ਕਿਸਾਨ ਅੰਦੋਲਨ: 18 ਫਰਵਰੀ ਨੂੰ ਪੂਰੇ ਦੇਸ਼ ਵਿੱਚ ਰੇਲਾਂ ਰੋਕਣਗੇ ਕਿਸਾਨ

ਤਸਵੀਰ ਸਰੋਤ, Sanyukta Kisan Morcha
ਕਿਸਾਨ ਅੰਦਲੋਨ ਸਬੰਧੀ ਅੱਜ ਦੀ ਹਰ ਅਪਡੇਟ ਅਸੀਂ ਤੁਹਾਨੂੰ ਇਸ ਪੇਜ ਰਾਹੀਂ ਦੇਵਾਂਗੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਦੂਜੇ ਪਾਸੇ ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ਉੱਤੇ ਕਾਫ਼ੀ ਹੰਗਾਮਾ ਹੋਇਆ।
ਕਿਸਾਨ ਆਗੂਆਂ ਨੇ ਕਈ ਲਏ ਨਵੇਂ ਫ਼ੈਸਲੇ
ਸਯੁੰਕਤ ਕਿਸਾਨ ਮੋਰਚੇ ਦੀ ਅੱਜ ਦੀ ਬੈਠਕ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਇਹ ਫ਼ੈਸਲੇ ਕੀਤੇ ਗਏ ਹਨ।

ਤਸਵੀਰ ਸਰੋਤ, Ani
- 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਸੜਕ ਟੋਲ ਪਲਾਜ਼ਾ ਟੋਲ ਫ੍ਰੀ ਕੀਤੇ ਜਾਣਗੇ।
- 14 ਫਰਵਰੀ ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦਿਆਂ ਦੇਸ਼ ਭਰ 'ਚ ਕੈਂਡਲ ਮਾਰਚ ਅਤੇ ਮਸ਼ਾਲ ਜਲੂਸ ਤੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
- 16 ਫਰਵਰੀ ਨੂੰ ਕਿਸਾਨ ਸਰ ਛੋਟੂਰਾਮ ਦੇ ਜਨਮ ਦਿਹਾੜੇ 'ਤੇ ਦੇਸ਼ ਭਰ ਵਿੱਚ ਇਕਜੁਟਤਾ ਦਿਖਾਉਣਗੇ।
- 18 ਫਰਵਰੀ ਨੂੰ ਦੇਸ਼ ਭਰ ਵਿੱਚ ਦੁਪਹਿਰ 12 ਤੋਂ 4 ਵਜੇ ਤੱਕ ਰੇਲ ਰੋਕੋ ਪ੍ਰੋਗਰਾਮ ਕੀਤਾ ਜਾਵੇਗ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕ ਸਭਾ ਵਿੱਚ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦਲੋਨ ਬਾਰੇ ਸੰਬੋਧਨ ਕੀਤਾ।
