ਇੱਥੇ ਚੰਗੀ-ਭਲੀ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਜੋੜੇ ਕਿਉਂ ਸਵੈ ਇੱਛਾ ਨਾਲ ਮੌਤ ਨੂੰ ਗਲ਼ੇ ਲਗਾ ਰਹੇ ਹਨ

ਜੈਨ ਅਤੇ ਐਲਸ
ਤਸਵੀਰ ਕੈਪਸ਼ਨ, ਜੈਨ ਅਤੇ ਐਲਸ
    • ਲੇਖਕ, ਲਿੰਡਾ ਪ੍ਰੈਸਲੀ
    • ਰੋਲ, ਬੀਬੀਸੀ ਨਿਊਜ਼

ਕਰੀਬ ਪੰਜ ਦਹਾਕਿਆਂ ਤੋਂ ਵਿਆਹੇ ਹੋਏ ਸੀ।

ਜੂਨ ਦੀ ਸ਼ੁਰੂਆਤ ਵਿੱਚ, ਦੋ ਡਾਕਟਰਾਂ ਤੋਂ ਜਾਨ ਲੈਣ ਵਾਲੀ ਦਵਾਈ ਖਾ ਕੇ ਇਕੱਠੇ ਮਰ ਗਏ। ਨੀਦਰਲੈਂਡ ਵਿੱਚ ਇਸ ਨੂੰ ਜੋੜੀ ਦੀ ਸਵੈ-ਇੱਛਾ ਮੌਤ ਕਿਹਾ ਜਾਂਦਾ ਹੈ।

ਇਹ ਕਾਨੂੰਨੀ ਹੈ, ਆਮ ਨਹੀਂ ਹੈ। ਪਰ ਹਰ ਸਾਲ, ਕਈ ਡੱਚ ਜੋੜੇ ਇਸ ਤਰ੍ਹਾਂ ਆਪਣੀਆਂ ਜ਼ਿੰਦਗੀਆਂ ਸਮਾਪਤ ਕਰਦੇ ਹਨ।

ਕਈ ਲੋਕਾਂ ਲਈ ਇਹ ਆਰਟੀਕਲ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।

ਸਵੈ-ਇੱਛਾ ਨਾਲ ਜ਼ਿੰਦਗੀ ਖਤਮ ਕਰਨ ਤੋਂ ਪਹਿਲਾਂ ਜੈਨ ਅਤੇ ਐਲਸ ਆਪਣੀ ਕੈਂਪਰਵੈਨ ‘ਤੇ ਉੱਤਰੀ ਨੀਦਰਲੈਂਡ ਦੇ ਫਰਾਈਜ਼ਲੈਂਡ ਦੇ ਸਨਲਿਟ ਮੈਰੀਨਾ ‘ਤੇ ਸਨ।

ਇਹ ਅਜਿਹਾ ਜੋੜਾ ਸੀ ਜੋ ਹਮੇਸ਼ਾ ਘੁੰਮਦੇ ਰਹਿਣਾ ਪਸੰਦ ਕਰਦਾ ਸੀ, ਉਨ੍ਹਾਂ ਨੇ ਜ਼ਿਆਦਾਤਰ ਸਮਾਂ ਮੋਟਰਹੋਮ ਜਾਂ ਕਿਸ਼ਤੀਆਂ ਵਿੱਚ ਬਿਤਾਇਆ ਸੀ।

ਜਦੋਂ ਮੈਂ ਉਨ੍ਹਾਂ ਕੋਲ ਗਈ ਸੀ ਤਾਂ ਜੈਨ ਨੇ ਮਜ਼ਾਕ ਕਰਦਿਆਂ ਕਿਹਾ ਸੀ, “ਅਸੀਂ ਕਈ ਵਾਰ ਪੱਥਰਾਂ ਦੇ ਢੇਰ(ਘਰ) ਅੰਦਰ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਸਾਡੇ ਤੋਂ ਇਹ ਨਹੀਂ ਹੋਇਆ।”

ਉਦੋਂ ਜੈਨ ਦੀ ਉਮਰ 70 ਸਾਲ ਦੀ ਸੀ।

ਉਹ ਕੈਂਪਰ ਵੈਨ ਦੀ ਡ੍ਰਾਈਵਿੰਗ ਸੀਟ ‘ਤੇ ਬੈਠਾ ਸੀ ਅਤੇ ਇੱਕ ਲੱਤ ਨੂੰ ਮੋੜ ਕੇ ਉਸ ਦੇ ਉੱਤੇ ਬੈਠਾ ਸੀ ਕਿਉਂਕਿ ਇਸ ਪੁਜ਼ੀਸ਼ਨ ਨਾਲ ਹੀ ਉਸ ਨੂੰ ਲਗਾਤਾਰ ਹੁੰਦੇ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਸੀ। ਇਸ ਦੀ ਪਤਨੀ ਐਲਸ, ਜੋ ਕਿ 71 ਸਾਲ ਦੀ ਸੀ ਅਤੇ ਉਸ ਨੂੰ ਡੀਮੈਂਸ਼ੀਆ ਦੀ ਸਮੱਸਿਆ ਸੀ।

