ਲੁਧਿਆਣਾ: ਢਾਈ ਸਾਲਾ ਬੱਚੀ ਨੂੰ ਜ਼ਿੰਦਾ ਦਫ਼ਨਾਉਣ ਦੀ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ, ਪੂਰਾ ਮਾਮਲਾ ਜਾਣੋ

ਤਸਵੀਰ ਸਰੋਤ, Gurminder Grewal/BBC
- ਲੇਖਕ, ਗਗਨਦੀਪ ਸਿੰਘ ਜੱਸੋਵਾਲ,ਬੀਬੀਸੀ ਪੱਤਰਕਾਰ
- ਰੋਲ, ਗੁਰਮਿੰਦਰ ਗਰੇਵਾਲ, ਬੀਬੀਸੀ ਸਹਿਯੋਗੀ
“ਅੱਜ ਬੇਸ਼ਕ ਮੈਂ ਖਾਲੀ ਹੱਥ ਜਾ ਰਹੀ ਹਾਂ ਤੇ ਮੇਰੇ ਕੋਲ ਦਿਲਰੋਜ਼ ਨਹੀਂ ਹੈ, ਪਰ ਮੈਨੂੰ ਅੰਦਰੋਂ ਮੇਰੀ ਆਤਮਾ ਨੂੰ ਸ਼ਾਂਤੀ ਮਿਲੀ ਹੈ, ”ਇਹ ਹਨ ਉਸ ਮਾਂ ਦੇ ਬੋਲ ਜਿਸ ਦੀ ਢਾਈ ਸਾਲ ਦੀ ਧੀ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਔਰਤ ਨੂੰ ਲੁਧਿਆਣਾ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।
ਵੀਰਵਾਰ ਨੂੰ ਲੁਧਿਆਣਾ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਸਾਲ 2021 ਵਿੱਚ ਆਪਣੇ ਗੁਆਂਢੀ ਦੀ ਢਾਈ ਸਾਲ ਦੀ ਧੀ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰਨ ਵਾਲੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਪੁਲਿਸ ਮੁਤਾਬਕ ਦੋਸ਼ੀ ਨੀਲਮ ਨੇ ਪੀੜਤ ਦਿਲਰੋਜ਼ ਕੌਰ ਨੂੰ 28 ਨਵੰਬਰ 2021 ਨੂੰ ਸਲੇਮ ਟਾਬਰੀ ਇਲਾਕੇ 'ਚ ਇੱਕ ਟੂਏ ਵਿੱਚ ਜ਼ਿੰਦਾ ਦਫ਼ਨ ਕਰ ਦਿੱਤਾ ਸੀ।

ਤਸਵੀਰ ਸਰੋਤ, Gurminder Grewal/BBC
ਕੀ ਸੀ ਮਾਮਲਾ
28 ਨਵੰਬਰ, 2021 ਨੂੰ ਢਾਈ ਸਾਲ ਦੀ ਬੱਚੀ ਦਿਲਰੋਜ਼ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ ਅਤੇ ਪਰਿਵਾਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ।
ਲੁਧਿਆਣਾ ਪੁਲਿਸ ਮੁਤਾਬਕ ਨੀਲਮ ਨੇ ਦਿਲਰੋਜ਼ ਦੇ ਕਤਲ ਦੀ ਯੋਜਨਾ ਇੱਕ ਪਰਿਵਾਰਿਕ ਰੰਜਿਸ਼ ਦੇ ਕਾਰਨ ਬਣਾਈ ਸੀ।
