ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿੱਚੋਂ ਕਿਵੇਂ ਭੱਜੇ ਸਨ, ਜਾਣੋ ਪੂਰੀ ਕਹਾਣੀ

ਨੇਤਾਜੀ ਸੁਭਾਸ਼ ਚੰਦਰ ਬੋਸ

ਤਸਵੀਰ ਸਰੋਤ, Getty Images

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

1940 ਵਿੱਚ ਜਦੋਂ ਹਿਟਲਰ ਦੇ ਬੰਬਾਰ ਲੰਡਨ 'ਤੇ ਬੰਬ ਸੁੱਟ ਰਹੇ ਸਨ, ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਸੁਭਾਸ਼ ਚੰਦਰ ਬੋਸ ਨੂੰ ਕਲਕੱਤਾ ਦੀ ਪ੍ਰੈਜੀਡੈਂਸੀ ਜੇਲ੍ਹ ਵਿੱਚ ਕੈਦ ਕਰ ਰੱਖਿਆ ਸੀ।

ਅੰਗਰੇਜ਼ ਸਰਕਾਰ ਨੇ ਬੋਸ ਨੂੰ 2 ਜੁਲਾਈ, 1940 ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ। 29 ਨਵੰਬਰ, 1940 ਨੂੰ ਸੁਭਾਸ਼ ਚੰਦਰ ਬੋਸ ਨੇ ਜੇਲ੍ਹ ਵਿੱਚ ਆਪਣੀ ਗ੍ਰਿਫ਼ਤਾਰੀ ਦੇ ਵਿਰੁੱਧ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ।

ਇੱਕ ਹਫ਼ਤੇ ਬਾਅਦ 5 ਦਸੰਬਰ ਨੂੰ ਗਵਰਨਰ ਜੌਨ ਹਰਬਰਟ ਨੇ ਇੱਕ ਐਂਬੂਲੈਂਸ ਵਿੱਚ ਬੋਸ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਤਾਂ ਕਿ ਅੰਗਰੇਜ਼ ਸਰਕਾਰ 'ਤੇ ਇਹ ਇਲਜ਼ਾਮ ਨਾ ਲੱਗੇ ਕਿ ਉਨ੍ਹਾਂ ਦੀ ਜੇਲ੍ਹ ਵਿੱਚ ਬੋਸ ਦੀ ਮੌਤ ਹੋਈ ਹੈ।

ਹਰਬਰਟ ਦਾ ਇਰਾਦਾ ਸੀ ਕਿ ਜਿਵੇਂ ਹੀ ਬੋਸ ਦੀ ਸਿਹਤ ਵਿੱਚ ਸੁਧਾਰ ਹੋਵੇਗਾ, ਉਹ ਉਨ੍ਹਾਂ ਨੂੰ ਫਿਰ ਤੋਂ ਹਿਰਾਸਤ ਵਿੱਚ ਲੈ ਲੈਣਗੇ।

ਬੰਗਾਲ ਦੀ ਸਰਕਾਰ ਨੇ ਨਾ ਸਿਰਫ਼ ਉਨ੍ਹਾਂ ਦੇ 38/2 ਅਲਿਗਨ ਰੋਡ ਵਾਲੇ ਘਰ ਦੇ ਬਾਹਰ ਸਾਦੇ ਕੱਪੜਿਆਂ ਵਿੱਚ ਪੁਲਿਸ ਦਾ ਸਖ਼ਤ ਪਹਿਰਾ ਬੈਠਾ ਦਿੱਤਾ ਸੀ ਬਲਕਿ ਇਹ ਪਤਾ ਕਰਨ ਲਈ ਵੀ ਆਪਣੇ ਕੁਝ ਜਾਸੂਸ ਛੱਡ ਰੱਖੇ ਸਨ ਕਿ ਘਰ ਦੇ ਅੰਦਰ ਕੀ ਹੋ ਰਿਹਾ ਹੈ?

ਉਨ੍ਹਾਂ ਵਿੱਚੋਂ ਇੱਕ ਜਾਸੂਸ ਏਜੰਟ 207 ਨੇ ਸਰਕਾਰ ਨੂੰ ਖ਼ਬਰ ਦੇ ਦਿੱਤੀ ਸੀ ਕਿ ਸੁਭਾਸ਼ ਚੰਦਰ ਬੋਸ ਨੇ ਜੇਲ੍ਹ ਤੋਂ ਘਰ ਵਾਪਸ ਆਉਣ ਦੇ ਬਾਅਦ ਜੌਂਆਂ ਦਾ ਦਲੀਆ ਅਤੇ ਸਬਜ਼ੀਆਂ ਦਾ ਸੂਪ ਪੀਤਾ ਸੀ।

ਜੇਲ੍ਹ ਤੋਂ ਆਉਣ ਤੋਂ ਬਾਅਦ ਆਪਣੇ ਘਰ ਸੁਭਾਸ਼ ਚੰਦਰ ਬੋਸ

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਜੇਲ੍ਹ ਤੋਂ ਆਉਣ ਤੋਂ ਬਾਅਦ ਆਪਣੇ ਘਰ ਸੁਭਾਸ਼ ਚੰਦਰ ਬੋਸ

ਉਸ ਦਿਨ ਤੋਂ ਹੀ ਉਨ੍ਹਾਂ ਨੂੰ ਮਿਲਣ ਵਾਲੇ ਹਰ ਸ਼ਖ਼ਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਣ ਲੱਗੀ ਸੀ ਅਤੇ ਬੋਸ ਵੱਲੋਂ ਭੇਜੇ ਹਰ ਖ਼ਤ ਨੂੰ ਡਾਕਘਰ ਵਿੱਚ ਹੀ ਖੋਲ੍ਹ ਕੇ ਪੜ੍ਹਿਆ ਜਾਣ ਲੱਗਿਆ ਸੀ।

'ਆਮਾਰ ਏਕਟਾ ਕਾਜ ਕੌਰਤੇ ਪਾਰਬੇ'

5 ਦਸੰਬਰ ਦੀ ਦੁਪਹਿਰ ਨੂੰ ਸੁਭਾਸ਼ ਨੇ ਆਪਣੇ 20 ਸਾਲਾ ਭਤੀਜੇ ਸ਼ਿਸ਼ਿਰ ਦੇ ਹੱਥ ਨੂੰ ਕੁਝ ਜ਼ਿਆਦਾ ਹੀ ਦੇਰ ਤੱਕ ਆਪਣੇ ਹੱਥ ਵਿੱਚ ਲਿਆ। ਉਸ ਸਮੇਂ ਸੁਭਾਸ਼ ਦੀ ਦਾੜ੍ਹੀ ਵਧੀ ਹੋਈ ਸੀ ਅਤੇ ਉਹ ਆਪਣੇ ਸਿਰਹਾਣੇ 'ਤੇ ਅਧਲੇਟੇ ਹੋਏ ਸਨ।

ਸੁਭਾਸ਼ ਚੰਦਰ ਬੋਸ ਦੇ ਪੋਤੇ ਅਤੇ ਸ਼ਿਸ਼ਿਰ ਬੋਸ ਦੇ ਬੇਟੇ ਸੌਗਾਤ ਬੋਸ ਨੇ ਮੈਨੂੰ ਦੱਸਿਆ ਸੀ, "ਸੁਭਾਸ਼ ਨੇ ਮੇਰੇ ਪਿਤਾ ਦਾ ਹੱਥ ਆਪਣੇ ਹੱਥ ਵਿੱਚ ਲੈਂਦੇ ਹੋਏ ਉਨ੍ਹਾਂ ਤੋਂ ਪੁੱਛਿਆ ਸੀ 'ਆਮਾਰ ਏਕਟਾ ਕਾਜ ਕੌਰਤੇ ਪਾਰਬੇ?'

