ਟੀ20 ਵਿਸ਼ਵ ਕੱਪ: ਪਾਕਿਸਤਾਨ ਨੂੰ ਹਰਾਉਣ ਵਾਲੀ ਅਮਰੀਕੀ ਟੀਮ ਕਿਵੇਂ ਹਰਮੀਤ, ਸੌਰਭ ਤੇ ਨਿਤੀਸ਼ ਵਰਗੇ ਖਿਡਾਰੀਆਂ ਨਾਲ ਤਿਆਰ ਹੋਈ

ਤਸਵੀਰ ਸਰੋਤ, Getty Images
- ਲੇਖਕ, ਬਰੈਂਡਨ ਲਿਵਸੇ
- ਰੋਲ, ਬੀਬੀਸੀ ਪੱਤਰਕਾਰ
ਆਪਣੇ ਹੱਥ ਵਿੱਚ ਚਮੜੇ ਦੀ ਗੇਂਦ ਫੜ ਕੇ ਹਮਲੇ ਲਈ ਤਿਆਰ ਅਮਰੀਕੀ ਕ੍ਰਿਕੇਟ ਟੀਮ ਦਾ ਗੇਂਦਬਾਜ਼ ਸੌਰਭ ਇੱਕ ਸਾਫਟਵੇਅਰ ਇੰਜੀਨੀਅਰ ਹੈ ਜੋ ਨੌਕਰੀ ਤੋਂ ਛੁੱਟੀ ਲੈ ਕੇ ਮੈਚ ਖੇਡਣ ਆਇਆ ਹੈ।
ਇਸ ਤੋਂ ਕੁਝ ਪਲਾਂ ਬਾਅਦ ਹੀ ਸੌਰਭ ਨੈਟਰਾਵਲਕਰ ਦੀਆਂ ਬਾਹਾਂ ਟੈਕਸਸ ਦੇ ਤਪਦੇ ਸੂਰਜ ਥੱਲੇ ਅਕਾਸ਼ ਵੱਲ ਉੱਠੀਆਂ।
ਲੰਬੇ ਖੱਬੇ ਹੱਥ ਦੇ ਗੇਂਦਬਾਜ਼ ਨੇ ਅਮਰੀਕਾ ਦੀ ਇਤਿਹਾਸਕ ਜਿੱਤ ਸੁਰੱਖਿਅਤ ਕਰ ਲਈ ਸੀ।
ਉਸ ਨੇ ਵਿਸ਼ਵ ਕ੍ਰਿਕਟ ਵਿੱਚ 18ਵੇਂ ਦਰਜੇ ਦੀ ਅਮਰੀਕੀ ਕ੍ਰਿਕੇਟ ਟੀਮ ਨੂੰ ਟੀ20 ਵਿਸ਼ਵ ਕੱਪ ਦੇ ਸੂਪਰ ਓਵਰ ਵਿੱਚ ਜਿੱਤ ਦਵਾ ਦਿੱਤੀ ਹੈ। ਵੀਰਵਾਰ ਨੂੰ ਖੇਡਿਆ ਗਿਆ ਇਹ ਮੈਚ ਪਾਕਿਸਤਾਨ ਦੀ ਟੀਮ ਦੇ ਖ਼ਿਲਾਫ਼ ਸੀ।
ਦਿਲਸਚਪ ਗੱਲ ਇਹ ਹੈ ਕਿ ਪਾਕਿਸਤਾਨ ਖ਼ਿਲਾਫ਼ ਇਹ ਮੈਚ ਜਿੱਤਣ ਵਾਲੀ ਅਮਰੀਕਾ ਦੀ ਇਸ ਟੀਮ ਦੇ ਬਹੁਤੇ ਮੈਂਬਰ ਭਾਰਤੀ ਮੂਲ ਦੇ ਹਨ।

ਸੌਰਭ ਕੋਲ ਕ੍ਰਿਕਟ ਖੇਡਣ ਲਈ ਬੂਟ ਵੀ ਨਹੀਂ ਸਨ
ਜਦੋਂ ਸੌਰਭ 2015 ਵਿੱਚ ਕੰਪਿਊਟਰ ਸਾਇੰਸ ਵਿੱਚ ਕੋਰਨਲ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਕੋਲ ਕ੍ਰਿਕੇਟ ਦੇ ਬੂਟ ਵੀ ਨਹੀਂ ਸਨ।
ਅਮਰੀਕਾ ਦੀ ਕ੍ਰਿਕੇਟ ਟੀਮ ਸੌਰਭ ਵਰਗੇ ਕਿਰਦਾਰਾਂ ਦੀ ਹੀ ਬਣੀ ਹੈ।
ਸੌਰਭ ਦੇ ਲਿੰਕਡਿਨ ਪ੍ਰੋਫਾਇਲ ਮੁਤਾਬਕ ਉਹ “ਓਰੈਕਲ ਦੇ ਤਕਨੀਕੀ ਸਟਾਫ਼ ਦੇ ਮੁੱਖ ਮੈਂਬਰ ਹਨ ਅਤੇ ਪੇਸ਼ੇਵਰ ਕ੍ਰਿਕੇਟ ਖਿਡਾਰੀ ਹਨ।”
