ਦੀਪ ਸਿੱਧੂ: ਪਿੰਡ ਤੋਂ ਪੁਣੇ ਪੜ੍ਹਨ ਗਏ ਦੀਪ ਸਿੱਧੂ ਦੀ ਫ਼ਿਲਮਾਂ 'ਚ ਐਂਟਰੀ ਅਤੇ ਕਿਸਾਨ ਅੰਦਲੋਨ ਤੱਕ ਦਾ ਸਫ਼ਰ

ਤਸਵੀਰ ਸਰੋਤ, deep sidhu/bbc
ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਦਿੱਲੀ ਤੋਂ ਪੰਜਾਬ ਜਾਂਦਿਆਂ ਹਰਿਆਣਾ ਦੇ ਸੋਨੀਪਤ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ 26 ਜਨਵਰੀ 2021 ਦੀ ਦਿੱਲੀ ਹਿੰਸਾ ਵਿੱਚ ਮੁਲਜ਼ਮ ਰਹੇ ਦੀਪ ਸਿੱਧੂ ਨੂੰ ਕੁਝ ਦਿਨਾਂ ਬਾਅਦ ਦਿੱਲੀ ਪੁਲਿਸ ਨੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ।
ਦੀਪ ਸਿੱਧੂ ਦੀ ਗ੍ਰਿਫ਼ਤਾਰੀ ਲਈ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਸੀ।
ਦੀਪ ਸਿੱਧੂ ਨੂੰ ਇਸ ਮਾਮਲੇ ਵਿੱਚ ਕਈ ਦਿਨਾਂ ਬਾਅਦ ਜ਼ਮਾਨਤ ਮਿਲ ਗਈ ਸੀ।
26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਹਾੜੇ ਮੌਕੇ ਸ਼ਾਂਤਮਈ ਟਰੈਕਟਰ ਪਰੇਡ ਦੇ ਦਾਅਵਿਆਂ ਤੋਂ ਉਲਟ ਲਾਲ ਕਿਲੇ 'ਤੇ ਮੁਜ਼ਾਹਰਾਕਾਰੀਆਂ ਨੇ ਜਿਸ ਘਟਨਾ ਨੂੰ ਅੰਜਾਮ ਦਿੱਤਾ ਉਹ ਤਸਵੀਰਾਂ ਸਾਰੀ ਦੁਨੀਆਂ ਨੇ ਦੇਖੀਆਂ।
ਮੁਜ਼ਾਹਰਾਕਾਰੀਆਂ ਨੇ ਕੇਸਰੀ ਅਤੇ ਕਿਸਾਨ ਯੂਨੀਅਨ ਦਾ ਝੰਡਾ ਲਾਲ ਕਿਲੇ ਦੀ ਫ਼ਸੀਲ 'ਤੇ ਚੜ੍ਹਾ ਦਿੱਤਾ ਗਿਆ ਸੀ।

ਤਸਵੀਰ ਸਰੋਤ, Ani
ਜਦੋਂ ਇਹ ਘਟਨਾਕ੍ਰਮ ਵਾਪਰ ਰਿਹਾ ਸੀ ਤਾਂ ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਦੀਪ ਸਿੱਧੂ ਵੀ ਉੱਥੇ ਮੌਜੂਦ ਸਨ।
ਇਸ ਘਟਨਾ ਦੇ ਤੁਰੰਤ ਬਾਅਦ ਦੀਪ ਸਿੱਧੂ ਇਲਜ਼ਾਮਾਂ ਦੇ ਘੇਰੇ ਵਿੱਚ ਆ ਗਏ ਸਨ। ਦੀਪ ਸਿੱਧੂ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਫਾਈ ਵੀ ਦਿੱਤੀ ਸੀ।
ਕਿਸਾਨੀ ਅੰਦੋਲਨ ਵਿੱਚ ਦੀਪ ਸਿੱਧੂ ਦੀ ਭੂਮਿਕਾ
ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਦੀਪ ਸਿੱਧੂ ਇਹੀ ਕਹਿ ਰਹੇ ਸਨ ਕਿ ਉਹ ਇਹ ਅੰਦੋਲਨ ਕਿਸਾਨਾਂ ਲਈ ਅਤੇ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਅਤੇ ਯੂਨੀਅਨਾਂ ਦੇ ਝੰਡੇ ਥੱਲੇ ਲੜ ਰਹੇ ਹਨ।
ਕੁਝ ਸਮੇਂ ਬਾਅਦ ਦੀਪ ਸਿੱਧੂ ਨੇ ਕਿਸਾਨ ਆਗੂਆਂ ਦੇ ਫ਼ੈਸਲਿਆਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਪੰਜਾਬ-ਹਰਿਆਣਾ ਸਰਹੱਦ 'ਤੇ ਸ਼ੰਭੂ ਬਾਰਡਰ ਉੱਪਰ ਆਪਣਾ ਵੱਖਰਾ ਸਟੇਜ ਲਗਾ ਲਿਆ।
ਹਾਲਾਂਕਿ ਉਨ੍ਹਾਂ ਦੇ ਭਾਸ਼ਣ ਜ਼ਿਆਦਾਤਰ ਤਿੰਨ ਖੇਤੀ ਕਾਨੂੰਨਾਂ ਦੀ ਥਾਂ ਭਾਰਤ ਦੇ ਸੰਵਿਧਾਨ ਵਿੱਚ ਨਿਹਿੱਕ ਸੰਘੀ ਢਾਂਚੇ ਦੁਆਲੇ ਕੇਂਦਰਿਤ ਹੁੰਦੇ ਸਨ।
ਖੇਤੀ ਕਾਨੂੰਨਾਂ ਬਾਰੇ ਗੱਲ ਨਾ ਕਰਨ ਕਰਕੇ ਕਿਸਾਨ ਸੰਗਠਨਾਂ ਨੇ ਉਨ੍ਹਾਂ ਉੱਪਰ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਬੋਲਣ 'ਤੇ ਰੋਕ ਲਗਾ ਦਿੱਤੀ।
ਇਨ੍ਹਾਂ ਯੂਨੀਅਨਾਂ ਵਿੱਚ ਉਗਰਾਂਹਾਂ ਗਰੁੱਪ ਨੇ ਸਪੱਸ਼ਟ ਰੂਪ ਵਿੱਚ ਕਿਹਾ ਸੀ ਕਿ ਉਹ ਕਿਸਾਨ ਅੰਦੋਲਨ ਦੀ ਦਿਸ਼ਾ ਬਦਲ ਰਹੇ ਹਨ।
ਦੀਪ ਸਿੱਧੂ ਆਪਣੇ ਸੋਸ਼ਲ ਮੀਡੀਆ ਉੱਪਰ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੋਸਟਾਂ ਕਰਦੇ ਰਹਿੰਦੇ ਸਨ ਜਿਸ ਦੀ ਵਜ੍ਹਾ ਕਰ ਕੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਤੋਂ ਹੋਰ ਦੂਰੀ ਬਣਾ ਲਈ ਗਈ।
ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ਵੱਲ ਵਧਣ ਦਾ ਸੱਦਾ ਦਿੱਤਾ ਗਿਆ ਤਾਂ ਦੀਪ ਸਿੱਧੂ ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਵਾਪਸ ਮੁੜ ਜਾਣ ਕਿਉਂਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਆਪਣੇ ਹਿੱਤਾਂ ਲਈ ਵਰਤੋਂ ਕਰ ਰਹੀਆਂ ਹਨ।
