ਕਰੋੜਾਂ ਲੁੱਟਣ ਵਾਲੇ ਠੱਗ ਦਾ ਬਿਆਨ, ਮਹਿੰਗੇ ਹੋਟਲ, ਘੜੀਆਂ ਅਤੇ ਗੱਡੀਆਂ ਨੇ ਕਿਵੇਂ ਫਸਾਇਆ

ਤਸਵੀਰ ਸਰੋਤ, TWO RIVERS MEDIA/BBC
- ਲੇਖਕ, ਸੂਜ਼ੈਨ ਐਲਨ
- ਰੋਲ, ਬੀਬੀਸੀ ਨਿਊਜ਼
ਇਲਿਅਟ ਕਾਸਤਰੋ ਦੀ ਉਮਰ ਸਿਰਫ 16 ਸਾਲ ਸੀ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕਿਸੇ ਨਾਲ ਧੋਖਾਧੜੀ ਕੀਤੀ ਸੀ।
ਗਲਾਸਗੋ ਦੇ ਇੱਕ ਕਾਲ ਸੈਂਟਰ ਤੋਂ ਮੋਬਾਈਲ ਫੋਨ ਵੇਚਦੇ ਹੋਏ ਉਨ੍ਹਾਂ ਨੇ ਪਹਿਲੀ ਵਾਰ ਕਿਸੇ ਦੇ ਬੈਂਕ ਖਾਤੇ ਦੀ ਜਾਣਕਾਰੀ ਹਾਸਲ ਕੀਤੀ ਸੀ।
ਪਰ ਜਲਦੀ ਹੀ ਇਲਿਅਟ ਨੇ ਜ਼ਿੰਦਗੀ ਵਿੱਚ ਪਹਿਲੇ ਦਰਜੇ ਦੀਆਂ ਉਡਾਣਾਂ ਅਤੇ ਮਹਿੰਗੀਆਂ ਘੜੀਆਂ ਦਾ ਸ਼ੌਂਕ ਪਾਲ ਲਿਆ।
ਦੇਖਦੇ ਹੀ ਦੇਖਦੇ ਇਸ ਨੌਜਵਾਨ ਨੇ ਕਈ ਘਪਲੇ ਕੀਤੇ। ਜਿਨ੍ਹਾਂ ਵਿੱਚ ਕਰੀਬ 25 ਕਰੋੜ ਭਾਰਤੀ ਰੁਪਏ ਦੇ ਬਾਰਬਰ ਦੀ ਚੋਰੀ ਵੀ ਸ਼ਾਮਲ ਸੀ। ਆਖਰ ਇਸ ਨੌਜਵਾਨ ਠੱਗ ਨੂੰ ਐਡਨਬਰਾ ਵਿੱਚ ਇੱਕ ਡਿਪਾਰਟਮੈਂਟਲ ਸਟੋਰ ਦੇ ਟਾਇਲਟ ਵਿੱਚੋਂ ਫੜ ਲਿਆ ਗਿਆ।
ਇਨ੍ਹੀਂ ਦਿਨੀਂ ਕਾਸਤਰੋ ਧੋਖਾਧੜੀ ਰੋਕਣ ਵਾਲੇ ਮਾਹਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਸਕਾਟਲੈਂਡ ਦੀ ਇੱਕ ਨਵੀਂ ਦਸਤਾਵੇਜ਼ੀ ‘ਕਨਫੈਸ਼ੰਸ ਆਫ ਦਿ ਟੀਨੇਜਰ ਫਰਾਡਸਟਰ” ਵਿੱਚ ਆਪਣੀ ਕਹਾਣੀ ਸਾਂਝੀ ਕੀਤੀ ਹੈ।