ਦਿਲਰੋਜ਼ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਨੀਲਮ ਸਮੇਤ ਉਸ ਦੇ ਗੁਆਂਢੀਆਂ ਦੇ ਘਰਾਂ ਦੀ ਤਲਾਸ਼ੀ ਲਈ ਸੀ ਪਰ ਨੀਲਮ ਨੇ ਦਿਲਰੋਜ਼ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਅਤੇ ਬਹੁਤ ਆਮ ਵਰਗਾ ਵਿਵਹਾਰ ਵੀ ਕੀਤਾ।
ਜਦੋਂ ਪੁਲਿਸ ਵਲੋਂ ਇਲਾਕੇ ਵਿੱਚ ਮੌਜੂਦ ਸੀਸੀਟੀਵੀ ਫੁਟੇਜ਼ ਖੰਗਾਲੀ ਗਈ ਤਾਂ ਉਸ ਵਿੱਚ ਸਾਹਮਣੇ ਆਇਆ ਕਿ ਨੀਲਮ ਬੱਚੀ ਦਿਲਰੋਜ਼ ਨੂੰ ਆਪਣੇ ਸਕੂਟਰ ਬਿਠਾ ਕੇ ਕਿਤੇ ਲੈ ਕੇ ਗਈ ਸੀ।
ਚਾਰਜਸ਼ੀਟ ਮੁਤਾਬਕ ਨੀਲਮ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਸੀ ਅਤੇ ਕਿਹਾ ਕਿ ਉਸਨੇ ਦਿਲਰੋਜ਼ ਨੂੰ ਇੱਕ ਟੋਏ ਵਿੱਚ ਦੱਬ ਨੇ ਮਾਰ ਦਿੱਤਾ ਸੀ।

ਤਸਵੀਰ ਸਰੋਤ, Gurminder Singh Grewal/BBC
ਔਰਤ ਨੂੰ ਮੌਤ ਦੀ ਸਜ਼ਾ ਦਾ ਮਾਮਲਾ
ਮਾਮਲੇ ਦੀ ਲੰਬੀ ਕਾਰਵਾਈ ਤੋਂ ਬਾਅਦ ਇਸ ਦਾ ਅਦਾਲਤੀ ਫ਼ੈਸਲਾ ਸਾਹਮਣੇ ਆਇਆ ਹੈ।
ਪੀੜਤ ਧਿਰ ਦੇ ਵਕੀਲ ਐਡਵੋਕੇਟ ਪਰਉਪਕਾਰ ਸਿੰਘ ਦਾ ਕਹਿਣਾ ਹੈ ਕਿ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਉਨ੍ਹਾਂ ਕਿਹਾ, “ਇਹ ਆਪਣੇ-ਆਪ ਵਿੱਚ ਇੱਕ ਦੁਰਲੱਭ ਮਾਮਲਾ ਹੈ, ਜਿੱਥੇ ਇੱਕ ਔਰਤ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।”
ਉਨ੍ਹਾਂ ਕਿਹਾ ਕਿ ਦੋਸ਼ੀ ਨੀਲਮ ਨੇ ਅਦਾਲਤ ਦੇ ਸਾਹਮਣੇ ਬੇਨਤੀ ਕੀਤੀ ਕਿ ਉਹ ਤਲਾਕਸ਼ੁਦਾ ਹੈ ਤੇ ਉਸਦੇ ਦੋ ਬੱਚੇ ਹਨ ਪਰ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ।
ਵੀਰਵਾਰ ਨੂੰ ਅਦਾਲਤ ਵੱਲੋਂ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਦਿਲਰੋਜ਼ ਦਾ ਪਰਿਵਾਰ ਅਦਾਲਤ ਵਿੱਚ ਹਾਜ਼ਿਰ ਸੀ ਜਿਸ ਵਿੱਚ ਉਸਦਾ ਦਾਦਾ, ਪਿਤਾ ਅਤੇ ਮਾਂ ਵੀ ਸ਼ਾਮਲ ਸਨ।
ਦਿਲਰੋਜ਼ ਦੇ ਪਰਿਵਾਰ ਨੇ ਫ਼ੈਸਲੇ ਨੂੰ ਕਬੂਲਿਆ
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਰਿਵਾਰ ਭਾਵੁਕ ਹੋ ਗਿਆ ਸੀ।
