ਕਿਸਾਨ ਅੰਦੋਲਨ: ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ’ਤੇ ਹੰਗਾਮੇ ਮਗਰੋਂ ਕਿਸਾਨ ਆਗੂਆਂ ਲਈ 4 ਚੁਣੌਤੀਆਂ

ਵੀਡੀਓ ਕੈਪਸ਼ਨ, ਲਾਲ ਕਿਲੇ ’ਤੇ ਹੰਗਾਮੇ ਮਗਰੋਂ ਕਿਸਾਨ ਆਗੂਆਂ ਲਈ 4 ਚੁਣੌਤੀਆਂ
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ ਉੱਤੇ ਹੋਈਆਂ ਹਿੰਸਕ ਘਟਨਾਵਾਂ ਨੇ ਅੰਦੋਨਲਕਾਰੀਆਂ ਅੱਗੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਹੁਣ ਤੱਕ ਕਿਸਾਨਾਂ ਦੀ ਇਕਜੁਟਤਾ, ਵੱਖ ਵੱਖ ਵਿਚਾਰਧਾਰਾਵਾਂ ਦਾ ਸਮਰਥਨ ਅਤੇ ਸ਼ਾਂਤਮਈ ਸਰੂਪ ਅੰਦਲੋਨ ਦੀ ਸ਼ਕਤੀ ਸਮਝੀ ਜਾ ਰਹੀ ਸੀ।

ਪਰ 26 ਜਨਵਰੀ ਦੀਆਂ ਘਟਨਾਵਾਂ, ਖਾਸਕਰ ਲਾਲ ਕਿਲੇ ਉੱਤੇ ਕੇਸਰੀ ਤੇ ਕਿਸਾਨੀ ਝੰਡਾ ਲਹਿਰਾਉਣ ਨੇ ਅੰਦੋਲਨ ਦੀ ਹੋਂਦ ਬਰਕਰਾਰ ਰਹਿਣ ਬਾਰੇ ਲੋਕਾਂ ਵਿਚ ਸ਼ੰਕੇ ਪੈਦਾ ਕਰ ਦਿੱਤੇ ਹਨ।

ਇਹ ਵੀ ਪੜ੍ਹੋ-

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਨੂੰ ਇਨ੍ਹਾਂ ਚਾਰ ਚੁਣੌਤੀਆਂ ਦਾ ਮੁੱਖ ਤੌਰ ਉੱਤੇ ਸਾਹਮਣਾ ਕਰਨਾ ਪਵੇਗਾ।

ਕਿਸਾਨ ਅੰਦੋਲਨਕਾਰੀਆਂ ਦਾ ਏਕਾ

ਕਿਸਾਨ ਅੰਦੋਲਨਕਾਰੀਆਂ ਅਤੇ ਜਥੇਬੰਦੀਆਂ ਦਾ ਏਕਾ ਬਣਾਈ ਰੱਖਣਾ ਕਿਸਾਨ ਆਗੂਆਂ ਲਈ ਮੁੱਖ ਚੁਣੌਤੀ ਰਹਿਣ ਵਾਲਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪਹਿਲਾਂ ਹੀ ਆਪਣੇ ਅਜਾਦਆਨਾ ਪ੍ਰੋਗਰਾਮ ਦੇ ਰਹੀਆਂ ਹਨ।

ਪਰ ਕਿਸਾਨ ਟਰੈਕਟਰ ਪਰੇਡ ਦੇ ਮਾਮਲੇ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸੰਯੁਕਤ ਮੋਰਚੇ ਤੋਂ ਇੱਕ ਤਰ੍ਹਾਂ ਨਾਲ ਬਗਾਵਤ ਹੀ ਕਰ ਦਿੱਤੀ।

ਭਾਵੇਂ ਇਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਕਹਿੰਦੇ ਰਹੇ ਕਿ ਉਹ ਸੰਯੁਕਤ ਮੋਰਚੇ ਨਾਲ ਤਾਲਮੇਲ ਨਾਲ ਚੱਲ ਰਹੇ ਹਨ।

