ਮੁੰਡੇ-ਕੁੜੀਆਂ ਕਿਵੇਂ ਬਣਦੇ ਹਨ ਜਿਨਸੀ ਫਿਰੌਤੀ ਦਾ ਸ਼ਿਕਾਰ, 6 ਘੰਟੇ ਬਾਅਦ ਮੁੰਡੇ ਨੇ ਕਰ ਲਈ ਖੁਦਕੁਸ਼ੀ

ਜੌਰਡਨ ਅਤੇ ਜੈਨ ਬੂਟਾ ਦੀ ਪੁਰਾਣੀ ਤਸਵੀਰ
ਤਸਵੀਰ ਕੈਪਸ਼ਨ, ਜੌਰਡਨ ਅਤੇ ਜੈਨ ਬੂਟਾ ਦੀ ਪੁਰਾਣੀ ਤਸਵੀਰ
    • ਲੇਖਕ, ਜੋਅ ਟਿਡੀ
    • ਰੋਲ, ਸਾਈਬਰ ਪੱਤਰਕਾਰ, ਬੀਬੀਸੀ ਵਰਲਡ ਸਰਵਿਸ

ਅਲੜ੍ਹਾਂ ਨੂੰ ਜਿਨਸੀ ਧੋਖਾਧੜੀ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਦੁਨੀਆਂ ਭਰ ਵਿੱਚ ਵਧ ਰਹੇ ਹਨ।

ਇਕੱਲੇ ਅਮਰੀਕਾ ਵਿੱਚ ਇਸ ਕਾਰਨ 27 ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਠੱਗ ਨਾਈਜੀਰੀਆ ਨਾਲ ਸੰਬੰਧਿਤ ਸਨ।

ਨਾਈਜੀਰੀਆ ਵਿੱਚ ਪ੍ਰਸ਼ਾਸਨ ਇਨ੍ਹਾਂ ਖਿਲਾਫ਼ ਕਾਰਵਾਈ ਕਰ ਰਿਹਾ ਹੈ ਅਤੇ ਉਨ੍ਹਾਂ ਉੱਤੇ ਹੋਰ ਸਖ਼ਤੀ ਨਾਲ ਕਾਰਵਾਈ ਕਰਨ ਦਾ ਦਬਾਅ ਹੈ।

ਜਿਨਸੀ ਫਿਰੌਤੀ ਜਾਂ ਸੈਕਟੌਰਸ਼ਨ ਇੱਕ ਅਪਰਾਧ ਹੈ। ਇਸ ਵਿੱਚ ਕਿਸੇ ਨੂੰ ਫਸਾ ਕੇ ਜਾਂ ਤਾਂ ਉਸਦਾ ਜਿਨਸੀ ਫਾਇਦਾ ਚੁੱਕਿਆ ਜਾਂਦਾ ਹੈ ਜਾਂ ਪੈਸੇ ਲਈ ਜਾਂਦੇ ਹਨ।

ਉਸ ਨੂੰ ਧਮਾਕਿਆ ਜਾਂਦਾ ਹੈ ਕਿ ਗੱਲ ਨਾ ਮੰਨਣ ਦੀ ਸੂਰਤ ਵਿੱਚ ਉਸ ਦੀ ਆਨ ਲਾਈਨ ਜਿਨਸੀ ਸਰਗਰਮੀ ਦੇ ਸਬੂਤਾਂ ਨੂੰ ਉਸਦੇ ਜਾਣਕਾਰਾਂ ਤੱਕ ਨਸ਼ਰ ਕਰ ਦਿੱਤਾ ਜਾਵੇਗਾ।

ਲਗਭਗ ਦੋ ਸਾਲ ਪਹਿਲਾਂ ਜੈਨ ਬੂਟਾ ਦੇ ਪੁੱਤਰ ਨੇ ਖ਼ੁਦਕੁਸ਼ੀ ਕਰ ਲਈ ਸੀ। ਕੁਝ ਠੱਗਾਂ ਨੇ ਉਸ ਨੂੰ ਉਸੇ ਦੀਆਂ ਅਸ਼ਲੀਲ ਤਸਵੀਰਾਂ ਭੇਜੀਆਂ ਅਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ।

