ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ

ਤਸਵੀਰ ਸਰੋਤ, Sat singh/bbc
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
"ਆਪਣੇ ਅਧਿਕਾਰਾਂ ਲਈ ਕਿਵੇਂ ਲੜਨਾ ਹੈ ਇਹ ਸਾਨੂੰ ਗੁੜ੍ਹਤੀ ਵਿੱਚ ਹਾਸਲ ਹੋਇਆ ਹੈ। ਸੰਘਰਸ਼ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੈ, ਬਚਪਨ ਤੋਂ ਹੀ ਅਸੀਂ ਜ਼ਿੰਦਗੀ ਦੇ ਹਰ ਪੜਾਅ ਉੱਤੇ ਲੜਾਈ ਲੜ ਕੇ ਅੱਗੇ ਵਧੀਆਂ ਹਾਂ।"
ਇਹ ਕਹਿਣਾ ਹੈ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਨੌਦੀਪ ਕੌਰ ਦੀ ਭੈਣ ਰਾਜਵੀਰ ਕੌਰ ਦਾ। ਰਾਜਵੀਰ ਕੌਰ ਮੁਤਾਬਕ ਨੌਦੀਪ ਇੱਕ ਫਾਈਟਰ ਹੈ ਅਤੇ ਉਹ ਡਰਨ ਵਾਲੀ ਕੁੜੀ ਨਹੀਂ ਹੈ।
ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੌਦੀਪ ਕੌਰ ਪਿਛਲੇ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।
ਹਰਿਆਣਾ ਪੁਲਿਸ ਵੱਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ਼ਆਈਆਰ ਦਰਜ ਕੀਤੀ ਗਈ ਸੀ।
ਨੌਦੀਪ ਕੌਰ ਉੱਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।
ਦੂਜੇ ਪਾਸੇ ਨੌਦੀਪ ਦੇ ਪਰਿਵਾਰਕ ਮੈਂਬਰ ਇਨ੍ਹਾਂ ਇਲਜ਼ਾਮਾਂ ਨੂੰ ਖ਼ਾਰਜ ਕਰ ਰਹੇ ਹਨ।
ਇਹ ਵੀ ਪੜ੍ਹੋ:
ਜ਼ਿਕਰਯੋਗ ਹੈ ਕਿ ਇਸ ਸਮੇਂ ਦੁਨੀਆਂ ਭਰ ਵਿੱਚ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ।
ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਸਮੇਤ ਦੇਸ-ਵਿਦੇਸ਼ ਦੀਆਂ ਕਈ ਸ਼ਖ਼ਸੀਅਤਾਂ ਉਸ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖ ਰਹੀਆਂ ਹਨ।
ਮੀਨਾ ਹੈਰਿਸ ਵੱਲੋਂ ਨੌਦੀਪ ਕੌਰ ਨਾਲ ਪੁਲਿਸ ਹਿਰਾਸਤ ਵਿੱਚ ਸਰੀਰਕ ਤੇ ਜਿਨਸੀ ਸੋਸ਼ਣ ਹੋਣ ਬਾਰੇ ਟਵੀਟ ਕੀਤਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਯੂਕੇ ਵਿੱਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਨੌਦੀਪ ਬਾਰੇ ਟਵੀਟ ਕਰਕੇ ਉਨ੍ਹਾਂ ਦੀ ਗ੍ਰਿਫ਼਼ਤਾਰੀ ਦੀ ਨਿੰਦਾ ਕੀਤੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪਰਿਵਾਰਕ ਪਿਛੋਕੜ