ਪੀਐੱਮ ਮੋਦੀ ਦੇ ਸੰਬੋਧਨ 'ਤੇ ਹੰਗਾਮਾ, ਕਾਂਗਰਸ ਵੱਲੋਂ ਵਾਕਆਊਟ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀ ਕਾਨੂੰਨਾਂ 'ਤੇ ਆਪਣਾ ਪੱਖ ਰਹੇ ਸਨ ਪਰ ਵਿਚਾਲੇ ਹੀ ਸਦਨ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਨੇ ਹੰਗਾਮਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਨ੍ਹਾਂ ਨੂੰ 2 ਵਾਰ ਆਪਣਾ ਸੰਬੋਧਨ ਰੋਕਣਾ ਵੀ ਪਿਆ।

ਤਸਵੀਰ ਸਰੋਤ, ls tv
ਪੀਐੱਮ ਮੋਦੀ ਨੇ ਕਿਹਾ, "ਕਾਂਗਰਸ ਦੇ ਆਗੂ ਕਾਨੂੰਨ ਦੇ ਰੰਗ 'ਤੇ ਬਹੁਤ ਚਰਚਾ ਕਰ ਰਹੇ ਸੀ- ਕਾਲਾ ਹੈ ਜਾਂ ਚਿੱਟਾ। ਚੰਗਾ ਹੁੰਦਾ ਜੇ ਉਸ ਦੇ ਕੰਟੈਂਟ 'ਤੇ ਚਰਚਾ ਕਰਦੇ।''
''ਦਿੱਲੀ ਦੇ ਬਾਹਰ ਜੋ ਕਿਸਾਨ ਬੈਠੇ ਹਨ, ਉਹ ਅਫਵਾਹਾਂ ਤੇ ਧਾਰਨਾਵਾਂ ਦਾ ਸ਼ਿਕਾਰ ਹੋ ਰਹੇ ਹਨ।''
ਇਹ ਵੀ ਪੜ੍ਹੋ:
"ਅੰਦੋਲਨ ਕਰ ਰਹੇ ਸਾਰੇ ਕਿਸਾਨ ਸਾਥੀਆਂ ਦੀਆਂ ਭਾਵਨਾਵਾਂ ਦਾ ਸਰਕਾਰ ਸਨਮਾਨ ਕਰਦੀ ਹੈ ਤੇ ਕਰਦੀ ਰਹੇਗੀ। ਇਸੇ ਲਈ ਸਰਕਾਰ ਦੇ ਸੀਨੀਅਰ ਮੰਤਰੀ, ਜਦੋਂ ਅੰਦਲੋਨ ਪੰਜਾਬ 'ਚ ਸੀ ਅਤੇ ਬਾਅਦ ਵਿੱਚ ਵੀ ਲਗਾਤਾਰ ਗੱਲਬਾਤ ਕਰ ਰਹੇ ਹਨ। ਸਨਮਾਨ ਨਾਲ ਕਰ ਰਹੇ ਹਨ। ਇਸ ਲਈ ਕਿਸਾਨਾਂ ਦੇ ਖਦਸ਼ੇ ਕੀ ਹਨ, ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ।''
"ਹੁਣ ਵੀ ਅਸੀਂ ਗੱਲ ਕਰਨ ਲਈ ਤਿਆਰ ਹਾਂ, ਜੇ ਉਹ ਸਾਨੂੰ ਦੱਸਣ, ਅਸੀਂ ਇੰਤਜ਼ਾਰ ਕਰ ਰਹੇ ਹਾਂ। ਆਰਡੀਨੈਂਸ ਰਾਹੀਂ ਤਿੰਨੋਂ ਕਾਨੂੰਨ ਲਿਆਂਦੇ। ਕਾਨੂੰਨ ਲਾਗੂ ਹੋਣ ਤੋਂ ਬਾਅਦ ਨਾ ਦੇਸ ਵਿੱਚ ਮੰਡੀ ਬੰਦ ਹੋਈ ਤੇ ਨਾ ਹੀ ਐੱਮਐੱਸਪੀ। ਐੱਮਐੱਸਪੀ ਦੀ ਰਕਮ ਵੀ ਵਧੀ ਹੈ, ਉਹ ਵੀ ਕਾਨੂੰਨ ਬਣਨ ਤੋਂ ਬਾਅਦ।''

ਤਸਵੀਰ ਸਰੋਤ, LS TV