ਹੁਣ ਉਸ ਨੂੰ ਵਾਕ ਬੋਲਣ ਲਈ ਸੰਘਰਸ਼ ਕਰਨਾ ਪੈਂਦਾ ਸੀ।

ਇੱਕ ਕਿੰਡਰਗਾਰਟਨ ਵਿੱਚ ਮਿਲੇ ਸਨ ਜੈਨ ਅਤੇ ਐਲਸ

ਜੈਨ 1982 ਚ ਆਪਣੇ ਪੁੱਤਰ ਨਾਲ
ਤਸਵੀਰ ਕੈਪਸ਼ਨ, ਜੈਨ 1982 ਵਿੱਚ ਆਪਣੇ ਪੁੱਤਰ ਨਾਲ

ਆਪਣੇ ਸਰੀਰ ਵੱਲ ਇਸ਼ਾਰਾ ਕਰਦਿਆਂ ਉਹ ਕਹਿੰਦੀ ਹੈ, ‘ਇਹ ਬਹੁਤ ਚੰਗਾ ਹੈ’। ਫਿਰ ਆਪਣੇ ਸਿਰ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹੈ, ‘ਇਹ ਬਹੁਤ ਬੁਰੀ ਹਾਲਤ ਵਿੱਚ ਹੈ’।

ਜੈਨ ਅਤੇ ਐਲਸ ਇੱਕ ਕਿੰਡਰਗਾਰਟਨ ਵਿੱਚ ਮਿਲੇ ਸੀ।

ਉਨ੍ਹਾਂ ਦਾ ਜ਼ਿੰਦਗੀ ਭਰ ਦਾ ਸਾਥ ਸੀ। ਜਵਾਨੀ ਵਿੱਚ ਜੈਨ ਨੀਦਰਲੈਂਡ ਦੀ ਨੈਸ਼ਨਲ ਯੂਥ ਟੀਮ ਲਈ ਹਾਕੀ ਖੇਡਦਾ ਸੀ ਅਤੇ ਫਿਰ ਇੱਕ ਸਪੋਰਟਸ ਕੋਚ ਬਣ ਗਿਆ।

ਐਲਸ ਨੇ ਇੱਕ ਪ੍ਰਾਇਮਰੀ ਸਕੂਲ ਟੀਚਰ ਵਜੋਂ ਟਰੇਨਿੰਗ ਹਾਸਲ ਕੀਤੀ ਸੀ। ਪਰ ਉਨ੍ਹਾਂ ਦੇ ਪਾਣੀ, ਕਿਸ਼ਤੀਆਂ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਸਫ਼ਰ ਦੇ ਸਾਂਝੇ ਪਿਆਰ ਨੇ ਦੋਵਾਂ ਦੇ ਇਕੱਠੀ ਜ਼ਿੰਦਗੀ ਗੁਜ਼ਾਰਨ ਨੂੰ ਪ੍ਰਭਾਸ਼ਿਤ ਕੀਤਾ।

ਜਵਾਨੀ ਵਿੱਚ ਜੋੜਾ ਇੱਕ ਹਾਊਸ-ਬੋਟ ਵਿੱਚ ਰਿਹਾ। ਬਾਅਦ ਵਿੱਚ ਉਨ੍ਹਾਂ ਨੇ ਇੱਕ ਕਾਰਗੋ ਬੋਟ(ਕਿਸ਼ਤੀ) ਖਰੀਦ ਲਈ ਅਤੇ ਨੀਦਰਲੈਂਡ ਦੇ ਅੰਦਰੂਨੀ ਜਲ ਮਾਰਗ ਦੇ ਆਲੇ-ਦੁਆਲੇ ਸਮਾਨ ਦੀ ਢੋਆ-ਢੁਆਈ ਦਾ ਕਾਰੋਬਾਰ ਚਲਾਇਆ।

ਇਸੇ ਦਰਮਿਆਨ ਐਲਸ ਨੇ ਉਨ੍ਹਾਂ ਦੇ ਇਕਲੌਤੇ ਬੇਟੇ(ਦੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦਾ ਹੈ) ਨੂੰ ਜਨਮ ਦਿੱਤਾ।

ਉਹ ਹਫ਼ਤਾ ਭਰ ਬੋਰਡਿੰਗ ਸਕੂਲ ਵਿੱਚ ਰਹਿੰਦਾ ਸੀ ਅਤੇ ਵੀਕੈਂਡ ਆਪਣੇ ਮਾਪਿਆ ਨਾਲ ਬਿਤਾਉਂਦਾ ਸੀ। ਉਸ ਦੇ ਸਕੂਲ ਦੀਆਂ ਛੁੱਟੀਆਂ ਦੌਰਾਨ ਜਦੋਂ ਉਹ ਵੀ ਨਾਲ ਹੁੰਦਾ ਸੀ, ਤਾਂ ਜੈਨ ਅਤੇ ਐਲਸ ਕੰਮ ਲਈ ਦਿਲਚਸਪ ਰੂਟ ਚੁਣਦੇ ਸੀ ਜਿਵੇਂ ਰਾਈਨ ਦਰਿਆ ਦੇ ਨਾਲ ਜਾਂ ਨੀਂਦਰਲੈਂਡ ਦੇ ਟਾਪੂ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਾਲ 1999 ਤੱਕ, ਜਲ ਮਾਰਗ ਕਾਰਗੋ ਦੇ ਕਾਰੋਬਾਰ ਵਿੱਚ ਕੰਪੀਟੀਸ਼ਨ ਬਹੁਤ ਵਧ ਗਿਆ ਸੀ।

