ਇੰਸਟਾਗ੍ਰਾਮ ਦੀ ਮਸ਼ਹੂਰ ਹਸਤੀ ਜੋ ਆਪਣੇ ਫੌਲੋਅਰਜ਼ ਨੂੰ ਗੁਲਾਮ ਬਣਾਉਂਦੀ ਤੇ ਦੇਹ ਵਪਾਰ ਲਈ ਮਜਬੂਰ ਕਰਦੀ ਸੀ

ਸੋਸ਼ਲ ਮੀਡੀਆ
    • ਲੇਖਕ, ਹੰਨਾਹ ਪ੍ਰਾਈਸ
    • ਰੋਲ, ਬੀਬੀਸੀ ਆਈ ਇਨਵੈਸਟੀਗੇਸ਼ਨਜ਼

ਸਤੰਬਰ 2022 ਵਿੱਚ ਜਦੋਂ ਦੋ ਨੌਜਵਾਨ ਬ੍ਰਾਜ਼ੀਲੀਅਨ ਔਰਤਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਐੱਫਬੀਆਈ ਨੇ ਉਨ੍ਹਾਂ ਨੂੰ ਲੱਭਣ ਲਈ ਪੂਰੇ ਅਮਰੀਕਾ ਵਿੱਚ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਬਸ ਇੰਨਾ ਹੀ ਪਤਾ ਸੀ ਕਿ ਉਹ ਵੈੱਲਨੈੱਸ ਇਨਫਲੂਐਂਸਰ ਕੈਟ ਟੋਰੇਸ ਨਾਲ ਰਹਿ ਰਹੀਆਂ ਸਨ।

ਟੋਰੇਸ ਨੂੰ ਹੁਣ ਉਨ੍ਹਾਂ ਔਰਤਾਂ ਵਿੱਚੋਂ ਇੱਕ ਦੀ ਮਨੁੱਖੀ ਤਸਕਰੀ ਅਤੇ ਉਸ ਨੂੰ ਗ਼ੁਲਾਮ ਬਣਾ ਕੇ ਰੱਖਣ ਲਈ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਬੀਬੀਸੀ ਵਰਲਡ ਸਰਵਿਸ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਦੂਜੀ ਔਰਤ ਦੇ ਸਬੰਧ ਵਿੱਚ ਉਸ ਦੇ ਖ਼ਿਲਾਫ਼ ਇਲਜ਼ਾਮ ਲਾਏ ਗਏ ਹਨ।

ਲਿਓਨਾਰਡੋ ਡੀਕੈਪਰੀਓ ਨਾਲ ਪਾਰਟੀ ਕਰਨ ਵਾਲੀ ਅਤੇ ਕੌਮਾਂਤਰੀ ਮੈਗਜ਼ੀਨਾਂ ਦੇ ਕਵਰ ਪੇਜ ’ਤੇ ਛਪਣ ਵਾਲੀ ਸਾਬਕਾ ਮਾਡਲ ਕਿਵੇਂ ਆਪਣੇ ਫੌਲੋਅਰਜ਼ ਨੂੰ ਲੁਭਾਉਣ ਲੱਗੀ ਅਤੇ ਫਿਰ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਾਉਣ ਲੱਗੀ?

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕਿਵੇਂ ਸ਼ੁਰੂ ਹੋਇਆ ਸਿਲਸਿਲਾ

2017 ਵਿੱਚ ਟੋਰੇਸ ਦੇ ਇੰਸਟਾਗ੍ਰਾਮ ਪੇਜ ’ਤੇ ਅਚਾਨਕ ਨਜ਼ਰ ਪੈਣ ’ਤੇ ਆਪਣੀ ਪ੍ਰਤੀਕਿਰਿਆ ਦਾ ਵਰਣਨ ਕਰਦੇ ਹੋਏ ਅਨਾ ਕਹਿੰਦੀ ਹੈ, ‘‘ਉਹ ਮੇਰੇ ਲਈ ਇੱਕ ਉਮੀਦ ਦੀ ਕਿਰਨ ਦੀ ਤਰ੍ਹਾਂ ਸੀ।’’

ਅਨਾ ਐੱਫਬੀਆਈ ਦੀ ਤਲਾਸ਼ ਵਿੱਚ ਟੀਚਾਗਤ ਲਾਪਤਾ ਔਰਤਾਂ ਵਿੱਚੋਂ ਇੱਕ ਨਹੀਂ ਸੀ, ਪਰ ਉਹ ਵੀ ਟੋਰੇਸ ਦੇ ਦਬਾਅ ਦਾ ਸ਼ਿਕਾਰ ਸੀ ਅਤੇ ਉਨ੍ਹਾਂ ਦੇ ਬਚਾਅ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਸੀ।

ਉਹ ਕਹਿੰਦੀ ਹੈ ਕਿ ਉਹ ਟੋਰੇਸ ਦੇ ਬ੍ਰਾਜ਼ੀਲ ਦੇ ਫਾਵੇਲਾ (ਸਲੱਮ ਏਰੀਆ) ਤੋਂ ਲੈ ਕੇ ਕੌਮਾਂਤਰੀ ਕੈਟਵਾਕ ਕਰਨ ਤੱਕ ਦੇ ਸਫ਼ਰ ਅਤੇ ਇਸ ਦੌਰਾਨ ਹੌਲੀਵੁੱਡ ਦੀਆਂ ਸਿਖਰਲੀਆਂ ਹਸਤੀਆਂ ਨਾਲ ਪਾਰਟੀ ਕਰਨ ਦੇ ਸਫ਼ਰ ਤੋਂ ਆਕਰਸ਼ਿਤ ਹੋਈ।

ਅਨਾ ਨੇ ਬੀਬੀਸੀ ਆਈ ਇਨਵੈਸਟੀਗੇਸ਼ਨ ਅਤੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੂੰ ਦੱਸਿਆ, ‘‘ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੇ ਆਪਣੇ ਬਚਪਨ ਵਿੱਚ ਹੋਈ ਹਿੰਸਾ, ਦੁਰਵਿਵਹਾਰ ਅਤੇ ਇਨ੍ਹਾਂ ਸਾਰੇ ਦੁਖਦਾਈ ਅਨੁਭਵਾਂ ’ਤੇ ਕਾਬੂ ਪਾ ਲਿਆ ਹੈ।’’

ਅਨਾ ਖ਼ੁਦ ਵੀ ਇੱਕ ਮਾੜੀ ਸਥਿਤੀ ਵਿੱਚ ਸੀ। ਉਹ ਕਹਿੰਦੀ ਹੈ ਕਿ ਉਸ ਦਾ ਬਚਪਨ ਹਿੰਸਾ ਨਾਲ ਭਰਿਆ ਰਿਹਾ, ਦੱਖਣੀ ਬ੍ਰਾਜ਼ੀਲ ਤੋਂ ਇਕੱਲੀ ਅਮਰੀਕਾ ਆਈ ਅਤੇ ਪਹਿਲਾਂ ਵੀ ਉਹ ਇੱਕ ਮਾੜੇ ਰਿਸ਼ਤੇ ਵਿੱਚ ਰਹੀ ਸੀ।

ਟੋਰੇਸ ਨੇ ਹਾਲ ਹੀ ਵਿੱਚ ਆਪਣੀ ਆਤਮ-ਕਥਾ ‘ਏ ਵੋਜ਼’ [ਇੱਕ ਆਵਾਜ਼] ਨਾਂ ਅਧੀਨ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੀਆਂ ਅਧਿਆਤਮਿਕ ਸ਼ਕਤੀਆਂ ਕਾਰਨ ਭਵਿੱਖਬਾਣੀਆਂ ਕਰ ਸਕਦੀ ਹੈ।

ਇਸ ’ਤੇ ਉਸ ਦੀ ਨਾਮਵਰ ਬ੍ਰਾਜ਼ੀਲੀਆਈ ਮੀਡੀਆ ਸ਼ੋਅ ਵਿੱਚ ਇੰਟਰਵਿਊ ਵੀ ਕੀਤੀ ਗਈ ਸੀ।

ਅਨਾ ਨੇ ਬੀਬੀਸੀ ਆਈ ਇਨਵੈਸਟੀਗੇਸ਼ਨ ਅਤੇ ਬੀਬੀਸੀ ਨਿਊਜ਼ ਨੂੰ ਦੱਸਿਆ, ‘‘ਉਹ ਮੈਗਜ਼ੀਨਾਂ ਦੇ ਕਵਰ ਪੇਜ ’ਤੇ ਸੀ। ਉਸ ਨੂੰ ਲਿਓਨਾਰਡੋ ਡੀਕੈਪਰੀਓ ਵਰਗੇ ਮਸ਼ਹੂਰ ਲੋਕਾਂ ਨਾਲ ਦੇਖਿਆ ਗਿਆ ਸੀ। ਮੈਂ ਜੋ ਕੁਝ ਵੀ ਦੇਖਿਆ, ਉਹ ਭਰੋਸੇਮੰਦ ਜਾਪਦਾ ਸੀ।’’

ਅਨਾ ਕਹਿੰਦੀ ਹੈ ਕਿ ਉਸ ਨੂੰ ਟੋਰੇਸ ਦਾ ਅਧਿਆਤਮਿਕਤਾ ਪ੍ਰਤੀ ਦ੍ਰਿਸ਼ਟੀਕੋਣ ਖ਼ਾਸ ਤੌਰ ’ਤੇ ਪਸੰਦ ਆਇਆ ਸੀ।

ਅਨਾ ਨੂੰ ਇਹ ਨਹੀਂ ਪਤਾ ਸੀ ਕਿ ਟੋਰੇਸ ਵੱਲੋਂ ਦੱਸੀ ਗਈ ਪ੍ਰੇਰਨਾਦਾਇਕ ਕਹਾਣੀ ਅੱਧ-ਸੱਚ ਅਤੇ ਝੂਠ ’ਤੇ ਆਧਾਰਿਤ ਸੀ।