ਦਸਤਾਵੇਜ਼ੀ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਕੂਲ ਛੱਡਣ ਤੋਂ ਬਾਅਦ ਇਲਿਅਟ ਤੇਜ਼ੀ ਨਾਲ ਅਪਰਾਧ ਦੀ ਦੁਨੀਆਂ ਦੀਆਂ ਪੌੜ੍ਹੀਆਂ ਚੜ੍ਹੇ।
ਅਜਿਹਾ ਵੀ ਸਮਾਂ ਸੀ ਜਦੋਂ ਉਹ ਆਪਣੇ ਦੋਸਤਾਂ ਨੂੰ ਸ਼ੈਂਪੇਨ ਪਿਲਾਉਣ ਲਈ ਕਰੀਬ 80 ਹਜ਼ਾਰ ਦੀ ਬੋਤਲ ਖ਼ਰੀਦ ਲੈਂਦੇ ਸਨ।
ਪਹਿਲੀ ਠੱਗੀ ਕਿਵੇਂ ਮਾਰੀ
ਕਾਸਰਤਰੋ ਹੁਣ 42 ਸਾਲਾਂ ਦੇ ਹਨ। ਉਹ ਯਾਦ ਕਰਦੇ ਹਨ ਕਿ ਪਹਿਲੀ ਵਾਰ ਉਨ੍ਹਾਂ ਨੇ ਇੱਕ ਗਾਹਕ ਨੂੰ ਆਰਡਰ ਦੇਣ ਤੋਂ ਬਾਅਦ ਕਿਵੇਂ ਠੱਗਿਆ।
ਆਰਡਰ ਦੇਣ ਦੇ ਸਮੇਂ ਕਾਸਤਰੋ ਨੇ ਬਹਾਨਾ ਬਣਾਇਆ ਕਿ ਕਰੈਡਿਟ ਕਾਰਡ ਵਿੱਚ ਸਮੱਸਿਆ ਆ ਗਈ ਹੈ ਅਤੇ ਫੋਨ ਉੱਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉਸਦੇ ਬੈਂਕ ਤੋਂ ਬੋਲ ਰਹੇ ਹਨ।
ਕੁਝ ਹੀ ਪਲਾਂ ਵਿੱਚ ਕਾਸਤਰੋ ਨੇ ਗਾਹਕ ਦੇ ਕਾਰਡ ਦੇ ਵੇਰਵੇ ਆਪਣੇ ਕੋਲ ਰੱਖ ਲਏ ਅਤੇ ਇੱਥੋਂ ਹੀ ਪਹਿਲੀ ਠੱਗੀ ਦੀ ਸ਼ੁਰੂਆਤ ਹੋਈ।
ਕਾਸਤਰੋ ਕਹਿੰਦੇ ਹਨ ਕਿ ਮੈਨੂੰ ਜ਼ਿਆਦਾ ਚੰਗੀ ਤਰ੍ਹਾਂ ਤਾਂ ਯਾਦ ਨਹੀਂ ਹੈ। ਇਹ ਕੁਝ ਇਸ ਤਰ੍ਹਾਂ ਸੀ ਜਿਸ ਨੂੰ ਮੈਂ ਇੱਕ ਵਾਰ ਕੀਤਾ ਸੀ ਅਤੇ ਉਸ ਬਾਰੇ ਸੋਚਦਾ ਹਾਂ ਤਾਂ ਲਗਦਾ ਹੈ ਮੈਂ ਅਜਿਹਾ ਕਿਵੇਂ ਕਰ ਸਕਦਾ ਹਾਂ?