ਨੌਦੀਪ ਦਾ ਸਬੰਧ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ਨਾਲ ਹੈ। ਦਲਿਤ ਪਰਿਵਾਰ ਵਿੱਚ ਪੈਦਾ ਹੋਈ ਨੌਦੀਪ ਕੌਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੋਈ ਹੈ ਅਤੇ ਉਹ ਗ੍ਰੈਜੂਏਸ਼ਨ ਦਿੱਲੀ ਯੂਨੀਵਰਸਿਟੀ ਤੋਂ ਕਰਨ ਦੀ ਇੱਛਾ ਰੱਖਦੀ ਹੈ।
ਰਾਜਵੀਰ ਕੌਰ ਇਸ ਸਮੇਂ ਦਿੱਲੀ ਯੂਨੀਵਰਸਿਟੀ ਤੋਂ 'ਪਾਕਸਿਤਾਨੀ ਪੰਜਾਬੀ ਕਵਿਤਾ' ਉੱਤੇ ਪੀਐੱਚਡੀ ਕਰ ਰਹੀ ਹੈ।
ਆਪਣੇ ਪਰਿਵਾਰਕ ਪਿਛੋਕੜ ਦਾ ਜ਼ਿਕਰ ਕਰਦਿਆਂ ਰਾਜਵੀਰ ਕੌਰ ਕਹਿੰਦੀ ਹੈ, "ਜਿਸ ਤਰ੍ਹਾਂ ਦੇ ਪਰਿਵਾਰਾਂ ਨਾਲ ਸਾਡਾ ਸਬੰਧ ਹੈ ਉੱਥੋਂ ਉਚੇਰੀ ਸਿੱਖਿਆ ਲਈ ਬਹੁਤ ਘੱਟ ਬੱਚੇ ਅੱਗੇ ਆਉਂਦੇ ਹਨ ਕਿਉਂਕਿ ਫ਼ਿਕਰ ਰੋਟੀ ਦਾ ਹੁੰਦਾ ਹੈ ਪਰ ਇਸ ਦੇ ਬਾਵਜੂਦ ਅਸੀਂ ਰੋਟੀ ਕਮਾਉਣ ਦੇ ਨਾਲ-ਨਾਲ ਪੜ੍ਹਾਈ ਲਈ ਵੀ ਸੰਘਰਸ਼ ਜਾਰੀ ਰੱਖਿਆ।"
ਰਾਜਵੀਰ ਕੌਰ ਨੇ ਦੱਸਿਆ ਕਿ ਉਸ ਦੀਆਂ ਚਾਰ ਭੈਣਾਂ ਅਤੇ ਦੋ ਭਰਾ ਹਨ। ਪਿਤਾ ਤੇਲੰਗਾਨਾ ਦੀ ਇੱਕ ਫ਼ੈਕਟਰੀ ਵਿੱਚ ਮਜ਼ਦੂਰੀ ਕਰਦੇ ਹਨ ਜਦਕਿ ਮਾਤਾ ਪਿੰਡ ਵਿੱਚ ਰਹਿ ਕੇ ਖੇਤ ਮਜ਼ਦੂਰ ਵਜੋਂ ਜ਼ਿੰਦਗੀ ਬਸਰ ਕਰ ਰਹੇ ਹਨ।
ਰਾਜਵੀਰ ਕੌਰ ਮੁਤਾਬਕ ਦੋਵੇਂ ਭੈਣਾਂ ਕਾਫ਼ੀ ਸਮੇਂ ਤੋਂ ਦਿੱਲੀ ਵਿੱਚ ਹਨ। ਨੌਦੀਪ ਇੱਕ ਫ਼ੈਕਟਰੀ ਵਿੱਚ ਕੰਮ ਕਰਨ ਦੇ ਨਾਲ-ਨਾਲ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਹੈ।
ਦਿੱਲੀ ਤੋਂ ਪਹਿਲਾਂ ਉਹ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਜੁੜੀ ਹੋਈ ਸੀ।
ਰਾਜਵੀਰ ਕੌਰ ਨੇ ਦੱਸਿਆ ਕਿ ਮਾਪਿਆਂ ਨੇ ਮਜ਼ਦੂਰੀ ਕਰਕੇ ਹੀ ਪਰਿਵਾਰ ਪਾਲਿਆ ਹੈ। ਨੌਦੀਪ ਫ਼ੈਕਟਰੀ ਵਿੱਚ ਕੰਮ ਕਰਦੀ ਹੈ ਜਦਕਿ ਉਹ ਪੜ੍ਹਾਈ ਦੇ ਨਾਲ-ਨਾਲ ਟਰਾਂਸਲੇਸ਼ਨ ਦਾ ਕੰਮ ਕਰਕੇ ਆਪਣਾ ਖਰਚਾ ਪੂਰੀ ਕਰਦੀ ਹੈ।

ਤਸਵੀਰ ਸਰੋਤ, meenaharris/TWIITER
ਉਹ ਦੱਸਦੀ ਹੈ ਕਿ ਖੇਤਾਂ ਵਿੱਚ ਮਜ਼ਦੂਰੀ ਕਰਕੇ ਥੋੜੇ-ਥੋੜੇ ਪੈਸੇ ਜੋੜਕੇ ਦੋਵਾਂ ਭੈਣਾਂ ਨੇ 12ਵੀਂ ਕੀਤੀ ਅਤੇ ਫਿਰ ਪ੍ਰਾਈਵੇਟ ਨੌਕਰੀ ਲਈ ਉਹ ਦਿੱਲੀ ਆ ਗਈਆਂ।