ਯਾਨਿ 'ਕੀ ਤੁਸੀਂ ਮੇਰਾ ਇੱਕ ਕੰਮ ਕਰੋਗੇ?' ਬਿਨਾਂ ਇਹ ਜਾਣਦੇ ਹੋਏ ਕਿ ਕੰਮ ਕੀ ਹੈ ਸ਼ਿਸ਼ਿਰ ਨੇ ਹਾਮੀ ਭਰ ਦਿੱਤੀ ਸੀ।

ਬਾਅਦ ਵਿੱਚ ਪਤਾ ਲੱਗਿਆ ਕਿ ਉਹ ਭਾਰਤ ਤੋਂ ਗੁਪਤ ਰੂਪ ਨਾਲ ਨਿਕਲਣ ਵਿੱਚ ਸ਼ਿਸ਼ਿਰ ਦੀ ਮਦਦ ਲੈਣਾ ਚਾਹੁੰਦੇ ਸਨ।

ਯੋਜਨਾ ਬਣੀ ਕੀ ਸ਼ਿਸ਼ਿਰ ਆਪਣੇ ਚਾਚੇ ਨੂੰ ਦੇਰ ਰਾਤ ਆਪਣੀ ਕਾਰ ਵਿੱਚ ਬੈਠਾ ਕੇ ਕਲਕੱਤਾ ਤੋਂ ਦੂਰ ਇੱਕ ਰੇਲਵੇ ਸਟੇਸ਼ਨ ਤੱਕ ਲੈ ਜਾਣਗੇ।'

ਸੁਭਾਸ਼ ਅਤੇ ਸ਼ਿਸ਼ਿਰ ਨੇ ਤੈਅ ਕੀਤਾ ਕਿ ਉਹ ਘਰ ਦੇ ਮੁੱਖ ਦੁਆਰ ਤੋਂ ਹੀ ਬਾਹਰ ਨਿਕਲਣਗੇ। ਉਨ੍ਹਾਂ ਕੋਲ ਦੋ ਬਦਲ ਸਨ ਜਾਂ ਤਾਂ ਉਹ ਆਪਣੀ ਜਰਮਨ ਵੋਡਰਰ ਕਾਰ ਇਸਤੇਮਾਲ ਕਰਨ ਜਾਂ ਫਿਰ ਅਮਰੀਕੀ ਸਟੂਡਬੇਕਰ ਪ੍ਰੈਜੀਡੈਂਟ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਨੇਤਾਜੀ ਆਪਣੇ ਭਾਰ ਸ਼ਰਦ ਬੋਸ ਅਤੇ ਮਾਂ ਪ੍ਰਭਾਬਤੀ ਨਾਲ ਆਪਣੇ ਘਰ ਬੈਠ ਹੋਏ

ਅਮਰੀਕੀ ਕਾਰ ਵੱਡੀ ਜ਼ਰੂਰ ਸੀ, ਪਰ ਉਸ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਸੀ। ਇਸ ਲਈ ਇਸ ਯਾਤਰਾ ਲਈ ਵੋਡਰਰ ਕਾਰ ਨੂੰ ਚੁਣਿਆ ਗਿਆ।

ਸ਼ਿਸ਼ਿਰ ਕੁਮਾਰ ਬੋਸ ਆਪਣੀ ਕਿਤਾਬ 'ਦਿ ਗ੍ਰੇਟ ਅਸਕੇਪ' ਵਿੱਚ ਲਿਖਦੇ ਹਨ, "ਅਸੀਂ ਮੱਧ ਕਲਕੱਤਾ ਦੇ ਵੈਚਲ ਮੌਲਾ ਡਿਪਾਰਟਮੈਂਟ ਸਟੋਰ ਵਿੱਚ ਜਾ ਕੇ ਬੋਸ ਦੇ ਭੇਸ ਬਦਲਣ ਲਈ ਕੁਝ ਢਿੱਲੀਆਂ ਸਲਵਾਰਾਂ ਅਤੇ ਇੱਕ ਫ਼ੈਜ਼ ਟੋਪੀ ਖਰੀਦੀ।"

"ਅਗਲੇ ਕੁਝ ਦਿਨਾਂ ਵਿੱਚ ਅਸੀਂ ਇੱਕ ਸੂਟਕੇਸ, ਇੱਕ ਅਟੈਚੀ, ਦੋ ਕਾਰਟਸਵੂਲ ਦੀਆਂ ਕਮੀਜ਼ਾਂ, ਟੌਇਲਟ ਦਾ ਕੁਝ ਸਾਮਾਨ, ਸਿਰਹਾਣਾ ਅਤੇ ਕੰਬਲ ਖਰੀਦਿਆ। ਮੈਂ ਫੇਲਟ ਹੈਟ ਪਹਿਨ ਕੇ ਇੱਕ ਪ੍ਰਿਟਿੰਗ ਪ੍ਰੈੱਸ ਗਿਆ ਅਤੇ ਉੱਥੇ ਮੈਂ ਸੁਭਾਸ਼ ਲਈ ਵਿਜ਼ਿਟਿੰਗ ਕਾਰਡ ਛਪਵਾਉਣ ਦਾ ਆਰਡਰ ਦਿੱਤਾ।"

"ਕਾਰਡ 'ਤੇ ਲਿਖਿਆ ਸੀ, ਮੁਹੰਮਦ ਜ਼ਿਆਊਦੀਨ, ਬੀਏ, ਐੱਲਐੱਲਬੀ, ਟਰੈਵਲਿੰਗ ਇੰਸਪੈਕਟਰ, ਦਿ ਅਮਪਾਇਰ ਆਫ ਇੰਡੀਆ ਇਸ਼ੋਰੈਂਸ ਕੰਪਨੀ ਲਿਮੀਟਿਡ, ਸਥਾਈ ਪਤਾ, ਸਿਵਿਲ ਲਾਈਨਜ਼, ਜਬਲਪੁਰ।'

ਮਾਂ ਨੂੰ ਵੀ ਸ਼ੁਭਾਸ਼ ਦੇ ਜਾਣ ਦੀ ਹਵਾ ਨਹੀਂ

ਯਾਤਰਾ ਦੀ ਇੱਕ ਰਾਤ ਪਹਿਲਾਂ ਸ਼ਿਸ਼ਿਰ ਨੇ ਦੇਖਿਆ ਕਿ ਜੋ ਸੂਟਕੇਸ ਉੁਹ ਖਰੀਦ ਕੇ ਲਿਆਏ ਸਨ, ਉਹ ਵੋਡਰਰ ਕਾਰ ਦੇ ਬੂਟ ਵਿੱਚ ਆ ਰਿਹਾ ਸੀ, ਇਸ ਲਈ ਤੈਅ ਕੀਤਾ ਗਿਆ ਕਿ ਸੁਭਾਸ਼ ਦਾ ਪੁਰਾਣਾ ਸੂਟਕੇਸ ਹੀ ਉਨ੍ਹਾਂ ਨਾਲ ਜਾਵੇਗਾ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਸੁਭਾਸ਼ ਚੰਦਰ ਬੋਸ ਦੇ ਭਤੀਜੇ ਸ਼ਿਸ਼ਿਰ ਕੁਮਾਰ ਬੋਸ

ਉਸ 'ਤੇ ਲਿਖੇ ਗਏ ਉਨ੍ਹਾਂ ਦੇ ਨਾਂ ਐੱਸਸੀਬੀ ਨੂੰ ਮਿਟਾ ਕੇ ਉਸ ਦੀ ਥਾਂ 'ਤੇ ਚੀਨੀ ਸਿਆਹੀ ਨਾਲ ਐੱਮਜ਼ੈੱਡ ਲਿਖਿਆ ਗਿਆ।

16 ਜਨਵਰੀ ਨੂੰ ਕਾਰ ਦੀ ਸਰਵਿਸਿੰਗ ਕਰਾਈ ਗਈ। ਅੰਗਰੇਜ਼ਾਂ ਨੂੰ ਧੋਖਾ ਦੇਣ ਲਈ ਸੁਭਾਸ਼ ਦੇ ਭੱਜ ਜਾਣ ਦੀ ਗੱਲ ਬਾਕੀ ਘਰ ਵਾਲਿਆਂ, ਇੱਥੋਂ ਤੱਕ ਕਿ ਉਨ੍ਹਾਂ ਦੀ ਮਾਂ ਤੋਂ ਵੀ ਛੁਪਾਈ ਗਈ ਸੀ।

ਜਾਣ ਤੋਂ ਪਹਿਲਾਂ ਸੁਭਾਸ਼ ਨੇ ਆਪਣੇ ਪਰਿਵਾਰ ਨਾਲ ਆਖ਼ਰੀ ਵਾਰ ਭੋਜਨ ਕੀਤਾ। ਉਸ ਸਮੇਂ ਉਨ੍ਹਾਂ ਨੇ ਸਿਲਕ ਦਾ ਕੁੜਤਾ ਅਤੇ ਧੋਤੀ ਪਹਿਨੀ ਹੋਈ ਸੀ। ਸੁਭਾਸ਼ ਨੂੰ ਘਰ ਤੋਂ ਨਿਕਲਣ ਵਿੱਚ ਥੋੜ੍ਹੀ ਦੇਰ ਹੋ ਗਈ ਕਿਉਂਕਿ ਘਰ ਦੇ ਬਾਕੀ ਮੈਂਬਰ ਅਜੇ ਜਾਗ ਰਹੇ ਸਨ।

