'ਚੰਗੀ ਮੌਤ' ਕੀ ਹੋ ਸਕਦੀ ਹੈ, ਇਸ ਬੀਬੀ ਤੋਂ ਲਓ ਚੰਗੀ ਮੌਤ ਦਾ ਸਬਕ

ਤਸਵੀਰ ਸਰੋਤ, Shali Reddy/BBC
- ਲੇਖਕ, ਮੇਘਾ ਮੋਹਨ
- ਰੋਲ, ਬੀਬੀਸੀ ਪੱਤਰਕਾਰ
ਐਸਵਾਟਿਨੀ ਇੱਕ ਅਜਿਹਾ ਦੇਸ ਜਿੱਥੇ ਹਰ ਚੌਥਾ ਵਿਅਕਤੀ ਐੱਚਆਈਵੀ ਤੋਂ ਪੀੜਤ ਹੈ, ਥੈਂਬੀ ਨਕਾਮਬੂਲੇ ਇਸ ਮੁਲਕ ਵਿਚ ਏਡਜ਼ ਨਾਲ ਜੂਝਦੇ ਸੈਂਕੜੇ ਲੋਕਾਂ ਦੀ ਮਦਦ ਲਈ ਮੌਜੂਦ ਹੈ।
'ਚੰਗੀ ਮੌਤ' ਦਾ ਕੀ ਅਰਥ ਹੈ ਅਤੇ ਇਸ ਲਈ ਸਬਕ ਉਸ ਨੇ ਸਿੱਖੇ ਹਨ।
ਥੈਂਬੀ ਲਈ ਮੌਤ ਤਿੰਨ ਤਰੀਕਿਆਂ ਦੀ ਹੈ।
ਪਹਿਲੀ ਸਭ ਤੋਂ ਆਮ ਮੌਤ ਹੈ। ਵਿਅਕਤੀ ਉਨ੍ਹਾਂ ਵੱਲ ਖਾਲੀ ਨਜ਼ਰਾਂ ਨਾਲ ਦੇਖਦਾ ਹੈ ਅਤੇ ਕਹਿੰਦਾ ਹੈ, ''ਮੇਰਾ ਸਮਾਂ ਖ਼ਤਮ ਹੋ ਚੁੱਕਾ ਹੈ। ਮੈਂ ਹਾਰ ਗਿਆ ਹਾਂ।"
ਥੈਂਬੀ ਉਨ੍ਹਾਂ ਨੂੰ ਅੱਖਾਂ ਬੰਦ ਕਰਦਿਆਂ ਦੇਖਦੇ ਹਨ ਅਤੇ ਜਾਣ ਦਿੰਦੇ ਹਨ। ਰਹੱਸਮਈ ਤਰੀਕੇ ਨਾਲ ਕੱਟੀ ਗਈ ਜ਼ਿੰਦਗੀ ਦਾ ਸ਼ਰਮਸਾਰ ਅੰਤ। ਇਹ ਇੱਕ ਮਾੜੀ ਮੌਤ ਹੈ।
ਥੈਂਬੀ ਕਹਿੰਦੇ ਹਨ, "ਫ਼ਿਰ ਦੂਜੀ ਕਿਸਮ ਹੈ। ਉਹ ਜਿਨ੍ਹਾਂ ਲੋਕਾਂ ਨੂੰ ਪਿੱਛੇ ਛੱਡ ਕੇ ਜਾ ਰਿਹਾ ਹੈ , ਉਨ੍ਹਾਂ ਲਈ ਇੱਕ ਸੁਨੇਹਾ ਹੁੰਦਾ ਹੈ ਜਾਂ ਕਈ ਵਾਰ ਇੱਕ ਚੇਤਾਵਨੀ। ਇਹ ਸਬਕ ਹੈ, ਜੋ ਉਨ੍ਹਾਂ ਨੇ ਸਿੱਖਿਆ ਅਤੇ ਉਹ ਉਸਨੂੰ ਅੱਗੇ ਦੇਣਾ ਚਾਹੁੰਦੇ ਹਨ।"
ਮੌਤ ਦੀ ਤੀਜੀ ਕਿਸਮ ਹੈ 'ਇੱਕ ਚੰਗੀ ਮੌਤ'।
ਵਿਅਕਤੀ ਮਰਨ ਵਾਲਾ ਹੈ, ਜਾਣਦਾ ਹੈ ਕਿ ਸਾਰੀਆਂ ਉਲਝਣਾ ਸੁਲਝਾ ਕੇ ਉਹ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਠੀਕ ਤਰੀਕੇ ਨਾਲ ਛੱਡਣ ਵਾਲਾ ਹੈ। ਇਸ ਕਿਸਮ ਦੀ ਮੌਤ ਵਿੱਚ ਥੈਂਬੀ ਦੀ ਮੌਜੂਦਗੀ ਦੀ ਲੋੜ ਨਹੀਂ, ਚਾਹੇ ਕਿਸੇ ਵੀ ਬੀਮਾਰੀ ਨਾਲ ਪੀੜਤ ਵਿਅਕਤੀ ਲਈ ਉਹ ਅਕਸਰ ਆਖ਼ਰੀ ਪਲਾਂ ਵਿੱਚ ਉਥੇ ਹੁੰਦੇ ਹਨ।
ਬੀਮਾਰੀ ਏਡਜ਼ ਹੈ ਅਤੇ ਥੈਂਬੀ ਪੇਂਡੂ ਇਲਾਕੇ ਵਿੱਚ ਰਹਿੰਦੇ ਹਨ। ਦੱਖਣੀ ਅਫ਼ਰੀਕਾ ਵਿੱਚ ਐਸਵਾਟਿਨੀ ਸਾਮਰਾਜ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਵਿਸ਼ਾਲ ਖੇਤਾਂ ਵਿੱਚ ਕੁੱਕੜ ਬਾਂਗਾਂ ਦਿੰਦੇ ਹਨ।