ਰਾਜਵੀਰ ਕਹਿੰਦੀ ਹੈ, "ਜਾਤ ਦੇ ਆਧਾਰ ਉੱਤੇ ਵਿਤਕਰਾ, ਸਮਾਜ ਦਾ ਨਜ਼ਰੀਆ, ਇਹ ਸਾਰਾ ਕੁਝ ਅਸੀਂ ਬਚਪਨ ਤੋਂ ਦੇਖਿਆ ਹੈ। ਇਸ ਕਰਕੇ ਅਸੀਂ ਘਬਰਾਉਂਦੇ ਨਹੀਂ ਹਾਂ। ਪਿੰਡ ਵਿੱਚ ਸਾਡਾ ਘਰ ਅਜੇ ਵੀ ਕੱਚਾ ਹੈ। ਮਾਤਾ ਹੁਣ ਵੀ ਸੀਜ਼ਨ ਦੌਰਾਨ ਖੇਤਾਂ ਵਿੱਚ ਮਜ਼ਦੂਰੀ ਕਰਦੀ ਹੈ।"
ਉਹ ਕਹਿੰਦੀ ਹੈ ਕਿ ਨੌਦੀਪ ਨਾਲ ਜੋ ਕੁਝ ਹੋਇਆ, ਉਸ ਵਿੱਚ ਪੂਰਾ ਪਰਿਵਾਰ ਉਸ ਦੇ ਨਾਲ ਹੈ।
ਕਿਉਂ ਹੋਈ ਨੌਦੀਪ ਕੌਰ ਨੂੰ ਜੇਲ੍ਹ
ਰਾਜਵੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਭੈਣ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਅੰਦਰ ਪੈਂਦੇ ਇੱਕ ਉਦਯੋਗ ਵਿੱਚ ਕੰਮ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ।
ਨੌਦੀਪ ਮਜ਼ਦੂਰ ਅਧਿਕਾਰ ਸੰਘਰਸ਼ (ਐੱਮਏਐੱਸ) ਦੀ ਮੈਂਬਰ ਹੈ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਦਰਵਾਜ਼ੇ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸੀ।
ਰਾਜਵੀਰ ਨੇ ਕਿਹਾ ਕਿ ਕੇਆਈਏ ਦੇ ਨੇੜੇ ਸਿੰਘੂ ਬਾਰਡਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਗਠਨਾਂ ਵੱਲੋਂ ਧਰਨਾ ਲੱਗਣ ਤੋਂ ਬਾਅਦ ,ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ।
ਉਨ੍ਹਾਂ ਅੱਗੇ ਕਿਹਾ, "ਮੇਰੀ ਭੈਣ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਆਪਣੀ ਨੌਕਰੀ ਗਵਾਉਣੀ ਪਈ।"
ਪੁਲਿਸ ਵੱਲੋਂ ਜਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਕਹਿੰਦੀ ਹੈ, "ਕੇਆਈਏ ਨੇ ਇੱਕ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਹੈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨੇ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦਾ ਕੰਮ ਕਰਦੀ ਹੈ।"
"28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ 'ਤੇ ਹਮਲਾ ਕਰ ਦਿੱਤਾ।"