ਬੀਬੀਸੀ
  • ਅੰਗਰੇਜ਼ ਸਰਕਾਰ ਨੇ ਸੁਭਾਸ਼ ਚੰਦਰ ਬੋਸ ਨੂੰ 2 ਜੁਲਾਈ, 1940 ਨੂੰ ਦੇਸ਼ਧ੍ਰੋਹ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ
  • ਪਰ ਬੋਸ ਵੱਲੋਂ ਭੁੱਖ ਹੜਤਾਲ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੀ ਮੌਤ ਜੇਲ੍ਹ 'ਚ ਨਾ ਹੋਵੇ
  • ਬੋਸ ਨੇ ਸਰਕਾਰ ਨੂੰ ਚਕਮਾ ਦਿੰਦੇ ਹੋਏ ਭੱਜਣ ਦੀ ਤਰਕੀਬ ਬਣਾਈ, ਜਿਸ ਦੀ ਖ਼ਬਰ ਉਨ੍ਹਾਂ ਦੇ ਮਾਤਾ ਨੂੰ ਵੀ ਨਹੀਂ ਸੀ
  • ਇਸ ਦੌਰਾਨ ਕਦੇ ਉਹ ਬੀਮਾ ਪਾਲਿਸੀ ਏਜੰਟ ਬਣੇ ਤੇ ਕਦੇ ਇੱਕ ਗੂੰਗਾ ਪਠਾਣ ਦਾ ਭੇਸ ਬਣਾ ਲੈਂਦੇ
  • ਅੰਗਰੇਜ਼ ਸਰਕਾਰ ਨੂੰ ਉਨ੍ਹਾਂ ਦੇ ਭੱਜਣ ਦੇ ਖ਼ਬਰ ਕਈ ਦਿਨ ਬਾਅਦ ਮਿਲੀ ਸੀ
ਬੀਬੀਸੀ

ਸੌਣ ਵਾਲੇ ਕਮਰੇ ਦੀ ਬੱਤੀ ਜਗਦੀ ਛੱਡੀ ਗਈ

ਸੁਭਾਸ਼ ਬੋਸ 'ਤੇ ਕਿਤਾਬ 'ਹਿਜ਼ ਮੇਜੈਸਟੀਜ਼ ਅਪੋਨੈਂਟ' ਲਿਖਣ ਵਾਲੇ ਸੌਗਤ ਬੋਸ ਨੇ ਮੈਨੂੰ ਦੱਸਿਆ, "ਰਾਤ ਇੱਕ ਵੱਜ ਕੇ 35 ਮਿੰਟ ਦੇ ਕਰੀਬ ਸੁਭਾਸ਼ ਬੋਸ ਨੇ ਮੁਹੰਮਦ ਜ਼ਿਆਊਦੀਨ ਦਾ ਭੇਸ ਧਾਰਨ ਕੀਤਾ। ਉਨ੍ਹਾਂ ਨੇ ਸੋਨੇ ਦੇ ਰਿਮ ਦਾ ਆਪਣਾ ਚਸ਼ਮਾ ਪਹਿਨਿਆ ਜਿਸ ਨੂੰ ਉਨ੍ਹਾਂ ਨੇ ਇੱਕ ਦਹਾਕੇ ਪਹਿਲਾਂ ਪਹਿਨਣਾ ਬੰਦ ਕਰ ਦਿੱਤਾ ਸੀ।"

"ਸ਼ਿਸ਼ਿਰ ਦੀ ਲਿਆਂਦੀ ਗਈ ਕਾਬੁਲੀ ਚੱਪਲ ਉਨ੍ਹਾਂ ਨੂੰ ਰਾਸ ਨਹੀਂ ਆਈ। ਇਸ ਲਈ ਉਨ੍ਹਾਂ ਨੇ ਲੰਬੀ ਯਾਤਰਾ ਲਈ ਫੀਤੇਦਾਰ ਚਮੜੇ ਦੇ ਜੁੱਤੇ ਪਹਿਨੇ। ਸੁਭਾਸ਼ ਕਾਰ ਦੀ ਪਿਛਲੀ ਸੀਟ 'ਤੇ ਜਾ ਕੇ ਬੈਠ ਗਏ। ਸ਼ਿਸ਼ਿਰ ਨੇ ਵੋਡਰਰ ਕਾਰ ਬੀਐੱਲਏ 7169 ਦਾ ਇੰਜਣ ਸਟਾਰਟ ਕੀਤਾ ਅਤੇ ਉਸ ਨੂੰ ਘਰ ਦੇ ਬਾਹਰ ਲੈ ਆਏ। ਸੁਭਾਸ਼ ਦੇ ਸੌਣ ਵਾਲੇ ਕਮਰੇ ਦੀ ਬੱਤੀ ਅਗਲੇ ਇੱਕ ਘੰਟੇ ਲਈ ਜਗਦੀ ਛੱਡ ਦਿੱਤੀ ਗਈ।"

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਸੁਭਾਸ਼ ਘਰੋਂ ਨਿਕਲਣ ਵੇਲੇ ਆਪਣੇ ਕਮਰੇ ਦੀ ਲਾਈਟ ਜਗਦੀ ਛੱਡ ਗਏ

ਜਦੋਂ ਸਾਰਾ ਕਲਕੱਤਾ ਗਹਿਰੀ ਨੀਂਦ ਵਿੱਚ ਸੀ। ਚਾਚੇ ਅਤੇ ਭਤੀਜੇ ਨੇ ਲੋਅਰ ਸਰਕੂਲਰ ਰੋਡ, ਸਿਆਲਦਾਹ ਅਤੇ ਹੈਰੀਸਨ ਰੋਡ ਹੁੰਦੇ ਹੋਏ ਹੁਗਲੀ ਨਦੀ 'ਤੇ ਬਣਿਆ ਹਾਵੜਾ ਪੁਲ ਪਾਰ ਕੀਤਾ।

ਦੋਵੇਂ ਚੰਦਰਨਗਰ ਤੋਂ ਗੁਜ਼ਰੇ ਅਤੇ ਸਾਜਰੇ ਆਸਨਸੋਲ ਦੇ ਬਾਹਰੀ ਇਲਾਕੇ ਵਿੱਚ ਪਹੁੰਚ ਗਏ।

ਸਵੇਰੇ ਕਰੀਬ ਸਾਢੇ ਅੱਠ ਵਜੇ ਸ਼ਿਸ਼ਿਰ ਨੇ ਧਨਬਾਦ ਦੇ ਬਰਾਰੀ ਵਿੱਚ ਆਪਣੇ ਭਾਈ ਅਸ਼ੋਕ ਦੇ ਘਰ ਤੋਂ ਕੁਝ 100 ਮੀਟਰ ਦੂਰ ਸੁਭਾਸ਼ ਨੂੰ ਕਾਰ ਤੋਂ ਉਤਾਰਿਆ।

ਸ਼ਿਸ਼ਿਰ ਕੁਮਾਰ ਬੋਸ ਆਪਣੀ ਕਿਤਾਬ 'ਦਿ ਗਰੇਟ ਅਸਕੇਪ' ਵਿੱਚ ਲਿਖਦੇ ਹਨ, "ਮੈਂ ਅਸ਼ੋਕ ਨੂੰ ਦੱਸ ਹੀ ਰਿਹਾ ਸੀ ਕਿ ਮਾਜਰਾ ਕੀ ਹੈ ਕਿ ਕੁਝ ਦੂਰ ਪਹਿਲਾਂ ਉਤਾਰੇ ਗਏ ਇੰਸ਼ੋਰੈਂਸ ਏਜੰਟ ਜ਼ਿਆਊਦੀਨ (ਦੂਜੇ ਭੇਸ ਵਿੱਚ ਸੁਭਾਸ਼) ਨੇ ਘਰ ਵਿੱਚ ਪ੍ਰਵੇਸ਼ ਕੀਤਾ।"

"ਉਹ ਅਸ਼ੋਕ ਨੂੰ ਬੀਮਾ ਪਾਲਿਸੀ ਬਾਰੇ ਦੱਸ ਹੀ ਰਹੇ ਸਨ ਕਿ ਉਨ੍ਹਾਂ ਨੇ ਕਿਹਾ ਕਿ ਇਹ ਗੱਲਬਾਤ ਅਸੀਂ ਸ਼ਾਮ ਨੂੰ ਕਰਾਂਗੇ। ਨੌਕਰਾਂ ਨੂੰ ਆਦੇਸ਼ ਦਿੱਤੇ ਗਏ ਕਿ ਜ਼ਿਆਊਦੀਨ ਦੇ ਆਰਾਮ ਲਈ ਇੱਕ ਕਮਰੇ ਦੀ ਵਿਵਸਥਾ ਕੀਤੀ ਜਾਵੇ।"

