸਵੀਰ ਕੈਪਸ਼ਨ, ਰਵਿੰਦਰਨ ਨਾਇਰ ਇਸੇ ਲਿਫ਼ਟ ਵਿੱਚ ਫ਼ਸੇ ਸਨ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਸਹਿਯੋਗੀ

ਸੋਚੋ ਜੇ ਤੁਸੀਂ ਕਿਸੇ ਲਿਫ਼ਟ ਵਿੱਚ ਫਸ ਗਏ, ਉਹ ਵੀ ਕੁਝ ਦੇਰ ਲਈ ਨਹੀਂ ਸਗੋਂ ਪੂਰੇ 42 ਘੰਟਿਆਂ ਲਈ।

ਤੁਸੀਂ ਜਿਸ ਗੱਲ ਦੀ ਕਲਪਨਾ ਕਰਨ ਤੋਂ ਵੀ ਡਰਦੇ ਹੋ, ਉਹ 59 ਸਾਲਾ ਰਵਿੰਦਰ ਨਾਇਰ ਦੀ ਹੱਡਬੀਤੀ ਹੈ।

ਪਿਛਲੇ ਸ਼ਨੀਵਾਰ ਦੀ ਦੁਪਹਿਰ ਤੋਂ ਸੋਮਵਾਰ ਦੀ ਸਵੇਰ ਤੱਕ ਰਵਿੰਦਰਨ ਲਿਫ਼ਟ ਵਿੱਚ ਫਸੇ ਰਹੇ। ਰਵਿੰਦਰਨ ਨਾਇਰ, ਕੇਰਲ ਵਿੱਚ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ) ਦੀ ਉਲੂਰ ਯੂਨਿਟ ਵਿੱਚ ਮੁਖੀ ਹਨ।

ਲਿਫ਼ਟ ਵਿੱਚ ਫਸਣ ਤੋਂ ਬਾਅਦ ਰਵਿੰਦਰਨ ਉੱਤੇ ਜੋ ਬੀਤੀ, ਉਨ੍ਹਾਂ ਨੇ ਬੀਬੀਸੀ ਸਹਿਯੋਗੀ ਇਮਰਾਨ ਕੁਰੈਸ਼ੀ ਨੂੰ ਇਸ ਬਾਰੇ ਤਫ਼ਸੀਲ ਨਾਲ ਦੱਸਿਆ। ਪੂਰੀ ਘਟਨਾ ਉਨ੍ਹਾਂ ਦੀ ਜ਼ੁਬਾਨੀ ਜਾਣੋ।

ਚਾਰ ਮਹੀਨੇ ਪਹਿਲਾਂ ਗੁਸਲਖਾਨੇ ਵਿੱਚ ਡਿੱਗਣ ਤੋਂ ਬਾਅਦ ਮੇਰੀ ਕਮਰ ਵਿੱਚ ਤਕਲੀਫ਼ ਹੋ ਗਈ ਸੀ ਅਤੇ ਮੇਰੀ ਰੋਜ਼ਾਨਾ ਦੀ ਜ਼ਿੰਦਗੀ ਤਕਰੀਬਨ ਇੱਕੋ-ਜਿਹੀ ਹੋ ਗਈ ਸੀ।

ਮੈਂ ਅਤੇ ਮੇਰੀ ਪਤਨੀ ਸ਼੍ਰੀਲੇਖਾ, ਤਿਰੁਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ ਦੀ ਦੂਜੀ ਮੰਜ਼ਿਲ ਉੱਤੇ ਹੱਡੀਆਂ ਦੇ ਮਾਹਰ ਨੂੰ ਦਿਖਾਉਣ ਜਾਂਦੇ ਹਾਂ।

ਲੰਘੇ ਸ਼ਨੀਵਾਰ ਨੂੰ ਅਸੀਂ ਸਮੇਂ ਸਿਰ ਪਹੁੰਚ ਗਏ ਸੀ ਕਿਉਂਕਿ ਦਸ ਵਜੇ ਮੇਰੀ ਪਤਨੀ ਨੇ ਦਫ਼ਤਰ ਜਾਣਾ ਸੀ। ਮੈਂ ਆਪਣੀ ਪਿੱਠ ਦਾ ਐਕਸਰੇ ਕਰਵਾਉਣ ਗਿਆ ਸੀ ਕਿਉਂਕਿ ਪਿਛਲੇ ਹਫ਼ਤੇ ਕੋਲਨ ਜਾਣ ਕਰਕੇ ਉਸ ਵਿੱਚ ਬਹੁਤ ਦਰਦ ਹੋ ਰਿਹਾ ਸੀ।

