ਆਈਸੀਸੀ ਟੀ20 ਵਿਸ਼ਵ ਕੱਪ: ਮੈਚਾਂ ਦਾ ਵੇਰਵਾ, ਹਿੱਸਾ ਲੈਣ ਵਾਲੀਆਂ ਟੀਮਾਂ ਅਤੇ ਤੁਹਾਡੇ ਜਾਣਨ ਵਾਲੀ ਹਰੇਕ ਗੱਲ

ਤਸਵੀਰ ਸਰੋਤ, Getty Images
- ਲੇਖਕ, ਜਾਨ੍ਹਵੀ ਮੂਲੇ
- ਰੋਲ, ਬੀਬੀਸੀ ਮਰਾਠੀ
ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਹੋਣ ਜਾ ਰਿਹਾ ਹੈ, ਅਤੇ ਇਸ ਬਾਰ ਇਸਦੇ ਕੁਝ ਮੈਚ ਅਮਰੀਕਾ ਵਿੱਚ ਵੀ ਖੇਡੇ ਜਾਣਗੇ।
ਪਹਿਲੀ ਤੋਂ 29 ਜੂਨ, 2024 ਦਰਮਿਆਨ ਹੋਣ ਵਾਲੇ ਇਸ ਟੂਰਨਾਮੈਂਟ ਦੇ ਅਮਰੀਕਾ ਅਤੇ ਵੈਸਟ ਇੰਡੀਜ਼ ਸਹਿ ਮੇਜ਼ਬਾਨ ਹਨ।
ਟੀ20 ਵਿਸ਼ਵ ਕੱਪ ਦਾ ਇਹ ਨੌਵਾਂ ਐਡੀਸ਼ਨ ਹੈ ਅਤੇ ਹੁਣ ਤੱਕ ਦੀਆਂ ਸਭ ਤੋਂ ਜ਼ਿਆਦਾ 20 ਟੀਮਾਂ ਇਸ ਦਾ ਹਿੱਸਾ ਬਣ ਰਹੀਆਂ ਹਨ।
ਇਸ ਰਿਪੋਰਟ ਵਿੱਚ ਹਰ ਉਹ ਜਾਣਕਾਰੀ ਹੈ ਜੋ ਤੁਸੀਂ ਇਸ ਟੂਰਨਾਮੈਂਟ ਬਾਰੇ ਪਤਾ ਕਰਨੀ ਚਾਹੋਗੇ।
ਟੀ20 ਵਿਸ਼ਵ ਕੱਪ ਦਾ ਫਾਰਮੈਟ ਅਤੇ ਗਰੁੱਪ
ਟੂਰਨਾਮੈਂਟ ਪੁਰਾਣੇ ਫਾਰਮੈਟ ਵੱਲ ਵਾਪਸੀ ਕਰ ਰਿਹਾ। ਇਸਦੇ ਤਿੰਨ ਪੜਾਅ ਹੋਣਗੇ। ਗਰੁੱਪ ਸਟੇਜ, ਸੂਪਰ 8 ਅਤੇ ਨੌਕਆਊਟ (ਜਿਸ ਵਿੱਚ ਸੈਮੀ ਫਾਈਨਲ ਅਤੇ ਫਾਈਨਲ) ਮੁਕਾਬਲੇ ਹੋਣਗੇ।
ਭਾਰਤ— ਪਾਕਿਸਤਾਨ, ਕੈਨੇਡਾ, ਆਇਰਲੈਂਡ ਅਤੇ ਅਮਰੀਕਾ ਨਾਲ ਗਰੁੱਪ-ਏ ਵਿੱਚ ਹੈ।

ਤਸਵੀਰ ਸਰੋਤ, Getty Images
ਇਹ ਗਰੁੱਪ ਇਸ ਤਰ੍ਹਾਂ ਹਨ—
ਗਰੁੱਪ-ਏ: ਭਾਰਤ, ਆਇਰਲੈਂਡ, ਕੈਨੇਡਾ ਅਤੇ ਅਮਰੀਕਾ
ਗਰੁੱਪ-ਬੀ: ਆਸਟ੍ਰੇਲੀਆ, ਇੰਗਲੈਂਡ, ਨਾਮੀਬੀਆ, ਓਮਾਨ ਅਤੇ ਸਕੌਟਲੈਂਡ
ਗਰੁੱਪ-ਸੀ: ਅਫ਼ਗਾਨਿਸਤਾਨ, ਨਿਊਜ਼ੀਲੈਂਡ, ਪਪੂਆ ਨਿਊ ਗਿਨੀ, ਯੁਗਾਂਡਾ ਅਤੇ ਵੈਸਟ ਇੰਡੀਜ਼
ਗਰੁੱਪ-ਡੀ: ਬੰਗਲਾਦੇਸ਼, ਨੇਪਾਲ, ਨੀਦਰਲੈਂਡਸ, ਦੱਖਣੀ ਅਫ਼ਰੀਕਾ ਅਤੇ ਸ੍ਰੀ ਲੰਕਾ
ਵਿਸ਼ਵ ਕੱਪ ਕਦੋਂ, ਕਿੱਥੇ ਅਤੇ ਕਿਵੇਂ ਦੇਖੀਏ?
