ਨਵੀਂ ਖੋਜ ਦੇ ਦਿਲਚਸਪ ਖੁਲਾਸੇ, ਮੌਤ ਵੇਲੇ ਦਿਮਾਗ ਵਿੱਚ ਕੀ ਚੱਲ ਰਿਹਾ ਹੁੰਦਾ ਹੈ

ਦਿਮਾਗ ਦੀ ਐੱਮਆਰਆਈ ਦੇਖ ਰਹੀ ਸਾਇੰਸਦਾਨ

ਤਸਵੀਰ ਸਰੋਤ, Getty Images

    • ਲੇਖਕ, ਮਾਰਗਰੀਟਾ ਰੁਡਰਿਗਜ਼
    • ਰੋਲ, ਬੀਬੀਸੀ ਮੁੰਡੋ

ਦਿਮਾਗ ਵਿਗਿਆਨੀ ਜੀਮੋ ਬੋਰਜਿਗਿਨ ਹੈਰਾਨ ਰਹਿ ਗਏ ਕਿ ਭਾਵੇਂ “ਮੌਤ ਜ਼ਿੰਦਗੀ ਦਾ ਲਾਜਮੀ ਹਿੱਸਾ ਹੈ” ਫਿਰ ਵੀ ਮੌਤ ਸਮੇਂ ਸਾਡੇ ਦਿਮਾਗ ਵਿੱਚ ਕੀ ਚਲਦਾ ਹੈ, ਇਸ ਬਾਰੇ ਸਾਨੂੰ “ਲਗਭਗ ਕੁਝ ਵੀ ਨਹੀਂ ਪਤਾ”।

ਇਹ ਵਿਚਾਰ ਉਨ੍ਹਾਂ ਨੂੰ ਲਗਭਗ ਇੱਕ ਦਹਾਕਾ ਪਹਿਲਾਂ ਇੱਕ ਸ਼ੁੱਧ ਸੰਜੋਗ ਵਜੋਂ ਆਇਆ।

ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਅਸੀਂ ਚੂਹਿਆਂ ਉੱਤੇ ਪ੍ਰਯੋਗ ਕਰ ਰਹੇ ਸੀ ਅਤੇ ਸਰਜਰੀ ਤੋਂ ਬਾਅਦ ਉਨ੍ਹਾਂ ਦੇ ਦਿਮਾਗੀ ਰਸਾਇਣਾਂ ਉੱਪਰ ਨਜ਼ਰ ਰੱਖ ਰਹੇ ਸੀ।”

ਅਚਾਨਕ ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ।

“ਇੱਕ ਚੂਹੇ ਵਿੱਚੋਂ ਬਹੁਤ ਜ਼ਿਆਦਾ ਸੈਰੋਟੋਨਿਨ ਰਿਸਿਆ। ਕੀ ਉਸ ਚੂਹੇ ਨੂੰ ਭੁਲੇਖੇ ਪੈ ਰਹੇ ਸਨ?” ਉਨ੍ਹਾਂ

ਨੂੰ ਹੈਰਾਨੀ ਹੋਈ ਉਹ ਦੱਸਦੇ ਹਨ ਕਿ ਸੈਰੋਟੋਨਿਨ ਦਾ ਸੰਬੰਧ ਭੁਲੇਖਿਆਂ ਨਾਲ ਹੈ।

ਮੂਡ ਨੂੰ ਨਿਯਮਤ ਕਰ ਵਾਲੇ ਇਸ ਹਾਰਮੋਨ ਦੇ ਇੰਨੀ ਵੱਡੀ ਮਾਤਰਾ ਵਿੱਚ ਰਿਸਣ ਨੇ ਇਸ ਪਾਸੇ ਉਨ੍ਹਾਂ ਦੀ ਉਤਸੁਕਤਾ ਜਗਾਈ।