ਜਦੋਂ ਵਾਰ-ਵਾਰ ਵਿਰੋਧੀ ਧਿਰਾਂ ਨੇ ਸਦਨ ਵਿੱਚ ਹੰਗਾਮਾ ਕੀਤਾ ਤਾਂ ਪੀਐੱਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦਾ ਹੰਗਾਮਾ ਸੋਚੀ-ਸਮਝੀ ਸਾਜ਼ਿਸ਼ ਹੈ, ਅਫ਼ਵਾਹਾ ਫੈਲਾਈਆਂ ਜਾ ਰਹੀਆਂ ਹਨ। ਕਿਤੇ ਸੱਚਾਈ ਸਾਹਮਣੇ ਨਾ ਆ ਜਾਵੇ ਤਾਂ ਇਸ ਲਈ ਹੰਗਾਮਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ, "ਇਸ ਅੰਦੋਲਨ ਵਿੱਚ ਕੁਝ ਵੱਖਰੇ ਤਰੀਕੇ ਅਪਣਾਏ ਗਏ। ਇਹ ਅੰਦੋਲਨਕਾਰੀਆਂ ਦਾ ਤਰੀਕਾ ਨਹੀਂ ਹੁੰਦਾ, ਅੰਦਲੋਨਜੀਵੀਆਂ ਦਾ ਹੁੰਦਾ ਹੈ।"
"ਪਹਿਲੀ ਵਾਰੀ ਸਦਨ ਵਿੱਚ ਨਵਾਂ ਤਰਕ ਆਇਆ, ਮੰਗਿਆ ਨਹੀਂ ਤਾਂ ਦਿੱਤਾ ਕਿਉਂ। ਮੰਗਣ ਤੇ ਦੇਣ ਦਾ ਮਤਲਬ ਨਹੀਂ ਹੈ। ਹਿੰਦੁਸਤਾਨ ਇੰਨਾ ਵੱਡਾ ਦੇਸ ਹੈ, ਦੇਸ ਦੇ ਕਿਸੇ ਕੋਨੇ ਵਿੱਚ ਇਸਦਾ ਫਾਇਦਾ ਹੋਵੇਗਾ।"
"ਦਹੇਜ ਪ੍ਰਥਾ, ਬਾਲ ਵਿਆਹ ਖਿਲਾਫ਼ ਕਿਸੇ ਨੇ ਕਾਨੂੰਨ ਦੀ ਮੰਗ ਨਹੀਂ ਕੀਤੀ ਪਰ ਪ੍ਰਗਤੀਸ਼ੀਲ ਕਾਨੂੰਨ ਲਈ ਜ਼ਰੂਰੀ ਸੀ, ਇਸ ਲਈ ਕੀਤਾ।''
''ਕੀ ਅਸੀਂ ਕੋਈ ਸਾਮੰਤਵਾਦੀ ਹਾਂ ਕਿ ਦੇਸ ਦੀ ਜਨਤਾ ਸਾਡੇ ਤੋਂ ਮੰਗੇ। ਮੰਗਣ ਵਾਲੀ ਸੋਚ ਲੋਕਤੰਤਰੀ ਨਹੀਂ ਹੁੰਦੀ।''
ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਕਾਂਗਰਸ ਨੇ ਵਾਕਆਊਟ ਕੀਤਾ।
'ਕਿਸਾਨ ਅੰਦੋਲਨ ਦੌਰਾਨ ਜੇਲ੍ਹ 'ਚ ਬੰਦ ਲੋਕਾਂ ਦੀ ਰਿਹਾਈ ਦੀ ਮੰਗ ਵਾਜਬ ਨਹੀਂ'
ਮੈਂ ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦਾ ਹਾਂ। ਭਾਰਤ ਵਿੱਚ ਅੰਦੋਲਨ ਦੀ ਅਹਿਮੀਅਤ ਰਹੇਗੀ। ਪਰ ਅੰਦੋਲਨਜੀਵੀ ਆਪਣੇ ਫਾਇਦੇ ਲਈ ਅੰਦੋਲਨ ਨੂੰ ਬਰਬਾਦ ਕਰ ਰਹੇ ਹਨ
ਜੋ ਦੰਗਾਵਾਦੀ, ਸੰਪਰਦਾਇਵਾਦੀ, ਅੱਤਵਾਦੀ ਜੇਲ੍ਹ ਵਿੱਚ ਬੰਦ ਹਨ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਨਾ ਗਲਤ ਹੈ ਜਾਂ ਨਹੀਂ?