ਛੱਬੀ ਜਨਵਰੀ ਦੇ ਟਰੈਕਟਰ ਮਾਰਚ ਦੇ ਐਲਾਨ ਤੋਂ ਬਾਅਦ ਦੀਪ ਸਿੱਧੂ ਫਿਰ ਸਰਗਰਮ ਹੋਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮਾਰਚ ਲਈ ਲਾਮਬੰਦ ਕਰਨਾ ਸ਼ੁਰੂ ਕੀਤਾ। ਹਾਲਾਂਕਿ ਉਹ ਇਹ ਲਾਮਬੰਦੀ ਆਊਟਰ ਰਿੰਗ ਰੋਡ ਉੱਪਰ ਮਾਰਚ ਲਈ ਕਰ ਰਹੇ ਸਨ।

ਤਸਵੀਰ ਸਰੋਤ, Ani
ਦੀਪ ਸਿੱਧੂ ਅਤੇ ਦਿਓਲ ਪਰਿਵਾਰ
ਦੀਪ ਸਿੱਧੂ ਦੇ ਦਿਓਲ ਪਰਿਵਾਰ ਨਾਲ ਸੰਬੰਧਾਂ ਬਾਰੇ ਸਿੱਧੂ ਅਤੇ ਸੰਨੀ ਦਿਓਲ ਦੇ ਵੱਖ-ਵੱਖ ਦਾਅਵੇ ਹਨ।
ਦੀਪ ਸਿੱਧੂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਹਮਣੇ ਆਈਆਂ ਤਸਵੀਰਾਂ ਦੇ ਅਧਾਰ 'ਤੇ ਦੀਪ ਸਿੱਧੂ ਉੱਪਰ ਇਹ ਇਲਜ਼ਾਮ ਵੀ ਲੱਗੇ ਕਿ ਉਹ ਭਾਜਪਾ ਅਤੇ ਆਰਐੱਸਐੱਸ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਸਨ।
ਭਾਵੇਂ ਉਨ੍ਹਾਂ ਨੇ ਕਈ ਵਾਰ ਇਸ ਦਾਅਵੇ ਦਾ ਖੰਡਨ ਕੀਤਾ ਸੀ।

ਤਸਵੀਰ ਸਰੋਤ, Deep Sidhu/FB
ਦੀਪ ਸਿੱਧੂ ਨੇ ਆਪਣੇ ਪੁਰਾਣੇ ਫੇਸਬੁੱਕ ਲਾਈਵ ਵੀਡੀਓਜ਼ ਵਿੱਚ ਦਾਅਵੇ ਕੀਤੇ ਕਿ ਉਹ ਭਾਜਪਾ ਨਾਲ ਅਦਾਕਾਰ ਸੰਨੀ ਦਿਓਲ ਦੇ ਚੋਣ ਪ੍ਰਚਾਰ ਦੌਰਾਨ ਜੁੜੇ ਸਨ। ਉਨ੍ਹਾਂ ਦੀ ਭਾਜਪਾ ਦੇ "ਵੱਡੇ ਆਗੂਆਂ" ਮੁਲਾਕਾਤਾਂ ਵੀ ਹੋਈਆਂ।
ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਗਏ ਪਰ ਉਨ੍ਹਾਂ ਨੇ ਵਿਚਾਰਧਾਰਕ ਵਖਰੇਵੇਂ ਕਰ ਕੇ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ।
ਦੀਪ ਸਿੱਧੂ ਦੀ ਫੇਸਬੁੱਕ ਪ੍ਰੋ਼ਫਾਈਲ ਉੱਪਰ ਉਨ੍ਹਾਂ ਦੀਆਂ ਸੀਨੀਅਰ ਅਦਾਕਾਰ ਅਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਅਤੇ ਸੰਨੀ ਦੇ ਭਰਾ ਬੌਬੀ ਦਿਓਲ ਨਾਲ ਤਸਵੀਰਾਂ ਹਨ।