ਐੱਚਆਈਵੀ ਅਤੇ ਏਡਜ਼ ਮਹਾਂਮਾਰੀ ਦਾ ਕੇਂਦਰ
ਦੇਸ ਨੂੰ ਪਹਿਲਾਂ ਸਵਾਜ਼ੀਲੈਂਡ ਨਾਮ ਨਾਲ ਜਾਣਿਆ ਜਾਂਦਾ ਸੀ। ਵਿਸ਼ਵ ਸਿਹਤ ਸੰਗਠਨ ਵਲੋਂ ਇਸ ਇਲਾਕੇ ਨੂੰ ਗਲੋਬਲ ਐੱਚਆਈਵੀ ਅਤੇ ਏਡਜ਼ ਮਹਾਮਾਰੀ ਦਾ ਕੇਂਦਰ ਕਿਹਾ ਗਿਆ। ਮਹਾਮਾਰੀ ਮਾਹਰਾਂ ਮੁਤਾਬਕ ਕੋਵਿਡ ਕਾਰਨ ਹਾਲਾਤ ਹੋਰ ਖ਼ਰਾਬ ਹੋ ਗਏ ਹਨ।
ਹਾਲਾਂਕਿ ਪਿਛਲੇ ਕੁਝ ਦਹਾਕਿਆਂ ਦੌਰਾਨ ਦੇਸ ਨੇ ਵਾਇਰਸ ਨਾਲ ਨਜਿੱਠਣ ਦੇ ਮਾਮਲੇ ਵਿੱਚ ਅਹਿਮ ਕਦਮ ਪੁੱਟੇ ਹਨ।

ਤਸਵੀਰ ਸਰੋਤ, Shali Reddy
13 ਲੱਖ ਲੋਕਾਂ ਦੇ ਇਸ ਦੇਸ ਵਿੱਚ ਹਾਲੇ ਵੀ ਐੱਚਆਈਵੀ ਦੀ ਪ੍ਰਚਲਿਤ ਦਰ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਹੈ, ਅੰਦਾਜ਼ਨ 26 ਫ਼ੀਸਦ।
ਪਰ ਕੁਝ ਦਹਾਕੇ ਪਹਿਲਾਂ ਸਥਿਤੀ ਇਸ ਤੋਂ ਵੀ ਖ਼ਰਾਬ ਸੀ।
ਥੈਂਬੀ ਕਹਿੰਦੇ ਹਨ, "ਉਸ ਸਮੇਂ ਸਾਡੇ ਹਰ ਪਾਸੇ ਮੌਤ ਸੀ।"
ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਯਾਦ ਹੈ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਐੱਚਆਈਵੀ ਬਾਰੇ ਸੁਣਿਆ ਸੀ।
ਇਹ 90ਵਿਆਂ ਦਾ ਮੱਧ ਸੀ ਅਤੇ ਉਹ ਨਵਵਿਆਹੀ ਮਾਂ ਸੀ , ਜੋ ਯੂਨੀਵਰਸਿਟੀ ਆਫ਼ ਸਵਾਜ਼ੀਲੈਂਡ ਵਿੱਚ ਹਿਊਮੈਨਿਟੀਜ਼ ਵਿਸ਼ਿਆਂ ਵਿੱਚ ਬੈਚੁਲਰਜ਼ ਦੀ ਪੜ੍ਹਾਈ ਕਰ ਰਹੀ ਸੀ।
ਦੇਸ ਵਿੱਚ ਖ਼ੂਨਦਾਨ ਲਈ ਇੱਕ ਮੁਹਿੰਮ ਚਲਾਈ ਗਈ ਸੀ। ਥੈਂਬੀ ਦੇ ਕਈ ਦੋਸਤਾਂ ਨੇ ਖ਼ੂਨ ਦਾਨ ਕੀਤਾ ਪਰ ਹਫ਼ਤਿਆਂ ਬਾਅਦ ਉਨ੍ਹਾਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਵਿੱਚੇ ਛੱਡ ਦਿੱਤੀ ਤੇ ਕਦੀ ਨਾ ਪਰਤੇ।
ਉਹ ਕਹਿੰਦੇ ਹਨ, "ਹਰ ਪਾਸੇ ਅਫ਼ਵਾਹਾਂ ਸਨ ਕਿ ਉਨ੍ਹਾਂ ਦਾ ਖ਼ੂਨ ਵਿੱਚ ਜਾਨਲੇਵਾ ਬੀਮਾਰੀ ਨਾਲ ਦੂਸ਼ਿਤ ਪਾਇਆ ਗਿਆ ਹੈ। ਸਰਕਾਰ ਜਾਂ ਅਧਿਕਾਰੀਆਂ ਵਲੋਂ ਕੁਝ ਵੀ ਪੁਖ਼ਤਾ ਨਾ ਦੱਸਿਆ ਗਿਆ ਪਰ ਅਫ਼ਵਾਹਾਂ ਸਨ ਕਿ ਜਦੋਂ ਤੁਹਾਨੂੰ ਇਹ ਬੀਮਾਰੀ ਲੱਗ ਜਾਂਦੀ ਹੈ, ਤਾਂ ਕੋਈ ਆਸ ਨਹੀਂ ਰਹਿੰਦੀ, ਤੁਸੀਂ ਬਸ ਮਰ ਜਾਂਦੇ ਹੋ।"
ਡਰ ਨੇ ਕੈਂਪਸ ਨੂੰ ਘੇਰ ਲਿਆ ਅਤੇ ਥੈਂਬੀ ਅਤੇ ਉਨ੍ਹਾਂ ਦੇ ਕਈ ਦੋਸਤਾਂ ਨੇ ਆਪਣੇ ਖ਼ੂਨ ਦਾਨ ਲਈ ਸਵੈਇੱਛਾ ਨਾ ਜਤਾਈ।