“ਇਸ ਲਈ ਮੈਂ ਹਫ਼ਤੇ ਦੇ ਅੰਤ ਵਿੱਚ ਇਸ ਬਾਰੇ ਪੜ੍ਹਨਾ ਸ਼ੁਰੂ ਕੀਤਾ ਕਿ ਇਸ ਬਾਰੇ ਕੋਈ ਨਾ ਕੋਈ ਵਿਆਖਿਆ ਤਾਂ ਜ਼ਰੂਰ ਹੋਵੇਗੀ। ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਅਸੀਂ ਮੌਤ ਦੀ ਪ੍ਰਕਿਰਿਆ ਬਾਰੇ ਕਿੰਨਾ ਘੱਟ ਜਾਣਦੇ ਹਾਂ।”

ਉਦੋਂ ਤੋਂ ਲੈ ਕੇ ਡਾ਼ ਬੋਰਜਿਗਿਨ ਜੋ ਕਿ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਮੌਲੀਕਿਊਲਰ ਐਂਡ ਇੰਟੀਗ੍ਰੇਟਿਵ ਫਿਜ਼ੀਓਲੋਜੀ ਦੇ ਐਸੋਸੀਏਟ ਪ੍ਰੋਫੈਸਰ ਹਨ, ਉਨ੍ਹਾਂ ਨੇ ਮੌਤ ਦੀ ਪ੍ਰਕਿਰਿਆ ਦੌਰਾਨ ਸਾਡੇ ਦਿਮਾਗ ਉੱਤੇ ਕੀ ਵਾਪਰਦਾ ਹੈ ਇਸ ਦੇ ਅਧਿਐਨ ਨੂੰ ਆਪਾ ਸਮਰਪਿਤ ਕਰ ਦਿੱਤਾ।

ਉਨ੍ਹਾਂ ਨੂੰ ਜੋ ਕੁਝ ਪਤਾ ਲੱਗਿਆ ਉਸ ਬਾਰੇ ਉਹ ਕਹਿੰਦੇ ਹਨ ਕਿ ਧਾਰਨਾਵਾਂ ਤੋਂ ਉਲਟ ਹੈ।

ਮੌਤ ਦੀ ਪਰਿਭਾਸ਼ਾ

ਇਹ ਦੱਸਦੇ ਹਨ ਕਿ ਬਹੁਤ ਲੰਬੇ ਸਮੇਂ ਤੱਕ ਜੇ ਦਿਲ ਦੇ ਦੌਰੇ ਮਗਰੋਂ ਕਿਸੇ ਦੀ ਨਬਜ਼ ਬੰਦ ਹੋ ਜਾਂਦੀ ਸੀ ਤਾਂ ਉਨ੍ਹਾਂ ਨੂੰ ਡਾਕਰਟਰੀ ਤੌਰ ਉੱਤੇ ਮੁਰਦਾ ਐਲਾਨ ਦਿੱਤਾ ਜਾਂਦਾ ਸੀ।

ਇਸ ਪ੍ਰਕਿਰਿਆ ਦੌਰਾਨ ਸਾਰਾ ਧਿਆਨ ਦਿਲ ਉੱਤੇ ਰਹਿੰਦਾ ਹੈ, ਇਸ ਨੂੰ ਦਿਲ ਦਾ ਦੌਰਾ ਕਿਹਾ ਜਾਂਦਾ ਹੈ ਪਰ ਇਹ ਦਿਮਾਗੀ ਦੌਰੇ ਦੀ ਗੱਲ ਨਹੀਂ ਕਰਦਾ।

“ਵਿਗਿਆਨਕ ਸਮਝ ਹੈ ਕਿ ਅਜਿਹਾ ਲਗਦਾ ਹੈ ਕਿ ਦਿਮਾਗ ਕੋਈ ਕੰਮ ਨਹੀਂ ਕਰ ਰਿਹਾ ਕਿਉਂਕਿ ਉਹ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ:ਉਹ ਲੋਕ ਗੱਲ ਨਹੀਂ ਕਰ ਸਕਦੇ, ਖੜ੍ਹੇ ਨਹੀਂ ਹੋ ਸਕਦੇ, ਬੈਠ ਨਹੀਂ ਸਕਦੇ।”

