'ਮੋਦੀ ਭਾਵੇਂ ਆਪ ਨੂੰ ਅਵਤਾਰ ਹੀ ਸਮਝਦਾ ਹੋਵੇ, ਆਖਰ ਰੋਟੀ ਕਣਕ ਦੀ ਹੀ ਖਾਂਦਾ'- ਹਨੀਫ਼ ਦਾ ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਸੱਚੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਘਰ ਦੇ ਪੁਆੜੇ ਹੀ ਇੰਨੇ ਹਨ ਕਿ ਸਾਨੂੰ ਘੱਟ-ਵਧ ਹੀ ਖ਼ਬਰ ਹੁੰਦੀ ਹੈ ਕਿ ਸਾਡੇ ਗੁਆਂਢ ’ਚ ਕੀ ਹੋ ਰਿਹਾ ਹੈ।
ਜਦੋਂ ਤੱਕ ਕੋਈ ਬਾਰਡਰ ’ਤੇ ਝੜਪ ਨਾ ਹੋਵੇ, ਸਾਨੂੰ ਨਹੀਂ ਪਤਾ ਲੱਗਦਾ ਕਿ ਹਿੰਦੁਸਤਾਨ, ਅਫ਼ਗਾਨਿਸਤਾਨ ਜਾਂ ਈਰਾਨ ਕੀ ਪਏ ਸੋਚਦੇ ਹਨ।
ਇੰਡੀਆ ਨਾਲ ਕਿਉਂਕਿ ਪੁਰਾਣਾ ਸ਼ਰੀਕਾ ਹੈ , ਇਸ ਲਈ ਉੱਧਰ ਕਦੇ-ਕਦੇ ਝਾਤੀ ਮਾਰ ਲਈ ਦੀ ਹੈ।
ਕਦੇ ਨੈੱਟਫਲਿਕਸ ’ਤੇ ਹੀਰਾਮੰਡੀ ਵੇਖ ਕੇ ਆਖ ਛੱਡਿਆ ਕਿ ਇਨ੍ਹਾਂ ਨੂੰ ਲਾਹੌਰ ਦਾ ਕੱਖ ਪਤਾ ਨਹੀਂ, ਕਦੇ ਕਿਸੇ ਰਿਟਾਇਰ ਕ੍ਰਿਕਟਰ ਦੀਆਂ ਗੱਲਾਂ ਸੋਚ ਲਈਆਂ।
ਜਦੋਂ ਦੀ ਮੋਦੀ ਸਰਕਾਰ ਆਈ ਹੈ, ਉਦੋਂ ਦੇ ਹਰ ਸਾਲ ਬਾਰਡਰ ’ਤੇ ਮੋਮਬੱਤੀਆਂ ਬਾਲ ਕੇ ਹਿੰਦੁਸਤਾਨ-ਪਾਕਿਸਤਾਨ ਭਾਈ-ਭਾਈ ਦੇ ਨਾਅਰੇ ਲਗਾਉਣ ਵਾਲੇ ਵੀ ਠੰਡੇ ਹੋ ਗਏ ਹਨ।

ਮੋਦੀ ਸਰਕਾਰ ਤੋਂ ਡਰ ਕਿਉਂ
ਜਿਹੜੇ ਬਾਬੇ ਅਤੇ ਮਾਈਆਂ ਪਾਰਟੀਸ਼ਨ ਤੋਂ ਪਹਿਲੇ ਦਾ ਸਮਾਂ ਯਾਦ ਕਰਕੇ ਉਦਾਸ ਹੋ ਜਾਂਦੇ ਸਨ ਅਤੇ ਰੋਂਦੇ ਸਨ, ਉਨ੍ਹਾਂ ਨੂੰ ਵੀ ਸਬਰ ਆ ਹੀ ਗਿਆ ਹੈ।