ਜੈਨ ਆਪਣੇ ਆਪ ਨੂੰ ਆਪਣੇ ਪੁੱਤਰ ਦੇ ਕਮਰੇ ਵਿੱਚ ਕੋਈ ਬਦਲਾਅ ਕਰਨ ਲਈ ਅਜੇ ਵੀ ਸਮਝਾ ਨਹੀਂ ਸਕੇ ਹਨ।

17 ਸਾਲਾ ਮੁੰਡੇ ਦੀ ਬਾਸਕਟ ਬਾਲ ਦੀ ਜਰਸੀ, ਕੱਪੜੇ, ਪੋਸਟਰ ਅਤੇ ਚਾਦਰਾਂ ਅਜੇ ਵੀ ਉਵੇਂ ਹੀ ਰੱਖੀਆਂ ਹਨ।

ਉਨ੍ਹਾਂ ਯਾਦਾਂ ਨੂੰ ਸੰਭਾਲਣ ਲਈ— ਪਰਦੇ ਬੰਦ ਹਨ ਅਤੇ ਦਰਵਾਜ਼ਾ ਵੀ ਬੰਦ ਹੈ— ਜਿਨ੍ਹਾਂ ਨੂੰ ਸਿਰਫ਼ ਇੱਕ ਮਾਂ ਹੀ ਸਮਝ ਸਕਦੀ ਹੈ।

“ਇਸ ਵਿੱਚ ਅਜੇ ਵੀ ਉਸਦੀ ਮਹਿਕ ਹੈ। ਇਸੇ ਕਾਰਨ ਮੈਂ ਕਮਰੇ ਦਾ ਦਰਵਾਜ਼ਾ ਬੰਦ ਰੱਖਦੀ ਹਾਂ। ਮੈਂ ਅਜੇ ਵੀ ਉਹ ਪਸੀਨਾ, ਮਿੱਟੀ, ਕਲੌਂਜ ਉਸਦੇ ਕਮਰੇ ਵਿੱਚੋਂ ਸੁੰਘ ਸਕਦੀ ਹਾਂ। ਮੈ ਅਜੇ ਉਸਦੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਦੂਰ ਕਰਨ ਲਈ ਤਿਆਰ ਨਹੀਂ ਹਾਂ।”

ਜਿਨਸੀ ਫਿਰੌਤੀ ਮੰਗਣ ਵਾਲਿਆਂ ਨੇ ਜੌਰਡਨ ਨੂੰ ਇੰਸਟਾਗ੍ਰਾਮ ਉੱਤੇ ਸੰਪਰਕ ਕੀਤਾ ਸੀ।

ਉਨ੍ਹਾਂ ਨੇ ਇੱਕ ਸੋਹਣੀ ਹਮ ਉਮਰ ਕੁੜੀ ਹੋਣ ਦਾ ਨਾਟਕ ਕੀਤਾ ਅਤੇ ਉਸ ਨਾਲ ਚੋਹਲਾਂ ਕੀਤੀਆਂ। ਉਸ ਨੂੰ ਤਸਵੀਰਾਂ ਭੇਜੀਆਂ ਅਤੇ ਆਪਣੀਆਂ ਤਸਵੀਰਾਂ ਵੀ ਭੇਜਣ ਲਈ ਫੁਸਲਾਇਆ।

ਫਿਰ ਠੱਗਾਂ ਨੇ ਜੌਰਡਨ ਨੂੰ ਬਲੈਕਮੇਲ ਕੀਤਾ ਅਤੇ ਕਿਹਾ ਕਿ ਜੇ ਉਸ ਨੇ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਸਦੀਆਂ ਇਹ ਤਸਵੀਰਾਂ ਉਸਦੇ ਦੋਸਤਾਂ ਨੂੰ ਭੇਜ ਦਿੱਤੀਆਂ ਜਾਣਗੀਆਂ।