ਐਨਾ 2019 ਵਿੱਚ ਕੈਟ ਟੋਰੇਸ ਦੀ ਸਹਾਇਕ ਵਜੋਂ ਕੰਮ ਕਰਨ ਲਈ ਨਿਊਯਾਰਕ ਚਲੀ ਗਈ

ਤਸਵੀਰ ਸਰੋਤ, JACK GARLAND/BBC

ਤਸਵੀਰ ਕੈਪਸ਼ਨ, ਐਨਾ 2019 ਵਿੱਚ ਕੈਟ ਟੋਰੇਸ ਦੀ ਸਹਾਇਕ ਵਜੋਂ ਕੰਮ ਕਰਨ ਲਈ ਨਿਊਯਾਰਕ ਚਲੀ ਗਈ

ਖ਼ੁਦ ਨੂੰ ਅਧਿਆਤਮਕ ਦੱਸਿਆ

ਨਿਊਯਾਰਕ ਵਿੱਚ ਟੋਰੇਸ ਨਾਲ ਫਲੈਟ ਵਿੱਚ ਰਹਿਣ ਵਾਲੇ ਸਾਥੀ ਲੂਜ਼ਰ ਟਵਰਸਕੀ ਨੇ ਸਾਨੂੰ ਦੱਸਿਆ ਕਿ ਉਸ ਦੇ ਹੌਲੀਵੁੱਡ ਦੋਸਤਾਂ ਨੇ ਉਸ ਨੂੰ ਹੈਲੁਸੀਨੋਜੇਨਿਕ ਡਰੱਗ (ਮਾਨਸਿਕ ਸਥਿਤੀ ਨੂੰ ਪ੍ਰਭਾਵਿਤ ਕਰਨ ਵਾਲੇ ਨਸ਼ੇ) ‘ਅਯਾਹੁਆਸਕਾ’ ਦਿੱਤੀ ਅਤੇ ਉਹ ਦੁਬਾਰਾ ਕਦੇ ਵੀ ਪਹਿਲਾਂ ਵਰਗੀ ਨਹੀਂ ਰਹੀ।

ਉਨਾਂ ਕਿਹਾ ਕਿ, ‘ਉਦੋਂ ਉਹ…ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ।’’

ਉਨ੍ਹਾਂ ਨੇ ਕਿਹਾ ਕਿ ਉਸ ਦਾ ਇਹ ਵੀ ਮੰਨਣਾ ਹੈ ਕਿ ਉਹ ਇੱਕ ਸ਼ੂਗਰ ਬੇਬੀ ਦੇ ਰੂਪ ਵਿੱਚ ਕੰਮ ਕਰ ਰਹੀ ਸੀ - ਅਮੀਰ ਅਤੇ ਤਾਕਤਵਰ ਆਦਮੀਆਂ ਨਾਲ ਰੋਮਾਂਟਿਕ ਸ਼ਮੂਲੀਅਤ ਲਈ ਉਸ ਨੂੰ ਪੈਸੇ ਦਿੱਤੇ ਜਾਂਦੇ ਸਨ ਜੋ ਉਸ ਫਲੈਟ ਲਈ ਵੀ ਪੈਸੇ ਦੇ ਰਹੇ ਸਨ ਜਿਸ ਵਿੱਚ ਉਹ ਦੋਵੇਂ ਇਕੱਠੇ ਰਹਿੰਦੇ ਸਨ।

ਟੋਰੇਸ ਦੀ ਵੈਲਨੈੱਸ ਵੈੱਬਸਾਈਟ ਅਤੇ ਸਬਸਕ੍ਰਿਪਸ਼ਨ ਨੇ ਗਾਹਕਾਂ ਨਾਲ ਵਾਅਦਾ ਕੀਤਾ, ‘‘ਪਿਆਰ, ਪੈਸਾ ਅਤੇ ਆਤਮ-ਸਨਮਾਨ ਮਿਲੇਗਾ ਜਿਸਦਾ ਤੁਸੀਂ ਹਮੇਸ਼ਾ ਸੁਪਨਾ ਦੇਖਿਆ ਸੀ।’’

“ਸਵੈ-ਸਹਾਇਤਾ ਵੀਡੀਓਜ਼ ਵਿੱਚ ਰਿਸ਼ਤਿਆਂ, ਤੰਦਰੁਸਤੀ, ਕਾਰੋਬਾਰੀ ਸਫਲਤਾ ਅਤੇ ਅਧਿਆਤਮਿਕਤਾ ਬਾਰੇ ਸਲਾਹ ਦਿੱਤੀ ਗਈ ਜਿਸ ਵਿੱਚ ਸੰਮੋਹਨ, ਧਿਆਨ ਅਤੇ ਕਸਰਤ ਪ੍ਰੋਗਰਾਮ ਸ਼ਾਮਲ ਸਨ।”

“ਇੱਕ ਵਾਧੂ 12, 534 ਦੀ ਰਕਮ ਦਾ ਭੁਗਤਾਨ ਕਰਕੇ ਗਾਹਕ ਟੋਰੇਸ ਨਾਲ ਵਿਸ਼ੇਸ਼ ਵਨ-ਟੂ-ਵਨ ਵੀਡੀਓ ਸਲਾਹ-ਮਸ਼ਵਰਾ ਕਰਨ ਦੀ ਵਿਵਸਥਾ ਨੂੰ ਅਨਲੌਕ ਕਰ ਸਕਦੇ ਸਨ ਜਿਸ ਦੌਰਾਨ ਉਹ ਉਨ੍ਹਾਂ ਦੀ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰਦੀ ਸੀ।”

ਲੂਜ਼ਰ ਟਵਰਸਕੀ
ਤਸਵੀਰ ਕੈਪਸ਼ਨ, ਟੋਰੇਸ ਦੇ ਸਾਬਕਾ ਫਲੈਟਮੇਟ ਲੂਜ਼ਰ ਟਵਰਸਕੀ ਦਾ ਕਹਿਣਾ ਹੈ ਕਿ ਉਸਦਾ ਮੰਨਣਾ ਹੈ ਕਿ ਡਰੱਗ ਅਯਾਹੁਆਸਕਾ ਨੇ ਉਸਨੂੰ ਬਦਲ ਦਿੱਤਾ ਹੈ

ਉਹ ਦਾ ਕਿਹਾ ਮੰਨਣ ਨੂੰ ਤਿਆਰ ਫੋਲੋਅਰਜ਼

ਬ੍ਰਾਜ਼ੀਲ ਦੀ ਰਾਜਧਾਨੀ ਵਿੱਚ ਰਹਿਣ ਵਾਲੀ ਇੱਕ ਹੋਰ ਗਾਹਕ ਅਮਾਂਡਾ ਕਹਿੰਦੀ ਹੈ ਕੈਟ ਨੇ ਉਸ ਨੂੰ ਵਿਸ਼ੇਸ਼ ਮਹਿਸੂਸ ਕਰਾਇਆ।

ਉਹ ਕਹਿੰਦੀ ਹੈ, ’’ਮੈਂ ਆਪਣੇ ਸਾਰੇ ਸ਼ੱਕ, ਸਾਰੇ ਸਵਾਲ, ਸਾਰੇ ਫੈਸਲੇ ਹਮੇਸ਼ਾ ਸਭ ਤੋਂ ਪਹਿਲਾਂ ਉਸ ਕੋਲ ਲੈ ਕੇ ਜਾਂਦੀ ਸੀ, ਤਾਂ ਕਿ ਅਸੀਂ ਮਿਲ ਕੇ ਕੋਈ ਫ਼ੈਸਲਾ ਲੈ ਸਕੀਏ।’’

ਪਰ ਅਜਿਹਾ ਲੱਗਦਾ ਹੈ ਕਿ ਇਸ ਸਲਾਹ ਦਾ ਇੱਕ ਨਕਾਰਾਤਮਕ ਪਹਿਲੂ ਵੀ ਸੀ। ਅਨਾ, ਅਮਾਂਡਾ ਅਤੇ ਹੋਰ ਸਾਬਕਾ ਫੌਲੋਅਰਜ਼ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਮਾਨਸਿਕ ਤੌਰ ’ਤੇ ਟੁੱਟਦੇ ਜਾ ਰਹੇ ਸੀ ਅਤੇ ਟੋਰੇਸ ਦੁਆਰਾ ਕਹੇ ਗਏ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਸਨ।

ਜਦੋਂ ਟੋਰੇਸ ਨੇ 2019 ਵਿੱਚ ਅਨਾ ਨੂੰ ਆਪਣੇ ਲਿਵ-ਇਨ ਸਹਾਇਕ ਵਜੋਂ ਕੰਮ ਕਰਨ ਲਈ ਨਿਊਯਾਰਕ ਆਉਣ ਲਈ ਕਿਹਾ, ਤਾਂ ਉਹ ਸਹਿਮਤ ਹੋ ਗਈ। ਉਹ ਬੋਸਟਨ ਵਿੱਚ ਯੂਨੀਵਰਸਿਟੀ ਵਿੱਚ ਪੋਸ਼ਣ ਵਿਗਿਆਨ ਦੀ ਪੜ੍ਹਾਈ ਕਰ ਰਹੀ ਸੀ, ਪਰ ਇਸ ਦੀ ਬਜਾਇ ਉਸ ਨੇ ਆਨਲਾਈਨ ਪੜ੍ਹਾਈ ਕਰਨ ਦਾ ਪ੍ਰਬੰਧ ਕੀਤਾ।

ਉਹ ਕਹਿੰਦੀ ਹੈ ਕਿ ਉਸ ਨੇ ਟੋਰੇਸ ਦੇ ਜਾਨਵਰਾਂ ਦੀ ਦੇਖਭਾਲ ਕਰਨ ਅਤੇ ਖਾਣਾ ਪਕਾਉਣ, ਕੱਪੜੇ ਧੋਣ ਅਤੇ ਸਾਫ਼-ਸਫ਼ਾਈ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਇਸ ਲਈ ਉਸ ਨੂੰ ਲਗਭਗ 2000 ਡਾਲਰ ਪ੍ਰਤੀ ਮਹੀਨਾ ਮਿਲਣੇ ਸਨ।