ਅਸੀਂ ਸੋਚਿਆ, ਜੇ ਅਸੀਂ ਖ਼ੂਨ ਨਹੀਂ ਦੇਵਾਂਗਾ ਅਤੇ ਕਹਾਂਗੇ ਕਿ ਸਾਡਾ ਖ਼ੂਨ ਵੀ ਦੂਸ਼ਿਤ ਹੈ ਤਾਂ ਸ਼ਾਇਦ ਅਸੀਂ ਸੁਰੱਖਿਅਤ ਰਹਾਂਗੇ।
ਕੁਝ ਸਾਲ ਬਾਅਦ ਜਦੋਂ ਥੈਂਬੀ ਇੱਕ ਹਾਈ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰ ਰਹੇ ਸਨ ਤਾਂ ਉਨ੍ਹਾਂ ਨੇ ਐੱਚਆਈਵੀ ਬਾਰੇ ਹੋਰ ਸੁਣਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਹੁਣ ਇਹ ਅਧਿਆਪਕਾਂ, ਉਨ੍ਹਾਂ ਦੇ ਦੋਸਤਾਂ ਸਮੇਤ ਦੇਸ ਦੀ ਵੱਡੀ ਗਿਣਤੀ ਆਬਾਦੀ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ ਅਤੇ ਚਿੰਤਾ ਦੀ ਗੱਲ ਇਹ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵੀ।
ਉਨ੍ਹਾਂ ਨੂੰ ਪਤਾ ਸੀ ਲੋਕ ਕਦੋਂ ਬੀਮਾਰ ਹੋਏ ਹਨ ਕਿਉਂਕਿ ਉਹ ਅਚਾਨਕ ਲੋਪ ਹੋ ਜਾਂਦੇ ਸਨ।
ਖੁਦ ਨੂੰ ਹਰ ਇੱਕ ਦੀ ਨਿਗ੍ਹਾ ਤੋਂ ਲਕੋ ਕੇ ਬੰਦ ਕਰ ਲੈਣਾ। ਕੁਝ ਹਫ਼ਤੇ ਬਾਅਦ ਉਹ ਉਨ੍ਹਾਂ ਦੀ ਮੌਤ ਦੀ ਖ਼ਬਰ ਅਖ਼ਬਾਰ ਵਿੱਚ ਪੜ੍ਹਦੇ। ਹਾਲਾਂਕਿ ਕਦੇ ਵੀ ਬੀਮਾਰੀ ਦੀ ਜ਼ਿਕਰ ਨਾ ਕੀਤਾ ਗਿਆ ਹੁੰਦਾ।
ਪਰ ਹੁਣ ਇਹ ਸਾਲ 2000 ਦੀ ਸ਼ੁਰੂਆਤ ਸੀ ਅਤੇ ਐੱਚਆਈਵੀ ਬਾਰੇ ਪ੍ਰੈਸ ਵਿੱਚ ਖ਼ਬਰਾਂ ਛਪਦੀਆਂ ਤੇ ਰੇਡੀਓ 'ਤੇ ਵਿਚਾਰ ਚਰਚਾ ਕੀਤੀ ਜਾਂਦੀ ਸੀ। ਥੈਂਬੀ ਲਾਇਬਰੇਰੀ ਗਏ ਅਤੇ ਵਾਇਰਸ ਬਾਰੇ ਪੜ੍ਹਿਆ, ਜੋ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ।
ਐੱਚਆਈਵੀ ਨਾਲ ਜੁੜੀਆਂ ਸਥਾਨਕ ਮਿੱਥਾਂ
ਉਹ ਮਹਿਸੂਸ ਕੀਤਾ ਇਹ ਇੱਕ ਵਿਆਪਕ ਕਲੰਕ ਨਾਲ ਆਇਆ ਸੀ।
ਇਹ ਪਤਾ ਸੀ ਕਿ ਵਾਇਰਸ ਸੰਭੋਗ ਕਰਨ ਜ਼ਰੀਏ ਸੰਚਾਰ ਕਰ ਸਕਦਾ ਹੈ ਪਰ ਕਈ ਭਾਈਚਾਰਕ ਆਗੂਆਂ ਨੇ ਇਸ ਤੋਂ ਅਗਾਂਹ ਆਪਣੇ ਸਿਧਾਂਤ ਦੇ ਦਿੱਤੇ।
ਕੁਝ ਚਰਚਾਂ ਵਿੱਚ ਪ੍ਰਵਚਨਾਂ ਦੌਰਾਨ ਪਾਦਰੀਆਂ ਦੁਆਰਾ ਕਿਹਾ ਗਿਆ, ਸਿਰਫ਼ ਉਹ ਜਿਹੜੇ ਨੈਤਿਕਤਾ ਛੱਡਦੇ ਹਨ, ਦੁਰਾਚਾਰ ਕਰਦੇ ਹਨ ਤੇ ਸ਼ੈਤਾਨੀ ਸੰਭੋਗ ਕਰਦੇ ਹਨ ਵਾਇਰਸ ਤੋਂ ਪ੍ਰਭਾਵਿਤ ਹੁੰਦੇ ਹਨ।