ਟੋਲ ਪਲਾਜ਼ਾ 'ਤੇ ਕਬਜ਼ਾ ਕਰਨਾ, ਨਾ ਚੱਲਣ ਦੇਣਾ, ਕੀ ਪਵਿੱਤਰ ਅੰਦੋਲਨ ਨੂੰ ਕਲੰਕ ਲਾਉਣ ਦੀ ਕੋਸ਼ਿਸ਼ ਹੈ ਜਾਂ ਨਹੀਂ।
ਪੰਜਾਬ ਵਿੱਚ ਟੈਲੀਕੌਮ ਦੇ ਟਾਵਰ ਤੋੜ ਦੇਣਾ, ਕੀ ਉਹ ਕਿਸਾਨਾਂ ਦੇ ਪਵਿੱਤਰ ਅੰਦੋਲਨ ਦਾ ਹਿੱਸਾ ਹਨ। ਦੇਸ ਨੂੰ ਅੰਦੋਲਨਜੀਵੀਆਂ ਤੋਂ ਬਚਾਉਣਾ ਜ਼ਰੂਰੀ ਹੈ।
ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨ ਪਿੱਛੇ ਨਾ ਹਟਣ- ਪ੍ਰਿਅੰਕਾ ਗਾਂਧੀ
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਬੋਲਦਿਆਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰੀ ਆਈ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ।

ਤਸਵੀਰ ਸਰੋਤ, Ani
ਪ੍ਰਿਅੰਕਾ ਗਾਂਧੀ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ,'' ਸਰਕਾਰ ਸਭ ਕੁਝ ਵੇਚ ਦੇਣ ਚਾਹੁੰਦੀ ਹੈ। ਕੁਝ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਖੇਤੀ ਕਾਨੂੰਨ ਲੈ ਕੇ ਆਈ ਹੈ।''
ਪ੍ਰਿਅੰਕਾ ਗਾਂਧੀ ਨੇ ਕਿਹਾ ਕਿਸਾਨ ਅੰਦੋਲਨ ਤੋਂ ਪਿੱਛੇ ਨਾ ਹਟਣ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਪ੍ਰਦਰਸ਼ਨ ਜਾਰੀ ਰਹੇ।
ਬੱਬੂ ਮਾਨ ਦੀ ਬਾਲੀਵੁੱਡ ਅਦਾਕਾਰਾਂ ਨੂੰ ਚੇਤਾਵਨੀ
ਪੰਜਾਬੀ ਗਾਇਕ ਬੱਬੂ ਮਾਨ ਗਾਜ਼ੀਆਬਾਦ ਵਿੱਚ ਕਿਸਾਨਾਂ ਦੇ ਅੰਦੋਲਨ ਵਿੱਚ ਪਹੁੰਚੇ।

ਤਸਵੀਰ ਸਰੋਤ, Ani
ਮੰਚ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, " ਕਾਫ਼ੀ ਚਿਰਾਂ ਤੋਂ ਸਾਨੂੰ ਵੰਡਿਆ ਗਿਆ ਸੀ- ਵਰਗਾਂ ਅਤੇ ਜਾਤਾਂ ਵਿੱਚ। ਇਸ ਅੰਦਲੋਨ ਨੇ ਸਾਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਪਿਆਰ ਅਤੇ ਗਲਵਕੜੀ ਪਈ ਹੈ। ਸ਼ਾਸਕ ਦਾ ਤਰੀਕਾ ਹੁੰਦਾ ਹੈ ਵੱਢ ਕੇ ਚੱਲਣਾ।"
"ਸਾਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਜੋ ਸਾਡੇ ਹੱਕ ਵਿੱਚ ਹੈ ਚੰਗਾ ਹੈ, ਜੋ ਨਹੀਂ ਉਸ ਤੋਂ ਵੀ ਕੋਈ ਸ਼ਿਕਵਾ ਨਹੀਂ।"