ਪੁਰਸ਼ਾਂ ਦੇ ਟੀ20 ਵਿਸ਼ਵ ਕੱਪ ਦੇ ਮੈਚਾਂ ਦੀ ਸ਼ੁਰੂਆਤ ਪਹਿਲੀ ਜੂਨ ਨੂੰ ਹੋਵੇਗੀ ਅਤੇ ਇਹ 18 ਜੂਨ ਤੱਕ ਖੇਡੇ ਜਾਣਗੇ।
ਸੂਪਰ 8 ਦੇ ਮੁਕਾਬਲੇ 19 ਤੋਂ 25 ਜੂਨ ਤੱਕ ਖੇਡੇ ਜਾਣਗੇ। ਜਦਕਿ ਸੈਮੀਫਾਈਨਲ ਮੁਕਾਬਲੇ 27 ਜੂਨ ਨੂੰ ਹੋਣਗੇ ਜਦਕਿ ਫਾਈਨਲ ਮੁਕਾਬਲਾ 29 ਜੂਨ ਨੂੰ ਹੋਣਾ ਹੈ।
ਹੁਣ ਕਿਉਂਕਿ ਟੂਰਨਾਮੈਂਟ ਕਰੀਬ-ਕਰੀਬ ਅੱਧੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ। ਇਸ ਲਈ ਕੁਝ ਮੁਕਾਬਲੇ ਸਵੇਰੇ ਹੋਣਗੇ ਤਾਂ ਕੁਝ ਸ਼ਾਮ ਦੇ ਸਮੇਂ ਤਾਂ ਜੋ ਸੰਬੰਧਿਤ ਟੀਮਾਂ ਦੇ ਫੈਨ ਦੇਖ ਸਕਣ।
ਭਾਰਤ ਦਾ ਆਪਣੇ ਗਰੁੱਪ ਵਿੱਚ ਪਹਿਲਾ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ ਸਾਢੇ ਸੱਤ ਵਜੇ ਹੋਵੇਗਾ ਜਦਕਿ ਬਾਕੀ ਤਿੰਨ ਮੈਚ ਰਾਤ ਅੱਠ ਵਜੇ ਖੇਡੇ ਜਾਣਗੇ।
ਜੇ ਭਾਰਤ ਸੈਮੀ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਇਹ ਪਹਿਲਾਂ ਹੀ ਤੈਅ ਕੀਤਾ ਜਾ ਚੁੱਕਿਆ ਹੈ ਕਿ ਇਹ ਦੂਜੇ ਮੈਚ ਵਿੱਚ ਖੇਡੇਗਾ।
ਡਿਜ਼ਨੀ ਸਟਾਰ ਟੂਰਨਾਮੈਂਟ ਅਧਿਕਾਰਿਤ ਮੀਡੀਆ ਸਹਿਯੋਗੀ ਹੈ। ਬੀਬੀਸੀ ਸਮੇਂ-ਸਮੇਂ ਉੱਤੇ ਆਪਣੀ ਵੈਬਸਾਈਟ ਉੱਤੇ ਤਾਜ਼ਾ ਜਾਣਕਾਰੀ ਸਾਂਝੀ ਕਰਦਾ ਰਹੇਗਾ।
ਮੈਚ ਕਦੋਂ-ਕਦੋਂ ਹੋਣਗੇ
ਟੂਰਨਾਮੈਂਟ ਵਿੱਚ ਕੁੱਲ 55 ਮੈਚ ਇਸ ਤਰ੍ਹਾਂ ਖੇਡੇ ਜਾਣੇ ਹਨ—
ਟੂਰਨਾਮੈਂਟ ਕਿਹੜੇ ਸਟੇਡੀਅਮਾਂ ਵਿੱਚ ਹੋਣਗੇ?
ਮੈਚ ਅਮਰੀਕਾ ਅਤੇ ਵੈਸਟ ਇੰਡੀਜ਼ ਦੇ ਛੇ ਵੱਖ-ਵੱਖ ਸਟੇਡੀਅਮਾਂ ਵਿੱਚ ਹੋਣਗੇ।
ਭਾਰਤ ਦੇ ਗਰੁੱਪ ਪੱਧਰ ਦੇ ਸਾਰੇ ਮੈਚ ਅਮਰੀਕਾ ਵਿੱਚ ਹਨ। ਤਿੰਨ ਮੈਚ ਨਿਊਯਾਰਕ ਦੀ ਨਸਾਊ ਕਾਊਂਟੀ ਸਟੇਡੀਅਮ ਵਿੱਚ ਅਤੇ ਚੌਥਾ ਫਲੋਰਿਡਾ ਦੇ ਸੈਂਟਰਲ ਬਰੋਵਰਡ ਪਾਰਕ ਵਿੱਚ ਖੇਡਿਆ ਜਾਵੇਗਾ।
ਇੱਕ ਸੈਮੀ ਫਾਈਨਲ ਮੁਕਾਬਲਾ ਟ੍ਰਿਨੀਡਾਡ ਦੇ ਬਰਾਉਨ ਸਟੇਡੀਅਮ ਵਿੱਚ ਅਤੇ ਦੂਜਾ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ਵਿੱਚ ਹੋਵੇਗਾ।
ਜਦਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਬਾਰਬੇਡੋਸ ਦੇ ਇਤਿਹਾਸਕ ਕਿੰਗਸਟਨ ਓਵਲ ਆਫ਼ ਬ੍ਰਿਜਸਟੋਨ ਵਿੱਚ ਖੇਡਿਆ ਜਾਵੇਗਾ।
ਟੀ20 ਵਿਸ਼ਵ ਕੱਪ 2024 ਦੇ ਮੈਚ ਕਿੱਥੇ-ਕਿੱਥੇ ਹੋਣਗੇ
- ਸਰ ਵਿਵੀਅਨ ਰਿਚਰਡਸ ਸਟੇਡੀਅਮ, ਨੌਰਥ ਸਾਉਂਡ ਐਂਟੀਗੁਆ ਅਤੇ ਬਾਰਬੁਡਾ
- ਕਿੰਗਸਟਨ ਓਵਲ ਆਫ਼ ਬ੍ਰਿਜਸਟੋਨ, ਬਾਰਬੇਡੋਸ
- ਪ੍ਰੋਵਿਡੈਂਸ ਸਟੇਡੀਅਮ, ਪ੍ਰੋਵਿਡੈਂਸ, ਗੁਆਨਾ
- ਡੈਰਿਨ ਸੈਮੀ ਸਟੇਡੀਅਮ ਨੇੜੇ ਗਰੋਸ ਇਸਲੈਟ, ਸੈਂਟ ਲੂਸੀਆ
- ਅਰਨੋਸ ਵੇਲ ਸਟੇਡੀਅਮ, ਕਿੰਗਸਟਾਊਨ, ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼
- ਬ੍ਰਾਇਨ ਲਾਰਾ ਕ੍ਰਿਕਟ ਸਟੇਡੀਅਮ, ਸੈਨ ਫਰਨਾਂਡੋ, ਟ੍ਰਿਨੀਡਾਡ ਅਤੇ ਟੋਬੈਗੋ
- ਸੈਂਟਰਲ ਬ੍ਰੋਵਾਰਡ ਪਾਰਕ, ਲਾਡਰਹਿੱਲ- ਫਲੋਰੀਡਾ, ਅਮਰੀਕਾ