ਸ਼ੁਰੂ ਵਿੱਚ ਕਾਸਤਰੋ ਦਾ ਖ਼ਰਚਾ ਮਾਮੂਲੀ ਸੀ ਪਰ ਉਨ੍ਹਾਂ ਦੇ ਅਪਰਾਧ ਵਾਂਗ ਹੀ ਉਹ ਵੀ ਤੇਜ਼ੀ ਨਾਲ ਵਧਣ ਲੱਗਿਆ।
ਉਨ੍ਹਾਂ ਨੇ ਬੀਬੀਸੀ ਰੇਡੀਓ ਸਕਾਟਲੈਂਡ ਦੇ ਇੱਕ ਪ੍ਰੋਗਰਾਮ ਵਿੱਚ ਦੱਸਿਆ ਕਿ ਉਨ੍ਹਾਂ ਵਿੱਚ ਸ਼ੁਰੂਆਤੀ ਪੰਜ ਸਾਲ ਯਾਨੀ 16 ਤੋਂ ਲੈ ਕੇ 21-22 ਸਾਲ ਦੀ ਉਮਰ ਦੌਰਾਨ ਉਨ੍ਹਾਂ ਵਿੱਚ ਅਲ੍ਹੜਪੁਣੇ ਦਾ ਪਾਗਲਪਣ ਭਰਿਆ ਹੋਇਆ ਸੀ।
ਉਹ ਯਾਦ ਕਰਦੇ ਹਨ ਕਿ ਕਿਵੇਂ ਪਹਿਲੀ ਵਾਰ ਵਾਲ ਕਟਵਾਏ ਅਤੇ ਟੀ-ਸ਼ਰਟ ਖ਼ਰੀਦੀ।

ਤਸਵੀਰ ਸਰੋਤ, JAMES BURNS
ਕਾਸਤਰੋ ਕਹਿੰਦੇ ਹਨ, ਉਸ ਸਮੇਂ ਮੈਨੂੰ ਇਹ ਪਤਾ ਨਹੀਂ ਸੀ ਕਿ ਅੱਗੇ ਜਾ ਕੇ ਮੇਰੇ ਲਈ ਇਹ ਕਿੰਨਾ ਮੁਸ਼ਕਿਲ ਸਾਬਤ ਹੋਵੇਗਾ।
ਠੱਗੀ ਵਿੱਚ ਮਾਹਰ ਕਾਸਤਰੋ ਦਾ ਜਨਮ 1982 ਵਿੱਚ ਐਬਰਡੀਨ ਵਿੱਚ ਹੋਇਆ ਸੀ।
ਸਾਲ 1998 ਵਿੱਚ ਆਪਣੇ ਪਰਿਵਾਰ ਦੇ ਨਾਲ ਗਲਾਸਗੋ ਜਾਣ ਤੋ ਪਹਿਲਾਂ ਇਲਿਅਟ ਕਾਸਤਰੋ ਨੇ ਅੱਠ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਈ ਕੀਤੀ ਸੀ।
ਉਨ੍ਹਾਂ ਨੇ ਖ਼ੁਦ ਨੂੰ ਸੁਫਨੇ ਦੇਖਣ ਵਾਲਾ ਦੱਸਿਆ ਸੀ ਅਤੇ ਇਹ ਮੰਨਿਆ ਕਿ ਜਦੋਂ ਪਹਿਲੀ ਵਾਰ ਉਨ੍ਹਾਂ ਨੇ ਕਾਲ ਸੈਂਟਰ ਦੀ ਨੌਕਰੀ ਲਈ ਅਰਜ਼ੀ ਦਿੱਤੀ ਉਦੋਂ ਵੀ ਝੂਠ ਬੋਲਿਆ। ਕਾਸਤਰੋ ਨੇ ਆਪਣੀ ਉਮਰ16 ਦੀ ਥਾਂ 18 ਸਾਲ ਦੱਸੀ ਸੀ।
ਕਾਸਤਰੋ ਅੱਧੇ ਚਿਲੀ ਮੂਲ ਦੇ ਹਨ।
ਉਹ ਕਹਿੰਦੇ ਹਨ, “ਮੈਨੂੰ ਇਹ ਲਗਦਾ ਸੀ ਕਿ ਮੇਰੀ ਜ਼ਿੰਦਗੀ ਅਦਭੁਤ ਹੋਵੇਗੀ।”
ਫੜੇ ਜਾਣ ਤੋਂ ਪਹਿਲਾਂ ਕਾਸਤਰੋ ਦੀ ਦੁਨੀਆਂ ਵਿੱਚ ਮਹਿੰਗੇ ਪੰਜ ਤਾਰਾ ਹੋਟਲ, ਆਲੀਸ਼ਾਨ ਪਾਰਟੀਆਂ ਅਤੇ ਵੱਡੀਆਂ-ਵੱਡੀਆਂ ਗੱਡੀਆਂ ਸ਼ਾਮਲ ਸਨ।

ਮਹਿੰਗੇ ਹੋਟਲ, ਘੜੀਆਂ ਅਤੇ ਗੱਡੀਆਂ