ਕਿਸਾਨ ਅੰਦੋਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸਾਨ ਆਗੂਆਂ ਨੂੰ ਇਨ੍ਹਾਂ ਚਾਰ ਚੁਣੌਤੀਆਂ ਦਾ ਮੁੱਖ ਤੌਰ ਉੱਤੇ ਸਾਹਮਣਾ ਕਰਨਾ ਪੈ ਸਕਦਾ ਹੈ

ਪਰ ਅਸੀਂ ਸੰਯੁਕਤ ਮੋਰਚੇ ਨੇ ਦਿੱਲੀ ਪੁਲਿਸ ਨਾਲ ਜੋ ਰੂਟ ਤੈਅ ਕੀਤਾ ਅਸੀਂ ਉਸ ਨਾਲ ਸਹਿਮਤ ਨਹੀਂ ਹਾਂ।

ਇਨ੍ਹਾਂ ਦਾ ਇਹੀ ਫੈਸਲਾ ਰਿੰਗ ਰੋਡ ਉੱਤੇ ਜਾਣ ਅਤੇ ਲਾਲ ਕਿਲੇ ਤੱਕ ਪਹੁੰਚਣ ਦਾ ਅਧਾਰ ਬਣਿਆ। ਸਰਵਨ ਸਿੰਘ ਪੰਧੇਰ ਦੇ ਰਿੰਗ ਰੋਡ ਉੱਤੇ ਹੀ ਪਰੇਡ ਕਰਨ ਤੋਂ ਬਾਅਦ ਹੀ ਦੇਰ ਸ਼ਾਮ ਸਿੰਘੂ ਬਾਰਡਰ ਦੀ ਸੰਯੁਕਤ ਮੋਰਚੇ ਦੀ ਸਟੇਜ ਉੱਤੇ ਕਾਫੀ ਲੋਕ ਇਕੱਠੇ ਹੋ ਗਏ ਅਤੇ ਰਿੰਗ ਰੋਡ ਉੱਤੇ ਜਾਣ ਦਾ ਐਲਾਨ ਕਰਨ ਲੱਗੇ।

ਇਨ੍ਹਾਂ ਲੋਕਾਂ ਨੇ ਸਵੇਰੇ ਸੰਯੁਕਤ ਮੋਰਚੇ ਦੀ ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਰੀਕੇਡ ਤੋੜ ਦਿੱਤੇ ਅਤੇ ਦਿੱਲੀ ਵਿਚ ਦਾਖਲ਼ ਹੋ ਗਏ, ਬਾਅਦ ਵਿਚ ਸਰਵਨ ਸਿੰਘ ਪੰਧੇਰ ਸਫਾਈ ਦਿੰਦੇ ਰਹੇ ਕਿ ਲਾਲ ਕਿਲੇ ਉੱਤੇ ਜਾਣਾ ਉਨ੍ਹਾਂ ਦਾ ਪ੍ਰੋਗਰਾਮ ਨਹੀਂ ਸੀ।

ਇਸ ਵੱਖਰੇ ਪ੍ਰਗਰਾਮ ਨਾਲ ਹੁਣ ਤੱਕ ਸ਼ਾਂਤਮਈ ਅੰਦੋਲਨ ਰਹੀ ਲਹਿਰ ਨੂੰ ਕਾਫੀ ਢਾਹ ਲੱਗੀ ਹੈ।.