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

"ਉਨ੍ਹਾਂ ਦੀ ਮੌਜੂਦਗੀ ਵਿੱਚ ਅਸ਼ੋਕ ਨੇ ਮੇਰੀ ਜ਼ਿਆਊਦੀਨ ਨਾਲ ਅੰਗਰੇਜ਼ੀ ਵਿੱਚ ਜਾਣ ਪਛਾਣ ਕਰਾਈ, ਜਦੋਂਕਿ ਕੁਝ ਮਿੰਟ ਪਹਿਲਾਂ ਮੈਂ ਹੀ ਉਨ੍ਹਾਂ ਨੂੰ ਅਸ਼ੋਕ ਦੇ ਘਰ ਦੇ ਕੋਲ ਆਪਣੀ ਕਾਰ ਤੋਂ ਉਤਾਰਿਆ ਸੀ।"

ਗੋਮੋ ਤੋਂ ਕਾਲਕਾ ਮੇਲ ਲਈ

ਸ਼ਾਮ ਨੂੰ ਗੱਲਬਾਤ ਦੇ ਬਾਅਦ ਜ਼ਿਆਊਦੀਨ ਨੇ ਆਪਣੇ ਮੇਜ਼ਬਾਨ ਨੂੰ ਦੱਸਿਆ ਕਿ ਉਹ ਗੋਮੋ ਸਟੇਸ਼ਨ ਤੋਂ ਕਾਲਕਾ ਮੇਲ ਲੈ ਕੇ ਆਪਣੀ ਅੱਗੇ ਦੀ ਯਾਤਰਾ ਕਰਨਗੇ।

ਕਾਲਮਾ ਕੇਲ ਗੋਮੋ ਸਟੇਸ਼ਨ 'ਤੇ ਦੇਰ ਰਾਤ ਆਉਂਦੀ ਸੀ। ਗੋਮੋ ਸਟੇਸ਼ਨ 'ਤੇ ਨੀਂਦ ਭਰੀਆਂ ਅੱਖਾਂ ਵਾਲੇ ਇੱਕ ਕੁਲੀ ਨੇ ਸੁਭਾਸ਼ ਚੰਦਰ ਬੋਸ ਦਾ ਸਾਮਾਨ ਚੁੱਕਿਆ।

ਸ਼ਿਸ਼ਿਰ ਬੋਸ ਆਪਣੀ ਕਿਤਾਬ ਵਿੱਚ ਲਿਖਦੇ ਹਨ, "ਮੈਂ ਆਪਣੇ ਰੰਗਾਕਾਕਾ ਬਾਬੂ ਨੂੰ ਕੁਲੀ ਦੇ ਪਿੱਛੇ ਹੌਲੀ-ਹੌਲੀ ਓਵਰਬ੍ਰਿਜ 'ਤੇ ਚੜ੍ਹਦੇ ਦੇਖਿਆ। ਥੋੜ੍ਹੀ ਦੇਰ ਬਾਅਦ ਉਹ ਚੱਲਦੇ-ਚੱਲਦੇ ਹਨੇਰੇ ਵਿੱਚ ਗਾਇਬ ਹੋ ਗਏ।"

"ਕੁਝ ਹੀ ਮਿੰਟਾਂ ਵਿੱਚ ਕਲਕੱਤਾ ਤੋਂ ਚੱਲੀ ਕਾਲਕਾ ਮੇਲ ਉੱਥੇ ਪਹੁੰਚ ਗਈ। ਮੈਂ ਉਦੋਂ ਤੱਕ ਸਟੇਸ਼ਨ ਦੇ ਬਾਹਰ ਹੀ ਖੜ੍ਹਾ ਸੀ। ਦੋ ਮਿੰਟ ਬਾਅਦ ਹੀ ਮੈਨੂੰ ਕਾਲਕਾ ਮੇਲ ਦੇ ਅੱਗੇ ਵਧਦੇ ਪਹੀਆਂ ਦੀ ਆਵਾਜ਼ ਸੁਣਾਈ ਦਿੱਤੀ।"

ਸੁਭਾਸ਼ ਚੰਦਰ ਬੋਸ ਦੀ ਟਰੇਨ ਪਹਿਲਾਂ ਦਿੱਲੀ ਪਹੁੰਚੀ। ਫਿਰ ਉੱਥੋਂ ਉਨ੍ਹਾਂ ਨੇ ਸੋਮਵਾਰ ਲਈ ਫਰੰਟੀਅਰ ਮੇਲ ਲਈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਪੇਸ਼ਾਵਰ ਦੇ ਤਾਜਮਹਿਲ ਹੋਟਲ ਵਿੱਚ ਸੁਭਾਸ਼ ਨੂੰ ਠਹਿਰਾਇਆ ਗਿਆ

19 ਜਨਵਰੀ ਦੀ ਦੇਰ ਸ਼ਾਮ ਜਦੋਂ ਫਰੰਟੀਅਰ ਮੇਲ ਪੇਸ਼ਾਵਰ ਦੇ ਕੰਟੋਨਮੈਂਟ ਸਟੇਸ਼ਨ ਵਿੱਚ ਵੜੀ ਤਾਂ ਮੀਆਂ ਅਕਬਰ ਸ਼ਾਹ ਬਾਹਰ ਨਿਕਲਣ ਵਾਲੇ ਗੇਟ ਦੇ ਕੋਲ ਖੜ੍ਹੇ ਸਨ। ਉਨ੍ਹਾਂ ਨੇ ਇੱਕ ਚੰਗੇ ਵਿਅਕਤੀਤਵ ਵਾਲੇ ਮੁਸਲਿਮ ਸ਼ਖ਼ਸ ਨੂੰ ਗੇਟ ਤੋਂ ਬਾਹਰ ਨਿਕਲਦੇ ਦੇਖਿਆ।

ਉਹ ਸਮਝ ਗਏ ਕਿ ਉਹ ਹੋਰ ਕੋਈ ਨਹੀਂ ਦੂਜੇ ਭੇਸ ਵਿੱਚ ਸੁਭਾਸ਼ ਚੰਦਰ ਬੋਸ ਹਨ। ਅਕਬਰ ਸ਼ਾਹ ਉਨ੍ਹਾਂ ਕੋਲ ਗਏ ਅਤੇ ਉਨ੍ਹਾਂ ਨੂੰ ਇੱਕ ਇੰਤਜ਼ਾਰ ਕਰ ਰਹੇ ਟਾਂਗੇ ਵਿੱਚ ਬੈਠਣ ਲਈ ਕਿਹਾ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਇਸੇ ਵੋਡਰਰ ਕਾਰ ਰਾਹੀਂ ਬੋਸ ਕਲਕੱਤਾ ਤੋਂ ਗੋਮੋ ਗਏ ਸਨ

ਉਨ੍ਹਾਂ ਨੇ ਟਾਂਗੇ ਵਾਲੇ ਨੂੰ ਨਿਰਦੇਸ਼ ਦਿੱਤਾ ਕਿ ਉਹ ਇਸ ਸਾਹਬ ਨੂੰ ਡੀਨ ਹੋਟਲ ਲੈ ਜਾਣ। ਫਿਰ ਉਹ ਇੱਕ ਦੂਜੇ ਟਾਂਗੇ ਵਿੱਚ ਬੈਠੇ ਅਤੇ ਸੁਭਾਸ਼ ਦੇ ਟਾਂਗੇ ਦੇ ਪਿੱਛੇ ਚੱਲਣ ਲੱਗੇ।

ਮੀਆਂ ਅਕਬਰ ਸ਼ਾਹ ਆਪਣੀ ਕਿਤਾਬ 'ਨੇਤਾਜੀਜ਼ ਗਰੇਟ ਅਸਕੇਪ' ਵਿੱਚ ਲਿਖਦੇ ਹਨ, 'ਮੇਰੇ ਟਾਂਗੇ ਵਾਲੇ ਨੇ ਮੈਨੂੰ ਕਿਹਾ ਕਿ ਤੁਸੀਂ ਇੰਨੇ ਮਜ਼ਹਬੀ ਮੁਸਲਿਮ ਸ਼ਖ਼ਸ ਨੂੰ ਅਧਰਮੀਆਂ ਦੇ ਹੋਟਲ ਵਿੱਚ ਕਿਉਂ ਲੈ ਕੇ ਜਾ ਰਹੇ ਹੋ। ਤੁਸੀਂ ਉਨ੍ਹਾਂ ਨੂੰ ਕਿਉਂ ਨਹੀਂ ਤਾਜਮਹਿਲ ਹੋਟਲ ਲੈ ਚੱਲਦੇ ਜਿੱਥੇ ਮਹਿਮਾਨਾਂ ਦੇ ਨਮਾਜ਼ ਪੜ੍ਹਨ ਲਈ ਜਾਨਮਾਜ਼ ਅਤੇ ਵਜ਼ੂ ਲਈ ਪਾਣੀ ਵੀ ਉਪਲੱਬਧ ਕਰਾਇਆ ਜਾਂਦਾ ਹੈ?"