ਤਕਰੀਬਨ ਇੱਕ ਦਹਾਕੇ ਤੱਕ ਭਾਰ ਚੁੱਕਣ ਵਾਲਾ ਕੰਮ ਕਰਦਿਆਂ ਜੈਨ ਨੂੰ ਪਿੱਠ ਦਾ ਦਰਦ ਹੋਣ ਲੱਗਿਆ ਸੀ।

ਉਹ ਅਤੇ ਐਲਸ ਜ਼ਮੀਨ ‘ਤੇ ਮੁੜ ਗਏ, ਪਰ ਕੁਝ ਸਾਲ ਬਾਅਦ ਫਿਰ ਕਿਸ਼ਤੀ ‘ਤੇ ਰਹਿਣ ਲੱਗ ਗਏ।

ਫਿਰ ਜਦੋਂ ਸਭ ਕੁਝ ਸਾਂਭਣਾ ਔਖਾ ਹੋ ਗਿਆ ਤਾਂ ਉਨ੍ਹਾਂ ਨੇ ਇੱਕ ਖੁੱਲ੍ਹੀ ਕੈਂਪਰਵੈਨ ਖਰੀਦ ਲਈ।

2003 ਵਿੱਚ ਜੈਨ ਨੇ ਪਿੱਠ ਦੀ ਸਰਜਰੀ ਕਰਵਾਈ ਪਰ ਜ਼ਿਆਦਾ ਫਰਕ ਨਾ ਪਿਆ। ਉਸ ਨੇ ਦਰਦ-ਨਿਵਾਰਕ ਦਵਾਈਆਂ ਲੈਣੀਆਂ ਬੰਦ ਕਰ ਦਿੱਤੀਆਂ ਸੀ, ਪਰ ਐਲਸ ਹਾਲੇ ਵੀ ਪੜ੍ਹਾਉਣ ਦੀ ਨੌਕਰੀ ਵਿੱਚ ਰੁੱਝੀ ਹੋਈ ਸੀ।

ਕਦੇ-ਕਦਾਈਂ ਦੋਹੇਂ ਸਵੈ-ਇੱਛਾ ਮੌਤ ਬਾਰੇ ਗੱਲ ਕਰਦੇ ਸੀ। ਜੈਨ ਨੇ ਆਪਣੇ ਪਰਿਵਾਰ ਨੂੰ ਸਮਝਾਇਆ ਕਿ ਉਹ ਆਪਣੀਆਂ ਸਰੀਰਕ ਸਮੱਸਿਆਵਾਂ ਦੇ ਨਾਲ ਜ਼ਿਆਦਾ ਲੰਬਾ ਨਹੀਂ ਜਿਦਣਾ ਚਾਹੁੰਦਾ। ਉਸੇ ਦੌਰਾਨ ਜੋੜੇ ਨੇ ਨੀਂਦਰਲੈਂਡ ਦੀ ‘ਰਾਈਟ ਟੂ ਡਾਈ’ ਸੰਸਥਾ ਜੁਆਇਨ ਕਰ ਲਈ।

“ਜੇ ਤੁਸੀਂ ਬਹੁਤ ਜ਼ਿਆਦਾ ਦਵਾਈਆਂ ਲੈੰਦੇ ਹੋ ਤਾਂ ਨਸ਼ੇੜੀਆਂ ਦੀ ਤਰ੍ਹਾਂ ਜਿਉਂਦੇ ਹੋ। ਮੇਰੇ ਦਰਦ ਅਤੇ ਐਲਸ ਦੀ ਬਿਮਾਰੀ ਕਰਕੇ ਮੈਂ ਸੋਚਦਾ ਹਾਂ ਸਾਨੂੰ ਇਹ ਬੰਦ ਕਰ ਦੇਣਾ ਚਾਹੀਦਾ ਹੈ। ”

ਬੰਦ ਕਰ ਦੇਣ ਤੋਂ ਉਸ ਦਾ ਮਤਲਬ ਸੀ ‘ਜਿਉਣਾ ਬੰਦ ਕਰਨਾ’।

9068 ਲੋਕਾਂ ਨੇ ਅਜਿਹੀ ਸਵੈ-ਇੱਛਾ ਮੌਤ ਲਈ

ਨੀਦਰਲੈਂਡ ਵਿੱਚ 2023 ’ਚ 9068 ਲੋਕਾਂ ਨੇ ਅਜਿਹੀ ਸਵੈ-ਇੱਛਾ ਮੌਤ ਲਈ ਜੋ ਕਿ ਕੁੱਲ ਮੌਤਾਂ ਦਾ ਪੰਜ ਫੀਸਦੀ ਸੀ।

33 ਘਟਨਾ ਜੋੜਿਆਂ ਦੀ ਸਵੈ-ਇੱਛਾ ਮੌਤ ਦੀਆਂ ਸੀ, ਯਾਨੀ ਕਿ 66 ਲੋਕ। ਇਹ ਗੁੰਝਲਦਾਰ ਕੇਸ ਹੋਰ ਗੁੰਝਲਦਾਰ ਹੋ ਜਾਂਦੇ ਹਨ ਜੇ ਇੱਕ ਸਾਥੀ ਨੂੰ ਡੀਮੈਂਸ਼ੀਆ ਹੋਵੇ, ਜਿੱਥੇ ਉਨ੍ਹਾਂ ਦੀ ਸਹਿਮਤੀ ਦੇਣ ਦੀ ਸਮਰੱਥਾ ਬਾਰੇ ਅਨਿਸ਼ਚਿਤਤਾ ਹੋਵੇ।