ਅਜਿਹੇ ਹਾਲਾਤ ਵਿਚ ਕਿਸਾਨ ਯੂਨੀਅਨਾਂ ਤੇ ਅੰਦੋਲਨਕਾਰੀ ਅੱਗੇ ਸਾਂਝੇ ਐਕਸ਼ਨ ਕਰ ਸਕਣਗੇ, ਇਸ ਉੱਤੇ ਵੱਡਾ ਸਵਾਲ ਖੜਾ ਹੋ ਗਿਆ ਹੈ।

ਵੀਡੀਓ ਕੈਪਸ਼ਨ, ਟਰੈਕਟਰ ਪਰੇਡ ਕਰ ਰਹੇ ਕਿਸਾਨਾਂ ਨੇ ਲਾਲ ਕਿਲਾ ’ਤੇ ਕੇਸਰੀ ਨਿਸ਼ਾਨ ਝੁਲਾਇਆ

ਨੌਜਵਾਨਾਂ ਨੂੰ ਅਨੁਸਾਸ਼ਨ ਵਿਚ ਰੱਖਣਾ

ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਲਈ ਸਭ ਤੋਂ ਵੱਡੀ ਚੁਣੌਤੀ ਅੰਦੋਲਨ ਵਿਚ ਸ਼ਾਮਲ ਰਹੇ ਨੌਜਵਾਨਾਂ ਨੂੰ ਜਾਬਤੇ ਵਿਚ ਰੱਖਣਾ ਰਹੇਗੀ।

ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਕਹਿੰਦੇ ਹਨ, “ਅਸੀਂ ਜਾਣਾ ਤਾਂ ਦਿੱਲੀ ਵਾਲੇ ਰੂਟ ਉੱਤੇ ਸੀ, ਪਰ ਨੌਜਵਾਨ ਰੂਟ ਤੋਂ ਉਲਟ ਆ ਗਏ , ਇਸ ਲਈ ਸਾਨੂੰ ਵੀ ਪਿੱਛੇ ਆਉਣ ਪਿਆ, ਆਖ਼ਰਕਾਰ ਇਹ ਸਾਡੇ ਹੀ ਬੱਚੇ ਹਨ।”

ਮਨਜੀਤ ਸਿੰਘ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਕਈ ਨੌਜਵਾਨ ਕਿਸਾਨ ਲੀਡਰਾਂ ਵਲੋਂ ਦਿੱਤੇ ਪ੍ਰਗਰਾਮ ਤੋਂ ਅਲੱਗ ਰਾਹ ਚੁਣ ਰਹੇ ਹਨ।

ਇਸ ਅੰਦੋਨਲ ਵਿਚ ਨੌਜਵਾਨ ਲੀਡਰਸ਼ਿਪ ਦੇ ਨਾਂ ਉੱਤੇ ਕਈ ਅਜਿਹੇ ਆਗੂ ਹਨ, ਜਿੰਨ੍ਹਾਂ ਨੂੰ ਕਿਸਾਨ ਸੰਗਠਨ ਮੰਚ ਦੇ ਨੇੜੇ ਨਹੀਂ ਲੱਗਣ ਦਿੰਦੇ ਸਨ। ਉਹੀ ਵਿਅਕਤੀ ਲਾਲ ਕਿਲੇ ਪਹੁੰਚਣ ਸਮੇਂ ਮਾਇਕ ਫੜ ਕੇ ਸੰਬੋਧਨ ਕਰਦੇ ਦਿਖੇ।

ਵੀਡੀਓ ਕੈਪਸ਼ਨ, Farmers protest: ਦਿੱਲੀ 'ਚ ਹੋਈ ਹਿੰਸਾ 'ਤੇ ਕੀ ਬੋਲੇ ਕਿਸਾਨ ਆਗੂ

ਅੰਦੋਲਨ ਦੇ ਅਗਲੇ ਦਿਨਾਂ ਵਿਚ ਅਜਿਹੇ ਵਿਅਕਤੀਆਂ ਦੀਆਂ ਗਤੀਵਿਧੀਆਂ ਤੋਂ ਨੌਜਵਾਨੀ ਨੂੰ ਬਚਾ ਕੇ ਰੱਖਣਾ ਕਿਸਾਨ ਆਗੂਆਂ ਲਈ ਕਾਫੀ ਚੁਣੌਤੀ ਭਰਿਆ ਰਹਿਣ ਵਾਲਾ ਹੈ।

