ਜੰਗਲ ਵਿੱਚ ਗੁਆਚਾ ਇੱਕ ਸਾਲ ਦਾ ਬੱਚਾ ਬਿਨਾਂ ਖਾਣੇ ਪਾਣੀ ਦੇ ਕਿਵੇਂ ਜਿਉਂਦਾ ਰਿਹਾ, 'ਉਸ ਦਾ ਸਾਰਾ ਸਰੀਰ ਕੀੜੇ ਮਕੌੜਿਆਂ ਨੇ ਕੱਟਿਆ ਹੋਇਆ ਸੀ'

ਤਸਵੀਰ ਸਰੋਤ, Getty Images
- ਲੇਖਕ, ਬ੍ਰੈਡਨ ਡਰੇਨਨ
- ਰੋਲ, ਬੀਬੀਸੀ ਪੱਤਰਕਾਰ
ਲੁਈਸਿਆਨਾ ਵਿੱਚ ਇੱਕ ਲਾਪਤਾ ਬੱਚੇ ਦੀ ਕਈ ਦਿਨਾਂ ਤੋਂ ਚੱਲ ਰਹੀ ਭਾਲ ਉਦੋਂ ਖ਼ਤਮ ਹੋ ਗਈ ਜਦੋਂ ਇੱਕ ਟਰੱਕ ਡਰਾਈਵਰ ਨੇ ਇੱਕ ਬਹੁਤ ਹੀ ਚੱਲਣ ਵਾਲੇ ਹਾਈਵੇਅ ਕੰਢੇ ਘਾਹ ਵਿੱਚ ਇੱਕ ਸਾਲ ਦੇ ਬੱਚੇ ਨੂੰ ਰਿੜਦੇ ਨੂੰ ਦੇਖਿਆ।
ਸ਼ੈਰਿਫ ਗੈਰੀ ਗੁਇਲੋਰੀ ਨੇ ਬੀਬੀਸੀ ਨੂੰ ਦੱਸਿਆ ਕਿ ਬੱਚੇ ਦਾ ਸਹੀ ਸਲਾਮਤ ਮਿਲਣਾ ਕਿਸੇ ‘ਚਮਤਕਾਰ’ ਤੋਂ ਘੱਟ ਨਹੀਂ ਸੀ। ਕਿਉਂਜੋ ਬੱਚਾ ‘ਦੋ ਦਿਨਾਂ ਤੋਂ ਬਿਨਾਂ ਪਾਣੀ ਅਤੇ ਬਿਨਾਂ ਭੋਜਨ’ ਦੇ ਇਕੱਲਾ ਹੀ ਬਾਹਰ ਰਿਹਾ ਸੀ।
ਕੈਲਕੇਸੀਯੂ ਪੁਲਿਸ 8 ਜੁਲਾਈ ਤੋਂ ਬੱਚੇ ਦੀ ਭਾਲ ਕਰ ਰਹੀ ਸੀ। ਉਸ ਤੋਂ ਇੱਕ ਦਿਨ ਪਹਿਲਾਂ ਬੱਚੇ ਦਾ ਚਾਰ ਸਾਲਾ ਭਰਾ ਇੱਕ ਛੱਪੜ ਕੰਢੇ ਮ੍ਰਿਤਕ ਮਿਲਿਆ ਸੀ।
ਉਸੇ ਦਿਨ ਪੁਲਿਸ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਮੀਡੀਆ ਵਿੱਚ ਰੌਲਾ ਪੈ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਸੈਂਕੜੇ ਮੀਲ ਦੂਰ ਮਿਸੀਸਿਪੀ ਵਿੱਚ ਮੁੰਡਿਆਂ ਦੀ ਮਾਂ ਆਲੀਆ ਜੈਕ ਨੂੰ ਗ੍ਰਿਫਤਾਰ ਕੀਤਾ ਸੀ।
ਜੈਕ ਮਿਸੀਸਿਪੀ ਦੇ ਮੈਰੀਡੀਅਨ ਦੀ ਜੇਲ੍ਹ ਵਿੱਚ ਹੈ। ਉਨ੍ਹਾਂ ਖ਼ਿਲਾਫ਼ ਇੱਕ ਲਾਪਤਾ ਬੱਚੇ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ ਦੇ ਇਲਜ਼ਾਮ ਹਨ।
ਗੁਇਲੋਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਚਾਰਜ ਜੋੜੇ ਜਾ ਸਕਦੇ ਹਨ।

ਤਸਵੀਰ ਸਰੋਤ, Getty Images
ਬੱਚੇ ਦਾ ਬਚਣਾ
ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬੁੱਧਵਾਰ ਨੂੰ ਬਾਲ ਸੁਰੱਖਿਆ ਸੇਵਾਵਾਂ ਅਧੀਨ ਛੱਡ ਦਿੱਤਾ ਗਿਆ ਹੈ।
ਸ਼ੈਰਿਫ ਗੁਇਲੋਰੀ ਨੇ ਕਿਹਾ, "ਅਸੀਂ ਇਸ ਬੱਚੇ ਨੂੰ ਇੱਕ ‘ਚਮਤਕਾਰ ਬੇਬੀ’ ਕਹਿੰਦੇ ਹਾਂ।"
"ਉਸ ਦਾ ਸਾਰਾ ਸਰੀਰੀ ਕੀੜੇ ਮਕੌੜਿਆਂ ਨੇ ਕੱਟਿਆ ਹੋਇਆ ਸੀ, ਪਰ ਉਸ ਦੀ ਮਾਨਸਿਕ ਸਿਹਤ ਤਕੜੀ ਸੀ। ਅਸੀਂ ਸਿਰਫ਼ ਸ਼ੁਕਰਗੁਜ਼ਾਰ ਹੋ ਸਕਦੇ ਹਾਂ।"
ਸ਼ੈਰਿਫ ਨੇ ਕਿਹਾ ਕਿ ਮੌਸਮ ਉਨ੍ਹਾਂ ਦੇ ਹੱਕ ਵਿੱਚ ਕੰਮ ਕਰਦਾ ਹੈ।
ਲੂਸੀਆਨਾ ਵਿੱਚ ਅਕਸਰ ਬੇਹੱਦ ਗਰਮੀ ਰਹਿੰਦੀ ਹੈ ਪਰ ਇਹ ਦਿਨ ਸੀ ਜਦੋਂ ਮੌਸਮ ਸਾਜਗਾਰ ਰਿਹਾ। ਇਹ ਬਾਰੇ ਸ਼ੈਰਿਫ ਕਹਿੰਦੇ ਹਨ ਕਿ, “ਸੂਰਜ ਸੱਚੀਓਂ ਬਾਹਰ ਨਹੀਂ ਸੀ ਆਇਆ ਤੇ ਹਵਾ ਵਿੱਚ ਬਿਲਕੁਲ ਵੀ ਗ਼ਰਮੀ ਨਹੀਂ ਸੀ।”
"ਹਰੀਕੇਨ ਦਾ ਪ੍ਰਭਾਵ ਸਾਡੇ ਇਲਾਕੇ ਵਿੱਚ ਪਿਆ ਸੀ, ਜਿਸ ਨਾਲ ਮੌਸਮ ਕੁਝ ਠੰਡਾ ਰਿਹਾ ਤੇ ਇਹ ਬੱਚੇ ਦੀ ਖੁਸ਼ਕਿਸਤਮੀ ਸੀ ਕਿ ਉਹ ਦੇ ਸਰੀਰ ਨੂੰ ਗਰਮੀ ਨਹੀਂ ਲੱਗੀ।"

ਦਾਦੀ ਨੇ ਜਦੋਂ ਲਗਾਈ ਗੁਹਾਰ
ਅਸਲ ਵਿੱਚ ਬੱਚੇ ਦੀ ਭਾਲ ਉਸ ਸਮੇਂ ਸ਼ੁਰੂ ਹੋਈ ਜਦੋਂ ਪੁਲਿਸ ਨੂੰ ਇੱਕ ਛੱਪੜ ਨੇੜੇ ਕਿਸੇ ਬੱਚੇ ਦੀ ਲਾਸ਼ ਬਰਾਮਦ ਹੋਣ ਬਾਰੇ ਫ਼ੋਨ ਆਇਆ।
ਗੁਇਲੋਰੀ ਦੱਸਦੇ ਹਨ, "ਸਾਡੀ ਪਹਿਲੀ ਤਰਜੀਹ ਇਹ ਖ਼ਬਰ ਮੀਡੀਆ ਤੱਕ ਪਹੁੰਚਾਉਣਾ ਸੀ ਤੇ ਕੋਸ਼ਿਸ਼ ਕਰਨਾ ਕੀ ਹੋਈ ਸੁਰਾਖ ਮਿਲੇ ਤੇ ਇਸ ਤੋਂ ਬਾਅਦ ਘਟਨਾਕ੍ਰਮ ਸਾਡੇ ਸੋਚੇ ਮੁਤਾਬਕ ਹੀ ਹੋਇਆ।"