ਤਸਵੀਰ ਸਰੋਤ, Shali Reddy/BBC
ਥੈਂਬੀ ਜਾਣਦੇ ਸਨ ਇਹ ਸੱਚ ਨਹੀਂ ਹੋ ਸਕਦਾ, ਉਹ ਇੱਕ ਔਰਤ ਨੂੰ ਜਾਣਦੇ ਸਨ, ਜਿਸ ਦਾ ਸਿਰਫ਼ ਉਸ ਦੇ ਪਤੀ ਨਾਲ ਸਬੰਧ ਸੀ ਅਤੇ ਉਸ ਦੀ ਵੀ ਇਸੇ ਬੀਮਾਰੀ ਕਾਰਨ ਮੌਤ ਹੋ ਗਈ।
ਉਨ੍ਹਾਂ "ਸ਼ੈਤਾਨ" ਲੋਕਾਂ ਨੂੰ ਜਿਨ੍ਹਾਂ ਨੂੰ ਬੀਮਾਰੀ ਹੋਣ ਦਾ ਸ਼ੱਕ ਸੀ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵਲੋਂ ਛੱਡ ਦਿੱਤਾ ਗਿਆ ਸੀ ਨੂੰ ਛੱਡਣ ਦੀ ਬਜਾਇ ਥੈਂਬੀ ਨੇ ਉਨ੍ਹਾਂ ਦੇ ਘਰਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਸਾਥ ਦੇਣ ਦਾ ਕਿਹਾ।
ਉਹ ਕਹਿੰਦੇ ਹਨ, "ਕਈ ਵਾਰ ਮੈਂ ਦਰਵਾਜ਼ਾਂ ਖੜਕਾਉਂਦੀ ਅਤੇ ਵਿਅਕਤੀ ਮੈਨੂੰ ਘਰ ਦੇ ਅੰਦਰ ਦਾਖ਼ਲ ਨਾ ਹੋਣ ਦਿੰਦਾ। ਉਹ ਬਹੁਤ ਸ਼ਰਮਾਉਂਦੇ ਸਨ। ਪਰ ਮੈਂ ਉਡੀਕ ਕਰਦੀ ਅਤੇ ਉਨ੍ਹਾਂ ਨੂੰ ਕਹਿੰਦੀ ਜੇ ਉਹ ਚਾਹੁੰਦੇ ਹਨ ਤਾਂ ਮੈਂ ਇੱਥੇ ਹਾਂ। ਮੈਂਨੂੰ ਉਨ੍ਹਾਂ ਤੋਂ ਡਰ ਨਹੀਂ ਸੀ ਲੱਗਦਾ।"
ਖ਼ੁਦ ਨੂੰ ਏਡਜ਼ ਹੋਣ ਦਾ ਪਤਾ ਲੱਗਣਾ
ਫ਼ਿਰ 2002 ਵਿੱਚ ਥੈਂਬੀ ਨੂੰ ਖੰਘ ਹੋ ਗਈ, ਜਿਸ ਨਾਲ ਉਹ ਹਿੱਲ ਨਹੀਂ ਸਨ ਸਕਦੇ। ਪਹਿਲਾਂ ਉਨ੍ਹਾਂ ਨੇ ਸੋਚਿਆ ਕਿਉਂਕਿ ਉਹ ਆਪਣੇ ਛੋਟੀ ਉਮਰ ਦੇ ਪਰਿਵਾਰਕ ਮੈਂਬਰਾਂ ਦੀ ਦੇਖਭਾਲ ਕਰਦੇ ਹਨ ਇਸ ਲਈ ਸਰਦੀ ਜ਼ੁਕਾਮ ਹੈ। ਪਰ ਖੰਘ ਲਗਾਤਾਰ ਰਹੀ। ਇੱਕ ਦਿਨ ਇੱਕ ਸੁਚੇਤ ਕਰਨ ਵਾਲਾ ਪਲ ਆਇਆ।

ਤਸਵੀਰ ਸਰੋਤ, Shali Reddy/BBC
ਉਨ੍ਹਾਂ ਸੋਚਿਆ, "ਇਹ ਖੰਘ ਜਾ ਨਹੀਂ ਰਹੀ ਕਿਉਂਕਿ ਇਹ ਸ਼ਾਇਦ ਐੱਚਆਈਵੀ ਹੈ।"
ਥੈਂਬੀ ਟੈਸਟ ਕਰਵਾਉਣ ਗਏ ਅਤੇ ਨਤੀਜਾ ਪਾਜ਼ੀਟਿਵ ਸੀ। ਪਤਾ ਲੱਗਣ ਤੋਂ ਬਾਅਦ ਕੁਝ ਹਫ਼ਤੇ ਬਹੁਤ ਡਰ ਭਰੇ ਸਨ।
ਥੈਂਬੀ ਸੋਚ ਰਹੇ ਸਨ, "ਮੈਨੂੰ ਇਹ ਕਿਸ ਤਰ੍ਹਾਂ ਹੋ ਗਿਆ? ਮੇਰੇ ਤਿੰਨ ਬੱਚਿਆਂ ਦਾ ਕੀ ਬਣੇਗਾ?"
ਉਸ ਸਮੇਂ ਐੱਚਆਈਵੀ ਦਾ ਇਲਾਜ ਕਰਨ ਵਾਲੀ ਦਵਾਈ ਐਂਟੀਰੈਟ੍ਰੋਵਾਇਰਲ ਦੀ ਕੀਮਤ 50 ਡਾਲਰ ਪ੍ਰਤੀ ਮਹੀਨਾ ਸੀ, ਜੋ ਕਿ ਥੈਂਬੀ ਦੀ ਘਰ ਦੀ ਆਮਦਨ ਦਾ ਵੱਡਾ ਹਿੱਸਾ ਸੀ।
"ਮੈਂ ਇਹ ਖ਼ਰਚਾ ਕਿਵੇਂ ਜ਼ਰ ਸਕਦੀ ਸੀ?"