ਸਾਲ 1999 ਵਿੱਚ ਲੰਡਨ ਦੀ ਇੱਕ ਯਾਤਰਾ ਦੌਰਾਨ ਕਾਸਤਰੋ ਨੇ 300 ਪੌਂਡ ਦੀ ਗੂਚੀ ਦੀ ਇੱਕ ਬੈਲਟ ਖ਼ਰੀਦੀ ਸੀ। ਉਸਦੀ ਭਾਰਤੀ ਕੀਮਤ ਅੱਜ ਦੇ ਹਿਸਾਬ ਨਾਲ 30 ਹਜ਼ਾਰ ਰੁਪਏ ਬਣਦੀ ਹੈ। ਜਦਕਿ ਕਾਸਤਰੋ 1999 ਦੀ ਗੱਲ ਕਰ ਰਹੇ ਹਨ।
ਕਾਸਤਰੋ ਨੇ ਦੱਸਿਆ ਕਿ ਇਹ 300 ਪੌਂਡ, ਕਾਲ ਸੈਂਟਰ ਤੋਂ ਉਨ੍ਹਾਂ ਦੀ ਇੱਕ ਹਫ਼ਤੇ ਦੀ ਕਮਾਈ ਤੋਂ ਵੀ ਜ਼ਿਆਦਾ ਸਨ।
ਇੰਨਾ ਹੀ ਨਹੀਂ ਕਾਸਤਰੋ ਨੇ ਨਿਊ ਯਾਰਕ ਜਾਣ ਲਈ ਉਡਾਣ ਦੀ ਇੱਕ ਪਹਿਲੇ ਦਰਜ਼ੇ ਦੀ ਟਿਕਟ ਲਈ ਅੱਠ ਹਜ਼ਾਰ ਪੌਂਡ (ਕਰੀਬ ਅੱਠ ਲੱਖ ਰੁਪਏ)ਤੋਂ ਜ਼ਿਆਦਾ ਖ਼ਰਚ ਕੀਤੇ ਸਨ।
ਜਦੋਂ ਕਾਸਤਰੋ ਨਿਊ ਯਾਰਕ ਪਹੁੰਚੇ ਤਾਂ ਉਨ੍ਹਾਂ ਨੇ ਸ਼ਹਿਰ ਦੇ ਮੰਨੇ-ਪ੍ਰਮੰਨੇ ਹੋਟਲ ਪਲਾਜ਼ਾ ਨੂੰ ਚੁਣਿਆ।
ਇਹ ਹੋਟਲ ਇੱਕ ਫਿਲਮ ਵਿੱਚ ਦਿਖਾਇਆ ਗਿਆ ਸੀ। ਤਿੰਨ ਦਿਨ ਦੀ ਇਸ ਫੇਰੀ ਦੌਰਾਨ ਕਾਸਤਰੋ ਨੇ ਕਰੀਬ 11 ਲੱਖ ਰੁਪਏ ਤੋਂ ਜ਼ਿਆਦਾ ਖ਼ਰਚ ਕਰ ਦਿੱਤੇ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਮੰਨਿਆ, “ਉਸ ਸਮੇਂ ਮੇਰੇ ਜੀਵਨ ਵਿੱਚ ਇੱਕ ਆਮ ਦਿਨ ਇਸ ਤਰ੍ਹਾਂ ਦਾ ਸੀ ਕਿ— ਸਵੇਰੇ ਉੱਠਣਾ, ਸ਼ਾਪਿੰਗ ਲਈ ਜਾਣਾ, ਚੀਜ਼ਾਂ ਖ਼ਰੀਦਣੀਆਂ, ਸ਼ਰਾਬ ਪੀਣਾ ਅਤੇ ਵਾਪਸ ਹੋਟਲ ਵਿੱਚ ਆ ਕੇ ਸੌਂ ਜਾਣਾ, ਅਗਲੇ ਦਿਨ ਉੱਠਣਾ ਅਤੇ ਉਹੀ ਸਾਰਾ ਕੁਝ ਮੁੜ ਕਰਨਾ।”
“ਲੇਕਿਨ ਇਸ ਪੂਰੇ ਸਮੇਂ ਦੌਰਾਨ ਮੈਂ ਧਿਆਨ ਰੱਖਣਾ ਹੁੰਦਾ ਸੀ ਕਿ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਜਾਂ ਮੇਰੇ ਉੱਤੇ ਨਜ਼ਰ ਤਾਂ ਨਹੀਂ ਰੱਖ ਰਿਹਾ।”