"ਮੈਨੂੰ ਵੀ ਲੱਗਿਆ ਕਿ ਬੋਸ ਲਈ ਤਾਜਮਹਿਲ ਹੋਟਲ ਜ਼ਿਆਦਾ ਸੁਰੱਖਿਅਤ ਜਗ੍ਹਾ ਹੋ ਸਕਦੀ ਹੈ ਕਿਉਂਕਿ ਡੀਨ ਹੋਟਲ ਵਿੱਚ ਪੁਲਿਸ ਦੇ ਜਾਸੂਸਾਂ ਦੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ।"

ਉਹ ਅੱਗੇ ਲਿਖਦੇ ਹਨ, "ਲਿਹਾਜ਼ਾ ਅੱਧ ਵਿਚਕਾਰ ਹੀ ਦੋਵੇਂ ਟਾਂਗਿਆਂ ਦੇ ਰਸਤੇ ਬਦਲੇ ਗਏ। ਤਾਜਮਹਿਲ ਹੋਟਲ ਦਾ ਮੈਨੇਜਰ ਮੁਹੰਮਦ ਜ਼ਿਆਊਦੀਨ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਨ੍ਹਾਂ ਲਈ ਫਾਇਰ ਪਲੇਸ ਵਾਲਾ ਇੱਕ ਸੁੰਦਰ ਕਮਰਾ ਖੁੱਲ੍ਹਵਾਇਆ।"

"ਅਗਲੇ ਦਿਨ ਮੈਂ ਸੁਭਾਸ਼ ਚੰਦਰ ਬੋਸ ਨੂੰ ਆਪਣੇ ਇੱਕ ਸਾਥੀ ਆਬਾਦ ਖਾਂ ਦੇ ਘਰ 'ਤੇ ਸ਼ਿਫਟ ਕਰ ਦਿੱਤਾ। ਉੱਥੇ ਅਗਲੇ ਕੁਝ ਦਿਨਾਂ ਵਿੱਚ ਸੁਭਾਸ਼ ਬੋਸ ਨੇ ਜ਼ਿਆਊਦੀਨ ਦਾ ਭੇਸ ਤਿਆਗ ਕੇ ਇੱਕ ਗੂੰਗੇ ਪਠਾਣ ਦਾ ਭੇਸ ਧਾਰਨ ਕਰ ਲਿਆ। ਇਹ ਇਸ ਲਈ ਵੀ ਜ਼ਰੂਰੀ ਸੀ ਕਿਉਂਕਿ ਸੁਭਾਸ਼ ਸਥਾਨਕ ਪਸ਼ਤੋ ਭਾਸ਼ਾ ਬੋਲਣਾ ਨਹੀਂ ਜਾਣਦੇ ਸਨ।'

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Indian railway

ਅੱਡਾ ਸ਼ਰੀਫ ਦੀ ਮਜ਼ਾਰ 'ਤੇ ਜ਼ਿਆਰਤ

ਸੁਭਾਸ਼ ਦੇ ਪੇਸ਼ਾਵਰ ਪਹੁੰਚਣ ਤੋਂ ਪਹਿਲਾਂ ਹੀ ਅਕਬਰ ਨੇ ਤੈਅ ਕਰ ਲਿਆ ਸੀ ਕਿ ਫਾਰਵਰਡ ਬਲਾਕ ਦੇ ਦੋ ਲੋਕ ਮੁਹੰਮਦ ਸ਼ਾਹ ਅਤੇ ਭਗਤਰਾਮ ਤਲਵਾਰ, ਬੋਸ ਨੂੰ ਭਾਰਤ ਦੀ ਸੀਮਾ ਪਾਰ ਕਰਾਉਣਗੇ।

ਭਗਤ ਰਾਮ ਦਾ ਨਾਂ ਬਦਲ ਕੇ ਰਹਿਮਤ ਖਾਂ ਕਰ ਦਿੱਤਾ ਗਿਆ। ਤੈਅ ਹੋਇਆ ਕਿ ਉਹ ਆਪਣੇ ਗੂੰਗੇ ਰਿਸ਼ਤੇਦਾਰ ਜ਼ਿਆਊਦੀਨ ਨੂੰ ਅੱਡਾ ਸ਼ਰੀਫ਼ ਦੀ ਮਜ਼ਾਰ ਲੈ ਜਾਣਗੇ, ਜਿੱਥੇ ਉਨ੍ਹਾਂ ਦੇ ਫਿਰ ਤੋਂ ਬੋਲਣ ਅਤੇ ਸੁਣਨ ਦੀ ਦੁਆ ਮੰਗੀ ਜਾਵੇਗੀ।

26 ਜਨਵਰੀ, 1941 ਦੀ ਸਵੇਰ ਮੁਹੰਮਦ ਜ਼ਿਆਊਦੀਨ ਅਤੇ ਰਹਿਮਤ ਖਾਂ ਇੱਕ ਕਾਰ ਵਿੱਚ ਰਵਾਨਾ ਹੋਏ। ਦੁਪਹਿਰ ਤੱਕ ਉਨ੍ਹਾਂ ਨੇ ਉਦੋਂ ਦੇ ਬ੍ਰਿਟਿਸ਼ ਸਮਾਰਾਜ ਦੀ ਸੀਮਾ ਪਾਰ ਕਰ ਲਈ ।

ਉੱਥੇ ਉਨ੍ਹਾਂ ਨੇ ਕਾਰ ਛੱਡ ਕੇ ਉੱਤਰ ਪੱਛਮੀ ਸੀਮਾ ਦੇ ਊਬੜ-ਖਾਬੜ ਕਬਾਇਲੀ ਇਲਾਕੇ ਵਿੱਚ ਪੈਦਲ ਵਧਣਾ ਸ਼ੁਰੂ ਕਰ ਦਿੱਤਾ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Hulton-Deutsch Collection/CORBIS/Corbis via Getty

ਤਸਵੀਰ ਕੈਪਸ਼ਨ, ਉਸ ਜ਼ਮਾਨੇ ਦਾ ਪੇਸ਼ਾਵਰ ਸ਼ਹਿਰ

27-28 ਜਨਵਰੀ ਦੀ ਅੱਧੀ ਰਾਤ ਉਹ ਅਫ਼ਗਾਨਿਸਤਾਨ ਦੇ ਇੱਕ ਪਿੰਡ ਵਿੱਚ ਪਹੁੰਚੇ।

ਮੀਆਂ ਅਕਬਰ ਸ਼ਾਹ ਆਪਣੀ ਕਿਤਾਬ ਵਿੱਚ ਲਿਖਦੇ ਹਨ, 'ਇਨ੍ਹਾਂ ਲੋਕਾਂ ਨੇ ਚਾਹ ਦੇ ਡੱਬਿਆਂ ਨਾਲ ਭਰੇ ਇੱਕ ਟਰੱਕ ਵਿੱਚ ਲਿਫਟ ਲਈ ਅਤੇ 28 ਜਨਵਰੀ ਦੀ ਰਾਤ ਜਲਾਲਾਬਾਦ ਪਹੁੰਚ ਗਏ। ਅਗਲੇ ਦਿਨ ਉਨ੍ਹਾਂ ਨੇ ਜਲਾਲਾਬਾਦ ਕੋਲ ਅੱਡਾ ਸ਼ਰੀਫ਼ ਮਜ਼ਾਰ 'ਤੇ ਜ਼ਿਆਰਤ ਕੀਤੀ।

30 ਜਨਵਰੀ ਨੂੰ ਉਨ੍ਹਾਂ ਨੇ ਟਾਂਗੇ ਰਾਹੀਂ ਕਾਬਲ ਵੱਲ ਵਧਣਾ ਸ਼ੁਰੂ ਕੀਤਾ। ਫਿਰ ਉਹ ਇੱਕ ਟਰੱਕ 'ਤੇ ਬੈਠ ਕੇ ਬੁਦ ਖਾਕ ਦੇ ਚੈੱਕ ਪੁਆਇੰਟ 'ਤੇ ਪਹੁੰਚੇ। ਉੱਥੋਂ ਇੱਕ ਹੋਰ ਟਾਂਗਾ ਕਰਕੇ ਉਹ 31 ਜਨਵਰੀ, 1941 ਦੀ ਸਵੇਰ ਕਾਬੁਲ ਵਿੱਚ ਦਾਖਲ ਹੋਏ।'

ਨੇਤਾ ਜੀ ਦੀ ਕਲਕੱਤਾ ਵਿੱਚ ਰਿਹਾਇਸ਼ ਜੋ ਹੁਣ ਯਾਦਗਾਰ ਹੈ ਅਤੇ ਨੇਤਾ ਜੀ ਰਿਸਰਚ ਬਿਊਰੋ ਦਾ ਦਫ਼ਤਰ ਵੀ ਹੈ