ਉਹ ਕਹਿੰਦੇ ਹਨ ਕਿ ਸੰਗੀ ਸਾਡੇ ਬਾਵਰਚੀਖਾਨੇ (ਰਸੋਈ) ’ਚ ਵੜ੍ਹ ਕੇ ਵੱਡਾ ਗੋਸ਼ਤ ਲੱਭਦੇ ਫਿਰਦੇ ਹਨ ਅਤੇ ਫਿਰ ਸਾਡੇ ਮੁਸਲਾਮਨ ਭੈਣਾਂ ਅਤੇ ਭਰਾਵਾਂ ਨੂੰ ਵਿੱਚ ਬਾਜ਼ਾਰ ਦੇ ਡੰਡੇ ਮਾਰ ਕੇ ਆਖਦੇ ਹਨ ਕਿ ਨਾਅਰਾ ਲਗਾਓ ‘ਜੈ ਸ਼੍ਰੀ ਰਾਮ’।
ਚੰਗਾ ਹੋਇਆ ਬਾਬੇ ਕਾਇਦੇ ਆਜ਼ਮ ਨੇ ਪਾਕਿਸਤਾਨ ਬਣਾ ਛੱਡਿਆ, ਟੁੱਟਿਆ-ਭੱਜਿਆ ਜਿਸ ਤਰ੍ਹਾਂ ਦਾ ਵੀ ਹੈ, ਇਥੇ ਅਸੀਂ ਆਪ ਡੰਡੇ ਮਾਰ ਕੇ ਜਿਸ ਦੇ ਕੋਲੋਂ ਜੋ ਨਾਅਰਾ ਚਾਹੀਏ ਲਗਵਾ ਲਈਏ।
ਪਾਕਿਸਤਾਨੀਆਂ ਦੀ ਭਾਰਤ ਵੱਲ ਝਾਕ
ਪਿਛਲੇ ਕੁਝ ਮਹੀਨਿਆਂ ’ਚ ਪਾਕਿਸਤਾਨੀਆਂ ਨੇ ਇੰਡੀਆ ਦੇ ਦੋ ਵੱਡੇ ਫੰਕਸ਼ਨ ਬਹੁਤ ਹੀ ਰੀਝ ਨਾਲ ਵੇਖੇ ਹਨ। ਇੱਕ ਅੰਬਾਨੀ ਦੇ ਪੁੱਤਰ ਦਾ ਵਿਆਹ ਅਤੇ ਦੂਜਾ ਅਯੁੱਧਿਆ ’ਚ ਵੱਡੇ ਰਾਮ ਮੰਦਰ ਦਾ ਉਦਘਾਟਨ।
ਵਿਆਹ ਦਾ ਜਸ਼ਨ ਵੇਖ ਕੇ ਇੰਝ ਲੱਗਿਆ ਕਿ ਇੰਡੀਆ ਚੰਨ ਤੋਂ ਵੀ ਅੱਗੇ ਲੰਘ ਗਿਆ ਹੈ।
ਕਿਹੜਾ ਬਿਲ ਗੇਟਸ ਅਤੇ ਕਿਹੜਾ ਮਾਰਕ ਜ਼ੁਕਰਬਰਗ ਤੇ ਕਿਹੜੇ ਬਾਲੀਵੁੱਡ ਵਾਲੇ ਆਪਣੇ ਸਾਰੇ ਖ਼ਾਨ ਨਿਉਂਦਰੇ ਦੇਣ ਲਈ ਲਾਈਨ ’ਚ ਲੱਗੇ ਹੋਏ ਸਨ।
ਅੰਦਰੋਂ ਭਾਵੇਂ ਸਾੜ ਹੀ ਆਇਆ ਹੋਵੇ, ਪਰ ਮੰਨ ਲਿਆ ਕਿ ਇਹ ਹੁੰਦੀ ਹੈ ਸੁਪਰ ਪਾਵਰ ਤੇ ਇੰਝ ਢੁੱਕਦੀ ਹੈ ਸੁਪਰ ਪਾਵਰ ਦੀ ਜੰਝ।
ਫਿਰ ਚੋਣਾਂ ਤੋਂ ਪਹਿਲਾਂ ਖੋਲ੍ਹਿਆ ਗਿਆ ਅਯੁੱਧਿਆ ਵਾਲਾ ਵੱਡਾ ਮੰਦਰ। ਦੁਨੀਆਂ ਨੂੰ ਅਯੁੱਧਿਆ ਦਾ ਉਦੋਂ ਹੀ ਪਤਾ ਲੱਗਿਆ ਸੀ ਜਦੋਂ ਬਾਬਰੀ ਮਸਜਿਦ ਢਾਹੀ ਗਈ ਸੀ।