"ਮੈਂ ਮਰਾਂਗੀ ਕਦੋਂ?"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਏਡਜ਼ ਤੋਂ ਪੀੜਤ ਲੋਕਾਂ ਦੀ ਸਹਾਇਤਾ
ਬਹੁਤ ਕੁਝ ਵਿਵਸਥਿਤ ਕਰਨ ਵਾਲਾ ਸੀ, ਇਸ ਲਈ ਥੈਂਬੀ ਨੇ ਉਹ ਕੀਤਾ ਜੋ ਕਰਨ ਤੋਂ ਬਹੁਤ ਸਾਰੇ ਲੋਕ ਸ਼ਰਮਾਉਂਦੇ ਸਨ।
ਉਨ੍ਹਾਂ ਨੇ ਸਾਰਿਆਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਉਹ ਆਪਣੇ ਐੱਚਆਈਵੀ ਪੀੜਤ ਹੋਣ ਬਾਰੇ ਜਾਣਦੇ ਹਨ।
ਉਨ੍ਹਾਂ ਕਿਹਾ, "ਮੈਂਨੂੰ ਪਤਾ ਹੈ ਮੇਰੇ ਨਾਲ ਕੀ ਹੋਣ ਜਾ ਰਿਹਾ ਹੈ, ਮੈਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮਦਦ ਅਤੇ ਸਹਿਯੋਗ ਦੀ ਲੋੜ ਹੋਵੇਗੀ। ਜੇ ਮੈਂ ਸ਼ਰਮ ਅਤੇ ਗੁਪਤ ਰੱਖਣ ਲਈ ਲੁਕ ਗਈ, ਮੈਂ ਸ਼ਾਇਦ ਮਰੀ ਹੋਈ ਹੋਵਾਂ।"
ਉਹ ਅਤੇ ਉਨ੍ਹਾਂ ਦੇ ਪਤੀ ਬੈਠੇ ਅਤੇ ਬੱਚਿਆਂ ਨੂੰ ਐੱਚਆਈਵੀ ਬਾਰੇ ਦੱਸਣ ਲਈ ਕੋਲ ਬਿਠਾਇਆ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਬੀਮਾਰੀ ਜੱਫ਼ੀ ਪਾਉਣ ਨਾਲ ਨਹੀਂ ਹੁੰਦੀ ਜਾਂ ਫ਼ਿਰ ਇੱਕੋ ਬਾਥਰੂਮ ਇਸਤੇਮਾਲ ਕਰਨ ਨਾਲ।
ਉਨ੍ਹਾਂ ਕਿਹਾ ਕਿ ਉਹ ਇਲਾਜ ਕਰਵਾਉਣਗੇ ਅਤੇ ਥੈਂਬੀ ਨੇ ਸਮਝਾਇਆ ਕਿ ਇਹ ਇੱਕ ਵਾਇਰਸ ਹੈ ਜਿਸ ਬਾਰੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਕੁਝ ਪਤਾ ਸੀ। ਉਨ੍ਹਾਂ ਨੂੰ ਬੀਮਾਰੀ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਪ੍ਰੋਗਰਾਮ ਪਤਾ ਲੱਗਿਆ, ਪੀਪਲ ਲੀਵਿੰਗ ਵਿਦ ਐੱਚਆਈਵੀ, ਜੋ ਕਿ ਉਨ੍ਹਾਂ ਨੂੰ ਬੀਮਾਰੀ ਦੌਰਾਨ ਮਦਦ ਕਰ ਸਕਦਾ ਸੀ।
ਥੈਂਬੀ ਨੂੰ ਸਾਲ 2002 ਤੱਕ ਕੋਈ ਅੰਦਾਜ਼ਾ ਨਹੀਂ ਸੀ ਪਰ ਕੁਝ ਹੀ ਸਾਲਾਂ ਵਿੱਚ ਉਹ ਇਸ ਪ੍ਰੋਗਰਾਮ ਲਈ ਕੌਮੀ ਨਿਰਦੇਸ਼ਕ ਸਨ। ਉਨ੍ਹਾਂ ਦਾ ਆਪਣਾ ਵਾਇਰਸ ਨਾਲ ਜਿਊਣ ਦਾ ਤਜ਼ਰਬਾ ਲੋਕਾਂ ਨੂੰ ਗੱਲ ਕਰਨ ਲਈ ਪ੍ਰੇਰਿਤ ਕਰਦਾ।
ਥੈਂਬੀ ਨੂੰ ਐੱਚਆਈਵੀ ਅਤੇ ਏਡਜ਼ ਨਾਲ ਜ਼ਿੰਦਗੀ ਜਿਉਂ ਰਹੇ ਲੋਕਾਂ ਦੇ ਬਹੁਤ ਹੀ ਨਿੱਜੀ ਪੋਸਟਕਾਰਡ ਦੇਖਣ ਲਈ ਬੁਲਾਇਆ ਗਿਆ।
ਸਦਮੇ ਵਿੱਚ ਇੱਕ ਵਿਧਵਾ ਜਿਸ ਨੂੰ ਉਨ੍ਹਾਂ ਦੇ ਪਤੀ ਨੂੰ ਦਫ਼ਨਾਉਣ ਤੋਂ ਬਾਅਦ ਬੈੱਡ ਹੇਠਾਂ ਇੱਕ ਦਰਾਜ਼ ਵਿੱਚੋਂ ਮਿਲੀ ਚਿੱਠੀ ਤੋਂ ਪਤੀ ਦੇ ਐੱਚਆਈਵੀ ਪਾਜ਼ਿਟਿਵ ਹੋਣ ਬਾਰੇ ਪਤਾ ਲੱਗਿਆ, ਇੱਕ ਅਜਿਹਾ ਸੱਚ ਜਿਸ 'ਤੇ ਉਹ ਕਈ ਸਾਲਾਂ ਤੱਕ ਸੌਂਦੇ ਰਹੇ।