ਜੌਰਡਨ ਜਿੰਨੇ ਪੈਸੇ ਭੇਜ ਸਕਦਾ ਸੀ, ਉਸਨੇ ਭੇਜੇ। ਉਸ ਨੇ ਠੱਗਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਤਸਵੀਰਾਂ ਅੱਗੇ ਭੇਜੀਆਂ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ। ਅਪਰਾਧੀ ਨੇ ਜਵਾਬ ਦਿੱਤਾ “ਵਧੀਆ... ਜਲਦੀ ਕਰੋ... ਨਹੀਂ ਤਾਂ ਮੈਂ ਕਰਨ ਲਈ ਮਜਬੂਰ ਕਰ ਦੇਵਾਂਗਾ।”

ਜੌਰਡਨ ਨੇ ਇਸ ਗੱਲਬਾਤ ਤੋਂ ਛੇ ਘੰਟੇ ਤੋਂ ਵੀ ਥੋੜ੍ਹੇ ਸਮੇਂ ਦੇ ਅੰਦਰ ਹੀ ਖ਼ੁਦਕੁਸ਼ੀ ਕਰ ਲਈ।

ਗਰਾਫਿਕਸ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਅਪਰਾਧੀਆਂ ਕੋਲ ਇੱਕ ਤੈਅ ਪਟਕਥਾ ਹੈ?

ਜੈਨ ਨੇ ਮਿਸ਼ੀਗਨ ਵਿੱਚ ਆਪਣੇ ਘਰੋਂ ਗੱਲਬਾਤ ਕਰਦਿਆਂ ਬੀਬੀਸੀ ਨੂੰ ਦੱਸਿਆ, “ਅਸਲ ਵਿੱਚ ਇਸ ਦੀ ਇੱਕ ਪਟਕਥਾ ਹੈ। ਇਹ ਲੋਕ ਸਿਰਫ਼ ਉਸ ਪਟਕਥਾ ਉੱਤੇ ਅਮਲ ਕਰਦੇ ਹਨ ਅਤੇ ਦਬਾਅ ਬਣਾਉਂਦੇ ਹਨ।”

“ਉਹ ਅਜਿਹਾ ਫਟਾਫਟ ਕਰਦੇ ਹਨ, ਕਿਉਂਕਿ ਤਾਂਹੀ ਉਹ ਅਗਲੇ ਬੰਦੇ ਕੋਲ ਜਾ ਸਕਣਗੇ। ਇਹ ਸਾਰਾ ਕੰਮ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਬਾਰੇ ਹੀ ਹੈ।”

ਅਪਰਾਧੀਆਂ ਦਾ ਖੁਰਾਖੋਜ ਨਾਈਜੀਰੀਆ ਵਿੱਚ ਮਿਲਿਆ, ਉਨ੍ਹਾਂ ਨੂੰ ਫੜ ਕੇ ਅਮਰੀਕਾ ਲਿਆਂਦਾ ਗਿਆ।

ਸੈਕਸਟੋਰਸ਼ਨ ਬਾਰੇ ਹੋਰ ਜਾਨਣ ਅਤੇ ਇਸ ਤੋਂ ਬਚਣ ਲਈ ਬੀਬੀਸੀ ਪੰਜਾਬੀ ਦੀ ਤੁਸੀਂ ਇਹ ਰਿਪੋਰਟ ਪੜ੍ਹ ਸਕਦੇ ਹੋ।

