ਆਈਪੀਐੱਲ 2024: ਸ਼ੁਭਮਨ ਗਿੱਲ ਦੀ ਕਪਤਾਨੀ ਵਾਲੇ ਉਸ ਮੈਚ ਦੀ ਕਹਾਣੀ ਜਿਸ ਨੂੰ ਉਹ ਭੁੱਲਣਾ ਚਾਹੁਣਗੇ

ਤਸਵੀਰ ਸਰੋਤ, Getty Images
ਆਈਪੀਐੱਲ 2024 ਵਿੱਚ ਬੁੱਧਵਾਰ ਰਾਤ ਨੂੰ ਕੁਝ ਅਜਿਹਾ ਹੋਇਆ, ਜਿਸ ਬਾਰੇ ਸ਼ੁਭਮਨ ਗਿੱਲ ਸ਼ਾਇਦ ਲੰਬੇ ਸਮੇਂ ਤੱਕ ਗੱਲ ਨਹੀਂ ਕਰਨਾ ਚਾਹੁਣਗੇ।
ਰਿਸ਼ਭ ਪੰਤ ਦੀ ਦਿੱਲੀ ਕੈਪੀਟਲਜ਼ ਦੀ ਟੀਮ ਨੇ ਗੁਜਰਾਤ ਨੂੰ ਉਸ ਦੇ ਘੱਟੋ-ਘੱਟ ਸਕੋਰ 89 ਦੌੜਾਂ ਉੱਤੇ ਆਊਟ ਕਰਕੇ ਛੇ ਵਿਕਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ਕੈਪੀਟਲਸ ਦੀ ਟੀਮ ਛੇਵੇਂ ਸਥਾਨ ਉੱਤੇ ਪਹੁੰਚ ਗਈ ਹੈ, ਜਦਕਿ ਗੁਜਰਾਤ ਸੱਤਵੇਂ ਸਥਾਨ ਉੱਤੇ ਹੈ।
ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦਾ ਘੱਟੋ-ਘੱਟ ਸਕੋਰ 125 ਸੀ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਸਾਲ ਇਸੇ ਪਿੱਚ ਉੱਤੇ ਦਿੱਲੀ ਕੈਪੀਟਲਸ ਨੇ ਉਸ ਨੂੰ 125 ਦੌੜਾਂ ਉੱਤੇ ਆਲ ਆਊਟ ਕਰ ਦਿੱਤਾ ਸੀ।
ਦਿੱਲੀ ਦੇ ਕਪਤਾਨ ਰਿਸ਼ਭ ਪੰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਸ਼ੁਭਮਨ ਗਿੱਲ ਦੀ ਟੀਮ ਨੂੰ ਆਪਣੇ ਹੀ ਘਰੇਲੂ ਮੈਦਾਨ 'ਤੇ ਹੌਲੀ ਪਿੱਚ ਦਿੱਤੀ ਗਈ। ਹੁਣ ਤੱਕ ਇਸ ਸੀਜ਼ਨ ਵਿੱਚ ਇਸ ਪਿੱਚ ਉੱਤੇ ਕੋਈ ਮੈਚ ਨਹੀਂ ਖੇਡਿਆ ਗਿਆ ਸੀ।
ਇਸ ਜ਼ਮੀਨ ਉੱਤੇ ਦੋ ਤਰ੍ਹਾਂ ਦੀ ਮਿੱਟੀ ਨਾਲ ਬਣੀ ਪਿੱਚ ਹੈ। ਜੇਕਰ ਇਹ ਮੈਚ ਲਾਲ ਮਿੱਟੀ ਨਾਲ ਬਣੀ ਪਿੱਚ ਉੱਤੇ ਖੇਡਿਆ ਜਾਂਦਾ ਤਾਂ ਕਾਫੀ ਦੌੜਾਂ ਬਣਾਈਆਂ ਜਾ ਸਕਦੀਆਂ ਸਨ। ਪਰ ਮੈਚ ਕਾਲੀ ਮਿੱਟੀ ਵਾਲੀ ਪਿੱਚ ਉੱਤੇ ਖੇਡਿਆ ਗਿਆ।