ਸਾਲ 2001 ਵਿੱਚ ਕਾਸਤਰੋ ਨੇ ਜਰਮਨੀ, ਫਰਾਂਸ ਅਤੇ ਸਪੇਨ ਦੀ ਯਾਤਰਾ ਕੀਤੀ। ਅਗਲੇ ਸਾਲ ਉਹ ਘੁੰਮਣ ਲਈ ਆਇਰਲੈਂਡ ਗਏ। ਉੱਥੇ ਰੁਕਣ ਲਈ ਉਨ੍ਹਾਂ ਨੇ ਕਲੇਰੈਂਸ ਹੋਟਲ ਨੂੰ ਚੁਣਿਆ।
ਕਾਸਤਰੋ ਨੇ ਕਿਹਾ, “ਇਹ ਹੋਟਲ ਬੋਨੋ ਅਤੇ ਏਜ ਦਾ ਹੈ ਅਤੇ ਇੱਕ ਰਾਤ ਸਾਡੀ ਗੱਲਬਾਤ ਹੋਈ ਸੀ, ਜਿਸ ਵਿੱਚ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਰੱਖਿਆ ਮੰਤਰਾਲੇ ਅਤੇ ਹੋਟਲ ਕਾਰੋਬਾਰ ਨਾਲ ਜੁੜੇ ਲੋਕਾਂ ਲਈ ਕੰਮ ਕਰ ਰਿਹਾ ਹਾਂ।”
ਇਲਿਅਟ ਦਾ ਕਈ ਵਾਰ ਕਾਨੂੰਨ ਨਾਲ ਆਹਮੋ-ਸਾਹਮਣਾ ਹੋਇਆ। ਇਸਦੀ ਸ਼ੁਰੂਆਤ ਸਾਲ 2001 ਵਿੱਚ ਹੋਈ ਜਦੋਂ ਉਨ੍ਹਾਂ ਨੇ ਲੇਨਕਾਸਟਰ ਵਿੱਚ ਜੁਵਿਨਾਈਲ ਅਪਰਾਧੀਆਂ ਦੀ ਸੰਸਥਾ ਵਿੱਚ ਚਾਰ ਮਹੀਨੇ ਬਿਤਾਏ ਸਨ।
ਮਹੀਨੇ ਬਾਅਦ ਉਨ੍ਹਾਂ ਨੂੰ ਐਡਨਬਰਾ ਦੇ ਬਾਲਮੋਰਲ ਹੋਟਲ ਵਿੱਚੋਂ ਫੜ ਲਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਮੈਨਚੈਸਟਰ ਲਿਜਾਇਆ ਗਿਆ। ਇੱਥੇ ਉਨ੍ਹਾਂ ਨੂੰ 18 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਇਸ ਦੌਰਾਨ ਜੇਲ੍ਹ ਦੀ ਲਾਈਬ੍ਰੇਰੀ ਵਿੱਚ ਨੌਕਰੀ ਮਿਲ ਗਈ ਅਤੇ ਉਨ੍ਹਾਂ ਨੇ ਖਾਲੀ ਸਮੇਂ ਵਿੱਚ ਇੰਟਰਨੈਟ ਬਾਰੇ ਪੜ੍ਹਾਈ ਕੀਤੀ।
ਇਸ ਪੜ੍ਹਾਈ ਨੇ ਉਨ੍ਹਾਂ ਨੂੰ ਯਕੀਨ ਕਰਵਾ ਦਿੱਤਾ ਕਿ ਜੇਲ੍ਹ ਤੋਂ ਬਾਹਰ ਆ ਕੇ ਉਹ ਇੰਟਰਨੈਟ ਦੀ ਮਦਦ ਨਾਲ ਫਿਰ ਠੱਗੀ ਮਾਰ ਸਕਦੇ ਹਨ।
ਸਾਲ 2002 ਵਿੱਚ ਕਾਸਤਰੋ ਨੂੰ ਕੈਨੇਡਾ ਦੇ ਟਰਾਂਟੋ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ 87 ਦਿਨਾਂ ਤੱਕ ਜੇਲ੍ਹ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ 2003 ਵਿੱਚ ਉਨ੍ਹਾਂ ਨੂੰ ਦੇਸ ਤੋਂ ਕੱਢ ਦਿੱਤਾ ਗਿਆ।
ਕਿਵੇਂ ਫੜੇ ਗਏ?