ਦਿਲਰੋਜ਼ ਦੇ ਦਾਦਾ ਸ਼ਮਿੰਦਰ ਸਿੰਘ ਨੇ ਕਿਹਾ, “ਸਾਨੂੰ ਇਨਸਾਫ਼ ਮਿਲਿਆ ਹੈ ਅਤੇ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹਾਂ।”
“ਉਹ ਸਾਡੇ ਲਈ ਬਹੁਤ ਮਾੜਾ ਸਮਾਂ ਸੀ, ਪਰ ਅਸੀਂ ਨਿਆਂ ਤੋਂ ਸੰਤੁਸ਼ਟ ਹਾਂ।”
ਦਿਲਰੋਜ਼ ਕੌਰ ਦੀ ਮਾਂ ਕਿਰਨ ਕੌਰ ਦਾ ਕਹਿਣਾ ਹੈ, "ਮੇਰੀ ਧੀ ਨੂੰ ਇਨਸਾਫ਼ ਮਿਲਿਆ ਹੈ ਅਤੇ ਭਾਵੇਂ ਮੇਰੀ ਧੀ ਜਿਉਂਦੀ ਨਹੀਂ ਹੈ, ਪਰ ਮੇਰੀ ਆਤਮਾ ਨੂੰ ਸ਼ਾਂਤੀ ਮਿਲੀ ਹੈ।"
ਇਸੇ ਤਰ੍ਹਾਂ ਪਿਤਾ ਹਰਪ੍ਰੀਤ ਸਿੰਘ ਨੇ ਕਿਹਾ ਕਿ,“ਇਹ ਇੱਕ ਮਿਸਾਲੀ ਫ਼ੈਸਲਾ ਹੈ। ਜੇਕਰ ਕੋਈ ਕਿਸੇ ਬੱਚੇ ਨੂੰ ਹੱਥ ਲਾਵੇਗਾ ਹੈ ਤਾਂ ਉਸ ਨੂੰ ਯਾਦ ਰਹੇਗਾ ਕਿ ਮੌਤ ਦੀ ਸਜ਼ਾ ਭੁਗਤਣੀ ਪਵੇਗੀ।”

ਤਸਵੀਰ ਸਰੋਤ, Gurminder Singh Grewal/BBC
ਚਾਰਜਸ਼ੀਟ ਵਿੱਚ ਕੀ ਕਿਹਾ ਗਿਆ
ਪੁਲਿਸ ਵਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ ਚਾਰਜਸ਼ੀਟ ਮੁਤਾਬਕ ਦਿਲਰੋਜ਼ ਕੌਰ ਦੇ ਦਾਦਾ ਸ਼ਮਿੰਦਰ ਸਿੰਘ ਨੇ ਦੱਸਿਆ, “ਮੇਰੀ ਪੋਤੀ ਗਲੀ ਵਿੱਚ ਖੇਡ ਰਹੀ ਸੀ ਅਤੇ ਮੇਰੀ ਪਤਨੀ ਹਰਵਿੰਦਰ ਕੌਰ ਵੀ ਉੱਥੇ ਖੜ੍ਹੀ ਸੀ।”
ਉਨ੍ਹਾਂ ਦੱਸਿਆ,“ਜਿਵੇਂ ਹੀ ਮੇਰੀ ਪਤਨੀ ਹਰਵਿੰਦਰ ਕੌਰ ਕੁਝ ਸਮੇਂ ਬਾਅਦ ਪਾਣੀ ਪੀਣ ਲਈ ਘਰ ਦੇ ਅੰਦਰ ਆਈ ਤਾਂ ਦਿਲਰੋਜ਼ ਗਲੀ ਵਿੱਚ ਖੇਡ ਰਹੀ ਸੀ, ਪਰ ਜਦੋਂ ਉਸਨੇ ਵਾਪਸ ਆ ਕੇ ਦੇਖਿਆ ਤਾਂ ਦਿਲਰੋਜ਼ ਉਥੇ ਮੌਜੂਦ ਨਹੀਂ ਸੀ”।
ਸ਼ਮਿੰਦਰ ਸਿੰਘ ਨੇ ਅੱਗੇ ਦੱਸਿਆ, “ਮੇਰੀ ਨੂੰਹ ਕਿਰਨ ਕੌਰ ਅਤੇ ਪਤਨੀ ਹਰਵਿੰਦਰ ਕੌਰ ਨੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ।”
ਜਦੋਂ ਦਿਲਰੋਜ਼ ਨਾ ਮਿਲੀ ਤਾਂ ਉਨ੍ਹਾਂ ਸ਼ੱਕ ਜਤਾਇਆ ਕਿ ਨੀਲਮ ਨੇ ਪਰਿਵਾਰ ਵਲੋਂ ਨਿੱਜੀ ਰੰਜਿਸ਼ ਦੇ ਚਲਦਿਆਂ ਬੱਚੀ ਨੂੰ ਮਾਰਨ ਦੀ ਨੀਅਤ ਨਾਲ ਅਗਵਾ ਕੀਤਾ ਹੈ।
