ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਕ੍ਰਿਕਟ ਟੀਮ ਦੇ ਕਾਰਨਾਮੇ ਕਿਉਂ ਰਹਿ ਗਏ ਅਣਗੌਲ਼ੇ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 5 ਮਈ ਨੂੰ ਢਾਕਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਹਰਮਨਪ੍ਰੀਤ ਕੌਰ
    • ਲੇਖਕ, ਸ਼ਾਰਦਾ ਉਗਰਾ
    • ਰੋਲ, ਸੀਨੀਅਰ ਖੇਡ ਪੱਤਰਕਾਰ

6 ਮਈ ਨੂੰ ਜਦੋਂ ਬੰਗਲਾਦੇਸ਼ ਦੇ ਸਿਲਹਟ ’ਚ ਆਸ਼ਾ ਸ਼ੋਭਨਾ ਕੌਮਾਂਤਰੀ ਮਹਿਲਾ ਟੀ-20 ’ਚ ਭਾਰਤ ਦੇ ਵਿੱਚ ਸ਼ੁਰੂਆਤ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੀ ਕ੍ਰਿਕਟਰ ਬਣੇ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।

ਉਨ੍ਹਾਂ ਨੇ 33 ਸਾਲ 51 ਦਿਨ ਦੀ ਉਮਰ ’ਚ ਇਹ ਉਪਲਬਧੀ ਹਾਸਲ ਕੀਤੀ ਹੈ।

ਜਦੋਂ ਬੰਗਲਾਦੇਸ਼ ਨਾਲ ਸਮਾਪਤ ਹੋਈ ਲੜੀ ਦਾ ਪ੍ਰਸਾਰਣ ਕਰਨ ਵਾਲਾ ਚੈਨਲ ਸ਼ੋਭਨਾ ਦੀ ਇੰਟਰਵਿਊ ਲੈ ਰਿਹਾ ਸੀ ਤਾਂ ਨੇੜੇ ਖੜੀ ਉਨ੍ਹਾਂ ਦੀ ਟੀਮ ਉਹਨਾਂ ਦੀ ਗੱਲਾਂ ਸੁਣ ਕੇ ਖੁਸ਼ ਹੋ ਰਹੀ ਸੀ।

ਪਰ ਜਦੋਂ ਆਸ਼ਾ ਸ਼ੋਭਨਾ ਮੀਡੀਆ ਨਾਲ ਗੱਲਬਾਤ ਕਰਨ ਲਈ ਪ੍ਰੈੱਸ ਕਾਨਫਰੰਸ ਰੂਮ ’ਚ ਪਹੁੰਚੇ ਤਾਂ ਉੱਥੇ ਸਿਰਫ਼ ਇੱਕ ਹੀ ਪੱਤਰਕਾਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।

ਇਹ ਸਨ ਓਨੀਸ਼ਾ ਘੋਸ਼।

ਓਨੀਸ਼ਾ ਘੋਸ਼ ਨੇ ਇਹ ਗੱਲ ਆਪਣੇ ਐਕਸ ਹੈਂਡਲ ’ਤੇ ਪੋਸਟ ਕੀਤੀ ਹੈ।

ਭਾਰਤ ਨੇ ਇਸ ਟੀ-20 ਸੀਰੀਜ਼ ’ਚ ਬੰਗਲਾਦੇਸ਼ ਨੂੰ 5-0 ਨਾਲ ਮਾਤ ਦਿੱਤੀ ਹੈ। ਉਹ ਬੰਗਲਾਦੇਸ਼ੀ ਟੀਮ ਜਿਸ ਦੇ ਕੋਲ ਨੌਜਵਾਨ ਕਪਤਾਨ ਅਤੇ ਊਰਜਾ ਭਰਪੂਰ ਟੀਮ ਸੀ, ਉਸ ਨੂੰ ਹਾਰ ਦਾ ਸਵਾਦ ਚੱਖਣਾ ਪਿਆ।