- ਗ੍ਰੈਂਡ ਪ੍ਰੇਰੀ ਸਟੇਡੀਅਮ, ਡੱਲਾਸ-ਟੈਕਸਾਸ, ਅਮਰੀਕਾ
- ਨਸਾਊ ਕਾਉਂਟੀ ਇੰਟਰਨੈਸ਼ਨਲ ਸਟੇਡੀਅਮ, ਲੌਂਗ ਆਈਲੈਂਡ - ਨਿਊਯਾਰਕ, ਅਮਰੀਕਾ

ਤਸਵੀਰ ਸਰੋਤ, Getty Images
ਟੀ20 ਵਿਸ਼ਵ ਕੱਪ 2024 ਦੇ ਨਿਯਮ ਕੀ ਹਨ?
ਇਸ ਵਾਰ ਪਹਿਲੀ ਵਾਰ ਟੂਰਨਾਮੈਂਟ ਵਿੱਚ ਸਟਾਪ ਕਲਾਕ ਦੀ ਵਰਤੋਂ ਕੀਤੀ ਜਾਣੀ ਹੈ। ਗੇਂਦਬਾਜ਼ੀ ਕਰ ਰਹੀ ਟੀਮ ਨੂੰ ਠੀਕ 60 ਸਕਿੰਟਾਂ ਦੇ ਅੰਦਰ ਪਹਿਲੀ ਬਾਲ ਤੋਂ ਬਾਅਦ ਦੂਜੀ ਬਾਲ ਸੁੱਟਣ ਲਈ ਤਿਆਰ ਰਹਿਣਾ ਪਵੇਗਾ।
ਮੈਚ ਤਿੰਨ ਘੰਟੇ ਅਤੇ 10 ਮਿੰਟ ਵਿੱਚ ਖ਼ਤਮ ਹੋਣੇ ਜ਼ਰੂਰੀ ਹਨ। ਇਸ ਵਿੱਚ ਹਰੇਕ ਟੀਮ ਨੂੰ ਖੇਡਣ ਲਈ ਇੱਕ ਘੰਟਾ 25 ਮਿੰਟ ਅਤੇ 20 ਮਿੰਟਾਂ ਦਾ ਵਕਫਾ ਹੋਵੇਗਾ।)
ਪਾਰੀ ਵਿੱਚ ਪਹਿਲੇ ਛੇ ਓਵਰਾਂ ਲਈ ਪਾਵਰਪਲੇ ਹੋਵੇਗਾ ਜਿਸ ਦੌਰਾਨ ਫੀਲਡਿੰਗ ਉੱਤੇ ਵੱਖ-ਵੱਖ ਰੋਕਾਂ ਹੋਣਗੀਆਂ। ਹਰੇਕ ਟੀਮ ਨੂੰ ਰਿਵੀਊ ਦੇ ਦੋ ਮੌਕੇ ਮਿਲਣਗੇ।
ਜੇ ਮੈਚ ਬਰਾਬਰੀ ਉੱਤੇ ਬੰਦ ਹੁੰਦਾ ਹੈ ਤਾਂ ਮੈਚ ਦਾ ਨਤੀਜਾ ਸੂਪਰ ਓਵਰ ਰਾਹੀਂ ਕੱਢਿਆ ਜਾਵੇਗਾ। ਹਰੇਕ ਟੀਮ ਨੂੰ ਛੇ ਗੇਂਦਾਂ ਮਿਲਣਗੀਆਂ
ਜੇ ਸੂਪਰ ਓਵਰ ਵੀ ਬਰਾਬਰੀ ਉੱਤੇ ਰਹਿੰਦਾ ਹੈ ਤਾਂ ਇਹ ਓਵਰ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਜੇਤੂ ਦਾ ਫੈਸਲਾ ਨਹੀਂ ਹੋ ਜਾਂਦਾ।

ਤਸਵੀਰ ਸਰੋਤ, Getty Images
ਜੇ ਮੀਂਹ ਪੈ ਜਾਵੇ ਫਿਰ ਕੀ ਹੋਵੇਗਾ?