ਐਕਸਰੇ ਦੇਖਣ ਤੋਂ ਬਾਅਦ ਡਾਕਟਰ ਨੇ ਮੈਨੂੰ ਬਲੱਡ ਰਿਪੋਰਟ ਦਿਖਾਉਣ ਲਈ ਕਿਹਾ ਅਤੇ ਮੇਰੀ ਪਤਨੀ ਨੂੰ ਮਹਿਸੂਸ ਹੋਇਆ ਕਿ ਉਹ ਤਾਂ ਘਰੇ ਹੀ ਰਹਿ ਗਈ ਹੈ। ਮੈਂ ਘਰੇ ਗਿਆ ਅਤੇ ਰਿਪੋਰਟ ਲੈ ਕੇ ਆਇਆ।

ਇਸ ਕਾਰਨ ਮੈਨੂੰ ਕੰਮ ਉੱਤੇ ਜਾਣ ਵਿੱਚ ਦੇਰੀ ਹੋ ਰਹੀ ਸੀ। ਦੁਪਹਿਰ ਦੇ 12 ਵੱਜ ਚੁੱਕੇ ਸਨ ਜਦਕਿ ਮੈਂ ਉੱਥੇ ਇੱਕ ਵਜੇ ਤੱਕ ਪਹੁੰਚਣਾ ਸੀ।

ਮੇਰੀ ਪਤਨੀ ਵੀ ਹਸਪਤਾਲ ਦੀ ਮੁਲਾਜ਼ਮ ਸੀ। ਇਸ ਲਈ ਮੈਂ ਸਟਾਫ਼ ਵਾਲੀ ਲਿਫ਼ਟ ਵਰਤ ਲਈ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਮੈਨੂੰ ਲੱਗਿਆ ਕਿ ਮੈਂ ਜ਼ਿੰਦਾ ਨਹੀਂ ਬਚਾਂਗਾ

ਮੈਂ ਲਿਫ਼ਟ ਨੰਬਰ 11 ਵਿੱਚ 12 ਵੱਜ ਕੇ 05 ਮਿੰਟ ਦੇ ਆਸ ਪਾਸ ਦਾਖਲ ਹੋਇਆ ਤਾਂ ਪਤਾ ਲੱਗਿਆ ਕਿ ਉਸ ਵਿੱਚ ਕੋਈ ਅਟੈਂਡੇਂਟ ਨਹੀਂ ਹੈ।

ਲੇਕਿਨ ਅੰਦਰ ਸਾਰਾ ਕੁਝ ਆਮ ਹੀ ਸੀ। ਫਿਰ ਮੈਂ ਦੂਜੀ ਮੰਜ਼ਿਲ ਉੱਤੇ ਜਾਣ ਲਈ ਬਟਨ ਦੱਬਿਆ ਅਤੇ ਉਸ ਵਿੱਚ ਕੁਝ ਆਮ ਨਹੀਂ ਰਿਹਾ।

ਹੋਇਆ ਇਹ ਕਿ ਲਿਫ਼ਟ ਦੂਜੇ ਫਲੋਰ ਦੇ ਕੋਲ ਪਹੁੰਚੀ ਅਤੇ ਫਿਰ ਧੜੰਮ ਕਰਕੇ ਹੇਠਾਂ ਆ ਗਈ ਅਤੇ ਦੋਵਾਂ ਮੰਜ਼ਿਲਾਂ ਦੇ ਵਿਚਕਾਰ ਫਸ ਗਈ।