ਟੀਮ ਵਿੱਚ ਉਨ੍ਹਾਂ ਦੇ ਸਾਥੀ ਨੌਸਥੂਸ਼ ਕੈਂਜਿਗ ਨੇ ਅਮਰੀਕਾ ਦੀ ਕ੍ਰਿਕਟ ਟੀਮ ਲਈ ਚੁਣੇ ਜਾਣ ਦੇ ਯੋਗ ਹੋਣ ਲਈ 800 ਘੰਟਿਆਂ ਦੀ ਸਮਾਜਿਕ ਸੇਵਾ ਕੀਤੀ ਹੈ।
ਹੁਣ ਇਹ ਸਾਰੇ ਜਣੇ ਅਮਰੀਕਾ ਦੀ ਵਿਸ਼ਵ ਕੱਪ ਖੇਡ ਰਹੀ ਨੈਸ਼ਨਲ ਕ੍ਰਿਕਟ ਟੀਮ ਦੇ ਨਾਇਕ ਹਨ।

ਤਸਵੀਰ ਸਰੋਤ, Getty Images
ਅਮਰੀਕੀ ਟੀਮ ਦੇ ਸੁਫ਼ਨੇ
ਅਮਰੀਕੀ ਕ੍ਰਿਕੇਟ ਟੀਮ ਦੇ ਮੈਨੇਜਰ ਕੈਰਕ ਹਿੰਗਸ ਮੁਤਾਬਕ ਪਾਕਿਸਤਾਨ ਖ਼ਿਲਾਫ਼ ਟੀਮ ਨੂੰ ਮਿਲੀ ਜਿੱਤ ਉਨ੍ਹਾਂ ਦੇ ਮਕਸਦ ਦਾ ਪਹਿਲਾ ਪੜਾਅ ਹੈ।
ਉਨ੍ਹਾਂ ਦਾ ਇਰਾਦਾ ਹੈ ਕਿ ਅਮਰੀਕੀ ਟੀਮ ਗਰੁੱਪ ਪੱਧਰ ਤੋਂ ਨਿਕਲ ਕੇ ਸੂਪਰ 8 ਵਿੱਚ ਸ਼ਾਮਲ ਹੋਵੇ।
ਉਨ੍ਹਾਂ ਨੂੰ ਉਮੀਦ ਹੈ ਕਿ ਇਸ ਜਿੱਤ ਨਾਲ ਟੀਮ ਦਾ ਉਤਸ਼ਾਹ ਵਧੇਗਾ।
ਇਤਿਹਾਸਕ ਮੁਕਾਬਲੇ ਤੋਂ ਕੁਝ ਪਲ ਬਾਅਦ ਹੀ ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਅਜੇ ਇਸ ਵੱਡੀ ਜਿੱਤ ਨੂੰ ਹਜ਼ਮ ਕਰ ਰਹੇ ਹਨ ਅਤੇ “ਉਤਸ਼ਾਹ ਦਾ ਪੱਧਰ ਬਹੁਤ ਜ਼ਿਆਦਾ” ਹੈ।
ਹਿੰਗਸ ਨੇ ਕਿਹਾ, “ਮੈਂ ਹਮੇਸ਼ਾ ਕਿਹਾ ਹੈ ਕਿ ਅਸੀਂ ਕਿਸੇ ਵੀ ਸਿਖਰਲੀ ਟੀਮ ਨੂੰ ਹਰਾ ਸਕਦੇ ਹਾਂ। ਮੈਂ ਦੇਖਿਆ ਹੈ ਕਿ ਮੁੰਡੇ ਪਿਛਲੇ ਇੱਕ ਮਹੀਨੇ ਤੋਂ ਕਿਵੇਂ ਖੇਡ ਰਹੇ ਹਨ। ਇਹ ਮੇਰੇ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਹੈ।”

ਤਸਵੀਰ ਸਰੋਤ, New York Cricket Academy
ਅਮਰੀਕਾ ਵਾਸੀ ਕੀ ਸੋਚਦੇ ਹਨ
ਜ਼ਿਆਦਾਤਰ ਅਮਰੀਕੀਆਂ ਨੂੰ ਤਾਂ ਆਪਣੀ ਟੀਮ ਦੀ ਜਿੱਤ ਬਾਰੇ ਭਰੋਸਾ ਹੀ ਨਹੀਂ ਸੀ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਵਿਸ਼ਵ ਕੱਪ ਹੋਣ ਜਾ ਰਿਹਾ ਹੈ।