22 ਸਾਲਾ ਸਮੂਏਲ ਓਗੋਸ਼ੀ ਅਤੇ ਉਸਦਾ 20 ਸਾਲਾ ਭਰਾ ਸੈਮਸੋਨ ਓਗੋਸ਼ੀ

ਤਸਵੀਰ ਸਰੋਤ, Nigeria Police

ਤਸਵੀਰ ਕੈਪਸ਼ਨ, 22 ਸਾਲਾ ਸਮੂਏਲ ਓਗੋਸ਼ੀ ਅਤੇ ਉਸਦਾ 20 ਸਾਲਾ ਭਰਾ ਸੈਮਸੋਨ ਓਗੋਸ਼ੀ

ਲਾਗੋਸ ਦੇ ਦੋ ਭਰਾ— ਸਮੂਏਲ ਓਗੋਸ਼ੀ (22) ਅਤੇ ਸੈਮਸੋਨ ਓਗੋਸ਼ੀ (20)— ਬੱਚਿਆਂ ਨਾਲ ਜਿਨਸੀ ਫਿਰੌਤੀ ਦੇ ਇਲਜ਼ਮਾਂ ਵਿੱਚ ਸਜ਼ਾ ਸੁਣਾਏ ਜਾਣ ਦੀ ਉਡੀਕ ਕਰ ਰਹੇ ਹਨ।

ਇੱਕ ਹੋਰ ਨਾਈਜੀਰੀਅਨ ਨਾਗਰਿਕ, ਜਿਸ ਉੱਪਰ ਜੌਰਡਨ ਦੀ ਮੌਤ ਅਤੇ ਹੋਰ ਮਾਮਲਿਆਂ ਵਿੱਚ ਇਲਜ਼ਾਮ ਹਨ। ਉਹ ਸਪੁਰਦਗੀ ਦੇ ਖਿਲਾਫ਼ ਲੜਾਈ ਲੜ ਰਿਹਾ ਹੈ।

ਜੌਰਡਨ ਦੀ ਦੁਖਾਂਤਕ ਮੌਤ ਜਿਨਸੀ ਫਿਰੌਤੀ ਖਿਲਾਫ਼ ਲੜਾਈ ਵਿੱਚ ਇੱਕ ਅਹਿਮ ਕੜੀ ਬਣ ਗਈ ਹੈ।

ਜੈਨੀ ਹੁਣ ਟਿਕਟਾਕ ਉੱਤੇ ਇਸ ਖਿਲਾਫ਼ ਮੰਨੀ-ਪ੍ਰਮੰਨੀ ਪ੍ਰਚਾਰਕ ਹਨ। ਉਹ ਇਸ ਕੰਮ ਲਈ ਟਿਕਟਾਕ ਦਾ ਉਹੀ ਅਕਾਊਂਟ ਵਰਤ ਰਹੇ ਹਨ, ਜਿਹੜਾ ਕਦੇ ਜੌਰਡਨ ਨੇ ਉਨ੍ਹਾਂ ਲਈ ਬਣਾਇਆ ਸੀ।

ਉਹ ਨੌਜਵਾਨਾਂ ਨੂੰ ਇਸ ਬਾਰੇ ਸਾਵਧਾਨ ਕਰਦੇ ਹਨ। ਉਨ੍ਹਾਂ ਦੀਆਂ ਵੀਡੀਓ 10 ਲੱਖ ਤੋਂ ਜ਼ਿਆਦਾ ਵਾਰ ਪਸੰਦ ਕੀਤੀਆਂ ਜਾ ਚੁੱਕੀਆਂ ਹਨ।

ਜਿਨਸੀ ਫਿਰੌਤੀ ਦੇ ਮਾਮਲਿਆਂ ਦੀ ਇਸ ਦੀ ਸੰਵੇਦਨਾਸ਼ੀਲਤਾ ਕਾਰਨ ਸ਼ਿਕਾਇਤ ਘੱਟ ਦਰਜ ਹੁੰਦੀ ਹੈ। ਹਾਲਾਂਕਿ ਅਮਰੀਕਾ ਦੇ ਅੰਕੜਿਆਂ ਮੁਤਾਬਕ ਅਜਿਹੇ ਮਾਮਲੇ ਦੁੱਗਣੇ ਹੋ ਕੇ 26,700 ਪਹੁੰਚ ਗਏ ਹਨ, ਇਨ੍ਹਾਂ ਮਾਮਲਿਆਂ ਵਿੱਚ 27 ਮੁੰਡਿਆਂ ਨੇ ਪਿਛਲੇ ਦੋ ਸਾਲਾਂ ਦੌਰਾਨ ਖ਼ੁਦਕੁਸ਼ੀ ਕਰ ਲਈ ਹੈ।