ਅਗਲੇ ਸਾਲ ਐਡਿਨਬਰਾ ਦੇ ਹਾਰਵੇ ਨਿਕੋਲਸ ਡਿਪਾਰਟਮੈਂਟ ਸਟੋਰ ਵਿੱਚ ਉਨ੍ਹਾਂ ਦੇ ਕੌਮਾਂਤਰੀ ਅਪਰਾਧ ਦਾ ਸਿਲਸਿਲਾ ਖ਼ਤਮ ਹੋਇਆ।
ਕਾਸਤਰੋ ਦੱਸਦੇ ਹਨ, “ਮੈਨੂੰ ਲੱਗਿਆ ਸੀ ਕਿ ਹੁਣ ਮੈਂ ਇਸ ਕੰਮ ਤੋਂ ਅੱਕ ਗਿਆ ਹਾਂ। ਮੈਂ ਪਹਿਲੀ ਵਾਰ ਜ਼ਿੰਦਗੀ ਵਿੱਚ ਦੋਸਤ ਬਣਾਉਣੇ ਸ਼ੁਰੂ ਕੀਤੇ।”
ਉਹ ਕਹਿੰਦੇ ਹਨ, “ਮੈਨੂੰ ਹੈਰਾਨੀ ਹੁੰਦੀ ਹੈ। ਕੀ ਮੇਰੇ ਅੰਦਰ ਕੋਈ ਅਜਿਹਾ ਭਾਵ ਸੀ ਜੋ ਉਸ ਕੰਮ ਨੂੰ ਛੱਡ ਦੇਣਾ ਚਾਹੁੰਦਾ ਸੀ।”

ਤਸਵੀਰ ਸਰੋਤ, Getty Images
ਉਸ ਦਿਨ ਪਹਿਲਾਂ ਉਨ੍ਹਾਂ ਨੇ ਦੋ ਹਜ਼ਾਰ ਪੌਂਡ ਦੇ ਵਾਊਚਰ ਇੱਕ ਅਜਿਹੇ ਕਾਰਡ ਤੋਂ ਖ਼ਰੀਦੇ, ਜੋ ਕਾਸਤਰੋ ਦੇ ਨਾਮ ਉੱਤੇ ਨਹੀਂ ਸੀ।
ਰਿਸੈਪਸ਼ਨਿਸਟ ਨੇ ਕਾਰਡ ਕੰਪਨੀ ਨੂੰ ਫੋਨ ਕੀਤਾ, ਜਿਸ ਨੇ ਖ਼ਰੀਦਾਰੀ ਦੀ ਮਨਜ਼ੂਰੀ ਦਿੱਤੀ ਸੀ। ਲੇਕਿਨ ਰਿਸੈਪਸ਼ਨਿਸਟ ਨੇ ਇੱਕ ਵਾਰ ਫਿਰ ਕਾਰਡ ਕੰਪਨੀ ਨੂੰ ਫ਼ੋਨ ਕੀਤਾ।
ਕਾਸਰਤਰੋ ਕਹਿੰਦੇ ਹਨ, “ਉਨ੍ਹਾਂ ਨੇ ਉਸ ਵਿਅਕਤੀ ਨੂੰ ਸੰਪਰਕ ਕੀਤਾ ਜਿਸ ਦਾ ਅਸਲ ਵਿੱਚ ਉਹ ਕਾਰਡ ਸੀ। ਉਸਨੇ ਪੁਸ਼ਟੀ ਕੀਤੀ ਕਿ ਉਸ ਨਾਲ ਧੋਖਾਧੜੀ ਹੋਈ ਸੀ।”
ਲੇਕਿਨ ਮਾਮਲਾ ਉਦੋਂ ਪਲਟ ਗਿਆ ਜਦੋਂ ਇੱਕ ਘੰਟੇ ਦੇ ਅੰਦਰ ਹੀ ਉਹ ਉਸ ਸਟੋਰ ਉੱਤੇ ਵਾਪਸ ਆ ਗਏ।
ਉਹ ਕਹਿੰਦੇ ਹਨ, “ਮੈਂ ਜਲਦੀ ਟਾਇਲਟ ਗਿਆ ਅਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਸਾਦੇ ਕੱਪੜਿਆਂ ਵਿੱਚ ਪੁਲਿਸ ਅਫਸਰ ਖੜ੍ਹਾ ਸੀ। ਉੱਥੋਂ ਹੀ ਅੰਤ ਦੀ ਸ਼ੁਰੂਆਤ ਹੋਈ।”