ਤਸਵੀਰ ਸਰੋਤ, Gurkirpal Singh/BBC

ਤਸਵੀਰ ਕੈਪਸ਼ਨ, ਨੇਤਾ ਜੀ ਦੀ ਕਲਕੱਤਾ ਵਿੱਚ ਰਿਹਾਇਸ਼ ਜੋ ਹੁਣ ਯਾਦਗਾਰ ਹੈ ਅਤੇ ਨੇਤਾ ਜੀ ਰਿਸਰਚ ਬਿਊਰੋ ਦਾ ਦਫ਼ਤਰ ਵੀ ਹੈ

'ਆਨੰਦ ਬਾਜ਼ਾਰ ਪੱਤ੍ਰਿਕਾ' ਵਿੱਚ ਸੁਭਾਸ਼ ਦੇ ਗਾਇਬ ਹੋਣ ਦੀ ਖ਼ਬਰ ਛਪੀ

ਇਸ ਵਿਚਕਾਰ ਸੁਭਾਸ਼ ਨੂੰ ਗੋਮੋ ਛੱਡ ਕੇ ਸ਼ਿਸ਼ਿਰ 18 ਜਨਵਰੀ ਨੂੰ ਕਲਕੱਤਾ ਵਾਪਸ ਪਹੁੰਚ ਗਏ ਅਤੇ ਆਪਣੇ ਪਿਤਾ ਨਾਲ ਸੁਭਾਸ਼ ਚੰਦਰ ਬੋਸ ਦੇ ਰਾਜਨੀਤਕ ਗੁਰੂ ਚਿਤਰੰਜਨ ਦਾਸ ਦੀ ਪੋਤੀ ਦੇ ਵਿਆਹ ਵਿੱਚ ਸ਼ਾਮਲ ਹੋਏ।

ਉੱਥੇ ਜਦੋਂ ਉਨ੍ਹਾਂ ਤੋਂ ਲੋਕਾਂ ਨੇ ਸੁਭਾਸ਼ ਦੀ ਸਿਹਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਚਾਚਾ ਗੰਭੀਰ ਰੂਪ ਨਾਲ ਬਿਮਾਰ ਹਨ।

ਸੌਗਤ ਬੋਸ ਆਪਣੀ ਕਿਤਾਬ 'ਹਿਜ਼ ਮੇਜੈਸਟੀਜ਼ ਅਪੋਨੈਂਟ' ਵਿੱਚ ਲਿਖਦੇ ਹਨ, "ਇਸ ਵਿਚਕਾਰ ਰੋਜ਼ ਸੁਭਾਸ਼ ਬੋਸ ਦੇ ਅਲਿਗਨ ਰੋਡ ਵਾਲੇ ਘਰ ਦੇ ਉਨ੍ਹਾਂ ਦੇ ਕਮਰੇ ਵਿੱਚ ਖਾਣਾ ਪਹੁੰਚਾਇਆ ਜਾਂਦਾ ਰਿਹਾ। ਉਹ ਖਾਣਾ ਉਨ੍ਹਾਂ ਦੇ ਭਤੀਜੇ ਅਤੇ ਭਤੀਜੀਆਂ ਖਾਂਦੇ ਰਹੇ ਤਾਂ ਕਿ ਲੋਕਾਂ ਨੂੰ ਲੱਗਦਾ ਰਹੇ ਕਿ ਸੁਭਾਸ਼ ਅਜੇ ਵੀ ਆਪਣੇ ਕਮਰੇ ਵਿੱਚ ਹਨ।"

"ਸੁਭਾਸ਼ ਨੇ ਸ਼ਿਸ਼ਿਰ ਨੂੰ ਕਿਹਾ ਸੀ ਕਿ ਜੇਕਰ ਉਹ ਚਾਰ ਜਾਂ ਪੰਜ ਦਿਨਾਂ ਤੱਕ ਮੇਰੇ ਭੱਜ ਜਾਣ ਦੀ ਖ਼ਬਰ ਛੁਪਾ ਗਏ ਤਾਂ ਫਿਰ ਉਨ੍ਹਾਂ ਨੂੰ ਕੋਈ ਨਹੀਂ ਫੜ ਸਕੇਗਾ। 27 ਜਨਵਰੀ ਨੂੰ ਇੱਕ ਅਦਾਲਤ ਵਿੱਚ ਸੁਭਾਸ਼ ਖਿਲਾਫ਼ ਇੱਕ ਮੁਕੱਦਮੇ ਦੀ ਸੁਣਵਾਈ ਹੋਣੀ ਸੀ। ਤੈਅ ਕੀਤਾ ਗਿਆ ਕਿ ਉਸੇ ਦਿਨ ਅਦਾਲਤ ਨੂੰ ਦੱਸਿਆ ਜਾਵੇਗਾ ਕਿ ਸੁਭਾਸ਼ ਦਾ ਘਰ ਵਿੱਚ ਕੋਈ ਪਤਾ ਨਹੀਂ ਹੈ।"

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Getty Images

ਸੁਭਾਸ਼ ਦੇ ਦੋ ਭਤੀਜਿਆਂ ਨੇ ਪੁਲਿਸ ਨੂੰ ਖ਼ਬਰ ਦਿੱਤੀ ਕਿ ਉਹ ਘਰੋਂ ਗਾਇਬ ਹੋ ਗਏ ਹਨ। ਇਹ ਸੁਣ ਕੇ ਸੁਭਾਸ਼ ਦੀ ਮਾਂ ਪ੍ਰਭਾਬਤੀ ਦਾ ਰੋਂਦੇ-ਰੋਂਦੇ ਬੁਰਾ ਹਾਲ ਹੋ ਗਿਆ।

ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਸੁਭਾਸ਼ ਦੇ ਭਾਈ ਸਰਤ ਨੇ ਆਪਣੇ ਬੇਟੇ ਸ਼ਿਸ਼ਿਰ ਨੂੰ ਉੁਸੀ ਵੋਡਰਰ ਕਾਰ ਵਿੱਚ ਸੁਭਾਸ਼ ਦੀ ਤਲਾਸ਼ ਲਈ ਕਾਲੀਘਾਟ ਮੰਦਿਰ ਭੇਜਿਆ।

27 ਜਨਵਰੀ ਨੂੰ ਸੁਭਾਸ਼ ਦੇ ਗਾਇਬ ਹੋਣ ਦੀ ਖ਼ਬਰ ਸਭ ਤੋਂ ਪਹਿਲਾਂ 'ਆਨੰਦ ਬਾਜ਼ਾਰ ਪੱਤ੍ਰਿਕਾ' ਅਤੇ 'ਹਿੰਦੁਸਤਾਨ ਹੇਰਲਡ' ਵਿੱਚ ਛਪੀ। ਇਸ ਦੇ ਬਾਅਦ ਉਸ ਨੂੰ ਰੌਇਟਰਜ਼ ਨੇ ਚੁੱਕਿਆ, ਜਿੱਥੋਂ ਇਹ ਖ਼ਬਰ ਪੂ ਦੁਨੀਆ ਵਿੱਚ ਫੈਲ ਗਈ।

ਇਹ ਸੁਣ ਕੇ ਬ੍ਰਿਟਿਸ਼ ਖੁਫ਼ੀਆ ਅਧਿਕਾਰੀ ਨਾ ਸਿਰਫ਼ ਹੈਰਾਨ ਰਹਿ ਗਏ ਬਲਕਿ ਸ਼ਰਮਿੰਦਾ ਵੀ ਹੋਏ।

ਸ਼ਿਸ਼ਿਰ ਕੁਮਾਰ ਬੋਸ ਆਪਣੀ ਕਿਤਾਬ 'ਰਿਮੈਂਬਰਿੰਗ ਮਾਈ ਫਾਦਰ' ਵਿੱਚ ਲਿਖਦੇ ਹਨ, "ਮੈਂ ਅਤੇ ਮੇਰੇ ਪਿਤਾ ਨੇ ਇਨ੍ਹਾਂ ਅਫ਼ਵਾਹਾਂ ਨੂੰ ਬਲ ਦਿੱਤਾ ਕਿ ਸੁਭਾਸ਼ ਨੇ ਸੰਨਿਆਸ ਲੈ ਲਿਆ ਹੈ। ਜਦੋਂ ਮਹਾਤਮਾ ਗਾਂਧੀ ਨੇ ਸੁਭਾਸ਼ ਦੇ ਗਾਇਬ ਹੋ ਜਾਣ ਬਾਰੇ ਟੈਲੀਗ੍ਰਾਮ ਕੀਤਾ ਤਾਂ ਮੇਰੇ ਪਿਤਾ ਨੇ ਤਿੰਨ ਸ਼ਬਦ ਦਾ ਜਵਾਬ ਦਿੱਤਾ, "ਸਰਕਮਸਟਾਂਸੇਜ ਇੰਡੀਕੇਟ ਰਿਨੁਨਿਸਏਸ਼ਨ' (ਹਾਲਾਤ ਸੰਨਿਆਸ ਵੱਲ ਇਸ਼ਾਰਾ ਕਰ ਰਹੇ ਹਨ)।"