ਯਾਹੂ ਬੁਆਇਜ਼ ਸਕੈਮ

ਖੁਫ਼ੀਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ— ਪੱਛਮੀ ਅਫਰੀਕਾ ਵੱਲ ਖਾਸ ਕਰਕੇ ਨਾਈਜੀਰੀਆ ਵੱਲ ਸੰਕੇਤ ਕਰਦੀਆਂ ਹਨ, ਕਿ ਇਹੀ ਇਸ ਅਪਰਾਧ ਦਾ ਕੇਂਦਰ ਹੈ।

ਆਸਟ੍ਰੇਲੀਆ ਦੇ ਇੱਕ ਸਕੂਲੀ ਵਿਦਿਆਰਥੀ ਦੀ ਖ਼ੁਦਕੁਸ਼ੀ ਤੋਂ ਬਾਅਦ ਅਪ੍ਰੈਲ ਵਿੱਚ ਦੋ ਨਾਈਜੀਰੀਆਈ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕਾ ਵਿੱਚ ਇੱਕ 15 ਸਾਲਾ ਮੁੰਡੇ ਅਤੇ ਕੈਨੇਡਾ ਵਿੱਚ ਇੱਕ 14 ਸਾਲਾ ਮੁੰਡੇ ਵੱਲੋਂ ਆਪਣੀ ਜਾਨ ਲਏ ਜਾਣ ਤੋਂ ਬਾਅਦ ਲਾਗੋਸ ਵਿੱਚ ਦੋ ਹੋਰ ਜਣਿਆਂ ਖਿਲਾਫ਼ ਮੁਕੱਦਮਾ ਚੱਲ ਰਿਹਾ ਹੈ।

ਜਨਵਰੀ ਵਿੱਚ ਅਮਰੀਕਾ ਦੀ ਸਾਈਬਰ- ਕੰਪਨੀ ਨੈਟਵਰ ਕੰਟੇਜਨ ਰਿਸਰਚ ਇੰਸਟੀਚਿਊਟ ਨੇ ਨਾਈਜੀਰੀਆ ਤੋਂ ਚਲਾਏ ਜਾ ਰਹੇ ਟਿਕਟਾਕ, ਯੂਟਿਊਬ ਅਤੇ ਸਕਰਾਈਬ ਨੈਟਵਰਕ ਦਾ ਖੁਲਾਸਾ ਕੀਤਾ। ਜੋ ਜਿਨਸੀ ਫਿਰੌਤੀ ਲਈ ਟਿਪਸ ਅਤੇ ਪਟਕਥਾ ਵਗੈਰਾ ਸਾਂਝੀਆਂ ਕਰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਮੱਗਰੀ ਨਾਈਜੀਰੀਆ ਦੀ ਪਿਜਨ ਉਪਬੋਲੀ ਵਿੱਚ ਹੁੰਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਨਾਈਜੀਰੀ ਦੀ ਤਕਨੀਕੀ ਜਾਣਕਾਰੀ ਵਾਲੀ ਨੌਜਵਾਨ ਪੀੜ੍ਹੀ ਨੇ ਸਾਈਬਰ ਅਪਰਾਧ ਦੀ ਨਵੀਂ ਲਹਿਰ ਨੂੰ ਜਨਮ ਦਿੱਤਾ ਹੋਵੇ।

ਯਾਹੂ ਬੁਆਏਜ਼ ਸ਼ਬਦ, ਨੌਜਵਾਨਾਂ ਦੇ ਉਸ ਵਰਗ ਲਈ ਵਰਤਿਆ ਜਾਂਦਾ ਹੈ, ਜੋ ਸਾਈਬਰ ਠੱਗੀ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।