ਇੱਥੇ ਪਾਕਿਸਤਾਨੀਆਂ ਨੇ ਵੀ ਲੱਭ-ਲੱਭ ਕੇ ਮੰਦਰ ਤੋੜੇ, ਫਿਰ ਵੀ ਠੰਡ ਨਹੀਂ ਪਈ।
ਹੁਣ ਵੀ ਕਦੇ ਕਿਸੇ ਬਸਤੀ ਨੂੰ ਅੱਗ ਲਗਾ ਦਿੰਦੇ ਹਨ ਅਤੇ ਕਦੇ ਆਪਣੇ ਹੀ ਮੁਸਲਮਾਨਾਂ ਦੇ ਕਿਸੇ ਫਿਰਕੇ ਦੀ ਮਸਜਿਦ ਤੋਂ ਕਾਫ਼ਰ ਲੱਭਦੇ ਫਿਰਦੇ ਹਨ।

ਤਸਵੀਰ ਸਰੋਤ, Getty Images
ਭਾਰਤ ’ਚ ਮੋਦੀ ਦੀ ਸਰਕਾਰ
ਹੁਣ ਮੋਦੀ ਜੀ ਕੋਈ ਹਜ਼ਾਰ ਕੁ ਸਾਲ ਹਕੂਮਤ ਕਰਨਗੇ।
ਉਨ੍ਹਾਂ ਨੇ ਆਪ ਵੀ ਖੁੱਲ੍ਹ ਕੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਤਾਂ ਸ਼ੱਕ ਹੈ ਕਿ, “ਮੈਂ ਬੰਦੇ ਦਾ ਪੁੱਤਰ ਨਹੀਂ ਬਲਕਿ ਕੋਈ ਛੋਟਾ ਮੋਟਾ ਅਵਤਾਰ ਹੀ ਹਾਂ”।
ਹਿੰਦੁਸਤਾਨ ’ਚ ਮੀਡੀਆ ਵਾਲੇ ਯਾਰ ਵੀ ਦੱਸਦੇ ਸਨ ਕਿ ਮੋਦੀ ਬਹੁਤ ਹੀ ਡਾਡਾ ਹੈ, ਕਿਸੇ ਦੀ ਨਹੀਂ ਸੁਣਦਾ ਬਲਕਿ ਕਦੇ ਤਾਂ ਆਪਣੀ ਵੀ ਨਹੀਂ ਸੁਣਦਾ।
ਪਿਛਲੇ ਸਾਲ ਮੋਦੀ ਵੱਲੋਂ ਸੇਠਾਂ ਦੇ ਫਾਇਦੇ ਲਈ ਬਣਾਏ ਕਾਨੂੰਨਾਂ ਤੋਂ ਤੰਗ ਆਏ ਕਿਸਾਨ ਇੱਕਠੇ ਹੋਏ, ਆਪਣੇ ਟਰੈਕਟਰ, ਟਰਾਲੀਆਂ ਤੇ ਬੁੜੀਆਂ, ਬੱਚਿਆਂ ਨਾਲ ਧਰਨੇ ਦੇ ਕੇ ਬੈਠ ਗਏ।
ਮੀਡੀਆ ’ਚ ਮੋਦੀ ਦੇ ਯਾਰਾਂ ਨੂੰ ਸਮਝਾਉਂਦੇ ਰਹੇ ਕਿ ਤੁਸੀਂ ਸ਼ਹਿਰਾਂ ’ਚ ਬੈਠ ਕਿ ਜਿਹੜੇ ਪੀਜ਼ੇ ਖਾਂਦੇ ਹੋ, ਇਨ੍ਹਾਂ ਦੇ ਲਈ ਕਣਕ ਵੀ ਅਸੀਂ ਉਗਾਉਂਦੇ ਹਾਂ ਅਤੇ ਇਨ੍ਹਾਂ ਦੇ ਉੱਤੇ ਜੋ ਚੀਜ਼ ਹੁੰਦਾ ਹੈ ਉਹ ਵੀ ਸਾਡੀਆਂ ਮੱਝਾਂ ਦੇ ਦੁੱਧ ਨਾਲ ਹੀ ਬਣਦਾ ਹੈ।