"ਇਸ ਸਬੰਧੀ ਸ਼ਿਕਾਇਤ ਸੋਨੀਪਤ ਦੇ ਐੱਸਪੀ ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ।"

ਰਾਜਵੀਰ ਕੌਰ ਨੇ ਦੱਸਿਆ ਕਿ 12 ਜਨਵਰੀ ਨੂੰ ਜਦੋਂ ਨੌਦੀਪ ਐੱਮਏਐੱਸ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਕੇਆਈਏ ਦੇ ਅੰਦਰ ਇੱਕ ਉਦਯੋਗ ਦੇ ਬਾਹਰ ਧਰਨਾ ਦੇ ਰਹੇ ਸਨ, ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਦੀ ਭੈਣ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਗ੍ਰਿਫ਼ਤਾਰ ਕਰ ਕੇ ਲੈ ਗਏ।
ਉਨ੍ਹਾਂ ਨੇ ਇਲਜ਼ਾਮ ਲਗਾਇਆ, "ਨੌਦੀਪ ਨੂੰ ਸਿਰਫ਼ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਮਰਦ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਅੰਦਰੂਨੀ ਹਿੱਸਿਆਂ 'ਤੇ ਬੇਰਹਿਮੀ ਨਾਲ ਠੁੱਡੇ ਮਾਰੇ ਗਏ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਰਾਜਵੀਰ ਕੌਰ ਮੁਤਾਬਕ ਇਸ ਸਮੇਂ ਨੌਦੀਪ ਕੌਰ ਕਰਨਾਲ ਜੇਲ੍ਹ ਵਿੱਚ ਬੰਦ ਹੈ ਅਤੇ ਚੜ੍ਹਦੀ ਕਲਾ ਵਿੱਚ ਹੈ।
ਉਸ ਨੇ ਦੱਸਿਆ ਕਿ ਦੁਨੀਆਂ ਭਰ ਦੇ ਲੋਕ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ। ਇਹ ਚੰਗੀ ਗੱਲ ਹੈ ਪਰ ਬਹੁਤ ਸਾਰੇ ਲੋਕ ਅਜੇ ਵੀ ਜੇਲ੍ਹਾਂ ਵਿੱਚ ਹਨ ਜਿੰਨ੍ਹਾਂ ਬਾਰੇ ਕੋਈ ਵੀ ਆਵਾਜ਼ ਨਹੀਂ ਚੁੱਕ ਰਿਹਾ।
ਰਾਜਵੀਰ ਦੱਸਦੀ ਹੈ ਜੇਲ੍ਹ ਵਿੱਚੋਂ ਨੌਦੀਪ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੇ ਨਾਲ ਕਈ ਹੋਰ ਔਰਤਾਂ ਹੋਰਨਾਂ ਮਾਮਲਿਆਂ ਵਿੱਚ ਬੰਦ ਹਨ ਜਿੰਨ੍ਹਾਂ ਲਈ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ।
ਰਾਜਵੀਰ ਨੇ ਦੱਸਿਆ ਕਿ ਨੌਦੀਪ ਦੇ ਖ਼ਿਲਾਫ਼ ਦਰਜ ਕੀਤੀ ਗਈ ਐੱਫ਼ਆਈਆਰ ਅਤੇ ਉਸ ਦੀ ਮੈਡੀਕਲ ਰਿਪੋਰਟ ਦੀ ਕਾਪੀ ਅਜੇ ਤੱਕ ਉਨ੍ਹਾਂ ਨੂੰ ਨਹੀਂ ਮਿਲੀ।
ਇਹ ਵੀ ਪੜ੍ਹੋ:
ਪੁਲਿਸ ਦਾ ਕੀ ਕਹਿਣਾ ਹੈ
ਨੌਦੀਪ ਕੌਰ ਦੇ ਮਾਮਲੇ ਉੱਤੇ ਸੋਨੀਪਤ ਪੁਲਿਸ ਪਹਿਲਾਂ ਹੀ ਆਪਣਾ ਰੁੱਖ ਸਪੱਸ਼ਟ ਕਰ ਚੁੱਕੀ ਹੈ।