ਇਹ ਨਾਮ ਯਾਹੂ ਈਮੇਲ ਸੇਵਾ ਰਾਹੀਂ ਸਾਲ 2000 ਵਿਆਂ ਦੇ ਦਹਾਕੇ ਨਾਈਜੀਰੀਅਨ ਪ੍ਰਿੰਸ ਸਕੈਮ ਤਹਿਤ ਫੈਲਾਈਆਂ ਗਈਆਂ ਈਮੇਲਜ਼ ਤੋਂ ਨਿਕਲਿਆ ਹੈ।

ਵੀਡੀਓ ਸਕਰੀਨ ਦਾ ਸਕਰੀਨ ਸ਼ਾਟ
ਤਸਵੀਰ ਕੈਪਸ਼ਨ, ਜੌਰਡਨ ਦੀ ਮਾਂ ਜੈਨ ਨੇ ਲੋਕਾਂ ਨੂੰ ਸੁਚੇਤ ਕਰਨ ਲਈ ਦਰਜਣਾਂ ਵੀਡੀਓ ਟਿਕਟਾਕ ਉੱਤੇ ਸਾਂਝੀਆਂ ਕੀਤੀਆਂ ਹਨ

ਨੌਜਵਾਨ ਇਹ ਅਪਰਾਧ ਕਿਉਂ ਕਰਦੇ ਹਨ

ਡਾ਼ ਟੋਮਬਾਰੀ ਸਿਬੇ, ਡਿਜੀਟਲ ਫੁੱਟਪ੍ਰਿੰਟਸ ਨਾਈਜੀਰੀਆ ਦਾ ਕਹਿਣਾ ਹੈ ਕਿ ਜਿਨਸੀ ਫਿਰੌਤੀ ਵਰਗੇ ਸਾਈਬਰ ਅਪਰਾਧਾਂ ਦਾ ਦੇਸ ਦੀ ਨੌਜਵਾਨ ਪੀੜ੍ਹੀ ਵਿੱਚ ਆਮ ਹੋ ਚੁੱਕਿਆ ਹੈ। “ਦੇਸ ਵਿੱਚ ਗ਼ਰੀਬੀ ਅਤੇ ਬੇਰੁਜ਼ਗਾਰੀ ਵੀ ਵੱਡੀ ਸਮੱਸਿਆ ਹੈ।''

ਉਹ ਦੱਸਦੇ ਹਨ,“ਇਹ ਸਾਰੇ ਨੌਜਵਾਨ ਜਿਨ੍ਹਾਂ ਕੋਲ ਕਰਨ ਲਈ ਬਹੁਤਾ ਕੁਝ ਨਹੀਂ ਹੈ। ਉਨ੍ਹਾਂ ਲਈ ਇੱਕ ਮੁੱਖ ਸਰਗਰਮੀ ਬਣ ਗਈ ਹੈ, ਜਿੱਥੇ ਉਹ ਸਿੱਟਿਆਂ ਬਾਰੇ ਜ਼ਿਆਦਾ ਨਹੀਂ ਸੋਚਦੇ ਹਨ। ਉਹ ਸਿਰਫ ਆਪਣੇ ਸਾਥੀਆਂ ਨੂੰ ਪੈਸੇ ਕਮਾਉਂਦੇ ਦੇਖਦੇ ਹਨ।”

ਅਫ਼ਰੀਕਾ ਦੀ ਮਨੁੱਖੀ ਹੱਕਾਂ ਬਾਰੇ ਚੈਰਿਟੀ ਡੇਵਾਟੌਪ ਵੇ ਕਿਹਾ ਹੈ ਕਿ ਨਾਈਜੀਰੀਆ ਵਿੱਚ ਜਿਨਸੀ ਫਿਰੌਤੀ ਨਾਲ ਨਜਿੱਠਣ ਦੇ ਮੌਜੂਦਾ ਉਪਰਾਲੇ ਨਾਕਾਮ ਹੋ ਚੁੱਕੇ ਹਨ।

ਐੱਨਸੀਆਰਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨਸੀ ਫਿਰੌਤੀ ਦੇ ਅਪਰਾਧਾਂ ਦਾ ਜਸ਼ਨ ਮਨਾਉਣਾ ਦੇਸ ਦੇ ਇੰਟਰਨੈਟ ਦੇ ਇੱਕ ਹਿੱਸੇ ਵਿੱਚ ਸਥਾਪਿਤ ਗੱਲ ਹੋ ਚੁੱਕੀ ਹੈ।

ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨਾਈਜੀਰੀਆ ਦੇ ਨੈਸ਼ਨਲ ਸਾਈਬਰ ਕ੍ਰਾਈਮ ਸੈਂਟਰ (ਐੱਨਸੀਸੀਸੀ) ਦੇ ਨਿਰਦੇਸ਼ਕ ਨੇ ਆਪਣੀ ਪੁਲਿਸ ਦੀਆਂ ਕਾਰਵਾਈਆਂ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਉਹ ਅਪਰਾਧੀਆਂ ਨੂੰ ਫੜਨ ਅਤੇ ਹੋਰ ਲੋਕਾਂ ਨੂੰ ਅਜਿਹੇ ਅਪਰਾਧ ਕਰਨ ਤੋਂ ਰੋਕਣ ਲਈ ਸਖਤ ਮਿਹਨਤ ਕਰ ਰਹੇ ਹਨ।

ਉਚੇਹ ਇਫਿਆਨੀ ਹੈਨਰੀ
ਤਸਵੀਰ ਕੈਪਸ਼ਨ, ਉਚੇਹ ਇਫਿਆਨੀ ਹੈਨਰੀ

ਉਚੇਹ ਇਫਿਆਨੀ ਹੈਨਰੀ ਨੇ ਕਿਹਾ ਕਿ ਉਨ੍ਹਾਂ ਦੇ ਅਫਸਰ ਅਪਰਾਧੀਆਂ ਉੱਪਰ ਕਰੜੀ ਸੱਟ ਮਾਰ ਰਹੇ ਹਨ ਅਤੇ ਜੇ ਕੋਈ ਨਾਈਜੀਰੀਆ ਜਿਣਸੀ ਫਿਰੌਤੀ ਦੇ ਅਪਰਾਧ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਤਾਂ ਇਹ ਹਾਸੋਹੀਣਾ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀਆਂ ਕਾਰਵਾਈਆਂ ਕਾਰਨ ਬਹੁਤ ਸਾਰੇ ਅਪਰਾਧੀ ਗੁਆਂਢੀ ਦੇਸਾਂ ਵੱਲ ਜਾ ਰਹੇ ਹਨ।

ਨਿਰਦੇਸ਼ਕ ਨੇ ਜ਼ੋਰ ਦੇ ਕੇ ਦੱਸਿਆ ਕਿ ਸਰਕਾਰ ਨੇ ਸਟੇਟ-ਆਫ-ਦਿ-ਆਰਟ ਸਾਈਬਰ ਕ੍ਰਾਈਮ ਸੈਂਟਰ ਕਾਇਮ ਕਰਨ ਉੱਤੇ ਕਈ ਲੱਖ ਪੌਂਡ ਖਰਚ ਕੀਤੇ ਹਨ।

ਉਨ੍ਹਾਂ ਨੇ ਕਿਹਾ ਕਿ ਨਾਈਜੀਰੀਆ ਦੇ ਅਲ੍ਹੜਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਠੱਗ ਸਿਰਫ ਨਾਈਜੀਰੀਆ ਦੀ ਸਮੱਸਿਆ ਨਹੀਂ ਹੈ ਸਗੋਂ ਹੋਰ ਦੱਖਣ ਏਸ਼ੀਆਈ ਮੁਲਕਾਂ ਵਿੱਚ ਵੀ ਹਨ। ਇਨ੍ਹਾਂ ਨਾਲ ਨਜਿੱਠਣ ਲਈ ਵਿਸ਼ਵੀ ਉਪਰਾਲਿਆਂ ਦੀ ਲੋੜ ਹੈ।