ਮੀਂਹ ਕਾਰਨ ਮੈਚ ਰੱਦ ਹੋਣ ਦੀ ਸੂਰਤ ਵਿੱਚ ਡੀਐੱਲਐੱਸ ਜਾਣੀ ਡਕਵਰਥ-ਲੂਇਸ-ਸਟਰਨ ਵਿਧੀ ਨਾਲ ਨਤੀਜੇ ਦਾ ਫੈਸਲਾ ਕੀਤਾ ਜਾਵੇਗਾ।
ਹਾਲਾਂਕਿ ਡੀਐੱਲਐਸ ਦੀ ਵਰਤੋਂ ਲਈ ਜ਼ਰੂਰੀ ਹੈ ਕਿ ਹਰੇਕ ਟੀਮ ਨੇ ਗਰੁੱਪ/ ਸੂਪਰ 8/ ਪੱਧਰ ਉੱਤੇ ਘੱਟੋ-ਘੱਟ 5 ਓਵਰ ਜਾਂ ਨਾਕ ਆਊਟ ਵਿੱਚ 10 ਓਵਰ ਖੇਡੇ ਹੋਣ।
ਪਹਿਲੇ ਸੈਮੀ ਫਾਈਨਲ ਲਈ ਅਤੇ ਫਾਈਨਲ ਮੁਕਾਬਲੇ ਲਈ ਇੱਕ-ਇੱਕ ਦਿਨ ਰਾਖਵਾਂ ਰੱਖਿਆ ਗਿਆ ਹੈ। ਹਾਲਾਂਕਿ ਦੂਜੇ ਸੈਮੀ ਫਾਈਲਨ ਵਿੱਚ ਮੈਚ ਦਾ ਫੈਸਲਾ ਕਰਨ ਲਈ 250 ਮਿੰਟ ਫਾਲਤੂ ਦਿੱਤੇ ਜਾਣਗੇ।
ਪਿਛਲੇ ਜੇਤੂ ਅਤੇ ਭਾਰਤ ਦੀ ਕਾਰਗੁਜ਼ਾਰੀ
ਹੁਣ ਤੱਕ ਛੇ ਟੀਮਾਂ ਨੇ ਵਕਾਰੀ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ ਹੈ।
ਭਾਰਤ ਦੂਜੀ ਵਾਰ ਜਿੱਤਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਪਹਿਲੀ ਜਿੱਤ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ 2007 ਵਿੱਚ ਇਹ ਜਿੱਤ ਹਾਸਲ ਕੀਤੀ ਸੀ। ਉਸ ਮੈਚ ਵਿੱਚ ਭਾਰਤ ਨੇ ਫਾਈਨਲ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ।
ਫਿਰ ਸਾਲ 2014 ਵਿੱਚ ਭਾਰਤ ਖਿਤਾਬੀ ਜਿੱਤ ਦੇ ਨਜ਼ਦੀਕ ਪਹੁੰਚਿਆ ਪਰ ਸ੍ਰੀ ਲੰਕਾ ਤੋਂ ਹਾਰਨ ਕਾਰਨ ਰਨਰ-ਅਪ ਟਰਾਫ਼ੀ ਨਾਲ ਹੀ ਸੰਤੋਸ਼ ਕਰਨਾ ਪਿਆ।
ਪਾਕਿਸਤਾਨ ਦੋ ਵਾਰ ਫਾਈਨਲ ਵਿੱਚ ਪਹੁੰਚਿਆ ਹੈ ਅਤੇ ਸਾਲ 2009 ਵਿੱਚ ਇੱਕ ਵਾਰ ਜਿੱਤਿਆ ਹੈ।
ਇੰਗਲੈਂਡ ਆਪਣਾ ਖਿਤਾਬ ਬਚਾਉਣ ਲਈ ਖੇਡੇਗਾ। ਉਹ ਤੀਜੀ ਵਾਰ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਸਾਲ 2012 ਅਤੇ 2016 ਵਿੱਚ ਉਹ ਜਿੱਤ ਹਾਸਲ ਕਰ ਚੁੱਕੇ ਹਨ।
ਮੇਜ਼ਬਾਨ ਵੈਸਟ ਇੰਡੀਜ਼ ਨੇ ਵੀ ਦੋ ਵਾਰ ਸਾਲ 2012 ਅਤੇ 2016 ਵਿੱਚ ਖਿਤਾਬ ਆਪਣੀ ਝੋਲੀ ਪਾਇਆ ਹੈ।
ਸਾਲ 2021 ਵਿੱਚ ਆਸਟ੍ਰੇਲੀਆ ਨੇ ਟੀ20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ।
ਅਗਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੌਣ ਕਰੇਗਾ?