ਦਿਮਾਗ ਨੂੰ ਕੰਮ ਕਰਨ ਲਈ ਬਹੁਤ ਸਾਰੀ ਆਕਸੀਜ਼ਨ ਦੀ ਲੋੜ ਹੁੰਦੀ ਹੈ। ਜੇ ਦਿਲ ਪੰਪ ਨਾ ਕਰੇ ਤਾਂ ਇਸ ਤੱਕ ਆਕਸੀਜ਼ਨ ਨਹੀਂ ਪਹੁੰਚਦੀ।

“ਇਸ ਲਈ ਸਾਰੇ ਊਪਰੀ ਲੱਛਣ ਇਹੀ ਹੁੰਦੇ ਹਨ ਕਿ ਦਿਮਾਗ ਕੰਮ ਨਹੀਂ ਕਰ ਰਿਹਾ ਹੈ ਜਾਂ ਕਿ ਘੱਟੋ-ਘੱਟ ਮੰਦ ਪੈ ਗਿਆ ਹੈ।”

ਹਾਲਾਂਕਿ ਉਨ੍ਹਾਂ ਦੀ ਟੀਮ ਦੀ ਖੋਜ ਕੁਝ ਹੋਰ ਹੀ ਸਾਬਤ ਕਰਦੀ ਹੈ।

ਅਤੀ ਸੁਚੇਤ ਸਥਿਤੀ ਵਿੱਚ ਦਿਮਾਗ

ਵਟਸਐਪ ਚੈਨਲ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸਾਲ 2023 ਦੇ ਅਧਿਐਨ ਵਿੱਚ ਉਨ੍ਹਾਂ ਨੇ ਦਿਲ ਦੀ ਧੜਕਣ ਬੰਦ ਹੋਣ ਤੋਂ ਬਾਅਦ ਜਾਨਵਰਾਂ ਦੇ ਨਿਊਰੋ-ਟਰਾਂਸਮੀਟਰਾਂ ਵਿੱਚ ਬਹੁਤ ਤੇਜ਼ ਸਰਗਰਮੀ ਦੇਖੀ।

ਸੈਰੋਟੋਨਿਨ 60 ਗੁਣਾਂ ਤੱਕ ਵੱਧ ਗਿਆ। ਅਤੇ ਤੁਹਾਨੂੰ ਚੰਗਾ ਮਹਿਸੂਸ ਕਰਵਾਉਣ ਵਾਲਾ ਹਾਰਮੋਨ ਡੋਪਾਮਾਈਨ ਵੀ ਬਹੁਤ ਜ਼ਿਆਦਾ ਵਧ ਗਿਆ, ਜਿਵੇਂ 40-60 ਗੁਣਾਂ।

ਨੋਰੇਪਾਈਨਫਰੀਨ ਜਿਸ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਸੁਚੇਤ ਮਹਿਸੂਸ ਹੁੰਦਾ ਹੈ, ਕਰੀਬ 100 ਗੁਣਾਂ ਵੱਧ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਜਿਉਂਦੇ ਜਾਨਵਰ ਵਿੱਚ ਇੰਨੇ ਉੱਚੇ ਪੱਧਰ ਦੇਖਣਾ ਅਸੰਭਵ ਹੈ।

ਸਾਲ 2015 ਵਿੱਚ ਇਸ ਟੀਮ ਨੇ ਮਰ ਰਹੇ ਚੂਹਿਆਂ ਬਾਰੇ ਇੱਕ ਹੋਰ ਅਧਿਐਨ ਪ੍ਰਕਾਸ਼ਿਤ ਕੀਤਾ।

ਉਹ ਕਹਿੰਦੇ ਹਨ, “ਦੋਵਾਂ ਮਾਮਲਿਆਂ ਵਿੱਚ 100 ਫੀਸਦੀ ਜਾਨਵਰਾਂ ਨੇ ਬਹੁਤ ਜ਼ਿਆਦਾ ਦਿਮਾਗੀ ਸਰਗਰਮੀ ਦਿਖਾਈ”

“ਦਿਮਾਗ ਹਾਈਪਰ ਡਰਾਈਵ ਵਿੱਚ ਹੁੰਦਾ ਹੈ ਇਕ ਅਤੀ ਸਰਗਰਮੀ ਦੀ ਸਥਿਤੀ ਹੈ।”