ਸੀਰੀਜ਼ ਦੇ ਆਖਰੀ ਮੈਚ ’ਚ ਖੱਬੇ ਹੱਥ ਦੀ ਸਪਿਨਰ ਰਾਧਾ ਯਾਦਵ 'ਪਲੇਅਰ ਆਫ਼ ਦਾ ਮੈਚ' ਚੁਣੇ ਗਏ। ਪੂਰੀ ਸੀਰੀਜ਼ ’ਚ 10 ਵਿਕਟਾਂ ਹਾਸਲ ਕਰਨ ਕਰਕੇ ਉਨ੍ਹਾਂ ਨੂੰ 'ਪਲੇਅਰ ਆਫ਼ ਦਾ ਸੀਰੀਜ਼' ਵੀ ਐਲਾਨਿਆ ਗਿਆ।

ਜੇਕਰ ਫੈਨਕੋਡ ਸਟ੍ਰੀਮਿੰਗ ਸਰਵਿਸ ਨਾ ਹੁੰਦੀ ਤਾਂ ਅਜਿਹਾ ਲੱਗਦਾ ਕਿ ਸ਼ਾਇਦ ਇਹ ਸੀਰੀਜ਼ ਹੋਈ ਹੀ ਨਹੀਂ ਹੈ।

ਮੀਡੀਆ ਅਦਾਰਿਆਂ ਤੋਂ ਉਮੀਦ

ਵੁਮੈਨਜ਼ ਪ੍ਰੀਮਿਅਰ ਲੀਗ

ਤਸਵੀਰ ਸਰੋਤ, X/Annesha Ghosh

ਤਸਵੀਰ ਕੈਪਸ਼ਨ, ਜਦੋਂ ਆਸ਼ਾ ਸ਼ੋਭਨਾ ਮੀਡੀਆ ਨਾਲ ਗੱਲਬਾਤ ਕਰਨ ਲਈ ਪ੍ਰੈੱਸ ਕਾਨਫਰੰਸ ਰੂਮ ’ਚ ਪਹੁੰਚੇ ਤਾਂ ਉੱਥੇ ਸਿਰਫ਼ ਇੱਕ ਹੀ ਪੱਤਰਕਾਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ

ਕਿਉਂਕਿ ਇਹ ਸੀਰੀਜ਼ ਆਈਪੀਐਲ ਦੇ ਨਾਲ-ਨਾਲ ਹੋ ਰਹੀ ਹੈ, ਇਸ ਲਈ ਭਾਰਤੀ ਮੀਡੀਆ ਅਦਾਰਿਆਂ ਤੋਂ ਇਹ ਉਮੀਦ ਰੱਖਣਾ ਕਿ ਉਹ ਇਸ ਸੀਰੀਜ਼ ਨੂੰ ਕਵਰ ਕਰਨ ਲਈ ਆਪਣੇ ਪੱਤਰਕਾਰਾਂ ਨੂੰ ਭੇਜਦੇ, ਬੇਇਮਾਨੀ ਹੋਵੇਗੀ।

ਪੂਰੇ ਮੀਡੀਆ ਜਗਤ ਦੇ ਸਪੋਰਟਸ ਡੈਸਕ ਇਸ ਸਮੇਂ ਬਹੁਤ ਹੀ ਘੱਟ ਲੋਕਾਂ ਨਾਲ ਚੱਲ ਰਹੇ ਹਨ। ਪਰ ਇਸ ਪੂਰੇ ਮਾਮਲੇ ’ਚ ਬੀਸੀਸੀਆਈ ਦਾ ਰੁਖ਼ ਬਹੁਤ ਹੀ ਹੈਰਾਨ ਕਰਦਾ ਹੈ।

ਬੀਸੀਸੀਆਈ ਨੇ ਆਨਲਾਈਨ ਲਾਈਵ ਕੁਮੈਂਟਰੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।