ਟੋਰੇਸ

ਤਸਵੀਰ ਸਰੋਤ, Kat Torres

ਤਸਵੀਰ ਕੈਪਸ਼ਨ, ਟੋਰੇਸ ਦੇ ਇੰਸਟਾਗ੍ਰਾਮ 'ਤੇ ਇਕ ਮਿਲੀਅਨ ਤੋਂ ਦੂਰ ਫਾਲੋਅਰਜ਼ ਸਨ

ਬੀਬੀਸੀ ਦੀ ਜਾਂਚ

ਬੀਬੀਸੀ ਆਈ ਇਨਵੈਸਟੀਗੇਸ਼ਨ ਅਤੇ ਬੀਬੀਸੀ ਨਿਊਜ਼ ਬ੍ਰਾਜ਼ੀਲ ਨੇ ਵੈੱਲਨੈੱਸ ਇਨਫਲੂਐਂਸਰ ਅਤੇ ਅਧਿਆਤਮਿਕ ਲਾਈਫ ਕੋਚ ਕੈਟ ਟੋਰੇਸ ਦੇ ਉਭਾਰ ਅਤੇ ਉਸ ਦੇ ਤਸਕਰੀ ਕੀਤੇ ਗਏ ਫੌਲੋਅਰਜ਼ ਦੀ ਅੰਤਰਰਾਸ਼ਟਰੀ ਤਲਾਸ਼ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕੀਤਾ ਹੈ।

ਹਾਲਾਂਕਿ, ਜਦੋਂ ਅਨਾ ਟੋਰੇਸ ਦੇ ਅਪਾਰਟਮੈਂਟ ਵਿੱਚ ਪਹੁੰਚੀ ਤਾਂ ਉਸ ਨੂੰ ਤੁਰੰਤ ਅਹਿਸਾਸ ਹੋਇਆ ਕਿ ਇਹ ਇਨਫਲੂਐਂਸਰ ਆਪਣੇ ਇੰਸਟਾਗ੍ਰਾਮ ’ਤੇ ਦਿਖਾਈ ਗਈ ਸੰਪੂਰਨਤਾ ਨਾਲ ਮੇਲ ਨਹੀਂ ਖਾਂਦੀ ਹੈ।

ਉਹ ਕਹਿੰਦੀ ਹੈ, ‘‘ਇਹ ਹੈਰਾਨ ਕਰਨ ਵਾਲਾ ਸੀ ਕਿਉਂਕਿ ਘਰ ਬਹੁਤ ਗੰਦਾ ਸੀ, ਬਹੁਤ ਜ਼ਿਆਦਾ…ਗੰਦਾ, ਉਸ ਵਿੱਚੋਂ ਬਦਬੂ ਆ ਰਹੀ ਸੀ।’’

ਅਨਾ ਕਹਿੰਦੇ ਹਨ ਕਿ ਟੋਰੇਸ ਉਸ ਤੋਂ ਬਿਨਾਂ ਬੁਨਿਆਦੀ ਕੰਮ ਵੀ ਨਹੀਂ ਕਰ ਸਕਦੀ ਸੀ, ਜਿਵੇਂ ਕਿ ਨਹਾਉਣਾ ਕਿਉਂਕਿ ਉਹ ਇਕੱਲੀ ਨਹੀਂ ਰਹਿ ਸਕਦੀ ਸੀ।

ਉਹ ਦੱਸਦੀ ਹੈ ਕਿ ਉਸ ਨੂੰ ਲਗਾਤਾਰ ਟੋਰੇਸ ਲਈ ਉਪਲੱਬਧ ਰਹਿਣਾ ਪੈਂਦਾ ਸੀ। ਉਸ ਨੂੰ ਇੱਕ ਬਾਰ ਸਿਰਫ਼ ਕੁਝ ਘੰਟਿਆਂ ਲਈ ਹੀ ਸੌਣ ਦੀ ਇਜਾਜ਼ਤ ਸੀ, ਉਹ ਵੀ ਬਿੱਲੀ ਦੇ ਪਿਸ਼ਾਬ ਨਾਲ ਭਰੇ ਹੋਏ ਸੋਫੇ ’ਤੇ।

ਉਹ ਕਹਿੰਦੀ ਹੈ ਕਿ ਕੁਝ ਦਿਨ ਤਾਂ ਉਹ ਅਪਾਰਟਮੈਂਟ ਬਿਲਡਿੰਗ ਦੇ ਜਿਮ ਵਿੱਚ ਲੁਕ ਕੇ ਕਸਤਰ ਕਰਨ ਦੀ ਬਜਾਇ ਕੁਝ ਘੰਟਿਆਂ ਲਈ ਸੌਂ ਜਾਂਦੀ ਸੀ।

ਅਨਾ ਕਹਿੰਦੀ ਹੈ, “ਹੁਣ ਮੈਨੂੰ ਪਤਾ ਲੱਗਿਆ ਕਿ ਉਹ ਮੈਨੂੰ ਗ਼ੁਲਾਮ ਵਜੋਂ ਵਰਤ ਰਹੀ ਸੀ…ਉਸ ਨੂੰ ਇਸ ਵਿੱਚ ਸੰਤੁਸ਼ਟੀ ਮਿਲ ਰਹੀ ਸੀ।”

ਅਨਾ ਕਹਿੰਦੀ ਹੈ ਕਿ ਉਸ ਨੂੰ ਕਦੇ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ ਸੀ।

ਉਹ ਕਹਿੰਦੀ ਹੈ, ‘‘ਮੈਨੂੰ ਲੱਗਿਆ ਕਿ ‘ਮੈਂ ਇੱਥੇ ਫ਼ਸ ਗਈ ਹਾਂ, ਮੇਰੇ ਕੋਲ ਕੋਈ ਰਸਤਾ ਨਹੀਂ ਹੈ।’’

‘‘ਮੈਂ ਸ਼ਾਇਦ ਮਨੁੱਖੀ ਤਸਕਰੀ ਦੇ ਉਸ ਦੇ ਪਹਿਲੇ ਸ਼ਿਕਾਰਾਂ ਵਿੱਚੋਂ ਇੱਕ ਸੀ।’’

ਉਸ ਨੇ ਬੋਸਟਨ ਵਿੱਚ ਆਪਣੀ ਯੂਨੀਵਰਸਿਟੀ ਦੀ ਰਿਹਾਇਸ਼ ਛੱਡ ਦਿੱਤੀ ਸੀ, ਇਸ ਲਈ ਉਸ ਕੋਲ ਵਾਪਸ ਜਾਣ ਲਈ ਕਿਤੇ ਵੀ ਕੋਈ ਜਗ੍ਹਾ ਨਹੀਂ ਸੀ ਅਤੇ ਵਿਕਲਪਕ ਰਿਹਾਇਸ਼ ਲਈ ਭੁਗਤਾਨ ਕਰਨ ਲਈ ਉਸ ਦੀ ਕੋਈ ਆਮਦਨ ਵੀ ਨਹੀਂ ਸੀ।

ਅਨਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਟੋਰੇਸ ਦੇ ਮਾੜੇ ਵਿਵਹਾਰ ਦਾ ਸਾਹਮਣਾ ਨਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਹਮਲਾਵਰ ਹੋ ਗਈ, ਜਿਸ ਨਾਲ ਅਨਾ ਦਾ ਘਰੇਲੂ ਹਿੰਸਾ ਦਾ ਦਰਦਨਾਕ ਇਤਿਹਾਸ ਫਿਰ ਤੋਂ ਸ਼ੁਰੂ ਹੋ ਗਿਆ।

ਆਖ਼ਰਕਾਰ, ਤਿੰਨ ਮਹੀਨਿਆਂ ਬਾਅਦ ਅਨਾ ਨੇ ਆਪਣੇ ਨਵੇਂ ਪ੍ਰੇਮੀ ਨਾਲ ਰਹਿਣ ਦਾ ਰਸਤਾ ਲੱਭ ਲਿਆ।

ਟੋਰੇਸ ਦਾ ਘਰ
ਤਸਵੀਰ ਕੈਪਸ਼ਨ, ਟੋਰੇਸ ਨੇ ਆਪਣੇ ਕੁਝ ਫੋਲੋਅਰਜ਼ ਨੂੰ ਆਸਟਿਨ, ਟੈਕਸਾਸ ਵਿੱਚ ਇਸ ਘਰ ਵਿੱਚ ਉਸਦੇ ਨਾਲ ਰਹਿਣ ਲਈ ਮਨਾ ਲਿਆ।

ਫੋਲੋਅਰਜ਼ ਨੂੰ ਵਾਅਦੇ ਕਰਕੇ ਗੁੰਮਰਾਹ ਕਰਨਾ

ਪਰ ਟੋਰੇਸ ਦੇ ਜੀਵਨ ਵਿੱਚ ਅਨਾ ਦੀ ਭੂਮਿਕਾ ਇੱਥੇ ਹੀ ਖ਼ਤਮ ਨਹੀਂ ਹੋਈ। ਸਤੰਬਰ 2022 ਵਿੱਚ ਜਦੋਂ ਦੋ ਹੋਰ ਨੌਜਵਾਨ ਬ੍ਰਾਜ਼ੀਲੀਅਨ ਔਰਤਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਤਾਂ ਅਨਾ ਨੂੰ ਪਤਾ ਸੀ ਕਿ ਉਸ ਨੂੰ ਕੀ ਕਰਨਾ ਪਵੇਗਾ।

ਇਸ ਸਮੇਂ ਤੱਕ, ਟੋਰੇਸ ਦੀ ਜ਼ਿੰਦਗੀ ਕਾਫ਼ੀ ਅੱਗੇ ਵਧ ਗਈ ਸੀ। ਹੁਣ ਉਸ ਦਾ ਵਿਆਹ ਜ਼ੈਕ ਨਾਮ ਦੇ ਇੱਕ ਵਿਅਕਤੀ ਨਾਲ ਹੋ ਗਿਆ ਸੀ ਜੋ 21 ਸਾਲ ਦਾ ਸੀ। ਟੋਰੇਸ ਦੀ ਉਸ ਨਾਲ ਕੈਲੀਫੋਰਨੀਆ ਵਿੱਚ ਮੁਲਾਕਾਤ ਹੋਈ ਸੀ।