ਇੱਕ ਔਰਤ ਜਿਸ ਨੇ ਬੀਮਾਰੀ ਨਾਲ ਪੀੜਤ ਪੇਂਡੂ ਭਾਈਚਾਰਿਆਂ ਵਿੱਚ ਮੱਦਦ ਲਈ ਇੱਕ ਪੂਰੀ ਯੋਜਨਾ ਤਿਆਰ ਕੀਤੀ ਸੀ। ਸਿਰਫ਼ ਸਖ਼ਤ ਬਿਮਾਰ ਹੋਣ ਅਤੇ ਖੁਦ ਇਸ ਨਾਲ ਮਰਨ ਲਈ, ਜੋ ਆਪਣੇ ਸੁਫ਼ਨਿਆਂ ਨੂੰ ਬੂਰ ਪੈਂਦਾ ਦੇਖਣ ਲਈ ਨਹੀਂ ਸੀ ਜਿਉਂ ਰਹੀ।
ਆਪਣੀਆਂ ਛੋਟੀਆਂ ਧੀਆਂ ਦੇ ਰੋਣੇ ਨੂੰ ਪਿੱਛੇ ਛੱਡਦਾ ਪਿਤਾ। ਸ਼ਰਮਸਾਰ ਪੁੱਤ ਜੋ ਥੈਂਬੀ ਨੂੰ ਪੁੱਛਦੇ ਕਿ ਕੀ ਉਨ੍ਹਾਂ ਨੂੰ ਮਰਨ ਤੋਂ ਬਾਅਦ ਮੁਆਫ਼ ਕਰ ਦਿੱਤਾ ਜਾਵੇਗਾ। ਸੈਂਕੜੇ ਮੌਤਾਂ।
ਕਈ ਪੀੜਤਾਂ ਨੇ ਥੈਂਬੀ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਵਿੱਚ ਨਾਲ ਰਹਿਣ ਲਈ ਕਿਹਾ, ਜੋ ਕਿ ਐਸਵਾਟਿਨੀ ਵਿੱਚ ਉਨ੍ਹਾਂ ਵਰਗੀ ਹੀ ਐੱਚਆਈਵੀ ਪਾਜ਼ੀਟਿਵ ਸੀ ।
ਉਹ ਕਹਿੰਦੇ ਹਨ, "ਮੈਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਮੈਂ ਉਨ੍ਹਾਂ ਦੇ ਕੁਝ ਵੀ ਕਹੇ ਬਿਨਾ ਸਮਝ ਸਕਦੀ ਸੀ ਉਸ ਪਲ ਉਹ ਮੇਰੇ ਤੋਂ ਕੀ ਚਾਹੁੰਦੇ ਸਨI"
"ਕੁਝ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਨੂੰ ਫ਼ੜੀ ਰੱਖਾਂ। ਕਈ ਹੋਰ ਛੋਹ ਨਹੀਂ ਸਨ ਚਾਹੁੰਦੇ ਪਰ ਕਿਸੇ ਦੀ ਮੌਜੂਦਗੀ ਲੋਚਦੇ ਸਨ। ਮੈਂ ਹਰ ਵਿਅਕਤੀ ਨੂੰ ਵੱਖਰੀ ਸ਼ਖ਼ਸੀਅਤ ਵਜੋਂ ਲਿਆ। ਮੈਂ ਉਨ੍ਹਾਂ ਨੂੰ ਉਹ ਮਾਣ ਦਿੱਤਾ।"
ਉਹ ਉਨ੍ਹਾਂ ਨੂੰ ਇੱਕ ਚੰਗੀ ਮੌਤ ਦੇਣਾ ਚਾਹੁੰਦੇ ਸਨ।
ਕੀ ਹੈ ਇੱਕ 'ਚੰਗੀ ਮੌਤ'
ਚੰਗੀ ਮੌਤ ਦਾ ਫ਼ਲਸਫਾ ਲੰਬੇ ਸਮੇਂ ਤੋਂ ਰਿਹਾ ਹੈ। ਸਾਲ 1601 ਵਿੱਚ ਚਰਚ ਆਫ਼ ਇੰਗਲੈਂਡ ਦੇ ਪਾਦਰੀ ਕ੍ਰਿਸਟੋਫ਼ਰ ਸਟਨ ਨੇ ਲਿਖਿਆ ਸੀ ਕਿ ਸਹੀ ਤਰੀਕੇ ਨਾਲ ਮਰਨ ਵਿੱਚ ਇੱਕ ਮੌਤ ਦਾ ਬਿਸਤਰਾ ਅਤੇ ਪਿਆਰ ਕਰਨ ਵਾਲਿਆਂ ਦਾ ਸਾਥ ਸ਼ਾਮਿਲ ਹੈ।
ਉਨ੍ਹਾਂ ਲਿਖਿਆ ਕਿ ਅਚਾਨਕ ਮੌਤ ਦਾ ਅਰਥ ਹੈ ਕਿ ਤੁਹਾਨੂੰ ਅਲਵਿਦਾ ਕਹਿਣ ਦਾ ਮੌਕਾ ਨਹੀਂ ਮਿਲਿਆ ਪਰ ਲੰਬੀ ਬੀਮਾਰੀ (ਤਕਲੀਫ਼ਦੇਹ ਹੋਣ ਦੇ ਇਲਾਵਾ) ਤੁਹਾਨੂੰ ਦੂਜਿਆਂ 'ਤੇ ਬੋਝ ਬਣਾ ਦਿੰਦੀ ਹੈ।
ਹੁਣ ਇਹ ਮੌਤ ਦੇ ਆਖ਼ਰੀ ਪਲਾਂ ਵਿੱਚ ਵਿੱਚ ਦੇਖਭਾਲ ਮੁਹੱਈਆ ਕਰਵਾਉਣ ਵਾਲਿਆਂ ਲਈ ਚਰਚਾ ਦਾ ਵਿਸ਼ਾ ਹੈ।

ਤਸਵੀਰ ਸਰੋਤ, Shali Reddy/BBC
ਅਮਰੀਕਾ ਦੀ ਐੱਨਜੀਓ ਦਾ ਨੈਸ਼ਨਲ ਅਕੈਡਮੀ ਆਫ਼ ਮੈਡੀਸਨ ਮੁਤਾਬਕ, " ਇੱਕ ਚੰਗੀ ਮੌਤ ਮਰੀਜ਼, ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਲਈ, ਆਮ ਤੌਰ 'ਤੇ ਮਰੀਜ਼ ਅਤੇ ਪਰਿਵਾਰ ਦੀਆਂ ਇੱਛਾਵਾਂ ਦੇ ਅਨੁਸਾਰ ਅਤੇ ਕਲੀਨੀਕਲ, ਸਭਿਆਚਾਰਕ ਅਤੇ ਨੈਤਿਕ ਮਿਆਰਾਂ ਦੇ ਅਨੁਕੂਲ ਹੁੰਦੀ ਹੈ ਅਤੇ ਬੇਲੋੜੀ ਤਕਲੀਫ਼ ਅਤੇ ਦੁੱਖ ਤੋਂ ਮੁਕਤ ਹੁੰਦੀ ਹੈ।"