ਮੈਂ ਲਿਫ਼ਟ ਵਿੱਚ ਲਿਖਿਆ ਹੋਇਆ ਐਮਰਜੈਂਸੀ ਨੰਬਰ ਮਿਲਾਇਆ।

ਅਲਾਰਮ ਤਾਂ ਚੱਲ ਰਿਹਾ ਸੀ ਪਰ ਕੋਈ ਰਿਸਪਾਂਸ ਨਹੀਂ ਆ ਰਿਹਾ ਸੀ।

ਮੈਂ ਆਪਣੀ ਪਤਨੀ ਸਮੇਤ ਕਈ ਲੋਕਾਂ ਨੂੰ ਫੋਨ ਕੀਤਾ ਪਰ ਨੈਟਵਰਕ ਵਿੱਚ ਦਿੱਕਤ ਸੀ।

ਇਸ ਤੋਂ ਬਾਅਦ ਮੇਰੀ ਘਬਰਾਹਟ ਵਧ ਗਈ ਅਤੇ ਮੈਂ ਅਵਾਜ਼ ਪੈਦਾ ਕਰਨ ਲਈ ਮੈਂ ਲਿਫ਼ਟ ਨੂੰ ਜ਼ੋਰ-ਜ਼ੋਰ ਨਾਲ ਮਾਰਨ ਲੱਗਿਆ।

ਉਸੇ ਸਮੇਂ ਮੇਰਾ ਫ਼ੋਨ ਹਨੇਰੇ ਵਿੱਚ ਕਿਤੇ ਡਿੱਗ ਗਿਆ ਅਤੇ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ।

ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ, ਕੇਰਲ

ਤਸਵੀਰ ਸਰੋਤ, MUZAFAR AV

ਤਸਵੀਰ ਕੈਪਸ਼ਨ, ਕੇਰਲ ਦਾ ਤਿਰੂਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ

ਮੈਂ ਚੀਕ-ਚੀਕ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਰਿਹਾ।

ਉੱਥੇ ਰੌਸ਼ਨੀ ਭੋਰਾ ਵੀ ਨਹੀਂ ਸੀ, ਲੇਕਿਨ ਕੁਝ ਸੁਰਾਖ ਸਨ, ਜਿਨ੍ਹਾਂ ਵਿੱਚੋਂ ਮੈਨੂੰ ਸਾਹ ਆ ਰਹੇ ਸਨ।

ਘਬਰਾਹਟ ਵਿੱਚ ਮੈਂ ਲਿਫ਼ਟ ਦੇ ਅੰਦਰ ਹੀ ਚੱਕਰ ਕੱਟਣ ਲੱਗਿਆ।

ਮੈਂ ਵਾਰ-ਵਾਰ ਅਲਾਰਮ ਬੈੱਲ ਵਜਾ ਰਿਹਾ ਸੀ ਕਿ ਕੋਈ ਇਸ ਨੂੰ ਸੁਣ ਲਵੇ ਅਤੇ ਮੇਰੀ ਮਦਦ ਲਈ ਆ ਜਾਏ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਦਿਨ ਹੈ ਜਾਂ ਰਾਤ।

ਅੰਦਰ ਘੁੱਪ-ਹਨੇਰਾ ਸੀ ਅਤੇ ਮੈਂ ਥੱਕ ਹਾਰ ਕੇ ਸੌਂ ਗਿਆ।

ਮੈਨੂੰ ਲੱਗ ਰਿਹਾ ਸੀ ਕਿ ਮੈਂ ਜਿਉਂਦਾ ਨਹੀਂ ਬਚਾਂਗਾ। ਮੈਨੂੰ ਆਪਣੀ ਪਤਨੀ, ਬੱਚੇ ਅਤੇ ਪਰਿਵਾਰ ਦੀ ਫਿਕਰ ਹੋਣ ਲੱਗੀ।

ਮੈਨੂੰ ਆਪਣੇ ਮਰਹੂਮ ਪਿਤਾ ਅਤੇ ਪੁਰਖਿਆਂ ਦਾ ਖਿਆਲ ਆਇਆ।

ਲੇਕਿਨ ਫਿਰ ਮੈਂ ਆਪਣਾ ਮਾਨਸਿਕ ਸੰਤੁਲਨ ਦੁਬਾਰਾ ਹਾਸਲ ਕੀਤਾ ਅਤੇ ਆਪਣਾ ਪੂਰਾ ਧਿਆਨ ਦੂਜੀਆਂ ਗੱਲਾਂ ਉੱਤੇ ਲਾਇਆ, ਤਾਂ ਜੋ ਮੈਂ ਇਨ੍ਹਾਂ ਖਿਆਲਾਂ ਵਿੱਚੋਂ ਬਾਹਰ ਨਿਕਲ ਸਕਾਂ।