ਸੋਮਵਾਰ ਸ਼ਾਮ ਨੂੰ ਸ਼ੈਰਿਫ ਦੇ ਦਫਤਰ ਨੂੰ ਇੱਕ ਬਜ਼ੁਰਗ ਔਰਤ ਦਾ ਫ਼ੋਨ ਆਇਆ ਸੀ। ਜਿਸ ਨੇ ਇਹ ਖ਼ਬਰਾਂ ਦੇਖੀਆਂ ਸਨ ਅਤੇ ਆਪਣੇ ਪੋਤੇ-ਪੋਤੀਆਂ ਬਾਰੇ ਚਿੰਤਤ ਸਨ।
ਉਸ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਚਾਰ ਸਾਲ ਦੇ ਬੱਚੇ ਦਾ ਇੱਕ ਛੋਟਾ ਭਰਾ ਸੀ, ਜਿਸ ਕਾਰਨ ਪੁਲਿਸ ਨੇ ਇਸ ਇੱਕ ਸਾਲ ਦੇ ਬੱਚੇ ਲਾਪਤਾ ਅਤੇ ਉਸਦੀ ਮਾਂ ਲਈ ਇੱਕ 'ਬੋਲੋ' (ਲੁੱਕਆਊਟ) ਨੋਟਿਸ ਜਾਰੀ ਕੀਤਾ।
ਜੈਕਸਨ ਨੂੰ ਘੰਟਿਆਂ ਬਾਅਦ ਮਿਸੀਸਿਪੀ ਦੇ ਇੱਕ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਮੰਗਲਵਾਰ ਦੀ ਸਵੇਰ ਨੂੰ ਸ਼ੈਰਿਫ ਦੇ ਦਫਤਰ ਦੀ ਇੱਕ ਸਮੁੰਦਰੀ ਡਿਵੀਜ਼ਨ ਲਾਪਤਾ ਲੜਕੇ ਦੀ ਭਾਲ ਕਰ ਰਹੀ ਸੀ।

ਤਸਵੀਰ ਸਰੋਤ, Getty Images
ਟਰੱਕ ਡਰਾਈਵਰ ਨੇ ਬੱਚਾ ਦੇਖਿਆ
ਤਲਾਸ਼ ਉੱਥੇ ਹੀ ਸ਼ੁਰੂ ਕੀਤੀ ਗਈ ਜਿੱਥੇ ਉਸ ਦੇ ਚਾਰ ਸਾਲਾ ਭਰਾ ਦੀ ਲਾਸ਼ ਮਿਲੀ ਸੀ।
ਫਿਰ ਉਨ੍ਹਾਂ ਨੂੰ ਸਵੇਰ ਦੇ ਕਰੀਬ 9 ਵਜੇ ਇੱਕ ਟਰੱਕ ਡਰਾਈਵਰ ਦਾ ਫ਼ੋਨ ਆਇਆ। ਉਹ ਟੈਕਸਸ-ਲੁਈਸਿਆਨਾ ਸਰਹੱਦ ਦੇ ਨੇੜੇ ਇੰਟਰਸਟੇਟ-10 ਤੋਂ ਲੰਘ ਰਿਹਾ ਸੀ।
ਉਸ ਨੇ ਬੱਚੇ ਨੂੰ ਨੇੜਲੀ ਖਾਈ ਵਿੱਚ ਰਿੜਦੇ ਦੇਖਿਆ ਸੀ।
ਗੁਇਲੋਰੀ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਚਾਰ ਸਾਲਾ ਬੱਚੇ ਦੀ ਮੌਤ ਦਾ ਕਾਰਨ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ। ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ ਤੇ ਰਿਪੋਰਟ ਆਉਣਾ ਹਾਲੇ ਬਾਕੀ ਹੈ।