ਹੁਣ ਉਹ ਟੈਕਸਾਸ ਦੇ ਉਪਨਗਰ ਆਸਟਿਨ ਵਿੱਚ ਇੱਕ ਪੰਜ ਬੈੱਡਰੂਮ ਵਾਲਾ ਘਰ ਕਿਰਾਏ ’ਤੇ ਲੈ ਰਹੇ ਸਨ।

ਅਨਾ ਨਾਲ ਸ਼ੁਰੂ ਕੀਤੇ ਗਏ ਪੈਟਰਨ ਨੂੰ ਦੁਹਰਾਉਂਦੇ ਹੋਏ ਟੋਰੇਸ ਨੇ ਆਪਣੇ ਸਭ ਤੋਂ ਸਮਰਪਿਤ ਫੌਲੋਅਰਜ਼ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ।

ਬਦਲੇ ਵਿੱਚ, ਉਸ ਨੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਲਾਈਫ-ਕੋਚਿੰਗ ਸੈਸ਼ਨਾਂ ਦੌਰਾਨ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਨਿੱਜੀ ਜਾਣਕਾਰੀਆਂ ਦਾ ਲਾਭ ਉਠਾਇਆ ਸੀ।

ਜਰਮਨੀ ਵਿੱਚ ਰਹਿਣ ਵਾਲੀ ਬ੍ਰਾਜ਼ੀਲ ਦੀ ਔਰਤ ਡੇਸਿਰੇ ਫ੍ਰੀਟਾਸ ਅਤੇ ਬ੍ਰਾਜ਼ੀਲ ਦੀ ਲੈਟੀਸੀਆ ਮਾਈਆ ਟੋਰੇਸ ਨਾਲ ਰਹਿਣ ਲਈ ਚਲੇ ਗਈਆਂ। ਇਹ ਉਹ ਦੋ ਔਰਤਾਂ ਹਨ ਜਿਨ੍ਹਾਂ ਦੇ ਲਾਪਤਾ ਹੋਣ ਤੋਂ ਬਾਅਦ ਐੱਫਬੀਆਈ ਨੇ ਤਲਾਸ਼ ਸ਼ੁਰੂ ਕੀਤੀ।

ਇੱਕ ਹੋਰ ਬ੍ਰਾਜ਼ੀਲੀਅਨ ਔਰਤ, ਜਿਸ ਨੂੰ ਅਸੀਂ ਆਤਮਾ ਕਹਿ ਰਹੇ ਹਾਂ, ਨੂੰ ਵੀ ਨਿਯੁਕਤ ਕੀਤਾ ਗਿਆ ਸੀ।

ਆਪਣੇ ਸੋਸ਼ਲ ਮੀਡੀਆ ਚੈਨਲਾਂ ’ਤੇ ਪੋਸਟ ਕਰਦੇ ਹੋਏ, ਟੋਰੇਸ ਨੇ ਆਪਣੇ ਫੌਲੋਅਰਜ਼ ਨੂੰ ਆਪਣੇ ‘ਵਿੱਚ ਕਲੈਨ’ (ਭੂਤ ਕਬੀਲੇ) ਤੋਂ ਜਾਣੂ ਕਰਾਇਆ।

ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਘੱਟੋ-ਘੱਟ ਚਾਰ ਹੋਰ ਔਰਤਾਂ ਨੂੰ ਟੋਰੇਸ ਨਾਲ ਘਰ ਵਿੱਚ ਰਹਿਣ ਲਈ ਤਕਰੀਬਨ ਮਨਾ ਹੀ ਲਿਆ ਗਿਆ ਸੀ, ਪਰ ਉਹ ਪਿੱਛੇ ਹਟ ਗਈਆਂ।

ਕੁਝ ਔਰਤਾਂ ਬੀਬੀਸੀ ਦੀ ਫਿਲਮ ਵਿੱਚ ਆਉਣ ਤੋਂ ਬਹੁਤ ਡਰੀਆਂ ਹੋਈਆਂ ਸਨ ਕਿਉਂਕਿ ਉਨ੍ਹਾਂ ਨੂੰ ਆਨਲਾਈਨ ਦੁਰਵਿਵਹਾਰ ਦਾ ਡਰ ਸੀ ਅਤੇ ਉਹ ਅਜੇ ਵੀ ਆਪਣੇ ਤਜ਼ਰਬਿਆਂ ਤੋਂ ਸਦਮੇ ਵਿੱਚ ਸਨ।

ਟੋਰੇਸ

ਤਸਵੀਰ ਸਰੋਤ, Kat Torres

ਤਸਵੀਰ ਕੈਪਸ਼ਨ, ਟੋਰੇਸ

‘ਡਰ ਵਿੱਚੋਂ ਸਹਿਣ ਕੀਤਾ ਸਭ ਕੁਝ’

ਪਰ ਅਸੀਂ ਅਦਾਲਤੀ ਦਸਤਾਵੇਜ਼ਾਂ, ਟੈਕਸਟ ਸੁਨੇਹਿਆਂ, ਬੈਂਕ ਸਟੇਟਮੈਂਟਾਂ ਅਤੇ ਡੇਸਿਰੇ ਦੇ ਆਪਣੇ ਅਨੁਭਵਾਂ ਬਾਰੇ ਲਿਖੀਆਂ ਯਾਦਾਂ ਵਿੱਚ ਪ੍ਰਕਾਸ਼ਿਤ ਹੋਏ ਵਿਵਰਣ ਦੀ ਵਰਤੋਂ ਕਰਕੇ ਉਨ੍ਹਾਂ ਦੀ ਕਹਾਣੀ ਦੀ ਪੁਸ਼ਟੀ ਕਰਨ ਵਿੱਚ ਸਮਰੱਥ ਰਹੇ ਹਾਂ।

ਡੇਸਿਰੇ ਨੇ ਦੱਸਿਆ ਕਿ ਉਸ ਦੇ ਮਾਮਲੇ ਵਿੱਚ ਟੋਰੇਸ ਨੇ ਉਸ ਲਈ ਜਰਮਨੀ ਤੋਂ ਹਵਾਈ ਜਹਾਜ਼ ਦੀ ਟਿਕਟ ਖਰੀਦੀ ਸੀ, ਅਤੇ ਉਸ ਨੂੰ ਕਿਹਾ ਸੀ ਕਿ ਉਹ ਆਤਮ ਹੱਤਿਆ ਕਰਨ ਬਾਰੇ ਸੋਚ ਰਹੀ ਹੈ ਅਤੇ ਉਸ ਨੂੰ ਡੇਸਿਰੇ ਦੇ ਸਹਿਯੋਗ ਦੀ ਲੋੜ ਹੈ।

ਟੋਰੇਸ 'ਤੇ ਇਹ ਵੀ ਇਲਜ਼ਾਮ ਹੈ ਕਿ ਉਸ ਨੇ ਲੈਟੀਸੀਆ ਨੂੰ ਜੋ ਕਿ ਉਦੋਂ 14 ਸਾਲ ਦੀ ਸੀ, ਜਦੋਂ ਉਸ ਨੇ ਉਸ ਨਾਲ ਲਾਈਵ-ਕੋਚਿੰਗ ਸੈਸ਼ਨ ਸ਼ੁਰੂ ਕੀਤੇ ਸੀ, ਉਸ ਨੂੰ ਅਮਰੀਕਾ ਵਿੱਚ ਓ-ਪੇਅਰ ਪ੍ਰੋਗਰਾਮ ਲਈ ਜਾਣ ਲਈ ਅਤੇ ਫਿਰ ਉੱਥੋਂ ਪੜ੍ਹਾਈ ਛੱਡ ਕੇ ਉਸ ਨਾਲ ਰਹਿਣ ਅਤੇ ਕੰਮ ਕਰਨ ਲਈ ਰਾਜ਼ੀ ਕੀਤਾ ਸੀ।

ਜਿੱਥੋਂ ਤੱਕ ਸੋਲ ਦਾ ਸਵਾਲ ਹੈ, ਉਹ ਕਹਿੰਦੀ ਹੈ ਕਿ ਬੇਘਰ ਹੋਣ ਤੋਂ ਬਾਅਦ ਉਹ ਟੋਰੇਸ ਨਾਲ ਰਹਿਣ ਲਈ ਰਾਜ਼ੀ ਹੋ ਗਈ ਅਤੇ ਟੈਰੋ ਰੀਡਿੰਗ ਅਤੇ ਯੋਗਾ ਕਲਾਸਾਂ ਚਲਾਉਣ ਲਈ ਉਸ ਨੂੰ ਨੌਕਰੀ ’ਤੇ ਰੱਖਿਆ ਗਿਆ ਸੀ।

ਪਰ ਬਹੁਤਾ ਸਮਾਂ ਨਹੀਂ ਬੀਤਿਆ ਸੀ ਕਿ ਔਰਤਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਅਸਲੀਅਤ ਉਸ ਪਰੀ ਕਹਾਣੀ ਨਾਲੋਂ ਬਹੁਤ ਵੱਖਰੀ ਸੀ ਜਿਸ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ।

ਡੇਸਿਰੇ ਨੇ ਦੱਸਿਆ ਕਿ ਕੁਝ ਹੀ ਹਫ਼ਤਿਆਂ ਦੇ ਅੰਦਰ ਟੋਰੇਸ ਨੇ ਉਸ ’ਤੇ ਇੱਕ ਸਥਾਨਕ ਸਟ੍ਰਿਪ ਕਲੱਬ ਵਿੱਚ ਕੰਮ ਕਰਨ ਲਈ ਦਬਾਅ ਪਾਇਆ।