ਅਮਰੀਕਾ ਦੇ ਖਿਡਾਰੀ ਆਰੋਨ ਜੋਨਸ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਵਾਕਈ ਬਹੁਤ ਵੱਡੀ ਜਿੱਤ ਹੈ। ਇਹ ਖੇਡ ਦੀ ਜਾਣਕਾਰੀ ਨਾ ਰੱਖਣ ਵਾਲੇ ਅਮਰੀਕੀਆਂ ਦੀਆਂ ਅੱਖਾਂ ਖੋਲ੍ਹ ਦੇਵੇਗੀ।
ਕੌਮਾਂਤਰੀ ਕ੍ਰਿਕਟ ਕੰਟਰੋਲ ਬੋਰਡ ਨੂੰ ਵੀ ਇਹੀ ਉਮੀਦ ਹੈ ਜੋ ਕਿ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਬਜ਼ਾਰ ਵਿੱਚ ਆਪਣੇ ਪੈਰ ਟਿਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਵਿੱਚ ਪ੍ਰਸ਼ੰਸਕ ਸੂਪਰ ਓਵਰਾਂ ਨਾਲੋਂ ਸੂਪਰ ਬਾਲਸ ਦੇ ਜ਼ਿਆਦਾ ਸ਼ੌਕੀਨ ਹਨ।
ਸਕੂਲ ਅਧਿਆਪਕ ਰਿੱਕੀ ਕਿਸੂਨ, ਨਿਊ ਯਾਰਕ ਬਿੱਗ ਐਪਲ ਕ੍ਰਿਕਟ ਲੀਗ ਚਲਾਉਣ ਵਿੱਚ ਮਦਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਉੱਪਰ ਅਮਰੀਕਾ ਦੀ ਜਿੱਤ ਵੱਡਾ ਮਾਅਰਕਾ ਸੀ ਅਤੇ ਇਸ ਨਾਲ ਅਗਲੀ ਪੀੜ੍ਹੀ ਨੂੰ ਖੇਡ ਦੇ ਪ੍ਰੇਮੀ ਬਣਾਉਣ ਵਿੱਚ ਮਦਦ ਮਿਲੇਗੀ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,“ਮੈਂ ਦੇਖਿਆ ਹੈ ਕਿ ਬਹੁਤ ਸਾਰੇ ਨਵੇਂ ਖਿਡਾਰੀ ਹਨ ਜੋ ਸਕੂਲ ਤੋਂ ਨਿਕਲ ਕੇ ਆ ਰਹੇ ਹਨ। ਸਕੂਲ ਕ੍ਰਿਕੇਟ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਕੋਲ ਕੋਈ ਮੌਕਾ ਨਹੀਂ ਹੁੰਦਾ।”

ਤਸਵੀਰ ਸਰੋਤ, Getty Images
ਖਿਡਾਰੀਆਂ ਲਈ ਮੌਕਾ
ਲੀਗ ਕੋਲ ਪਿਛਲੇ ਸੀਜ਼ਨ ਵਿੱਚ ਅੱਠ ਟੀਮਾਂ ਸਨ ਜੋ ਇਸ ਵਾਰ ਨੌ ਹੋ ਗਈਆਂ ਹਨ।
“ਬਹੁਤ ਸਾਰੇ ਬੱਚੇ, ਖ਼ਾਸ ਕਰਕੇ ਵਿਸ਼ਵ ਕੱਪ ਕਾਰਨ, ਉਤਸ਼ਾਹਿਤ ਹਨ।”
ਕਿਸੂਨ ਕਹਿੰਦੇ ਹਨ ਨਿਊ ਯਾਰਕ ਵਿੱਚ ਕ੍ਰਿਕੇਟ ਹੌਲੀ-ਹੌਲੀ ਫੈਲ ਰਹੀ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਵਿੱਚ ਜੋ ਪਹਿਲਾਂ ਆਪਣੀ ਪਸੰਦੀਦਾ ਖੇਡ ਨਹੀਂ ਖੇਡ ਸਕੇ ਸਨ।