ਦੂਜੇ ਹੀ ਓਵਰ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਅਹਿਮਦਾਬਾਦ ਦੀ ਪਿੱਚ ਹੌਲੀ ਸੀ ਅਤੇ ਗੇਂਦ ਹੇਠਾਂ ਰਹਿ ਰਹੀ ਸੀ।

ਤਸਵੀਰ ਸਰੋਤ, ANI
ਤੇਜ਼ੀ ਨਾਲ ਬਦਲੇ ਸਮੀਕਰਨ
ਗੁਜਰਾਤ ਟਾਈਟਨਜ਼ ਦੇ ਚੌਥੇ ਓਵਰ ਦੀ ਸ਼ੁਰੂਆਤ ਵਿੱਚ 169 ਦੌੜਾਂ ਤੱਕ ਪਹੁੰਚਣ ਦਾ ਕਿਆਸ ਲਾਇਆ ਗਿਆ ਸੀ। ਛੇਵੇਂ ਓਵਰ ਦੀ ਸ਼ੁਰੂਆਤ ਤੱਕ ਇਹ ਅੰਕੜਾ 120 ਤੱਕ ਜਾ ਡਿੱਗਿਆ। ਅੰਤ ਵਿੱਚ, ਗੁਜਰਾਤ ਟਾਈਟਨਸ ਦੋਹਰੇ ਅੰਕਾਂ ਤੱਕ ਸੀਮਤ ਰਹਿ ਗਈ।
ਸ਼ੁਭਮਨ ਗਿੱਲ ਦੀ ਟੀਮ 17.3 ਓਵਰਾਂ ਵਿੱਚ 89 ਦੌੜਾਂ ਉੱਤੇ ਆਲ ਆਊਟ ਹੋ ਗਈ, ਜੋ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ।
ਦਿੱਲੀ ਦੇ ਗੇਂਦਬਾਜ਼ਾਂ ਨੇ ਇਸ ਪਿੱਚ ਦਾ ਪੂਰਾ ਫਾਇਦਾ ਚੁੱਕਿਆ।
ਕੈਪਟਨ ਸ਼ੁਭਮਨ ਗਿੱਲ ਨੇ ਹਮਲਾਵਰ ਰੁਖ ਅਪਣਾਉਣ ਦੀ ਕੋਸ਼ਿਸ਼ ਕੀਤੀ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦਾ ਕਿਆਸ ਸੀ ਕਿ ਬਾਅਦ ਵਿੱਚ ਇਸ ਪਿੱਚ 'ਤੇ ਦੌੜਾਂ ਬਣਾਉਣਾ ਹੋਰ ਮੁਸ਼ਕਲ ਹੋ ਜਾਵੇਗਾ।
ਦੋਵਾਂ ਨੇ ਤੇਜ਼ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ।
ਗਿੱਲ ਪਹਿਲੀਆਂ ਪੰਜ ਗੇਂਦਾਂ 'ਤੇ ਦੋ ਚੌਕੇ ਲਗਾਉਣ ਵਿੱਚ ਕਾਮਯਾਬ ਰਹੇ ਪਰ ਪ੍ਰਿਥਵੀ ਸ਼ਾਅ ਨੇ ਉਨ੍ਹਾਂ ਨੂੰ ਇਸ਼ਾਂਤ ਸ਼ਰਮਾ ਦੀ ਗੇਂਦ ਉੱਤੇ ਕਵਰ ਉੱਤੇ ਕੈਚ ਕਰ ਲਿਆ।
ਇਸ਼ਾਂਤ ਸ਼ਰਮਾ ਨੇ ਦੂਜੇ ਹੀ ਓਵਰ ਵਿੱਚ ਸ਼ੁਭਮਨ ਗਿੱਲ ਨੂੰ ਆਊਟ ਕੀਤਾ ਤਾਂ ਟੀਮ ਇਸ ਝਟਕੇ ਤੋਂ ਉਭਰ ਨਹੀਂ ਸਕੀ। ਗਿੱਲ ਅੱਠ ਦੌੜਾਂ ਹੀ ਬਣਾ ਸਕੇ ਜਦਕਿ ਸਾਹਾ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ।

ਤਸਵੀਰ ਸਰੋਤ, ANI