ਉਸ ਨੂੰ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰੇਗੀ ਤਾਂ ਡੇਸਿਰੇ ਨੂੰ ਉਸ ’ਤੇ ਖਰਚ ਕੀਤੇ ਗਏ ਸਾਰੇ ਪੈਸੇ ਵਾਪਸ ਕਰਨੇ ਪੈਣਗੇ, ਹਵਾਈ ਕਿਰਾਇਆ, ਰਿਹਾਇਸ਼, ਉਸ ਦੇ ਕਮਰੇ ਲਈ ਫਰਨੀਚਰ ਅਤੇ ਇੱਥੋਂ ਤੱਕ ਕਿ ਉਸ ‘ਜਾਦੂ-ਟੂਣੇ’ ਲਈ ਵੀ ਜੋ ਟੋਰੇਸ ਨੇ ਕੀਤਾ ਸੀ।

ਡੇਸਿਰੇ ਕਹਿੰਦੀ ਹੈ ਕਿ ਨਾ ਸਿਰਫ਼ ਉਸ ਕੋਲ ਉਸ ਨੂੰ ਦੇਣ ਲਈ ਇਹ ਪੈਸਾ ਸੀ, ਬਲਕਿ ਉਹ ਉਸ ਸਮੇਂ ਟੋਰੇਸ ਵੱਲੋਂ ਦੱਸੀਆਂ ਗਈਆਂ ਅਧਿਆਤਮਿਕ ਸ਼ਕਤੀਆਂ ਵਿੱਚ ਵੀ ਵਿਸ਼ਵਾਸ ਕਰਦੀ ਸੀ, ਇਸ ਲਈ ਜਦੋਂ ਟੋਰੇਸ ਨੇ ਉਸ ਨੂੰ ਹੁਕਮਾਂ ਦਾ ਪਾਲਣ ਨਾ ਕਰਨ ’ਤੇ ਸਰਾਪ ਦੇਣ ਦੀ ਧਮਕੀ ਦਿੱਤੀ ਤਾਂ ਉਹ ਬਹੁਤ ਡਰ ਗਈ।

ਬਿਨਾਂ ਕਿਸੇ ਇੱਛਾ ਦੇ ਡੇਸਿਰੇ ਇੱਕ ਸਟ੍ਰਿਪ ਕਲੱਬ ਵਿੱਚ ਕੰਮ ਕਰਨ ਲਈ ਸਹਿਮਤ ਹੋ ਗਈ।

ਸਟ੍ਰਿਪ ਕਲੱਬ ਦੇ ਮੈਨੇਜਰ ਜੇਮਜ਼ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹਫ਼ਤੇ ਵਿੱਚ ਸੱਤ ਦਿਨ ਬਹੁਤ ਲੰਬੇ ਸਮੇਂ ਤੱਕ ਕੰਮ ਕਰਦੀ ਸੀ।

ਡੇਸਿਰੇ ਅਤੇ ਸੋਲ ਦਾ ਕਹਿਣਾ ਹੈ ਕਿ ਔਸਟਿਨ ਹਵੇਲੀ ਦੀਆਂ ਰਹਿਣ ਵਾਲੀਆਂ ਔਰਤਾਂ ਨੂੰ ਘਰ ਦੇ ਸਖ਼ਤ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਸੀ।

ਉਹ ਦੱਸਦੀ ਹੈ ਕਿ ਉਨ੍ਹਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦੀ ਮਨਾਹੀ ਸੀ। ਉਨ੍ਹਾਂ ਨੂੰ ਆਪਣੇ ਕਮਰੇ ਤੋਂ ਬਾਹਰ ਨਿਕਲਣ ਲਈ ਟੋਰੇਸ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਇੱਥੋਂ ਤੱਕ ਕਿ ਬਾਥਰੂਮ ਜਾਣ ਲਈ ਵੀ।

ਉਨ੍ਹਾਂ ਨੂੰ ਆਪਣੀ ਸਾਰੀ ਕਮਾਈ ਤੁਰੰਤ ਉਸ ਨੂੰ ਸੌਂਪਣ ਲਈ ਕਿਹਾ ਜਾਂਦਾ ਸੀ।

ਸੋਲ ਨੇ ਬੀਬੀਸੀ ਨੂੰ ਦੱਸਿਆ, ‘‘ਇਸ ਸਥਿਤੀ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਸਾਡੇ ਪੈਸੇ ਆਪਣੇ ਕੋਲ ਰੱਖਦੀ ਸੀ।’’

“ਇਹ ਸਭ ਬਹੁਤ ਡਰਾਉਣਾ ਸੀ। ਮੈਨੂੰ ਲੱਗਿਆ ਮੇਰੇ ਨਾਲ ਕੁਝ ਹੋ ਸਕਦਾ ਹੈ ਕਿਉਂਕਿ ਉਸ ਕੋਲ ਮੇਰੀ ਸਾਰੀ ਜਾਣਕਾਰੀ ਸੀ, ਮੇਰਾ ਪਾਸਪੋਰਟ, ਮੇਰਾ ਡਰਾਈਵਿੰਗ ਲਾਇਸੈਂਸ ਉਸ ਕੋਲ ਸੀ।’’

ਪਰ ਸੋਲ ਦਾ ਕਹਿਣਾ ਹੈ ਕਿ ਉਸ ਨੇ ਜਦੋਂ ਟੋਰੇਸ ਦੀ ਕਿਸੇ ਨਾਲ ਫੋਨ ’ਤੇ ਹੋ ਰਹੀ ਗੱਲਬਾਤ ਸੁਣੀ, ਜਿਸ ਵਿੱਚ ਉਹ ਕਿਸੇ ਹੋਰ ਗਾਹਕ ਨੂੰ ਕਹਿ ਰਹੀ ਸੀ ਕਿ ਉਸ ਨੂੰ ‘ਸਜ਼ਾ’ ਦੇ ਤੌਰ ’ਤੇ ਬ੍ਰਾਜ਼ੀਲ ਵਿੱਚ ਵੇਸਵਾ ਦੇ ਰੂਪ ਵਿੱਚ ਕੰਮ ਕਰਨਾ ਹੋਵੇਗਾ।

ਇਹ ਸਭ ਸੁਣਦੇ ਹੀ ਉਸ ਨੇ ਇੱਥੋਂ ਕਿਸੇ ਤਰ੍ਹਾਂ ਭੱਜਣ ਬਾਰੇ ਸੋਚਿਆ।

ਫਿਰ ਸੋਲ ਆਪਣੇ ਸਾਬਕਾ ਪ੍ਰੇਮੀ ਦੀ ਮਦਦ ਨਾਲ ਉੱਥੋਂ ਨਿਕਲਣ ਵਿੱਚ ਸਫਲ ਰਹੀ।

 ਟੋਰੇਸ
ਤਸਵੀਰ ਕੈਪਸ਼ਨ, ਬੀਬੀਸੀ ਨੇ ਜੇਲ੍ਹ ਵਿੱਚ ਕੈਟ ਟੋਰੇਸ ਦੀ ਇੰਟਰਵਿਊ ਲਈ ਜਦੋਂ ਉਹ ਆਪਣੇ ਵਿਰੁੱਧ ਮੁਕੱਦਮੇ ਵਿੱਚ ਫੈਸਲੇ ਦੀ ਉਡੀਕ ਕਰ ਰਹੀ ਸੀ

ਵੇਸਵਾਗਿਰੀ ਲਈ ਦਬਾਅ ਪਾਉਣਾ

ਇਸ ਦੌਰਾਨ, ਟੋਰੇਸ ਦੇ ਪਤੀ ਦੁਆਰਾ ਰੱਖੀਆਂ ਗਈਆਂ ਬੰਦੂਕਾਂ ਨਿਯਮਤ ਰੂਪ ਨਾਲ ਉਸ ਦੀਆਂ ਇੰਸਟਾਗ੍ਰਾਮ ਸਟੋਰੀਜ਼ ’ਤੇ ਦਿਖਾਈ ਦੇਣ ਲੱਗੀਆਂ ਅਤੇ ਬਾਕੀ ਔਰਤਾਂ ਲਈ ਇਹ ਡਰ ਦਾ ਕਾਰਨ ਬਣ ਗਈਆਂ।

ਡੇਸਿਰੇ ਦਾ ਕਹਿਣਾ ਹੈ ਕਿ ਇਸ ਸਮੇਂ ਦੇ ਆਸ-ਪਾਸ ਹੀ ਟੋਰੇਸ ਨੇ ਉਸ ਨੂੰ ਸਟ੍ਰਿਪ ਕਲੱਬ ਦੀ ਜਗ੍ਹਾ ਇੱਕ ਵੇਸਵਾ ਵਜੋਂ ਕੰਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।

ਉਹ ਕਹਿੰਦੀ ਹੈ ਕਿ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਅਗਲੇ ਦਿਨ ਟੋਰੇਸ ਉਸ ਨੂੰ ਅਚਾਨਕ ‘ਗੰਨ ਰੇਂਜ’ ਵਿੱਚ ਲੈ ਗਈ।

ਡਰੀ ਹੋਈ ਡੇਸਿਰੇ ਨੇ ਦੱਸਿਆ ਕਿ ਆਖਰਕਾਰ ਉਸ ਨੇ ਟੋਰੇਸ ਦੀ ਮੰਗ ਮੰਨ ਲਈ।

ਡੇਸਿਰੇ ਆਪਣੀ ਕਿਤਾਬ ਵਿੱਚ ਲਿਖਦੀ ਹੈ, ‘‘ਕਈ ਸਵਾਲ ਮੈਨੂੰ ਪਰੇਸ਼ਾਨ ਕਰਦੇ ਸਨ: ‘ਕੀ ਮੈਂ ਜਦੋਂ ਚਾਹਾਂ ਤਾਂ ਇਹ ਸਭ ਬੰਦ ਕਰ ਸਕਦੀ ਹਾਂ?’’