ਰਵਿੰਦਰਨ ਦੇ ਕੋਲ ਬਲੱਡ ਪ੍ਰੈਸ਼ਰ ਦੀਆਂ ਇੱਕ ਜਾਂ ਦੋ ਗੋਲੀਆਂ ਜੇਭ ਵਿੱਚ ਰੱਖੀਆਂ ਸਨ।

ਲੇਕਿਨ ਪਾਣੀ ਨਾ ਹੋਣ ਕਾਰਨ ਉਹ ਇਨ੍ਹਾਂ ਨੂੰ ਖਾ ਨਹੀਂ ਸਕਦੇ ਸਨ। ਉਨ੍ਹਾਂ ਦਾ ਮੂੰਹ ਇੰਨਾ ਸੁੱਕ ਚੁੱਕਿਆ ਸੀ ਕਿ ਉਹ ਇਨ੍ਹਾਂ ਨੂੰ ਲੰਘਾ ਵੀ ਨਹੀਂ ਸਕਦੇ ਸਨ।

ਉਸੇ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਕੋਈ ਤਾਂ ਲਿਫ਼ਟ ਠੀਕ ਕਰਨ ਆਏਗਾ।

ਰਵਿੰਦਰਨ ਨੇ ਦੱਸਿਆ, “ਲੇਕਿਨ ਅਜਿਹਾ ਹੋਇਆ ਕਰੀਬ 42 ਘੰਟਿਆਂ ਬਾਅਦ ਅਤੇ ਉਸ ਸਮੇਂ ਸੋਮਵਾਰ ਸਵੇਰ ਦੇ ਛੇ ਵੱਜ ਰਹੇ ਸਨ। ਲਿਫ਼ਟ ਅਪਰੇਟਰ ਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਛਾਲ ਮਾਰਨ ਲਈ ਕਿਹਾ, ਮੈਂ ਥਕਾਨ ਕਾਰਨ ਥੱਲੇ ਲੇਟਿਆ ਹੋਇਆ ਸੀ।”

ਰਵਿੰਦਰਨ ਨਾਇਰ

ਤਸਵੀਰ ਸਰੋਤ, RAVINDRAN'S FAMILY

ਤਸਵੀਰ ਕੈਪਸ਼ਨ, ਰਵਿੰਦਰਨ ਨਾਇਰ

ਪਰਿਵਾਰ ਨੇ ਲਾਪਤਾ ਦੀ ਰਿਪੋਰਟ ਲਿਖਵਾਈ

ਰਵਿੰਦਰਨ ਦੀ ਪਤਨੀ ਸ਼੍ਰੀਲੇਖਾ ਨੇ ਬੀਬੀਸੀ ਨੂੰ ਦੱਸਿਆ, “ਇੱਕ ਅਣਜਾਣ ਨੰਬਰ ਤੋਂ ਮੈਨੂੰ ਫੋਨ ਆਇਆ ਤਾਂ ਦੂਜੇ ਪਾਸੇ ਰਵਿੰਦਰਨ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਲਿਫ਼ਟ ਵਿੱਚ ਫ਼ਸ ਗਏ ਸਨ। ਉਹ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਨੂੰ ਆ ਕੇ ਘਰ ਲੈ ਜਾਵਾਂ।”

ਹਾਲਾਂਕਿ ਇਸ ਦੌਰਾਨ ਸ਼੍ਰੀਲੇਖਾ ਅਤੇ ਉਨ੍ਹਾਂ ਦੇ ਦੋ ਪੁੱਤਰ ਲਾਪਤਾ ਦਾ ਰਿਪੋਰਟ ਦਰਜ ਕਰਵਾ ਚੁੱਕੇ ਸਨ ਕਿਉਂਕਿ ਐਤਵਾਰ ਸਵੇਰ ਤੋਂ ਉਨ੍ਹਾਂ ਦਾ ਫ਼ੋਨ ਵੀ ਨੈਟਵਰਕ ਤੋਂ ਬਾਹਰ ਦੱਸ ਰਿਹਾ ਸੀ।