ਹਾਲਾਂਕਿ ਲਾਲ ਕਿਲੇ ਵਾਲੀ ਘਟਨਾ ਤੋਂ ਬਾਅਦ ਸੰਨੀ ਦਿਓਲ ਨੇ ਟਵੀਟ ਕਰ ਕੇ ਦੀਪ ਸਿੱਧੂ ਨਾਲ ਆਪਣੇ ਅਤੇ ਆਪਣੇ ਪਵਿਰਵਾਰ ਦੇ ਕਿਸੇ ਵੀ ਸੰਬੰਧ ਤੋਂ ਇਨਕਾਰ ਕੀਤਾ ਸੀ।
ਦਿਓਲ ਨੇ ਲਿਖਿਆ ਸੀ, "ਅੱਜ ਲਾਲ ਕਿਲੇ ਉੱਪਰ ਜੋ ਹੋਇਆ ਉਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ। ਮੈਂ ਪਹਿਲਾਂ ਵੀ, 6 ਦੰਸਬਰ ਨੂੰ, ਟਵਿੱਟਰ ਦੇ ਜ਼ਰੀਏ ਇਹ ਸਾਫ਼ ਕਰ ਚੁੱਕਿਆ ਹਾਂ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਨਾਲ ਕੋਈ ਸੰਬੰਧ ਨਹੀਂ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਛੇ ਦਸੰਬਰ ਦੇ ਆਪਣੇ ਟਵੀਟ ਵਿੱਚ ਸੰਨੀ ਦਿਓਲ ਨੇ ਕਿਸਾਨ ਅੰਦੋਲਨ ਨੂੰ ਸਰਕਾਰ ਅਤੇ ਕਿਸਾਨਾਂ ਦਾ ਆਪਸੀ ਮਸਲਾ ਦੱਸਿਆ ਸੀ ਅਤੇ ਨਾਲ ਹੀ ਦੀਪ ਸਿੱਧੂ ਬਾਰੇ ਵੀ ਸਪਸ਼ਟੀਕਰਨ ਦਿੱਤਾ ਸੀ। ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਤੀ ਬਿਆਨ ਦੀ ਤਸਵੀਰ ਸਾਂਝੀ ਕੀਤੀ ਸੀ।
ਉਨ੍ਹਾਂ ਲਿਖਿਆ ਸੀ," ਦੀਪ ਸਿੱਧੂ ਜੋ ਚੋਣਾਂ ਦੇ ਸਮੇਂ ਮੇਰੇ ਨਾਲ ਸੀ, ਲੰਬੇ ਸਮੇਂ ਤੋਂ ਮੇਰੇ ਨਾਲ ਨਹੀਂ ਹੈ। ਉਹ ਜੋ ਕੁਝ ਕਰ ਰਿਹਾ ਹੈ ਖ਼ੁਦ ਆਪਣੀ ਮਰਜ਼ੀ ਨਾਲ ਕਰ ਰਿਹਾ ਹੈ, ਮੇਰਾ ਉਸ ਦੀ ਕਿਸੇ ਵੀ ਗਤੀਵਿਧੀ ਨਾਲ ਕੋਈ ਸੰਬੰਧ ਨਹੀਂ ਹੈ"
ਦੀਪ ਸਿੱਧੂ ਦਾ ਪਰਿਵਾਰਕ ਪਿਛੋਕੜ

ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।
ਦੀਪ ਦੇ ਬਠਿੰਡਾ ਰਹਿੰਦੇ ਸਕੇ ਚਾਚਾ ਬਿਧੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਛੇ ਭਰਾ ਸਨ ਅਤੇ ਦੀਪ ਦੇ ਪਿਤਾ ਸਰਦਾਰ ਸੁਰਜੀਤ ਸਿੰਘ ਪੇਸ਼ੇ ਤੋਂ ਵਕੀਲ ਸਨ।
ਉਨ੍ਹਾਂ ਦੱਸਿਆ ਸੀ, ''ਸੁਰਜੀਤ ਸਿੰਘ ਦੇ ਤਿੰਨ ਪੁੱਤਰ ਸਨ, ਜਿੰਨਾ ਵਿੱਚ ਨਵਦੀਪ ਸਿੰਘ ਇਸ ਸਮੇਂ ਕੈਨੇਡਾ ਵਿੱਚ ਅਤੇ ਮਨਦੀਪ ਵਕਾਲਤ ਕਰਦਾ ਹੈ ਅਤੇ ਦੀਪ ਦਿੱਲੀ ਵਿੱਚ ਕਿਸਾਨੀ ਅੰਦੋਲਨ ਵਿੱਚ ਹੈ।''