ਗਾਮਾ ਕਿਰਣਾਂ

ਨਿਊਰੋਨਸ ਦੀ ਡਰਾਇੰਗ

ਤਸਵੀਰ ਸਰੋਤ, Getty Images

ਸਾਲ 2023 ਵਿੱਚ ਉਨ੍ਹਾਂ ਨੇ ਖੋਜ ਦਾ ਇੱਕ ਅੰਸ਼ ਪ੍ਰਕਾਸ਼ਿਤ ਕੀਤਾ, ਜਿਸ ਦਾ ਕੇਂਦਰ ਕੌਮਾ ਵਿੱਚ ਪਏ ਚਾਰ ਮਰੀਜ਼ ਸਨ ਜਿਨ੍ਹਾਂ ਨੂੰ ਬਾਹਰੀ ਮਦਦ (ਲਾਈਫ ਸਪੋਰਟ) ਨਾਲ ਜਿਉਂਦੇ ਰੱਖਿਆ ਗਿਆ ਸੀ।

ਉਨ੍ਹਾਂ ਦੇ ਦਿਮਾਗ ਦੀ ਸਰਗਰਮੀ ਵਾਚਣ ਲਈ ਇਲੈਕਟਰੋ-ਇਨਸੈਫਲੋਗ੍ਰਾਫ਼ ਦੇ ਇਲੈਕਟੋਰਡ ਲਗਾਏ ਗਏ ਸਨ।

ਉਹ ਚਾਰੇ ਮਰੀਜ਼ ਮਰ ਰਹੇ ਸਨ। ਡਾਕਟਰ ਅਤੇ ਪਰਿਵਾਰਕ ਮੈਂਬਰ ਇਕੱਠੇ ਸਨ ਅਤੇ “ਸਮਝ ਰਹੇ ਸਨ ਕਿ ਉਹ ਮਦਦ ਤੋਂ ਬਾਹਰ ਸਨ, ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਇਨ੍ਹਾਂ ਨੂੰ ਜਾਣ ਦਿੱਤਾ ਜਾਵੇ।”

ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਜਿਉਂਦੇ ਰੱਖ ਰਹੇ ਵੈਂਟੀਲੇਟਰ ਹਟਾ ਦਿੱਤੇ ਗਏ।

ਖੋਜਕਾਰਾਂ ਨੇ ਦੇਖਿਆ ਕਿ ਉਨ੍ਹਾਂ ਦੇ ਦਿਮਾਗ ਬਹੁਤ ਜ਼ਿਆਦਾ ਸਰਗਰਮ ਸਨ, ਜੋ ਬੌਧਿਕ ਸਰਗਰਮੀ ਦਾ ਸੂਚਕ ਹੈ।

ਦਿਮਾਗ ਦੀਆਂ ਸਭ ਤੋਂ ਤੇਜ਼ ਕਿਰਨਾਂ- ਗਾਮਾ ਕਿਰਨਾਂ ਵੀ- ਦੇਖੀਆਂ ਗਈਆਂ। ਗਾਮਾ ਕਿਰਨਾਂ ਦਾ ਸੰਬੰਧ ਪੇਚੀਦਾ ਜਾਣਕਾਰੀ ਪ੍ਰਕਿਰਿਆ ਅਤੇ ਚੇਤੇ ਨਾਲ ਹੈ।

