ਕੀ ਹੈ ਮਲ ਦਾ ਟਰਾਂਸਪਲਾਂਟ? ਅਜਿਹਾ ਕਰਨ ਨਾਲ ਕਿਹੜੀ ਬਿਮਾਰੀ ਠੀਕ ਹੋ ਸਕਦੀ ਹੈ

ਤਸਵੀਰ ਸਰੋਤ, RICK DALLAWAY/GETTY IMAGES
- ਲੇਖਕ, ਸੁਨੀਥ ਪਰੇਰਾ
- ਰੋਲ, ਬੀਬੀਸੀ ਵਰਲਡ ਸਰਵਿਸ
ਰਿੱਕ ਡੈਲਵੇ ਨੇ ਹਾਲ ਹੀ ਵਿੱਚ ਮਲ ਟਰਾਂਸਪਲਾਂਟ ਦੇ ਟਰਾਇਲ ਇਲਾਜ ਵਿੱਚ ਹਿੱਸਾ ਲਿਆ ਹੈ। ਉਹ ਆਪਣਾ ਅਨੁਭਵ ਯਾਦ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਨੂੰ ਮਨੁੱਖੀ ਮਲ ਨਾਲ ਜੁੜੇ ਕਲੀਨਿਕਲ ਟਰਾਇਲ ਵਿੱਚ ਸ਼ਾਮਲ ਹੋਣ ਦਾ ਸੱਦਾ ਆਇਆ ਸੀ। ਉਹ ਕਹਿੰਦੇ ਹਨ, “ਮਲ ਟਰਾਂਸਪਲਾਂਟ ਦਾ ਪੂਰਾ ਵਿਚਾਰ ਵਾਕਈ ਅਜੀਬ ਹੈ।”
50 ਸਾਲਾ ਰਿੱਕ ਦਾ ਹਾਲ ਹੀ ਵਿੱਚ ਬਰਮਿੰਘਮ ਯੂਨੀਵਰਸਿਟੀ, ਇੰਗਲੈਂਡ ਵਿੱਚ ਇੱਕ ਮਲ ਟਰਾਂਸਪਲਾਂਟ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਪ੍ਰਾਇਮਰੀ ਸਕਲੇਰੋਜ਼ਿੰਗ ਕੋਲਾਂਗਾਈਟਿਸ (ਪੀਐਸਸੀ) ਨਾਮਕ ਇੱਕ ਗੰਭੀਰ ਲੀਵਰ ਦੀ ਬਿਮਾਰੀ ਦੇ ਲੱਛਣਾਂ ਨੂੰ ਠੀਕ ਕਰਨਾ ਹੈ।
ਰਿੱਕ ਨੇ ਜਿਸ ਅਧਿਐਨ ਵਿੱਚ ਹਿੱਸਾ ਲਿਆ ਉਹ ਬਰਮਿੰਘਮ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪ੍ਰਯੋਗ ਦਾ ਹਿੱਸਾ ਹੈ। ਇਸ ਪ੍ਰੋਗਰਾਮ ਤਹਿਤ ਦੋ ਮਹੀਨੀਆਂ ਲਈ ਹਰ ਹਫ਼ਤੇ ਵਾਲੰਟੀਅਰ ਦਾਨੀਆਂ ਦਾ ਮਲ, ਅਧਿਐਨ ਦੇ ਦੂਜੇ ਹਿੱਸੇਦਾਰਾਂ ਦੇ ਸਰੀਰ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਲੀਵਰ ਦੀ ਗੰਭੀਰ ਬਿਮਾਰੀ ਪ੍ਰਾਇਮਰੀ ਸਕਲੇਰੋਜ਼ਿੰਗ ਕੋਲਾਂਗਾਈਟਿਸ (ਪੀਐੱਸਸੀ) ਦੇ ਲੱਛਣਾਂ ਨੂੰ ਠੀਕ ਕੀਤਾ ਜਾ ਸਕੇ।