ਡਾ. ਰਾਬੀ ਇਕੋਰ ਮੁਤਾਬਕ, "ਜੇਕਰ ਪੱਛਮ ਵਿੱਚ ਧਿਆਨ ਅਕਸਰ ਘੱਟ ਤੋਂ ਘੱਟ ਤਕਲੀਫ਼ ਨਾਲ ਮਰਨ 'ਤੇ ਹੈ ਤਾਂ ਅਫ਼ਰੀਕਾ ਵਿੱਚ ਸ਼ਾਇਦ ਜ਼ੋਰ ਇਸ ਗੱਲ 'ਤੇ ਹੈ ਕਿ ਤੁਹਾਡੀ ਮੌਤ ਤੁਹਾਡੇ ਭਾਈਚਾਰੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।"
ਉਨ੍ਹਾਂ ਨੇ ਦਿ ਜਨਰਲ ਆਫ਼ ਪੈਲੀਏਟਿਵ ਕੇਅਰ ਵਿੱਚ ਲਿਖਿਆ,"ਹਰ ਇੱਕ ਵਿਅਕਤੀ ਦੀ ਹੋਰ ਲੋਕਾਂ ਦੇ ਵੱਡੇ ਸਮੂਹ ਪ੍ਰਤੀ ਜ਼ਿੰਮੇਵਾਰੀ ਹੈ। ਇਸ ਲਈ ਬੀਮਾਰੀ ਨਾਲ ਸਬੰਧਿਤ ਜਿਵੇਂ ਕਿ ਐੱਚਆਈਵੀ ਵਗੈਰਾ ਨਾਲ ਜੁੜੀ ਕੋਈ ਵੀ ਸ਼ਰਮ ਜਾਂ ਕਲੰਕ "ਚੰਗੀ ਮੌਤ" ਦੇ ਰਾਹ ਵਿੱਚ ਰੁਕਾਵਟ ਹੈ।"
ਕੋਵਿਡ ਮਹਾਂਮਾਰੀ ਦੀਆਂ ਪਾਬੰਦੀਆਂ ਅਤੇ ਏਡਜ਼ ਦੇ ਵੱਧਦੇ ਮਾਮਲੇ
ਥੈਂਬੀ ਕਹਿੰਦੇ ਹਨ, "ਐਸਵਾਟਿਨੀ ਵਿੱਚ ਜਦੋਂ ਮੈਂ ਇਸ ਬੀਮਾਰੀ ਤੋਂ ਗ੍ਰਸਤ ਹੋਈ ਸੀ ਉਸ ਦੇ ਮੁਕਾਬਲੇ ਅੱਜ 2021 ਵਿੱਚ ਬਹੁਤ ਘੱਟ ਲੋਕ ਐੱਚਆਈਵੀ ਤੋਂ ਪੀੜਤ ਹੁੰਦੇ ਹਨ ਜਾਂ ਏਡਜ਼ ਨਾਲ ਮਰਦੇ ਹਨ। ਪਰ ਪਹਿਲਾਂ ਹੀ ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਕਾਰਨ, ਜੋਂ ਮੈਂ ਸੁਣਦੀ ਹਾਂ, ਅਸੀਂ ਐੱਚਆਈਵੀ ਦੇ ਮਾਮਲਿਆਂ ਵਿੱਚ ਵਾਧੇ ਦੀ ਉਮੀਦ ਕਰਦੇ ਹਾਂ।"
ਏਸਵਾਟਿਨੀ ਦੇ ਯੂਐੱਨਏਡਜ਼ ਲਈ ਕੌਮੀ ਨਿਰਦੇਸ਼ਕ ਰੋਜ਼ ਕਰੇਗ ਸਮਝਾਉਂਦੇ ਹਨ ਯੂਐੱਨ ਪਾਪੋਲੇਸ਼ਨ ਫ਼ੰਡ ਮੁਤਾਬਕ ਘੱਟ ਆਮਦਨ ਵਾਲੇ ਦੇਸਾਂ ਵਿੱਚ ਗਰਭ ਨਿਰੋਧਕਾਂ ਦੀ ਵੰਡ ਸਮੇਤ ਸਿਹਤਸੰਭਾਲ ਦੇ ਪ੍ਰੋਗਰਾਮਾਂ ਵਿੱਚ ਆਈ ਖੜੋਤ ਦੇ ਨਤੀਜੇ ਵਜੋਂ 70 ਲੱਖ ਅਣਚਾਹੇ ਗਰਭਧਾਰਨ ਹੋ ਸਕਦੇ ਹਨ।

ਤਸਵੀਰ ਸਰੋਤ, Shali Reddy/BBC
ਉਨ੍ਹਾਂ ਕਿਹਾ, "ਜੇ ਲੋਕ ਅਜਿਹੇ ਵਾਤਾਵਰਣ ਵਿੱਚ ਜਿੱਥੇ ਹਰ ਚਾਰ ਵਿਅਕਤੀਆਂ ਵਿੱਚੋਂ ਇੱਕ ਐੱਚਆਈਵੀ ਨਾਲ ਜਿਉਂ ਰਿਹਾ ਹੈ, ਸੁਰੱਖਿਅਤ ਉਪਾਵਾਂ ਦੀ ਵਰਤੋਂ ਨਹੀਂ ਕਰ ਰਹੇ ਤਾਂ, ਇਹ ਮੰਨਣਾ ਤਰਕਸੰਗਤ ਹੈ ਕਿ ਕੋਵਿਡ ਨਾਲ ਐੱਚਆਈਵੀ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ।"
ਉਨ੍ਹਾਂ ਇਹ ਵੀ ਕਿਹਾ ਕਿ, ਬਲਾਤਕਾਰ ਦੇ ਮਾਮਲਿਆਂ ਸਮੇਤ ਲਿੰਗ-ਆਧਾਰਤ ਹਿੰਸਾ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ।
ਇਸੇ ਦੌਰਾਨ ਨਵੰਬਰ ਮਹੀਨੇ ਇੱਕ ਮੈਡੀਕਲ ਜਨਰਲ ਦਿ ਲੈਂਸੈਟ ਵਿੱਚ ਛਪੀ ਇੱਕ ਰਿਪੋਰਟ ਵਿੱਚ ਕਿਆਸ ਲਾਉਂਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਐੱਚਆਈਵੀ ਦੇ ਇਲਾਜ 'ਚ ਆਈ ਖੜੋਤ ਕਾਰਨ ਆਉਣ ਵਾਲੇ ਪੰਜਾਂ ਸਾਲਾਂ ਵਿੱਚ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵਿੱਚ 10 ਫ਼ੀਸਦ ਤੱਕ ਵਾਧਾ ਹੋ ਸਕਦਾ ਹੈ।