“ਅਤੇ ਜੇ ਕੰਡੋਮ ਫਟ ਗਿਆ, ਤਾਂ ਕੀ ਮੈਨੂੰ ਕੋਈ ਬਿਮਾਰੀ ਹੋ ਜਾਵੇਗੀ? ਕੀ [ਗਾਹਕ] ਕੋਈ ਗੁਪਤ ਪੁਲਿਸ ਵਾਲਾ ਹੋ ਸਕਦਾ ਹੈ ਅਤੇ ਮੈਨੂੰ ਗ੍ਰਿਫ਼ਤਾਰ ਕਰ ਸਕਦਾ ਹੈ? ਜੇ ਉਸ ਨੇ ਮੈਨੂੰ ਮਾਰ ਦਿੱਤਾ ਤਾਂ ਕੀ ਹੋਵੇਗਾ?’’

ਉਨ੍ਹਾਂ ਨੇ ਦੱਸਿਆ ਕਿ ਜੇਕਰ ਔਰਤਾਂ ਨੇ ਟੋਰੇਸ ਦੁਆਰਾ ਨਿਰਧਾਰਤ ਕਮਾਈ ਨੂੰ ਪੂਰਾ ਨਹੀਂ ਕੀਤਾ, ਜੋ ਕਿ 1,000 ਡਾਲਰ ਤੋਂ ਵੱਧ ਕੇ 3,000 ਡਾਲਰ ਪ੍ਰਤੀ ਦਿਨ ਹੋ ਗਈ ਸੀ, ਤਾਂ ਉਨ੍ਹਾਂ ਨੂੰ ਉਸ ਰਾਤ ਘਰ ਵਾਪਸ ਆਉਣ ਦੀ ਆਗਿਆ ਨਹੀਂ ਸੀ।

ਡੇਸਿਰੇ ਕਹਿੰਦੀ ਹੈ, ‘‘ਕਈ ਵਾਰ ਮੈਨੂੰ ਸੜਕ ’ਤੇ ਸੌਣਾ ਪਿਆ ਕਿਉਂਕਿ ਮੈਂ ਉਸ ਨਿਰਧਾਰਤ ਕਮਾਈ ਤੱਕ ਨਹੀਂ ਪਹੁੰਚ ਸਕੀ ਸੀ।’’

ਬੀਬੀਸੀ ਦੁਆਰਾ ਦੇਖੇ ਗਏ ਬੈਂਕ ਸਟੇਟਮੈਂਟ ਤੋਂ ਪਤਾ ਚੱਲਦਾ ਹੈ ਕਿ ਡੇਸਿਰੇ ਨੇ ਇਕੱਲੇ ਜੂਨ ਅਤੇ ਜੁਲਾਈ 2022 ਵਿੱਚ ਟੋਰੇਸ ਦੇ ਖਾਤੇ ਵਿੱਚ 21,000 ਡਾਲਰ ਤੋਂ ਵੱਧ ਰਾਸ਼ੀ ਟਰਾਂਸਫਰ ਕੀਤੀ।

ਉਸ ਦਾ ਕਹਿਣਾ ਹੈ ਕਿ ਉਸ ਨੂੰ ਕਾਫ਼ੀ ਜ਼ਿਆਦਾ ਰਕਮ ਨਕਦ ਦੇਣ ਲਈ ਮਜਬੂਰ ਕੀਤਾ ਗਿਆ ਸੀ।

ਟੈਕਸਾਸ ਵਿੱਚ ਵੇਸਵਾਗਮਨੀ ਗੈਰ-ਕਾਨੂੰਨੀ ਹੈ ਅਤੇ ਡੇਸਿਰੇ ਦਾ ਕਹਿਣਾ ਹੈ ਕਿ ਜੇਕਰ ਉਸ ਨੇ ਕਦੇ ਇਸ ਨੂੰ ਨਾ ਕਰਨ ਦੀ ਗੱਲ ਕਹੀ ਤਾਂ ਟੋਰੇਸ ਉਸ ਨੂੰ ਪੁਲਿਸ ਨੂੰ ਰਿਪੋਰਟ ਕਰਨ ਦੀ ਧਮਕੀ ਦਿੰਦੀ ਸੀ।

ਇਹ ਵੀ ਪੜ੍ਹੋ-

ਔਰਤਾਂ ਦੀ ਭਾਲ ਲਈ ਮੁਹਿੰਮ

ਸਤੰਬਰ ਵਿੱਚ, ਬ੍ਰਾਜ਼ੀਲ ਵਿੱਚ ਡੇਸਿਰੇ ਅਤੇ ਲੈਟੀਸੀਆ ਦੇ ਦੋਸਤਾਂ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਲੱਭਣ ਲਈ ਸੋਸ਼ਲ ਮੀਡੀਆ ਮੁਹਿੰਮਾਂ ਦੀ ਸ਼ੁਰੂਆਤ ਕੀਤੀ, ਕਿਉਂਕਿ ਮਹੀਨਿਆਂ ਤੱਕ ਸੰਪਰਕ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਚਿੰਤਾ ਵਧਦੀ ਜਾ ਰਹੀ ਸੀ।

ਇਸ ਸਮੇਂ ਤੱਕ, ਉਹ ਮੁਸ਼ਕਿਲ ਨਾਲ ਪਛਾਣੀ ਜਾ ਸਕਦੀ ਸੀ। ਉਸ ਦੇ ਕਾਲੇ ਵਾਲਾਂ ਨੂੰ ਪਲੈਟੀਨਮ ਬਲੌਂਡ ਰੰਗ ਨਾਲ ਰੰਗਿਆ ਗਿਆ ਸੀ ਤਾਂ ਕਿ ਉਹ ਟੋਰੇਸ ਨਾਲ ਮੇਲ ਖਾ ਸਕਣ।

ਡੇਸਿਰੇ ਦਾ ਕਹਿਣਾ ਹੈ ਕਿ ਇਸ ਸਮੇਂ ਤੱਕ ਉਸ ਦੇ ਸਾਰੇ ਫੋਨ ਸੰਪਰਕ ਬਲੌਕ ਕਰ ਦਿੱਤੇ ਗਏ ਸਨ ਅਤੇ ਉਸ ਨੇ ਬਿਨਾਂ ਕਿਸੇ ਸਵਾਲ ਦੇ ਇਨਫਲੂਐਂਸਰ ਦੇ ਹੁਕਮਾਂ ਦੀ ਪਾਲਣਾ ਕੀਤੀ।

ਜਿਵੇਂ ਕਿ ਇੰਸਟਾਗ੍ਰਾਮ ਪੇਜ਼ ਡੇਸਿਰੇ ਦੀ ਭਾਲ ਬਹੁਤ ਤੇਜ਼ੀ ਨਾਲ ਲੋਕਾਂ ਪਹੁੰਚਿਆ, ਇਹ ਖ਼ਬਰ ਬ੍ਰਾਜ਼ੀਲ ਵਿੱਚ ਨਿਊਜ਼ ਅਦਾਰਿਆਂ ’ਤੇ ਛਾ ਗਈ।

ਡੇਸਿਰੇ ਦੇ ਦੋਸਤਾਂ ਨੂੰ ਤਾਂ ਇਹ ਵੀ ਚਿੰਤਾ ਸੀ ਕਿ ਸ਼ਾਇਦ ਉਸ ਦੀ ਹੱਤਿਆ ਕਰ ਦਿੱਤੀ ਗਈ ਹੋਵੇਗੀ, ਅਤੇ ਲੈਟੀਸੀਆ ਦੇ ਪਰਿਵਾਰ ਨੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਲਗਾਤਾਰ ਬੇਨਤੀਆਂ ਕੀਤੀਆਂ।

ਅਨਾ ਜੋ 2019 ਵਿੱਚ ਟੋਰੇਸ ਦੇ ਨਾਲ ਰਹਿ ਚੁੱਕੀ ਹੈ, ਨੇ ਕਿਹਾ ਕਿ ਜਿਵੇਂ ਹੀ ਉਸ ਨੇ ਇਹ ਖ਼ਬਰਾਂ ਵੇਖੀਆਂ, ਉਨ੍ਹਾਂ ਲਈ ਖਤਰੇ ਦੀ ਘੰਟੀ ਵੱਜ ਗਈ।

ਉਹ ਕਹਿੰਦੀ ਹੈ ਕਿ ਉਸ ਨੂੰ ਤੁਰੰਤ ਅੰਦਾਜ਼ਾ ਹੋ ਗਿਆ ਕਿ ‘‘[ਟੋਰੇਸ] ਦੂਜੀਆਂ ਕੁੜੀਆਂ ਨੂੰ ਵੀ ਆਪਣੇ ਨਾਲ ਰੱਖ ਰਹੀ ਹੈ।’’

ਹੋਰ ਸਾਬਕਾ ਫੌਲੋਅਰਜ਼ ਨਾਲ ਮਿਲ ਕੇ ਅਨਾ ਨੇ ਉਸ ਇਨਫਲੂਐਂਸਰ ਨੂੰ ਗ੍ਰਿਫ਼ਤਾਰ ਕਰਾਉਣ ਦੀ ਕੋਸ਼ਿਸ਼ ਵਿੱਚ ਐੱਫਬੀਆਈ ਸਮੇਤ ਵੱਧ ਤੋਂ ਵੱਧ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ।

ਪੰਜ ਮਹੀਨੇ ਪਹਿਲਾਂ, ਉਸ ਨੇ ਅਤੇ ਸੋਲ ਦੋਵਾਂ ਨੇ ਯੂਐੱਸ ਪੁਲਿਸ ਨੂੰ ਟੋਰੇਸ ਬਾਰੇ ਸੂਚਨਾ ਦਿੱਤੀ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਸੀ।

ਉਸ ਨੇ ਸਬੂਤ ਲਈ ਉਸ ਸਮੇਂ ਰਿਕਾਰਡ ਕੀਤੀ ਇੱਕ ਵੀਡੀਓ ਦਿਖਾਈ ਜਿਸ ਨੂੰ ਬਾਅਦ ਵਿੱਚ ਬੀਬੀਸੀ ਨਾਲ ਸਾਂਝਾ ਕੀਤਾ ਗਿਆ ਸੀ।