ਉਹ ਹੱਸਦੇ ਹੋਏ ਕਹਿੰਦੇ ਹਨ, “ਇਹ ਮਹਿਜ਼ ਮਲ ਦਾ ਟੁਕੜਾ ਨਹੀਂ ਹੈ, ਇਸ ਨੂੰ ਵਰਤਣ ਤੋਂ ਪਹਿਲਾਂ ਪ੍ਰਯੋਗਸ਼ਾਲਾ ਵਿੱਚ ਇਸ ਦੀ ਜਾਂਚ ਹੁੰਦੀ ਹੈ।”
ਆਖਰੀ ਪੜਾਅ ਉੱਤੇ ਲੀਵਰ ਬਦਲੇ ਜਾਣ ਦੇ ਸਿਵਾਏ ਫਿਲਹਾਲ ਰਿੱਕ ਦੀ ਗੰਭੀਰ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ।
ਬ੍ਰਿਟੇਨ ਵਿੱਚ ਇਹ ਬਿਮਾਰੀ ਇੱਕ ਲੱਖ ਲੋਕਾਂ ਵਿਚੋਂ ਛੇ ਤੋਂ ਸੱਤ ਜਣਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਜ਼ਿੰਦਗੀ ਨੂੰ 17 ਤੋਂ 20 ਸਾਲ ਤੱਕ ਘਟਾ ਦਿੰਦੀ ਹੈ।
8 ਸਾਲ ਪਹਿਲਾਂ 42 ਸਾਲ ਦੀ ਉਮਰ ਵਿੱਚ ਰਿੱਕ ਨੂੰ ਇਸ ਬੀਮਾਰੀ ਦੇ ਹੋਣ ਦਾ ਪਤਾ ਲੱਗਿਆ ਸੀ।
ਉਹ ਯਾਦ ਕਰਦੇ ਹੋਏ ਕਹਿੰਦੇ ਹਨ, “ਮੈਂ ਇਸ ਬਿਮਾਰੀ ਨੂੰ ਲੈ ਕੇ ਬਹੁਤ ਚਿੰਤਾ ਵਿੱਚ ਸੀ। ਭਵਿੱਖ ਬਾਰੇ ਸੋਚ ਕੇ ਮੈਨੂੰ ਬਹੁਤ ਘਬਰਾਹਟ ਹੋਈ। ਇਹ ਪਹਾੜੀ ਤੋਂ ਡਿੱਗਣ ਦੇ ਵਰਗਾ ਸੀ।”
ਮਲ ਟਰਾਂਸਪਲਾਂਟ ਕੀ ਹੈ?
ਫੇਕਲ ਮਾਈਕਰੋਬਾਇਓਟਾ ਟਰਾਂਸਪਲਾਂਟ (ਐੱਫਐੱਮਟੀ) ਨੂੰ ਮਲ ਟਰਾਂਸਪਲਾਂਟ ਵਜੋਂ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਦੀ ਵਰਤੋਂ ਮਰੀਜ਼ਾਂ ਦੀਆਂ ਢਿੱਡ ਦੀਆਂ ਬੀਮਾਰੀਆਂ ਦੇ ਇਲਾਜ ਲਈ ਕਲੀਨੀਕਲ ਟਰਾਇਲ ਵਜੋਂ ਕੀਤੀ ਜਾਂਦੀ ਹੈ।
ਤੰਦਰੁਸਤ ਮਲ ਦਾਨੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਮਲ ਦੇ ਨਮੂਨੇ ਵਿੱਚ ਆਂਦਰਾਂ ਦੇ ਬੈਕਟੀਰੀਆ ਲੈ ਕੇ ਮਰੀਜ਼ ਦੀਆਂ ਆਂਦਰਾਂ ਵਿੱਚ ਰੱਖ ਦਿੱਤਾ ਜਾਂਦਾ ਹੈ। ਮਲ ਟਰਾਂਸਪਲਾਂਟ ਲਈ ਕੋਲੋਨੋਸਕੋਪੀ, ਅਨੀਮੀਆਂ ਜਾਂ ਨਾਸੋਗੈਸਟਰਿਕ ਟਿਊਬ ਦੀ ਵਰਤੋਂ ਕੀਤੀ ਜਾਂਦੀ ਹੈ।