ਸਰਕਾਰ ਉੱਤੇ ਦਬਾਅ ਬਣਾਈ ਰੱਖਣਾ

ਕਿਸਾਨ ਟਰੈਕਟਰ ਪਰੇਡ ਨੂੰ 26 ਨਵੰਬਰ ਤੋਂ ਬਾਅਦ ਸਭ ਤੋਂ ਵੱਡਾ ਐਕਸ਼ਨ ਮੰਨਿਆ ਜਾ ਰਿਹਾ ਸੀ। ਇਸ ਐਕਸ਼ਨ ਨੂੰ ਲੈਕੇ ਸਰਕਾਰ ਵੀ ਕਾਫੀ ਦਬਾਅ ਵਿਚ ਦਿਖ ਰਹੀ ਸੀ। ਇਸੇ ਦਬਾਅ ਦਾ ਨਤੀਜਾ ਸੀ ਕਿ ਸਰਕਾਰ ਨੇ ਡੇਢ ਸਾਲ ਲਈ ਕਾਨੂੰਨ ਮੁਲਤਵੀ ਕਰਨ ਦੀ ਪੇਸ਼ਕਸ਼ ਕਰ ਦਿੱਤੀ ਸੀ।

ਜਦੋਂ ਕਿਸਾਨਾਂ ਨੇ ਇਹ ਪੇਸ਼ਕਸ਼ ਰੱਦ ਕੀਤੀ ਤਾਂ ਸਰਕਾਰ ਨੇ ਗੱਲਬਾਤ ਹੀ ਰੋਕ ਦਿੱਤੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਹੁਣ ਇਹ ਅੰਦੋਲਨ ਕਾਫੀ ਲੰਬਾ ਚੱਲ ਸਕਦਾ ਹੈ, ਕਿਉਂ ਕਿ ਸਰਕਾਰ ਉੱਤੇ 26 ਜਨਵਰੀ ਦੇ ਐਕਸ਼ਨ ਦਾ ਸਾਹਮਣਾ ਕੀਤੇ ਜਾਣ ਤੋਂ ਬਾਅਦ ਹੋ ਕੋਈ ਬਹੁਤਾ ਦਬਾਅ ਨਹੀਂ ਰਹੇਗਾ।

ਕਿਸਾਨ ਆਗੂ ਹਨਨ ਮੌਲਾ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਅਪਰਾਧੀ ਤੱਤਾਂ ਅਤੇ ਸਰਕਾਰ ਦੀ ਸਾਜਿਸ਼ ਕਹਿੰਦੇ ਹਨ। ਜੋ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤੀ ਗਈ।

ਦੂਜੇ ਪਾਸੇ ਸੱਤਾਧਾਰੀ ਭਾਜਪਾ ਦੇ ਆਗੂ ਇਸ ਨੂੰ ਅੰਦੋਲਨ ਵਿਚ ਘੁਸਪੈਠ ਕਰ ਚੁੱਕੇ ਵਿਰੋਧੀ ਧਿਰਾਂ ਨੂੰ ਜਿੰਮੇਵਾਰ ਦੱਸ ਰਹੇ ਹਨ।

ਭਾਵੇਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੰਗਾਮੀ ਬੈਠਕ ਕਰਕੇ ਹਾਲਾਤ ਦਾ ਜਾਇਜਾ ਲਿਆ ਪਰ ਸਰਕਾਰ ਵਲੋਂ ਅਧਿਕਾਰਤ ਤੌਰ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ।

ਵੀਡੀਓ ਕੈਪਸ਼ਨ, ਦਿੱਲੀ ਦੇ ਨਾਂਗਲੋਈ 'ਚ ਹਾਲਾਤ ਬੈਕਾਬੂ, ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ

ਜੇਕਰ ਹਨਨ ਮੌਲਾ ਦੇ ਦਾਅਵੇ ਵਿਚ ਦਮ ਹੈ ਤਾਂ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੁਬਾਰਾ ਸ਼ੁਰੂ ਕਰੇਗੀ, ਇਸ ਦੀ ਸੰਭਾਵਨਾ ਮੱਧਵ ਲੱਗਦੀ ਹੈ।