ਤਸਵੀਰ ਸਰੋਤ, Deep Sidhu/FB
ਦੀਪ ਦੇ ਚਾਚਾ ਬਿਧੀ ਸਿੰਘ ਮੁਤਾਬਕ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਹੈ ਪਰ ਦੀਪ ਦੇ ਪਿਤਾ ਵਕੀਲ ਹੋਣ ਕਰ ਕੇ ਲੁਧਿਆਣਾ ਵਿੱਚ ਆਪਣੀ ਵਕਾਲਤ ਕਰਦੇ ਸਨ ਅਤੇ ਉਨ੍ਹਾਂ ਕਰੀਬ ਤਿੰਨ ਸਾਲ ਪਹਿਲਾ ਦੇਹਾਂਤ ਹੋ ਗਿਆ।
ਦੀਪ ਬਾਰੇ ਗੱਲ ਕਰਦਿਆਂ ਬਿਧੀ ਸਿੰਘ ਨੇ ਕਿਹਾ ਸੀ, ''ਉਹ ਮਹਾਸ਼ਟਰ ਦੇ ਪੁਣੇ ਵਿੱਚ ਕਾਨੂੰਨ ਦੀ ਪੜ੍ਹਾਈ ਲਈ ਗਿਆ ਸੀ ਅਤੇ ਉਸ ਤੋਂ ਬਾਅਦ ਮੁੰਬਈ ਵਿਖੇ ਸੈੱਟ ਹੋ ਗਿਆ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ।''
ਉਨ੍ਹਾਂ ਦੱਸਿਆ ਕਿ ਪਹਿਲਾਂ ਦੀਪ ਨੇ ਵਕੀਲ ਵਜੋਂ ਬਾਲਾ ਜੀ ਫਿਲਮਜ਼ ਲਈ ਕੰਮ ਕੀਤਾ। ਹੌਲੀ-ਹੌਲੀ ਉਸ ਦੀ ਦਿਓਲ ਪਰਿਵਾਰ ਨਾਲ ਨੇੜਤਾ ਹੋ ਗਈ ਅਤੇ ਇੱਥੋਂ ਹੀ ਉਸ ਦੀ ਫ਼ਿਲਮੀ ਦੁਨੀਆ ਵਿੱਚ ਐਂਟਰੀ ਹੋ ਗਈ। ਦੀਪ ਦਾ ਵਿਆਹ ਹੋਇਆ ਹੈ ਅਤੇ ਉਸ ਦੇ ਇੱਕ ਬੇਟੀ ਵੀ ਹੈ।
ਬਿਧੀ ਸਿੰਘ ਮੁਤਾਬਕ ਦਿਓਲ ਪਰਿਵਾਰ ਨਾਲ ਨੇੜਤਾ ਹੋਣ ਕਾਰਨ ਜਦੋਂ ਸੰਨੀ ਦਿਓਲ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਿਆ ਤਾਂ ਦੀਪ ਸਿੱਧੂ ਨੇ ਪੂਰੀ ਮਦਦ ਕੀਤੀ। ਬਿਧੀ ਸਿੰਘ ਮੁਤਾਬਕ ਦੀਪ ਮੁੰਬਈ ਵਿੱਚ ਚੰਗੀ ਤਰਾਂ ਸੈੱਟ ਹੋ ਗਿਆ ਸੀ।
ਬਿਧੀ ਸਿੰਘ ਮੁਤਾਬਕ ਲਾਲ ਕਿਲੇ ਉੱਤੇ ਘਟਨਾ ਹੋਈ, ਉਸ ਬਾਰੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਜਾਣਕਾਰੀ ਮਿਲੀ ।
ਇਹ ਵੀ ਪੜ੍ਹੋ:
ਦੀਪ ਸਿੱਧੂ ਦਾ ਫਿਲਮੀ ਸਫ਼ਰ
ਸਾਲ 2017 ਵਿੱਚ ਗੀਤਕਾਰ ਤੋਂ ਫਿਲਮਕਾਰ ਬਣੇ ਅਮਰਦੀਪ ਸਿੰਘ ਗਿੱਲ ਦੀ ਫਿਲਮ 'ਜੋਰਾ 10 ਨੰਬਰੀਆ' ਵਿੱਚ ਜੋਰਾ ਦੇ ਕਿਰਦਾਰ ਨੇ ਪੰਜਾਬੀਆਂ ਦੀ ਪਛਾਣ ਦੀਪ ਸਿੱਧੂ ਦੀ ਪਛਾਣ ਨਾਲ ਕਰਵਾਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੀ ਐਂਟਰੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਈ।