ਰਿੱਕ ਨੇ ਪੀਐੱਸਸੀ ਲਈ ਤਜ਼ਰਬੇ ਦੇ ਅਧਾਰ 'ਤੇ ਇਹ ਇਲਾਜ ਕਰਵਾਇਆ ਸੀ, ਪਰ ਯੂਕੇ ਵਿੱਚ ਨੈਸ਼ਨਲ ਇੰਸਟੀਚਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਫਿਲਹਾਲ ਇਸ ਇਲਾਜ ਨੂੰ ਇੱਕ ਹੀ ਬੀਮਾਰੀ ਹੋਣ 'ਤੇ ਵਰਤਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।
ਕਲੋਸਟ੍ਰੀਡਿਅਮ ਡਿਫਿਸਾਈਲ (ਸੀ. ਡਿਫ਼) ਦੀ ਗੰਭੀਰ ਲਾਗ ਤੋਂ ਪੀੜਤ ਮਰੀਜ਼ ਬ੍ਰਿਟੇਨ ਦੀ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਤੋਂ ਇਲਾਜ ਕਰਵਾ ਸਕਦੇ ਹਨ।

ਕਲੋਸਟ੍ਰੀਡਿਅਮ ਡਿਫਿਸਾਈਲ ਇੱਕ ਨੁਕਸਾਨਦੇਹ ਬੈਕਟੀਰੀਆ ਹੈ, ਜਿਸ ਕਾਰਨ ਦਸਤ ਹੋ ਸਕਦਾ ਹੈ। ਇਹ ਬਿਮਾਰੀ ਉਨ੍ਹਾਂ ਲੋਕਾਂ ਵਿੱਚ ਵਧੇਰੇ ਹੁੰਦੀ ਹੈ ਜੋ ਲੰਬੇ ਸਮੇਂ ਤੋਂ ਐਂਟੀਬਾਇਓਟਿਕ ਦਵਾਈਆਂ ਲੈ ਰਹੇ ਹੁੰਦੇ ਹਨ।
ਐੱਨਐੱਚਐੱਸ ਨੂੰ 50 ਮਿਲੀਲੀਟਰ ਐੱਫਐੱਮਟੀ ਦੇ ਇੱਕ ਨਮੂਨੇ ਦੀ ਕੀਮਤ 1684 ਡਾਲਰ ਵਿੱਚ ਪੈਂਦੀ ਹੈ। ਮਾਹਿਰਾਂ ਮੁਤਾਬਕ ਇਹ ਲਾਗਤ ਵਾਰ-ਵਾਰ ਐਂਟੀ ਬਾਇਓਟਿਕ ਦਵਾਈਆਂ ਲੈਣ ਅਤੇ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਖਰਚੇ ਤੋਂ ਘੱਟ ਹੈ।
ਕੁਝ ਰੋਗੀਆਂ ਨੂੰ ਕਿਸੇ ਹੋਰ ਦੇ ਮਲ ਦਾ ਨਮੂਨਾ ਯਾਨੀ ਐੱਫਐੱਮਟੀ ਨੂੰ ਸਿਰਫ਼ ਇੱਕ ਵਾਰ ਹੀ ਦੇਣ ਦੀ ਲੋੜ ਪੈਂਦੀ ਹੈ।
ਕੁਝ ਹਸਪਤਾਲ ਮਨੁੱਖੀ ਮਲ ਦੇ ਬੈਕਟੀਰੀਆ ਤੋਂ ਬਣੇ ਖਾਣ ਵਾਲੇ ਕੈਪਸੂਲ ਵੀ ਦਿੰਦੇ ਹਨ।
ਮਲ ਟਰਾਂਸਪਲਾਂਟ ਦੀ ਲੋੜ ਕਿਉਂ?