ਉਸ ਵਿੱਚ ਦੁਖੀ ਅਨਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ‘‘ਇਹ ਔਰਤ ਬਹੁਤ ਖਤਰਨਾਕ ਹੈ ਅਤੇ ਉਸ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ।’’

ਫਿਰ ਐਸਕਾਰਟ ਅਤੇ ਵੇਸਵਾਗਮਨੀ ਦੀਆਂ ਵੈੱਬਸਾਈਟਾਂ ’ਤੇ ਲਾਪਤਾ ਔਰਤਾਂ ਦੇ ਪ੍ਰੋਫਾਈਲਾਂ ਦੀ ਖੋਜ ਕੀਤੀ ਗਈ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਜਿਨਸੀ ਸ਼ੋਸ਼ਣ ਦੇ ਸ਼ੱਕ ਦੀ ਪੁਸ਼ਟੀ ਹੁੰਦੀ ਦਿਖਾਈ ਦਿੱਤੀ।

ਮੀਡੀਆ ਦੀਆਂ ਸੁਰਖੀਆਂ ਬਣਨ ਤੋਂ ਘਬਰਾ ਕੇ ਟੋਰੇਸ ਅਤੇ ਹੋਰ ਔਰਤਾਂ ਨੇ ਟੈਕਸਾਸ ਤੋਂ ਮੇਨ ਤੱਕ 2,000 ਮੀਲ (3,219 ਕਿਲੋਮੀਟਰ) ਤੋਂ ਵੱਧ ਦਾ ਸਫ਼ਰ ਤੈਅ ਕੀਤਾ।

ਇੰਸਟਾਗ੍ਰਾਮ ’ਤੇ ਜਾਰੀ ਖੁਸ਼ ਰੌਂਅ ਵਾਲੀਆਂ ਵੀਡੀਓਜ਼ ਵਿੱਚ ਡੇਸਿਰੇ ਅਤੇ ਲੈਟੀਸੀਆ ਨੇ ਬੰਧਕ ਬਣਾਏ ਜਾਣ ਦੀ ਗੱਲ ਤੋਂ ਇਨਕਾਰ ਕੀਤਾ ਅਤੇ ਲੋਕਾਂ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਤਲਾਸ਼ ਕਰਨਾ ਬੰਦ ਕਰ ਦੇਣ।

ਪਰ ਬੀਬੀਸੀ ਨਿਊਜ਼ ਨੂੰ ਮਿਲੀ ਇੱਕ ਰਿਕਾਰਡਿੰਗ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਅਸਲ ਵਿੱਚ ਕੀ ਹੋ ਰਿਹਾ ਸੀ। ਹੁਣ ਤੱਕ ਅਮਰੀਕੀ ਅਧਿਕਾਰੀਆਂ ਨੂੰ ਔਰਤਾਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਦਾ ਅਹਿਸਾਸ ਹੋ ਚੁੱਕਿਆ ਸੀ।

ਹੋਮਲੈਂਡ ਸਿਕਿਓਰਿਟੀ ਨੇ ਇੱਕ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਸੀ, ਜਿਸ ਨੇ ਔਰਤਾਂ ਦੀ ਜਾਂਚ ਕਰਨ ਲਈ ਟੋਰੇਸ ਨਾਲ ਫੇਸਟਾਈਮ ਕੀਤਾ ਸੀ।

ਪਰ ਇਹ ਸ਼ੁਰੂ ਹੋਣ ਤੋਂ ਠੀਕ ਪਹਿਲਾਂ, ਟੋਰੇਸ ਨੂੰ ਵੀਡੀਓ ਵਿੱਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ,“ਉਹ ਸਵਾਲ ਪੁੱਛਣਾ ਸ਼ੁਰੂ ਕਰ ਦੇਵੇਗਾ। ਦੋਸਤੋ, ਉਸ ਕੋਲ ਬਹੁਤ ਟਰਿੱਕ ਹਨ। ਉਹ ਇੱਕ ਜਾਸੂਸ ਹੈ, ਬਹੁਤ ਸਾਵਧਾਨ ਰਹਿਣਾ। ਰੱਬ ਦੇ ਵਾਸਤੇ, ਜੇ ਤੁਸੀਂ ਕੁਝ ਵੀ ਕਿਹਾ ਤਾਂ ਮੈਂ ਤੁਹਾਨੂੰ ਬਾਹਰ ਕੱਢ ਦੇਵਾਂਗੀ। ਮੈਂ ਤੁਹਾਡੇ ’ਤੇ ਬਹੁਤ ਗੁੱਸਾ ਕਰਾਂਗੀ।’’

ਨਵੰਬਰ 2022 ਵਿੱਚ, ਪੁਲਿਸ ਨੇ ਆਖਰਕਾਰ ਟੋਰੇਸ ਅਤੇ ਦੋ ਹੋਰ ਔਰਤਾਂ ਨੂੰ ਮੇਨ ਵਿੱਚ ਫਰੈਂਕਲਿਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਵਿਅਕਤੀਗਤ ਤੌਰ ’ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ।

ਟੋਰੇਸ, ਡੇਸਿਰੇ ਅਤੇ ਲੈਟੀਸੀਆ ਤੋਂ ਪੁੱਛਗਿੱਛ ਕਰਨ ਵਾਲੇ ਜਾਸੂਸ ਡੇਵਿਡ ਡੇਵੋਲ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਅਤੇ ਉਸ ਦੇ ਸਹਿਯੋਗੀ ਤੁਰੰਤ ਚਿੰਤਤ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਖ਼ਤਰੇ ਦੇ ਕਈ ਸੰਕੇਤ ਦਿਖਾਈ ਦਿੱਤੇ ਸਨ।

ਇਸ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪ੍ਰਤੀ ਅਵਿਸ਼ਵਾਸ, ਅਲੱਗ-ਥਲੱਗ ਹੋਣ ਅਤੇ ਟੋਰੇਸ ਦੀ ਆਗਿਆ ਤੋਂ ਬਿਨਾਂ ਗੱਲ ਕਰਨ ਦੀ ਝਿਜਕ ਸ਼ਾਮਲ ਸੀ।

‘‘ਮਨੁੱਖੀ ਤਸਕਰ ਹਮੇਸ਼ਾ ਫਿਲਮਾਂ ਵਰਗੇ ਨਹੀਂ ਹੁੰਦੇ, ਜਿੱਥੇ ਤੁਹਾਡੇ ਕੋਲ…ਇੱਕ ਗਿਰੋਹ ਹੁੰਦਾ ਹੈ ਜੋ ਲੋਕਾਂ ਨੂੰ ਅਗਵਾ ਕਰਦਾ ਹੈ। ਇਹ ਬਹੁਤ ਆਮ ਗੱਲ ਹੈ ਕਿ ਇਹ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਸ ’ਤੇ ਤੁਸੀਂ ਭਰੋਸਾ ਕਰਦੇ ਹੋ।’’

ਦਸੰਬਰ 2022 ਤੱਕ ਦੋਵੇਂ ਔਰਤਾਂ ਸੁਰੱਖਿਅਤ ਰੂਪ ਨਾਲ ਬ੍ਰਾਜ਼ੀਲ ਵਾਪਸ ਭੇਜ ਦਿੱਤੀਆਂ ਗਈਆਂ ਸਨ।

ਜਾਸੂਸ ਡੇਵੋਲ ਕਹਿੰਦੇ ਹਨ ਕਿ ਉਨ੍ਹਾਂ ਦੇ ਤਜ਼ਰਬੇ ਮੁਤਾਬਕ ਮਨੁੱਖੀ ਤਸਕਰੀ ਵੱਧ ਰਹੀ ਹੈ।

ਉਸ ਦੇ ਨਿਰੀਖਣ ਦਾ ਸਮਰਥਨ ਸੰਯੁਕਤ ਰਾਸ਼ਟਰ ਦੁਆਰਾ ਵੀ ਕੀਤਾ ਗਿਆ ਹੈ, ਜੋ ਕਹਿੰਦਾ ਹੈ ਕਿ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਅਪਰਾਧਾਂ ਵਿੱਚੋਂ ਇੱਕ ਹੈ ਜਿਸ ਨਾਲ ਦੁਨੀਆ ਭਰ ਵਿੱਚ ਇੱਕ ਸਾਲ ਵਿੱਚ ਅੰਦਾਜ਼ਨ 15 ਕਰੋੜ ਡਾਲਰ ਦਾ ਮੁਨਾਫਾ ਹੁੰਦਾ ਹੈ।

ਉਸ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਇਸ ਨੂੰ ਵਧਣ ਤੇ ਫੁੱਲਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ ਜਿਸ ਨਾਲ ਤਸਕਰਾਂ ਲਈ ਪੀੜਤਾਂ ਨੂੰ ਲੱਭਣਾ ਅਤੇ ਉਨ੍ਹਾਂ ਨੂੰ ਤਿਆਰ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ।

ਟੋਰੇਸ ਦਾ ਇਲਜ਼ਾਮਾਂ ਤੋਂ ਇਨਕਾਰ

ਇਸ ਸਾਲ ਅਪ੍ਰੈਲ ਵਿੱਚ ਸਾਡੀ ਟੀਮ ਨੂੰ ਬ੍ਰਾਜ਼ੀਲ ਦੀ ਇੱਕ ਜੇਲ੍ਹ ਵਿੱਚ ਟੋਰੇਸ ਦੀ ਇੰਟਰਵਿਊ ਕਰਨ ਲਈ ਇੱਕ ਦੁਰਲੱਭ ਅਦਾਲਤੀ ਆਦੇਸ਼ ਦਿੱਤਾ ਗਿਆ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਉਸ ਦੀ ਪਹਿਲੀ ਮੀਡੀਆ ਇੰਟਰਵਿਊ ਸੀ।

ਉਸ ਸਮੇਂ, ਉਹ ਅਜੇ ਵੀ ਡੇਸਿਰੇ ਨਾਲ ਆਪਣੇ ਵਿਵਹਾਰ ਨਾਲ ਸਬੰਧਤ ਉਸ ਵਿਰੁੱਧ ਮੁਕੱਦਮੇ ਦੇ ਫ਼ੈਸਲੇ ਦੀ ਉਡੀਕ ਕਰ ਰਹੀ ਸੀ।