ਇੱਕ ਮਰੀਜ਼ ਦੀਆਂ ਦੋਵਾਂ ਪੁੜਪੁੜੀਆਂ ਵਿੱਚ ਬਹੁਤ ਤੇਜ਼ ਸਰਗਰਮੀ ਚੱਲ ਰਹੀ ਸੀ।

ਬੋਰਜਿਗਿਨ ਦੱਸਦੇ ਹਨ ਕਿ ਪੁੜਪੁੜੀਆਂ ਦੀ ਤੇਜ਼ ਸਰਗਰਮੀ ਨੂੰ ਹਮ-ਭਾਵਨਾ ਨਾਲ ਜੋੜਿਆ ਜਾਂਦਾ ਹੈ।

“ਬਹੁਤ ਸਾਰੇ ਮਰੀਜ਼ ਜੋ ਦਿਲ ਦੇ ਦੌਰੇ ਤੋਂ ਬਾਅਦ ਬਚ ਗਏ ਅਤੇ ਜਿਨ੍ਹਾਂ ਨੇ ਮੌਤ ਨੂੰ ਬਹੁਤ ਨੇੜਿਓਂ ਦੇਖਿਆ ਹੈ। ਉਹ ਕਹਿੰਦੇ ਹਨ ਕਿ ਇਸ ਨੇ ਉਨ੍ਹਾਂ ਨੂੰ ਇੱਕ ਵਧੀਆ ਇਨਸਾਨ ਬਣਾਇਆ ਹੈ ਅਤੇ ਉਹ ਦੂਜਿਆਂ ਪ੍ਰਤੀ ਹਮ-ਭਾਵਨਾ ਮਹਿਸੂਸ ਕਰ ਸਕਦੇ ਹਨ।”

ਮੌਤ ਨੂੰ ਨੇੜਿਓਂ ਦੇਖਣਾ

ਮੌਤ ਵਿੱਚ ਆਤਮਾ ਦੇ ਨਿਕਲਣ ਦਾ ਕੰਪਿਊਟਰ ਚਿੱਤਰ

ਤਸਵੀਰ ਸਰੋਤ, Getty Images

ਕੁਝ ਲੋਕ ਜਿਨ੍ਹਾਂ ਨੇ ਮੌਤ ਨੂੰ ਨੇੜਿਓਂ ਦੇਖਿਆ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਜਾਂ ਕੁਝ ਅਹਿਮ ਪਲ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਗੁਜ਼ਰ ਗਏ।

ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੇ ਤੇਜ਼ ਰੌਸ਼ਨੀ ਦੇਖੀ ਤਾਂ ਕੁਝ ਕਹਿੰਦੇ ਹਨ ਕਿ ਉਨ੍ਹਾਂ ਨੇ ਸਰੀਰ ਤੋਂ ਬਾਹਰ ਹੋਣ ਦਾ ਅਨੁਭਵ ਕੀਤਾ ਹੈ। ਉੱਪਰੋਂ ਇਹ ਦ੍ਰਿਸ਼ ਦੇਖਿਆ ਹੈ।

ਡਾ਼ ਬੋਰਜਿਗਿਨ ਨੇ ਆਪਣੇ ਅਧਿਐਨਾਂ ਵਿੱਚ ਦੇਖਿਆ ਕਿ ਕੋਝ ਲੋਕਾਂ ਨੂੰ ਮੌਤ ਦੀਆਂ ਦੇਹਲੀਆਂ ਉੱਤੇ ਖੜ੍ਹ ਕੇ ਅਜਿਹੇ ਤੀਬਰ ਅਨੁਭਵ ਕਿਉਂ ਹੁੰਦੇ ਹਨ?

ਉਹ ਕਹਿੰਦੇ ਹਨ, “ਹਾਂ ਮੈਨੂੰ ਲਗਦਾ ਹੈ, ਅਜਿਹਾ ਹੁੰਦਾ ਹੈ।”

“ਦਿਲ ਦੇ ਦੌਰੇ ਤੋਂ ਬਚਣ ਵਾਲੇ ਘੱਟੋ-ਘੱਟ 20-25 ਫੀਸਦੀ ਲੋਕਾਂ ਨੇ ਇੱਕ ਤੇਜ਼ ਰੌਸ਼ਨੀ ਦੇਖਣ ਬਾਰੇ ਦੱਸਿਆ। ਕੁਝ ਦੇਖਣ ਦਾ ਮਤਲਬ ਹੈ ਦਿਮਾਗ ਦਾ ਦੇਖਣ ਵਾਲਾ ਹਿੱਸਾ (ਵੀਯੂਅਲ ਕੋਰਟੈਕਸ) ਕੰਮ ਕਰ ਰਿਹਾ ਸੀ।”