ਜਿਨ੍ਹਾਂ ਲੋਕਾਂ ਨੂੰ ਟਰਾਂਸਪਲਾਂਟ ਲਈ ਇੱਕ ਨਵੇਂ ਲੀਵਰ, ਗੁਰਦੇ ਜਾਂ ਦਿਲ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਦਾਨੀਆਂ ਲਈ ਕਈ ਮਹੀਨਿਆਂ ਤੋਂ ਲੈ ਕੇ ਸਾਲ ਤੱਕ ਦੀ ਉਡੀਕ ਕਰਨੀ ਪੈਂਦੀ ਹੈ।
ਹਾਲਾਂਕਿ ਕੁਝ ਲੋਕ ਕਿਸੇ ਹੋਰ ਦੇ ਮਲ ਤੋਂ ਅਸਹਿਜ ਹੋ ਸਕਦੇ ਹਨ ਪਰ ਇਨ੍ਹਾਂ ਬੇਹੱਦ ਜ਼ਰੂਰੀ ਅੰਗਾਂ ਦੇ ਮੁਕਾਬਲੇ ਇਹ ਆਮ ਮਿਲ ਜਾਂਦਾ ਹੈ।
ਪਰ ਰਿੱਕ ਨੂੰ ਸਾਇੰਸ ਉੱਤੇ ਭਰੋਸਾ ਹੈ ਅਤੇ ਉਨ੍ਹਾਂ ਦੀ ਪਤਨੀ ਅਤੇ ਦੋਸਤਾਂ ਨੇ ਉਨ੍ਹਾਂ ਦਾ ਇਸ ਸਫ਼ਰ ਵਿੱਚ ਸਾਥ ਦਿੱਤਾ ਹੈ।
ਰਿੱਕ ਨੇ ਕਿਹਾ, “ਇਸ ਵਿੱਚ ਸ਼ਰਮ ਦੀ ਕੋਈ ਗੱਲ ਨਹੀਂ ਹੈ। ਮੇਰੇ ਪਰਿਵਾਰ ਅਤੇ ਦੋਸਤਾਂ ਨੇ ਕਿਹਾ ਕਿ ਜੇ ਇਹ ਕੰਮ ਕਰ ਸਕਦਾ ਹੈ ਤਾਂ ਇਸਦੀ ਵਰਤੋਂ ਕਿਉਂ ਨਾ ਕੀਤੀ ਜਾਵੇ।”
ਟਰਾਂਸਪਲਾਂਟ ਲਈ ਮਨੁੱਖੀ ਮਲ ਬੈਂਕ ਦੀ ਲੋੜ ਕਿਉਂ ?

ਤਸਵੀਰ ਸਰੋਤ, MTC/UNIVERSITY OF BIRMINGHAM
ਬਰਮਿੰਘਮ ਯੂਨੀਵਰਸਿਟੀ ਵਿੱਚ ਮਾਈਕਰੋਬਾਇਓਮ ਟਰੀਟਮੈਂਟ ਸੈਂਟਰ (ਐੱਮਟੀਸੀ), ਬ੍ਰਿਟੇਨ ਦੀ ਪਹਿਲੀ ਐੱਫਐੱਮਟੀ ਸੇਵਾ ਸੀ, ਜੋ ਸੀ. ਡਿਫ਼ ਦੀ ਲਾਗ ਦੇ ਸੈਂਕੜੇ ਮਰੀਜ਼ਾਂ ਦਾ ਸੁਰੱਖਿਅਤ ਇਲਾਜ ਕਰਨ ਅਤੇ ਖੋਜ ਕਰਨ ਲਈ ਸਾਇੰਸਦਾਨਾਂ ਨੂੰ ਮਲ ਦੇ ਨਮੂਨੇ ਮੁਹੱਈਆ ਕਰਵਾਉਂਦੀ ਸੀ।
ਇਸ ਕੇਂਦਰ ਵਿੱਚ ਮਲ ਦਾਨ ਕਰਨ ਵਾਲੇ ਦੀ ਸਖ਼ਤ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਉਸਦੇ ਇਲਾਜ ਦਾ ਇਤਿਹਾਸ, ਜੀਵਨਸ਼ੈਲੀ ਦਾ ਮੁਲਾਂਕਣ ਅਤੇ ਉਸ ਦੇ ਖੂਨ ਅਤੇ ਮਲ ਦੇ ਰੋਗਾਣੂਆਂ ਦੀ ਜਾਂਚ ਸ਼ਾਮਲ ਹੁੰਦੀ ਹੈ।