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Getty Images

"ਪਰ ਉਹ ਰਬਿੰਦਰਨਾਥ ਟੈਗੋਰ ਨਾਲ ਇਸ ਬਾਰੇ ਝੂਠ ਨਹੀਂ ਬੋਲ ਸਕੇ। ਜਦੋਂ ਟੈਗੋਰ ਦਾ ਤਾਰ ਉਨ੍ਹਾਂ ਕੋਲ ਆਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, 'ਸੁਭਾਸ਼ ਜਿੱਥੇ ਕਿਤੇ ਵੀ ਹੋਣ, ਉਨ੍ਹਾਂ ਨੂੰ ਤੁਹਾਡਾ ਆਸ਼ੀਰਵਾਦ ਮਿਲਦਾ ਰਹੇ।"

ਵਾਇਸਰਾਏ ਲਿਨਲਿਥਗੋ ਅੱਗ ਬਬੂਲਾ ਹੋਏ

ਉੱਧਰ ਜਦੋਂ ਵਾਇਸਰਾਏ ਲਿਨਲਿਥਗੋ ਨੂੰ ਸੁਭਾਸ਼ ਬੋਸ ਦੇ ਭੱਜ ਨਿਕਲਣ ਦੀ ਖ਼ਬਰ ਮਿਲੀ ਤਾਂ ਉਹ ਬੰਗਾਲ ਦੇ ਗਵਰਨਰ ਜੋਹਨ ਹਰਬਰਟ 'ਤੇ ਬਹੁਤ ਨਾਰਾਜ਼ ਹੋਏ।

ਹਰਬਰਟ ਨੇ ਆਪਣੀ ਸਫ਼ਾਈ ਵਿੱਚ ਕਿਹਾ ਕਿ ਜੇਕਰ ਸੁਭਾਸ਼ ਦੇ ਭਾਰਤ ਤੋਂ ਬਾਹਰ ਨਿਕਲ ਜਾਣ ਦੀ ਖ਼ਬਰ ਸਹੀ ਹੈ ਤਾਂ ਹੋ ਸਕਦਾ ਹੈ ਕਿ ਬਾਅਦ ਵਿੱਚ ਸਾਨੂੰ ਇਸ ਦਾ ਫਾਇਦਾ ਮਿਲੇ।

ਪਰ ਲਿਨਲਿਥਗੋ ਇਸ ਤਰਕ ਨਾਲ ਪ੍ਰਭਾਵਿਤ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬ੍ਰਿਟਿਸ਼ ਸਰਕਾਰ ਦੀ ਬਦਨਾਮੀ ਹੋਈ ਹੈ।

ਕਲਕੱਤਾ ਦੀ ਸਪੈਸ਼ਲ ਬਰਾਂਚ ਦੇ ਡਿਪਟੀ ਕਮਿਸ਼ਨਰ ਜੇਵੀਬੀ ਜਾਨਵਿਰਨ ਦਾ ਵਿਸ਼ਲੇਸ਼ਣ ਬਿਲਕੁਲ ਸਟੀਕ ਸੀ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ , NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਨਾਲ ਸੁਭਾਸ਼ ਚੰਦਰ ਬੋਸ

ਉਨ੍ਹਾਂ ਨੇ ਲਿਖਿਆ 'ਹੋ ਸਕਦਾ ਹੈ ਕਿ ਸੁਭਾਸ਼ ਸੰਨਿਆਸੀ ਬਣ ਗਏ ਹੋਣ, ਪਰ ਉਨ੍ਹਾਂ ਨੇ ਅਜਿਹਾ ਧਾਰਮਿਕ ਕਾਰਨਾਂ ਤੋਂ ਨਹੀਂ ਬਲਕਿ ਕ੍ਰਾਂਤੀ ਦੀ ਯੋਜਨਾ ਬਣਾਉਣ ਲਈ ਕੀਤਾ ਹੈ।'

ਸੁਭਾਸ਼ ਚੰਦਰ ਬੋਸ ਨੇ ਜਰਮਨ ਦੂਤਾਵਾਸ ਨਾਲ ਕੀਤਾ ਸੰਪਰਕ

31 ਜਨਵਰੀ ਨੂੰ ਪੇਸ਼ਾਵਰ ਪਹੁੰਚਣ ਦੇ ਬਾਅਦ ਰਹਿਮਤ ਖਾਂ ਅਤੇ ਉਨ੍ਹਾਂ ਦੇ ਗੂੰਗੇ-ਬੋਲੇ ਰਿਸ਼ਤੇਦਾਰ ਜ਼ਿਆਊਦੀਨ, ਲਾਹੌਰੀ ਗੇਟ ਕੋਲ ਇੱਕ ਸਰਾਏ ਵਿੱਚ ਠਹਿਰੇ।

ਇਸ ਵਿਚਕਾਰ ਰਹਿਮਤ ਖਾਂ ਨੇ ਉੱਥੋਂ ਦੇ ਸੋਵੀਅਤ ਦੂਤਾਵਾਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।

ਜਦੋਂ ਸੁਭਾਸ਼ ਨੇ ਖੁਦ ਜਰਮਨ ਦੂਤਾਵਾਸ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨਾਲ ਮਿਲਣ ਦੇ ਬਾਅਦ ਕਾਬੁਲ ਦੂਤਾਵਾਸ ਵਿੱਚ ਜਰਮਨ ਮਿਨਿਸਟਰ ਹੋਂਸ ਪਿਲਗੇਰ ਨੇ 5 ਫਰਵਰੀ ਨੂੰ ਜਰਮਨ ਵਿਦੇਸ਼ ਮੰਤਰੀ ਨੂੰ ਤਾਰ ਭੇਜ ਕੇ ਕਿਹਾ, 'ਸੁਭਾਸ਼ ਨਾਲ ਮੁਲਾਕਾਤ ਦੇ ਬਾਅਦ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਦੋਸਤਾਂ ਵਿਚਕਾਰ ਬਾਜ਼ਾਰ ਵਿੱਚ ਆਪਣੇ ਆਪ ਨੂੰ ਲੁਕਾ ਕੇ ਰੱਖਣ। ਮੈਂ ਉਨ੍ਹਾਂ ਵੱਲੋਂ ਰੂਸੀ ਰਾਜਦੂਤ ਨਾਲ ਸੰਪਰਕ ਕੀਤਾ ਹੈ।'

ਬਰਲਿਨ ਅਤੇ ਮਾਸਕੋ ਤੋਂ ਉਨ੍ਹਾਂ ਦੇ ਉੱਥੋਂ ਨਿਕਲਣ ਦੀ ਸਹਿਮਤੀ ਆਉਣ ਤੱਕ ਬੋਸ ਸੀਮੇਂਸ ਕੰਪਨੀ ਦੇ ਹੇਰ ਟੌਮਸ ਜ਼ਰੀਏ ਜਰਮਨ ਲੀਡਰਾਂ ਦੇ ਸੰਪਰਕ ਵਿੱਚ ਰਹੇ।

ਵਾਇਰਸ ਲਿਲਿਥਗੋ

ਤਸਵੀਰ ਸਰੋਤ, Keystone/Hulton Archive/Getty Images

ਤਸਵੀਰ ਕੈਪਸ਼ਨ, ਵਾਇਰਸ ਲਿਲਿਥਗੋ

ਇਸ ਵਿਚਕਾਰ ਸਰਾਏ ਵਿੱਚ ਸੁਭਾਸ਼ ਬੋਸ ਅਤੇ ਰਹਿਮਤ ਖਾਂ 'ਤੇ ਖਤਰਾ ਮੰਡਰਾ ਰਿਹਾ ਹੈ। ਇੱਕ ਅਫ਼ਗਾਨ ਪੁਲਿਸ ਵਾਲੇ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ ਸੀ।

ਉਨ੍ਹਾਂ ਦੋਵਾਂ ਨੇ ਪਹਿਲਾਂ ਕੁਝ ਰੁਪਏ ਦੇ ਕੇ ਅਤੇ ਬਾਅਦ ਵਿੱਚ ਸੁਭਾਸ਼ ਦੀ ਸੋਨੇ ਦੀ ਘੜੀ ਦੇ ਕੇ ਉਨ੍ਹਾਂ ਤੋਂ ਆਪਣਾ ਪਿੰਡ ਛੁਡਵਾਇਆ। ਇਹ ਘੜੀ ਸੁਭਾਸ਼ ਨੂੰ ਉਨ੍ਹਾਂ ਦੇ ਪਿਤਾ ਨੇ ਤੋਹਫ਼ੇ ਵਿੱਚ ਦਿੱਤੀ ਸੀ।

