ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੀ ਨੋਦੀਪ ਕੌਰ ਜੇਲ੍ਹ ’ਚ ਕਿਉਂ ਬੰਦ ਹੈ

ਨੋਦੀਪ ਕੌਰ
ਤਸਵੀਰ ਕੈਪਸ਼ਨ, ਉਦਯੋਗਾਂ ਵਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੋਦੀਪ ਕੌਰ ਪਿਛਲੇ 11 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਸੋਨੀਪਤ ਵਿੱਚ ਪੈਂਦੇ ਇਲਾਕੇ ਕੁੰਡਲੀ ਉਦਯੋਗਿਕ ਖੇਤਰ (ਕੇਆਈਏ) ਆਧਾਰਿਤ ਉਦਯੋਗਾਂ ਵਲੋਂ ਪਰਵਾਸੀ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਨਾ ਦਿੱਤੇ ਜਾਣ ਵਿਰੁੱਧ ਆਵਾਜ਼ ਚੁੱਕਣ ਵਾਲੇ 24 ਸਾਲਾ ਨੋਦੀਪ ਕੌਰ ਪਿਛਲੇ 11 ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹਨ।

ਹਰਿਆਣਾ ਪੁਲਿਸ ਵਲੋਂ 12 ਜਨਵਰੀ ਨੂੰ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ ਸੀ।

ਐੱਫ਼ਆਈਆਰ ਮੁਤਾਬਿਕ, ਨੋਦੀਪ ਕੌਰ ਜੋ ਅਸਲ 'ਚ ਪੰਜਾਬ ਦੇ ਹਨ, ਪਰ ਕੇਆਈਏ ਵਿੱਚ ਕੰਮ ਕਰਦੇ ਹਨ।

ਨੋਦੀਪ ਕੌਰ ’ਤੇ ਇਲਜ਼ਾਮ ਹਨ ਕਿ ਉਹ ਕਥਿਤ ਤੌਰ 'ਤੇ ਜ਼ਬਰਨ ਪੈਸੇ ਉਗਰਾਹ ਰਹੇ ਸਨ ਅਤੇ ਜਦੋਂ ਪੁਲਿਸ ਅਧਿਕਾਰੀਆਂ ਦੀ ਇੱਕ ਟੀਮ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਪਹੁੰਚੀ ਤਾਂ ਪੁਲਿਸ ਕਰਮੀਆਂ 'ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ।

ਨੋਦੀਪ ਕੌਰ ਦੇ ਪਰਿਵਾਰ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਮੁਲਜ਼ਮ ਨੋਦੀਪ ਦੀ ਅਗਵਾਈ ਅਧੀਨ ਹੋਏ ਕਥਿਤ ਹਮਲੇ ਵਿੱਚ ਕੁੰਡਲੀ ਦੇ ਥਾਣਾ ਮੁਖੀ ਰਵੀ ਕੁਮਾਰ ਸਮੇਤ ਕਈ ਪੁਲਿਸ ਅਧਿਕਾਰੀ ਜਖ਼ਮੀ ਹੋ ਗਏ।

ਨੋਦੀਪ ਨੂੰ ਹਰਿਆਣਾ ਪੁਲਿਸ ਵਲੋਂ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸਥਾਨਕ ਅਦਾਲਤ ਵਿੱਚ ਅਗਲੀ ਸੁਣਵਾਈ 25 ਜਨਵਰੀ ਨੂੰ ਹੈ।

ਨੋਦੀਪ ਕੌਰ
ਤਸਵੀਰ ਕੈਪਸ਼ਨ, ਆਰੋਪੀ ਨੋਦੀਪ ਦੀ ਅਗਵਾਈ ਅਧੀਨ ਹੋਏ ਕਥਿਤ ਹਮਲੇ ਵਿੱਚ ਕੁੰਡਲੀ ਦੇ ਥਾਣਾ ਮੁਖੀ ਰਵੀ ਕੁਮਾਰ ਸਮੇਤ ਕਈ ਪੁਲਿਸ ਅਧਿਕਾਰੀ ਜਖ਼ਮੀ ਹੋ ਗਏ