ਜਾਂਚ ਪੂਰੀ ਹੋਣ ਤੋਂ ਬਾਅਦ, ਸਿਹਤਮੰਦ ਮਲ ਦੇ ਨਮੂਨਿਆਂ ਨੂੰ ਮਨਫ਼ੀ 80 ਡਿਗਰੀ ਸੈਲਸੀਅਸ ਦੇ ਫਰੀਜ਼ਰ ਵਿੱਚ 12 ਮਹੀਨਿਆਂ ਤੱਕ ਸਾਂਭ ਕੇ ਰੱਖਿਆ ਜਾ ਸਕਦਾ ਹੈ। ਜਦੋਂ ਕਿਸੇ ਮਰੀਜ਼ ਨੂੰ ਮਲ ਟਰਾਂਸਪਲਾਂਟ ਦੀ ਲੋੜ ਹੁੰਦੀ ਹੈ ਤਾਂ ਫਿਲਟਰ ਕੀਤੇ ਗਏ, ਜੰਮੇ ਹੋਏ ਮਲ ਨੂੰ ਡੀਫਰੌਸਟ ਕਰਕੇ ਸਰਿੰਜ ਵਿੱਚ ਪਾ ਦਿੱਤਾ ਜਾਂਦਾ ਹੈ।
ਮਾਈਕਰੋਬਾਓਮ ਟਰੀਟਮੈਂਟ ਸੈਂਟਰ ਦੇ ਨਿਰਦੇਸ਼ਕ ਪ੍ਰੋਫੈਸਰ ਤਾਰਿਕ ਇਕਬਾਲ ਨੇ ਬੀਬੀਸੀ ਨੂੰ ਦੱਸਿਆ, “ਜਿਨ੍ਹਾਂ ਦੇਸ਼ਾਂ ਵਿੱਚ ਮਲ ਬੈਂਕ ਨਹੀਂ ਹਨ, ਉੱਥੇ ਇਹ ਮੁਸ਼ਕਿਲ ਹੈ, ਪਰ ਅਸਲ ਵਿੱਚ ਜੰਮੇ ਐੱਫਐੱਮਟੀ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇਗੀ। ਤਾਂ ਕਿ ਤੁਹਾਨੂੰ ਉਨ੍ਹਾਂ ਲੋਕਾਂ ਦੀ ਢੁੱਕਵੀਂ ਜਾਂਚ ਕਰਨ ਦਾ ਮੌਕਾ ਮਿਲ ਸਕੇ।
ਪੀਐੱਸਸੀ ਵਿੱਚ ਐੱਫਐੱਮਟੀ ਦੀ ਭੂਮਿਕਾ
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਰਿੱਕ ਵਰਗੀ ਸਥਿਤੀ ਵਾਲੇ 70 ਤੋਂ 80 ਫੀਸਦੀ ਮਰੀਜ਼ਾਂ ਵਿੱਚ ਵੀ ਪੀਐੱਸਸੀ, ਇਨਫਲਾਮੇਟਰੀ ਬਾਊਲ ਡਿਜ਼ੀਜ਼ (ਆਈਬੀਡੀ) ਵਿਕਸਿਤ ਕਰੇਗੀ। ਆਈਬੀਡੀ ਦੀ ਵਰਤੋਂ ਲੰਬੇ ਸਮੇਂ ਦੇ ਇਨਫਲਾਮੇਟਰੀ ਸਥਿਤੀਆਂ, ਕ੍ਰੋਹਨ ਰੋਗ ਅਤੇ ਅਲਸਰੇਟਿਵ ਕੋਲਾਈਟਿਸ ਦਾ ਵਰਨਣ ਕਰਨ ਲਈ ਕੀਤੀ ਜਾਂਦੀ ਹੈ।
ਇਸ ਸਥਿਤੀ ਵਿੱਚ ਮਰੀਜ਼ ਨੂੰ ਗੰਭੀਰ ਪੇਟ ਦਰਦ ਤੋਂ ਇਲਾਵਾ ਦਸਤਾਂ ਦੀ ਸ਼ਿਕਾਇਤ ਵੀ ਹੋ ਸਕਦੀ ਹੈ।
ਰਿੱਕ ਦੇ ਟ੍ਰਾਇਲ ਦੇ ਇੰਚਾਰਜ ਕੰਸਲਟੈਂਟ ਹੇਪਟੌਲੋਜਿਸਟ ਅਤੇ ਗੈਸਟਰੋਲਾਜਿਸਟ ਡਾਕਟਰ ਪਲਕ ਤ੍ਰਿਵੇਦੀ ਕਹਿੰਦੇ ਹਨ ਕਿ ਵਿਗਿਆਨੀਆਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਵਿੱਚ ਪੀਐੱਸਸੀ ਕਿਉਂ ਵਿਕਸਿਤ ਹੁੰਦਾ ਹੈ, ਇਹ ਅੰਤੜੀਆਂ ਦੀ ਸੋਜ ਦੀ ਬੀਮਾਰੀ (ਇਨਫਲਾਮੇਟਰੀ ਬਾਊਲ ਡਿਜ਼ੀਜ਼) ਨਾਲ ਕਿਉਂ ਜੁੜਿਆ ਹੋਇਆ ਹੈ।