ਉਹ ਕਹਿੰਦੇ ਹਨ,“ਇਹ ਫੈਲ ਰਹੀ ਹੈ, ਤੁਹਾਨੂੰ ਬਹੁਤ ਜ਼ਿਆਦਾ ਅਮਰੀਕੀ ਖਿਡਾਰੀ ਨਹੀਂ ਦਿਸਣਗੇ ਪਰ ਉਹ ਆ ਰਹੇ ਹਨ। ਇਹ ਜਿੱਤ ਹੈ।”
ਹਾਲਾਂਕਿ ਅਮਰੀਕੀਆਂ ਦੇ ਦਿਲ ਅਤੇ ਬਟੂਏ ਦੀ ਲੜਾਈ ਸਾਲ 1994 ਵਿੱਚ ਹੋਏ ਫੁੱਟਬਾਲ ਵਿਸ਼ਵ ਕੱਪ ਵਰਗੀ ਨਹੀਂ ਹੋ ਸਕਦੀ। ਜਿਸ ਦਾ ਅਮਰੀਕੀਆਂ ਉੱਪਰ ਡੂੰਘਾ ਅਸਰ ਪਿਆ ਸੀ।
ਅਮਰੀਕਾ ਵਿੱਚ ਫੈਨ ਸ਼ਿਕਾਇਤ ਕਰ ਰਹੇ ਹਨ ਕਿ ਵਿਸ਼ਵ ਕੱਪ ਦੇ ਮੈਸ ਦੇਸ਼ ਦੇ ਮੁੱਖ ਧਾਰਾ ਦੇ ਟੀਵੀ ਚੈਨਲਾਂ ਉੱਪਰ ਨਹੀਂ ਦਿਖਾਏ ਜਾ ਰਹੇ।

ਤਸਵੀਰ ਸਰੋਤ, Getty Images
ਭਾਰਤ-ਪਾਕਿਸਤਾਨ ਦਾ ਮੈਚ
ਇਸੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿੱਚ ਖੇਡਿਆ ਜਾਣ ਵਾਲਾ ਮੈਚ, ਜੋ ਕਿ ਉੱਥੇ ਸਵੇਰੇ ਖੇਡਿਆ ਜਾਵੇਗਾ ਪਰ ਭਾਰਤ ਅਤੇ ਪਾਕਿਸਤਾਨ ਵਿੱਚ ਸ਼ਾਮ ਦੇ ਪ੍ਰਾਈਮ ਟਾਈਮ ਦੀ ਖਿੱਚ ਹੋਵੇਗਾ।
ਇਹ ਦੋਵੇਂ ਟੀਮਾਂ ਕੂਟਨੀਤਿਕ ਦਬਾਅ ਕਾਰਨ ਘੱਟ ਖੇਡਦੀਆਂ ਹਨ ਪਰ ਜਦੋਂ ਇਨ੍ਹਾਂ ਦਾ ਮੁਕਾਬਲਾ ਹੁੰਦਾ ਹੈ ਤਾਂ ਬਲਾਕਬਸਟਰ ਹਿੱਟ ਹੁੰਦਾ ਹੈ।
ਸਾਲ 2011 ਦੇ ਵਿਸ਼ਵ ਕੱਪ ਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ ਸੈਮੀ ਫਾਈਨਲ ਮੁਕਾਬਲਾ 40 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀ।
ਇਸਦੇ ਮੁਕਾਬਲੇ ਸੂਪਰ ਬਾਲ ਨੂੰ ਵਿਸ਼ਵ ਭਰ ਵਿੱਚ 25 ਕਰੋੜ ਦਰਸ਼ਕਾਂ ਨੇ ਦੇਖਿਆ ਸੀ।
ਅਲੀ ਜ਼ਾਰ, ਜੋ ਜ਼ਾਰ ਸਪੋਰਟਸ ਦੇ ਮਾਲਕ ਹਨ ਜੋ ਕਿ ਨਿਊ ਯਾਰਕ ਦੇ ਮੁੱਠੀ ਭਰ ਕ੍ਰਿਕਟ ਖੇਡ ਟੀਵੀ ਚੈਨਲਾਂ ਵਿੱਚੋਂ ਇੱਕ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ- ਪਾਕਿਸਤਾਨ ਦਾ ਮੁਕਾਬਲਾ ਜੋ ਕਿ ਨਿਊ ਨਸਾਓ ਕਾਊਂਟੀ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਐਤਵਾਰ ਨੂੰ ਖੇਡਿਆ ਜਾਣਾ ਹੈ। ਲੋਕ ਉਸਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ,“ਭਾਰਤ ਅਤੇ ਪਾਕਿਸਤਾਨ ਵਰਗੀ ਕੋਈ ਦੁਸ਼ਮਣੀ ਨਹੀਂ ਹੈ। ਇਸ ਦੀ ਮਿਸਾਲ ਇਹ ਆਪ ਹੀ ਹੈ। ਇਹ ਵੱਖਰੇ ਪੱਧਰ ਦੀ ਹੈ।”
“ਮੰਨ ਲਓ ਪਾਕਿਸਤਾਨ ਜਿੱਤ ਗਿਆ ਅਤੇ ਭਾਰਤ ਹਾਰ ਗਿਆ, ਸਾਰਿਆਂ ਨੇ ਆਪਣੇ ਟੀਵੀ ਤੋੜ ਦੇਣੇ ਹਨ। ਜੇ ਭਾਰਤ ਜਿੱਤ ਗਿਆ, ਪਾਕਿਸਤਾਨ ਹਾਰ ਗਿਆ— ਤਾਂ ਲੋਕ ਉਨ੍ਹਾਂ ਦੇ ਦੇਸ਼ ਵਿੱਚ ਕਈ ਦਿਨਾਂ ਤੱਕ ਦੁਖੀ ਰਹਿਣਗੇ। ਅਤੇ ਆਪਣੇ ਟੀਵੀ ਤੋੜਨੇ ਸ਼ੁਰੂ ਕਰ ਦੇਣਗੇ।”
ਬਲੈਕ ਵਿੱਚ ਇਸ ਮੈਚ ਦੀ ਸਭ ਤੋਂ ਸਸਤੀ ਟਿਕਟ 830 ਡਾਲਰ ਦੀ ਹੈ।
ਜਦਕਿ ਆਈਸੀਸੀ ਦੀ ਵੈੱਬਸਾਈਟ ਉੱਤੇ ਇਸ ਮੈਚ ਦੀ ਸਭ ਤੋਂ ਸਸਤੀ ਟਿਕਟ 2,500 ਡਾਲਰ ਦੀ ਹੈ।
ਜ਼ਾਰ ਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਇਸ ਤਰ੍ਹਾਂ ਦੇ ਮੈਚ ਖੇਡੇ ਜਾਣ ਨਾਲ ਅਮਰੀਕਾ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਖੇਡ ਦਾ ਬੀਜ ਬੀਜਿਆ ਜਾਵੇਗਾ।
ਜ਼ਾਰ ਦੱਸਦੇ ਹਨ, “ਬਹੁਤ ਸਾਰੇ ਅਮਰੀਕੀ ਮਰਚੈਂਡਾਈਜ਼ ਦੀਆਂ ਦੁਕਾਨਾਂ ਵਿੱਚ ਆ ਰਹੇ ਹਨ। ਉਹ ਖੇਡ ਬਾਰੇ ਸਵਾਲ ਕਰ ਰਹੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਵਿਸ਼ਵ ਕੱਪ ਹੋ ਰਿਹਾ ਹੈ, ਇਸ ਲਈ ਉਹ ਸਾਨੂੰ ਇੱਕ ਸਵਾਲ ਪੁੱਛਦੇ ਹਨ – ਕ੍ਰਿਕਟ ਕੀ ਹੈ?”
“ਮੇਰਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਇਸ ਲਈ ਮੈਨੂੰ ਖੇਡ ਬਾਰੇ ਪਤਾ ਹੈ। ਮੇਰੇ ਬੱਚੇ ਇੱਥੇ ਪੈਦਾ ਹੋਏ ਹਨ, ਹੋਰ ਬੱਚੇ ਇੱਥੇ ਪੈਦਾ ਹੋਏ ਹਨ। ਉਹ ਖੇਡ ਬਾਰੇ ਸਵਾਲ ਪੁੱਛ ਰਹੇ ਹਨ... ਉਨ੍ਹਾਂ ਨੂੰ ਦਿਲਚਸਪੀ ਹੈ।”