ਅਗਲੇ ਸਾਲ ਮਿਡਲਸੈਕਸ ਦੀ ਆਇਲਵਰਥ ਕ੍ਰਾਊਨ ਅਦਾਲਤ ਵਿੱਚ ਕਾਸਤਰੋ ਨੇ ਮੰਨਿਆਂ ਕਿ ਉਨ੍ਹਾਂ ਨੇ 73 ਹਜ਼ਾਰ ਪੌਂਡ (ਕਰੀਬ 73 ਲੱਖ ਰੁਪਏ) ਤੋਂ ਜ਼ਿਆਦਾ ਦੀ ਠੱਗੀ ਮਾਰੀ ਹੈ। ਉਨ੍ਹਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ।
ਜਾਂਚ ਏਜੰਸੀਆਂ ਦੀ ਮਦਦ ਕਰਦੇ ਹਨ
ਕਾਸਤਰੋ ਨੇ ਮੰਨਿਆ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਕਾਰਡ ਕੰਪਨੀਆਂ ਦੇ ਵਿੱਚ ਸਹਿਯੋਗ ਦੀ ਕਮੀ ਦਾ ਉਨ੍ਹਾਂ ਨੂੰ ਫਾਇਦਾ ਹੋਇਆ।
ਉਨ੍ਹਾਂ ਨੇ ਕਿਹਾ ਕਿ ਜੇ ਜਾਂਚ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਮਿਲ ਕੇ ਚੰਗੀ ਤਰ੍ਹਾਂ ਕੰਮ ਕਰਦੀਆਂ ਤਾਂ ਉਹ ਮੈਨੂੰ ਪੰਜ ਸਾਲ ਤੋਂ ਵੀ ਪਹਿਲਾਂ ਫੜ ਸਕਦੇ ਸੀ।
ਅੱਜ ਦੇ ਦਿਨ ਕਾਸਤਰੋ ਇੱਕ ਵੱਖਰੇ ਵਿਅਕਤੀ ਹਨ। ਠੱਗੀਠੋਰੀ ਕਰਨ ਤੋਂ ਲੈ ਕੇ ਕਾਸਤਰੋ ਨੂੰ ਪਛਤਾਵਾ ਹੈ ਅਤੇ ਹੁਣ ਉਹ ਚੋਰੀ ਨੂੰ ਵਧਾਵਾ ਨਹੀਂ ਸਗੋਂ ਉਸ ਨੂੰ ਰੋਕਣ ਲਈ ਕੰਮ ਕਰਦੇ ਹਨ।

ਤਸਵੀਰ ਸਰੋਤ, Getty Images
ਉਹ ਕਰੈਡਿਟ ਕਾਰਡ ਨਾਲ ਜੁੜੀਆਂ ਠੱਗੀਆਂ ਦੇ ਮਾਮਲਿਆਂ ਵਿੱਚ ਜਾਂਚ ਏਜੰਸੀਆਂ ਦੀ ਮਦਦ ਕਰਦੇ ਹਨ।
ਕਾਸਤਰੋ ਨੇ ਕਿਹਾ, “ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਮੈਂ ਕਦੇ ਲੋਕਾਂ ਬਾਰੇ ਨਹੀਂ ਸੋਚਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਕਦੇ ਨਹੀਂ ਮਿਲਿਆ ਪਰ ਇਸਦਾ ਇਹ ਮਤਲਬ ਨਹੀਂ ਕਿ ਇਹ ਕੰਮ ਠੀਕ ਹੈ।”