ਕਿਸਾਨ ਰਾਸ਼ਨ ਘਰੋਂ ਲੈ ਕੇ ਆਏ ਸਨ। ਉਦੋਂ ਤੱਕ ਜੰਮ ਕੇ ਬੈਠੇ ਰਹੇ ਜਦੋਂ ਤੱਕ ਮੋਦੀ ਮੰਨ ਨਹੀਂ ਗਿਆ।

ਤਸਵੀਰ ਸਰੋਤ, Getty Images
ਪਹਿਲੀ ਵਾਰ ਲੱਗਿਆ ਕਿ ਭਾਵੇਂ ਮੋਦੀ ਆਪਣੇ ਆਪ ਨੂੰ ਅਵਤਾਰ ਹੀ ਸਮਝਦਾ ਹੋਵੇ, ਆਖਰ ਰੋਟੀ ਤਾਂ ਉਹ ਵੀ ਕਣਕ ਦੀ ਹੀ ਖਾਂਦਾ ਹੈ ਅਤੇ ਵੋਟ ਵੀ ਇਨ੍ਹਾਂ ਲੋਕਾਂ ਤੋਂ ਹੀ ਲੈਣੇ ਸੀ।
ਵੋਟ ਪਏ ਤਾਂ ਪਤਾ ਲੱਗਿਆ ਕਿ ਜਿਸ ਅਯੁੱਧਿਆ ਨੂੰ ਹਿੰਦੂਆਂ ਦਾ ਯਰੂਸ਼ੇਲਮ ਬਣਾਉਣ ਤੁਰਿਆ ਸੀ, ਉਨ੍ਹਾਂ ਨੇ ਹੀ ਮੋਦੀ ਨੂੰ ਹਰਾ ਛੱਡਿਆ।
ਕਿਸੇ ਸਿਆਣੇ ਨੇ ਆਖਿਆ ਬਈ ਰਾਮ ਮੰਦਰ ਬਣਾਉਣ ਲਈ ਜਿਨ੍ਹਾਂ ਲੋਕਾਂ ਨੂੰ ਘਰੋਂ ਬੇਘਰ ਕੀਤਾ ਸੀ, ਉਨ੍ਹਾਂ ਨੇ ਤਾਂ ਆਪਣੀ ਨਾਰਾਜ਼ਗੀ ਕੱਢਣੀ ਹੀ ਸੀ।
ਅਯੁੱਧਿਆ ਇਲੈਕਸ਼ਨ ਦਾ ਨਤੀਜਾ ਵੇਖ ਕੇ ਕਈ ਮੁਸਲਾਮਨਾਂ ਨੇ ਬਿਨ੍ਹਾਂ ਡੰਡੇ ਖਾਧਿਆਂ ਦਿਲੋਂ ਨਾਅਰਾ ਲਗਾ ਦਿੱਤਾ ਹੋਣਾ ਹੈ -‘ਜੈ ਸ਼੍ਰੀ ਰਾਮ’।
ਮੋਦੀ ਜੀ ਫਿਰ ਤੀਜੀ ਵਾਰ ਵਜ਼ੀਰ-ਏ-ਆਜ਼ਮ ਬਣ ਗਏ, ਮੁਬਾਰਕਬਾਦ ਬਣਦੀ ਹੈ।
ਜਿਨ੍ਹਾਂ ਵੋਟਰਾਂ ਨੇ ਉਨ੍ਹਾਂ ਨੂੰ ਆਸਮਾਨ ਤੋਂ ਜ਼ਮੀਨ ’ਤੇ ਲਿਆ ਸੁੱਟਿਆ ਹੈ, ਉਨ੍ਹਾਂ ਦੀ ਮੁਬਾਰਕਬਾਦ ਜ਼ਿਆਦਾ ਬਣਦੀ ਹੈ।
ਰੱਬ ਰਾਖਾ