ਭੈਣ ਦਾ ਦਾਅਵਾ- ਨੋਦੀਪ 'ਤੇ ਪੁਲਿਸ ਵੱਲੋਂ ਹੋਇਆ ਹਮਲਾ

ਨੋਦੀਪ ਦੀ ਵੱਡੀ ਭੈਣ ਰਾਜਵੀਰ ਕੌਰ, ਜੋ ਦਿੱਲੀ ਯੂਨੀਵਰਸਿਟੀ ਵਿੱਚ ਪੀਐੱਚਡੀ ਸਕੌਲਰ ਹਨ, ਨੇ ਦਾਅਵਾ ਕੀਤਾ ਉਨ੍ਹਾਂ ਦੀ ਭੈਣ ਕੇਆਈਏ ਅੰਦਰ ਪੈਂਦੇ ਇੱਕ ਉਦਯੋਗ ਵਿੱਚ ਕੰਮ ਕਰਦੀ ਸੀ ਤੇ ਪਰਵਾਸੀ ਮਜ਼ਦੂਰਾਂ ਦੀ ਆਵਾਜ਼ ਚੁੱਕਦੀ ਸੀ।

ਉਨ੍ਹਾਂ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਨੌਕਰੀਆਂ ਗਵਾਉਣ ਤੋਂ ਬਾਅਦ ਪਰਵਾਸੀ ਮਜ਼ਦੂਰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਦਯੋਗਾਂ ਦੇ ਮਾਲਕ ਉਨ੍ਹਾਂ ਦੀ ਬਕਾਇਆ ਮਜ਼ਦੂਰੀ ਦੇਣ ਤੋਂ ਇਨਕਾਰ ਕਰ ਰਹੇ ਸਨ।

ਨੋਦੀਪ ਮਜ਼ਦੂਰ ਅਧਿਕਾਰ ਸੰਗਰਸ਼ (ਐੱਮਏਐੱਸ) ਦੇ ਮੈਂਬਰ ਹਨ ਅਤੇ ਮਜ਼ਦੂਰਾਂ ਦਾ ਬਕਾਇਆ ਮਿਹਨਤਾਨਾ ਦੇਣ ਤੋਂ ਇਨਕਾਰ ਕਰਨ ਵਾਲੇ ਉਦਯੋਗਾਂ ਦੇ ਗੇਟਾਂ ਮੂਹਰੇ ਧਰਨੇ ਲਗਾਉਣ ਵਿੱਚ ਕਾਫ਼ੀ ਸਰਗਰਮ ਸਨ।

ਰਾਜਵੀਰ ਨੇ ਕਿਹਾ ਕਿ ਕੇਆਈਏ ਦੇ ਨੇੜੇ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਵਲੋਂ ਧਰਨਾ ਲਾਉਣ ਤੋਂ ਬਾਅਦ, ਉਥੇ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਮਜ਼ਦੂਰ ਕਿਸਾਨ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਉਨ੍ਹਾਂ ਦਾ ਸਮਰਥਨ ਕੀਤਾ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਉਨ੍ਹਾਂ ਅੱਗੇ ਕਿਹਾ, "ਮੇਰੀ ਭੈਣ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਬਦਲੇ ਆਪਣੀ ਨੌਕਰੀ ਗਵਾਉਣੀ ਪਈ।"

ਪੁਲਿਸ ਵਲੋਂ ਜ਼ਬਰਨ ਪੈਸੇ ਵਸੂਲੀ ਸਬੰਧੀ ਲਾਈਆਂ ਗਈਆਂ ਧਾਰਾਵਾਂ ਬਾਰੇ ਰਾਜਵੀਰ ਕੌਰ ਕਹਿੰਦੇ ਹਨ, “ਕੇਆਈਏ ਨੇ ਇੱਕ ਕੁਇੱਕ ਰਿਸਪੌਂਸ ਟੀਮ (ਕਿਊਆਰਟੀ) ਬਣਾਈ ਹੈ ਜੋ ਮਜ਼ਦੂਰਾਂ ਦੁਆਰਾ ਲੰਬਿਤ ਮਜ਼ਦੂਰੀ ਦੇ ਮਾਮਲੇ ਵਿੱਚ ਕਿਸੇ ਵੀ ਧਰਨੇ ਦਾ ਆਯੋਜਨ ਕਰਨ ਦੀ ਕੋਸ਼ਿਸ਼ ਨੂੰ ਰੋਕਣ ਦਾ ਕੰਮ ਕਰਦੀ ਹੈ।”

“28 ਦਸੰਬਰ ਨੂੰ ਜਦੋਂ ਐੱਮਏਐੱਸ ਦੁਆਰਾ ਬਕਾਇਆ ਮਜ਼ਦੂਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਉਆਰਟੀ ਨੇ ਤਨਖ਼ਾਹ ਦੀ ਮੰਗ ਕਰਦੇ ਮੁਜ਼ਾਹਰਾਕਾਰੀਆਂ ਦੇ ਦਬਾਅ ਨੂੰ ਭੰਗ ਕਰਨ ਲਈ ਉਨ੍ਹਾਂ 'ਤੇ ਹਮਲਾ ਕਰ ਦਿੱਤਾ।”