ਉਨ੍ਹਾਂ ਦੇ ਪੁੱਤਰ ਹਰੀਸ਼ੰਕਰ ਨੇ ਦੱਸਿਆ, “ਕਈ ਵਾਰ ਉਹ ਹਸਪਤਾਲ ਤੋਂ ਸਿੱਧਾ ਕੰਮ ਉੱਤੇ ਚਲੇ ਜਾਂਦੇ ਸਨ। ਇਸ ਲਈ ਸਵੇਰ ਤੱਕ ਉਡੀਕ ਕੀਤੀ। ਫ਼ੋਨ ਟੁੱਟ ਚੁੱਕਿਆ ਸੀ, ਇਸ ਲਈ ਪੁਲਿਸ ਨੂੰ ਉਨ੍ਹਾਂ ਦੀ ਜੀਪੀਐੱਸ ਲੋਕੇਸ਼ਨ ਵੀ ਨਹੀਂ ਮਿਲ ਰਹੀ ਸੀ।”

ਰਵਿੰਦਰਨ ਗੁੱਸੇ ਵਿੱਚ ਸਨ ਜਾਂ ਉਨ੍ਹਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ, ਇਸ ਸਵਾਲ ਬਾਰੇ ਉਨ੍ਹਾਂ ਦੀ ਪਤਨੀ ਨੇ ਕਿਹਾ, “ਉਹ ਹਮੇਸ਼ਾ ਹੀ ਸ਼ਾਂਤ ਸੁਭਾਅ ਦੇ ਸਨ। ਲੇਕਿਨ ਕਦੇ ਕਦੇ ਇਸ ਪੂਰੇ ਘਟਨਾਕ੍ਰਮ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੂੰ ਅਚਾਨਕ ਬਹੁਤ ਗੁੱਸਾ ਆ ਜਾਂਦਾ ਹੈ। ਅਜਿਹਾ ਕਿਸੇ ਦਿਲ ਦੇ ਮਰੀਜ਼ ਨਾਲ ਜਾਂ ਉਨ੍ਹਾਂ ਦੀ ਥਾਂ ਕੋਈ ਗਰਭਵਤੀ ਔਰਤ ਹੁੰਦੀ ਤਾਂ ਕੀ ਹੁੰਦਾ। ਉਹ ਵਾਰ-ਵਾਰ ਇਹੀ ਕਹਿੰਦੇ ਹਨ।”

ਇਹ ਵੀ ਪੜ੍ਹੋ-
ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ

‘ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ’

ਕੇਰਲ ਦੀ ਸਿਹਤ ਮੰਤਰੀ ਵੀਣਾ ਜਾਰਜ ਨੇ ਮੰਗਲਵਾਰ ਨੂੰ ਹਸਪਤਾਲ ਵਿੱਚ ਰਵਿੰਦਰਨ ਨਾਇਰ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਸਿਹਤ ਮੰਤਰੀ ਦੇ ਦਫ਼ਤਰ ਨੇ ਇਸ ਘਟਨਾ ਬਾਰੇ ਬਿਆਨ ਜਾਰੀ ਕੀਤਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਿਨਾਂ ਕਿਸੇ ਨਰਮੀ ਦੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ਼੍ਰੀਲੇਖਾ ਕਹਿੰਦੇ ਹਨ ਕਿ ਹਸਪਤਾਲ ਦੇ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਮੰਤਰੀ ਨੇ ਵੀ ਇਸ ਲਈ ਉਨ੍ਹਾਂ ਤੋਂ “ਮਾਫ਼ੀ ਮੰਗੀ” ਹੈ।

ਇਸ ਸਿਲਸਿਲੇ ਵਿੱਚ ਤਿੰਨ ਲਿਫ਼ਟ ਟੈਕਨੀਸ਼ੀਅਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕੇਰਲ ਦੇ ਸਿਹਤ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਮੈਡੀਕਲ ਕਾਲਜ

ਤਸਵੀਰ ਸਰੋਤ, TMC.KERALA.GOV.IN

ਤਸਵੀਰ ਕੈਪਸ਼ਨ, ਮੈਡੀਕਲ ਕਾਲਜ

ਲਿਫ਼ਟ ਸਬੰਧੀ ਨਿਯਮ ਕੀ ਹਨ

ਹਰ ਸੂਬੇ ਵਿੱਚ ਇੱਕ ਲਿਫ਼ਟ ਇੰਸਪੈਕਟਰ ਹੁੰਦਾ ਹੈ, ਜੋ ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਦੇ ਅਧੀਨ ਕੰਮ ਕਰਦਾ ਹੈ।