ਆਈਪੀਐੱਲ ਦੀ ਅਧਿਕਾਰਤ ਵੈੱਬਸਾਈਟ ’ਤੇ ਬਹੁਤ ਜ਼ਿਆਦਾ ਕੰਟੈਂਟ/ਸਮੱਗਰੀ ਹੋਣ ਤੋਂ ਇਲਾਵਾ ਰੋਜ਼ਾਨਾ ਮੀਡੀਆ ਨੂੰ ਆਈਪੀਐਲ ’ਤੇ ਬੀਸੀਸੀਆਈ ਵੱਲੋਂ ਭੇਜੇ ਜਾਣ ਵਾਲੇ ਕੰਟੈਂਟ ਦਾ ਜਿਵੇਂ ਹੜ੍ਹ ਹੀ ਆ ਜਾਂਦਾ ਹੈ।

ਇਸ ’ਚ ਪ੍ਰੈਸ ਕਾਨਫਰੰਸ ਦੇ ਲਿੰਕ, ਰੈਫ਼ਰੀ ਦੇ ਫੈ਼ਸਲੇ ਅਤੇ ਸੋਸ਼ਲ ਮੀਡੀਆ ਦੀ ਹਲਚਲ ਆਦਿ ਸ਼ਾਮਲ ਹੁੰਦੀ ਹੈ। ਪਰ ਮਹਿਲਾ ਟੀ-20 ਸੀਰੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਚੁੱਪ ਸੀ।

ਆਸ਼ਾ ਸ਼ੋਭਨਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਵੁਮੈਨਜ਼ ਪ੍ਰੀਮਿਅਰ ਲੀਗ 2024 ਦੇ ਮੈਚ ਵਿੱਚ ਆਸ਼ਾ ਸ਼ੋਭਨਾ

ਬੀਸੀਸੀਆਈ ਦੇ ਮੀਡੀਆ ਗਰੁੱਪ ਇੱਕ ਤਰ੍ਹਾਂ ਨਾਲ ਮਹਿਲਾ ਸੀਰੀਜ਼ ਦੀਆ ਖ਼ਬਰਾਂ ਤੋਂ ਬਿਲਕੁਲ ਹੀ ਵਾਂਝੇ ਸਨ। ਨਾ ਤਾਂ ਕੋਈ ਈਮੇਲ ਸੀ, ਨਾ ਆਨਲਾਈਨ ਪ੍ਰੈਸ ਕਾਨਫਰੰਸ ਦੇ ਲਿੰਕ , ਨਾ ਵੀਡੀਓ ਅਤੇ ਨਾ ਹੀ ਕੋਈ ਸੋਸ਼ਲ ਮੀਡੀਆ ਪੋਸਟ।

ਅਤੇ ਇਹ ਸਭ ਉਸ ਸੀਰੀਜ਼ ਦੇ ਨਾਲ ਹੋਇਆ ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ ਉਪਲਬਧੀਆਂ ਨਾਲ ਭਰਪੂਰ ਰਹੀ।

ਇਸ ਸੀਰੀਜ਼ ’ਚ ਆਸ਼ਾ ਸ਼ੋਭਨਾ ਦਾ ਇਤਿਹਾਸਿਕ ਡੈਬਿਊ ਹੋਇਆ, ਹਰਮਨਪ੍ਰੀਤ ਕੌਰ ਨੇ ਆਪਣਾ 300ਵਾਂ ਮੈਚ ਖੇਡਿਆ, ਸ਼ੇਫਾਲੀ ਵਰਮਾ ਨੇ ਆਪਣਾ 100ਵਾਂ ਮੈਚ ਖੇਡਿਆ।