ਤਸਵੀਰ ਸਰੋਤ, Deep Sidhu/FB
ਦੀਪ ਨੇ ਮੁੰਬਈ ਵਿੱਚ ਹੀ ਕਈ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਹਿੱਸਾ ਲਿਆ ਅਤੇ ਆਖਿਰਕਾਰ ਮਾਡਲ ਤੋਂ ਅਦਾਕਾਰੀ ਵੱਲ ਪੈਰ ਰੱਖਣ ਲਈ ਤਿਆਰੀ ਸ਼ੁਰੂ ਕਰ ਦਿੱਤੀ।
ਦਿਓਲ ਪਰਿਵਾਰ ਦੇ ਹੀ ਘਰੇਲੂ ਬੈਨਰ ਵਿਜੇਤਾ ਫਿਲਮਜ਼ ਹੇਠ ਦੀਪ ਨੇ ਬਤੌਰ ਹੀਰੋ ਆਪਣੀ ਪਹਿਲੀ ਪੰਜਾਬੀ ਫਿਲਮ 'ਰਮਤਾ ਜੋਗੀ' ਸਾਲ 2015 ਵਿੱਚ ਕੀਤੀ।
ਫਿਲਮ ਦੇ ਨਿਰਦੇਸ਼ਕ ਗੁੱਡੂ ਧਨੋਆ ਸਨ, ਜੋ ਸੰਨੀ ਦਿਓਲ ਦੀਆਂ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹਾਲਾਂਕਿ ਫਿਲਮ ਨੇ ਦੀਪ ਨੂੰ ਚਰਚਾ ਵਿੱਚ ਨਹੀਂ ਲਿਆਂਦਾ।

ਤਸਵੀਰ ਸਰੋਤ, deepi sidhu/fb
ਸਾਲ 2017 ਵਿੱਚ 'ਜ਼ੋਰਾ 10 ਨੰਬਰੀਆ' ਤੋਂ ਬਾਅਦ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ 'ਰੰਗ ਪੰਜਾਬ' ਆਈ। ਫਿਲਮ ਨੂੰ ਰਾਕੇਸ਼ ਮਹਿਤਾ ਨੇ ਡਾਇਰੈਕਟ ਕੀਤਾ ਸੀ।
ਇਸ ਤੋਂ ਬਾਅਦ 2019 ਵਿੱਚ 'ਸਾਡੇ ਆਲੇ' ਫਿਲਮ ਵਿੱਚ ਸੀਨੀਅਰ ਪੰਜਾਬੀ ਅਦਾਕਾਰ ਗੁੱਗੂ ਗਿੱਲ ਨਾਲ ਨਜ਼ਰ ਆਏ।
ਸਾਲ 2020 ਵਿੱਚ ਅਮਰਦੀਪ ਸਿੰਘ ਗਿੱਲ ਦੀ ਨਿਰਦੇਸ਼ਨ ਵਿੱਚ ‘ਜੋਰਾ’ ਦਾ ਦੂਜਾ ਹਿੱਸਾ 'ਜੋਰਾ, ਸੈਕੇਂਡ ਚੈਪਟਰ' ਰੀਲੀਜ਼ ਹੋਇਆ, ਇਸ ਵਿੱਚ ਵੀ ਦੀਪ ਸਿੱਧੂ ਨਾਲ ਪਹਿਲਾਂ ਵਾਂਗ ਹੀ ਧਰਮਿੰਦਰ ਤਾਂ ਸਨ ਹੀ ਉਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ ਵੀ ਸਨ।
ਹੁਣ ਤੱਕ ਜੋਰਾ ਟਾਈਟਲ ਹੇਠ ਆਈਆਂ ਦੋਹਾਂ ਫਿਲਮਾਂ ਦੀਪ ਸਿੱਧੂ ਇੱਕ ਗੈਂਗਸਟਰ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ।