ਰੋਟਰਡੈਮ ਦੇ ਇਰੈਸਮਸ ਮੈਡੀਕਲ ਸੈਂਟਰ ਵਿੱਚ ਇੱਕ ਜੇਰੀਏਟ੍ਰਿਸ਼ੀਅਨ ਅਤੇ ਨੈਤਿਕ ਵਿਗਿਆਨੀ ਡਾ. ਰੋਜ਼ਮਾਰਜੀਨ ਵੈਨ ਬਰੂਕੇਮ ਕਹਿੰਦੇ ਹਨ, “ਕਈ ਡਾਕਟਰ ਡੀਮੈਂਸ਼ੀਆ ਦੇ ਮਰੀਜ਼ਾਂ ਨੂੰ ਇੱਛਾ ਮੌਤ ਦੇਣ ਬਾਰੇ ਸੋਚਣਾ ਵੀ ਨਹੀਂ ਚਾਹੁੰਦੇ।”

ਇਹ ਜੈਨ ਅਤੇ ਐਲਸ ਦੇ ਜਨਰਲ ਪ੍ਰੈਕਟਿਸ਼ਨਰ ਦੀ ਵੀ ਇਹੀ ਸਥਿਤੀ ਸੀ।

ਸਵੈ-ਇੱਛਾ ਮੌਤ ਦੇ ਅੰਕੜਿਆਂ ਵਿੱਚ ਡਾਕਟਰਾਂ ਦੀ ਇਹ ਝਿਜਕ ਝਲਕਦੀ ਹੈ। 2023 ਵਿੱਚ ਸਵੈ ਇੱਛਾ ਮੌਤ ਲੈਣ ਵਾਲੇ ਹਜ਼ਾਰਾਂ ਵਿੱਚ 336 ਡੀਮੈਂਸ਼ੀਆ ਦੇ ਮਰੀਜ਼ ਸਨ। ਤਾਂ ਡਾਕਟਰ ਡੀਮੈਂਸ਼ੀਆ ਦੇ ਮਰੀਜ਼ਾਂ ਵਿੱਚ ‘ਅਸਹਿ ਦਰਦ’ ਲਈ ਕਾਨੂੰਨੀ ਲੋੜਾਂ ਦਾ ਮੁਲਾਂਕਣ ਕਿਵੇਂ ਕਰਦੇ ਹਨ ?

ਡਾ. ਰੋਜ਼ਮਾਰਜੀਨ ਵੈਨ ਬਰੂਕੇਮ ਦੱਸਦੇ ਹਨ ਕਿ ਡੀਮੈਂਸ਼ੀਆ ਦੇ ਸ਼ੁਰੂਆਤੀ ਲੱਛਣ ਵਾਲਿਆਂ ਵਿੱਚ ਅਨਿਸ਼ਚਿਤਤਾ ਹੁੰਦੀ ਹੈ ਕਿ ਅੱਗੇ ਕੀ ਹੋਏਗਾ ਜਿਸ ਨਾਲ ਉਹ ਜ਼ਿੰਦਗੀ ਖਤਮ ਕਰਨ ਬਾਰੇ ਸੋਚਣ ਲਗਦੇ ਹਨ।

“ਕੀ ਮੈਂ ਆਪਣੇ ਲਈ ਜ਼ਰੂਰੀ ਕੰਮ ਖੁਦ ਕਰ ਸਕਾਂਗਾ? ਕੀ ਆਪਣੇ ਪਰਿਵਾਰ ਨੂੰ ਪਛਾਨਣਾ ਬੰਦ ਕਰ ਦੇਵਾਂਗਾ? ਜੇ ਤੁਸੀਂ ਇਹ ਚੰਗੀ ਤਰ੍ਹਾਂ ਬਿਆਨ ਕਰ ਸਕਦੇ ਹੋ, ਜੇ ਇਹ ਇੱਛਾ ਮੌਤ ਦੇਣ ਵਾਲੇ ਦੋਹਾਂ ਡਾਕਟਰਾਂ ਨੂੰ ਅਤੇ ਮਾਨਸਿਕ ਯੋਗਤਾ ਦੇ ਮਾਹਿਰ ਦੂਜੇ ਡਾਕਟਰਨੂੰ ਸਮਝ ਆਉਂਦਾ ਹੈ, ਆਉਣ ਵਾਲੇ ਸਮੇਂ ਦਾ ਡਰ ਇੱਛਾ ਮੌਤ ਬਾਰੇ ਵਿਚਾਰ ਕਰਨ ਦਾ ਕਾਰਨ ਹੋ ਸਕਦਾ ਹੈ।”