ਉਹ ਦੱਸਦੇ ਹਨ, “ਅਸੀਂ ਜੋ ਕਰਨਾ ਚਾਹੁੰਦੇ ਹਾਂ, ਉਹ ਇਹ ਹੈ ਕਿ ਤੰਦਰੁਸਤ ਆਂਦਰ ਦੇ ਮਾਈਕਰੋਬਾਇਓਟਾ ਵਾਲੇ ਮਲ ਨੂੰ ਪੀਐੱਸਸੀ ਦੇ ਮਰੀਜ਼ਾਂ ਦੀ ਆਂਦਰ ਵਿੱਚ ਰੱਖਿਆ ਜਾਵੇ ਅਤੇ ਦੇਖਿਆ ਜਾਵੇ ਕਿ ਉਹ ਇਨ੍ਹਾਂ ਦੇ ਰੋਗ ਉੱਤੇ ਕੀ ਅਸਰ ਪਾਉਂਦਾ ਹੈ।”
ਮਲ ਟਰਾਂਸਪਲਾਂਟ ਲਈ ਜ਼ਰੂਰੀ ਦਿਸ਼ਾ-ਨਿਰਦੇਸ਼

ਤਸਵੀਰ ਸਰੋਤ, MTC/UNIVERSITY OF BIRMINGHAM
ਇੰਪੀਰੀਅਲ ਕਾਲਜ ਲੰਡਨ ਦੇ ਗੈਸਟਰੋਇੰਟਰੋਲੌਜਿਸਟ ਡਾ. ਹੋਰੇਸ ਵਿਲੀਅਮਸਨ ਨੇ ਮਲ ਟਰਾਂਸਪਲਾਂਟ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ਵਿੱਚ ਸਹਿਯੋਗ ਦਿੱਤਾ ਹੈ। ਉਹ ਕਹਿੰਦੇ ਹਨ ਕਿ ਫਿਲਹਾਲ, ਮਲ ਟਰਾਂਸਪਲਾਂਟ ਕਿਸੇ ਵੀ ਬੀਮਾਰੀ ਲਈ ਇਲਾਜ ਦਾ ਪਹਿਲਾ ਵਿਕਲਪ ਨਹੀਂ ਹੈ।
ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਐੱਨਐੱਚਐੱਸ ਸਿਰਫ਼ ਗੰਭੀਰ ਕਲੋਸਟਰੀਡੀਅਮ ਡਿਫੀਸਿਲ (ਸੀ. ਡਿਫ) ਦੀ ਲਾਗ ਲਈ ਹੀ ਟਰਾਂਸਪਲਾਂਟ ਦੀ ਪੇਸ਼ਕਸ਼ ਕਰਦਾ ਹੈ। ਨਾ ਕਿ ਕਿਸੇ ਹੋਰ ਸਥਿਤੀ ਵਿੱਚ। ਉਹ ਕਹਿੰਦੇ ਹਨ ਕਿ ਕਿਸੇ ਹੋਰ ਇਲਾਜ ਲਈ ਮਲ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਲੋਕਾਂ ਨੂੰ ਰਿੱਕ ਵਾਂਗ ਕਲੀਨੀਕਲ ਟਰਾਇਲ ਦਾ ਹਿੱਸਾ ਬਣਨਾ ਪਵੇਗਾ।
ਡਾ਼ ਬੈਂਜਾਮਿਨ ਮੂਲਿਸ਼, ਇੰਪੀਰੀਅਲ ਕਾਲਜ ਲੰਡਨ ਵਿੱਚ ਇੱਕ ਗੈਸਟਰੋਇੰਟਰੋਲੌਜਿਸਟ ਅਤੇ ਬ੍ਰਿਟਿਸ਼ ਸੋਸਾਈਟੀ ਆਫ਼ ਗੈਸਟਰੋਇੰਟਰੋਲੌਜੀ ਦੇ ਮਲ ਟਰਾਂਸਪਲਾਂਟ ਬਾਰੇ ਦਿਸ਼ਾ-ਨਿਰਦੇਸ਼ਾਂ ਦੇ ਮੁੱਖ ਲੇਖਕ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਬਹੁਤ ਲੋਕ ਟਰਾਂਸਪਲਾਂਟ ਦਾ ਆਪਣੇ ਪੱਧਰ ਉੱਤੇ ਅਭਿਆਸ ਕਰ ਰਹੇ ਹਨ ਜੋ ਕਿ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਦੱਖਣੀ ਅਫਰੀਕਾ ਦੀ ਯੂਨੀਵਰਸਿਟੀ ਆਫ਼ ਵਿਟਵਾਟਰਸਰੈਂਡ (ਵਿਟਸ) ਦੇ ਸਟੀਵ ਬਾਈਕੋ ਸੈਂਟਰ ਫਾਰ ਬਾਇਓਐਥਿਕਸ ਦੇ ਡਾਕਟਰੀ ਜੀਵ ਨੈਤਿਕ ਵਿਗਿਆਨੀ (ਬਾਇਓ-ਐਥਿਕਿਸਟ) ਡਾ. ਹੈਰੀਅਟ ਏਥਰਡੇਜ਼ ਮੁਤਾਬਕ ਤਜ਼ਰਬੇਕਾਰ ਡਾਕਟਰਾਂ ਅਤੇ ਸਪਸ਼ਟ ਹਦਾਇਤਾਂ ਦੇ ਬਿਨਾਂ ਮਲ ਟਰਾਂਸਪਲਾਂਟ ਨੁਕਸਾਨਦੇਹ ਹੋ ਸਕਦਾ ਹੈ। “ਖਾਸ ਕਰਕੇ ਗਰੀਬ ਦੇਸ਼ਾਂ ਵਿੱਚ ਜਿੱਥੇ ਇਲਾਜ ਸਹੂਲਤਾਂ 'ਤੇ ਪਹਿਲਾਂ ਹੀ ਬਹੁਤ ਦਬਾਅ ਹੈ।”
ਕੁਝ ਗੰਭੀਰ ਮਾਮਲਿਆਂ ਵਿੱਚ ਤਾਂ ਇਸ ਇਲਾਜ ਕਾਰਨ ਮੌਤਾਂ ਵੀ ਹੋਈਆਂ ਹਨ।
ਅਮਰੀਕਾ ਅਤੇ ਯੂਰੋਪ ਦੇ ਇਲਾਵਾ, ਟਰਾਂਸਪਲਾਂਟ ਨੂੰ ਬ੍ਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਭਾਰਤ ਵਰਗੇ ਦੇਸ਼ਾਂ ਵਿਚ ਪ੍ਰੀਖਣ ਦੇ ਅਧਾਰ 'ਤੇ ਲਾਗੂ ਕੀਤਾ ਗਿਆ ਹੈ।
ਕੁਝ ਰੋਗੀ ਮਲ ਦੇ ਪ੍ਰਤੀ ਨਫ਼ਰਤ ਦੇ ਨਾਲ-ਨਾਲ ਵੱਖ-ਵੱਖ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਵਿਸ਼ਵਾਸਾਂ ਕਰਕੇ ਇਲਾਜ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
ਭਾਰਤ ਦੇ ਸਰ ਗੰਗਾ ਰਾਮ ਹਸਪਤਾਲ ਦੇ ਇੰਸਟੀਚਿਊਟ ਆਫ਼ ਲੀਵਰ ਗੈਸਟਰੋਐਂਟਰੋਲੌਜੀ ਅਤੇ ਪੈਨਕ੍ਰਿਆਟਿਕ ਬਿਲੀਆਰੀ ਸਾਇੰਸਿਜ਼ ਦੇ ਡਾ. ਪਿਯੂਸ਼ ਰੰਜਨ ਕਹਿੰਦੇ ਹਨ, "ਲੋਕ ਕਦੇ-ਕਦੇ ਇਸ ਇਲਾਜ ਦੇ ਪ੍ਰਤੀ ਬਹੁਤ ਅਜੀਬ ਪ੍ਰਤੀਕਿਰਿਆ ਦਿੰਦੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਡਾਕਟਰ ਮਜ਼ਾਕ ਕਰ ਰਹੇ ਹਨ ਜਾਂ ਗੰਭੀਰ ਨਹੀਂ ਹਨ।"