ਕੇਰਲ ਲਿਫ਼ਟ ਅਤੇ ਐਸਕੇਲੇਟਰ ਐਕਟ, 2013 ਮੁਤਾਬਕ, ਇੰਸਪੈਕਟਰ ਲਾਇਸੰਸਿੰਗ ਅਧਿਕਾਰੀ ਹੈ।

ਇੰਸਪੈਕਟਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਹੀ ਨਿਰੀਖਣ ਤੋਂ ਬਾਅਦ ਹੀ ਕਿਸੇ ਇਮਾਰਤ ਵਿੱਚ ਐਲੀਵੇਟਰ ਜਾਂ ਐਸਕੇਲੇਟਰ ਲਗਾਉਣ ਲਈ ਲਾਇਸੈਂਸ ਜਾਰੀ ਕਰਨਗੇ।

ਲਿਫਟਾਂ ਜਾਂ ਐਸਕੇਲੇਟਰਾਂ ਨੂੰ ਲਗਾਉਣ ਅਤੇ ਮੁਰੰਮਤ ਕਰਨ ਦਾ ਕੰਮ ਕਾਬਲ ਵਿਅਕਤੀਆਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ।

ਹਰ ਲਾਇਸੈਂਸ ਨੂੰ ਸਾਲਾਨਾ ਨਿਰੀਖਣ ਤੋਂ ਬਾਅਦ ਅਤੇ ਇੱਕ ਨਿਸ਼ਚਿਤ ਫੀਸ ਅਦਾ ਕਰਕੇ ਨਵੇਂ ਸਿਰੇ ਤੋਂ ਬਣਾਉਣਾ ਹੁੰਦਾ ਹੈ।

ਐਕਟ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ।

ਨਾਮ ਜ਼ਾਹਰ ਨਾ ਕਰ ਦੀ ਸ਼ਰਤ 'ਤੇ ਇੱਕ ਸੀਨੀਅਰ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਬੀਬੀਸੀ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, “ਕਰਨਾਟਕ ਵਿੱਚ ਵੀ ਇਸ ਮਾਮਲੇ ਵਿੱਚ ਕੇਰਲ ਵਾਂਗ ਹੀ ਕਾਨੂੰਨ ਹੈ।

ਪਰ ਸਬੰਧਤ ਦਫ਼ਤਰ ਵਿੱਚ ਇੰਨੇ ਘੱਟ ਅਧਿਕਾਰੀ ਹਨ ਕਿ ਉਨ੍ਹਾਂ ਲਈ ਹਰੇਕ ਇਮਾਰਤ ਦਾ ਦੌਰਾ ਕਰਕੇ ਨਿਰੀਖਣ ਕਰਨਾ ਸੰਭਵ ਨਹੀਂ ਹੈ।

ਅਧਿਕਾਰੀ ਕਹਿੰਦਾ ਹੈ, “ਮੈਂ ਹਾਲ ਹੀ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ਉੱਤੇ ਰਹਿੰਦੇ ਕਿਸੇ ਵਿਅਕਤੀ ਨੂੰ ਮਿਲਣ ਗਿਆ ਸੀ।

ਲਿਫ਼ਟ ਅਚਾਨਕ ਦੂਜੀ ਅਤੇ ਤੀਜੀ ਮੰਜ਼ਿਲ ਦੇ ਵਿਚਕਾਰ ਬੰਦ ਹੋ ਗਈ। ਇਸ ਤੰਗ ਲਿਫ਼ਟ ਵਿੱਚ ਦੋ ਔਰਤਾਂ ਸਨ।

ਉਨ੍ਹਾਂ ਵਿੱਚੋਂ ਇੱਕ ਔਰਤ ਨਾਲ ਹੀ ਡਿੱਗ ਗਈ ਤੇ ਦੂਜੀ ਨੂੰ ਉਲਟੀਆਂ ਆਉਣ ਲੱਗੀਆਂ। ਦੋਵੇਂ ਸਦਮੇ ਵਿੱਚ ਸਨ।

ਅਧਿਕਾਰੀ ਦਾ ਇਹ ਤਜ਼ਰਬਾ ਮਹਿਜ਼ ਇੱਕ ਉਦਾਹਰਨ ਹੈ ਅਤੇ ਇਸ ਉਦਾਹਰਨ ਤੋਂ ਤੁਸੀਂ ਰਵਿੰਦਰਨ ਨਾਇਰ ਦੇ ਤਜ਼ਰਬੇ ਦਾ ਅੰਦਾਜ਼ਾ ਲਾ ਸਕਦੇ ਹੋ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)