26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਕਿਹੜਾ ਵੱਡਾ ਐਕਸ਼ਨ ਕਰਨਗੇ ਕਿ ਸਰਕਾਰ ਉੱਤੇ ਇਸ ਮੁੜ ਗੱਲਬਾਤ ਦੀ ਟੇਬਲ ਉੱਤੇ ਆਉਣ ਦਾ ਦਬਾਅ ਬਣੇ।

ਇਸ ਸਵਾਲ ਦਾ ਜਵਾਬ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਟਰੈਕਟਰ ਪਰੇਡ ਤੋਂ ਪਹਿਲਾਂ ਹੀ ਦੇ ਦਿੱਤਾ ਸੀ। ਉਨ੍ਹਾਂ 25 ਸ਼ਾਮ ਨੂੰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਪਹਿਲੀ ਫਰਵਰੀ ਜਿਸ ਦਿਨ ਕੇਂਦਰੀ ਬਜਟ ਪੇਸ਼ ਹੋਵੇਗਾ, ਉਸ ਦਿਨ ਕਿਸਾਨ ਸੰਸਦ ਵੱਲ ਪੈਦਲ ਮਾਰਚ ਕਰਨਗੇ।

ਉਨ੍ਹਾਂ ਕਿਹਾ ਸੀ ਕਿ ਅਗਲੇ ਪ੍ਰੋਗਰਾਮਾਂ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ।

ਅੰਦੋਲਨ ਨੂੰ ਕਮਜ਼ੋਰ ਹੋਣ ਤੋਂ ਬਚਾਉਣਾ

ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਨ, ਅਜਿਹੇ ਵਿਚ ਆਮ ਲੋਕ ਸਵਾਲ ਸ਼ੰਕੇ ਪ੍ਰਗਟਾ ਰਹੇ ਹਨ ਕਿ ਇਹ ਅੰਦੋਲਨ ਹੁਣ ਜਾਰੀ ਵੀ ਰਹੇਗਾ ਜਾਂ ਨਹੀਂ।

ਲੋਕਾਂ ਨੂੰ ਸ਼ੰਕਾ ਹੈ ਕਿ ਜਿਹੜੇ ਲੋਕਾਂ ਨੇ ਟਰੈਕਟਰ ਪਰੇਡ ਤੋਂ ਪਹਿਲਾਂ ਸਟੇਜ ਉੱਤੇ ਕਬਜਾ ਕਰ ਲਿਆ ਅਤੇ ਜੋ ਲਾਲ ਕਿਲ਼ੇ ਤੱਕ ਪਹੁੰਚ ਗਏ , ਹੁਣ ਅੱਗੇ ਉਹ ਕਿਸ ਤਰ੍ਹਾਂ ਚੱਲਣਗੇ , ਕਿਸਾਨ ਜਥੇਬੰਦੀਆਂ ਉਨ੍ਹਾਂ ਨੂੰ ਕਿਵੇਂ ਕੰਟਰੋਲ ਕਰਨਗੇ। ਇਹ ਬਹੁਤ ਗੰਭੀਰ ਸਵਾਲ ਹੈ।

ਕਿਸਾਨ ਅੰਦੋਲਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਕਿਹੜਾ ਵੱਡਾ ਐਕਸ਼ਨ ਕਰਨਗੇ

ਲੋਕ ਆਮ ਤੌਰ ਉੱਤੇ ਹੁਣ ਤੱਕ ਇਸ ਦੇ ਸ਼ਾਂਤਮਈ ਰਹਿਣ ਨੂੰ ਸਭ ਤੋਂ ਵੱਡੀ ਤਾਕਤ ਦੇ ਰੂਪ ਵਿਚ ਵੀ ਦੇਖ ਰਹੇ ਸਨ। ਕਿਸਾਨਾਂ ਵਲੋਂ ਵੀ "ਸ਼ਾਂਤ ਰਹਾਂਗੇ ਤਾਂ ਜਿੱਤਾਂਗੇ, ਹਿੰਸਕ ਹੋਵੇਗੇ ਤਾਂ ਮੋਦੀ ਜਿੱਤੇਗਾ" ਨਾਅਰਾ ਵੀ ਦਿੱਤਾ ਗਿਆ ਸੀ।