ਅੱਠ ਬੱਲੇਬਾਜ਼ ਦਹਾਈ ਤੱਕ ਵੀ ਨਾ ਪਹੁੰਚ ਸਕੇ
ਪਾਵਰਪਲੇ ਵਿੱਚ ਖਰਾਬ ਸ਼ੁਰੂਆਤ ਤੋਂ ਬਾਅਦ ਮੱਧਕ੍ਰਮ ਦੇ ਬੱਲੇਬਾਜ਼ ਪਾਰੀ ਨੂੰ ਸੰਭਾਲਣ ਵਿੱਚ ਨਾਕਾਮ ਰਹੇ।
ਵਿਚਕਾਰਲੇ ਓਵਰਾਂ ਵਿੱਚ ਵੀ ਟੀਮ ਲਗਾਤਾਰ ਵਿਕਟਾਂ ਗੁਆਉਂਦੀ ਰਹੀ। ਰਾਸ਼ਿਦ ਖਾਨ ਦੀਆਂ 31 ਦੌੜਾਂ ਤੋਂ ਇਲਾਵਾ ਟਾਈਟਨਜ਼ ਦੀ ਬੱਲੇਬਾਜ਼ੀ ਕਾਫੀ ਨਿਰਾਸ਼ਾਜਨਕ ਰਹੀ।
ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ।
ਸ਼ਾਹਰੁਖ ਖਾਨ ਨੂੰ ਬੱਲੇਬਾਜ਼ੀ ਕ੍ਰਮ ਵਿੱਚ ਉੱਪਰ ਭੇਜਿਆ ਗਿਆ ਪਰ ਉਨ੍ਹਾਂ ਦਾ ਖਾਤਾ ਵੀ ਨਾ ਖੁੱਲ੍ਹ ਸਕਿਆ।
ਵਿਕਟਕੀਪਰ ਰਿਸ਼ਭ ਪੰਤ ਨੇ ਗੇਂਦ ਨੂੰ ਸਹੀ ਢੰਗ ਨਾਲ ਫੜ ਨਾ ਸਕਣ ਦੇ ਬਾਵਜੂਦ ਉਸ ਨੂੰ ਸਟੰਪ ਆਊਟ ਕੀਤਾ। ਪੰਤ ਨੇ ਦੋ ਕੈਚ ਲਏ ਅਤੇ ਦੋ ਖਿਡਾਰੀਆਂ ਨੂੰ ਸਟੰਪ ਆਊਟ ਕੀਤਾ।
ਟੀ-20 ਵਿਸ਼ਵ ਕੱਪ ਵਿੱਚ ਰਿਸ਼ਭ ਪੰਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਭਾਵੇਂ ਉਹ ਵਿਕਟ ਦੇ ਸਾਹਮਣੇ ਹੋਣ ਜਾਂ ਪਿੱਛੇ, ਪੰਤ ਕੋਲ ਗੇਮ ਚੇਂਜਰ ਦੀ ਭੂਮਿਕਾ ਨਿਭਾਉਣ ਦੀ ਸਮਰੱਥਾ ਹੈ।
ਉਹ ਖੇਡ ਦਾ ਬਹੁਤ ਆਨੰਦ ਲੈਂਦੇ ਹਨ ਅਤੇ ਦਰਸ਼ਕਾਂ ਨੂੰ ਵੀ ਇਸ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ।

ਤਸਵੀਰ ਸਰੋਤ, ANI
ਪੰਤ ਦੀ ਸ਼ਾਨਦਾਰ ਕਪਤਾਨੀ
ਪੰਤ ਨੇ ਬਤੌਰ ਕਪਤਾਨ ਵੀ ਚੰਗੀ ਖੇਡ ਦਿਖਾਈ।
ਪਾਵਰਪਲੇ ਦੇ ਅੰਦਰ ਤੀਜੇ ਓਵਰ ਲਈ ਖਲੀਲ ਅਹਿਮਦ ਨੂੰ ਵਾਪਸ ਲਿਆਂਦਾ ਇਹ ਦੇਖਣ ਲਈ ਕਿ ਕੀ ਉਹ ਟਾਈਟਨਜ਼ ਦਾ ਪੰਜਵਾਂ ਵਿਕਟ ਹਾਸਲ ਕਰ ਸਕਦੇ ਹਨ।