ਬੱਬੂ ਮਾਨ ਨੇ ਕਿਸਾਨ ਅੰਦੋਲਨ ਬਾਰੇ ਬੋਲਣ ਵਾਲੇ ਬਾਲੀਵੁੱਡ ਅਦਾਕਾਰਾਂ ਨੂੰ ਕਿਹਾ, "ਕਿਸਾਨ ਆਗੂ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਨ ਪਰ ਬਾਲਵੁੱਡ ਨੂੰ ਬੇਨਤੀ ਹੈ ਕਿ ਜਿਹੜੇ ਕਲਾਕਾਰ ਬੋਲ ਰਹੇ ਹਨ ਉਨ੍ਹਾਂ ਨਾਲ ਬਹਿਸ ਕਰਨ ਲਈ ਮੈਂ ਤਿਆਰ ਹਾਂ, ਕਿਸੇ ਵੀ ਮੰਚ 'ਤੇ ਸੱਦ ਲੈਣ।''
''ਹੁਣ ਲੋੜ ਸੀ ਹੀਰੋ ਬਣਨ ਦੀ, ਪਰ ਹੁਣ ਉਹ ਜ਼ੀਰੋ ਹੋ ਗਏ ਹਨ। ਸਾਨੂੰ ਕੋਈ ਸ਼ਿਕਵਾ ਨਹੀਂ ਪਰ ਜਦੋਂ ਤੁਹਾਡੀਆਂ ਫਿਲਮਾਂ ਆਉਣਗੀਆਂ ਤਾਂ 'ਗੋ ਬੈਕ ਦਾ ਨਾਅਰਾ ਦੇਵਾਂਗੇ।" ਬੱਬੂ ਮਾਨ ਨਾਲ ਇਸ ਮੌਕੇ ਰਾਕੇਸ਼ ਟਿਕੈਤ ਵੀ ਮੌਜੂਦ ਸਨ।
ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ 'ਚ ਕੀ ਕਿਹਾ
ਅਕਾਲੀ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਵੱਲੋਂ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ ਜਿਸ ਨੂੰ ਉਨ੍ਹਾਂ ਨੇ ਪਰਜੀਵੀਆਂ ਦੇ ਬਰਾਬਰ ਦੱਸਿਆ ਸੀ, ਕਹੇ ਜਾਣ 'ਤੇ ਨਿਸ਼ਾਨਾ ਸਾਧਿਆ।
ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਕਿਹਾ, "ਤੁਸੀਂ ਉਸ ਕਿਸਾਨ ਨੂੰ ਪਰਜੀਵੀ ਕਹਿੰਦੇ ਹੋ ਜੋ ਅੰਨ ਉਗਾ ਕੇ ਸਾਰਿਆਂ ਦਾ ਢਿੱਡ ਭਰਦਾ ਹੈ।"
ਉਨ੍ਹਾਂ ਨੇ ਕਿਹਾ, "ਕੇਸਰੀ ਨਿਸ਼ਾਨ ਜਿਸ ਨੂੰ ਪ੍ਰਧਾਨ ਮੰਤਰੀ ਸਣੇ ਸਾਰੇ ਵਿਸ਼ਵ ਆਗੂ ਸਿਰ 'ਤੇ ਲਗਾ ਕੇ ਘੁੰਮਦੇ ਹਨ ਉਸ ਨੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ।"
ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਅਤੇ ਗਾਹਕ ਮਾਮਲਿਆਂ ਬਾਰੇ ਵਰਕਿੰਗ ਗਰੁੱਪ ਦੇ ਮੈਂਬਰ ਹੁੰਦਿਆਂ ਪ੍ਰਧਾਨ ਮੰਤਰੀ ਨੇ ਖ਼ੁਦ ਤਤਕਾਲੀ ਮੁੱਖ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਿਫ਼ਾਰਿਸ਼ ਕੀਤੀ ਸੀ ਕਿ ਕਿਸਾਨ ਦੀ ਜਿਣਸ ਦੀ ਐੱਮਐੱਸਪੀ ਤੋਂ ਥੱਲੇ ਕਿਸੇ ਹਾਲਤ ਵਿੱਚ ਖ਼ਰੀਦ ਨਹੀਂ ਹੋਣੀ ਚਾਹੀਦੀ ਤਾਂ ਛੇ ਸਾਲਾਂ ਵਿੱਚ ਅਜਿਹਾ ਕੀ ਹੋ ਗਿਆ?

ਤਸਵੀਰ ਸਰੋਤ, LOK SABHA
ਉਨ੍ਹਾਂ ਨੇ ਕਿਹਾ ਕਿ 26 ਜਨਵਰੀ ਦੇ ਘਟਨਾਕ੍ਰਮ ਬਾਰੇ ਸੂਹੀਆ ਏਜੰਸੀਆਂ ਦੀ ਅਸਫ਼ਲਤਾ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ?
ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਕੇਂਦਰ ਦਾ ਮੰਡ ਦੇਖੋ ਇਨ੍ਹਾਂ ਨੇ ਕਿਸਾਨਾਂ ਨੂੰ ਵਿਚੋਲੀਆ, ਨਕਸਲ ਅਤੇ ਖ਼ਾਲਿਸਤਾਨੀ ਕਹਿ ਕੇ ਬਦਨਾਮ ਕੀਤਾ ਅਤੇ ਕਿਸੇ ਵੀ ਮੰਤਰੀ ਨੂੰ ਉਨ੍ਹਾਂ ਦੀ ਭਲਾਈ ਲਈ ਨਹੀਂ ਭੇਜਿਆ।
ਸਰਕਾਰ ਵਿਰੋਧ ਕਰ ਰਹੇ ਨੌਜਵਾਨਾ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਦਮਨ ਦੀ ਨੀਤੀ ਅਪਣਾ ਰਹੀ ਹੈ।
ਦੀਪ ਸਿੱਧੂ ਦੀ ਗ੍ਰਿਫਤਾਰੀ ਬਾਰੇ ਦਿੱਲੀ ਪੁਲਿਸ ਨੇ ਕੀ-ਕੀ ਦੱਸਿਆ

ਤਸਵੀਰ ਸਰੋਤ, ANI
26 ਜਨਵਰੀ ਦੀ ਦਿੱਲੀ ਹਿੰਸਾ ਦੇ ਵਿੱਚ ਮੁਲਜ਼ਮ ਦੀਪ ਸਿੱਧੂ ਨੂੰ ਦਿੱਲੀ ਦੀ ਇੱਕ ਅਦਾਲਤ ਮੰਗਲਵਾਰ ਨੂੰ 7 ਦਿਨਾਂ ਦੀ ਪੁਲਿਸ ਕਸਟੱਡੀ ਵਿੱਚ ਭੇਜ ਦਿੱਤਾ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਇੱਕ ਟੀਮ ਨੇ ਦੀਪ ਸਿੱਧੂ ਨੂੰ ਸੋਮਵਾਰ ਰਾਤ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡੀਸੀਪੀ ਸੰਜੀਵ ਯਾਦਵ ਨੇ ਦੱਸਿਆ, ਦੀਪ ਸਿੱਧੂ ਨੂੰ ਹੁਣ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਕਰਾਈਮ ਬਰਾਂਚ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਮੁਤਾਬਕ ਇਹ ਪਤਾ ਲੱਗਿਆ ਹੈ ਕਿ ਦੀਪ ਸਿੱਧੂ ਦੀਆਂ ਸੋਸ਼ਲ ਪੋਸਟਾਂ ਅਮਰੀਕਾ ਤੋਂ ਪੈ ਰਹੀਆਂ ਸਨ।
26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਕਿਸਾਨ ਟਰੈਕਟਰ ਪਰੇਡ ਦੇ ਕਿਸਾਨਾਂ ਤੇ ਪੁਲਿਸ ਵੱਲੋਂ ਤੈਅ ਖੀਤੇ ਰੂਟ ਤੋਂ ਵੱਖ ਜਾ ਕੇ ਕੁਝ ਭੀੜ ਲਾਲ ਕਿਲੇ ਪਹੁੰਚ ਗਈ। ਉੱਥੇ ਜੋ ਕੁਝ ਵਾਪਰਿਆ ਉਸ ਦੀਆਂ ਤਸਵੀਰਾਂ ਸਾਰੀ ਦੁਨੀਆਂ ਨੇ ਦੇਖੀਆਂ।
ਬਾਅਦ ਵਿੱਚ ਕਿਹਾ ਗਿਆ ਕਿ ਪੁਲਿਸ ਜਾਣ-ਬੁੱਝ ਕੇ ਕਿਸਾਨਾਂ ਨੂੰ ਲਾਲ ਕਿਲੇ ਵੱਲ ਭੇਜ ਰਹੀ ਸੀ ਰਾਹ ਪੁੱਛਣ ਵਾਲਿਆਂ ਨੂੰ ਟਰੈਕਟਰ ਮਾਰਚ ਦਾ ਰਾਹ ਦੱਸਣ ਦੀ ਥਾਂ ਲਾਲ ਕਿਲੇ ਦਾ ਰਸਤਾ ਦੱਸਿਆ ਗਿਆ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