ਕੋਵਿਡ ਕਾਲ ਨੂੰ ਛੱਡ ਦਿੱਤਾ ਜਾਵੇ ਤਾਂ ਟੀ20 ਵਿਸ਼ਵ ਕੱਪ ਲਗਾਤਾਰ ਖੇਡਿਆ ਜਾਂਦਾ ਰਿਹਾ ਹੈ ਅਤੇ ਇਸ ਨੇ ਕ੍ਰਿਕਟ ਦੇ ਚਾਹੁਣ ਵਾਲਿਆਂ ਵਿੱਚ ਬਹੁਤ ਵਾਧਾ ਵੀ ਕੀਤਾ ਹੈ।
ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਨੇ ਕਿਹਾ ਕਿ ਟੀ20 ਵਿਸ਼ਵ ਕੱਪ ਹਰ ਦੋ ਸਾਲ ਬਾਅਦ ਹੋਇਆ ਕਰੇਗਾ।
ਅਗਲਾ ਟੂਰਨਾਮੈਂਟ 2026 ਵਿੱਚ ਹੋਣਾ ਹੈ ਜਿਸ ਦੇ ਮੇਜ਼ਬਾਨੀ ਭਾਰਤ ਅਤੇ ਸ੍ਰੀ ਲੰਕਾ ਸਾਂਝੇ ਰੂਪ ਵਿੱਚ ਕਰਨਗੇ।
ਇਸੇ ਤਰ੍ਹਾਂ 2028 ਦਾ ਟੂਰਨਾਮੈਂਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਾਂਝੇ ਰੂਪ ਵਿੱਚ ਕਰਵਾਉਣਗੇ।

ਤਸਵੀਰ ਸਰੋਤ, Getty Images
ਪੁਰਸ਼ ਟੀ20 ਵਿਸ਼ਵ ਕੱਪ ਦੇ ਵੱਡੇ ਰਿਕਾਰਡ
ਸਭ ਤੋਂ ਜ਼ਿਆਦਾ ਦੌੜਾਂ— ਵਿਰਾਟ ਕੋਹਲੀ (ਭਾਰਤ) 27 ਮੈਚਾਂ ਵਿੱਚ 1,141 ਦੌੜਾਂ
ਇੱਕ ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਦੌੜਾਂ— ਵਿਰਾਟ ਕੋਹਲੀ (ਭਾਰਤ) 319 ਦੌੜਾਂ, 2014 ਦੇ ਟੂਰਨਾਮੈਂਟ ਵਿੱਚ
ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ— 123 ਦੌੜਾਂ, ਬੰਗਲਾਦੇਸ਼ ਦੇ ਖਿਲਾਫ਼ ਸਾਲ 2012 ਵਿੱਚ ਬਰੈਂਡਨ ਮੈਕਲਮ (ਨਿਊ ਜ਼ੀਲੈਂਡ)