ਪਰ ਇਸ ਅੰਦੋਲਨ ਦੇ ਹਿੰਸਕ ਘਟਨਾਵਾਂ ਜੁੜਨ ਨਾਲ ਹੁਣ ਸੋਸ਼ਲ ਮੀਡੀਆ ਉੱਤੇ ਲੋਕ ਸਵਾਲ ਕਰ ਰਹੇ ਹਨ ਕਿ ਕੀ ਇਹ ਅੰਦੋਲਨ ਜਾਰੀ ਰਹਿ ਸਕੇਗਾ। ਹੁਣ ਸਰਕਾਰ ਕੋਈ ਕਾਰਵਾਈ ਤਾਂ ਨਹੀਂ ਕਰੇਗੀ।

ਇਸ ਸਵਾਲ ਉੱਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਅਤੇ ਸਰਵਨ ਸਿੰਘ ਪੰਧੇਰ ਕਹਿੰਦੇ ਹਨ ਕਿ ਇਹ ਅੰਦੋਲਨ ਇਸੇ ਤਰ੍ਹਾਂ ਸਾਂਤਮਈ ਰਹੇਗਾ।

ਸੰਯੁਕਤ ਮੋਰਚੇ ਦੇ ਆਗੂ ਸ਼ਿਵ ਕੁਮਾਰ ਕੱਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਲਾਲ ਕਿਲੇ ਉੱਤੇ ਜੋ ਕੁਝ ਹੋਇਆ ਮੈਂ ਉਸ ਲਈ ਪੂਰੇ ਦੇਸ਼ ਤੋਂ ਮਾਫੀ ਮੰਗਦਾ ਹਾਂ। ਟਰੈਕਟਰ ਪਰੇਡ ਵਿਚ ਤੈਅ ਰੂਟ ਤੋਂ ਅਲੱਗ ਜਾਣ ਵਾਲੇ ਅਤੇ ਇਹ ਕੰਮ ਜਿਹੜੇ ਸੰਗਠਨਾਂ ਨੇ ਕੀਤਾ ਹੈ ਉਹ ਸੰਯੁਕਤ ਮੋਰਚੇ ਦਾ ਹਿੱਸਾ ਨਹੀਂ ਹਨ। ਅਸੀਂ ਟਰੈਕਟਰ ਪਰੇਡ ਬਾਰੇ ਇੱਕ ਮਹੀਨਾ ਪਹਿਲਾਂ ਐਲਾਨ ਕੀਤਾ ਸੀ।”

“ਪੁਲਿਸ ਨੂੰ ਰੂਟ ਬਾਰੇ ਐਡਵਾਂਸ ਗੱਲਬਾਤ ਕਰਨੀ ਚਾਹੀਦੀ ਸੀ। ਉਸ ਨੇ ਅਣਗਹਿਲੀ ਕੀਤੀ ਹੈ, ਪੁਲਿਸ ਨੂੰ ਉਨ੍ਹਾਂ ਸੰਗਠਨਾਂ ਨਾਲ ਵੀ ਗੱਲ ਕਰਨਾ ਚਾਹੀਦੀ ਸੀ, ਜੋ ਸੰਯੁਕਤ ਮੋਰਚੇ ਤੋਂ ਅਲੱਗ ਐਕਸ਼ਨ ਕਰਦੇ ਹਨ।''

ਉਹ ਕਹਿੰਦੇ ਹਨ ਕਿ ਇਹ ਅੰਦੋਲਨ ਜਾਰੀ ਰਹੇਗਾ ਅਤੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਕਿਸਾਨ ਵਾਪਸ ਨਹੀਂ ਜਾਣਗੇ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)