ਇਸ ਦੇ ਨਾਲ ਹੀ ਸ਼ੇਫਾਲੀ ਅਤੇ ਮੰਧਾਨਾ ਦੀ ਜੋੜੀ ਮਹਿਲਾ ਟੀ-20 ਇੰਟਰਨੈਸ਼ਨਲ ’ਚ ਭਾਰਤ ਦੇ ਲਈ 2000 ਦੌੜਾਂ ਦੀ ਸਾਂਝੇਦਾਰੀ ਕਰਨ ਵਾਲੀ ਪਹਿਲੀ ਜੋੜੀ ਬਣੀ।

ਮੀਡੀਆ ਮੈਨੇਜਰ ਦਾ ਵੀ ਕੋਈ ਥਹੁ ਪਤਾ ਨਹੀਂ

ਹਰਮਨਪ੍ਰੀਤ ਕੌਰ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਹਰਮਨਪ੍ਰੀਤ ਕੌਰ

ਬੀਸੀਸੀਆਈ ਦੀ ਅਧਿਕਾਰਤ ਵੈੱਬਸਾਈਟ ’ਤੇ ਇੰਟਰਨੈਸ਼ਨਲ ਮਹਿਲਾ ਪੇਜ ’ਤੇ ਸ਼ੁੱਕਰਵਾਰ ਸ਼ਾਮ 7 ਵਜੇ ਤੱਕ 15 ਅਪ੍ਰੈਲ ਦੀ ਹੀ ਖ਼ਬਰ ਮੌਜੂਦ ਸੀ। ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਸੀ।

15 ਅਪ੍ਰੈਲ ਦੀ ਇਹ ਖ਼ਬਰ ਵੀ ਬੰਗਲਾਦੇਸ਼ ਨਾਲ ਟੀ-20 ਸੀਰੀਜ਼ ਦੇ ਲਈ ਭਾਰਤੀ ਮਹਿਲਾ ਟੀਮ ਦੇ ਐਲਾਨ ਨਾਲ ਸਬੰਧਤ ਸੀ।

ਇਸ ਸੈਕਸ਼ਨ ’ਚ ਸਭ ਤੋਂ ਤਾਜ਼ਾ ਵੀਡੀਓ 28 ਅਪ੍ਰੈਲ, 2024 ਦਾ ਸੀ, ਜਿਸ ’ਚ ਯਸਤੀਕਾ ਭਾਟੀਆ ਬੰਗਲਾਦੇਸ਼ ਨਾਲ ਪਹਿਲੇ ਟੀ-20 ਮੈਚ ਤੋਂ ਬਾਅਦ ਕਰਦੇ ਨਜ਼ਰ ਆਏ ਹਨ।

ਭਾਰਤ ਦੀ ਮਹਿਲਾ ਟੀਮ ਬਿਨਾਂ ਮੀਡੀਆ ਮੈਨੇਜਰ ਦੇ ਬੰਗਲਾਦੇਸ਼ ਗਈ ਸੀ। ਜੇਕਰ ਕੋਈ ਮੀਡੀਆ ਮੈਨੇਜਰ ਸੀ ਵੀ ਤਾਂ ਉਸ ਦਾ ਵੀ ਕੋਈ ਥਹੁ ਪਤਾ ਨਹੀਂ ਸੀ।

ਇਹ ਵੀ ਪੜ੍ਹੋ-

ਜੇਕਰ ਕਿਸੇ ਖੇਡ ਨੂੰ ਕਵਰ ਕਰਨ ਲਈ ਰਿਪੋਰਟਰ ਨਾ ਹੋਣ ਤਾਂ ਉੱਥੇ ਮੀਡੀਆ ਮੈਨੇਜਰ ਦੀ ਭੂਮਿਕਾ ਬਹੁਤ ਹੀ ਅਹਿਮ ਹੋ ਜਾਂਦੀ ਹੈ।