ਉਨ੍ਹਾਂ ਦੇ ਜਨਰਲ ਪ੍ਰੈਕਟਿਸ਼ਨਰ ਦੇ ਸ਼ਾਮਲ ਹੋਣ ਲਈ ਇਛੁੱਕ ਨਾ ਹੋਣ 'ਤੇ, ਜੈਨ ਅਤੇ ਐਲਸ ਨੇ ਇੱਕ ਮੋਬਾਈਲ ਇੱਛਾ-ਮੌਤ ਕਲੀਨਿਕ ਨਾਲ ਸੰਪਰਕ ਕੀਤਾ।ਇਸ ਸੈਂਟਰ ਨੇ ਨੀਦਰਲੈਂਡ ਵਿੱਚ ਪਿਛਲੇ ਸਾਲ ਹੋਈਆਂ ਇੱਛਾ ਮੌਤਾਂ ਦੇ 15 ਫੀਸਦੀ ਕੇਸਾਂ ਦੀ ਨਿਗਰਾਨੀ ਕੀਤੀ ਸੀ।

2018 ਵਿੱਚ ਐਲਸ ਟੀਚਰ ਵਜੋਂ ਸੇਵਾਮੁਕਤ ਹੋ ਗਈ ਸੀ। ਉਸ ਨੂੰ ਡੀਮੈਂਸ਼ੀਆ ਦੇ ਸ਼ੁਰੂਆਤੀ ਲੱਛਣ ਦਿਸਣ ਲੱਗੇ ਸੀ ਪਰ ਡਾਕਟਰ ਕੋਲ ਜਾਣ ਤੋਂ ਮਨ੍ਹਾ ਕਰ ਰਹੀ ਸੀ। ਸ਼ਾਇਦ ਇਸ ਲਈ ਕਿਉਂਕਿ ਉਸ ਨੇ ਆਪਣੇ ਪਿਤਾ ਦੀ ਅਲਜ਼ਾਈਮਰ ਨਾਲ ਮੌਤ ਦੇਖੀ ਸੀ। ਪਰ ਫਿਰ ਉਹ ਸਮਾਂ ਆਇਆ ਜਦੋਂ ਉਸ ਦੇ ਲੱਛਣਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਸੀ।

ਨਵੰਬਰ 2022 ਵਿੱਚ ਡੀਮੈਂਸ਼ੀਆ ਬਾਰੇ ਪਤਾ ਲੱਗਣ ਬਾਅਦ, ਐਲਸ ਭੱਜ ਕੇ ਡਾਕਟਰ ਦੇ ਕਮਰੇ ਵਿੱਚੋਂ ਬਾਹਰ ਨਿਕਲੀ, ਜੈਨ ਅਤੇ ਉਨ੍ਹਾਂ ਦਾ ਬੇਟਾ ਕਮਰੇ ਦੇ ਅੰਦਰ ਹੀ ਸੀ।

ਜੈਨ ਯਾਦ ਕਰਦਾ ਹੈ, “ਉਹ ਬਹੁਤ ਗ਼ੁੱਸੇ ਵਿੱਚ ਸੀ”

ਜਦੋਂ ਐਲਸ ਦੀ ਹਾਲਤ ਨਾ ਸੁਧਰਨ ਬਾਰੇ ਪਤਾ ਲੱਗਿਆ ਤਾਂ ਦੋਹਾਂ ਨੇ ਆਪਣੇ ਬੇਟੇ ਨਾਲ ਦੋਹਾਂ ਦੀ ਸਵੈ-ਇੱਛਾ ਮੌਤ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਨੀਦਰਲੈਂਡ ਵਿੱਚ ਸਵੈ-ਇੱਛਾ ਮੌਤ ਅਤੇ ਆਤਮ-ਹੱਤਿਆ ਵਿੱਚ ਸਹਿਯੋਗ ਕਾਨੂੰਨੀ ਹੈ ਜੇ ਕੋਈ ਆਪਣੀ ਮਰਜ਼ੀ ਨਾਲ ਇਹ ਬੇਨਤੀ ਕਰਦਾ ਹੈ ਅਤੇ ਜੇ ਉਨ੍ਹਾਂ ਦੇ ਸਰੀਰਕ ਅਤੇ ਮਨੋਵਿਗਿਆਨਕ ਦਰਦ ਦਾ ਡਾਕਟਰਾਂ ਵੱਲੋਂ ਮੁਲਾਂਕਣ ਕੀਤਾ ਗਿਆ ਹੋਵੇ ਕਿ ਇਹ ਅਸਹਿ ਹੈ ਅਤੇ ਸੁਧਾਰ ਦੀ ਸੰਭਾਵਨਾ ਨਹੀਂ ਹੈ। ਮੌਤ ਦੀ ਇੱਛਾ ਜ਼ਾਹਿਰ ਕਰਨ ਵਾਲੇ ਹਰ ਸ਼ਖ਼ਸ ਦਾ ਦੋ ਡਾਕਟਰ ਮੁਲਾਂਕਣ ਕਰਦੇ ਹਨ। ਇੱਕ ਡਾਕਟਰ ਵੱਲੋਂ ਕੀਤੇ ਮੁਲਾਂਕਣ ਨੂੰ ਦੂਜਾ ਡਾਕਟਰ ਚੈਕ ਕਰਦਾ ਹੈ।

ਐਲਸ 1968 ਵਿੱਚ

ਤਸਵੀਰ ਸਰੋਤ, Els van leeningen

ਤਸਵੀਰ ਕੈਪਸ਼ਨ, ਐਲਸ 1968 ਵਿੱਚ

ਜਦੋਂ ਕੋਈ ਜੋੜਾ ਇਕੱਠਿਆਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਇੱਛਾ ਜ਼ਾਹਿਰ ਕਰਦਾ ਹੈ, ਤਾਂ ਡਾਕਟਰ ਇਹ ਯਕੀਨੀ ਬਣਾਉਂਦੇ ਹਨ ਕਿ ਇੱਕ ਸਾਥੀ ਦੂਜੇ ਨੂੰ ਪ੍ਰਭਾਵਿਤ ਨਾ ਕਰ ਰਿਹਾ ਹੋਵੇ।