ਬਾਕੀ ਦੋ ਹੋਰ ਮਰੀਜ਼ਾਂ, ਜਿਨ੍ਹਾਂ ਵਿੱਚ ਵੈਂਟੀਲੇਟਰ ਹਟਾ ਦੇਣ ਤੋਂ ਬਾਅਦ ਬਹੁਤ ਤੇਜ਼ ਦਿਮਾਗੀ ਸਰਗਰਮੀ ਦੇਖੀ ਗਈ ਸੀ ਦੇ ਮਾਮਲੇ ਵਿੱਚ— ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੀ ਵੀਯੂਅਲ ਕੋਰਟੈਕਸ (ਜੋ ਕਿ ਸੁਚੇਤ ਨਜ਼ਰ ਵਿੱਚ ਸਹਾਈ ਹੈ) ਵਿੱਚ ਬਹੁਤ ਜ਼ਿਆਦਾ ਸਰਗਰਮੀ ਦੇਖੀ ਗਈ।

“ਸੰਭਾਵੀ ਤੌਰ ਉੱਤੇ ਇਸਦਾ ਦ੍ਰਿਸ਼ਮਾਨ ਅਨੁਭਵ ਨਾਲ ਸਹਿ-ਸੰਬੰਧ ਹੈ।”

ਮੌਤ ਬਾਰੇ ਇੱਕ ਨਵੀਂ ਸਮਝ

ਡਾ਼ ਜੀਮੋ ਬੋਰਜਿਗਿਨ

ਤਸਵੀਰ ਸਰੋਤ, University of Michigan

ਤਸਵੀਰ ਕੈਪਸ਼ਨ, ਡਾ਼ ਜੀਮੋ ਬੋਰਜਿਗਿਨ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਪੜ੍ਹਾਉਂਦੇ ਹਨ

ਡਾ਼ ਬੋਰਜਿਗਿਨ ਯੂਨੀਵਰਸਿਟੀ ਆਫ ਮਿਸ਼ੀਗਨ ਵਿੱਚ ਜਿੱਥੇ, ਉਹ ਆਪਣੇ ਹੀ ਨਾਮ ਉੱਤੇ ਸਥਾਪਿਤ ਪ੍ਰਯੋਗਸ਼ਾਲਾ ਦੇ ਨਿਰਦੇਸ਼ਕ ਵੀ ਹਨ, ਪੜ੍ਹਾਉਂਦੇ ਹਨ ।

ਡਾ਼ ਬੋਰਜਿਗਿਨ ਸਵੀਕਾਰ ਕਰਦੇ ਹਨ ਕਿ ਮਨੁੱਖਾਂ ਉੱਤੇ ਉਨ੍ਹਾਂ ਦਾ ਅਧਿਐਨ ਬਹੁਤ ਥੋੜ੍ਹਾ ਹੈ। ਸਾਡੀ ਮੌਤ ਦੌਰਾਨ ਸਾਡੇ ਦਿਮਾਗ ਵਿੱਚ ਕੀ ਕੁਝ ਵਾਪਰਦਾ ਹੈ, ਇਸ ਬਾਰੇ ਹੋਰ ਅਧਿਐਨ ਕਰਨ ਦੀ ਲੋੜ ਹੈ।

ਹਾਲਾਂਕਿ ਇਸ ਖੇਤਰ ਵਿੱਚ ਦਸ ਸਾਲ ਤੋਂ ਜ਼ਿਆਦਾ ਦੀ ਖੋਜ ਨੇ ਉਨ੍ਹਾਂ ਨੂੰ ਇੱਕ ਗੱਲ ਸਾਫ਼ ਕਰ ਦਿੱਤੀ ਹੈ, ਮੈਨੂੰ ਲਗਦਾ ਹੈ ਕਿ ਦਿਲ ਦੇ ਦੌਰੇ ਦੌਰਾਨ ਦਿਮਾਗ ਮੰਦ (ਹਾਈਪੋ-ਐਕਟਿਵ) ਪੈਣ ਦੀ ਥਾਂ ਅਤਿ-ਸਰਗਰਮ (ਹਾਈਪਰ-ਐਕਟਿਵ)ਹੋ ਜਾਂਦਾ ਹੈ।