ਇਟਾਲੀਅਨ ਡਿਪਲੋਮੈਟ ਦੇ ਪਾਸਪੋਰਟ ਵਿੱਚ ਬੋਸ ਦੀ ਤਸਵੀਰ

ਕੁਝ ਦਿਨਾਂ ਬਾਅਦ ਸੀਮੇਂਸ ਦੇ ਹੇਰ ਟੋਮਸ ਜ਼ਰੀਏ ਸੁਭਾਸ਼ ਬੋਸ ਕੋਲ ਸੰਦੇਸ਼ ਆਇਆ ਕਿ ਜੇਕਰ ਉਹ ਆਪਣੀ ਅਫ਼ਗਾਨਿਸਤਾਨ ਤੋਂ ਨਿਕਲ ਜਾਣ ਦੀ ਯੋਜਨਾ 'ਤੇ ਅਮਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਬੁਲ ਵਿੱਚ ਇਟਲੀ ਦੇ ਰਾਜਦੂਤ ਪਾਇਤਰੋ ਕਵਾਰੋਨੀ ਨੂੰ ਮਿਲਣਾ ਚਾਹੀਦਾ ਹੈ।

22 ਫਰਵਰੀ, 1941 ਦੀ ਰਾਤ ਨੂੰ ਬੋਸ ਨੇ ਇਟਲੀ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ 16 ਦਿਨ ਬਾਅਦ 10 ਮਾਰਚ, 1941 ਨੂੰ ਇਟਾਲੀਅਨ ਰਾਜਦੂਤ ਦੀ ਰੂਸੀ ਪਤਨੀ ਸੁਭਾਸ਼ ਚੰਦਰ ਬੋਸ ਲਈ ਇੱਕ ਸੰਦੇਸ਼ ਲੈ ਕੇ ਆਈ ਜਿਸ ਵਿੱਚ ਕਿਹਾ ਗਿਆ ਸੀ ਕਿ ਸੁਭਾਸ਼ ਦੂਜੇ ਕੱਪੜਿਆਂ ਵਿੱਚ ਇੱਕ ਤਸਵੀਰ ਖਿਚਵਾਉਣ।

ਓਰਲਾਂਡੋ ਮਜ਼ੋਟਾ ਦੇ ਪਾਸਪੋਰਟ ਉੱਤੇ ਨੇਤਾਜੀ ਦੀ ਇਹੀ ਤਸਵੀਰ ਚਿਪਕਾਈ ਗਈ ਸੀ

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਓਰਲਾਂਡੋ ਮਜ਼ੋਟਾ ਦੇ ਪਾਸਪੋਰਟ ਉੱਤੇ ਨੇਤਾਜੀ ਦੀ ਇਹੀ ਤਸਵੀਰ ਚਿਪਕਾਈ ਗਈ ਸੀ

ਸੌਗਤ ਬੋਸ ਆਪਣੀ ਕਿਤਾਬ 'ਹਿਜ਼ ਮੇਜੈਸਟੀਜ਼ ਅਪੋਨੈਂਟ' ਵਿੱਚ ਲਿਖਦੇ ਹਨ, 'ਸੁਭਾਸ਼ ਦੀ ਉਸ ਤਸਵੀਰ ਨੂੰ ਇੱਕ ਇਟਾਲੀਅਨ ਡਿਪਲੋਮੈਟ ਓਰਲਾਂਡੋ ਮਜ਼ੋਟਾ ਦੇ ਪਾਸਪੋਰਟ ਵਿੱਚ ਉਸ ਦੀ ਤਸਵੀਰ ਦੀ ਜਗ੍ਹਾ ਲਗਾ ਦਿੱਤਾ ਗਿਆ।'

17 ਮਾਰਚ ਦੀ ਰਾਤ ਸੁਭਾਸ਼ ਨੂੰ ਇੱਕ ਇਟਾਲੀਅਨ ਡਿਪਲੋਮੈਟ ਸਿਨੋਰ ਕਰੇਸਸਿਨੀ ਦੇ ਘਰ ਸ਼ਿਫਟ ਕਰ ਦਿੱਤਾ ਗਿਆ।

ਸਵੇਰੇ ਤੜਕੇ ਉਹ ਇੱਕ ਜਰਮਨ ਇੰਜੀਨੀਅਰ ਵੇਂਗਰ ਅਤੇ ਦੋ ਹੋਰ ਲੋਕਾਂ ਨਾਲ ਕਾਰ ਰਾਹੀਂ ਰਵਾਨਾ ਹੋਏ।

ਉਹ ਅਫ਼ਗਾਨਿਸਤਾਨ ਦੀ ਸੀਮਾ ਪਾਰ ਕਰਦੇ ਹੋਏ ਪਹਿਲਾਂ ਸਮਰਕੰਦ ਪਹੁੰਚੇ ਅਤੇ ਫਿਰ ਟਰੇਨ ਤੋਂ ਮਾਸਕੋ ਲਈ ਰਵਾਨਾ ਹੋਏ।

ਉੱਥੋਂ ਸੁ਼ਭਾਸ਼ ਚੰਦਰ ਬੋਸ ਨੇ ਜਰਮਨੀ ਦੀ ਰਾਜਧਾਨੀ ਬਰਲਿਨ ਦਾ ਰੁਖ਼ ਕੀਤਾ।'

ਟੈਗੋਰ ਨੇ ਸੁਭਾਸ਼ ਬੋਸ 'ਤੇ ਲਿਖੀ ਇੱਕ ਕਹਾਣੀ

ਸੁਭਾਸ਼ ਬੋਸ ਦੇ ਸੁਰੱਖਿਅਤ ਜਰਮਨੀ ਪਹੁੰਚ ਜਾਣ ਤੋਂ ਬਾਅਦ ਉਨ੍ਹਾਂ ਦੇ ਭਾਈ ਸ਼ਰਤਚੰਦਰ ਬੋਸ ਬਿਮਾਰ ਰਬਿੰਦਰਨਾਥ ਟੈਗੋਰ ਨੂੰ ਮਿਲਣ ਸ਼ਾਂਤੀ ਨਿਕੇਤਨ ਗਏ।

Subhas Chandra Bose, ParakramDivas, ਨੇਤਾਜੀ ਸੁਭਾਸ਼ ਚੰਦਰ ਬੋਸ, NetajiSubhasChandraBose, 125th Birth Anniversary, Azad Hind Fauj

ਤਸਵੀਰ ਸਰੋਤ, Netaji research bureau

ਤਸਵੀਰ ਕੈਪਸ਼ਨ, ਰਵਿੰਦਰ ਨਾਥ ਟੈਗੋਰ ਨਾਲ ਸੁਭਾਸ਼ ਚੰਦਰ ਬੋਸ ਅਤੇ ਉਨ੍ਹਾਂ ਭਰਾ ਸ਼ਰਦ ਬੋਸ

ਉੱਥੋਂ ਉਨ੍ਹਾਂ ਨੇ ਮਹਾਨ ਕਵੀ ਨਾਲ ਬੋਸ ਦੇ ਅੰਗਰੇਜ਼ੀ ਪਹਿਰੇ ਤੋਂ ਬਚ ਨਿਕਲਣ ਦੀ ਖ਼ਬਰ ਸਾਂਝੀ ਕੀਤੀ।

ਅਗਸਤ 1941 ਵਿੱਚ ਆਪਣੀ ਮੌਤ ਤੋਂ ਕੁਝ ਪਹਿਲਾਂ ਲਿਖੀ ਸ਼ਾਇਦ ਆਪਣੀ ਆਖਰੀ ਕਹਾਣੀ 'ਬਦਨਾਮ' ਵਿੱਚ ਟੈਗੋਰ ਨੇ ਆਜ਼ਾਦੀ ਦੀ ਤਲਾਸ਼ ਵਿੱਚ ਨਿਕਲੇ ਇੱਕ ਇਕੱਲੇ ਤੀਰਥ ਯਾਤਰੀ ਦੀ ਅਫ਼ਗਾਨਿਸਤਾਨ ਦੇ ਊਬੜ-ਖਾਬੜ ਰਸਤਿਆਂ ਤੋਂ ਗੁਜ਼ਰਨ ਦਾ ਬਹੁਤ ਮਾਰਮਿਕ ਚਿੱਤਰਣ ਖਿੱਚਿਆ ਹੈ।

ਬੀਬੀਸੀ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)