ਮੀਡੀਆ ਮੈਨੇਜਰ ਹੀ ਉਸ ਦੌਰੇ ਦੀ ਜਾਣਕਾਰੀ, ਫੀਚਰ ਅਤੇ ਇੰਟਰਵਿਊ ਆਦਿ ਦੇਸ਼ ਦੇ ਮੀਡੀਆ ਅਦਾਰਿਆਂ ਤੱਕ ਪਹੁੰਚਾਉਂਦਾ ਹੈ।

ਹਾਂ, ਇਨ੍ਹੀਂ ਦਿਨੀਂ ਚੋਣਾਂ ਅਤੇ ਆਈਪੀਐਲ ਦੋਵੇਂ ਹੋਣ ਦੇ ਕਾਰਨ ਅਖ਼ਬਾਰਾਂ ਦੇ ਕੋਲ ਜ਼ਿਆਦਾ ਥਾਂ ਨਹੀਂ ਹੈ।

ਪਰ ਡਿਜੀਟਲ ਮੀਡੀਆ ਨੂੰ ਉਨ੍ਹਾਂ ਚੰਗੀਆਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ’ਚ ਕੋਈ ਦਿੱਕਤ ਨਹੀਂ ਹੁੰਦੀ, ਜਿਨ੍ਹਾਂ ਨੂੰ ਬੀਸੀਸੀਆਈ ਦੇ ਮੀਡੀਆ ਵਿਭਾਗ ’ਚ ਕੰਮ ਕਰਨ ਵਾਲੇ ਲੋਕਾਂ ਨੇ ਤਿਆਰ ਕੀਤਾ ਹੁੰਦਾ।

ਪਰ ਅਜਿਹਾ ਤਾਂ ਹੀ ਹੁੰਦਾ ਜੇਕਰ ਮਹਿਲਾ ਕ੍ਰਿਕਟ ਨੂੰ ਅੱਗੇ ਵਧਾਉਣ, ਪ੍ਰਮੋਟ ਕਰਨ ਅਤੇ ਉਸ ਦਾ ਅਕਸ ਚਮਕਾਉਣ ਦਾ ਕੋਈ ਇਰਾਦਾ ਹੁੰਦਾ।

ਬੰਗਲਾਦੇਸ਼ ਤੋਂ ਦੂਰ ਭਾਰਤ ’ਚ ਬੈਠੇ ਜਿਹੜੇ ਰਿਪੋਰਟਰ ਇਸ ਟੀ-20 ਸੀਰੀਜ਼ ਨੂੰ ਕਵਰ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਵੱਖ ਵੱਖ ਸਾਧਨਾਂ ਦੀ ਸਹਾਇਤਾ ਨਾਲ ਆਪ ਕੀਤਾ।

ਉਨ੍ਹਾਂ ਨੇ ਸਰਹੱਦ ਪਾਰ ਆਪਣੇ ਦੋਸਤ-ਮਿੱਤਰਾਂ , ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨੂੰ ਫੋਨ ਕੀਤਾ, ਬੰਗਲਾਦੇਸ਼ ਕ੍ਰਿਕਟ ਬੋਰਡ ਨਾਲ ਸੰਪਰਕ ਕਾਇਮ ਕੀਤਾ ਅਤੇ ਇਨ੍ਹਾਂ ਸਾਰਿਆਂ ਤੋਂ ਹਾਸਲ ਹੋਈ ਜਾਣਕਾਰੀ ਨੂੰ ਇੱਕਠਾ ਕਰਕੇ ਖ਼ਬਰਾਂ ਲਿਖੀਆਂ।

ਕਹਿਣੀ ਅਤੇ ਕਰਨੀ ’ਚ ਅੰਤਰ

 ਜੈ ਸ਼ਾਹ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਬੀਸੀਸੀਆਈ ਦੇ ਸਕੱਤਰ ਜੈ ਸ਼ਾਹ

ਵੀਰਵਾਰ ਰਾਤ ਨੂੰ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਮੁਬੰਈ ’ਚ ਕੁਝ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ।