ਸ਼ਮਿੰਦਰ ਸਿੰਘ ਨੇ ਪੁਲਿਸ ਨੂੰ ਵੀ ਸੂਚਿਤ ਕੀਤਾ ਸੀ ਕਿ ਉਨ੍ਹਾਂ ਦੀ ਨਿੱਜੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਆਪਣੀ ਘਰਵਾਲੀ ਕਿਰਨ ਕੌਰ ਨੂੰ ਨੀਲਮ ਨਾਲ ਗੱਲ ਕਰਨ ਤੋਂ ਰੋਕਦਾ ਸੀ ਕਿਉਂਕਿ ਨੀਲਮ ਦਾ ਚਾਲ ਚਲਣ ਠੀਕ ਨਹੀਂ ਸੀ।
ਇਸ ਚਾਰਜਸ਼ੀਟ 'ਚ ਗਵਾਹ ਗੁਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਨੀਲਮ ਨੇ ਉਸ ਦੇ ਸਾਹਮਣੇ ਇਕਬਾਲ ਕੀਤਾ ਹੈ ਕਿ ਉਸ ਨੇ ਦਿਲਰੋਜ਼ ਨੂੰ ਇਕ ਟੋਏ 'ਚ ਦੱਬ ਦਿੱਤਾ ਸੀ। ਬਾਅਦ ਵਿੱਚ ਪੁਲਿਸ ਨੇ ਨੀਲਮ ਨੂੰ ਲੁਧਿਆਣਾ ਸ਼ਹਿਰ ਤੋਂ ਗ੍ਰਿਫਤਾਰ ਕਰ ਲਿਆ ਸੀ।

ਤਸਵੀਰ ਸਰੋਤ, Gurminder Singh Grewal/BBC
ਨੀਲਮ ਨੇ ਕੀ ਕਬੂਲਿਆ
ਪੁਲਿਸ ਨੇ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, “ਨੀਲਮ ਨੇ ਆਪਣੇ ਕਬੂਲਨਾਮੇ ਵਿੱਚ ਪੁਲਿਸ ਨੂੰ ਦੱਸਿਆ ਕਿ ਦਿਲਰੋਜ਼ ਦਾ ਪਿਤਾ ਹਰਪ੍ਰੀਤ ਸਿੰਘ, ਜੋ ਪੁਲਿਸ ਵਿੱਚ ਨੌਕਰੀ ਕਰਦਾ ਸੀ, ਆਪਣੇ ਬੱਚਿਆਂ ਲਈ ਨਵੀਆਂ ਚੀਜ਼ਾਂ ਲਿਆਉਂਦਾ ਸੀ। ਉਨ੍ਹਾਂ ਨੂੰ ਦੇਖ ਕੇ ਮੇਰੇ ਬੱਚੇ ਵੀ ਮੇਰੇ ਤੋਂ ਅਜਿਹੀਆਂ ਚੀਜ਼ਾਂ ਦੀ ਮੰਗ ਕਰਦੇ ਸਨ, ਪਰ ਮੈਂ ਆਪਣੇ ਬੱਚੇ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਸਕਦੀ, ਜਿਸ ਨਾਲ ਮੇਰੇ ਅੰਦਰ ਹੀਣ ਭਾਵਨਾ ਪੈਦਾ ਹੋ ਗਈ।”
ਨੀਲਮ ਨੇ ਅੱਗੇ ਕਿਹਾ, "ਉਹ 28 ਨਵੰਬਰ, 2021 ਨੂੰ ਦੁਪਹਿਰ ਸਮੇਂ ਦਿਲਰੋਜ਼ ਕੌਰ ਨੂੰ ਅਗਵਾ ਕਰਕੇ ਲੁਧਿਆਣਾ ਜਲੰਧਰ ਜੀਟੀ ਰੋਡ 'ਤੇ ਲੈ ਕੇ ਗਈ।”
“ਉੱਥੇ ਦਿਲਰੋਜ਼ ਨੂੰ ਇੱਕ ਸੁੰਨਸਾਨ ਪਲਾਟ ਵਿੱਚ ਦਫ਼ਨਾ ਦਿੱਤਾ।”
ਦਿਲਰੋਜ਼ ਨੂੰ ਪੁਲਿਸ ਨੇ ਲੱਭ ਲਿਆ ਸੀ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਈ ਪਰ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਲੁਧਿਆਣਾ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 364 (ਜਾਨ ਦੇ ਇਰਾਦੇ ਨਾਲ ਅਗਵਾ) ਦੇ ਤਹਿਤ ਇਹ ਮਾਮਲਾ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਸੀ। ਬੱਚੇ ਦੀ ਮੌਤ ਤੋਂ ਬਾਅਦ, ਆਈਪੀਸੀ ਦੀ ਧਾਰਾ 302 (ਹੱਤਿਆ ਦੀ ਸਜ਼ਾ) ਐੱਫ਼ਆਈਆਰ ਵਿੱਚ ਦਰਜ ਕੀਤੀ ਗਈ ਸੀ।