ਰੋਜ਼ ਦੱਸਦੇ ਹਨ ਕਿ "ਮਹਾਂਮਾਰੀ ਤੋਂ ਪਹਿਲਾਂ ਐਸਵਾਟਿਨੀ ਵਿੱਚ ਐੱਚਆਈਵੀ ਅਤੇ ਏਡਜ਼ ਖ਼ਿਲਾਫ਼ ਲੜਾਈ ਵਿੱਚ ਅਹਿਮ ਵਿਕਾਸ ਕੀਤਾ ਗਿਆ ਸੀ, ਖ਼ਾਸਕਰ ਇਸਦੇ ਬਚਾਅ ਅਤੇ ਇਲਾਜ ਵਿੱਚ।"
"ਲੋਕਾਂ ਨੂੰ ਐਂਟੀਰੇਟ੍ਰੋਵਾਇਰਲ ਦਵਾਈਆਂ ਦੀ ਸਪਲਾਈ ਬਦਲੇ ਹੁਣ ਹਰ ਮਹੀਨੇ 50 ਡਾਲਰ ਨਹੀਂ ਦੇਣੇ ਪੈਂਦੇ, ਹੁਣ ਇਹ ਇੱਕ ਡਾਲਰ ਤੋਂ ਵੀ ਘੱਟ ਮੁੱਲ ਦਾ ਹੈ ਪਰ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਹੈ।
ਅੱਧੇ ਤੋਂ ਵੱਧ ਆਬਾਦੀ ਵੀਹ ਸਾਲਾਂ ਤੋਂ ਘੱਟ ਉਮਰ ਦੀ ਹੈ ਅਤੇ ਅੱਧ ਦੇ ਕਰੀਬ ਨੌਜਵਾਨ ਐੱਚਆਈਵੀ ਲਾਗ਼ ਦੇ ਬਹੁਤ ਜ਼ਿਆਦਾ ਜੋਖ਼ਮ ਵਿੱਚ ਹਨ।"
ਯੂਐੱਨਏਡਜ਼ ਮੁਤਾਬਕ, 2020 ਵਿੱਚ ਦੁਨੀਆਂ ਭਰ ਵਿੱਚ ਏਡਜ਼ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿੱਚੋਂ 42 ਫ਼ੀਸਦ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹੋਣਗੇ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ 80 ਫ਼ੀਸਦ (40 ਲੱਖ) ਸਬ-ਸਹਾਰਾ ਅਫ਼ਰੀਕਾ ਵਿੱਚ ਰਹਿੰਦੇ ਹੋਣਗੇ।
ਥੈਂਬੀ ਲਈ ਚਾਹੇ ਲੋਕ ਅੰਕੜੇ ਨਹੀਂ ਹਨ ਅਤੇ ਜਦੋਂ ਉਹ ਕਿਸੇ ਨੂੰ ਮਿਲਦੇ ਹਨ ਜਿਸਦੀ ਐੱਚਆਈਵੀ ਇੰਨਫ਼ੈਕਸ਼ਨ ਏਡਜ਼ ਵਿੱਚ ਬਦਲ ਚੁੱਕੀ ਹੋਵੇ ਅਤੇ ਜਿਸਦੀ ਠੀਕ ਹੋਣ ਦੀ ਰਫ਼ਤਾਰ ਘੱਟ ਹੋਵੇ ਤਾਂ ਉਹ ਉਨ੍ਹਾਂ ਨੂੰ ਇਹ ਯਾਦ ਕਰਵਾਉਂਦੇ ਹਨ।
ਥੈਂਬੀ ਕਹਿੰਦੇ ਹਨ, "ਇੱਕ ਚੰਗੀ ਮੌਤ ਸ਼ਾਂਤੀ ਹੈ।"
ਉਹ ਕਹਿੰਦੇ ਹਨ, "ਐੱਚਆਈਵੀ ਅਤੇ ਏਡਜ਼ ਤੋਂ ਪ੍ਰਭਾਵਤ ਲੋਕਾਂ ਲਈ ਆਮਤੌਰ 'ਤੇ ਖੁਦ ਨੂੰ ਉਹ ਸ਼ਾਂਤੀ ਦੇਣਾ ਸੌਖਾ ਨਹੀਂ। ਇਸ ਦੁਨੀਆਂ ਨੂੰ ਬਿਨਾ ਪਛਤਾਵਿਆਂ ਤੋਂ ਛੱਡਣਾ। ਮੈਂ ਉਨ੍ਹਾਂ ਨੂੰ ਕਹਿੰਦੀ ਹਾਂ ਦਿਨ ਦੇ ਆਖ਼ੀਰ ਵਿੱਚ ਜ਼ਿੰਦਗੀ ਖੁਦ ਨੂੰ ਮਿਲੇ ਹਾਲਾਤ ਵਿੱਚ ਲਏ ਫ਼ੈਸਲਿਆਂ ਵਿੱਚੋਂ ਸ਼ਾਂਤੀ ਦੀ ਭਾਲ ਕਰਨਾ ਹੈ।
ਥੈਂਬੀ ਕਹਿੰਦੇ ਹਨ, "ਬਾਕੀ ਲੋਕ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਨਗੇ ਜਿਸ ਤਰ੍ਹਾਂ ਦਾ ਤੁਸੀਂ ਖੁਦ ਨਾਲ ਕਰੋਗੇ।"
"ਕੋਈ ਵੀ ਤੁਹਾਨੂੰ ਉਹ ਸ਼ਰਮਿੰਦਗੀ ਨਹੀਂ ਦੇ ਸਕਦਾ, ਜਿਹੜੀ ਤੁਸੀਂ ਆਪਣੇ ਆਪ ਨੂੰ ਨਹੀਂ ਦਿੱਤੀ। ਅਤੇ ਕਿਸੇ ਨੂੰ ਵੀ ਇੱਕ ਬੀਮਾਰੀ ਲਈ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