ਲੇਕਿਨ ਜਦੋਂ ਦਿਮਾਗ ਨੂੰ ਸਮਝ ਆਉਂਦੀ ਹੈ ਕਿ ਉਸ ਨੂੰ ਆਕਸੀਜ਼ਨ ਨਹੀਂ ਮਿਲ ਰਹੀ, ਤਾਂ ਉਸ ਨੂੰ ਕੀ ਹੁੰਦਾ ਹੈ?

ਉਹ ਕਹਿੰਦੇ ਹਨ,“ਜਦੋਂ ਅਸੀਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਇਸ ਬਾਰੇ ਬਹੁਤ ਥੋੜ੍ਹਾ ਵਿਗਿਆਨਕ ਸਾਹਿਤ ਹੈ, ਵਾਕਈ ਕੁਝ ਨਹੀਂ ਪਤਾ।”

ਉਹ ਹਾਈਬਰਨੇਸ਼ਨ ਦਾ ਜ਼ਿਕਰ ਕਰਦੇ ਹੋਏ ਮੈਨੂੰ ਦੱਸਦੇ ਹਨ ਕਿ ਇਸ ਬਾਰੇ ਉਨ੍ਹਾਂ ਦੀ ਪਰਿਕਲਪਨਾ ਇਹ ਕੈ ਕਿ ਜਾਨਵਰਾਂ ਵਾਂਗ, ਘੱਟੋ-ਘੱਟ ਚੂਹਿਆਂ ਅਤੇ ਮਨੁੱਖਾਂ ਵਿੱਚ ਆਕਸੀਜ਼ਨ ਦੀ ਕਮੀ ਦਾ ਮੁਕਾਬਲਾ ਕਰਨ ਲਈ ਸਾਡੇ ਵਿੱਚ ਇੱਕ ਅੰਦਰੂਨੀ ਕਿਰਿਆ ਵਿਧੀ ਹੈ।

ਹੁਣ ਤੱਕ, ਦਿਮਾਗ ਨੂੰ ਦਿਲ ਦੇ ਦੌਰੇ ਦੌਰਾਨ ਮਾਸੂਮੀਅਤ ਨਾਲ ਕੋਲ ਖੜ੍ਹਾ ਰਹਿਣ ਵਾਲਾ ਸਮਝਿਆ ਜਾਂਦਾ ਰਿਹਾ ਹੈ। ਜਦੋਂ ਦਿਲ ਬੰਦ ਹੋ ਜਾਂਦਾ ਹੈ ਤਾਂ ਦਿਮਾਗ ਮਰ ਜਾਂਦਾ ਹੈ। ਇਹ ਮੌਜੂਦਾ ਸੋਚ ਹੈ। ਦਿਮਾਗ ਇਸ ਨਾਲ ਨਜਿੱਠ ਨਹੀਂ ਸਕਦਾ ਅਤੇ ਮਰ ਜਾਂਦਾ ਹੈ।

ਲੇਕਿਨ ਡਾ਼ ਬੋਰਜਿਗਿਨ ਕਹਿੰਦੇ ਹਨ ਕਿ ਸਾਨੂੰ ਪਤਾ ਹੀ ਨਹੀਂ ਹੈ ਕੀ ਵਾਕਈ ਅਜਿਹਾ ਹੁੰਦਾ ਹੈ।

“ਉਨ੍ਹਾਂ ਦਾ ਮੰਨਣਾ ਹੈ ਕਿ ਦਿਮਾਗ ਹੋਰ ਸੰਕਟਾਂ ਵਾਂਗ ਇੱਥੇ ਵੀ ਇੰਨੀ ਜਲਦੀ ਹਥਿਆਰ ਨਹੀਂ ਸੁੱਟਦਾ, ਇਹ ਲੜਦਾ ਹੈ।”