ਡਾ.ਬਰਟ ਕੀਜ਼ਰ ਦੋ ਜੜਿਆਂ ਦੀ ਇੱਛਾ ਮੌਤ ਵਿੱਚ ਸ਼ਾਮਲ ਹੋ ਚੁੱਕੇ ਹਨ। ਪਰ ਉਹ ਇੱਕ ਹੋਰ ਜੋੜੇ ਨੂੰ ਮਿਲਣ ਦਾ ਸਮਾਂ ਯਾਦ ਕਰਦੇ ਹਨ ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਸੀ ਕਿ ਇੱਕ ਆਦਮੀ ਆਪਣੀ ਪਤਨੀ ਨੂੰ ਜ਼ਬਰਦਸਤੀ ਅਜਿਹਾ ਕਰਨ ਨੂੰ ਕਹਿ ਰਿਹਾ ਹੈ। ਅਗਲੀ ਮੀਟਿੰਗ ਵਿੱਚ ਡਾ. ਕੀਜ਼ਰ ਔਰਤ ਨੂੰ ਇਕੱਲਿਆਂ ਮਿਲਦੇ ਹਨ।

“ਔਰਤ ਨੇ ਕਿਹਾ ਸੀ ਕਿ ਉਸ ਨੇ ਬਹੁਤ ਯੋਜਨਾਵਾਂ ਬਣਾਈਆਂ ਸੀ….!” ਡਾ. ਕੀਜ਼ਰ ਕਹਿੰਦੇ ਹਨ ਕਿ ਔਰਤ ਨੂੰ ਪੂਰੀ ਤਰ੍ਹਾਂ ਅਹਿਸਾਸ ਸੀ ਕਿ ਉਸ ਦਾ ਪਤੀ ਬਹੁਤ ਬਿਮਾਰ ਹੈ, ਪਰ ਉਸ ਨਾਲ ਮਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ।

ਇੱਛਾ-ਮੌਤ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਸੀ ਅਤੇ ਉਸ ਆਦਮੀ ਨੂੰ ਕੁਦਰਤੀ ਮੌਤ ਆਈ ਸੀ। ਉਸ ਦੀ ਪਤਨੀ ਹਾਲੇ ਵੀ ਜ਼ਿੰਦਾ ਹੈ।

ਪ੍ਰੋਟੈਸਟੈਂਟ ਥਿਓਲਾਜਿਕਲ ਯੁਨੀਵਰਸਿਟੀ ਵਿੱਚ ਸਿਹਤ ਸੰਭਾਲ ਨੈਤਿਕਤਾ ਦੇ ਪ੍ਰੋਫੈਸਰ ਡਾ. ਥਿਓ ਬੋਇਰ ਇੱਛਾ ਮੌਤ ਦੀ ਖੁੱਲ੍ਹ ਕੇ ਅਲੋਚਨਾ ਕਰਨ ਵਾਲੇ ਨੀਦਰਲੈਂਡ ਦੇ ਚੁਣਿੰਦਾ ਲੋਕਾਂ ਵਿੱਚੋਂ ਹਨ ਅਤੇ ਮੰਨਦੇ ਹਨ ਕਿ ਉਪਚਾਰ ਵੇਲੇ ਦੇਖਭਾਲ ਵਿੱਚ ਤਰੱਕੀ ਅਕਸਰ ਇਸ ਦੀ ਵਰਤੋਂ ਦੀ ਲੋੜ ਨੂੰ ਘੱਟ ਕਰ ਦਿੰਦੀ ਹੈ।

“ਮੈਂ ਕਹਾਂਗਾ ਕਿ ਡਾਕਟਰ ਵੱਲੋਂ ਮੌਤ ਦੇਣਾ ਜਾਇਜ਼ ਹੋ ਸਕਦਾ ਹੈ, ਪਰ ਇਹ ਇੱਕ ਅਪਵਾਦ ਹੋਣਾ ਚਾਹੀਦਾ ਹੈ।”

ਡਾ. ਬੋਇਰ ਨੂੰ ਜੋੜਿਆਂ ਦੀ ਇੱਛਾ ਮੌਤ ਦੇ ਕੇਸਾਂ ਦੇ ਅਸਰ ਬਾਰੇ ਜ਼ਿਆਦਾ ਚਿੰਤਾ ਹੁੰਦੀ ਹੈ, ਖਾਸ ਕਰਕੇ ਨੀਦਰਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਛਾ ਮੌਤ ਲੈਣ ਬਾਅਦ, ਜਿਸ ਕੇਸ ਨੇ ਦੁਨੀਆ ਭਰ ਵਿੱਚ ਸੁਰਖ਼ੀਆਂ ਬਟੋਰੀਆਂ ਸੀ।

ਉਹ ਕਹਿੰਦੇ ਹਨ, “ਪਿਛਲੇ ਸਾਲ ਵਿੱਚ ਅਸੀਂ ਜੋੜਿਆਂ ਦੀ ਇੱਛਾ ਮੌਤ ਦੇ ਦਰਜਨਾਂ ਕੇਸ ਦੇਖੇ ਹਨ। ਅਤੇ ਇਕੱਠਿਆਂ ਮਰਨ ਨੂੰ ਹੀਰੋ-ਫਾਈ ਕਰਨ ਦੀ ਆਮ ਪ੍ਰਵ੍ਰਿਤੀ ਹੈ। ਪਰ ਇਰਾਦਤ ਕਤਲ ‘ਤੇ ਵਰਜ ਖਤਮ ਹੋ ਰਹੀ ਹੈ ਅਤੇ ਖਾਸ ਕਰਕੇ ਉਦੋਂ ਜਦੋਂ ਜੋੜਿਆਂ ਦੀ ਇੱਛਾ ਮੌਤ ਦੀ ਗੱਲ ਆਉਂਦੀ ਹੈ।”

ਜੈਨ ਅਤੇ ਐਲਸ ਆਪਣੀ ਕੈਂਪਰਵੈਨ ਵਿੱਚ ਅਣਮਿੱਥੇ ਸਮੇਂ ਲਈ ਰਹਿ ਸਕਦੇ ਸੀ। ਕੀ ਉਹ ਮਹਿਸੂਸ ਕਰਦੇ ਹਨ ਕਿ ਉਹ ਜਲਦੀ ਮਰ ਸਕਦੇ ਹਨ?

ਐਲਸ ਕਹਿੰਦੀ ਹੈ,“ਨਹੀਂ, ਨਹੀਂ, ਨਹੀਂ, ਮੈਂ ਇਹ ਨਹੀਂ ਦੇਖ ਸਕਦੀ।”

ਉਸ ਦਾ ਪਤੀ ਕਹਿੰਦਾ ਹੈ, “ਮੈਂ ਆਪਣੀ ਜ਼ਿੰਦਗੀ ਜਿਓਂ ਲਈ ਹੈ। ਮੈਂ ਹੋਰ ਦਰਦ ਨਹੀਂ ਚਾਹੁੰਦਾ। ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਜਿਉਂਈ ਹੈ, ਅਸੀਂ ਉਸ ਲਈ ਬੁੱਢੇ ਹੋ ਰਹੇ ਹਾਂ। ਅਸੀਂ ਸੋਚਦੇ ਹਾਂ ਉਹ ਬੰਦ ਹੋਣਾ ਚਾਹੀਦਾ ਹੈ।”

ਅਤੇ ਗੱਲ ਹੋਰ ਵੀ ਹੈ। ਐਲਸ ਬਾਰੇ ਡਾਕਟਰਾਂ ਦਾ ਮੁਲਾਂਕਣ ਹੈ ਕਿ ਉਸ ਵਿੱਚ ਹਾਲੇ ਇਹ ਫ਼ੈਸਲਾ ਲੈਣ ਦੀ ਸਮਰੱਥਾ ਹੈ ਕਿ ਕੀ ਉਹ ਮਰਨਾ ਚਾਹੁੰਦੀ ਹੈ ? ਪਰ ਜੇ ਉਸ ਦਾ ਡੀਮੈਂਸ਼ੀਆ ਹੋਰ ਵਧਦਾ ਹੈ ਤਾਂ ਇਹ ਸਮਰੱਥਾ ਬਦਲ ਸਕਦੀ ਹੈ।

ਇਹ ਸਭ ਕੁਝ ਜੈਨ, ਐਲਸ ਅਤੇ ਉਨ੍ਹਾਂ ਦੇ ਬੇਟੇ ਲਈ ਸੌਖਾ ਨਹੀਂ ਸੀ।

ਜੈਨ ਕਹਿੰਦਾ ਹੈ, “ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਮਾਪੇ ਮਰਨ। ਇਸ ਲਈ ਅੱਥਰੂ ਵੀ ਸਨ। ਮੇਰਾ ਬੇਟਾ ਕਹਿੰਦਾ ਸੀ ਕਿ ਚੰਗਾ ਸਮਾਂ ਆਏਗਾ, ਚੰਗਾ ਮੌਸਮ, ਪਰ ਮੇਰੇ ਲਈ ਨਹੀਂ।”

ਐਲਸ ਵੀ ਇਹੀ ਮਹਿਸੂਸ ਕਰਦੀ ਹੈ।

ਜੈਨ ਅਤੇ ਐਲਸ 1975 ਵਿੱਚ ਵਿਆਹ ਵਾਲੇ ਦਿਨ
ਤਸਵੀਰ ਕੈਪਸ਼ਨ, ਜੈਨ ਅਤੇ ਐਲਸ 1975 ਵਿੱਚ ਵਿਆਹ ਵਾਲੇ ਦਿਨ

“ਹੋਰ ਕੋਈ ਹੱਲ ਨਹੀਂ ਹੈ।”

ਇੱਛਾ ਮੌਤ ਵਾਲੇ ਡਾਕਟਰਾਂ ਨਾਲ ਮਿਲਣ ਦੇ ਸਮੇਂ ਤੋਂ ਇੱਕ ਦਿਨ ਪਹਿਲਾਂ ਐਲਸ, ਜੈਨ, ਉਨ੍ਹਾਂ ਦਾ ਬੇਟਾ ਅਤੇ ਪੋਤੇ-ਪੋਤੀਆਂ ਇਕੱਠੇ ਸਨ। ਹੋਰ ਵੀ ਵਿਹਾਰਕ, ਜੈਨ ਕੈਂਪਰਮੈਨ ਬਾਰੇ ਸਮਝਾ ਰਿਹਾ ਸੀ ਤਾਂ ਕਿ ਉਸ ਨੂੰ ਵੇਚਿਆ ਜਾ ਸਕੇ।