ਉਹ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਉਸ ਸਮੇਂ ਕਰੈਡਿਟ ਕਾਰਡ ਕੰਮ ਕਰਦੇ ਸਨ, ਉਸ ਨਾਲ ਕਾਰਡ ਦੇ ਮਾਲਕ ਨੂੰ ਨੁਕਸਾਨ ਨਹੀਂ ਹੁੰਦਾ ਸੀ।”
ਕਾਸਤਰੋ ਕਹਿੰਦੇ ਹਨ ਕਿ ਲੈਣ ਦੇਣ ਸਮੇਂ ਕਾਰਡ ਧਾਰਕ ਨੇ ਪੁਸ਼ਟੀ ਨਹੀਂ ਕੀਤੀ ਹੈ ਤਾਂ ਉਸ ਨੂੰ ਨੁਕਸਾਨ ਨਹੀਂ ਹੁੰਦਾ ਸੀ ਅਤੇ ਮੇਰੇ ਮਾਮਲਿਆਂ ਵਿੱਚ ਅਜਿਹਾ ਹੀ ਹੁੰਦਾ ਸੀ।
12 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਕਾਸਤਰੋ ਨੂੰ ਲਗਦਾ ਹੈ ਕਿ ਜਵਾਨੀ ਦੇ ਦਿਨਾਂ ਵਿੱਚ ਕੀਤੇ ਗਏ ਆਪਣੇ ਕੰਮਾਂ ਲਈ ਉਹ ਅੱਜ ਵੀ ਪਛਤਾ ਰਹੇ ਹਨ।
ਉਨ੍ਹਾਂ ਨੇ ਕਿਹਾ, “ਮੈਂ ਬਹਾਨੇ ਨਹੀਂ ਬਣਾ ਰਿਹਾ ਹਾਂ ਪਰ ਇਹ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਅਤੇ ਮੈਨੂੰ ਲਗਦਾ ਹੈ ਉਦੋਂ ਤੋਂ ਲੈ ਕੇ ਮੈਂ ਨੁਕਸਾਨ ਘਟਾਉਣ ਲਈ ਕੰਮ ਕੀਤਾ ਹੈ।”
ਕਾਸਤਰੋ ਕਹਿੰਦੇ ਹਨ,“ਮੇਰੀ ਕਿਸਮਤ ਚੰਗੀ ਹੈ ਕਿ ਮੈਂ ਵਿੱਤੀ ਸੰਸਥਾਵਾਂ, ਟਰੈਵਲ ਕੰਪਨੀਆਂ ਅਤੇ ਹੋਰ ਕੰਪਨੀਆਂ ਦੇ ਨਾਲ ਕੰਮ ਕਰ ਰਿਹਾ ਹਾਂ।”
“ਮੈਂ ਕਿਸਮਤ ਵਾਲਾ ਹਾਂ ਕਿ ਹੁਣ ਮੈਨੂੰ ਕਾਰੋਬਾਰ ਵਿੱਚ ਇੱਕ ਭਰੋਸੇਯੋਗ ਸਲਾਹਕਾਰ ਵਜੋਂ ਦੇਖਿਆ ਜਾਂਦਾ ਹੈ, ਜੋ ਕਿ ਚੰਗੀ ਗੱਲ ਹੈ।“
ਕਾਸਤਰੋ ਕਹਿੰਦੇ ਹਨ, “ਇਹ ਇੱਕ ਦਿਲਚਸਪ ਸਫ਼ਰ ਰਿਹਾ ਹੈ।”