ਇਹ ਕੇਸ ਦਿਲਰੋਜ਼ ਦੇ ਦਾਦਾ ਸ਼ਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।

ਨੀਲਮ ਦੇ ਪੁੱਤ ਨੇ ਵੀ ਦਿੱਤੀ ਸੀ ਜਾਣਕਾਰੀ
ਲੜਕੀ ਦੇ ਲਾਪਤਾ ਹੋਣ ਤੋਂ ਬਾਅਦ ਮਾਂ ਨੇ ਦੋਸ਼ੀ ਨੀਲਮ ਨੂੰ ਫੋਨ ਕੀਤਾ ਸੀ।
ਸਾਲ 2021 ਨਵੰਬਰ ਦੀ ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਪੀੜਤਾ ਦੀ ਮਾਂ, ਕਿਰਨ ਨੇ ਕਿਹਾ ਸੀ, “ਮੈਂ ਦਿਲਰੋਜ਼ ਨੂੰ ਅੰਦਰ ਆਉਣ ਆਵਾਜ਼ ਮਾਰ ਰਹੀ ਸੀ ਅਤੇ ਕੁਝ ਦੇਰ ਸੌਣ ਲਈ ਕਹਿ ਰਹੀ ਸੀ। ਜਦੋਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਮੈਂ ਉਸਨੂੰ ਲੈਣ ਗਈ, ਪਰ ਉਹ ਕਿਤੇ ਨਹੀਂ ਮਿਲੀ।”
ਕਿਰਨ ਨੇ ਅੱਗੇ ਕਿਹਾ ਸੀ ਕਿ ਨੀਲਮ ਦੇ ਇੱਕ ਪੁੱਤਰ ਨੇ ਮੈਨੂੰ ਦੱਸਿਆ ਕਿ ਉਸਦੀ ਮਾਂ ਦਿਲਰੋਜ਼ ਨੂੰ ਆਪਣੇ ਸਕੂਟਰ 'ਤੇ ਲੈ ਗਈ ਸੀ।
ਉਨ੍ਹਾਂ ਦੱਸਿਆ ਕਿ, “ਮੈਂ ਨੀਲਮ ਨੂੰ ਫ਼ੋਨ ਕੀਤਾ, ਉਸ ਨੂੰ ਦਿਲਰੋਜ਼ ਦਾ ਧਿਆਨ ਰੱਖਣ ਲਈ ਕਿਹਾ। ਪਰ ਨੀਲਮ ਨੇ ਕਿਹਾ ਕਿ ਦਿਲਰੋਜ਼ ਉਸ ਦੇ ਨਾਲ ਨਹੀਂ ਸੀ।”
“ਇਸ ਤੋਂ ਬਾਅਦ ਮੈਂ ਉਸ ਨੂੰ ਲੱਭਦੀ ਰਹੀ। ਬਾਅਦ ਵਿੱਚ ਸੜਕ 'ਤੇ ਖੇਡ ਰਹੇ ਹੋਰ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੇ ਦਿਲਰੋਜ਼ ਨੂੰ ਨੀਲਮ ਨਾਲ ਦੇਖਿਆ ਸੀ, ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ।”
ਪੁਲਿਸ ਮੁਤਾਬਕ ਨੀਲਮ ਅਤੇ ਉਸ ਦੇ ਮਾਤਾ-ਪਿਤਾ ਨੇ ਆਪਣਾ ਘਰ ਵੇਚ ਦਿੱਤਾ ਸੀ ਅਤੇ ਨਵੀਂ ਜਗ੍ਹਾ 'ਤੇ ਰਹਿਣ ਲੱਗੇ ਸਨ।
ਵਾਰਦਾਤ ਵਾਲਾ ਦਿਨ ਉਨ੍ਹਾਂ ਦਾ ਪੁਰਾਣੇ ਘਰ ਵਿੱਚ ਆਖਰੀ ਦਿਨ ਸੀ।