“ਇਸ ਸਬੰਧੀ ਸ਼ਿਕਾਇਤ ਸੋਨੀਪਤ ਦੇ ਐਸ.ਪੀ. ਨੂੰ ਭੇਜੀ ਗਈ ਸੀ ਤਾਂ ਕਿ ਕਿਊਆਰਟੀ ਦੇ ਮੈਂਬਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਪਰ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ ਗਿਆ।”

ਇਹ ਵੀ ਪੜ੍ਹੋ

ਨੋਦੀਪ ਕੌਰ
ਤਸਵੀਰ ਕੈਪਸ਼ਨ, ਨੋਦੀਪ ਦੀ ਵੱਡੀ ਭੈਣ ਰਾਜਵੀਰ ਕੌਰ, ਜੋ ਦਿੱਲੀ ਯੂਨੀਵਰਸਿਟੀ ਵਿੱਚ ਪੀਐੱਚਡੀ ਸਕੌਲਰ ਹਨ, ਨੇ ਪ੍ਰੈਸ ਕਾਨਫਰੰਸ ਕੀਤੀ

12 ਜਨਵਰੀ ਨੂੰ ਕੀ ਹੋਇਆ

ਰਾਜਵੀਰ ਕੌਰ ਕਹਿੰਦੇ ਹਨ 12 ਜਨਵਰੀ ਨੂੰ ਜਦੋਂ ਨੋਦੀਪ ਐੱਮਏਐੱਸ ਦੇ ਹੋਰ ਮੈਂਬਰਾਂ ਨਾਲ ਮਿਲਕੇ ਕੇਆਈਏ ਦੇ ਅੰਦਰ ਇੱਕ ਉਦਯੋਗ ਦੇ ਬਾਹਰ ਧਰਨਾ ਦੇ ਰਹੇ ਸਨ, ਪੁਲਿਸ ਅਧਿਕਾਰੀ ਪਹੁੰਚੇ ਅਤੇ ਉਨ੍ਹਾਂ ਦੀ ਭੈਣ ਨੂੰ ਧਰਨੇ ਵਾਲੀ ਜਗ੍ਹਾਂ ਤੋਂ ਗ੍ਰਿਫ਼ਤਾਰ ਕਰਕੇ ਲੈ ਗਏ।

ਉਨ੍ਹਾਂ ਅੱਗੇ ਕਿਹਾ, "ਪੁਲਿਸ ਅਧਿਕਾਰੀਆਂ ਨੇ ਜਾਣ ਬੁੱਝ ਕੇ ਨੋਦੀਪ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹ ਮਹੀਨਿਆਂ ਤੋਂ ਲੰਬਿਤ ਮਜ਼ਦੂਰਾਂ ਦਾ ਮਹਿਨਤਾਨਾ ਅਦਾ ਨਾ ਕਰਨ ਵਾਲੇ ਉਦਯੋਗਾਂ ਦੇ ਮਾਲਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਸੀ।"

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੂੰ ਸਿਰਫ਼ ਪੁਰਸ਼ ਪੁਲਿਸ ਮੁਲਾਜ਼ਮਾਂ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਵੀ ਪੁਰਸ਼ ਪੁਲਿਸ ਵਾਲਿਆਂ ਦੁਆਰਾ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਅਤੇ ਅੰਦਰੂਨੀ ਹਿੱਸਿਆਂ 'ਤੇ ਬੇਰਹਿਮੀ ਨਾਲ ਠੁੱਡੇ ਮਾਰੇ ਗਏ। ਹੁਣ, ਨੋਦੀਪ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹਨ।

ਐੱਸ ਪੀ ਜਸ਼ਨਦੀਪ ਰੰਧਾਵਾ
ਤਸਵੀਰ ਕੈਪਸ਼ਨ, ਐੱਸ ਪੀ ਜਸ਼ਨਦੀਪ ਰੰਧਾਵਾ

ਇਸ ਮਾਮਲੇ ਬਾਰੇ ਪੁਲਿਸ ਦਾ ਪੱਖ

ਸੋਨੀਪਤ ਦੇ ਉਪ ਪੁਲਿਸ ਕਪਤਾਨ ਰਾਓ ਵੀਰੇਂਦਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਪੁਲਿਸ ਦੀ ਟੀਮ ਫੈਕਟਰੀ ਦੇ ਬਾਹਰ ਪਹੁੰਚੀ ਤਾਂ ਮੁਲਜ਼ਮ ਲੜਕੀ ਨੇ 50 ਹੋਰ ਵਿਅਕਤੀਆਂ ਨਾਲ ਮਿਲ ਕੇ ਕੁੰਡਲੀ ਦੇ ਐੱਸਐੱਚਓ ਇੰਸਪੈਕਟਰ ਰਵੀ ਕੁਮਾਰ ਸਮੇਤ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਸੀ।