ਅਜਿਹਾ ਤਾਂ ਨਹੀਂ ਹੋ ਸਕਿਆ ਪਰ ਖਲੀਲ ਮੇਡਨ ਓਵਰ (ਓਵਰ ਜਿਸ ਵਿੱਚ ਕੋਈ ਦੌੜ ਨਾ ਬਣੇ) ਸੁੱਟਣ ਵਿੱਚ ਸਫ਼ਲ ਰਹੇ। ਟ੍ਰਿਸਟਨ ਸਟੱਬਸ ਨੂੰ ਅਕਸਰ ਪਟੇਲ ਤੋਂ ਪਹਿਲਾਂ ਗੇਂਦ ਫੜਾ ਦਿੱਤੀ। ਸਟੱਬਸ ਨੇ ਨਿਰਾਸ਼ ਨਹੀਂ ਕੀਤਾ ਅਤੇ ਆਪਣੇ ਆਫ ਬ੍ਰੇਕ ਤੋਂ ਦੋ ਵਿਕਟਾਂ ਲਈਆਂ।
ਦਿੱਲੀ ਕੈਪੀਟਲਜ਼ ਨੇ ਛੇ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਇਕਾਨਮੀ ਦਰ 4.5 ਤੋਂ ਵੱਧ ਨਹੀਂ ਸੀ। ਦਿੱਲੀ ਕੈਪੀਟਲਜ਼ ਵੱਲੋਂ ਕੁਲਦੀਪ ਯਾਦਵ ਇਕੱਲੇ ਅਜਿਹੇ ਗੇਂਦਬਾਜ਼ ਸਨ ਜਿਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲੀ। ਮੁਕੇਸ਼ ਕੁਮਾਰ ਨੇ 14 ਦੌੜਾਂ ਦੇ ਕੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।
ਦਿੱਲੀ ਦੇ ਬੱਲੇਬਾਜ਼ਾਂ ਨੇ 53 ਗੇਂਦਾਂ ਵਿੱਚ ਟੀਚੇ ਦਾ ਪਿੱਛਾ ਕੀਤਾ। ਇਸ ਦੌਰਾਨ ਚਾਰ ਵਿਕਟਾਂ ਗੁਆ ਦਿੱਤੀਆਂ।
ਦਿੱਲੀ ਦੀ ਸਲਾਮੀ ਜੋੜੀ ਜੇਕ ਫਰੇਜ਼ਰ-ਮੈਕਗਕਰ (10 ਗੇਂਦਾਂ ਵਿੱਚ 20 ਦੌੜਾਂ, ਦੋ ਚੌਕੇ, ਦੋ ਛੱਕੇ) ਨੇ ਆਪਣੀ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ।
ਉਨ੍ਹਾਂ ਨੇ ਪ੍ਰਿਥਵੀ ਸ਼ਾਅ (7) ਨਾਲ ਪਹਿਲੀ ਵਿਕਟ ਲਈ 25 ਦੌੜਾਂ ਦੀ ਸਾਂਝੇਦਾਰੀ ਕੀਤੀ। ਅਭਿਸ਼ੇਕ ਪੋਰੇਲ (7 ਗੇਂਦਾਂ ਵਿੱਚ 15) ਅਤੇ ਸ਼ਾਈ ਹੋਪ (10 ਗੇਂਦਾਂ ਵਿੱਚ 19) ਨੇ ਤੀਜੇ ਵਿਕਟ ਲਈ 34 ਦੌੜਾਂ ਦੀ ਸਾਂਝੇਦਾਰੀ ਕੀਤੀ।
ਕਪਤਾਨ ਰਿਸ਼ਭ ਪੰਤ 11 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਸੁਮਿਤ ਕੁਮਾਰ 9 ਗੇਂਦਾਂ ਵਿੱਚ 9 ਦੌੜਾਂ ਬਣਾ ਕੇ ਨਾਬਾਦ ਰਹੇ।
ਕੇਰਲ ਦੇ ਸੰਦੀਪ ਵਾਰੀਅਰ ਨੇ ਆਪਣੇ ਪਹਿਲੇ ਮੈਚ ਵਿੱਚ ਸਭ ਨੂੰ ਪ੍ਰਭਾਵਿਤ ਕੀਤਾ। ਗੁਜਰਾਤ ਲਈ ਵਾਰੀਅਰ ਨੇ ਦੋ ਵਿਕਟਾਂ ਲਈਆਂ।