ਉਹ ਕਹਿੰਦੇ ਹਨ,“ਹਾਈਬਰਨੇਸ਼ਨ, ਮੈਨੂੰ ਲਗਦਾ ਹੈ ਕਿ ਇਹ ਦਰਸਾਉਣ ਵਾਲੀ ਬਹੁਤ ਵਧੀਆ ਮਿਸਾਲ ਹੈ ਕਿ ਦਿਮਾਗ ਕੋਲ ਆਕਸੀਜ਼ਨ ਦੀ ਕਮੀ ਨਾਲ ਨਜਿੱਠਣ ਲਈ, ਇੱਕ ਕਿਰਿਆ ਵਿਧੀ ਮੌਜੂਦ ਹੈ।ਲੇਕਿਨ ਇਸਦੀ ਜਾਂਚ ਕੀਤੀ ਜਾਣੀ ਬਾਕੀ ਹੈ।”

ਜਾਨਣ ਲਈ ਹੋਰ ਬਹੁਤ ਕੁਝ ਹੈ

ਡਾ਼ ਬੋਰਜਿਗਿਨ ਸਮਝਦੇ ਹਨ ਕਿ ਜੋ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਅਧਿਐਨਾਂ ਵਿੱਚ ਦੇਖਿਆ ਹੈ ਉਹ ਤਾਂ ਝਲਕ ਮਾਤਰ ਹੈ ਅਤੇ ਖੋਜਣ ਲਈ ਅਜੇ ਬਹੁਤ ਕੁਝ ਪਿਆ ਹੈ।

“ਮੇਰਾ ਮੰਨਣਾ ਹੈ ਕਿ ਹਾਈਪੌਕਸੀਆ (ਦਿਮਾਗ ਨੂੰ ਆਕਸੀਜ਼ਨ ਦੀ ਕਮੀ) ਨਾਲ ਨਜਿੱਠਣ ਲਈ ਦਿਮਾਗ ਦੀਆਂ ਅੰਦਰੂਨੀ ਕਿਰਿਆ ਵਿਧੀਆਂ ਹਨ, ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਰਹੇ।

ਇਸ ਲਈ ਉੱਪਰੋਂ-ਉੱਪਰੋਂ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਨ੍ਹਾਂ ਨੂੰ ਇਹ ਵਿਸਮਾਦੀ ਅਨੁਭਵ ਹੁੰਦਾ ਹੈ, ਅਤੇ ਸਾਡਾ ਡੇਟਾ ਦਿਖਾਉਂਦਾ ਹੈ ਕਿ ਇਹ ਅਨੁਭਵ ਦਿਮਾਗ ਦੀ ਸਰਗਰਮੀ ਬਹੁਤ ਜ਼ਿਆਦਾ ਵਧ ਜਾਣ ਕਾਰਨ ਹੁੰਦਾ ਹੈ।”

ਉਹ ਪੁੱਛਦੇ ਹਨ,“ਹੁਣ ਸਵਾਲ ਇਹ ਹੈ ਕਿ ਮੌਤ ਦੌਰਾਨ ਦਿਮਾਗ ਵਿੱਚ ਸਰਗਰਮੀ ਇੰਨੀ ਵਧ ਕਿਉਂ ਜਾਂਦੀ ਹੈ?”

“ਇਸ ਲਈ ਸਾਨੂੰ ਪਤਾ ਕਰਨ ,ਸਮਝਣ, ਅਧਿਐਨ ਕਰਨ, ਅਤੇ ਇਸ ਬਾਰੇ ਖੋਜ ਕਰਨ ਲਈ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਸ਼ਾਇਦ ਅਸੀਂ ਲੱਖਾਂ ਲੋਕਾਂ ਨੂੰ ਸਮੇਂ ਤੋਂ ਪਹਿਲਾਂ ਹੀ ਮੁਰਦਾ ਐਲਾਨ ਕਰ ਰਹੇ ਹਾਂ, ਕਿਉਂਕਿ ਮੌਤ ਦੀ ਕਿਰਿਆ ਵਿਧੀ ਤਾਂ ਅਸੀਂ ਸਮਝਦੇ ਹੀ ਨਹੀਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)