ਉਨ੍ਹਾਂ ਦਾ ਬੇਟਾ ਕਹਿੰਦਾ ਹੈ, “ਫਿਰ ਮੈਂ ਆਪਣੀ ਮਾਂ ਨਾਲ ਬੀਚ ‘ਤੇ ਸੈਰ ਲਈ ਗਿਆ। ਬੱਚੇ ਖੇਡ ਰਹੇ ਸੀ, ਹਾਸਾ ਮਜ਼ਾਕ ਹੋ ਰਿਹਾ ਸੀ। ਬਹੁਤ ਅਜੀਬ ਜਿਨ ਸੀ।”

“ਮੈਨੂੰ ਯਾਦ ਹੈ ਅਸੀਂ ਸ਼ਾਮ ਨੂੰ ਖਾਣਾ ਖਾ ਰਹੇ ਸੀ ਅਤੇ ਸਾਡਾ ਇਕੱਠਿਆਂ ਦਾ ਆਖ਼ਰੀ ਡਿਨਰ ਹੋਣ ਬਾਰੇ ਸੋਚ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ।”

ਸੋਮਵਾਰ ਦੀ ਸਵੇਰ, ਸਭ ਸਥਾਨਕ ਹਸਪਤਾਲ ਵਿੱਚ ਇਕੱਠੇ ਹੋਏ। ਜੋੜੇ ਦੇ ਦੋਸਤ, ਜੈਨ ਅਤੇ ਐਲਸ ਦੇ ਭਰਾ, ਬੇਟਾ, ਨੂੰਹ।

ਉਹ ਕਹਿੰਦੇ ਹਨ, “ਡਾਕਟਰ ਦੇ ਆਉਣ ਤੋਂ ਪਹਿਲਾਂ ਸਾਡੇ ਕੋਲ ਦੋ ਘੰਟੇ ਸਨ। ਅਸੀਂ ਆਪਣੀਆਂ ਯਾਦਾਂ ਬਾਰੇ ਗੱਲਾਂ ਕੀਤੀਆਂ…ਅਤੇ ਸੰਗੀਤ ਸੁਣਿਆ।”

ਟ੍ਰਾਵਿਸ ਦਾ ਆਈਡਲਵਾਈਡ ਐਲਸ ਲਈ ਅਤੇ ਬੀਟਲਜ਼ ਦਾ ਨਾਓ ਐਂਡ ਦੈੱਨ, ਜੈਨ ਲਈ।

ਉਨ੍ਹਾਂ ਦਾ ਬੇਟਾ ਕਹਿੰਦਾ ਹੈ, “ਆਖ਼ਰੀ ਘੰਟਾ ਮੁਸ਼ਕਲ ਸੀ। ਡਾਕਟਰ ਆ ਗਏ ਸੀ ਅਤੇ ਸਭ ਜਲਦੀ ਹੋ ਗਿਆ- ਉਨ੍ਹਾਂ ਨੇ ਰੂਟੀਨ ਦੀ ਪਾਲਣਾ ਕੀਤੀ ਅਤੇ ਫਿਰ ਬੱਸ ਕੁਝ ਮਿੰਟਾਂ ਦੀ ਹੀ ਗੱਲ ਸੀ।”

ਐਲਸ ਵੈਨ ਲੀਨਿੰਗਨ ਅਤੇ ਜੈਨ ਫੈਬਰ ਡਾਕਟਰਾਂ ਦੀ ਟੀਮ ਦੀ ਨਿਗਰਾਨੀ ਹੇਠ ਇਕੱਠਿਆਂ 3 ਜੂਨ 2024, ਸੋਮਵਾਰ ਨੂੰ ਮਰ ਗਏ।

ਉਨ੍ਹਾਂ ਦੀ ਕੈਂਪਰਵੈਨ ਨੂੰ ਹਾਲੇ ਵਿਕਰੀ ਲਈ ਨਹੀਂ ਲਾਇਆ ਗਿਆ ਹੈ। ਐਲਸ ਅਤੇ ਜੈਨ ਦੇ ਬੇਟੇ ਨੇ ਕੁਝ ਸਮੇਂ ਲਈ ਇਸ ਨੂੰ ਆਪਣੇ ਕੋਲ ਰੱਖਣ ਦਾ ਅਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਇਸ ਨਾਲ ਛੁੱਟੀਆਂ ‘ਤੇ ਜਾਣ ਦਾ ਫ਼ੈਸਲਾ ਕੀਤਾ ਹੈ।

ਉਹ ਕਹਿੰਦਾ ਹੈ, “ਮੈਂ ਇਸ ਨੂੰ ਅਖੀਰ ਵਿੱਚ ਵੇਚਾਂਗਾ। ਪਹਿਲਾਂ ਮੈਂ ਪਰਿਵਾਰ ਲਈ ਕੁਝ ਯਾਦਾਂ ਬਟੋਰਨਾ ਚਾਹੁੰਦਾ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)