ਸਭ ਤੋਂ ਜ਼ਿਆਦਾ ਸੈਂਕੜੇ— ਕ੍ਰਿਸ ਗੇਲ (ਵੈਸਟ ਇੰਡੀਜ਼) 2007 ਅਤੇ 2016 ਦੌਰਾਨ ਦੋ ਸੈਂਕੜੇ
ਸਭ ਤੋਂ ਜ਼ਿਆਦਾ ਵਿਕਟਾਂ— ਸ਼ਾਕਿਬ ਅਲ ਹਸਨ (ਬੰਗਲਾਦੇਸ਼) 36 ਮੈਚਾਂ ਵਿੱਚ 47 ਵਿਕਟਾਂ
ਟੂਰਨਾਮੈਂਟ ਵਿੱਚ ਸਭ ਤੋਂ ਜ਼ਿਆਦਾ ਵਿਕਟਾਂ— ਵਾਇਨਾਡੂ ਹਸਾਰੰਗਾ (ਸ੍ਰੀ ਲੰਕਾ) 2021 ਵਿੱਚ 16 ਵਿਕਟਾਂ
ਸਭ ਤੋਂ ਵਧੀਆ ਗੇਂਦਬਾਜ਼ੀ ਦੇ ਆਂਕੜੇ— ਜ਼ਿੰਬਾਬਵੇ ਦੇ ਖਿਲਾਫ 2012 ਵਿੱਚ ਅਜੰਥਾ ਮੈਂਡਿਸ (ਸ੍ਰੀ ਲੰਕਾ) 8 ਦੌੜਾਂ ਦੇ ਕੇ 6 ਵਿਕਟਾਂ
ਸਭ ਤੋਂ ਜ਼ਿਆਦਾ ਡਿਸਮਿਸਲ (ਵਿਕਟ ਕੀਪਰ) — ਮਹਿੰਦਰ ਸਿੰਘ ਧੋਨੀ (ਭਾਰਤ) 33 ਮੈਚਾਂ ਵਿੱਚ 32 ਡਿਸਮਿਸਲ
ਸਭ ਤੋਂ ਜ਼ਿਆਦਾ ਕੈਚ (ਫੀਲਡਰ) — ਏਬੀ ਡੇ ਵਿਲੀਰਸ (ਦੱਖਣੀ ਅਫਰੀਕਾ) 30 ਮੈਚਾਂ ਵਿੱਚ 23 ਕੈਚ
ਸਭ ਤੋਂ ਜ਼ਿਆਦਾ ਸਕੋਰ— 2007 ਵਿੱਚ ਸ੍ਰੀ ਲੰਕਾ ਬਨਾਮ ਕੀਨੀਆ 260/6
ਸਭ ਤੋਂ ਘੱਟ ਸਕੋਰ— 2014 ਵਿੱਚ ਨੀਦਰਲੈਂਡਸ ਬਨਾਮ ਸ੍ਰੀ ਲੰਕਾ 39 (ਆਲ ਆਊਟ)
ਮਹਿਲਾ ਟੀ20 ਵਿਸ਼ਵ ਕੱਪ ਕਦੋਂ ਹੈ?
ਸਾਲ 2016 ਵਿੱਚ ਪੁਰਸ਼ਾਂ ਅਤੇ ਬੀਬੀਆਂ ਦੇ ਟੂਰਨਾਮੈਂਟ ਇਕੱਠੇ ਕਰਵਾਏ ਗਏ ਸਨ। ਜਦਕਿ ਇਸ ਵਾਰ ਬੀਬੀਆਂ ਦਾ ਟੀ20 ਵਿਸ਼ਵ ਕੱਪ ਇੱਕ ਵੱਖਰੇ ਟੂਰਨਾਮੈਂਟ ਵਜੋਂ ਕਰਵਾਇਆ ਜਾਵੇਗਾ।
ਇਹ ਅਕਤੂਬਰ 2024 ਦੌਰਾਨ ਬੰਗਾਲਦੇਸ਼ ਵਿੱਚ ਖੇਡਿਆ ਜਾਣਾ ਹੈ।