ਫਸ ਜਾਣ 'ਤੇ ਕੀ ਕੀਤਾ ਜਾਵੇ

ਇਸ ਦੌਰਾਨ ਜੈਨ ਬੂਟਾ ਆਪਣੇ ਪਤੀ ਅਤੇ ਜੌਰਡਨ ਦੇ ਪਿਤਾ ਜੌਹਨ ਡੀਮੇਅ ਨਾਲ ਮਿਲ ਕੇ, ਜਿਣਸੀ ਫਿਰੌਤੀ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਲੱਗੇ ਹੋਏ ਹਨ। ਉਹ ਨੌਜਵਾਨਾਂ ਨੂੰ ਲਗਤਾਰ ਇਸਦੇ ਖਿਲਾਫ਼ ਸੁਚੇਤ ਕਰਦੇ ਰਹਿੰਦੇ ਹਨ ਜੋ ਇਸਦੇ ਸੌਖੇ ਸ਼ਿਕਾਰ ਬਣਦੇ ਹਨ।

ਜੈਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਲਾਹ ਵਿੱਚ ਇਹ ਗੱਲਾਂ ਸ਼ਾਮਲ ਹਨ—

  • ਯਾਦ ਰੱਖੋ ਕਿ ਤੁਸੀਂ ਇਕੱਲੇ ਨਹੀਂ ਹੋ, ਅਤੇ ਇਹ ਤੁਹਾਡੀ ਬੇਇਜ਼ਤੀ ਨਹੀਂ ਹੈ।
  • ਪਲੇਟਫਾਰਮ ਦੇ ਸੁਰੱਖਿਆ ਫੀਚਰ ਜ਼ਰੀਏ ਅਪਰਾਧੀ/ਸ਼ਿਕਾਰੀ ਦੇ ਖਾਤੇ ਦੀ ਇਤਲਾਹ ਦਿਓ
  • ਅਪਰਾਧੀ/ਸ਼ਿਕਾਰੀ ਨੂੰ ਬਲਾਕ ਕਰ ਦਿਓ ਕਿ ਉਹ ਤੁਹਾਨੂੰ ਸੰਪਰਕ ਨਾ ਕਰ ਸਕੇ।
  • ਸੁਨੇਹਿਆਂ ਅਤੇ ਪ੍ਰੋਫਾਈਲ ਨੂੰ ਸੁਰੱਖਿਅਤ ਕਰ ਲਵੋ। ਇਹ ਪੁਲਿਸ ਦੀਅਪਰਾਧੀ ਨੂੰ ਫੜਨ ਅਤੇ ਰੋਕਣ ਵਿੱਚ ਮਦਦ ਕਰ ਸਕਦੇ ਹਨ।
  • ਹੋਰ ਤਸਵੀਰਾਂ ਜਾਂ ਪੈਸਾ ਭੇਜਣ ਤੋਂ ਪਹਿਲਾਂ ਕਿਸੇ ਭਰੋਸੇਯੋਗ ਬਾਲਗ ਜਾਂ ਪੁਲਿਸ ਦੀ ਮਦਦ ਲਓ।
  • ਅਪਰਾਧੀ ਦਾ ਸਹਿਯੋਗ ਕਰਨ ਨਾਲ ਬਲੈਕਮੇਲ ਜਾਂ ਪ੍ਰੇਸ਼ਾਨੀ ਕਦੇ ਖ਼ਤਮ ਨਹੀਂ ਹੁੰਦੀ ਪਰ ਜੇ ਪੁਲਿਸ ਨੂੰ ਸੰਪਰਕ ਕੀਤਾ ਜਾਵੇ ਤਾਂ ਇਹ ਖ਼ਤਮ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)