ਡੀਐੱਸਪੀ ਵੀਰੇਂਦਰ ਦਾ ਕਹਿਣਾ ਸੀ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਹਿਲਾ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਉਸੇ ਸ਼ਾਮ ਜੱਜ ਸਾਹਮਣੇ ਪੇਸ਼ ਕੀਤਾ ਗਿਆ।

ਪੁਲਿਸ ਨੇ ਅੱਗੇ ਕਿਹਾ, "ਉਸ 'ਤੇ ਤਸ਼ੱਦਦ ਢਾਹੇ ਗਏ ਹੁੰਦੇ ਤਾਂ ਉਹ ਜੱਜ ਦੇ ਮੂਹਰੇ ਪੁਲਿਸ ਦੀ ਬੇਰਿਹਮੀ ਦੀ ਸ਼ਿਕਾਇਤ ਕਰ ਸਕਦੀ ਸੀ। ਸਾਰੇ ਇਲਜ਼ਾਮ ਝੂਠੇ ਹਨ।"

ਮਜ਼ਦੂਰ ਅਧਿਕਾਰ ਸੰਗਠਨ ਦੇ ਇੱਕ ਕਾਰਕੁਨ ਰਜੀਤ ਨੇ ਦੱਸਿਆ ਕਿ, ਜਿਸ ਦਿਨ ਨੋਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਹ ਸ਼ਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਨ ਪਰ ਪੁਲਿਸ ਦੀ ਟੀਮ ਆਈ ਅਤੇ ਉਨ੍ਹਾਂ (ਮੁਜ਼ਾਹਰਾਕਾਰੀਆਂ) ਨੂੰ ਬੇਰਿਹਮੀ ਨਾਲ ਕੁੱਟਿਆ।

ਉਨ੍ਹਾਂ ਅੱਗੇ ਦੱਸਿਆ, "ਪੁਲਿਸ ਕਰਮੀ ਆਏ ਅਤੇ ਬਕਾਇਆ ਮਜ਼ਦੂਰੀ ਲਈ ਅੰਦੋਲਨ ਕਰ ਰਹੇ ਮਜ਼ਦੂਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਊਆਰਟੀ ਦੇ ਮੈਂਬਰਾਂ ਦੀ ਮਦਦ ਨਾਲ ਮੁਜ਼ਾਹਰਾਕਾਰੀਆਂ ਦਾ ਪਿੱਛਾ ਕੀਤਾ ਅਤੇ ਨੋਦੀਪ ਕੌਰ ਨੂੰ ਕਾਬੂ ਕਰ ਲਿਆ।"

ਰਜੀਤ ਵੀ ਨੋਦੀਪ ਕੌਰ ਨਾਲ ਕੰਮ ਕਰਦੇ ਸਨ, ਉਨ੍ਹਾਂ ਨੇ ਦੱਸਿਆ ਕਿ ਨੋਦੀਪ ਕੌਰ ਉਦਯੋਗਾਂ ਦੇ ਮਾਲਕਾਂ ਵਲੋਂ ਮਜ਼ਦੂਰੀ ਅਦਾ ਨਾ ਕਰਨ ਸਬੰਧੀ 600 ਸ਼ਕਾਇਤਾਂ ਮਿਲਣ ਤੋਂ ਬਾਅਦ, ਪਰਵਾਸੀ ਮਜ਼ਦੂਰਾਂ ਦੇ ਧਰਨਿਆਂ ਨੂੰ ਸਰਗਰਮੀ ਨਾਲ ਜਾਰੀ ਰੱਖ ਰਹੇ ਸਨ।

ਉਨ੍ਹਾਂ ਕਿਹਾ ਕਿ, "ਇਥੋਂ ਤੱਕ ਕਿ ਨੋਦੀਪ ਨੂੰ ਮਜ਼ਦੂਰਾਂ ਦੀ ਆਵਾਜ਼ ਚੁੱਕਣ ਬਦਲੇ ਧਮਕੀਆਂ ਵੀ ਮਿਲ ਰਹੀਆਂ ਸਨ ਪਰ ਉਹ ਇਨਸਾਫ਼ ਲਈ ਡਟੇ ਰਹੇ ਅਤੇ ਇਸ ਦਾ ਮੁੱਲ ਭੁਗਤਿਆ। "

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)