ਸੋਨੀਪਤ ਦੇ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਮੁਤਾਬਕ ਨੌਦੀਪ ਕੌਰ ਦੀ ਗ੍ਰਿਫ਼ਤਾਰੀ ਉਸ ਸਮੇਂ ਹੋਈ ਜਦੋਂ ਉਸ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਫ਼ੈਕਟਰੀ ਦੀ ਘੇਰਾਬੰਦੀ ਕੀਤੀ ਹੋਈ ਸੀ।
ਪੁਲਿਸ ਮੌਕੇ ਉੱਤੇ ਪਹੁੰਚੀ, ਇਸੇ ਦੌਰਾਨ ਪੁਲਿਸ ਉੱਤੇ ਉੱਥੇ ਮੌਜੂਦ ਮਜ਼ਦੂਰਾਂ ਨੇ ਹਮਲਾ ਕਰ ਦਿੱਤਾ, ਜਿਸ ਵਿੱਚ ਕਈ ਪੁਲਿਸ ਵਾਲੇ ਜ਼ਖਮੀ ਹੋ ਗਏ।

ਜਸ਼ਨਦੀਪ ਸਿੰਘ ਰੰਧਾਵਾ ਮੁਤਾਬਕ, "ਉਸੇ ਸਮੇਂ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦਿਨ ਹੀ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ। ਬਕਾਇਦਾ ਨੌਦੀਪ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿੱਚ ਉਸ ਨੇ ਖ਼ੁਦ ਆਪਣੇ ਹੱਥ ਨਾਲ ਲਿਖਿਆ ਹੋਇਆ ਹੈ ਕਿ ਉਸ ਨਾਲ ਕੋਈ ਵੀ ਛੇੜਖ਼ਾਨੀ ਜਾ ਕੁੱਟਮਾਰ ਨਹੀਂ ਹੋਈ ਹੈ।"
ਪੰਜਾਬ ਐੱਸਸੀ ਕਮਿਸ਼ਨ ਦੀ ਦਲੀਲ
ਮੀਡੀਆ ਦੇ ਇੱਕ ਹਿੱਸੇ ਵੱਲੋਂ ਖ਼ਬਰਾਂ ਰਾਹੀਂ ਚੁੱਕੇ ਜਾਣ ਦਾ 'ਸੁਓ ਮੋਟੋ' ਨੋਟਿਸ ਲੈਂਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਲਈ ਕਿਹਾ ਤਾਂ ਜੋ ਛੇਤੀ ਤੋਂ ਛੇਤੀ ਪੀੜਤਾਂ ਨੂੰ ਸਹਾਇਤਾ ਮਿਲਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ:
ਕਮਿਸ਼ਨ ਨੇ ਇਸ ਸਬੰਧੀ ਤੁਰੰਤ ਬਣਦੀ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ 23 ਫਰਵਰੀ ਤੱਕ ਰਿਪੋਰਟ ਵੀ ਮੰਗੀ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ, "ਪੀੜਤ ਕੁੜੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਵਸਨੀਕ ਹੈ। ਇਸ ਲਈ ਕਮਿਸ਼ਨ ਨੇ 'ਸੁਓ ਮੋਟੋ' ਨੋਟਿਸ ਲਿਆ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਨੂੰ ਭੇਜੇ ਇੱਕ ਬਿਆਨ ਵਿੱਚ ਕਮਿਸ਼ਨ ਨੇ ਪੀੜਤ ਕੁੜੀ ਨੂੰ ਰਾਹਤ ਦੇਣ ਤੋਂ ਇਲਾਵਾ ਸਿੱਧਾ ਦਖ਼ਲ ਦੇਣ ਲਈ ਵੀ ਲਿਖਿਆ ਹੈ।"

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2