ਤਸਵੀਰ ਸਰੋਤ, ANI
ਪੰਤ ਪਲੇਅਰ ਆਫ ਦ ਮੈਚ
ਗੁਜਰਾਤ ਦੀ ਪਾਰੀ ਵਿੱਚ ਵਿਕਟ ਦੇ ਪਿੱਛੇ ਦੋ ਕੈਚ ਅਤੇ ਦੋ ਸਟੰਪਿੰਗ ਕਰਨ ਤੋਂ ਇਲਾਵਾ ਦਿੱਲੀ ਵੱਲੋਂ ਦੌੜਾਂ ਦਾ ਪਿੱਛਾ ਕਰਨ ਵਿੱਚ ਨਾਬਾਦ 16 ਦੌੜਾਂ ਬਣਾਉਣ ਵਾਲੇ ਰਿਸ਼ਭ ਪੰਤ ਨੂੰ ਮੈਚ ਦਾ ਪਲੇਅਰ ਐਲਾਨਿਆ ਗਿਆ।
ਗੁਜਰਾਤ ਟੀਮ ਸਾਲ 2022 ਵਿੱਚ ਹੋਂਦ ਵਿੱਚ ਆਈ ਸੀ।
ਹਾਰਦਿਕ ਪੰਡਯਾ ਨੂੰ ਮੁੰਬਈ ਇੰਡੀਅਨਜ਼ ਤੋਂ ਬੁਲਾਇਆ ਗਿਆ ਅਤੇ ਗੁਜਰਾਤ ਟੀਮ ਦੀ ਕਮਾਨ ਸੌਂਪੀ ਗਈ। ਸਾਲ 2022 ਵਿੱਚ ਆਈਪੀਐਲ ਵਿੱਚ ਭਾਗ ਲੈਣ ਵਾਲੀ ਟੀਮ ਨੇ ਆਪਣੇ ਪਹਿਲੇ ਹੀ ਸਾਲ ਵਿੱਚ ਚੈਂਪੀਅਨ ਬਣ ਕੇ ਹਲਚਲ ਮਚਾ ਦਿੱਤੀ ਸੀ। ਪਿਛਲੇ ਸਾਲ ਟੀਮ ਉਪ ਜੇਤੂ ਰਹੀ ਸੀ।
ਲੇਕਿਨ ਹਾਰਦਿਕ ਪੰਡਯਾ ਦੇ ਮੁੰਬਈ ਜਾਣ ਨਾਲ ਮੁੰਬਈ ਅਤੇ ਗੁਜਰਾਤ ਦੋਵਾਂ ਟੀਮਾਂ ਦੇ ਸਮੀਕਰਨ ਵਿਗੜਦੇ ਨਜ਼ਰ ਆ ਰਹੇ ਹਨ।
ਮੈਚ ਤੋਂ ਬਾਅਦ ਪੰਤ ਦਾ ਪ੍ਰਤੀਕਰਮ ਸੀ, "ਖੁਸ਼ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਹਨ।" ਸਾਨੂੰ ਇਸ ਖੇਡ ਤੋਂ ਅੱਗੇ ਵਧਣ ਅਤੇ ਅਗਲੀ ਗੇਮ ਤੋਂ ਪਹਿਲਾਂ ਉਸੇ ਮਾਨਸਿਕਤਾ ਨਾਲ ਵਾਪਸ ਆਉਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਸਾਡੇ ਆਊਟ ਹੋਣ ਨੂੰ ਦੇਖੋਂ ਤਾਂ - ਮੇਰੇ, ਸਾਹਾ ਅਤੇ ਸਾਈ - ਇਸਦਾ ਪਿੱਚ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਜਲਦੀ ਹੀ ਕੀਤਾ ਜਾਣਾ ਹੈ। ਅਜਿਹੇ ਵਿੱਚ ਆਈਪੀਐੱਲ ਮੈਚਾਂ ਵਿੱਚ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ ਸ਼ਾਇਦ ਉਨ੍ਹਾਂ ਉੱਤੇ ਭਾਰੂ ਨਾ ਪੈ ਜਾਵੇ।