ਇਸ ਦੌਰਾਨ ਪੱਤਰਕਾਰਾਂ ਨੂੰ ਕੋਈ ਵੀ ਵੀਡੀਓ ਜਾਂ ਆਡੀਓ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਸੀ। ਉਹ ਸਿਰਫ਼ ਲਿਖ ਕੇ ਹੀ ਜਾਣਕਾਰੀ ਨੋਟ ਕਰ ਸਕਦੇ ਸਨ।

ਉੱਥੇ ਮੌਜੂਦ ਪੱਤਰਕਾਰਾਂ ਨੇ ਸ਼ਾਹ ਤੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਲੈ ਕੇ ਭਵਿੱਖ ਦੀਆ ਯੋਜਨਾਵਾਂ ਬਾਰੇ ਪੁੱਛਿਆ।

ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਾਲ ਹੀ ’ਚ ਬੰਗਲਾਦੇਸ਼ ’ਚ ਮੁਕੰਮਲ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਕਰਵਾਉਣ ਦਾ ਮਕਸਦ ਇਹ ਸੀ ਕਿ ਢਾਕਾ ਅਤੇ ਸਿਲਹਟ ’ਚ 3 ਤੋਂ 20 ਅਕਤੂਬਰ ਤੱਕ ਹੋਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਉੱਥੋਂ ਦੇ ਹਾਲਾਤਾਂ ਤੋਂ ਜਾਣੂ ਹੋ ਜਾਵੇ।

ਜਦਕਿ ਇਹ ਟੂਰਨਾਮੈਂਟ ਪੰਜ ਮਹੀਨੇ ਬਾਅਦ ਹੋਣਾ ਹੈ, ਉਹ ਵੀ ਮਾਨਸੂਨ ਤੋਂ ਬਾਅਦ।

ਸ਼ਾਹ ਨੇ ਤੁਰੰਤ ਇਹ ਵੀ ਕਿਹਾ ਕਿ ਮਹਿਲਾ ਪ੍ਰੀਮੀਅਰ ਲੀਗ i ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ ਅਤੇ ਸਿਰਫ ਟਿਕਟਾਂ ਦੀ ਵਿਕਰੀ ਤੋਂ ਹੀ 5 ਕਰੋੜ ਰੁਪਏ ਮਿਲੇ ਹਨ।

ਸ਼ਾਹ ਨੂੰ ਮਹਿਲਾ ਕ੍ਰਿਕਟ ਪ੍ਰਤੀ ਆਪਣੀ ਵਚਨਬੱਧਤਾ ’ਤੇ ਮਾਣ ਹੈ।

ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਿਲਾ ਕ੍ਰਿਕਟ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ ਅਤੇ ਅਜਿਹਾ ਬਿਲਕੁਲ ਨਹੀਂ ਹੈ ਕਿ ਇਸ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਤਰਜੀਹ ਦਿੱਤੀ ਜਾ ਰਹੀ ਹੈ।

ਸ਼ੇਫ਼ਾਲੀ ਵਰਮਾ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਕ੍ਰਿਕਟਰ ਸ਼ੇਫ਼ਾਲੀ ਵਰਮਾ

ਬੀਸੀਸੀਆਈ ਦੇ ਸਕੱਤਰ ਨੇ ਕਿਹਾ, “ਅਸੀਂ ਆਪਣਾ 51% ਫੋਕਸ ਮਹਿਲਾ ਕ੍ਰਿਕਟ ਉੱਤੇ ਅਤੇ 49% ਪੁਰਸ਼ਾਂ ਦੀ ਕ੍ਰਿਕਟ ’ਤੇ ਰੱਖਿਆ ਹੈ, ਕਿਉਂਕਿ ਅਸੀਂ ਪੁਰਸ਼ਾਂ ਦੀ ਕ੍ਰਿਕਟ ’ਚ ਪਹਿਲਾਂ ਹੀ ਵਧੀਆ ਪ੍ਰਦਰਸ਼ਨ ਕਰ ਰਹੇ ਹਾਂ। ਇਸ ਲਈ ਅਸੀਂ ਮਹਿਲਾ ਕ੍ਰਿਕਟ ਨੂੰ ਤਰਜੀਹ ਦੇ ਰਹੇ ਹਾਂ। ਅਸੀਂ ਉਨ੍ਹਾਂ ਦੀ ਮੈਚ ਫੀਸ ਵੀ ਵਧਾ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਆਮਦਨੀ ਵੀ ਹੋ ਰਹੀ ਹੈ।”