ਮੁਸਕਰਾਉਂਦੇ ਹੋਏ, ਸ਼ਾਂਤ ਅਤੇ ਸੰਜਮੀ ਵਿਵਹਾਰ ਨਾਲ ਟੋਰੇਸ ਸਾਡੇ ਕੋਲ ਆਈ।

ਉਹ ਇਸ ਗੱਲ ’ਤੇ ਅੜੀ ਹੋਈ ਸੀ ਕਿ ਉਹ ਪੂਰੀ ਤਰ੍ਹਾਂ ਨਿਰਦੋਸ਼ ਹੈ। ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕਦੇ ਕੋਈ ਔਰਤ ਉਸ ਦੇ ਨਾਲ ਰਹੀ ਸੀ ਜਾਂ ਉਸ ਨੇ ਕਦੇ ਕਿਸੇ ਨੂੰ ਸੈਕਸ ਵਰਕ ਵਿੱਚ ਹਿੱਸਾ ਲੈਣ ਲਈ ਮਜਬੂਰ ਕੀਤਾ ਸੀ।

ਉਸ ਨੇ ਸਾਨੂੰ ਦੱਸਿਆ, “ਜਦੋਂ ਮੈਂ ਲੋਕਾਂ ਨੂੰ ਗਵਾਹੀ ਦਿੰਦੇ ਵੇਖ ਰਹੀ ਸੀ, ਤਾਂ ਉਹ ਬਹੁਤ ਸਾਰੇ ਝੂਠ ਬੋਲ ਰਹੇ ਸਨ। ਇੰਨੇ ਝੂਠ ਕਿ ਇੱਕ ਵਾਰ ਤਾਂ ਮੈਂ ਆਪਣਾ ਹਾਸਾ ਨਹੀਂ ਰੋਕ ਸਕੀ।’’

‘‘ਲੋਕ ਕਹਿ ਰਹੇ ਹਨ ਕਿ ਮੈਂ ਨਕਲੀ ਗੁਰੂ ਹਾਂ, ਪਰ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ…‘ਉਹ ਸਮਾਜ ਲਈ ਖ਼ਤਰਾ ਹੈ ਕਿਉਂਕਿ ਉਹ ਆਪਣੀਆਂ ਗੱਲਾਂ ਨਾਲ ਲੋਕਾਂ ਦਾ ਮਨ ਬਦਲ ਸਕਦੀ ਹੈ।’’

ਜਦੋਂ ਅਸੀਂ ਉਸ ਦਾ ਸਾਹਮਣਾ ਉਨ੍ਹਾਂ ਸਬੂਤਾਂ ਨਾਲ ਕੀਤਾ ਜੋ ਅਸੀਂ ਖੁਦ ਦੇਖੇ ਸੀ, ਤਾਂ ਉਹ ਹੋਰ ਜ਼ਿਆਦਾ ਗੁੱਸੇ ਵਿੱਚ ਆ ਗਈ ਅਤੇ ਸਾਡੇ ’ਤੇ ਵੀ ਝੂਠ ਬੋਲਣ ਦਾ ਦੋਸ਼ ਲਗਾਉਣ ਲੱਗੀ।

‘‘ਤੁਸੀਂ ਜੋ ਵੀ ਵਿਸ਼ਵਾਸ ਕਰਨਾ ਚੁਣਦੇ ਹੋ, ਉਸ ’ਤੇ ਵਿਸ਼ਵਾਸ ਕਰਦੇ ਹੋ। ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਮੈਂ ਯਿਸੂ ਹਾਂ। ਅਤੇ ਤੁਸੀਂ ਯਿਸੂ ਨੂੰ ਦੇਖ ਸਕਦੇ ਹੋ, ਜਾਂ ਤੁਸੀਂ ਸ਼ੈਤਾਨ ਨੂੰ ਦੇਖ ਸਕਦੇ ਹੋ, ਬਸ ਇਹ ਹੀ ਹੈ। ਇਹ ਤੁਹਾਡੀ ਪਸੰਦ ਹੈ। ਇਹ ਤੁਹਾਡਾ ਮਨ ਹੈ।’’

ਜਿਵੇਂ ਹੀ ਉਹ ਆਪਣੇ ਸੈੱਲ ਵਿੱਚ ਵਾਪਸ ਜਾਣ ਲਈ ਉੱਠੀ, ਉਸ ਨੇ ਇੱਕ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਕੀ ਉਸ ਕੋਲ ਸ਼ਕਤੀਆਂ ਹਨ ਜਾਂ ਨਹੀਂ।

ਉਸ ਨੇ ਮੇਰੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ, ‘‘ਮੈਨੂੰ ਇਹ ਚੰਗੀ ਨਹੀਂ ਲੱਗੀ।’’

ਬੀਬੀਸੀ ਇਹ ਖੁਲਾਸਾ ਕਰਦਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਟੋਰੇਸ ਨੂੰ ਡੇਸਿਰੇ ਨੂੰ ਮਨੁੱਖੀ ਤਸਕਰੀ ਅਤੇ ਗੁਲਾਮੀ ਵਿੱਚ ਧੱਕਣ ਲਈ ਬ੍ਰਾਜ਼ੀਲ ਦੇ ਇੱਕ ਜੱਜ ਨੇ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

ਉਸ ਨੇ ਸਿੱਟਾ ਕੱਢਿਆ ਕਿ ਉਸ ਨੇ ਜਿਨਸੀ ਸ਼ੋਸ਼ਣ ਦੇ ਉਦੇਸ਼ ਨਾਲ ਨੌਜਵਾਨ ਔਰਤ ਨੂੰ ਅਮਰੀਕਾ ਬੁਲਾਇਆ ਸੀ।

ਵੀਹ ਤੋਂ ਵੱਧ ਔਰਤਾਂ ਨੇ ਟੋਰੇਸ ਦੁਆਰਾ ਧੋਖਾਧੜੀ ਜਾਂ ਸ਼ੋਸ਼ਣ ਕੀਤੇ ਜਾਣ ਦੀ ਗੱਲ ਕਹੀ ਹੈ, ਜਿਨ੍ਹਾਂ ਵਿੱਚੋਂ ਕਈਆਂ ਨਾਲ ਬੀਬੀਸੀ ਨੇ ਗੱਲ ਕੀਤੀ ਹੈ।

ਉਹ ਔਰਤਾਂ ਅਜੇ ਵੀ ਮਨੋਵਿਗਿਆਨਕ ਇਲਾਜ ਕਰਵਾ ਰਹੀਆਂ ਹਨ ਤਾਂ ਜੋ ਉਹ ਉਸ ਸਥਿਤੀ ਤੋਂ ਬਾਹਰ ਆ ਸਕਣ ਜੋ ਉਨ੍ਹਾਂ ਨਾਲ ਕੀਤੇ ਗਏ ਵਿਵਹਾਰ ਦੇ ਕਾਰਨ ਉਤਪੰਨ ਹੋਈ ਸੀ।

ਟੋਰੇਸ ਦੇ ਵਕੀਲ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੇ ਆਪਣੀ ਸਜ਼ਾ ਦੇ ਖ਼ਿਲਾਫ਼ ਅਪੀਲ ਕੀਤੀ ਹੈ ਅਤੇ ਉਹ ਨਿਰਦੋਸ਼ ਹੈ।

ਬ੍ਰਾਜ਼ੀਲ ਵਿੱਚ ਹੋਰ ਔਰਤਾਂ ਵੱਲੋਂ ਲਗਾਏ ਗਏ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ।

ਅਨਾ ਦਾ ਮੰਨਣਾ ਹੈ ਕਿ ਟੋਰੇਸ ਦੇ ਅਪਰਾਧਾਂ ਬਾਰੇ ਪੜ੍ਹਨ ਦੇ ਬਾਅਦ ਹੋਰ ਪੀੜਤ ਵੀ ਅੱਗੇ ਆ ਸਕਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਅਨਾ ਨੇ ਜਨਤਕ ਤੌਰ ’ਤੇ ਆਪਣੀ ਗੱਲ ਕੀਤੀ ਹੈ।

ਉਹ ਕਹਿੰਦੀ ਹੈ ਕਿ ਉਹ ਚਾਹੁੰਦੀ ਹੈ ਕਿ ਲੋਕ ਇਹ ਸਮਝਣ ਕਿ ਟੋਰੇਸ ਦੀਆਂ ਹਰਕਤਾਂ ਇੱਕ ਗੰਭੀਰ ਅਪਰਾਧ ਹੈ ਨਾ ਕਿ ਕੋਈ ‘ਇੰਸਟਾਗ੍ਰਾਮ ਡਰਾਮਾ।’

ਆਪਣੀ ਕਿਤਾਬ ਦੇ ਅੰਤਮ ਪੰਨਿਆਂ ਵਿੱਚ ਡੇਸਿਰੇ ਨੇ ਆਪਣੇ ਅਨੁਭਵਾਂ ’ਤੇ ਵੀ ਵਿਚਾਰ ਕੀਤਾ ਹੈ।

‘‘ਮੈਂ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹਾਂ, ਮੇਰੇ ਲਈ ਇਹ ਸਾਲ ਚੁਣੌਤੀਪੂਰਨ ਰਿਹਾ ਹੈ। ਮੇਰਾ ਜਿਨਸੀ ਸ਼ੋਸ਼ਣ ਕੀਤਾ ਗਿਆ, ਮੈਨੂੰ ਗ਼ੁਲਾਮ ਬਣਾਇਆ ਗਿਆ ਅਤੇ ਕੈਦ ਕੀਤਾ ਗਿਆ।

‘‘ਮੈਨੂੰ ਉਮੀਦ ਹੈ ਕਿ ਮੇਰੀ ਕਹਾਣੀ ਇੱਕ ਚੇਤਾਵਨੀ ਵਜੋਂ ਕੰਮ ਕਰੇਗੀ।’’

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)