ਮਹਿਲਾ ਕ੍ਰਿਕਟ ’ਤੇ 51% ਧਿਆਨ ਕੇਂਦਰਤ ਕਰਨਾ ਵਧੀਆ ਗੱਲ ਹੈ, ਪਰ ਬੰਗਲਾਦੇਸ਼ ਨਾਲ ਹੋਈ ਟੀ-20 ਸੀਰੀਜ਼ ਦੇ ਮਾਮਲੇ ’ਚ ਇਹ ਗੱਲ ਸਹੀ ਸਾਬਤ ਨਹੀਂ ਹੁੰਦੀ ਹੈ।

ਬੰਗਲਾਦੇਸ਼ ’ਚ ਪੰਜ ਟੀ-20 ਮੈਚ ਖੇਡਣ ਗਈ ਭਾਰਤੀ ਪੁਰਸ਼ ਕ੍ਰਿਕਟ ਟੀਮ ਨਾਲ ਜੇਕਰ ਕੋਈ ਰਿਪੋਰਟਰ ਨਹੀਂ ਜਾਂਦਾ ਤਾਂ ਅਜਿਹਾ ਕਦੇ ਨਾ ਹੁੰਦਾ ਕਿ ਹੈੱਡਕੁਆਰਟਰ ਅਤੇ ਭਾਰਤੀ ਮੀਡੀਆ ਨੂੰ ਉੱਥੋਂ ਰਿਪੋਰਟਾਂ ਭੇਜਣ ਲਈ ਟੀਮ ਦੇ ਨਾਲ ਕੋਈ ਮੀਡੀਆ ਮੈਨੇਜਰ ਹੀ ਨਾ ਭੇਜਿਆ ਜਾਂਦਾ।

ਮੈਚ ਫੀਸ ਵਧਾਉਣ ਦਾ ਫ਼ੈਸਲਾ ਠੀਕ ਲੱਗਦਾ ਹੈ, ਪਰ ਇਸ ਦਾ ਫਾਇਦਾ ਤਾਂ ਹੀ ਹੋਵੇਗਾ ਜਦੋਂ ਮਹਿਲਾ ਕ੍ਰਿਕਟ ਦਾ ਵੀ ਇੱਕ ਕੈਲੰਡਰ ਬਣੇਗਾ ਅਤੇ ਉਨ੍ਹਾਂ ਨੂੰ ਹਰ ਸੀਜ਼ਨ ’ਚ ਕਾਫੀ ਮੈਚ ਖੇਡਣ ਨੂੰ ਮਿਲਣ।

12 ਮਹੀਨੇ ਮਹਿਲਾ ਕ੍ਰਿਕਟ ਦੀ ਮਦਦ ਕਰਨ ਦੀਆਂ ਗੱਲਾਂ ਕਰਨਾ ਅਤੇ ਅਸਲ ’ਚ ਇਸ ’ਤੇ ਵੀ ਅਮਲ ਕਰਨ ’ਚ ਬਹੁਤ ਅੰਤਰ ਹੈ।

ਅਜਿਹਾ ਸਿਰਫ ਉਦੋਂ ਹੀ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਦੋਂ ਸੁਰਖੀਆਂ ਆਪਣੇ ਨਾਮ ਕਰਨੀਆਂ ਹੋਣ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)